ਅੰਮ੍ਰਿਤਸਰ ਬਣਿਆ ਗਲੋਬਲ ਸ਼ਹਿਰੀ ਹਵਾ ਪ੍ਰਦੂਸ਼ਣ ਅਬਜ਼ਰਵੇਟਰੀ ਦਾ ਮੈਂਬਰ !    ਕਾਰੋਬਾਰੀ ਦੀ ਪਤਨੀ ਨੂੰ ਬੰਦੀ ਬਣਾ ਕੇ ਨੌਕਰ ਨੇ ਲੁੱਟੇ 60 ਲੱਖ !    ਹਾਂਗਕਾਂਗ ਓਪਨ: ਸਿੰਧੂ ਜਿੱਤੀ, ਸਾਇਨਾ ਹਾਰੀ !    ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    

ਚਮਨ ਲਾਲ ਸ਼ੁਗਲ ਨੂੰ ਯਾਦ ਕਰਦਿਆਂ…

Posted On June - 29 - 2019

ਸ਼ਮਸ਼ੇਰ ਸਿੰਘ ਸੋਹੀ
ਹਰ ਗੱਲ ’ਤੇ ਵਿਅੰਗ ਕੱਸਣ ਵਾਲਾ ਹਾਸਰਸ ਕਲਾਕਾਰ ਤੇ ਪ੍ਰਸਿੱਧ ਕਵੀ ਚਮਨ ਲਾਲ ਸ਼ੁਗਲ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਸਨੇ ਕਈ ਪੰਜਾਬੀ ਹਾਸਰਸ ਦੋਗਾਣੇ ਲਿਖੇ ਜੋ ਬਹੁਤ ਪ੍ਰਸਿੱਧ ਹੋਏ। ਉਸਨੇ ਹਮੇਸ਼ਾਂ ਲੱਚਰ ਕਿਸਮ ਦੀ ਕਾਮੇਡੀ ਤੋਂ ਕਿਨਾਰਾ ਕਰਕੇ ਰੱਖਿਆ।
ਉਸਦਾ ਜਨਮ 1932 ਵਿਚ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਠੇਠਰਵਾਲੀ ਵਿਖੇ ਪਿਤਾ ਪ੍ਰੇਮ ਚੰਦ ਤੇ ਮਾਤਾ ਪੂਰਨ ਦੇਵੀ ਦੇ ਘਰ ਹੋਇਆ। ਜਦੋਂ ਦੇਸ਼ ਦੀ ਵੰਡ ਹੋਈ ਉਦੋਂ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਆ ਕੇ ਰਹਿਣ ਲੱਗਾ। ਸ਼ੁਰੂਆਤੀ ਦਿਨਾਂ ਵਿਚ ਉਸਨੂੰ ਬਹੁਤ ਸੰਘਰਸ਼ ਕਰਨਾ ਪਿਆ, ਇਕ ਸਮੇਂ ਤਾਂ ਉਸਨੂੰ ਸਾਈਕਲ ਮੁਰੰਮਤ ਦਾ ਕੰਮ ਵੀ ਕਰਨਾ ਪਿਆ। ਜਦੋਂ ਛੋਟੀ ਉਮਰੇ ਉਸਨੇ ਹਾਸਰਸ ‘ਘੁੱਗੀ-ਕਾਂ’ ਤੇ ‘ਨੂੰਹ-ਸੱਸ’ ਲਿਖ ਕੇ ਗਾਉਣੀਆਂ ਤਾਂ ਲੋਕਾਂ ਨੇ ਕਹਿਣਾ ਕਿ ਪ੍ਰੇਮ ਦਾ ਮੁੰਡਾ ਸ਼ੁਗਲ ਕਰਦਾ ਹੈ। ਇੱਥੋਂ ਹੀ ਸ਼ੁਗਲ ਤਖ਼ੱਲਸ ਉਸਦੇ ਨਾਂ ਨਾਲ ਜੁੜ ਗਿਆ। ਫਿਰ ਉਸਨੇ ਕਈ ਮਸ਼ਹੂਰ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾਏ ਜੋ ਬਹੁਤ ਹੀ ਹਰਮਨ ਪਿਆਰੇ ਹੋਏ। ਅੰਮ੍ਰਿਤਸਰ ਦੇ ਨਵਾਂਕੋਟ ਮੁਹੱਲਾ, ਗਲੀ ਨੰਬਰ 2 ਦੇ ਇਕ ਛੋਟੇ ਜਿਹੇ ਮਕਾਨ ਵਿਚ ਰਹਿੰਦੇ ਹੋਏ ਵੀ ਉਸਨੇ ਸਖ਼ਤ ਮਿਹਨਤ ਨਾਲ ਬਹੁਤ ਉੱਚਾ ਮੁਕਾਮ ਹਾਸਲ ਕੀਤਾ। ਪੰਜਾਬੀ ਫ਼ਿਲਮਾਂ ਦੇ ਭਵਿੱਖ ਦੀ ਚਿੰਤਾ ਹੋਣ ਕਰਕੇ ਉਸਨੇ ਆਪਣਾ ਸਾਰਾ ਜੀਵਨ ਪੰਜਾਬ ਅਤੇ ਪੰਜਾਬੀਅਤ ਲਈ ਸਮਰਪਿਤ ਕਰ ਦਿੱਤਾ। ਫ਼ਿਲਮੀ ਕਹਾਣੀਆਂ ਲਿਖਣਾ, ਹਾਸਰਸ ਕਲਾਕਾਰ ਦੀ ਭੂਮਿਕਾ ਨਿਭਾਉਣੀ, ਸੈਂਕੜੇ ਮਸ਼ਹੂਰ ਗੀਤ ਲਿਖਕੇ ਉਸਨੇ ਹਰੇਕ ਪੰਜਾਬੀ ਸਰੋਤੇ ਨੂੰ ਮੋਹ ਲਿਆ।
ਉਸ ਵੱਲੋਂ ਲਿਖੇ ਗੀਤ ਲੋਕ ਗੀਤਾਂ ਵਾਂਗ ਉਸ ਦੌਰ ਵਿਚ ਹੁੰਦੇ ਵਿਆਹਾਂ ਸ਼ਾਦੀਆਂ ਵਿਚ ਵੱਜਦੇ ਸਪੀਕਰਾਂ ਦੀ ਸ਼ਾਨ ਬਣੇ। ਉਸ ਦੇ ਲਿਖੇ ਕਈ ਗੀਤਾਂ ਨੂੰ ਲਤਾ ਮੰਗੇਸ਼ਕਰ, ਦਿਲਰਾਜ ਕੌਰ, ਮੁਹੰਮਦ ਸਦੀਕ, ਮਹਿੰਦਰ ਕਪੂਰ, ਆਸ਼ਾ ਭੌਸਲੇ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਦੀਦਾਰ ਸਿੰਘ ਪਰਦੇਸੀ, ਗੁਰਚਰਨ ਪੋਹਲੀ, ਗੁਰਮੀਤ ਬਾਵਾ, ਸਵਰਨ ਲਤਾ, ਕੇ.ਦੀਪ ਜਗਮੋਹਣ ਕੌਰ, ਪ੍ਰਕਾਸ਼ ਕੌਰ ਆਦਿ ਨੇ ਆਪਣੀ ਆਵਾਜ਼ ਦਿੱਤੀ। ਉਸਦੇ ਮੁੱਖ ਗੀਤਾਂ ਵਿਚ ਸ਼ਾਮਲ ਹੈ:
* ਮਾਏ ਮੇਰੀਏ ਨੀਂ ਮੈਨੂੰ ਬੜਾ ਚਾਅ, ਦੋ ਗੁੱਤਾਂ ਕਰ ਮੇਰੀਆਂ
* ਕੁੜੀ ਰੁੱਸ ਗਈ ਝਾਂਜਰਾਂ ਵਾਲੀ, ਕੈਂਠੇ ਵਾਲਾ ਹਉਕੇ ਭਰਦਾ
* ਤੈਨੂੰ ਬੇਰੀਆਂ ਦੇ ਝੁੰਡ ’ਚੋਂ ਬੁਲਾਵਾਂ
* ਰੇਸ਼ਮਾ ਜਵਾਨ ਹੋ ਗਈ
* ਅੰਬ ਚੂਪਦੀ ਜਾਂਦੀ ਛੱਤਰੀ ਦੀ ਛਾਂ ਕਰ ਵੇ,
* ਭਾਈ ਸਪੀਕਰ ਵਾਲਿਆ
* ਬੜਾ ਕਰਾਰਾ ਪੂਦਨਾ
* ਬਾਪੂ ਵੇ ਅੱਡ ਹੁੰਨੀ ਆਂ
* ਮਾਤਾ ਗੁਜਰੀ ਦਾ ਵਿਹੜਾ
* ਕਲਗੀਧਰ ਦਸਮੇਸ਼ ਪਿਤਾ
ਇਨ੍ਹਾਂ ਸਮੇਤ ਹੋਰ ਬਹੁਤ ਸਾਰੇ ਮਸ਼ਹੂਰ ਗੀਤਾਂ ਨਾਲ ਚਮਨ ਲਾਲ ਸ਼ੁਗਲ ਲੋਕਾਂ ਦਾ ਚਹੇਤਾ ਬਣ ਗਿਆ। ਉਸਨੇ ਕਈ ਪੰਜਾਬੀ ਫ਼ਿਲਮਾਂ ਵਿਚ ਵੀ ਆਪਣੇ ਫ਼ਨ ਦਾ ਪ੍ਰਦਰਸ਼ਨ ਕੀਤਾ ਜਿਨ੍ਹਾਂ ਵਿਚੋਂ ‘ਰਾਂਝਾ ਇਕ ਤੇ ਹੀਰ ਦੋ’, ‘ਮੇਲੇ ਮਿੱਤਰਾਂ ਦੇ’, ‘ਮੁਖੜਾ ਚੰਨ ਵਰਗਾ’, ‘ਖੇਡ ਪ੍ਰੀਤਾਂ ਦੀ’, ‘ਸਵਾ ਲਾਖ ਸੇ ਏਕ ਲੜਾਊਂ’, ‘ਮਾਤਾ ਦਾ ਦਰਬਾਰ’, ‘ਹੀਰ-ਰਾਂਝਾ’, ‘ਸੋਹਣੀ ਮਹੀਂਵਾਲ’, ‘ਸ਼ਰੀਕਾ’, ‘ਜੱਟੀ ਜੰਮੇ ਸੂਰਮੇ’ ਤੇ ‘ਜੰਗ ਦਾ ਮੈਦਾਨ’ ਆਦਿ ਪ੍ਰਮੁੱਖ ਹਨ। ਉਸਨੇ ਅਖ਼ਬਾਰਾਂ ਤੇ ਰਸਾਲਿਆਂ ਲਈ ਵੀ ਲਿਖਿਆ। ਨੋਕ ਝੋਕ ਵਿਚ ਉਸਨੂੰ ਖ਼ਾਸ ਮੁਹਾਰਤ ਹਾਸਲ ਸੀ। ਉਸਦਾ ਹਾਜ਼ਰ-ਜਵਾਬੀ ਵਿਚ ਵੀ ਕੋਈ ਮੁਕਾਬਲਾ ਨਹੀਂ ਸੀ। ਹੱਸਣਾ-ਹਸਾਉਣਾ ਉਸਦੇ ਸੁਭਾਅ ਵਿਚ ਸ਼ਾਮਲ ਸੀ। ਉਸਦੀ ਚਾਲ-ਢਾਲ ਅਤੇ ਬੋਲਬਾਣੀ ਵਿਚ ਵੀ ਹਾਸੇ ਦੇ ਹੀ ਛਰਾਟੇ ਸਨ। ਸੰਜੀਦਾ ਗੱਲਬਾਤ ਵਿਚ ਉਹ ਵਿਅੰਗ ਦੀ ਚਾਸ਼ਨੀ ਮਿਲਾ ਕੇ ਉਸ ਨੂੰ ਰੌਚਕ ਕਰ ਦਿੰਦਾ ਸੀ। ਵਿਅੰਗਾਤਮਕ ਸਹਾਰੇ, ਸਿੱਖਿਆ ਆਦਿ ਲਿਖ ਕੇ ਉਸ ਨੇ ਸਮਾਜਿਕ ਬੁਰਾਈਆਂ ਵੱਲ ਉਂਗਲੀ ਉਠਾਈ।
ਉਸ ਦੀਆਂ ਗੀਤਾਂ, ਗ਼ਜ਼ਲਾਂ, ਕਿੱਸੇ ਤੇ ਸ਼ੇਅਰੋ ਸ਼ਾਇਰੀ ਤੇ ਹਾਸਰਸ ਕਵਿਤਾਵਾਂ ਦੀਆਂ 200 ਦੇ ਕਰੀਬ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ। 1965 ਦੀ ਭਾਰਤ ਪਾਕਿਸਤਾਨ ਜੰਗ ਵੇਲੇ ਚਮਨ ਲਾਲ ਸ਼ੁਗਲ ਦੇ ਲਿਖੇ ਦੇਸ਼ ਭਗਤੀ ਦੇ ਗੀਤ ਰੇਡੀਓ ਤੋਂ ਪ੍ਰਸਾਰਿਤ ਹੁੰਦੇ ਸਨ। ਇਕ ਮਸ਼ਹੂਰ ਹਾਸਰਸ ਕਲਾਕਾਰ ਹੁੰਦਿਆਂ ਵੀ ਉਸ ਵਿਚ ਕਦੇ ਹਉਮੈ ਦੀ ਭਾਵਨਾ ਨਹੀਂ ਆਈ। ਆਪਣੇ ਜੀਵਨ ਦੇ ਆਖਰੀ 15 ਸਾਲ ਉਹ ਦਮੇ ਦੀ ਬਿਮਾਰੀ ਤੋਂ ਪੀੜਤ ਰਿਹਾ, ਪਰ ਉਸਨੇ ਕਦੇ ਵੀ ਕਲਮ ਤੇ ਫ਼ਿਲਮਾਂ ਨਾਲੋਂ ਆਪਣਾ ਨਾਤਾ ਨਹੀਂ ਤੋੜਿਆ। ਇਕ ਲੜਕੀ ਤੇ ਦੋ ਪੁੱਤਰਾਂ ਦੇ ਪਿਤਾ ਚਮਨ ਲਾਲ ਸ਼ੁਗਲ ਨੇ ਐਵਾਰਡਾਂ ਦੀ ਦੌੜ ਵਿਚ ਸ਼ਾਮਲ ਹੋਣ ਤੋਂ ਹਮੇਸ਼ਾਂ ਹੀ ਗੁਰੇਜ਼ ਕੀਤਾ। ਆਖਰੀ ਸਮੇਂ ਵੀ ਉਹ ਗੀਤ ਲਿਖਦਾ ਰਿਹਾ। ਉਸ ਦਾ ਲਿਖਿਆ ਆਖਰੀ ਗੀਤ ਸੀ, ‘ਸਾਗ ਤੋੜਦੀ ਮੋਬਾਈਲ ਕੋਲ ਰੱਖਦੀ ਤੇ ਯਾਰ ਨਾਲ ਗੱਲਾਂ ਮਾਰਦੀ।’ ਕੁਝ ਸਮਾਂ ਹਸਪਤਾਲ ਵਿਚ ਰਹਿਣ ਤੋਂ ਬਾਅਦ ਜੂਨ, 2007 ਵਿਚ ਉਸਦੀ ਮੌਤ ਹੋ ਗਈ। ਉਸਤੋਂ ਬਾਅਦ ਕਈ ਹਾਸਰਸ ਕਲਾਕਾਰ ਆਏ ਤੇ ਉਸਦੇ ਭਾਣਜੇ ਸੁਰਿੰਦਰ ਫਰਿਸ਼ਤਾ (ਘੁੱਲੇ ਸ਼ਾਹ) ਨੇ ਵੀ ਉਸ ਦੇ ਪਦ-ਚਿੰਨ੍ਹਾਂ ’ਤੇ ਚੱਲ ਕੇ ਆਪਣਾ ਚੰਗਾ ਨਾਂ ਬਣਾਇਆ। ਅੱਜ ਦੇ ਹਾਸਰਸ ਕਲਾਕਾਰਾਂ ਨੂੁੰ ਲੋੜ ਹੈ ਕਿ ਉਹ ਚਮਨ ਲਾਲ ਸ਼ੁਗਲ ਵਾਂਗ ਅਸਲੀ ਹਾਸੇ ਦੇ ਫੁਹਾਰੇ ਤੇ ਪਟਾਕੇ ਛੱਡਣ ਨਾ ਕਿ ਲਾਫਟਰ ਕਲੱਬ ਬਣਾ ਕੇ ਨਕਲੀ ਹਾਸਾ ਅਤੇ ਝੂਠੇ ਠਹਾਕੇ ਲਗਾਏ ਜਾਣ, ਇਹੀ ਸ਼ੁਗਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।


Comments Off on ਚਮਨ ਲਾਲ ਸ਼ੁਗਲ ਨੂੰ ਯਾਦ ਕਰਦਿਆਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.