ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਜਦੋਂ ਅਸੀਂ ਮਰੇ

Posted On June - 2 - 2019

ਵੀਰ ਸਿੰਘ ਥਿੰਦ
ਵਿਅੰਗ

ਸੁਪਨੇ ਵੀ ਬੜੇ ਅਜੀਬ ਹੁੰਦੇ ਨੇ। ਸੁੱਤਿਆਂ ਪਤਾ ਹੀ ਨਹੀਂ ਲੱਗਦਾ ਕਿ ਕਿਹੋ ਜਿਹੇ ਸੁਪਨੇ ਆ ਜਾਣ। ਸੁਪਨੇ ਵਿਚ ਪਤਾ ਨਹੀਂ ਲੱਗਦਾ ਕਦੋਂ ਪਾਣੀ ਨੂੰ ਅੱਗ ਲੱਗ ਜਾਵੇ ਅਤੇ ਕਦੋਂ ਹਾਥੀ ਖੰਭੇ ’ਤੇ ਚੜ੍ਹ ਜਾਵੇ, ਕਦੋਂ ਬੱਕਰੀ ਸ਼ੇਰ ਨੂੰ ਡਾਂਟ ਰਹੀ ਹੋਵੇ। ਮੇਰੇ ਨਾਲ ਇਕ ਰਾਤ ਇਉਂ ਹੀ ਹੋਇਆ। ਮੈਂ ਰੋਟੀ ਪਾਣੀ ਛਕ ਕੇ ਸੁੱਤਾ ਹੀ ਸੀ ਕਿ ਸੁਪਨਾ ਆਉਣ ਲੱਗਿਆ। ਸੁਪਨੇ ਵਿਚ ਇੰਝ ਲੱਗਿਆ ਜਿਵੇਂ ਚਾਰ ਜਮਦੂਤ ਕਾਲੇ ਪਹਿਰਾਵੇ ਵਿਚ ਆਏ ਅਤੇ ਮੇਰੇ ਮੰਜੇ ਦੁਆਲੇ ਗੇੜਾ ਦੇਣ ਲੱਗੇ। ਮੈਂ ਬਥੇਰੇ ਹੱਥ ਜੋੜੇ, ਪੈਰ ਫੜੇ ਪਰ ਉਨ੍ਹਾਂ ਮੇਰੀ ਇਕ ਨਾ ਮੰਨੀ। ਮੈਨੂੰ ਬੰਨ੍ਹ ਲਿਆ ਅਤੇ ਇਕ ਅਜੀਬ ਤਰ੍ਹਾਂ ਦੇ ਘੜੁੱਕੇ ਜਿਹੇ ਉੱਤੇ ਬਿਠਾ ਕੇ ਲੈ ਤੁਰੇ। ਰਾਹ ਵਿਚ ਬੜੇ ਡਰਾਉਣੇ ਜੰਗਲ, ਅਜੀਬ ਤਰ੍ਹਾਂ ਦੀ ਖ਼ਾਮੋਸ਼ੀ ਵਾਲੀਆਂ ਜਗ੍ਹਾਵਾਂ ਆਈਆਂ। ਕਿਤੇ ਹਨੇਰੀਆਂ, ਝੱਖੜ ਅਤੇ ਕਿਤੇ ਕਿਤੇ ਬੜਾ ਮੁਸ਼ਕ ਸੀ। ਮੈਨੂੰ ਕੁਝ ਨਹੀਂ ਸੀ ਸੁੱਝ ਰਿਹਾ। ਕੁਝ ਕੁ ਦੇਰ ਵਿਚ ਹੀ ਉਨ੍ਹਾਂ ਮੈਨੂੰ ਯਮਰਾਜ ਦੀ ਕਚਹਿਰੀ ਸਾਹਮਣੇ ਲਿਜਾ ਉਤਾਰਿਆ। ਦਰਵਾਜ਼ੇ ਉੱਤੇ ਪਹਿਲਾਂ ਹੀ ਦੋ ਯਮਦੂਤ ਖੜ੍ਹੇ ਸਨ ਜਿਨ੍ਹਾਂ ਕੋਲ ਦੰਦਿਆਂ ਵਾਲੇ ਅਜੀਬ ਤਰ੍ਹਾਂ ਦੇ ਵੱਡੇ ਵੱਡੇ ਗੰਡਾਸੇ ਸਨ। ਦਰਵਾਜ਼ੇ ਅੱਗੇ ਕਾਲਾ ਪਰਦਾ ਟੰਗਿਆ ਸੀ।
‘‘ਮੈਨੂੰ ਪਾਣੀ ਤਾਂ ਪਿਲਾ ਦਿਓ,’’ ਮੈਂ ਆਖਿਆ ਤਾਂ ਇਕ ਯਮਦੂਤ ਨੇ ਮੈਨੂੰ ਤਾੜ ਦੇਣੇ ਚਪੇੜ ਕੱਢ ਮਾਰੀ। ਕਹਿੰਦਾ, ‘‘ਚੁੱਪ ਕਰਦਾ ਐਂ ਕਿ ਪਿਆਵਾਂ ਤੈਨੂੰ ਕੋਕ!’’ ਮੈਂ ਇਹ ਸੁਣ ਕੇ ਹੈਰਾਨ ਰਹਿ ਗਿਆ ਅਤੇ ਪੁੱਛਿਆ, ‘‘ਚਲੋ ਪਿਆਓ ਤਾਂ ਨਾ, ਪਰ ਇਹ ਦੱਸੋ ਕਿ ਤੁਹਾਨੂੰ ਕੋਕ ਦਾ ਕਿਵੇਂ ਪਤਾ?’’ ‘‘ਦੁਨੀਆਂ ਵਿਚ ਇਹਦੀ ਕੋਕ ਦੀ ਏਜੰਸੀ ਸੀ, ਪਰ ਇਹ ਆਪ ਰੋਜ਼ ਸ਼ਾਮੀਂ ਕੋਕ ਵਿਚ ਲੈਂਦਾ ਸੀ ਦਾਰੂ ਠੋਕ, ਪੀ ਕੇ ਫਿਰ ਐਂ ਬੁੱਕਦਾ ਜਿਵੇਂ ਬੁੱਕਦਾ ਏ ਬੋਕ,’’ ਇਕ ਯਮਦੂਤ ਨੇ ਆਖਿਆ।
‘‘ਫਿਰ ਕੀ ਹੋਇਆ?’’ ਮੈਂ ਪੁੱਛਿਆ। ‘‘ਹੋਣਾ ਕੀ ਸੀ, ਇਕ ਦਿਨ ਫਿਰ ਯਮਰਾਜ ਨੇ ਤਾਰ ਭੇਜੀ ਅਤੇ ਇਹਨੂੰ ਪੀ ਕੇ ਰਹੀ ਨਾ ਹੋਸ਼, ਗੱਡੀ ਦਿੱਤੀ ਟਾਹਲੀ ਵਿਚ ਠੋਕ, ਉੱਤੇ ਲਿਆਂਦਾ ਅਸਾਂ ਫਿਰ ਬਿਨਾਂ ਰੋਕ ਟੋਕ,’’ ਉਸੇ ਯਮਦੂਤ ਨੇ ਫਿਰ ਸ਼ਾਇਰਾਨਾ ਅੰਦਾਜ਼ ਵਿਚ ਆਖਿਆ।
‘‘ਤੁਹਾਡੀ ਸ਼ਾਇਰੀ ਬੜੀ ਅੱਛੀ ਐ, ਪਰ ਤੁਸੀਂ ਕਿਵੇਂ ਆਏ ਇੱਥੇ?’’ ਮੈਂ ਉਸ ਦੀ ਤਾਰੀਫ਼ ਕੀਤੀ।
‘‘ਇਹ ਸ਼ਾਇਰ ਸੀ, ਪੀ ਕੇ ਲਿਖਦਾ ਸੀ। ਅਖੇ ਪੀ ਕੇ ਜਜ਼ਬਾਤ ਬੜੇ ਉੱਘੜਦੇ ਨੇ। ਕਲਪਨਾ ਵਿਚ ਗਹਿਰਾਈ ਬੜੀ ਆ ਜਾਂਦੀ ਏ। ਹੌਲੀ ਹੌਲੀ ਦਿਨੇ ਈ ਬੋਤਲਾਂ ਖਾਲੀ ਕਰਨ ਲੱਗਾ,’’ ਦੂਜੇ ਯਮਦੂਤ ਨੇ ਆਖਿਆ।
‘‘ਤੇ ਫਿਰ?’’ ਮੈਂ ਪੁੱਛਿਆ।
‘‘ਫਿਰ ਕੀ, ਇਕ ਦਿਨ ਪੀ ਕੇ ਜ਼ਿਆਦਾ ਈ ਗਹਿਰਾਈ ਵਿਚ ਉਤਰ ਗਿਆ, ਫਿਰ ਵਾਪਸ ਚੜ੍ਹਿਆ ਨਾ ਗਿਆ। ਅਸੀਂ ਖਿੱਚ ਕੇ ਐਥੇ ਲਿਆਂਦਾ,’’ ਯਮਦੂਤ ਨੇ ਹੱਸਦਿਆਂ ਆਖਿਆ।
‘‘ਹੁਣ ਤੁਸੀਂ ਮੈਨੂੰ ਅੰਦਰ ਕਿਉਂ ਨਹੀਂ ਲਿਜਾਂਦੇ?’’ ਮੈਂ ਪੁੱਛਿਆ।
‘‘ਕੀ ਗੱਲ ਵਾਪਸ ਮੁੜਨਾਂ!’’ ਇਕ ਯਮਦੂਤ ਨੇ ਮਸ਼ਕਰੀ ਕੀਤੀ।
‘‘ਵਾਪਸ ਤਾਂ ਕੀ ਮੁੜਨਾਂ, ਪਰ ਮੈਨੂੰ ਤੇਹ ਬੜੀ ਲੱਗੀ ਐ,’’ ਮੈਂ ਆਖਿਆ।
‘‘ਉਏ ਤੂੰ ਚੁੱਪ ਕਰ ਕੇ ਬਹਿਨੈਂ ਕਿ ਨਹੀਂ, ਖਬਰਦਾਰ ਜੇ ਪਾਣੀ ਮੰਗਿਆ, ਲੱਤਾਂ ਮਾਰ-ਮਾਰ ਨਿੱਸਲ ਕਰ ਦੇਣਾ ਏ ਤੈਨੂੰ। ਪਾਣੀ ਮਿਲੇਗਾ, ਪਰ ਯਮਰਾਜ ਜੀ ਸਾਹਮਣੇ ਤੇਰੇ ਪਾਪਾਂ ਦਾ ਹਿਸਾਬ-ਕਿਤਾਬ ਹੋਣ ਤੋਂ ਬਾਅਦ,’’ ਇਕ ਯਮਦੂਤ ਮੈਨੂੰ ਫਿਰ ਭੱਜ ਕੇ ਪੈ ਗਿਆ।
‘‘ਮੰਨ ਲਓ, ਜੇ ਕਿਸੇ ਨੂੰ ਨਰਕ ਮਿਲੇ ਤਾਂ ਫਿਰ ਕੀ ਕਰਦੇ ਓ?’’ ਮੈ ਪੁੱਛਿਆ।
‘‘ਇਹ ਤਾਂ ਯਮਰਾਜ ਜੀ ਹੁਕਮ ਸੁਣਾਉਂਦੇ ਨੇ ਬਈ ਕਿਸ ਬੰਦੇ ਨੂੰ ਤੰਦੂਰ ਵਿਚ ਸੁੱਟਣਾ ਹੈ, ਕਿਸ ਨੂੰ ਕਲਕਦੇ ਤੇਲ ਵਿਚ ਅਤੇ ਕਿਸ ਨੂੰ ਅੱਗ ਦਾ ਸੇਕਾ ਲਵਾਉਣਾ ਹੈ,’’ ਯਮਦੂਤ ਨੇ ਆਖਿਆ।
‘‘ਇਹ ਤਾਂ ਫਿਰ ਬੰਦਾ ਨਾ ਹੋ ਕੇ ਤੰਦੂਰੀ ਮੁਰਗਾ ਹੋ ਗਿਆ,’’ ਮੈਂ ਆਖਿਆ।
‘‘ਸਾਨੂੰ ਕੀ ਪੁੱਛਦੈਂ, ਇਹ ਤਾਂ ਅੰਦਰ ਪਤਾ ਲੱਗੂ,’’ ਇਕ ਯਮਦੂਤ ਨੇ ਆਖਿਆ।
‘‘ਇਹਨੂੰ ਤਿਆਰ ਰੱਖਿਓ,’’ ਅੰਦਰੋਂ ਇਕ ਯਮਦੂਤ ਨੇ ਬਾਹਰ ਝਾਕਦਿਆਂ ਆਖਿਆ।
‘‘ਕੀ ਗੱਲ ਅੱਜ ਏਨੀ ਦੇਰ ਕਿਉਂ ਲੱਗੀ ਜਾਂਦੀ ਐ?’’ ਇਕ ਯਮਦੂਤ ਨੇ ਉਸ ਨੂੰ ਪੁੱਛਿਆ।
‘‘ਅੱਜ ਇਕ ਬੜਾ ਵੱਡਾ ਨੇਤਾ ਲਿਆਂਦਾ। ਉਹਦਾ ਹਿਸਾਬ-ਕਿਤਾਬ ਕੁਝ ਜ਼ਿਆਦਾ ਹੀ ਲੰਬਾ ਏ। ਗੱਲ-ਗੱਲ ’ਤੇ ਝੂਠ ਬੋਲਣ ਡਿਆ ਸੀ। ਮਸਾਂ ਈ ਕਾਬੂ ਆਇਆ। ਬੱਸ ਉਸ ਦਾ ਨਰਕਾਂ ਦਾ ਪਰਚਾ ਕੱਟੀ ਜਾਂਦੇ ਨੇ। ਉਸ ਤੋਂ ਬਾਅਦ ਇਹਦੀ ਵਾਰੀ ਏ।’’
ਥੋੜ੍ਹੀ ਦੇਰ ਬਾਅਦ ਹੀ ਆਵਾਜ਼ ਪਈ। ਮੈਨੂੰ ਘੜੀਸ ਕੇ ਅੰਦਰ ਲੈ ਗਏ ਅਤੇ ਖੜ੍ਹਾ ਕਰ ਦਿੱਤਾ। ਆਪ ਬਾਹਰ ਆ ਗਏ। ਅੰਦਰ ਬੜਾ ਸੋਹਣਾ ਦਰਬਾਰ ਸਜਿਆ ਸੀ। ਇਕ ਉੱਚਾ ਸਾਰਾ ਆਸਣ ਸੀ ਜਿਸ ਉੱਤੇ ਯਮਰਾਜ ਮਹਾਰਾਜ ਸੁਸ਼ੋਭਿਤ ਸਨ। ਆਸੇ-ਪਾਸੇ ਕਈ ਭਗਤ ਅਤੇ ਭਗਤਣੀਆਂ ਬੈਠੇ ਮਾਲਾ ਫੜੀ ਭਗਤੀ ਕਰ ਰਹੇ ਸਨ। ਇਕ ਪਾਸੇ ਕਈ ਆਤਮਾਵਾਂ ਪੁੱਠੀਆਂ ਲਟਕ ਰਹੀਆਂ ਸਨ ਜਿਨ੍ਹਾਂ ਵਿਚੋਂ ਕਈ ਬੇਹੋਸ਼ ਸਨ ਅਤੇ ਕਈ ਉੱਚੀ-ਉੱਚੀ ਰੋ ਕੁਰਲਾ ਰਹੀਆਂ ਸਨ। ਉਨ੍ਹਾਂ ਆਤਮਾਵਾਂ ਦੇ ਪਿਛਲੇ ਪਾਸੇ ਕਈ ਭਾਸ਼ਾਵਾਂ ਵਿਚ ਲਿਖਿਆ ਹੋਇਆ ਸੀ ‘ਯਮਰਾਜ ਦੀ ਕਚਹਿਰੀ ਵਿਚ ਝੂਠ ਬੋਲਣ ਦੀ ਸਜ਼ਾ’। ਮੈਂ ਘਾਬਰ ਗਿਆ ਅਤੇ ਰੋਂਦਾ ਕੁਰਲਾਉਂਦਾ ਪਾਣੀ ਮੰਗਣ ਲੱਗਾ।
‘‘ਖ਼ਾਮੋਸ਼! ਦੁਸ਼ਟ ਆਤਮਾ, ਪਹਿਲਾਂ ਤੇਰੇ ਪਾਪਾਂ ਦਾ ਹਿਸਾਬ-ਕਿਤਾਬ ਹੋਵੇਗਾ, ਪਾਣੀ ਫਿਰ ਮਿਲੇਗਾ,’’ ਯਮਰਾਜ ਨੇ ਉੱਚੀ ਆਵਾਜ਼ ਵਿਚ ਆਖਿਆ।
‘‘ਮੈਂ ਤਾਂ ਜੀ ਕਦੇ ਪਾਪ ਕੀਤਾ ਹੀ ਨਹੀਂ, ਸਹੁੰ ਵੱਡੇ ਮਹਾਰਾਜ ਦੀ। ਪਾਣੀ ਵਿਚ ਡਿੱਗਿਆ ਮਕੌੜਾ ਵੀ ਬਾਹਰ ਕੱਢ ਦਿੰਦਾ ਸੀ। ਨਾਲੇ ਮੇਰੀ ਤਾਂ ਜੀ ਹਾਲੇ ਉਮਰ ਵੀ ਅੱਧੀ ਹੀ ਬੀਤੀ ਐ,’’ ਮੈਂ ਹੱਥ ਜੋੜੇ।
‘‘ਖ਼ਾਮੋਸ਼! ਦੁਸ਼ਟ ਆਤਮਾ। ਅੱਧੀ ਬੀਤਣ ਨੂੰ ਤੈਂ ਟੈਂਡਰ ਭਰਿਆ ਸੀ? ਉਹ ਤਾਂ ਸਾਨੂੰ ਪਤਾ ਹੈ ਅੱਧੀ ਜਾਂ ਸਾਰੀ ਦਾ। ਜੇ ਝੂਠ ਬੋਲਿਆ ਤਾਂ ਔਹ ਵੇਖ, ਪੁੱਠੇ ਲਟਕੀ ਜਾਂਦੇ ਨੇ ਨਾ, ਉਹੀ ਹਾਲ ਤੇਰਾ ਹੋਵੇਗਾ। ਹਿਸਾਬ ਕਿਤਾਬ ਇਨ੍ਹਾਂ ਨੂੰ ਫਿਰ ਵੀ ਦੇਣਾ ਪਵੇਗਾ।’’
‘‘ਠੀਕ ਐ ਜੀ, ਨਹੀਂ ਬੋਲਦਾ,’’ ਮੈਂ ਫਿਰ ਹੱਥ ਜੋੜੇ।
‘‘ਦੱਸ ਕੀ ਨਾਮ ਹੈ ਤੇਰਾ?’’ ਯਮਰਾਜ ਨੇ ਪੁੱਛਿਆ।
ਮੈਂ ਆਪਣਾ ਨਾਮ ਦੱਸਿਆ।
‘‘ਪਾਪੀ ਆਤਮਾ…! ਕਰਤਾ ਝੂਠ ਬੋਲਣਾ ਸ਼ੁਰੂ?’’ ਯਮਰਾਜ ਨੇ ਆਖਿਆ ਤਾਂ ਮੇਰੀ ਰੂਹ ਕੰਬ ਗਈ।
‘‘ਨਹੀਂ ਮਹਾਰਾਜ, ਮੇਰਾ ਨਾਮ ਇਹੀ ਹੈ ਜੀ, ਮੈਂ ਬਿਲਕੁਲ ਸੱਚ ਕਹਿ ਰਿਹਾ ਹਾਂ,’’ ਮੈਂ ਹੱਥ ਜੋੜ ਕੇ ਆਖਿਆ।
‘‘ਨਹੀਂ…, ਇੱਥੇ ਤਾਂ ਤੇਰਾ ਨਾਮ ਹੀ ਨਹੀਂ, ਕੀ ਚੱਕਰ ਹੈ? ਯਮਦੂਤੋ…’’ ਯਮਰਾਜ ਨੇ ਗੁੱਸੇ ਵਿਚ ਆਵਾਜ਼ ਮਾਰੀ।
‘‘ਹਾਂ ਜੀ ਮਹਾਰਾਜ,’’ ਸਾਰੇ ਯਮਦੂਤ ਭੱਜ ਕੇ ਅੰਦਰ ਆਏ ਅਤੇ ਹੱਥ ਜੋੜ ਕੇ ਧੌਣ ਨੀਵੀਂ ਕਰ ਕੇ ਖਲੋ ਗਏ।
‘‘ਯਮਦੂਤੋ, ਕੀ ਚੱਕਰ ਹੈ? ਇਸ ਸੂਚੀ ਵਿਚ ਤਾਂ ਇਸ ਦਾ ਨਾਮ ਹੀ ਨਹੀਂ,’’ ਯਮਰਾਜ ਨੇ ਪੁੱਛਿਆ।
‘‘ਨਹੀਂ ਮਹਾਰਾਜ, ਇਹ ਕਿਵੇਂ ਹੋ ਸਕਦੈ?’’ ਯਮਦੂਤਾਂ ਨੇ ਮੂੰਹ ਨੀਵੇਂ ਕਰਿਆਂ ਹੀ ਆਖਿਆ।
‘‘ਫਿਰ ਮੈਂ ਝੂਠ ਬੋਲਦਾਂ? ਤੁਸੀਂ ਆਪ ਹੀ ਪੁੱਛ ਲਓ,’’ ਯਮਰਾਜ ਨੇ ਆਖਿਆ।
‘‘ਮਹਾਰਾਜ, ਮੇਰਾ ਨਾਮ ਉਹੀ ਹੈ ਜੋ ਮੈਂ ਦੱਸ ਰਿਹਾ ਹਾਂ,’’ ਮੈਂ ਹੱਥ ਜੋੜ ਕੇ ਆਖਿਆ।
‘‘ਤਾਂ ਫਿਰ ਕੀ ਚੱਕਰ ਐ ਯਮਦੂਤੋ?’’ ਯਮਰਾਜ ਨੇ ਪੁੱਛਿਆ।
‘‘ਮਹਾਰਾਜ ਇਹ ਝੂਠ ਬੋਲਦੈ, ਇਸ ਨੂੰ ਪੁੱਠਾ ਲਟਕਾਓ,’’ ਇਕ ਯਮਦੂਤ ਨੇ ਆਖਿਆ।
‘‘ਨਹੀਂ ਮਹਾਰਾਜ, ਭਾਵੇਂ ਅੱਗ ਵਿਚ ਸਾੜ ਕੇ ਮਾਰ ਦਿਓ ਪਰ ਮੈਂ ਝੂਠ ਨਹੀਂ ਬੋਲਦਾ।’’
‘‘ਉਏ ਮਰ ਕੇ ਤਾਂ ਪਹਿਲਾਂ ਇੱਥੇ ਆਇਐਂ, ਹੋਰ ਹੁਣ ਕੀ ਬਾਕੀ ਰਹਿ ਗਿਆ। ਨਾਲੇ ਇੱਥੇ ਮਰਨ ਦਾ ਮਤਲਬ ਹੈ, ਫਿਰ ਦੁਨੀਆਂ ਵਿਚ ਚਲੇ ਜਾਣਾ,’’ ਯਮਰਾਜ ਨੇ ਆਖਿਆ ਅਤੇ ਫਿਰ ਯਮਦੂਤਾਂ ਵੱਲ ਹੋਇਆ, ‘‘ਹਾਂ ਹੁਣ ਦੱਸੋ ਯਮਦੂਤੋ, ਇਹ ਤਾਂ ਗ਼ਲਤ ਬੰਦਾ ਚੱਕ ਲਿਆਏ।’’
‘‘ਮਹਾਰਾਜ, ਕਿਤੇ ਬ ਤੇ ਵ ਦਾ ਥੋੜ੍ਹਾ ਫ਼ਰਕ ਰਹਿ ਗਿਆ ਲੱਗਦੈ। ਜੀ ਗ਼ਲਤੀ ਹੋ ਗਈ,’’ ਯਮਦੂਤਾਂ ਨੇ ਹੱਥ ਜੋੜਦਿਆਂ ਆਖਿਆ।
‘‘ਇਸ ਥੋੜ੍ਹੇ ਫ਼ਰਕ ਨੇ ਇਹਦੇ ਘਰ ਤਾਂ ਵੱਡਾ ਫ਼ਰਕ ਪਾ ਤਾ ਦੁਸ਼ਟੋ। ਇਹਦੇ ਘਰੇ ਤਾਂ ਚੀਕ ਚਿਹਾੜਾ ਪੈ ਰਿਹੈ। ਹੁਣ ਦੱਸੋ ਤੁਹਾਨੂੰ ਕੀ ਸਜ਼ਾ ਮਿਲੇ?’’ ਯਮਰਾਜ ਨੇ ਗੁੱਸੇ ਵਿਚ ਆਖਿਆ।
‘‘ਮਹਾਰਾਜ, ਅੱਗੇ ਤਾਂ ਸਾਡਾ ਨਿਸ਼ਾਨਾ ਕਦੇ ਨਹੀਂ ਖੁੰਝਿਆ। ਚਲੋ ਜੀ, ਇਹ ਸਾਡੀ ਪਹਿਲੀ ਗਲਤੀ ਐ, ਸਾਨੂੰ ਮੁਆਫ਼ ਕਰ ਦਿਓ,’’ ਯਮਦੂਤਾਂ ਨੇ ਕੰਬਦਿਆਂ ਆਖਿਆ।
‘‘ਜੀਅ ਤਾਂ ਕਰਦਾ ਏ ਤੁਹਾਨੂੰ ਭਾਰਤ ਦੇ ਕਿਸੇ ਵੱਡੇ ਸ਼ਹਿਰ ਦੀ ਗੰਦੀ ਬਸਤੀ ਵਿਚ ਭੇਜ ਦਿੱਤਾ ਜਾਵੇ,’’ ਯਮਰਾਜ ਨੇ ਉੱਚੀ ਆਵਾਜ਼ ਵਿਚ ਆਖਿਆ।
‘‘ਨਹੀਂ…! ਮਹਾਰਾਜ, ਏਡੀ ਵੱਡੀ ਸਜ਼ਾ ਨਾ ਦੇਣਾ। ਉਸ ਨਾਲੋਂ ਤਾਂ ਸਾਨੂੰ ਨਰਕ ਵਿਚ ਭੇਜ ਦੇਣਾ। ਉੱਥੇ ਕੋਈ ਜ਼ਿੰਦਗੀ ਐ ਜੀ ਵਿਚਾਰੇ ਲੋਕਾਂ ਦੀ। ਬਾਕੀ ਅੱਜ ਤਾਂ ਮੁਆਫ਼ ਕਰ ਦਿਓ। ਅਸੀਂ ਨਹੀਂ ਜਾਣਾ ਚਾਹੁੰਦੇ ਦੁਨੀਆਂ ਵਿਚ,’’ ਯਮਦੂਤ ਆਖਣ ਲੱਗੇ।
‘‘ਚਲੋ ਇਹ ਤਾਂ ਫੇਰ ਦੇਖਾਂਗੇ, ਪਹਿਲਾਂ ਇਹਨੂੰ ਜਲਦੀ ਵਾਪਸ ਛੱਡ ਕੇ ਆਓ। ਜੇ ਦੇਰ ਕੀਤੀ ਤਾਂ ਅਨਰਥ ਹੋ ਜਾਊ, ਪਰਲੋਕ ਦੇ ਸਾਰੇ ਕਾਇਦੇ ਕਾਨੂੰਨ ਭੰਗ ਹੋ ਜਾਣਗੇ,’’ ਯਮਰਾਜ ਨੇ ਆਖਿਆ।
‘‘ਠੀਕ ਐ ਮਹਾਰਾਜ, ਅਸੀਂ ਦੇਰ ਨਹੀਂ ਕਰਦੇ ਪਰ ਆਹ ਕੋਕ ਆਲਾ ਯਮਦੂਤ ਨਾ ਭੇਜੋ। ਜਦੋਂ ਦੀ ਗੱਡੀ ਟਾਹਲੀ ਵਿਚ ਵੱਜੀ ਐ, ਟਾਪ ਆਲਾ ਗੇਹਰ ਤਾਂ ਪਾਉਂਦਾ ਈ ਨਹੀਂ, ਜਿੰਨਾ ਮਰਜ਼ੀ ਕਹਿ ਲਓ,’’ ਇਕ ਯਮਦੂਤ ਨੇ ਆਖਿਆ।
‘‘ਕਾਹਨੂੰ ਮਹਾਰਾਜ, ਉੱਬੜ-ਖਾਬੜ, ਘੁੱਪ ਹਨੇਰੇ ਰਸਤੇ ਨੇ ਜੀ। ਭਲਾ ਜੇ ਕਿਸੇ ਰੂਹ ਨੂੰ ਸੱਟ ਵੱਜਗੀ, ਫਿਰ ਕੀ ਬਣੂ? ਫਿਰ ਉਹਦੀ ਐਥੇ ਪਛਾਣ ਨੀਂ ਆਉਣੀ,’’ ਕੋਕ ਆਲਾ ਡਰਾਈਵਰ ਬੋਲਿਆ।
‘‘ਚੱਲ ਕੋਈ ਨੀ, ਤੈਨੂੰ ਹੋਰਾਂ ਨਾਲ ਭੇਜ ਦਿਆਂਗੇ, ਤੁਸੀਂ ਕਿਸੇ ਰੋਡਵੇਜ਼ ਆਲੇ ਨੂੰ ਲੈ ਜੋ ਪਰ ਜਲਦੀ ਕਰੋ, ਹਾਲੇ ਤਾਂ ਇਹਦੇ ਸਰੀਰ ਦੀ ਨੁਹਾਈ ਧੁਆਈ ਲਈ ਤਿਆਰੀ ਕਰੀ ਜਾਂਦੇ ਨੇ। ਨਾਲੇ ਹਾਲੇ ਇਹਦੀ ਦੂਰ ਆਲੀ ਭੂਆ ਨਹੀਂ ਪਹੁੰਚੀ। ਆਪਾਂ ਉਨ੍ਹਾਂ ਦੀ ਗੱਡੀ ਪੈਂਚਰ ਕਰ ਦਿੰਨੇ ਆਂ, ਥੋੜ੍ਹੀ ਦੇਰ ਹੋਰ ਲੱਗ ਜਾਊ,’’ ਯਮਰਾਜ ਮਹਾਰਾਜ ਨੇ ਆਖਿਆ।
‘‘ਪਹਿਲਾਂ ਮੈਨੂੰ ਪਾਣੀ ਤਾਂ ਪਿਲਾ ਦਿਓ ਜੀ, ਸੰਘ ਸੁੱਕਿਆ ਪਿਐ,’’ ਮੈਂ ਹੱਥ ਜੋੜੇ।
‘‘ਦੁਸ਼ਟੋ…! ਇਸ ਨੂੰ ਸੋਮ ਰਸ ਪਿਲਾਓ, ਨਾਲ ਵੀ ਲੈ ਜਾਓ ਪਰ ਗੜਵਾ ਵਾਪਸ ਲੈ ਆਉਣਾ। ਛੇਤੀ ਕਰੋ,’’ ਯਮਰਾਜ ਨੇ ਆਖਿਆ।
ਬਾਹਰ ਆਏ ਤਾਂ ਵੱਡੀਆਂ ਵੱਡੀਆਂ ਮੁੱਛਾਂ ਵਾਲਾ ਡਰਾਈਵਰ ਬਹੁਤ ਹੀ ਸੋਹਣਾ ਸਜਿਆ ਸੰਵਰਿਆ ਘੜੁੱਕਾ ਜਿਹਾ ਲੈ ਕੇ ਆ ਗਿਆ। ਮੈਨੂੰ ਦੋ ਜਣਿਆਂ ਬੜੇ ਇੱਜ਼ਤ ਮਾਣ ਨਾਲ ਉਸ ਵਿਚ ਸਜੀ ਸੰਵਰੀ ਸੀਟ ’ਤੇ ਬਿਠਾਇਆ। ਡਰਾਈਵਰ ਨੇ ਹੱਥ ਜਿਹਾ ਹਿਲਾਇਆ ਅਤੇ ਘੜੁੱਕਾ ਹਵਾ ਨਾਲ ਗੱਲਾਂ ਕਰਨ ਲੱਗਾ।
‘‘ਇਕ ਬੇਨਤੀ ਐ ਜੀ, ਜੇ ਮੈਨੂੰ ਕੁਝ ਮਹਾਪੁਰਖਾਂ ਨੂੰ ਮਿਲ ਲੈਣ ਦਿੰਦੇ ਤਾਂ ਕਿੰਨਾ ਚੰਗਾ ਹੁੰਦਾ,’’ ਮੈਂ ਆਖਿਆ।
‘‘ਉਏ…! ਸਾਡੀ ਗ਼ਲਤੀ ਨਾ ਹੁੰਦੀ ਤਾਂ ਅੱਜ ਤੈਨੂੰ ਨਰਕਾਂ ਆਲਿਆਂ ਨਾਲ ਤਾਂ ਜ਼ਰੂਰ ਮਿਲਾ ਦਿੰਦੇ। ਚੁੱਪ ਕਰਕੇ ਬਹਿ ਜਾ, ਨਹੀਂ ਤਾਂ ਅਗਲੀ ਵਾਰੀ ਬੁਰੀ ਤਰ੍ਹਾਂ ਬੰਨ੍ਹ ਕੇ ਲਿਆਵਾਂਗੇ,’’ ਇਕ ਜਮਦੂਤ ਨੇ ਆਖਿਆ।
‘‘ਚਲੋ ਫਿਰ ਮੇਰੀ ਮਾਂ ਨਾਲ ਤਾਂ ਮਿਲਾ ਦਿਓ,’’ ਮੈਂ ਤਰਲਾ ਪਾਇਆ।
‘‘ਉਏ ਤੂੰ ਚੁੱਪ ਕਰਕੇ ਬਹਿ ਜਾ ਵੈਰੀਆ,’’ ਦੂਜੇ ਜਮਦੂਤ ਨੇ ਖਿਝ ਕੇ ਆਖਿਆ।
‘‘ਠੀਕ ਐ ਭਾਈ, ਜਿਵੇਂ ਤੁਹਾਡੀ ਮਰਜ਼ੀ। ਵੈਸੇ ਵੀ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਤੁਰ ਜਾਵਣ ਇਕ ਵਾਰ ਤਾਂ ਮਾਵਾਂ ਲੱਭਦੀਆਂ ਨਹੀਂ,’’ ਮੈਂ ਉਦਾਸ ਹੋ ਗਿਆ।
‘‘ਦੇਖ ਸਾਨੂੰ ਜਜ਼ਬਾਤੀ ਨਾ ਕਰ, ਨਹੀਂ ਤਾਂ ਸਾਨੂੰ ਇਹ ਢੋਆ-ਢੁਆਈ ਦਾ ਕੰਮ ਔਖਾ ਹੋ ਜਾਊ। ਨਾਲੇ ਤੇਰੀ ਦੂਰ ਆਲੀ ਭੂਆ ਪੈਂਚਰ ਲਵਾ ਕੇ ਵੀ ਨੇੜੇ ਲੱਗ ਚੁੱਕੀ ਐ,’’ ਇਕ ਯਮਦੂਤ ਨੇ ਨਰਮ ਜਿਹੇ ਸੁਭਾਅ ਵਿਚ ਆਖਿਆ।
‘‘ਜੇ ਆਪਾਂ ਅੱਜ ਲੇਟ ਹੋ ਗਏ ਤਾਂ ਸਾਡੀ ਖੈਰ ਨਹੀਂ,’’ ਡਰਾਈਵਰ ਨੇ ਘੜੁੱਕਾ ਹੋਰ ਤੇਜ਼ ਕਰ ਦਿੱਤਾ।
‘‘ਬਾਈ ਜੀ, ਇਹ ਜਮਦੂਤ ਕਿਨ੍ਹਾਂ ਨੂੰ ਰੱਖਿਆ ਜਾਂਦੈ?’’ ਮੈਂ ਸੁਤੇ ਸੁਭਾਅ ਹੀ ਪੁੱਛਿਆ।
‘‘ਇਹ ਤਾਂ ਤੈਨੂੰ ਅਗਲੀ ਵਾਰੀ ਦੱਸਾਂਗੇ ਬਾਕੀ ਤੂੰ ਦੱਸ ਕੀ ਲੈਣੈ?’’ ਮੇਰੇ ਵਾਰ-ਵਾਰ ਸਵਾਲ ਕਰਨ ’ਤੇ ਉਹ ਖਿਝ ਚੁੱਕੇ ਸਨ।
‘‘ਇਹ ਗੱਲ ਨ੍ਹੀਂ, ਪਰ ਇਹ ਕੰਮ ਅਗਲੀ ਵਾਰੀ ਮੈਨੂੰ ਜ਼ਰੂਰ ਦਿਵਾਇਓ,’’ ਮੈਂ ਆਖਿਆ।
‘‘ਕੀ ਗੱਲ ਘੁੰਮਣ ਫਿਰਨ ਦਾ ਵਾਹਵਾ ਸ਼ੌਂਕ ਲੱਗਦੈ?’’ ਜਮਦੂਤ ਨੇ ਪੁੱਛਿਆ।
‘‘ਓ ਗੱਲ ਨਹੀਂ, ਮੈਨੂੰ ਕਈ ਲੀਡਰ ਬੜੇ ਰੜਕਦੇ ਨੇ, ਬਾਹਲਾ ਤਪਾ ਰੱਖਿਐ ਜਨਤਾ ਨੂੰ। ਧਰਮ ਨਾਲ ਜੇ ਮੌਕਾ ਮਿਲ ਗਿਆ, ਪੁੱਠੇ ਟੰਗ-ਟੰਗ ਲਿਜਾਊਂ। ਜੇ ਰੂਹਾਂ ਵਿਚੋਂ ਰਾਡਾਂ ਨਾ ਟਪਾ ਦਿੱਤੀਆਂ ਤਾਂ ਇਹ ਵੀ ਕੀ ਯਾਦ ਕਰਨਗੇ। ਮਾਰਤੀ ਯਾਰ ਇਨ੍ਹਾਂ ਨੇ ਗ਼ਰੀਬ ਜਨਤਾ,’’ ਮੈਂ ਗੁੱਸੇ ਵਿਚ ਆਖਿਆ।
‘‘ਓ ਤਾਂ ਤੇਰੀ ਗੱਲ ਠੀਕ ਐ, ਪਰ ਤੂੰ ਇਹ ਦੱਸ ਬਈ ਕੰਮ ਕੀ ਕਰਦੈਂ?’’ ਇਕ ਯਮਦੂਤ ਨੇ ਪੁੱਛਿਆ।
‘‘ਜਿੱਥੇ ਭਾਰਤ ਦੀ ਅੱਧੀ ਦੁਨੀਆਂ ਵਿਹਲੀ ਫਿਰਦੀ ਐ, ਉੱਥੇ ਇਹ ਵਿਹਲੜ ਫਿਰਦਾ ਹੋਣੈ। ਹੋਰ ਇਹ ਕਿਹੜਾ ਕੋਹਲੂ ’ਤੇ ਜੁੜਿਆ ਹੋਊ!’’ ਇਕ ਯਮਦੂਤ ਨੇ ਹੱਸ ਕੇ ਆਖਿਆ।
‘‘ਨਹੀਂ ਨਹੀਂ, ਮੈਂ ਮਾਸਟਰ ਆਂ ਜੀ,’’ ਮੈਂ ਬੜੇ ਮਾਣ ਨਾਲ ਆਖਿਆ ਤਾਂ ਸਾਰੇ ਯਮਦੂਤ ਹੱਸਣ ਲੱਗੇ।
‘‘ਫਿਰ ਤਾਂ ਇਹ ਮਹਾਂ ਵਿਹਲੜ ਐ ਜੀ,’’ ਉਹ ਸਾਰੇ ਉੱਚੀ-ਉੱਚੀ ਤਾੜੀਆਂ ਮਾਰ ਕੇ ਹੱਸਣ ਲੱਗੇ।
‘‘ਨਹੀਂ ਜੀ, ਕਮਾਲ ਕਰਦੇ ਓ ਤੁਸੀਂ, ਸਾਨੂੰ ਗੁਰੂ ਕਹਿੰਦੇ ਨੇ,’’ ਮੈਂ ਹੋਰ ਵੀ ਗਰੂਰ ਵਿਚ ਆ ਕੇ ਆਖਿਆ।
‘‘ਹੂੰ…! ਸਾਸਰੀਕਾਲ, ਨਮਸਤੇ ਕਰ ਕੇ ਕੋਈ ਖ਼ੁਸ਼ ਨ੍ਹੀਂ, ਅਖਵਾਉਂਦੇ ਐ ਵੱਡੇ ਗੁਰੂ,’’ ਇਕ ਜਮਦੂਤ ਨੇ ਗੁੱਸੇ ਵਿਚ ਆਖਿਆ।
‘‘ਸਾਰੇ ਇਕੋ ਜਿਹੇ ਨਹੀਂ ਹੁੰਦੇ,’’ ਮੈਂ ਕਾਹਲੀ ਨਾਲ ਆਖਿਆ।
‘‘ਓ ਬਹਿ ਜਾ ਬਹਿ ਜਾ, ਜਾਣਦੇ ਆਂ ਅਸੀਂ ਚੰਗੀ ਤਰ੍ਹਾਂ। ਕਈ ਤਾਂ ਯਮਰਾਜ ਦੀ ਕਚਹਿਰੀ ਵਿਚ ਪੁੱਠੇ ਲਟਕਦੇ ਵੇਖੇ ਨੇ,’’ ਇਕ ਯਮਦੂਤ ਨੇ ਕਿਹਾ।
‘‘ਚਲ ਹੁਣ ਚੁੱਪ ਕਰਕੇ ਬਹਿ ਜਾ, ਮੇਰਾ ਧਿਆਨ ਨਾ ਵਟਾ,’’ ਡਰਾਈਵਰ ਨੇ ਆਖਿਆ ਤੇ ਮੈਂ ਚੁੱਪ ਕਰਕੇ ਬੈਠ ਗਿਆ।
ਇਸ ਵਾਰ ਬਾਹਲਾ ਸੋਹਣਾ ਰਸਤਾ ਸੀ। ਹੋਰ ਵੀ ਬਹੁਤ ਸਾਰੇ ਸੋਹਣੇ-ਸੋਹਣੇ ਘੜੁੱਕੇ ਜਾ ਰਹੇ ਸਨ। ਇਨ੍ਹਾਂ ਘੜੁੱਕਿਆਂ ਵਿਚਲੇ ਬੱਚਿਆਂ ਦੇ ਰੂਪ ਵਿਚ ਜਨਮ ਲੈਣ ਜਾ ਰਹੇ ਸਨ। ਥਾਂ-ਥਾਂ ’ਤੇ ਪਰੀਆਂ ਝੂਮ ਰਹੀਆਂ ਸਨ। ਰਸਤੇ ਵਿਚ ਫੁੱਲ ਖਿੰਡਾ ਰਹੀਆਂ ਸਨ। ਕਈ ਵਾਰ ਉਹ ਫੁੱਲ ਫੜਾਉਣ ਲਈ ਅੱਗੇ ਵਧਦੀਆਂ, ਪਰ ਯਮਦੂਤ ਪਿੱਛੇ ਹਟਾ ਦਿੰਦੇ। ਮੈਂ ਸੋਚ ਰਿਹਾ ਸੀ ਕਿ ਜਦੋਂ ਕੋਈ ਧਰਤੀ ’ਤੇ ਜਨਮ ਲੈਂਦਾ ਹੈ ਤਾਂ ਮੁੱਠੀਆਂ ਬੰਦ ਹੁੰਦੀਆਂ ਹਨ। ਉਸ ਨੂੰ ਭੁਲੇਖਾ ਹੁੰਦਾ ਹੈ ਕਿ ਮੈਂ ਮੁੱਠੀਆਂ ਵਿਚ ਫੁੱਲ ਫੜੇ ਹਨ, ਪਰ ਜਦੋਂ ਥੋੜ੍ਹੀ ਦੇਰ ਬਾਅਦ ਪਤਾ ਲੱਗਦਾ ਹੈ ਕਿ ਹੱਥ ਖਾਲੀ ਨੇ ਤਾਂ ਚੀਕਾਂ ਮਾਰ ਉੱਠਦਾ ਹੈ ਕਿ ਕਿੰਨੇ ਸੋਹਣੇ ਰਾਹਾਂ ਤੋਂ ਲਿਆ ਕੇ ਮੁਸ਼ਕ ਵਿਚ ਸੁੱਟ ਦਿੱਤਾ।
ਮੈਂ ਖਿਆਲਾਂ ਵਿਚ ਗੁੰਮ ਸੀ ਕਿ ਇਕਦਮ ਝਟਕਾ ਵੱਜਾ। ਮੇਰੀ ਸੋਚਾਂ ਦੀ ਲੜੀ ਟੁੱਟੀ ਤਾਂ ਮੈਂ ਝਟਕਾ ਲੱਗਣ ਦਾ ਕਾਰਨ ਪੁੱਛਿਆ। ਉਨ੍ਹਾਂ ਦੱਸਿਆ ਕਿ ਹਵਾ ਮੰਡਲ ਵਿਚ ਪਹੁੰਚ ਗਏ ਹਾਂ। ਬੱਸ ਥੋੜ੍ਹੀ ਦੇਰ ਹੋਰ ਲੱਗੇਗੀ। ਨਾਲੇ ਤਿਆਰ ਹੋ ਜਾ ਆਪਣੇ ਸਰੀਰ ਵਿਚ ਵੜਨ ਲਈ।
ਧਰਤੀ ਤੋਂ ਕਾਫ਼ੀ ਉੱਚੀ ਥਾਂ ਤੋਂ ਹੀ ਇਕ ਯਮਦੂਤ ਨੇ ਮੇਰੇ ਉੱਤੇ ਫੂਕਾ ਮਾਰਿਆ ਅਤੇ ਘੜੁੱਕੇ ਤੋਂ ਬਾਹਰ ਧੱਕਾ ਦਿੱਤਾ। ਮੈਂ ਇਕਦਮ ਡਰ ਗਿਆ ਅਤੇ ਮੇਰੀਆਂ ਚੀਕਾਂ ਨਿਕਲ ਗਈਆਂ। ‘‘ਉਹੋ ਕੀ ਹੋ ਗਿਆ…? ਹਾਏ-ਹਾਏ ਕੀ ਹੋ ਗਿਆ ਜੇ? ਅੱਖਾਂ ਤਾਂ ਖੋਲ੍ਹੋ,’’ ਮੇਰੀ ਪਤਨੀ ਨੇ ਮੈਨੂੰ ਸਿਰ ਵੱਲੋਂ ਫੜ ਕੇ ਬਿਠਾਇਆ।
‘‘ਓ ਹੋ, ਬੜਾ ਡਰਾਵਣਾ ਸੁਪਨਾ ਸੀ, ਛੇਤੀ ਪਾਣੀ ਲਿਆ,’’ ਮੈਨੂੰ ਤਰੇਲੀਆਂ ਆ ਰਹੀਆਂ ਸਨ। ਮੇਰੀ ਪਤਨੀ ਪਾਣੀ ਲੈਣ ਭੱਜੀ ਅਤੇ ਕਾਹਲੀ ਨਾਲ ਆਉਂਦੀ ਬੋਲੀ, ‘‘ਵੀਹ ਵਾਰ ਆਖਿਆ, ਬਈ ਕੋਈ ਚਾਕੂ, ਕਰਦ ਸਰ੍ਹਾਣੇ ਰੱਖ ਲਿਆ ਕਰੋ ਪਰ ਕਿਸੇ ਦੀ ਮੰਨਣੀ ਹੋਵੇ ਤਾਂ ਫੇਰ ਈ ਨਾ।’’ ਉਸ ਨੇ ਪਾਣੀ ਮੇਰੇ ਮੂੰਹ ਨੂੰ ਲਾਇਆ। ‘‘ਤੈਨੂੰ ਚਾਕੂਆਂ ਦੀ ਪਈ ਐ, ਮੈਨੂੰ ਯਮਦੂਤ ਚੁੱਕ ਕੇ ਲੈ ਗਏ ਸੀ,’’ ਮੈਂ ਬਾਂਹ ਨਾਲ ਪਸੀਨਾ ਸਾਫ਼ ਕੀਤਾ। ‘‘ਥੋੜ੍ਹੀ ਡੱਫ ਲਿਆ ਕਰੋ ਰਾਤੀਂ, ਲੱਗੇ ਜੇ ਝੂਠ ਬੋਲਣ। ਤੁਹਾਨੂੰ ਲਿਜਾਣਾ ਏ ਜਮਦੂਤਾਂ ਨੇ ਮੁਸ਼ਕ ਮਾਰਿਆਂ ਨੂੰ,’’ ਉਹ ਬੁੜ-ਬੁੜ ਕਰਦੀ ਸੌਂ ਗਈ।
ਮੈਂ ਲੰਮਾ ਪਿਆ ਸੁਪਨੇ ਬਾਰੇ ਸੋਚਣ ਲੱਗਾ।

ਸੰਪਰਕ: 94163-63622

ਮੇਰਾ ਮਰਨਾ

ਰਾਤ ਦਾ ਪਿਛਲਾ ਪਹਿਰ ਸੀ ਮੈਂ ਅਤ ਘਬਰਾਇਆ
ਵਹੁਟੀ ਸੁੱਤੀ ਪਈ ਸੀ ਮੈਂ ਉਹਨੂੰ ਜਗਾਇਆ

ਮੈਂ ਕਿਹਾ ਮੈਂ ਜਾ ਰਿਹਾਂ ਕੋਈ ਕਰ ਲੈ ਹੀਲਾ
ਤੋਰੀ ਵਰਗਾ ਹੋ ਗਿਆ ਮੂੰਹ ਮੇਰਾ ਪੀਲਾ

ਭਾਂਡਾ ਬਣਿਆ ਚਿਰਾਂ ਦਾ ਹੁਣ ਭੱਜਣ ਲੱਗਾ
ਮੇਰੇ ਗਲ ਵਿਚ ਘੁੰਘਰੂ ਆ ਵਜਣ ਲੱਗਾ

ਨਿਕਲੀ ਮੇਰੀ ਆਤਮਾ ਇਉਂ ਚੋਲਾ ਛਡ ਕੇ
ਨਿਕਲ ਜਾਂਦਾ ਹੈ ਚੋਰ ਚੋਰੀ ਦਾ ਮਾਲ ਜਿਉਂ ਕਢ ਕੇ

ਗਿਦੜਾਂ ਤੋਂ ਮੈਂ ਵਧ ਸਾਂ ਡਰਪੋਕ ਵਧੇਰਾ
ਵਹੁਟੀ ਰੋ ਰੋ ਆਖਦੀ ਹਾਏ ਦੂਲਿਆ ਸ਼ੇਰਾ
… … …
ਚੇਤੇ ਮੈਨੂੰ ਆ ਗਿਆ ਉਹ ਸ਼ੁਭ ਦਿਹਾੜਾ
ਢੁਕਿਆ ਸਾਂ ਜਦ ਨਾਲ ਸੇਹਰੇ ਦੇ ਬਣ ਕੇ ਲਾੜਾ

ਸੌਹਰੇ ਘਰ ਵਿਚ ਹੋਂਦੀਆਂ ਸਨ ਕਦੀ ਉਡੀਕਾਂ
ਟੁਰਦਾ ਸਾਂ ਤਾਂ ਨਿਕਲ ਜਾਣ ਵਹੁਟੀ ਦੀਆਂ ਚੀਕਾਂ

ਹੁਣ ਮੇਰੇ ਅਰਮਾਨ ਸੁਕੇ ਸਨ ਇਉਂ ਮੁਰਝਾ ਕੇ
ਮਸਲ ਜਾਣ ਵਿਚ ਪੈਰ ਦੇ ਜਿਉਂ ਫੁਲ ਕੁਮਲਾ ਕੇ

ਨਾਲ ਨੜੋਏ ਜਾ ਰਹੇ ਸਨ ਜੇਹੜੇ ਪਰਾਨੀ
ਉਸ ਵੇਲੇ ਸਭ ਦਿਸ ਰਹੇ ਸਨ ਬ੍ਰਹਮ ਗਿਆਨੀ

ਬੂਹੇ ਵੈਰ ਵਿਰੋਧ ਦੇ ਸਨ ਸਭਨਾਂ ਢੋਏ
ਟੁਰਦੇ ਜਾਵਣ ਇਸ ਤਰ੍ਹਾਂ ਜਿਉਂ ਮਾਂ ਪਿਓ ਮੋਏ

ਆਖ਼ਰ ਹੇਠਾਂ ਲਾਹੀ ਗਈ ਫਿਰ ਮੇਰੀ ਸਵਾਰੀ
ਝੂਠ ਮੂਠ ਦੀ ਪੁਤਰਾਂ ਨੇ ਢਾਹ ਇਕ ਮਾਰੀ

ਭਾਈ ਹੋਰਾਂ ਨੇ ਫਿਰ ਕੀਤਾ ਲੰਮਾ ਅਰਦਾਸਾ
ਹੋਵੇ ਗੁਰਾਂ ਦੇ ਚਰਨ ਵਿਚ ਪਰਾਨੀ ਦਾ ਵਾਸਾ।

– ਈਸ਼ਰ ਸਿੰਘ ਈਸ਼ਰ


Comments Off on ਜਦੋਂ ਅਸੀਂ ਮਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.