ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਜ਼ਹਿਰੀਲੀ ਹੋ ਰਹੀ ਖੇਤੀ ਵਿਚ ਵਿਗਿਆਨਕ ਸੋਚ ਦੀ ਅਹਿਮੀਅਤ

Posted On June - 1 - 2019

ਗੁਰਨਾਮ ਸਿੰਘ ਸੀਤਲ
ਅੱਜ ਇਨਸਾਨ ਆਪਣੇ ਹੀ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਵੀ ਜ਼ਹਿਰ ਦੇ ਛੱਟੇ ਦੇ ਰਿਹਾ ਹੈ। ਵਧ ਰਹੀ ਆਲਮੀ ਤਪਸ਼ ਤੇ ਪਾਣੀ ਦੀ ਕਿੱਲਤ ਵਿਚ ਇਸ ਵਿਚਾਰੇ ਬਣ ਚੁੱਕੇ ਆਲਮ ਨੂੰ ਆਪਣੇ ਵਿਚ ਸਮਾਉਣ ਲਈ ਹਰ ਪਲ ਕਾਹਲੀਆਂ ਹਨ। ਅੱਜ ਦੀ ਜ਼ਹਿਰ ਦੀ ਵਧੇਰੇ ਵਰਤੋਂ ਵਾਲੀ ਖੇਤੀ ਮਨੁੱਖ ਦੀ ਸਿਹਤਮੰਦ ਵਿਵਸਥਾ ਨੂੰ ਵਿਗਾੜ ਰਹੀ ਹੈ।
ਅੱਜ ਦੀ ਅਰਥ-ਵਿਵਸਥਾ ਦਾ ਧਰੋਹਰ ਖੇਤੀ ਹੈ, ਜੋ ਕਿ ਸਮੁੱਚੇ ਮਨੁੱਖੀ ਜੀਵਨ ਦੀ ਚੁਫੇਰਿਓਂ ਘੇਰਾਬੰਦੀ ਕਰਦੀ ਹੈ। ਉਦਯੋਗ ਆਪਣੇ-ਆਪ ਵਿਚ ਸੁਤੰਤਰ ਇਕਾਈ ਮੰਨਣ ਦਾ ਦਾਅਵਾ ਕਰਨ ਦੀ ਗੁਸਤਾਖ਼ੀ ਕਰ ਹੀ ਨਹੀਂ ਸਕਦਾ ਕਿਉਂਕਿ ਕੱਚਾ ਮਾਲ ਤਾਂ ਖੇਤੀਬਾੜੀ ਹੀ ਜੁਟਾਉਂਦੀ ਹੈ। ਰਸੋਈ ਵਿਚ ਪੱਕਦੀ ਰੋਟੀ ਤੋਂ ਲੈ ਕੇ ਤਨ ’ਤੇ ਪਹਿਨਿਆ ਜਾਣ ਵਾਲਾ ਕੱਪੜਾ ਅਤੇ ਰਹਿਣ ਲਈ ਘਰ ਆਦਿ ਦੀਆਂ ਮੁੱਢਲੀਆਂ ਲੋੜਾਂ ਖੇਤੀ ਪ੍ਰਦਾਨ ਕਰਦੀ ਹੈ।
ਹੁਣ ਫ਼ਿਕਰ ਅਤੇ ਮਨ ਨੂੰ ਅਸ਼ਾਂਤ ਕਰਨ ਵਾਲਾ ਸੁਆਲ ਇਹ ਹੈ ਕਿ ਇਹ ਅਨਾਜ ਅਤੇ ਮਨੁੱਖੀ ਜੀਵਨ ਲਈ ਉਦਯੋਗਾਂ ਵਿਚ ਵਰਤਿਆ ਜਾਣ ਵਾਲਾ ਕੱਚਾ ਮਾਲ ਹੀ ਜੇ ਜ਼ਹਿਰ ਨਾਲ ਲੁਪਤ ਹੋਇਆ ਹੋਵੇ ਤਾਂ ਮੁਨੱਖ ਦੀ ਹੋਂਦ ਦਾ ਹਸ਼ਰ ਕੀ ਹੋਵੇਗਾ। ਇਹ ਰਹੱਸ ਕੋਈ ਬਹੁਤਾ ਡੂੰਘਾ ਜਾਂ ਪੇਚੀਦਾ ਨਹੀਂ ਹੈ। ਅੱਜ ਹਰ ਮਨੁੱਖ ਕਿਸੇ ਨਾ ਕਿਸੇ ਬਿਮਾਰੀ ਨਾਲ ਦੋ ਚਾਰ ਹੈ। ਉਹ ਇਸ ਚੱਲ ਰਹੇ ਵਰਤ-ਵਰਤਾਰੇ ਉੱਪਰ ਖੇਦ ਜ਼ਾਹਰ ਕਰਦਾ ਹੋਇਆ ਆਪਣੇ-ਆਪ ਨੂੰ ਬੇਵੱਸ ਜਿਹਾ ਮਹਿਸੂਸ ਕਰਦਾ ਹੈ। ਅੱਜ ਦਾ ਢਾਂਚਾ ਹੀ ਅਜਿਹਾ ਬਣਦਾ ਜਾ ਰਿਹਾ ਹੈ ਕਿ ਗੱਲ ਭਾਂਵੇ ਮਹਿਰਾਂ ਦੀ ਹੋਵੇ ਜਾਂ ਸਰਕਾਰਾਂ ਦੀ, ਵਿਦਵਾਨਾਂ ਦੀ ਹੋਵੇ ਜਾਂ ਸਮਾਜ ਸੁਧਾਰਕਾਂ ਦੀ, ਮੰਨਣੀ ਹੀ ਨਹੀਂ। ਸਿਰਫ਼ ਇੱਕ ਦੂਜੇ ਕੋਲ ਜਾਂ ਤਾਂ ਖ਼ਬਰ ਦੇ ਰੂਪ ਵਿਚ ਸੁਣਾਉਣੀ ਹੈ ਤੇ ਜਾਂ ਫਿਰ ਸ਼ਿਕਾਇਤ ਕਰਨੀ ਹੈ, ਪਰ ਪਰਨਾਲਾ ਉੱਥੇ ਦਾ ਉੱਥੇ। ਬਿਨਾਂ ਕਿਸੇ ਡੂੰਘੇ ਗਿਆਨ ਤੇ ਵਿਗਿਆਨਕ ਜਾਣਕਾਰੀ ਕਰਕੇ ਇੱਕ-ਦੂਜੇ ਦੇ ਕਹੇ ਲੱਗ ਕੇ ਅਸੀਂ ਉਜਾੜ ਵੱਲ ਵਧ ਰਹੇ ਹਾਂ। ਜਿੰਨਾਂ ਨੇ ਇਹ ਖੋਜਾਂ ਸਾਨੂੰ ਦਿੱਤੀਆਂ ਅੱਜ ਅਸੀਂ ਉਨ੍ਹਾਂ ਦੀਆਂ ਹੀ ਮੰਨਣ ਤੋਂ ਇਨਕਾਰੀ ਹੋ ਗਏ ਹਾਂ। ਅਕਾਸ਼ਵਾਣੀ ਅਤੇ ਦੂਰਦਰਸ਼ਨ ਉੱਪਰ ਖੇਤੀ ਸਬੰਧੀ ਪ੍ਰੋਗਰਾਮ, ਗੋਸ਼ਟੀਆਂ, ਵਿਚਾਰਾਂ, ਹਦਾਇਤਾਂ, ਨਸੀਹਤਾਂ ਅਤੇ ਖੇਤੀ ਮਾਹਿਰਾਂ ਨਾਲ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਂਦੇ ਹਨ, ਪਰ ਉਨ੍ਹਾਂ ਮਾਹਿਰਾਂ ਦੀਆਂ ਦੱਸਿਆ ਅਸੀਂ ਅਮਲ ਵਿਚ ਨਹੀਂ ਲਿਆ ਰਹੇ।
ਰਸਾਇਣਕ ਖਾਦਾਂ ਤੋਂ ਭਾਵ ਜ਼ਹਿਰ ਨਹੀਂ ਪਰ ਸਿਆਣੇ ਕਹਿੰਦੇ ਹਨ ਕਿ ਜ਼ਿਆਦਾ ਜੇ ਖਾ ਵੀ ਲਈਏ ਤਾਂ ਉਹ ਵੀ ਮਾਰੂ ਸਾਬਤ ਹੁੰਦਾ ਹੈ। ਇਹੋ ਸਿਧਾਂਤ ਰਸਾਇਣਕ ਖਾਦਾਂ ਉੱਪਰ ਵੀ ਲਾਗੂ ਹੁੰਦਾ ਹੈ। ਵੱਖ-ਵੱਖ ਜ਼ਮੀਨਾਂ ਨੂੰ ਵੱਖ-ਵੱਖ ਪੌਸ਼ਟਿਕ ਤੱਤਾਂ ਦੀ ਲੋੜ ਹੈ ਪਰ ਜ਼ਿਆਦਾਤਰ ਕਿਸਾਨ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਹੈ। ਅੱਜ ਭਾਵੇਂ ਕਿਸਾਨ ਪੜ੍ਹ-ਲਿਖ ਗਿਆ ਹੈ ਤੇ ਵਿਸ਼ਵੀਕਰਨ ਬਾਰੇ ਬਹੁਤ ਗਿਆਨ ਰੱਖਣ ਦਾ ਦਾਅਵਾ ਕਰਦਾ ਹੈ ਪਰ ਖਾਦਾਂ ਦੀ ਲੋੜ ਤੋਂ ਵੱਧ ਮਿਕਦਾਰ ਜ਼ਮੀਨ ਨੂੰ ਬਰਬਾਦ ਕਰਦੀ ਹੈ, ਇਸ ਸਚਾਈ ਨੂੰ ਅਜੇ ਤੱਕ ਜਾਣ ਨਹੀਂ ਸਕਿਆ। ਇਸ ਤੋਂ ਇਲਾਵਾ ਨਵੀਆਂ ਨਵੀਆਂ ਤਕਨੀਕਾਂ ਤੇ ਖੋਜਾਂ ਉੱਪਰ ਆਧਾਰਿਤ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪੇ ਲੇਖਾਂ ਦੇ ਹਵਾਲੇ ਵੀ ਕਿਸਾਨਾਂ ਨੂੰ ਇਸ ਬਾਬਤ ਜਾਗਰੂਕ ਨਹੀਂ ਕਰ ਸਕੇ। ਨਵੇਂ-ਨਵੇਂ ਢੰਗਾਂ ਨਾਲ ਖੇਤਾਂ ਵਿਚ ਛੋਟੀਆਂ ਫ਼ਸਲਾਂ ਜਿਵੇਂ ਕਿ ਝਿੰਜਣ ਆਦਿ ਨੂੰ ਕੱਟ ਕੇ ਜ਼ਮੀਨ ਵਿਚ ਮਿਲਾ ਦੇਣ ਨਾਲ ਜ਼ਮੀਨ ਦੀ ਸਿਹਤ ਵਿਚ ਸੁਧਾਰ ਆਉਂਦਾ ਹੈ ਪਰ ਅਜਿਹਾ ਕੀਤਾ ਨਹੀਂ ਜਾ ਰਿਹਾ।
ਰਸਾਇਣਕ ਖਾਦ ਵਰਗਾ ਦੂਜਾ ਮਾਰੂ ਤੱਤ ਕੀਟਨਾਸ਼ਕ ਜ਼ਹਿਰਾਂ ਹਨ। ਲੋੜ ਤੋਂ ਵੱਧ ਅਤੇ ਮਹਿਰਾਂ ਵੱਲੋਂ ਸਿਫ਼ਾਰਸ਼ ਨਾ ਕੀਤੀਆਂ ਕੀਟਨਾਸ਼ਕ ਦਵਾਈਆਂ ਕੀਟਾਂ ਨੂੰ ਨਹੀਂ ਬਲਕਿ ਜ਼ਮੀਨ ਦੇ ਉਪਜਾਊ ਤੱਤਾਂ ਨੂੰ ਭਸਮ ਕਰ ਰਹੀਆਂ ਹਨ। ਇਹ ਕੀਟਨਾਸ਼ਕ ਜ਼ਹਿਰ ਨਾ ਸਿਰਫ਼ ਖੇਤੀ ਉਤਪਾਦਨ ਬਲਕਿ ਇਹ ਅਨਾਜ ਅਤੇ ਚਾਰਾ ਜੋ ਵੀ ਇਨਸਾਨ ਅਤੇ ਪਸ਼ੂ ਖਾਂਦੇ ਹਨ, ਉਨ੍ਹਾਂ ਉੱਪਰ ਮਾਰੂ ਪ੍ਰਭਾਵ ਪਾਉਂਦੀ ਹੈ।
ਗੱਲ ਇੱਥੇ ਹੀ ਬੱਸ ਨਹੀਂ। ਸਾਡੇ ਦੇਸ਼ ਦੇ ਵਪਾਰੀ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਸਮੁੱਚੇ ਵਿਸ਼ਵ ਵਿਚ ਪ੍ਰਤੀ ਏਕੜ 250 ਗ੍ਰਾਮ ਕੀਟ ਨਾਸ਼ਕ ਦੀ ਸਿਫ਼ਾਰਸ਼ ਹੈ ਪਰ ਸਾਡੇ ਦੇਸ਼ ਵਿਚ ਇਹ ਮਾਤਰਾ 1000 ਗ੍ਰਾਮ ਭਾਵ ਪ੍ਰਤੀ ਏਕੜ ਇੱਕ ਕਿਲੋ ਹੈ। ਇਸ ਇੱਕ ਕਾਰਨ ਕੀਟਨਾਸ਼ਕ ਵਿਕਰੇਤਾ ਦਾ ਲਾਲਚ ਹੈ। ਕੀਟਨਾਸ਼ਕ ਕੰਪਨੀਆਂ ਵੱਲੋਂ ਵੱਧ ਦਵਾਈਆਂ ਜਾਂ ਵੱਡੇ ਟੀਚੇ ਪੂਰੇ ਕਰਨ ਲਈ ਦਿਲ ਲੁਭਾਵਣੇ ਲਾਲਚ ਦਿੱਤੇ ਜਾਂਦੇ ਹਨ। ਸਾਧਾਰਨ ਕਮਿਸ਼ਨ ਦੇ ਨਾਲ ਨਾਲ ਡੀਲਰਾਂ ਨੂੰ ਵਿਦੇਸ਼ਾਂ ਦੇ ਟੂਰ ਆਦਿ ਮੁਹੱਈਆ ਕੀਤੇ ਜਾਂਦੇ ਹਨ। ਇਸੇ ਨੂੰ ਹਥਿਆਉਣ ਲਈ ਡੀਲਰ ਕਿਸਾਨਾਂ ਨੂੰ ਲੋੜ ਤੋਂ ਵੱਧ ਦਵਾਈ ਵਰਤਣ ਲਈ ਜਾਲ ਵਿਚ ਫਸਾਉਂਦਾ ਹੈ। ਕਿਸਾਨ ਉਨ੍ਹਾਂ ਦੀਆਂ ਮੋਮੋਠੱਗਣੀਆਂ ਵਿਚ ਆ ਕੇ ਜ਼ਹਿਰ ਦੇ ਰੂਪ ਵਿਚ ਵੱਧ ਦਵਾਈ ਖ਼ਰੀਦ ਲੈਂਦਾ ਹੈ। ਇੱਥੇ ਹੀ ਬਸ ਨਹੀਂ ਕਈ ਡੀਲਰ ਤਾਂ ਮਿਆਦ ਪੁੱਗ ਚੁੱਕੀਆਂ ਦਵਾਈਆਂ ਵੀ ਵੇਚ ਦਿੰਦੇ ਹਨ। ਬਹੁਤੇ ਕਿਸਾਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਖੇਤੀਬਾੜੀ ਮਹਿਕਮੇ ਦੀ ਸਿਫ਼ਾਰਸ ਨਾਲ ਸਰਕਾਰ ਨੇ ਕਿਹੜੇ-ਕਿਹੜੇ ਕੀਟਨਾਸ਼ਕਾਂ ਉੱਪਰ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਗਿਆਨ ਪੂਰਾ ਨਾ ਹੋਣ ਕਰਾਣ ਕਿਸਾਨ ਇਨ੍ਹਾਂ ਲਾਭਕਾਰੀ ਨੀਤੀਆਂ ਦਾ ਵੀ ਫ਼ਾਇਦਾ ਨਹੀਂ ਲੈ ਸਕਦੇ। ਲੋੜ ਤੋਂ ਵੱਧ ਕੀਟਨਾਸ਼ਕਾਂ ਦੀ ਵਰਤੋਂ ਨਾਲ ਜਿੱਥੇ ਪ੍ਰਦੂਸ਼ਣ ਵਧਦਾ ਹੈ, ਉੱਥੇ ਹੀ ਇਹ ਕਿਸਾਨ ਦੀ ਆਰਥਿਕ ਨੂੰ ਵੀ ਵੱਡਾ ਖੋਰਾ ਲਾਉਂਦੀਆਂ ਹਨ।
ਖੇਤਾਂ ਵਿਚ ਲੋੜ ਤੋਂ ਜ਼ਿਆਦਾ ਵਰਤੀ ਗਈ ਜ਼ਹਿਰ ਦਾ ਮਨੁੱਖੀ ਸਿਹਤ ’ਤੇ ਕੀ ਅਸਰ ਹੋਇਆ ਹੈ, ਇਸ ਦੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਇਸ ਅਣਗਹਿਲੀ ਦਾ ਅੰਜਾਮ ਅਸੀਂ ਸਾਰੇ ਭੁਗਤ ਰਹੇ ਹਾਂ ਤੇ ਹੋਰ ਕਠੋਰ ਭੁਗਤਾਂਗੇ। ਜ਼ਮੀਨ ਦੀ ਉਪਜਾਊ ਸ਼ਕਤੀ ਗਈ ਤੇ ਲੋੜੀਂਦੇ ਤੱਤ ਮਰੇ ਪਰ ਇਸ ਤੋਂ ਵੀ ਅਸੀਂ ਕੋਈ ਸਬਕ ਨਹੀਂ ਸਿੱਖਿਆ। ਅਸੀਂ ਅੱਜ ਵੀ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਨਹੀਂ ਕੀਤੀ। ਸਿਆਣੇ ਕਹਿੰਦੇ ਹਨ ਕਿ ਜਦੋਂ ਜਾਗੋ, ਉਦੋਂ ਸਵੇਰਾ। ਸੁਝਵਾਨ ਇਸ ਸਿਧਾਂਤ ਨੂੰ ਪੱਲੇ ਬੰਨ੍ਹਦੇ ਹਨ। ਕਹਿਣ ਮਾਤਰ ਜਾਂ ਸੁਣਨ ਨਾਲ ਗਿਆਨ ਕਦੇ ਵਫ਼ਾ ਨਹੀਂ ਕਰਦਾ, ਲਾਜ਼ਮੀ ਹੈ ਕਿ ਇਸ ਨੂੰ ਅਮਲ ਵਿਚ ਲਿਆਂਦਾ ਜਾਵੇ।
ਅਸੀਂ ਸਿਰਫ਼ ਰਵਾਇਤੀ ਫ਼ਸਲਾਂ ਜਿਵੇਂ ਕਣਕ ਜਾਂ ਝੋਨੇ ਦਾ ਹੀ ਪੱਲਾ ਫੜਿਆ ਹੋਇਆ ਹੈ। ਇਹ ਜਾਣ ਕੇ ਹੈਰਾਨ ਨਹੀਂ ਪ੍ਰੇਸ਼ਾਨ ਹੋਣ ਦੀ ਲੋੜ ਹੈ ਕਿ ਇੱਕ ਕਿਲੋ ਚੌਲ ਦੀ ਪੈਦਾਵਾਰ ਲਈ ਜ਼ਮੀਨ ਵਿੱਚੋਂ 2497 ਲੀਟਰ ਪਾਣੀ ਖਿੱਚਿਆ ਜਾਂਦਾ ਹੈ। ਨੌਬਤ ਇਥੋਂ ਤੱਕ ਆ ਪਹੁੰਚੀ ਹੈ ਕਿ ਜ਼ਮੀਨ ਹੇਠੋਂ 75 ਫ਼ੀਸਦੀ ਪਾਣੀ ਖਿੱਚਿਆ ਜਾ ਚੁੱਕਾ ਹੈ। ਇਹ ਸਹੀ ਹੈ ਕਿ ਇਨ੍ਹਾਂ ਫ਼ਸਲਾਂ ਉੱਪਰ ਮਿਹਨਤ ਘੱਟ ਹੁੰਦੀ ਹੈ ਪਰ ਇਨ੍ਹਾਂ ਫਸਲਾਂ ਦੀ ਕਾਸ਼ਤ ਨੇ ਸਾਡੇ ਨਾਲ ਨਾਲ ਸਾਡੇ ਵਾਤਾਵਰਨ ਨੂੰ ਵੀ ਬਿਮਾਰ ਕਰ ਦਿੱਤਾ ਹੈ। ਬਹੁਤੇ ਕਿਸਾਨਾਂ ਨੂੰ ਉਨ੍ਹਾਂ ਦੇ ਨੌਕਰੀ ਕਰਦੇ ਬੱਚਿਆਂ ਤੋਂ ਪਤਾ ਲਗਦਾ ਹੋਵੇਗਾ ਕਿ ਅੱਜ ਦਾ ਕੰਪਿਊਟਰ ਇੰਜਨੀਅਰ ਕਿੰਨੇ ਘੰਟੇ ਕੰਮ ਕਰਦਾ ਹੈ। ਉਦਯੋਗਾਂ ਅਤੇ ਕੰਪਨੀਆਂ ਵਿਚ ਕਿੰਨੀ ਮਾਰਾ-ਮਾਰੀ ਕਰਨੀ ਪੈਂਦੀ ਹੈ। ਜੋ ਮਿਹਨਤ ਕਰਦੇ ਤਰੱਕੀ ਦੀਆਂ ਬੁਲੰਦੀਆਂ ਨੂੰ ਵੀ ਉਹੀ ਹਾਸਲ ਕਰਦੇ ਹਨ। ਇਹੋ ਕੰਮ ਖੇਤੀ ਦਾ ਹੈ। ਸਾਡੇ ਢਾਂਚੇ ਵਿਚ ਵੱਧ ਮਿਹਨਤ ਕਰਕੇ ਫ਼ਲਦਾਰ ਬੂਟਿਆਂ ਜਾਂ ਦਾਲਾਂ-ਸਬਜ਼ੀਆਂ ਨੂੰ ਨਵੀਨ ਢੰਗਾਂ ਨਾਲ ਤਿਆਰ ਨਹੀਂ ਕੀਤਾ ਜਾਂਦਾ। ਅਗਾਂਗਵਧੂ ਮੁਲਕਾਂ ਵਿਚ ਫਲਦਾਰ ਬੂਟਿਆਂ ਨਾਲ ਲੋਕ ਮਾਲਾ-ਮਾਲ ਹੋਏ ਪਏ ਹਨ। ਸ਼ਹਿਦ ਦੀਆਂ ਮੱਖੀਆਂ ਪਾਲਣਾ ਆਮਦਨ ਵਧਾਉਣ ਵਾਲਾ ਸਰਲ ਜਿਹਾ ਕਿੱਤਾ ਹੈ, ਪਰ ਲੋਕ ਇਸ ਦੀ ਸਿਖਲਾਈ ਲੈਣ ਲਈ ਖੇਤੀਬਾੜੀ ਯੂਨੀਵਰਸਿਟੀ ਪਹੁੰਚ ਹੀ ਨਹੀਂ ਕਰਦੇ।
ਇਸ ਤੋਂ ਇਲਾਵਾ ਵਾਤਾਵਰਨ ਦਾ ਵਿਘੜ ਰਹੇ ਸੰਤੁਲਨ ਸਬੰਧੀ ਕਿਸੇ ਨੂੰ ਫ਼ਿਕਰ ਹੀ ਨਹੀਂ ਹੈ। ਕਈ ਤਾਂ ਜ਼ਿੱਦ ਵਿੱਚ ਇਕੱਠੇ ਹੋ ਕੇ ਸਰਕਾਰ ਪਰਾਲੀ ਤੇ ਨਾੜ ਨੂੰ ਅੱਗ ਲਗਾ ਕੇ ਫੂਕ ਰਹੇ ਹਨ। ਇਸ ਨਾਲ ਜਿੱਥੇ ਸਾਡਾ ਵਾਤਾਵਰਨ ਗੰਧਲਾ ਹੋ ਰਿਹਾ ਹੈ, ਉੱਥੇ ਹੀ ਸਾਡੀ ਜ਼ਮੀਨ ਦਾ ਵੀ ਨਾਸ਼ ਹੋ ਰਿਹਾ ਹੈ। ਇਸ ਤੋਂ ਇਲਾਵਾ ਫ਼ਸਲ ਬੀਮਾ ਨਾ ਕਰਵਾਉਣ ਕਰਕੇ ਕਿਸਾਨ ਦੀ ਜਾਨ ਹਮੇਸ਼ਾਂ ਸੂਲੀ ਉਪਰ ਟੰਗੀ ਰਹਿੰਦੀ ਹੈ। ਬੇਮੌਸਮੇ ਮੀਂਹ ਅਤੇ ਝੱਖੜ-ਹਨੇਰੀਆਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਿਸਾਨ ਆਪਣੇ ਤੌਰ ’ਤੇ ਨਹੀਂ ਕਰ ਸਕਦਾ। ਫ਼ਸਲ ਬੀਮਾ, ਪਸ਼ੂ ਬੀਮਾ ਅਤੇ ਸਭ ਤੋਂ ਵੱਧ ਆਪਣਾ ਅਤੇ ਪਰਿਵਾਰ ਦਾ ਬੀਮਾ ਆਉਣ ਵਾਲੀ ਅਚਾਨਕ ਆਫ਼ਤ ਤੋਂ ਸੁਰੱਖਿਆ ਦਿੰਦਾ ਹੈ ਤੇ ਕਰਜ਼ੇ ਦੀ ਨੌਬਤ ਵੀ ਨਹੀਂ ਆਉਂਦੀ।
ਸੰਪਰਕ: 98761-05647


Comments Off on ਜ਼ਹਿਰੀਲੀ ਹੋ ਰਹੀ ਖੇਤੀ ਵਿਚ ਵਿਗਿਆਨਕ ਸੋਚ ਦੀ ਅਹਿਮੀਅਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.