ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਚਰਿੱਤਰ ਅਦਾਕਾਰ ਜਗਦੀਸ਼ ਸੇਠੀ

Posted On June - 29 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

ਨਿਹਾਇਤ ਸੰਜੀਦਾ, ਖ਼ੁਸ਼ਮਿਜ਼ਾਜ਼ ਅਤੇ ਨੇਕ ਦਿਲ ਇਨਸਾਨ ਜਗਦੀਸ਼ ਸੇਠੀ ਦੀ ਪੈਦਾਇਸ਼ 15 ਜਨਵਰੀ 1903 ਨੂੰ ਪਿੰਡ ਦਾਦਨ ਖਾਨ, ਜ਼ਿਲ੍ਹਾ ਸਰਗੋਧਾ (ਹੁਣ ਜ਼ਿਲ੍ਹਾ ਜੇਹਲਮ) ਦੇ ਖ਼ੁਸ਼ਹਾਲ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਐੱਨ. ਆਰ. ਸੇਠੀ ਕੈਮਲਪੁਰ (ਹੁਣ ਅਟਕ) ਦੇ ਨਾਮੀ ਵਕੀਲ ਸਨ। ਉਸਨੇ 1920 ਵਿਚ ਰਾਵਲਪਿੰਡੀ ਤੋਂ ਦਸਵੀਂ ਕਰਨ ਤੋਂ ਬਾਅਦ ਐੱਸ. ਡੀ. ਕਾਲਜ ਲਾਹੌਰ ਤੋਂ ਬੀ. ਏ. ਪਾਸ ਕੀਤੀ। ਰੇਸ, ਟੈਨਿਸ, ਕ੍ਰਿਕਟ ਤੇ ਹਾਕੀ ਦੇ ਉਮਦਾ ਖਿਡਾਰੀ ਰਹੇ ਜਗਦੀਸ਼ ਸੇਠੀ ਨੇ 1929 ਵਿਚ ਪੰਜਾਬ ਫ਼ਿਲਮ ਕੰਪਨੀ ਵਿਚ ਬਤੌਰ ਸਹਾਇਕ ਕੈਮਰਾਮੈਨ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕੀਤਾ।
ਪੰਜਾਬ ਫ਼ਿਲਮ ਕੰਪਨੀ, ਲਾਹੌਰ ਦੀ ਨਿਰੰਜਨਪਾਲ ਨਿਰਦੇਸ਼ਿਤ ਖ਼ਾਮੋਸ਼ ਫ਼ਿਲਮ ‘ਟ੍ਰਬਲਜ਼ ਨੈਵਰ ਕਮ ਅਲੋਨ’ (1930) ਉਸਦੀ ਪਹਿਲੀ ਫ਼ਿਲਮ ਸੀ, ਜਿਸ ਵਿਚ ਹੀਰੋਇਨ ਦਾ ਪਾਰਟ ਸੀਤਾ ਦੇਵੀ ਨੇ ਅਦਾ ਕੀਤਾ। ਬੰਬਈ ਆ ਕੇ ਉਸਨੇ ਜ਼ਰੀਨਾ ਪਿਕਚਰਜ਼, ਬੰਬੇ ਦੀ ਬੀ. ਪੀ. ਮਿਸ਼ਰਾ ਨਿਰਦੇਸ਼ਿਤ ਖ਼ਾਮੋਸ਼ ਫ਼ਿਲਮ ‘ਦਿ ਅਰਬੀਅਨ ਨਾਈਟਸ’ ਉਰਫ਼ ‘ਸ਼ੇਰ-ਏ-ਅਰਬ’ (1930) ਵਿਚ ਪ੍ਰਿਥਵੀਰਾਜ ਕਪੂਰ ਨਾਲ ਤੇ ਫਿਰ ਫ਼ਿਲਮ ‘ਨਮਕ ਹਰਾਮ ਕੌਨ’ (1930) ’ਚ ਅਦਾਕਾਰੀ ਕੀਤੀ। ਜਗਦੀਸ਼ ਸੇਠੀ ਖ਼ਾਮੋਸ਼ ਫ਼ਿਲਮਾਂ ਵਿਚ ਲਾਹੌਰ ਤੋਂ ਆਇਆ ਪਹਿਲਾ ਗ੍ਰੈਜੂਏਟ ਬੰਦਾ ਸੀ।
ਭਾਰਤੀ ਫ਼ਿਲਮ ਇਤਿਹਾਸ ਦੀ ਪਹਿਲੀ ਬੋਲਦੀ ਹਿੰਦੀ ਫ਼ੀਚਰ ਫ਼ਿਲਮ ‘ਆਲਮਆਰਾ’ (1931), ਜਿਸ ਦੇ ਹਿਦਾਇਤਕਾਰ ਖ਼ਾਨ ਬਹਾਦੁਰ ਅਰਦੇਸ਼ੀਰ ਐੱਮ. ਇਰਾਨੀ ਸਨ। ਡੇਵਿਡ ਜੋਸੇਫ਼ ਵੱਲੋਂ ਲਿਖੇ ਪਾਰਸੀ ਨਾਵਲ ’ਤੇ ਆਧਾਰਿਤ ਇਸ ਫ਼ਿਲਮ ’ਚ ਜਗਦੀਸ਼ ਸੇਠੀ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ। 14 ਮਾਰਚ 1931 ਮੈਜਿਸਟਿਕ ਸਿਨਮਾ, ਬੰਬਈ ਵਿਖੇ ਨੁਮਾਇਸ਼ ਹੋਈ ਇਸ ਫ਼ਿਲਮ ਦਾ ਪ੍ਰਿੰਟ ਨਸ਼ਟ ਹੋ ਚੁੱਕਿਆ ਹੈ। ਇੰਪੀਰੀਅਲ ਮੂਵੀਟੋਨ, ਬੰਬਈ ਦੀ ‘ਅਨੰਗ ਸੈਨਾ’ (1931), ਇੰਪੀਰੀਅਲ, ਮੂਵੀਟੋਨ, ਬੰਬਈ ਦੀ ‘ਦ੍ਰੋਪਦੀ’ (1931), ਈਸਟਰੀਨ ਫ਼ਿਲਮਜ਼ ਲਿਮਟਿਡ, ਹੈਦਰਾਬਾਦ ਦੀ ‘ਸ਼ਿਕਾਰੀ’ (1932), ਭਾਰਤ ਮੂਵੀਟੋਨ, ਬੰਬਈ ਦੀ ‘ਰੌਸ਼ਨਆਰਾ’ (1932), ਮਾਦਨ ਥੀਏਟਰ, ਕਲਕੱਤਾ ਦੀਆਂ ‘ਅਨੋਖਾ ਪ੍ਰੇਮ’ (1934), ‘ਰਸ਼ੀਦਾ’ ਉਰਫ਼ ‘ਤੁਰਕੀ ਹੂਰ’, ‘ਪ੍ਰੇਮ ਕੀ ਰਾਗਿਨੀ’, ‘ਮੇਰਾ ਪਿਆਰਾ’, ‘ਜਹਾਂਆਰਾ’ (1935) ਅਤੇ ਨਿਊ ਥੀਏਟਰ, ਕਲਕੱਤਾ ਦੀਆਂ ‘ਮਾਯਾ’, ‘ਕਰੋੜਪਤੀ’ ਉਰਫ਼ ‘ਮਿਲੀਨੇਯਰ’ (1936), ‘ਅਨਾਥ ਆਸ਼ਰਮ’ ’ਚ ‘ਜਯ ਨਰਾਇਣ’, ‘ਪ੍ਰੈਸੀਡੈਂਟ’ ਉਰਫ਼ ‘ਬੜੀ ਬਹਿਨ’, ‘ਮੁਕਤੀ’ (1937) ’ਚ ‘ਮਿ. ਮਲਿਕ’, ‘ਅਧਿਕਾਰ’, ‘ਧਰਤੀਮਾਤਾ’ (1938), ‘ਕਪਾਲ ਕੁੰਡਲਾ’, ‘ਬੜੀ ਦੀਦੀ’, ‘ਦੁਸ਼ਮਨ’, ‘ਕਹਾਂ ਹੈ ਮੰਜ਼ਿਲ ਤੇਰੀ’ (1939) ਤੋਂ ਇਲਾਵਾ ਇੰਦਰ ਮੂਵੀਟੋਨ, ਕਲਕੱਤਾ ਦੀ ‘ਜੋਸ਼-ਏ-ਇਸਲਾਮ’ (1939) ਵਰਗੀਆਂ ਫ਼ਿਲਮਾਂ ਵਿਚ ਜਗਦੀਸ਼ ਸੇਠੀ ਨੇ ਬੜੇ ਯਾਦਗਾਰੀ ਕਿਰਦਾਰ ਨਿਭਾਏ। ਹੌਲੀ-ਹੌਲੀ ਤਰੱਕੀ ਕਰਦਿਆਂ ਉਹ ਬਿਹਤਰੀਨ ਚਰਿੱਤਰ ਅਦਾਕਾਰ ਬਣ ਗਿਆ।

ਮਨਦੀਪ ਸਿੰਘ ਸਿੱਧੂ

ਜਗਦੀਸ਼ ਸੇਠੀ ਦੀ ਚਰਿੱਤਰ ਅਦਾਕਾਰ ਵਜੋਂ ਪਹਿਲੀ ਪੰਜਾਬੀ ਫ਼ਿਲਮ ਜਗਤ ਪਿਕਚਰਜ਼, ਕਲਕੱਤਾ ਦੀ ਫਣੀ ਮਜ਼ੂਮਦਾਰ ਨਿਰਦੇਸ਼ਿਤ ‘ਚੰਬੇ ਦੀ ਕਲੀ’ (1941) ਸੀ। ਪੰਜਾਬ ਦੇ ਸਰਸਬਜ਼ ਪਹਾੜਾਂ ਦੀ ਦਾਸਤਾਨ-ਏ-ਮੁਹੱਬਤ ’ਤੇ ਆਧਾਰਿਤ ਇਸ ਫ਼ਿਲਮ ਵਿਚ ਹਬੀਬ ਕਾਬਲੀ ਤੇ ਮੁਮਤਾਜ਼ ਸ਼ਾਂਤੀ ਨੇ ਮਰਕਜ਼ੀ ਕਿਰਦਾਰ ਅਦਾ ਕੀਤੇ ਸਨ। ਨਿਸ਼ਾਤ ਪ੍ਰੋਡਕਸ਼ਨ, ਬੰਬੇ ਦੀ ਏ. ਆਰ. ਕਾਰਦਾਰ ਦੀ ਫ਼ਿਲਮਸਾਜ਼ੀ ਤੇ ਜਯ ਕ੍ਰਿਸ਼ਨ ਨੰਦਾ ਦੀ ਹਿਦਾਇਤਕਾਰੀ ’ਚ ਬਣੀ ਪੰਜਾਬੀ ਫ਼ਿਲਮ ‘ਕੁੜਮਾਈ’ (1941) ’ਚ ਜਗਦੀਸ਼ ਸੇਠੀ ਨੇ ‘ਰਾਮਾ’ ਦਾ ਚਰਿੱਤਰ ਕਿਰਦਾਰ ਨਿਭਾਇਆ। ਇਹ ਫ਼ਿਲਮ 29 ਅਗਸਤ 1941 ਨੂੰ ਰੀਜੈਂਟ ਸਿਨਮਾ ਮੈਕਲੋਡ ਰੋਡ, ਲਾਹੌਰ ਵਿਖੇ ਨੁਮਾਇਸ਼ ਹੋਈ। ਤਲਵਾਰ ਪ੍ਰੋਡਕਸ਼ਨ, ਕਲਕੱਤਾ ਦੀ ਆਰ. ਸੀ. ਤਲਵਾਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਪਰਦੇਸੀ ਢੋਲਾ’ (1941) ’ਚ ਉਸਨੇ ‘ਜਗਦੀਸ਼’ ਨਾਮੀ ਪਾਰਟ ਅਦਾ ਕੀਤਾ। ਇਹ ਫ਼ਿਲਮ 24 ਜੁਲਾਈ 1941 ਨੂੰ ਵਲਿੰਗਟਨ ਸਿਨਮਾ, ਮੈਕਲੋਡ ਰੋਡ, ਲਾਹੌਰ ਵਿਖੇ ਰਿਲੀਜ਼ ਹੋਈ। ਸਟਾਰ ਆਫ ਇੰਡੀਆ ਪਿਕਚਰਜ਼, ਬੰਬੇ ਦੀ ਕ੍ਰਿਸ਼ਨ ਕੁਮਾਰ ਨਿਰਦੇਸ਼ਿਤ ਅਤੇ ਵੰਡ ਦੇ ਵਿਸ਼ੇ ’ਤੇ ਬਣੀ ਪੰਜਾਬੀ ਫ਼ਿਲਮ ‘ਚੌਧਰੀ ਕਰਨੈਲ ਸਿੰਘ’ (1962) ’ਚ ਉਸਨੇ ‘ਚੌਧਰੀ ਕਰਨੈਲ ਸਿੰਘ’ ਦਾ ਸ਼ਾਨਦਾਰ ਤੇ ਜਾਨਦਾਰ ਕਿਰਦਾਰ ਨਿਭਾ ਕੇ ਫ਼ਿਲਮਬੀਨਾਂ ਦੇ ਮਨਾਂ ’ਚ ਚੰਗੀ ਪਛਾਣ ਬਣਾ ਲਈ। ਹਰਬੰਸ ਦੇ ਸੰਗੀਤ ’ਚ ਬੀ. ਸੀ. ਬੇਕਲ ‘ਅੰਮ੍ਰਿਤਸਰੀ’ ਦਾ ਲਿਖਿਆ ਤੇ ਜਗਦੀਸ਼ ਸੇਠੀ ਤੇ ਜ਼ਬੀਨ ’ਤੇ ਫ਼ਿਲਮਾਇਆ ਪੁਰਸੋਜ਼ ਵਿਦਾਈ ਗੀਤ ‘ਘਰ ਬਾਬੁਲ ਦਾ ਛੱਡ ਕੇ ਧੀਏ, ਧੀਆਂ ਇਕ ਦਿਨ ਜਾਣਾ ਹੈ, ਇਹ ਗੱਲ ਜਾਣੇ ਸਾਰੀ ਦੁਨੀਆ ਧੀਆਂ ਧਨ ਬੇਗਾਨਾ ਏ’ (ਮੁਹੰਮਦ ਰਫ਼ੀ) ਸੁਣਨ ਵਾਲਿਆਂ ਦੀਆਂ ਅੱਖਾਂ ਅਸ਼ਕਬਾਰ ਕਰਨ ਵਾਲਾ ਅਮਰ ਗੀਤ ਹੈ। 7 ਸਤੰਬਰ 1962 ਨੂੰ ਨੰਦਨ ਸਿਨਮਾ, ਅੰਮ੍ਰਿਤਸਰ ’ਚ ਨੁਮਾਇਸ਼ ਹੋਈ ਇਸ ਫ਼ਿਲਮ ਨੂੰ ‘ਦਿ ਬੈਸਟ ਪੰਜਾਬੀ ਫ਼ੀਚਰ ਫ਼ਿਲਮ’ ਦਾ ਨੈਸ਼ਨਲ ਐਵਾਰਡ (1962) ਮਿਲਿਆ। ਸ਼ੋਭਾ ਪਿਕਚਰਜ਼, ਬੰਬੇ ਦੀ ਬੇਕਲ ਅੰਮ੍ਰਿਤਸਰੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਕਿੱਕਲੀ’ (1964) ’ਚ ਜਗਦੀਸ਼ ਸੇਠੀ ਨੇ ਸਰਪੰਚ ‘ਭਾਪਾ ਜੀ’ ਦਾ ਕਿਰਦਾਰ ਅਦਾ ਕੀਤਾ। ਹਰਬੰਸ ਦੀ ਮੁਰੱਤਿਬ ਮੌਸੀਕੀ ’ਚ ਬੇਕਲ ਦਾ ਲਿਖਿਆ ਫ਼ਕੀਰ, ਬੱਚੇ ਤੇ ਜਗਦੀਸ਼ ਸੇਠੀ ’ਤੇ ਫ਼ਿਲਮਾਇਆ ਹੇਮੰਤ ਕੁਮਾਰ ਦਾ ਗੀਤ ‘ਦੁਨੀਆ ਦੇ ਮਾਲਕਾ ਤੇਰੀ ਦੁਨੀਆ ਅਜੀਬ ਹੈ’ ਬੜਾ ਮਕਬੂਲ ਹੋਇਆ। ਇਹ ਫ਼ਿਲਮ 11 ਸਤੰਬਰ 1964 ਨੂੰ ਚਿੱਤਰਾ ਟਾਕੀਜ਼, ਅੰਮ੍ਰਿਤਸਰ ’ਚ ਪਰਦਾਪੇਸ਼ ਹੋਈ। ਇਹ ਜਗਦੀਸ਼ ਸੇਠੀ ਦੀ ਆਖ਼ਰੀ ਪੰਜਾਬੀ ਫ਼ਿਲਮ ਸੀ।
ਨਿਊ ਥੀਏਟਰ, ਕਲਕੱਤਾ ਦੀ ਫ਼ਿਲਮ ‘ਨਰਤਕੀ’ (1940), ਸਨਰਾਈਜ਼ ਪਿਕਚਰਜ਼, ਬੰਬਈ ਦੀ ‘ਘਰ ਕੀ ਲਾਜ’ (1941), ਪ੍ਰਕਾਸ਼ ਪਿਕਚਰਜ਼, ਬੰਬਈ ਦੀ ਫ਼ਿਲਮ ‘ਸਟੇਸ਼ਨ ਮਾਸਟਰ’ (1942) ’ਚ ਸੇਠੀ ਨੇ ਇਮਾਨਦਾਰ ਸਟੇਸ਼ਨ ਮਾਸਟਰ ‘ਪਰਮਾਨੰਦ ਬਾਬੂ’ ਦਾ ਕਿਰਦਾਰ ਨਿਭਾਇਆ। ਹਿੰਦ ਪਿਕਚਰਜ਼, ਬੰਬਈ ਦੀ ਫ਼ਿਲਮ ‘ਆਬਰੂ’ (1943) ’ਚ ਅੱਯਾਸ ‘ਧਰਮਦਾਸ’ ਦਾ ਰੋਲ ਕੀਤਾ। ਫ਼ਿਲਮਸਤਾਨ ਲਿਮਟਿਡ, ਬੰਬਈ ਦੀ ‘ਚਲ ਚਲ ਰੇ ਨੌਜਵਾਨ’ (1943) ’ਚ ਉਸਨੇ ‘ਠਾਕੁਰ ਜੈਪਾਲ ਸਿੰਘ’ ਦਾ ਪਾਤਰ ਅਦਾ ਕੀਤਾ। ਹਿਦਾਇਤਕਾਰ ਪ੍ਰਸ਼ਾਦ ਦੀ ਫ਼ਿਲਮ ‘ਮਿਸ ਮੈਰੀ’ (1957) ’ਚ ਉਸਨੇ ‘ਰਾਏ ਸਾਹਿਬ’ ਦਾ ਕਿਰਦਾਰ ਨਿਭਾਇਆ।
ਇਸ ਤੋਂ ਇਲਾਵਾ ਜਨਕ ਪਿਕਚਰਜ਼, ਬੰਬਈ ਦੀ ‘ਰਾਯ ਸਾਹਬ’, ਲੱਛਮੀ ਪ੍ਰੋਡਕਸ਼ਨਜ਼, ਬੰਬਈ ਦੀ ‘ਤਮੰਨਾ’, ‘ਮੋਹੱਬਤ’, ‘ਸ਼ਰਾਫ਼ਤ’, ‘ਇਨਕਾਰ’ (1943) ਤੇ ‘ਮਹਾਰਾਨੀ ਮੀਨਲ ਦੇਵੀ’ (1946), ਸਿਰਕੋ ਪ੍ਰੋਡਕਸ਼ਨ, ਬੰਬਈ ਦੀ ‘ਅਪਨਾ ਘਰ’, ਵੀਨਸ ਪਿਕਚਰਜ਼, ਬੰਬਈ ਦੀ ‘ਕੀਰਤੀ’ (1942), ਸਨਰਾਈਜ਼ ਪਿਕਚਰਜ਼, ਬੰਬਈ ਦੀ ‘ਮਾਲਨ’ (1942) ਤੇ ‘ਫਿਰ ਭੀ ਅਪਨਾ ਹੈ’ (1946), ਥੀ ਫ਼ਿਲਮਜ਼, ਬੰਬਈ ਦੀ ‘ਪਰਾਯਾ ਧੰਨ’ (1943), ਏ. ਐੱਚ. ਪ੍ਰੋਡਕਸ਼ਨਜ਼, ਬੰਬਈ ਦੀ ‘ਨੀਲਮ’ (1945), ਏਸ਼ੀਆਟਿਕ ਪਿਕਚਰਜ਼, ਬੰਬਈ ਦੀ ‘ਚਾਂਦ ਤਾਰਾ’ (1945), ਭਾਵਨਾਨੀ ਪ੍ਰੋਡਕਸ਼ਨਜ਼, ਬੰਬਈ ਦੀ ‘ਰੰਗਭੂਮੀ’ (1946) ਫ਼ਿਲਮਾਂ ਜਗਦੀਸ਼ ਸੇਠੀ ਦੀ ਬਿਹਤਰੀਨ ਚਰਿੱਤਰ ਅਦਾਕਾਰੀ ਦਾ ਸ਼ਾਹਕਾਰ ਹਨ। ਰਮਣੀਕ ਪ੍ਰੋਡਕਸ਼ਨਜ਼, ਬੰਬਈ ‘ਵਿਲੇਜ ਗਰਲ’ ਉਰਫ਼ ‘ਗਾਂਵ ਕੀ ਗੋਰੀ’ (1945) ’ਚ ਜਗਦੀਸ਼ ਸੇਠੀ ਨੇ ‘ਪੁਜਾਰੀ’ ਦਾ ਰੋਲ ਕੀਤਾ। ਰਾਕੇਸ਼ ਪ੍ਰੋਡਕਸ਼ਨਜ਼, ਬੰਬਈ ਦੀ ਕਸ਼ੋਰ ਨਿਰਦੇਸ਼ਿਤ ਫ਼ਿਲਮ ‘ਜ਼ੰਜੀਰ’ (1947) ’ਚ ਵੀ ਜਗਦੀਸ਼ ਦਾ ਸ਼ਾਨਦਾਰ ਰੋਲ ਸੀ। ਜਮੁਨਾ ਪ੍ਰੋਡਕਸ਼ਨਜ਼, ਬੰਬਈ ਦੀ ‘ਦੋ ਦਿਲ’ (1947) ਉਸਦੀ ਹਿਦਾਇਤਕਾਰੀ ’ਚ ਬਣੀ ਪਹਿਲੀ ਫ਼ਿਲਮ ਸੀ।
ਜਗਦੀਸ਼ ਸੇਠੀ ਦੇ ਜ਼ਾਤੀ ਬੈਨਰ ਜੇ. ਐੱਸ. ਪਿਕਚਰਜ਼, ਬੰਬਈ ਦੀ ਪਹਿਲੀ ਹਿੰਦੀ ਫ਼ਿਲਮ ‘ਰਾਤ ਕੀ ਰਾਨੀ’ (1949) ਸੀ, ਜਿਸਦੇ ਫ਼ਿਲਮਸਾਜ਼-ਹਿਦਾਇਤਕਾਰ ਤੇ ਚਰਿੱਤਰ ਅਦਾਕਾਰ ਉਹ ਖ਼ੁਦ ਸਨ। ਇਸੇ ਬੈਨਰ ਹੇਠ ਉਸਦੀ ਫ਼ਿਲਮਸਾਜ਼ੀ ਤੇ ਹਿਦਾਇਤਕਾਰੀ ’ਚ ਬਣੀ ਦੂਜੀ ਫ਼ਿਲਮ ‘ਜੱਗੂ’ (1952) ਸੀ। ਇਸ ਫ਼ਿਲਮ ’ਚ ਖ਼ਲਨਾਇਕ ਰਾਮ ਮੋਹਨ ਦੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਹੋਈ। ਇਸੇ ਬੈਨਰ ਦੀ ਤੀਜੀ ਫ਼ਿਲਮ ਜਗਦੀਸ਼ ਸੇਠੀ ਦੀ ਫ਼ਿਲਮਸਾਜ਼ੀ, ਹਿਦਾਇਤਕਾਰੀ ਤੇ ਚਰਿੱਤਰ ਅਦਾਕਾਰੀ ਵਾਲੀ ‘ਪੈਨਸ਼ਨਰ’ (1954) ਸੀ। ਸੰਗੀਤ ਹੰਸਰਾਜ ਬਹਿਲ, ਗੀਤ ਨਕਸ਼ ਲਾਇਲਪੁਰੀ, ਇੰਦੀਵਰ, ਉਧਵ ਕੁਮਾਰ, ਏ. ਸ਼ਾਹ ਸ਼ਿਕਾਰਪੁਰੀ ਨੇ ਲਿਖੇ। ਕਹਾਣੀ ਐੱਸ. ਸੇਠੀ, ਮੁਕਾਲਮੇ ਵਾਹਿਦ ਕੁਰੈਸ਼ੀ, ਵਾਕਿਫ਼ ਮੁਰਾਦਾਬਾਦੀ ਅਤੇ ਮੰਜ਼ਰਨਾਮਾ ਬਲਰਾਜ ਮਹਿਤਾ ਨੇ ਤਿਆਰ ਕੀਤਾ ਸੀ।
ਆਲ ਇੰਡੀਆ ਪਿਕਚਰਜ਼, ਬੰਬਈ ਦੀ ਫ਼ਿਲਮ ‘ਪਰਦੇਸ’ (1950) ’ਚ ਜਗਦੀਸ਼ ਸੇਠੀ ਨੇ ਸ਼ਕੁੰਤਲਾ ਦੇ ਪਿਤਾ ਦਾ ‘ਲਾਲਾ ਮੰਗਲਦਾਸ’ ਦਾ ਕਿਰਦਾਰ ਨਿਭਾਇਆ। ਨਿਊ ਸੋਸ਼ਲ ਥੀਏਟਰ, ਬੰਬਈ ਦੀ ਫ਼ਿਲਮ ‘ਇਨਸਾਨ’ (1952) ਉਸਦੀ ਹਿਦਾਇਤਕਾਰੀ ’ਚ ਬਣੀ ਸੀ। ਫੇਮਸ ਪਿਕਚਰਜ਼, ਬੰਬਈ ਦੀ ਇਤਿਹਾਸਕ ਫ਼ਿਲਮ ‘ਜਲਿਆਂਵਾਲਾ ਬਾਗ ਕੀ ਜਯੋਤੀ’ (1953), ਮਿਨਰਵਾ ਮੂਵੀਟੋਨ, ਬੰਬਈ ਦੀ ਫ਼ਿਲਮ ‘ਵਾਰਿਸ’ (1954) ’ਚ ਉਸਨੇ ਤਲਤ ਮਹਿਮੂਦ ਦੇ ਪਿਤਾ ‘ਰਾਣਾ ਹਿੰਮਤ ਸਿੰਘ’ ਦਾ ਅਤੇ ‘ਮਿਰਜ਼ਾ ਗ਼ਾਲਿਬ’ (1954) ’ਚ ‘ਇਲਾਹੀ ਬਖ਼ਸ਼’ ਦੀ ਮਹਿਮਾਨ ਭੂਮਿਕਾ ਨਿਭਾਈ। ਗੁਰੂਦੱਤ ਪ੍ਰੋਡਕਸ਼ਨਜ਼, ਬੰਬਈ ਦੀ ਫ਼ਿਲਮ ‘ਆਰ ਪਾਰ’ (1954) ’ਚ ਸੇਠੀ ਨੇ ਸ਼ਿਆਮਾ ਦੇ ਪਿਤਾ ‘ਲਾਲਾ ਜੀ’ ਦਾ ਕਿਰਦਾਰ ਨਿਭਾਇਆ। ਰੇਵਤੀ ਪ੍ਰੋਡਕਸ਼ਨਜ਼, ਬੰਬਈ ਦੀ ਫ਼ਿਲਮ ‘ਸ਼ਤਰੰਜ’ (1956) ’ਚ ਸੇਠੀ ਨੇ ‘ਚੌਧਰੀ’ ਦਾ ਪਾਤਰ ਅਦਾ ਕੀਤਾ। ਸ਼ੰਕਰ ਮੁਖਰਜੀ ਨਿਰਦੇਸ਼ਿਤ ‘ਬਾਰਿਸ਼’ (1957) ’ਚ ‘ਬੌਸ’ ਦਾ ਪਾਰਟ ਨਿਭਾਇਆ। ਨਰਾਸੂ ਸਟੂਡੀਓ, ਮਦਰਾਸ ਦੀ ਫ਼ਿਲਮ ‘ਸਿਤਾਰੋਂ ਸੇ ਆਗੇ’ (1958) ’ਚ ‘ਸ਼ਯਾਮ ਲਾਲ’ ਦਾ ਅਤੇ ਪਰਿਜਾਤ ਪਿਕਚਰਜ਼, ਬੰਬਈ ਦੀ ‘ਫਿਰ ਸੁਬਹਾ ਹੋਗੀ’ (1958) ’ਚ ਲੰਗੜੇ ‘ਹਰਬੰਸ ਲਾਲ’ ਦਾ ਕਿਰਦਾਰ ਅਦਾ ਕੀਤਾ।
ਦੀਪ ਐਂਡ ਸੰਦੀਪ ਪ੍ਰੋਡਕਸ਼ਨਜ਼, ਬੰਬਈ ਦੀ ਫ਼ਿਲਮ ‘ਬਟਵਾਰਾ’ (1961) ਵਿਚ ‘ਕਿਸ਼ਨਚੰਦ’ ਦਾ ਪਾਰਟ ਨਿਭਾਇਆ। ਅਮਰਜਯੋਤ, ਬੰਬਈ ਦੀ ਸਟੰਟ ਫ਼ਿਲਮ ‘ਆਵਾਰਾ ਬਾਦਲ’ (1964) ’ਚ ‘ਮਾਨ ਸਿੰਘ’ ਦਾ ਰੋਲ ਬਾਖ਼ੂਬੀ ਅਦਾ ਕੀਤਾ। ਐੱਨ. ਸੀ. ਫ਼ਿਲਮਜ਼, ਬੰਬਈ ਦੀ ਇਤਿਹਾਸਕ ਫ਼ਿਲਮ ‘ਸਿਕੰਦਰ-ਏ-ਆਜ਼ਮ’ (1965) ’ਚ ਉਸਨੇ ਸਿਕੰਦਰ ਦੇ ਗੁਰੂ ‘ਉਸਤਾਦ-ਏ-ਯੂਨਾਨ’ ਦਾ ਕਿਰਦਾਰ ਨਿਭਾਇਆ। ਸੁਚਿੱਤਰਾ, ਬੰਬਈ ਦੀ ਰਹੱਸਮਈ ਫ਼ਿਲਮ ‘ਮੇਰਾ ਸਾਯਾ’ (1966) ’ਚ ‘ਜੱਜ’ ਦੀ ਭੂਮਿਕਾ ਨਿਭਾਈ।
ਜਗਦੀਸ਼ ਸੇਠੀ ਨੇ 5 ਪੰਜਾਬੀ ਫ਼ਿਲਮਾਂ ਅਤੇ ਤਕਰੀਬਨ 75 ਹਿੰਦੀ ਫ਼ਿਲਮਾਂ ਵਿਚ ਯਾਦਗਾਰੀ ਕਿਰਦਾਰਨਿਗਾਰੀ ਕੀਤੀ। ਉਸਨੇ ਫ਼ਿਲਮੀ ਸਿਤਾਰਿਆਂ ’ਤੇ ਇਕ ਕਿਤਾਬ ‘ਹਿਚਕੀਆਂ’ ਵੀ ਲਿਖੀ ਸੀ। ਅਜ਼ੀਮ ਅਦਾਕਾਰ, ਫ਼ਿਲਮਸਾਜ਼, ਹਿਦਾਇਤਕਾਰ, ਮੁਕਾਲਮਾਨਿਗਾਰ ਤੇ ਕਹਾਣੀਨਵੀਸ ਜਗਦੀਸ਼ ਸੇਠੀ 12 ਮਈ, 1969 ਨੂੰ 66 ਸਾਲ ਦੀ ਉਮਰ ’ਚ ਬੰਬਈ ਵਿਖੇ ਵਫ਼ਾਤ ਪਾ ਗਿਆ। ਸੇਠੀ ਦਾ ਇਕ ਪੁੱਤਰ ਉਮੇਸ਼ ਸੀ ਜੋ ਇੰਡੀਅਨ ਮਰਚੈਂਟ ਨੇਵੀ ਵਿਚ ਮਾਸਟਰ ਮੇਰੀਨਰ ਸੀ, ਦਿਲ ਦਾ ਦੌਰਾ ਪੈਣ ਨਾਲ 55 ਸਾਲਾਂ ਦੀ ਉਮਰ ’ਚ ਉਹ ਵੀ ਫ਼ੌਤ ਹੋ ਗਿਆ।

ਸੰਪਰਕ: 97805-09545


Comments Off on ਚਰਿੱਤਰ ਅਦਾਕਾਰ ਜਗਦੀਸ਼ ਸੇਠੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.