ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਚਾਰ ਸਿੰਗਾਂ ਵਾਲਾ ਹਿਰਨ ਚੌਸਿੰਗਾ

Posted On June - 29 - 2019

ਗੁਰਮੀਤ ਸਿੰਘ*

ਚਾਰ ਸਿੰਗਾਂ ਵਾਲਾ ਹਿਰਨ ਜਾਂ ਚੌਸਿੰਗਾ ਜਿਸ ਨੂੰ ਅੰਗਰੇਜ਼ੀ ਵਿਚ The Four-Horned Antelope or Chousingha ਕਿਹਾ ਜਾਂਦਾ ਹੈ, ਇਕ ਇਹੋ ਜਿਹੇ ਹਿਰਨ ਦੀ ਕਿਸਮ ਹੈ ਜੋ ਜ਼ਿਆਦਾ ਭਾਰਤ ਤੇ ਥੋੜ੍ਹੀ ਗਿਣਤੀ ਵਿਚ ਨੇਪਾਲ ਦੇ ਖੁੱਲ੍ਹੇ ਜੰਗਲਾਂ ਵਿਚ ਪਾਈ ਜਾਂਦੀ ਹੈ। ਦੇਸ਼ ਵਿਚ ਇਨ੍ਹਾਂ ਦੀ ਆਬਾਦੀ ਦੱਖਣ ਤੋਂ ਤਾਮਿਲਨਾਡੂ ਤੇ ਗੰਗਾ ਦੇ ਮੈਦਾਨੀ ਇਲਾਕੇ ਵਿਚ ਮਿਲਦੀ ਹੈ। ਇਹ ਪੂਰਬੀ ਉੜੀਸਾ ਦੇ ਤੱਟ ’ਤੇ ਵੀ ਮਿਲਦਾ ਹੈ। ਇਹ ਖੁੱਲ੍ਹੇ, ਸੁੱਕੇ, ਖੁਸ਼ਕ ਜੰਗਲੀ ਖੇਤਰ, ਉੱਭੜ ਖਾਭੜ ਪਹਾੜੀ ਇਲਾਕਿਆਂ ਨੂੰ ਜ਼ਿਆਦਾ ਪਸੰਦ ਕਰਦਾ ਹੈ।
ਇਸ ਦੇ ਚਾਰ ਸਿੰਗ ਹੋਣ ਕਰਕੇ ਇਸਨੂੰ ਚੌਸਿੰਗਾ ਨਾਂ ਦਿੱਤਾ ਗਿਆ ਹੈ। ਆਮਤੌਰ ’ਤੇ ਦੋ ਸਿੰਗ ਕੰਨਾਂ ਵਿਚਕਾਰ ਹੁੰਦੇ ਹਨ ਅਤੇ ਦੋ ਮੱਥੇ ਦੇ ਅੱਗੇ ਹੁੰਦੇ ਹਨ। ਨਰ ਦੇ ਸਿੰਗਾਂ ਦਾ ਪਹਿਲਾ ਜੋੜਾ ਜਨਮ ਦੇ ਕੁਝ ਮਹੀਨਿਆਂ ਬਾਅਦ ਹੀ ਬਣਨਾ ਸ਼ੁਰੂ ਹੋ ਜਾਂਦਾ ਹੈ, ਜਦੋਂਕਿ ਦੂਜਾ ਜੋੜਾ 10 ਤੋਂ 14 ਮਹੀਨਿਆਂ ਦੀ ਉਮਰ ਵਿਚ ਵਧਦਾ ਜਾਂਦਾ ਹੈ। ਇਸਦੇ ਪਿਛਲੇ ਸਿੰਗਾਂ ਦੀ ਲੰਬਾਈ 8-12 ਸੈਂਟੀਮੀਟਰ ਹੁੰਦੀ ਹੈ, ਜਦੋਂਕਿ ਅਗਲੇ ਸਿੰਗ 2-5 ਸੈਂਟੀਮੀਟਰ ਲੰਬੇ ਹੁੰਦੇ ਹਨ। ਇਹ ਸਿੰਗ ਸਿਰਫ਼ ਨਰ ਚੌਸਿੰਗੇ ਵਿਚ ਹੀ ਪਾਏ ਜਾਂਦੇ ਹਨ। ਇਸ ਦੀ ਖੱਲ ਭੂਰੇ/ਲਾਲ ਰੰਗੀ ਹੁੰਦੀ ਹੈ, ਜੋ ਪੇਟ ਅਤੇ ਲੱਤਾਂ ਦੇ ਅੰਦਰਲੇ ਪਾਸਿਆਂ ਤੋਂ ਚਿੱਟੇ ਰੰਗੀ ਹੁੰਦੀ ਹੈ। ਇਸ ਦੀਆਂ ਲੱਤਾਂ ਦੇ ਬਾਹਰਲੇ ਪਾਸੇ ਤੋਂ ਕਾਲੇ ਵਾਲਾਂ ਦੀ ਧਾਰੀ ਦਿਖਾਈ ਦਿੰਦੀ ਹੈ।
ਚੌਸਿੰਗਾ ਅਕਸਰ ਇਕੱਲੇ ਰਹਿਣ ਵਾਲਾ ਜਾਨਵਰ ਹੈ। ਇਹ ਦਿਨ ਵੇਲੇ ਚੁਸਤ ਰਹਿੰਦਾ ਹੈ। ਕਈ ਵਾਰ ਦੋ ਤੋਂ ਚਾਰ ਜਾਨਵਰਾਂ ਦੇ ਗਰੁੱਪ ਵਿਚ ਵੀ ਵੇਖਿਆ ਜਾ ਸਕਦਾ ਹੈ। ਇਹ ਆਪਣੇ ਇਲਾਕੇ ਵਿਚ ਹੀ ਰਹਿਣਾ ਪਸੰਦ ਕਰਦਾ ਹੈ। ਚੌਸਿੰਗਾ ਨੀਲ ਗਾਵਾਂ ਦੀ ਤਰ੍ਹਾਂ ਇਕੋ ਥਾਂ ’ਤੇ ਆਪਣਾ ਮਲ ਮੂਤਰ ਕਰਦੇ ਹਨ। ਇਨ੍ਹਾਂ ਦੀਆਂ ਅੱਖਾਂ ਦੇ ਥੱਲੇ ਗੰਧ ਗ੍ਰੰਥੀਆਂ (ਸੈਂਟ ਗਲੈਂਡ) ਬਣੀਆਂ ਹੁੰਦੀਆਂ ਹਨ, ਜਿਸਨੂੰ ਇਹ ਘਾਹ ਬੂਟਿਆਂ ’ਤੇ ਰਗੜ ਕੇ ਦੂਸਰੇ ਸਾਥੀਆਂ ਨਾਲ ਆਪਣਾ ਸੰਪਰਕ ਕਾਇਮ ਰੱਖਦੇ ਹਨ। ਚੌਸਿੰਗਾ ਇਕ ਸ਼ਾਕਾਹਾਰੀ ਜੀਵ ਹੈ ਜੋ ਨਰਮ ਪੱਤੇ, ਫ਼ਲ ਅਤੇ ਫੁੱਲ ਖਾਂਦਾ ਹੈ। ਇਸ ਨੂੰ ਅਕਸਰ ਪਾਣੀ ਪੀਣ ਦੀ ਲੋੜ ਪੈਂਦੀ ਹੈ। ਇਸ ਕਰਕੇ ਹੀ ਇਹ ਪਾਣੀ ਦੇ ਸਰੋਤ ਨੇੜੇ ਰਹਿੰਦੇ ਹਨ। ਇਹ ਹਿਰਨ ਸ਼ਰਮਾਕਲ ਅਤੇ ਲੁਕ ਕੇ ਰਹਿਣਾ ਪਸੰਦ ਕਰਦਾ ਹੈ। ਜਦੋਂ ਇਸ ਨੂੰ ਖ਼ਤਰਾ ਲੱਗਦਾ ਹੈ ਤਾਂ ਇਹ ਡਰ ਕੇ ਚੁੱਪ-ਚਾਪ ਖੜ੍ਹਾ ਹੋ ਜਾਂਦਾ ਹੈ। ਇਹ ਦੂਜਿਆਂ ਨੂੰ ਸੁਚੇਤ ਕਰਨ ਲਈ ਰੌਲਾ ਪਾਉਣ ਦੇ ਸੰਕੇਤ ਭੇਜਦਾ ਹੈ ਕਿਉਂਕਿ ਇਹ ਸ਼ਿਕਾਰੀਆਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦਾ ਹੈ।
ਚੌਸਿੰਗੇ ਦਾ ਪ੍ਰਜਣਨ ਮਈ ਤੋਂ ਅਗਸਤ ਵਿਚ ਹੁੰਦਾ ਹੈ। ਮਾਦਾ ਚੌਸਿੰਗਾ ਅੱਠ ਮਹੀਨਿਆਂ ਤਕ ਗਰਭਕਾਲ ਦੀ ਅਵਸਥਾ ਵਿਚ ਰਹਿੰਦੀ ਹੈ। ਉਸ ਤੋਂ ਬਾਅਦ ਮਾਦਾ ਇਕ ਜਾਂ ਦੋ ਬੱਚਿਆਂ ਨੂੰ ਜਨਮ ਦਿੰਦੀ ਹੈ। ਮਾਦਾ ਨਵਜੰਮੇ ਬੱਚਿਆਂ ਨੂੰ ਜਨਮ ਦੇ ਪਹਿਲੇ ਕੁਝ ਹਫ਼ਤਿਆਂ ਲਈ ਲੰਬੇ ਘਾਹ ਵਿਚ ਲੁਕੋ ਕੇ ਰੱਖਦੀ ਹੈ। ਇਸ ਵੇਲੇ ਚੌਸਿੰਗੇ ਨੂੰ ਮਧੂਮਲਾਈ ਰਾਸ਼ਟਰੀ ਪਾਰਕ, ਤਾਮਿਲਨਾਡੂ ਤੇ ਗੀਰ ਰਾਸ਼ਟਰੀ ਪਾਰਕ, ਗੁਜਰਾਤ, ਕਾਨ੍ਹਾ ਰਾਸ਼ਟਰੀ ਪਾਰਕ, ਮੱਧ ਪ੍ਰਦੇਸ਼, ਬਾਂਦਵਗੜ੍ਹ ਰਾਸ਼ਟਰੀ ਪਾਰਕ, ਮੱਧ ਪ੍ਰਦੇਸ਼ ਅਤੇ ਪਾਨਾ ਰਾਸ਼ਟਰੀ ਪਾਰਕ, ਮੱਧ ਪ੍ਰਦੇਸ਼ ਵਿਚ ਵੇਖਿਆ ਜਾ ਸਕਦਾ ਹੈ। ਚੌਸਿੰਗਾ ਦੀ ਗਿਣਤੀ ਘਟਣ ਦਾ ਕਾਰਨ ਖੇਤੀਬਾੜੀ ਦਾ ਪਸਾਰ ਤੇ ਇਸ ਦੇ ਕੁਦਰਤੀ ਵਾਸ ਦਾ ਖ਼ਤਮ ਹੋਣਾ ਹੈ। ਇਸਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਚਾਰ ਸਿੰਗਾਂ ਵਾਲੀ ਖੋਪਰੀ ਦੀ ਟਰਾਫੀ ਘਰ ਵਿਚ ਰੱਖਣ ਦਾ ਸ਼ੌਕ ਹੁੰਦਾ ਹੈ, ਇਸ ਲਈ ਸ਼ਿਕਾਰੀਆਂ ਵੱਲੋਂ ਇਸਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਭਾਰਤ ਸਰਕਾਰ ਨੇ ਜੰਗਲੀ ਜੀਵ (ਸੁਰੱਖਿਆ) ਐਕਟ, 1972 ਨਾਲ ਚੌਸਿੰਗਾ ਨੂੰ ਐਕਟ ਦੀ ਅਨੁਸੂਚੀ- 1 ਵਿਚ ਰੱਖ ਕੇ ਸੁਰੱਖਿਆ ਦਿੱਤੀ ਹੋਈ ਹੈ। ਆਈ.ਯੂ.ਸੀ.ਐੱਨ. (ਇੰਟਰਨੈਸ਼ਨਲ ਯੂਨੀਅਨ ਫਾਰ ਨੇਚਰ ਕੰਜ਼ਰਵੇਸ਼ਨ ਨੇ ਇਸਨੂੰ ਘੱਟ ਮਿਲਣ ਵਾਲੀਆਂ ਪ੍ਰਜਾਤੀਆਂ ਦੀ ਸੂਚੀ ਵਿਚ ਦਰਜ ਕਰ ਲਿਆ ਹੈ।

*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ,ਪੰਜਾਬ
ਸੰਪਰਕ: 98884-56910


Comments Off on ਚਾਰ ਸਿੰਗਾਂ ਵਾਲਾ ਹਿਰਨ ਚੌਸਿੰਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.