ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਘਰ

Posted On June - 2 - 2019

ਸਿਮਰਨ ਧਾਲੀਵਾਲ
ਕਥਾ ਪ੍ਰਵਾਹ
ਪੰਜਵੀਂ ਪੀੜ੍ਹੀ ਦੇ ਕਹਾਣੀਕਾਰਾਂ ਵਿਚੋਂ ਸਿਮਰਨ ਧਾਲੀਵਾਲ ਮੁਹਰਲੀ ਕਤਾਰ ਵਿਚ ਆਉਂਦਾ ਹੈ। ਉਸਨੇ ਮਨੁੱਖੀ ਰਿਸ਼ਤਿਆਂ ਵਿਚਲੀ ਬੇਵਸਾਹੀ ਬਾਰੇ ਯਾਦਗਾਰੀ ਕਹਾਣੀਆਂ ਲਿਖੀਆਂ ਹਨ।

ਨੂੰ ਤੀਜਾ ਦਿਨ ਹੈ, ਘਰ ਪਹੁੰਚੇ ਨੂੰ। ਤਿੰਨਾਂ ਦਿਨਾਂ ’ਚ ਬਾਪੂ ਕਈ ਵਾਰ ਫਿੱਸ ਚੁੱਕਿਆ। ਜ਼ਰਾ ਜਿੰਨੀ ਕੋਈ ਗੱਲ ਛਿੜਦੀ। ਉਹ ਅੱਖਾਂ ਭਰ ਆਉਂਦਾ। ਬਾਪੂ ਦੀਆਂ ਅੱਖਾਂ ਵਿਚ ਆਏ ਹੰਝੁੂ, ਮੈਨੂੰ ਬਹੁਤ ਅਜੀਬ ਲੱਗਦੇ ਨੇ। ਮੇਰਾ ਦਿਲ ਕਰਦਾ, ਬਾਪੂ ਨੂੰ ਕਹਾਂ, ‘ਹੁਣ ਬੱਸ ਵੀ ਕਰ। ਐਵੇਂ…।’
ਪਰ ‘ਪਾਖੰਡ’ ਸ਼ਬਦ ਵਰਤਣਾ ਮੈਨੂੰ ਔਖਾ ਲੱਗਦਾ।
ਹਰ ਵਾਰ ਮੇਰੀਆਂ ਅੱਖਾਂ ਅੱਗੇ ਚਾਰ ਸਾਲ ਪਹਿਲਾਂ ਵਾਲਾ ਬਾਪੂ ਆਣ ਖਲੋਂਦਾ। …ਤੇ ਮੇਰੇ ਜ਼ਿਹਨ ਵਿਚ ਵੀਹ ਸਾਲ ਤੋਂ ਵਸੀ ਤਸਵੀਰ ਸਾਹਮਣੇ ਹੰਝੂ ਕੇਰਦਾ ਬਾਪੂ, ਮੈਨੂੰ ਕੋਈ ਹੋਰ ਜਾਪਣ ਲੱਗਦਾ। ਮੈਂ ਸੋਚਦਾ ਉਹ ਇੰਜ ਕਿਵੇਂ ਬਦਲ ਸਕਦਾ ਹੈ? ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਮੈਨੂੰ, ਮੇਰੇ ਘਰੋਂ ਤੁਰਨ ਵੇਲੇ ਲੱਗਿਆ ਸੀ।
ਬੇਬੇ ਕੋਲੋਂ ਆਪਣੇ ਹੰਝੂ ਨਹੀਂ ਸੀ ਰੁਕ ਰਹੇ।
‘‘ਰੋਟੀ ਜੋਗਾ ਕੀ ਨਹੀਂ ਹੈਗਾ ਆਪਣੇ ਕੋਲ?’’
ਉਹ ਕਈ ਦਿਨ ਕਲਪਦੀ ਰਹੀ ਸੀ, ਪਰ ਬਾਪੂ ਇੰਨੀ ਗੱਲ ਸੁਣਦਿਆਂ ਭੜਕ ਪੈਂਦਾ।
‘‘ਤੇਰੇ ਵੱਸ ਹੋਵੇ ਨਾ…। ਸੋਹੀਆਂ ਦੀ ਝੰਡੀ ਕਰਨੀ ਏ ਪਿੰਡ ’ਚ। ਐਰਾ ਗੈਰਾ ਨਹੀਂ ਮੈਂ ਕੋਈ। ਇਹਨੂੰ ਬੱਸ ਰੋਟੀ ਦਿਸਦੀ ਐ।’’
ਸੇਠੀ ਏਜੰਟ ਨਾਲ ਕਿਸੇ ਵੀ ਤਰ੍ਹਾਂ ‘ਵਾਧਾ-ਘਾਟਾ’ ਕਰਕੇ ਬਾਪੂ ਨੇ ਮੈਨੂੰ ਆਸਟਰੇਲੀਆ ਤੋਰ ਦਿੱਤਾ ਸੀ। ਘਰੋਂ ਤੁਰਨ ਵੇਲੇ ਮੈਂ ਬੇਬੇ ਨੂੰ ਚਿੰਬੜ ਕੇ ਕਿੰਨੀ ਹੀ ਦੇਰ ਤੀਕ ਰੋਂਦਾ ਰਿਹਾ ਸੀ। ਗੱਡੀ ’ਚ ਬੈਠਣ ਵੇਲੇ ਝੁਕ ਕੇ ਬਾਪੂ ਦੇ ਪੈਂਰੀ ਹੱਥ ਲਗਾਉਣ ਲੱਗਿਆ ਤਾਂ ਉਹਨੇ ਮੇਰਾ ਹੱਥ ਫੜ ਕੇ ਅੱਖਾਂ ਵਿਚ ਝਾਕਦਿਆਂ ਕਿਹਾ ਸੀ, ‘‘ਬੁੜ੍ਹੀਆਂ ਵਾਂਗੂੰ ਡੁਸਕੇ ਨਾ ਲਗਾਈ ਜਾਈਂ ਹੁਣ ਉੱਥੇ ਜਾ ਕੇ। ਰੁੱਗ ਰੁਪਈਆਂ ਦਾ ਲੱਗਿਆ। ਚੇਤੇ ਰੱਖੀਂ।’’
ਹਵਾਈ ਅੱਡੇ ਤੀਕ ਜਾਂਦਿਆਂ ਮੈਂ ਬਾਪੂ ਦੀ ਏਸੇ ਗੱਲ ਬਾਰੇ ਸੋਚਦਾ ਰਿਹਾ ਸੀ।
ਕਾਸ਼! ਬਾਪੂ ਨੇ ਕਿਹਾ ਹੁੰਦਾ:
‘‘ਭੋਲਿਆ ਆਪਣਾ ਖਿਆਲ ਰੱਖੀਂ। ਖਾਣ-ਪੀਣ ਤੋਂ ਘੌਲ ਨਾ ਕਰੀਂ। ਕਮਾਈਆਂ ਨਾਲ ਵੀ ਰੱਜਿਐ ਕਦੀ ਬੰਦਾ।’’
ਪਰ ਮੈਂ ਜਾਣਦਾ ਸੀ ਬਾਪੂ ਤਾਂ ਇੰਜ ਦਾ ਕਦੀ ਵੀ ਨਹੀਂ ਸੀ। ਫਿਰ ਉਹ ਜਿਸ ਨੂੰ ਮੈਂ ਤਿੰਨ ਦਿਨਾਂ ਤੋਂ ਦੇਖ ਰਿਹਾ ਹਾਂ…।
ਬਾਪੂ ਦਾ ਇਹ ਰੂਪ ਮੇਰੀ ਸਮਝੋਂ ਬਾਹਰ ਸੀ।
ਇਨ੍ਹਾਂ ਤਿੰਨ ਦਿਨਾਂ ’ਚ ਬਾਪੂ ਦੇ ਕਈ ਰੂਪ ਮੇਰੇ ਸਾਹਮਣੇ ਉੱਭਰੇ ਨੇ। ਹਰ ਰੂਪ ਵਿਚ ਉਹ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਅਜੀਬ ਲੱਗਿਆ। ਮੈਂ ਏਨੇ ਸਾਲਾਂ ਤੋਂ ਉਸ ਦੇ ਇਨ੍ਹਾਂ ਰੂਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਸੀ, ਪਰ ਉਸ ਦਾ ਕੋਈ ਵੀ ਰੂਪ ਮੇਰੇ ਕਦੀ ਸਮਝ ਨਹੀਂ ਸੀ ਆਇਆ।
… ਤੇ ਉਸ ਨੂੰ ਇੰਜ ਹੰਝੂ ਕੇਰਦਿਆਂ ਦੇਖ ਕੇ…।
ਇਕ ਪਲ ਲਈ ਮੇਰਾ ਮਨ ਬਾਪੂ ਲਈ ਤਰਸ ਨਾਲ ਭਰ ਜਾਂਦਾ, ਪਰ ਉਸੇ ਪਲ ਬਾਪੂ ਕਿਸੇ ਹੋਰ ਰੂਪ ਵਿਚ ਮੇਰੀਆਂ ਅੱੱਖਾਂ ਅੱਗੇ ਆਣ ਖੜ੍ਹਦਾ।
‘‘ਤੂੰ ਤਾਂ ਮੇਰੇ ਜੋਗੀ ਹੀ ਰੱਖੀ ਸੀ। ਘਾਟੇ ਦਾ ਘਰ। ਕਦੀ ਕਿਹਾ ਵੀ ਏ ਤੂੰ ਕਿ ਠੀਕ ਆ ਮੈਂ। ਚੱਤੋ-ਪਹਿਰ ਕੁਝ ਨਾ ਕੁਝ ਦੁਖਦਾ ਹੀ ਰਹਿੰਦਾ ਤੇਰਾ। ਮੱਲ੍ਹੇ ਕੋਲੋਂ ਦਾਰੂ ਲਿਆ ਕੇ ਪਾ ਲੈ।’’
ਮੈਂ ਪਹਿਲੀ ਤਨਖਾਹ ’ਚੋਂ ਖਰਚੇ ਜੋਗੇ ਪੈਸੇ ਰੱਖ ਕੇ ਬਾਕੀ ਸਾਰੇ ਬਾਪੂ ਨੂੰ ਭੇਜ ਦਿੱਤੇ ਸੀ, ਪਰ ਬਾਪੂ ਬੇਬੇ ਦੀਆਂ ਅੱਖਾਂ ਦਾ ਆਪਰੇਸ਼ਨ ਕਰਾਉਣ ਲਈ ਨਹੀਂ ਸੀ ਮੰਨਿਆ।
‘‘ਜੀਆਂ ਨਾਲੋਂ ਪੈਸਾ ਤਾਂ ਨਹੀਂ ਚੰਗਾ। ਚੜ੍ਹੇ ਮਹੀਨੇ ਮੈਂ ਏਨੇ ਹੀ ਹੋਰ ਪਾ ਦੇਊਂ।’’
ਪਰ ਮੇਰੀ ਗੱਲ ਪੂਰੀ ਨਹੀਂ ਸੀ ਹੋਈ। ਮੈਨੂੰ ਲੱਗਿਆ ਜੇ ਕਿਤੇ ਮੈਂ ਫੋਨ ਦੀ ਥਾਂ ਸਾਹਮਣੇ ਹੁੰਦਾ ਤਾਂ ਬਾਪੂ ਮੇਰੇ ਮੂੰਹ ’ਤੇ ਤਾੜ ਕਰਦਾ ਥੱਪੜ ਮਾਰਦਾ।
‘‘ਜੰਮ ਮੁੱਕਿਆ ਨਹੀਂ ਪਿਉ ਨੂੰ ਮੱਤਾਂ ਦਿੰਦਾ। ਅੰਨ੍ਹੀ ਤਾਂ ਨਈਂ ਹੋ ਗਈ ਉਹ। ਮੇਰੇ ਨਾਲ ਬਕਵਾਸ ਕਰਨ ਦੀ ਲੋੜ ਨਹੀਂ।’’
ਬਾਪੂ ਨੇ ਫੋਨ ਕੱਟ ਦਿੱਤਾ ਸੀ।
ਮੇਰੇ ਸਾਹਮਣੇ ਬੇਬੇ ਖੜ੍ਹੀ ਸੀ। ਲਾਚਾਰ ਜਿਹੀ ਹਰੇਕ ਚੀਜ਼ ਨੂੰ ਤਰਸਦੀ।
ਅਸੀਂ ਦੋਵੇਂ ਭੈਣ ਭਰਾ ਸਕੂਲ ਪੜ੍ਹਦੇ ਸੀ। ਬੇਬੇ ਜਦ ਵੀ ਕੁਝ ਖਰੀਦਦੀ। ਬਾਪੂ ਤੋਂ ਪਰਦਾ ਰੱਖਦੀ।
‘‘ਵੇ ਨਿੱਕਿਆ… ਤੇਰੀ ਜ਼ੁਬਾਨ ਨਹੀਂ ਖਲੋਂਦੀ ਹੁੰਦੀ। ਐਵੇਂ ਨਾ ਆਪਣੇ ਬਾਪੂ ਕੋਲੇ…।’’
… ਤੇ ਬਾਪੂ ਅੱਗੇ ਚੁੱਪ ਰਹਿੰਦਾ-ਰਹਿੰਦਾ ਮੈਂ ਵੱਡਾ ਹੋ ਕੇ ਵੀ ਬਾਪੂ ਕੋਲੋਂ ਦੂਰ ਹੋ ਗਿਆ ਸੀ।
ਅਸੀਂ ਆਪਸ ਵਿਚ ਮੁੱਲ ਦਾ ਹੀ ਬੋਲਦੇ।
‘‘ਬੱਚਿਆਂ ’ਤੇ ਅਸਰ ਤਾਂ ਫਿਰ ਪੈਣਾ ਈ ਆ। ਜਦ ਹਰ ਵੇਲੇ…।’’
ਮੇਰੀ ਮਾਸੀ ਬਾਪੂ ਦੇ ਕਲੇਸ਼ ਦੀਆਂ ਗੱਲਾਂ ਕਰਿਆ ਕਰਦੀ ਸੀ।
ਪਰ ਬਾਪੂ ’ਤੇ ਔਲਾਦ ਦੇ ਵੱਡੀ ਹੋਣ ਦਾ ਵੀ ਕੋਈ ਅਸਰ ਨਹੀਂ ਸੀ।
‘‘ਹੁਣ ਤਾਂ ਧੀ ਵੀ ਵਿਆਹੀ ਗਈ। ਖਬਰੇ ਹੁਣ ਈ…।’’
ਬੇਬੇ ਬਾਪੂ ਦੇ ਸੁਭਾਅ ਦੇ ਬਦਲ ਜਾਣ ਦੀ ਉਮੀਦ ਰੱਖਦੀ ਸੀ, ਪਰ ਬਾਪੂ ਤਾਂ…।
ਸ਼ਾਮ ਨੂੰ ਦੋ-ਤਿੰਨ ਜਣੇ ਦਰਵਾਜ਼ੇ ਨਾਲ ਦੀ ਬੈਠਕ ਵਿਚ ਬੈਠੇ ਹੁੰਦੇ। ਬੇਬੇ ਸਾਨੂੰ ਰੋਟੀ ਖਵਾ ਕੇ, ਚੁੱਲ੍ਹੇ ਅੱਗੇ ਬੈਠੀ ਬਾਪੂ ਦੇ ਰੋਟੀ ਖਾਣ ਦੀ ਉਡੀਕ ਕਰਦੀ ਰਹਿੰਦੀ। ਸਿਆਲ ਦੀ ਰੁੱਤੇ ਲੋਕ ਅੱਧੀ ਨੀਂਦ ਪੂਰੀ ਕਰ ਲੈਂਦੇ ਸਨ, ਜਦੋਂ ਬੇਬੇ ਬਾਪੂ ਤੇ ਉਹਦੇ ਬੇਲੀਆਂ ਲਈ ਰੋਟੀ ਪਕਾਉਂਦੀ। ਜਦੋਂ ਬਾਪੂ ਘਰ ਹੁੰਦਾ, ਅਸੀਂ ਦੋਵੇਂ ਭੈਣ ਭਰਾ ਉੱਚੀ ਸਾਹ ਨਾ ਲੈਂਦੇ। ਜਦੋਂ ਕਦੀ ਬਾਪੂ, ਬੇਬੇ ਨਾਲ ਝਗੜਨ ਲੱਗਦਾ, ਅਸੀਂ ਦੋਵੇਂ ਜਣੇ ਅੰਦਰ ਵੜ ਕੇ ਰੋਣ ਲੱਗਦੇ। ਬਾਪੂ ਰੋਟੀ ਵਾਲੀ ਥਾਲੀ ਦੂਰ ਵਗਾਹ ਮਾਰਦਾ ਤੇ ਬੇਬੇ ਨੂੰ ਵਾਲਾਂ ਤੋਂ ਫੜ ਲੈਂਦਾ, ‘‘ਮਾੜੇ ਖਾਨਦਾਨ ਦੀ…। ਬੰਦੇ ਇਕ ਰੋਟੀ ਖਾਣੀ ਹੁੰਦੀ ਐ ਸਾਰੀ ਦਿਹਾੜੀ ਖਪ ਕੇ…। ਉਹ ਵੀ ਨਹੀਂ ਜੁੜਦੀ ਚੱਜ ਨਾਲ।’’
ਤਵੇ ’ਤੇ ਪਈ ਰੋਟੀ ਮੱਚ ਕੇ ਕੋਲਾ ਬਣ ਜਾਂਦੀ।
‘‘ਵੀਹ ਵਾਰ ਕਿਹਾ ਰੋਟੀ ਤੱਤੀ ਲਿਆਇਆ ਕਰ।’’
ਬੁੜ-ਬੁੜ ਕਰਦਾ ਬਾਪੂ ਅੰਦਰ ਵੜ ਜਾਂਦਾ। ਮੱਚੀ ਹੋਈ ਰੋਟੀ ਵੱਲ ਦੇਖਦੀ ਬੇਬੇ ਆਪਣੀ ਹਰ ਵੇਲੇ ਧੁਖ਼ਦੀ ਰਹਿੰਦੀ ਜ਼ਿੰਦਗੀ ਬਾਰੇ ਸੋਚ-ਸੋਚ ਹੰਝੂ ਕੇਰਦੀ। ਸਾਨੂੰ ਦੋਹਾਂ ਭੈਣ-ਭਰਾਵਾਂ ਨੂੰ ਨਾਲ ਘੁੱਟ ਕੇ ਸੌਣ ਦੀ ਕੋਸ਼ਿਸ਼ ਕਰਦੀ, ਪਰ ਮੈਂ ਸਾਰੀ ਉਮਰ ਉਹਦੀਆਂ ਅੱਖਾਂ ਵਿਚ ਸਕੂਨ ਦੀ ਨੀਂਦ ਨਹੀਂ ਸੀ ਦੇਖੀ।
ਮੈਂ ਆਪਣੇ ਮਾਮੇ ਦੇ ਮੁੰਡੇ ਨੂੰ ਪੈਸੇ ਭੇਜ ਕੇ ਬੇਬੇ ਦਾ ਆਪਰੇਸ਼ਨ ਕਰਵਾਉਣ ਲਈ ਆਖਿਆ ਸੀ। ਉਹ ਜਦੋਂ ਬੇਬੇ ਨੂੰ ਲੈਣ ਆਇਆ, ਉਹਨੇ ਆਪਰੇਸ਼ਨ ਵਾਲੀ ਗੱਲ ਬਾਪੂ ਨੂੰ ਨਹੀਂ ਸੀ ਦੱਸੀ।
‘‘ਲੈ ਜਾ ਭਾਈ! ਪੇਕੇ ਲੈਣ ਆਏ ਐ ਮੈਂ ਕੌਣ ਹੁੰਦਾਂ ਰੋਕਣ ਵਾਲਾ।’’
ਬੇਬੇ ਗੁਆਂਢਣ ਤਾਈ ਨੂੰ ਰੋਟੀ ਦਾ ਪੱਕਾ ਕਰ ਕੇ ਗਈ ਸੀ।
ਆਪਰੇਸ਼ਨ ਮਗਰੋਂ ਜਦੋਂ ਬੇਬੇ ਪਿੰਡ ਆਈ ਤਾਂ ਤਾਈ ਬਾਪੂ ਦੀ ਕਥਾ ਛੇੜ ਕੇ ਬੈਠ ਗਈ।
‘‘ਭਾਈ ਰੋਟੀ ਤਾਂ ਦਿੰਦੀ ਜੇ ਤੇਰਾ ਸਾਊ ਵੇਲੇ ਸਿਰ ਘਰ ਮੁੜਦਾ। ਦਸ-ਦਸ ਬੰਦੇ ਬਿਠਾ ਛੱਡਦਾ ਸੀ। ਮੈਂ ਤਾਂ ਪਹਿਲੇ ਦਿਨ ਹੀ ਡਿਉੜੀ ’ਚੋਂ ਮੁੜ ਗਈ ਸੀ। ਸ਼ਰਾਬੀ ਬੰਦੇ ਨਾਲ ਕਾਹਦਾ ਚੱਜ।’’
…ਤੇ ਬਾਪੂ ਆਪਣੇ ਸਾਰੇ ਚੱਜ ਭੁੱਲ ਗਿਆ ਸੀ। ਉਹ ਬੇਬੇ ਨਾਲ ਆਪਰੇਸ਼ਨ ਪਿੱਛੇ ਉਖੜਿਆ ਫਿਰਦਾ ਸੀ।
‘‘ਜਗਤਾਰ ਸਿਹੁੰ ਸੋਹੀ ਨਾਂ ਏ ਮੇਰਾ। ਸਿਰ ਸੁਆਹ ਪਾ ਦਿੱਤੀ ਮੇਰੇ। ਮੈਥੋਂ ’ਲਾਜ ਨਾ ਹੁੰਦਾ ਤੇਰਾ। ਪੁੱਤ ਮੇਰਾ ਦੋਹੀਂ ਹੱਥੀਂ ਨੋਟ ’ਕੱਠੇ ਕਰਦੈ।’’
ਪਰ ਬਾਪੂ ਨੇ ਕਦੀ ਨਹੀਂ ਸੀ ਸੋਚਿਆ ਕਿ ਦੋਵਾਂ ਹੱਥਾਂ ਨਾਲ ਨੋਟ ਕਿੱਦਾਂ ’ਕੱਠੇ ਹੁੰਦੇ ਨੇ। ਉਹਨੇ ਕਦੀ ਮੈਨੂੰ ਮੇਰਾ ਹਾਲ ਨਹੀਂ ਸੀ ਪੁੱਛਿਆ। ਹਮੇਸ਼ਾ ਕੰਮ ਕਾਰ ਦਾ ਪੁੱਛਦਾ।
ਪਰ ਹੁਣ ਉਹੀ ਬਾਪੂ ਮੈਨੂੰ ਤਿੰਨ ਦਿਨਾਂ ਵਿਚ ਤੀਹ ਵਾਰ ਆਖ ਚੁੱਕਿਆ।
‘‘ਭੋਲਿਆ ਹੁਣ ਨਹੀਂ ਜਾਣ ਦੇਣਾ ਮੈਂ ਤੈਨੂੰ। ਵਿਆਹ ਦੀ ਤੇਰੀ ਉਮਰ ਟੱਪਦੀ ਜਾਂਦੀ ਐ। ਤੇਰੇ ਹਾਣੀ ਦੋ-ਦੋ ਜਵਾਕ ਚੁੱਕੀ ਫਿਰਦੇ ਐ।’’
ਬੇਬੇ ਨੇ ਵੀ ਤਾਂ ਪਤਾ ਨਹੀਂ ਕਿੰਨੀ ਕੁ ਵਾਰ ਕਹੀ ਸੀ ਇਹ ਗੱਲ ਮੈਨੂੰ। ਉਹ ਫੋਨ ਉੱਤੇ ਹੀ ਮਨ ਭਰ ਆਉਂਦੀ।
‘‘ਮੈਂ ਤਾਂ ਜਿਵੇਂ ਸੁਖ ਲਿਖਾ ਕੇ ਹੀ ਨਹੀਂ ਆਈ। ਧੀ ਵਿਆਹ ਕੇ ਆਪਣੇ ਘਰ ਤੋਰ ’ਤੀ। ਪੁੱਤ ਪਰਦੇਸੀਂ ਰੁਲਦਾ ਫਿਰਦੈ।’’
ਪਰਦੇਸੀਂ ਰੁਲਣ ਨੂੰ ਕਿਸ ਦਾ ਦਿਲ ਕਰਦਾ ਸੀ? ਪਰ ਮੇਰੀ ਤੇ ਬਾਪੂ ਦੀ ਬਣ ਨਾ ਆਉਂਦੀ।
ਉਹਨੂੰ ਲੱਥੀ ਚੜ੍ਹੀ ਦੀ ਕੋਈ ਪਰਵਾਹ ਨਹੀਂ ਸੀ। ਨਿੱਤ ਦਾਰੂ ਪੀਂਦਾ ਤੇ ਪੀ ਕੇ ਗਾਲ੍ਹ ਬਿਨਾਂ ਗੱਲ ਨਾ ਕਰਦਾ। ਬੁੜੇ ਵਾਰੇ ਵੀ ਬੇਬੇ ਨਾਲ ਧੌਲ-ਧੱਫਾ ਕਰਨ ਲੱਗਦਾ। ਇਨ੍ਹਾਂ ਗੱਲਾਂ ਪਿੱਛੇ ਸਾਡੇ ਵਿਚ ਝਗੜਾ ਹੋ ਜਾਂਦਾ।
ਇਕ ਵਾਰ ਬਾਪੂ ਘਰ ਛੱਡ ਕੇ ਮੋਟਰ ’ਤੇ ਜਾ ਬੈਠਾ।
ਵਿਹੜੇ ’ਚੋਂ ਕਿਸੇ ਕੁੜੀ ਨੂੰ ਰੋਟੀ ਪਕਾਉਣ ਲਈ ਲਗਾ ਲਿਆ।
ਉਹਦੀ ਸ਼ਰਮ ਹੋਰ ਚੁੱਕੀ ਗਈ।
‘‘ਭਾਈਆ ਇਉਂ ਠੀਕ ਨਹੀਂ ਲੱਗਦਾ। ਕੁੜਮਾਂ ਵਾਲਾਂ ਤੂੰ ਸੁੱਖ ਨਾਲ। ਹੋਰ ਸਾਲ ਨੂੰ ਨੂੰਹ ਆਜੂ ਘਰੇ। ਟੱਬਰ ਤੋਂ ਪਾਸੇ…।’’
ਮਾਮਾ ਬਾਪੂ ਨੂੰ ਸਮਝਾਉਣ ਲਈ ਆਇਆ ਸੀ।
‘‘ਮੈਂ ਕਿਹੜਾ ਲੱਲੀ-ਛੱਲੀ ਆ ਫੌਜੀਆ! ਜਦ ਟੱਬਰ ਕਦਰ ਹੀ ਨਾ ਕਰੇ। … ਦੁਨੀਆਂ ਪੀਂਦੀ-ਖਾਂਦੀ ਨਹੀਂ…?’’
ਮਾਮੇ ਦੇ ਸਮਝਾਇਆਂ ਵੀ ਬਾਪੂ ਘਰ ਨਹੀਂ ਸੀ ਆਇਆ।
ਲੋਕ ਘਰ ਆ ਕੇ ਦੱਸਦੇ। ਕਹਿੰਦੇ, ‘‘ਜਗਤਾਰ ਸਿਹੁੰ ਕਹਿੰਦਾ ਮੈਂ ਜ਼ਮੀਨ ਦਾਨ ਕਰ ਦੇਣੀ ਐ ਗੁਰਦੁਆਰੇ ਨੂੰ।’’
ਐਸੀਆਂ ਗੱਲਾਂ ਸੁਣ ਕੇ ਬੇਬੇ ਹੋਰ ਕਲਪਣ ਲੱਗਦੀ।
…ਫਿਰ ਇਕ ਦਿਨ ਬਿਸਤਰਾ ਚੁੱਕ ਕੇ ਬਾਪੂ ਖ਼ੁਦ ਹੀ ਘਰ ਆ ਗਿਆ।
‘‘ਤੂੰ ਨਾ ਖਹਿਬੜਿਆ ਕਰ। ਕਰੀ ਜਾਣ ਦੇ ਜੋ ਕਰਦੈ।’’
ਬੇਬੇ ਨੇ ਬਾਪੂ ਦੇ ਘਰ ਮੁੜੇ ਤੋਂ ਜਿਵੇਂ ਸੁਖ ਦਾ ਸਾਹ ਲਿਆ ਸੀ।
ਬਾਪੂ ਮੇਰੇ ਨਾਲ ਘੁਟਿਆ ਰਹਿੰਦਾ। ਮੈਂ ਬਾਪੂ ਕੋਲੋਂ ਦੂਰ ਰਹਿੰਦਾ।
‘‘ਜਦ ਜਵਾਕ ਨਾਲ ਬੋਲਣਾ ਨਹੀਂ ਸਿੱਧੇ ਮੂੰਹ।’’
ਪਰ ਉਸ ਦਿਨ ਹਰਖੀ ਬੇਬੇ ਅੱਗਿਓਂ ਬੋਲ ਪਈ ਸੀ।
‘‘ਤੂੰ ਤਾਂ ਕਰਾ ’ਤਾ ਸੀ ’ਲਾਜ। ਵਾਗੀਆਂ ਤਾਂ ਕੀ…। ਤੇਰੇ ਈ ਪੁੱਤ ਨੇ ਭੇਜੇ ਸੀ ਡਾਲਰ। ਤੇਰੀ ਸ਼ਾਨ ਨੂੰ ਨਹੀਂ ਫ਼ਰਕ ਪਾ ਕੇ ਆਈ ਪੇਕੀਂ।’’
ਬਾਪੂ ਦੂਣਾ ਉਖੜ ਗਿਆ ਸੀ।
‘‘ਤੁਸੀਂ ਚੋਰੀਆਂ ਕਮਾਉਂਦੇ ਮੈਥੋਂ।’’
ਉਹ ਦਿਨ ਰਾਤ ਦਾਰੂ ਪੀ ਕੇ ਮੈਨੂੰ ਤੇ ਬੇਬੇ ਨੂੰ ਗਾਲ੍ਹਾਂ ਕੱਢਦਾ ਰਿਹਾ, ਪਰ ਉਹੀ ਬਾਪੂ ਹੁਣ ਕਈ ਦਿਨਾਂ ਤੋਂ ਦਾਰੂ ਛੱਡੀ ਬੈਠੈ। ਰਾਤ ਨੂੰ ਉਹਨੂੰ ਠੀਕ ਤਰ੍ਹਾਂ ਨੀਂਦ ਨਹੀਂ ਆਉਂਦੀ। ਮੈਂ ਨੀਂਦ ਦੀ ਗੋਲੀ ਦੇਣੀ ਚਾਹੀ, ਪਰ ਬਾਪੂ ਨੇ ਇਨਕਾਰ ਕਰ ਦਿੱਤਾ।
‘‘ਘੁੱਟ ਲੈ ਲਾ ਬਾਪੂ। ਨੀਂਦ ਆਜੂ। ਸਾਰੀ ਰਾਤ ਪਾਸੇ ਮਾਰਦਾ ਰਹਿੰਦੈਂ।’’
‘‘ਨਾ ਭੋਲਿਆ ਰੂਹ ਨਹੀਂ ਮੰਨਦੀ।’’
ਬਾਪੂ ਦਾਰੂ ਲਈ ਵੀ ਨਹੀਂ ਸੀ ਮੰਨਿਆ।
ਨੀਂਦ ਤਾਂ ਮੇਰੀ ਵੀ ਉਖੜੀ ਹੋਈ ਹੈ। ਮੈਂ ਬਾਪੂ ਲਈ ਰੋਟੀ ਪਵਾ ਕੇ ਲਿਆਇਆ। ਥਾਲੀ ਫੜਾ ਕੇ ਮੈਂ ਵੀ ਬਾਪੂ ਕੋਲ ਹੀ ਬੈਠਕ ਵਿਚ ਬੈਠ ਗਿਆ। ਬਾਪੂ ਵਿਚਾਰਾ ਜਿਹਾ ਬਣਿਆ ਰੋਟੀ ਖਾਂਦਾ ਰਿਹਾ।
ਮੈਨੂੰ ਲੱਗਿਆ ਬਾਪੂ ਹੁਣੇ ਹੀ ਕੁਝ ਬੋਲੇਗਾ।
‘‘ਹੱਥ ਟੁੱਟਦੇ ਸੇਕ ਲਗਾਉਂਦਿਆਂ! ਕੱਚੀਆਂ ਮੰਨੀਆਂ ਮਾਰ ਦਿੱਤੀਆਂ ਮੱਥੇ।’’
ਥਾਲੀ ਘੁੰਮਦੀ ਹੋਈ ਵਿਹੜੇ ਵਿਚ ਜਾ ਡਿੱਗਦੀ। ਬੇਬੇ ਰੋਟੀਆਂ ਇਕੱਠੀਆਂ ਕਰਕੇ ਖੁਰਲੀ ਵਿਚ ਸੁੱਟ ਦਿੰਦੀ ਤੇ ਨਵੀਆਂ ਪਕਾਉਣ ਲਈ ਫੇਰ ਬੈਠ ਜਾਂਦੀ।
ਕਈ ਵਾਰ ਬਾਪੂ ਦੂਜੇ ਪਾਸਿਓਂ ਕਲੇਸ਼ ਪਾ ਲੈਂਦਾ।
‘‘ਅੱਖਾਂ ਤਾਂ ਮੱਥੇ ’ਤੇ ਧਰੀਆਂ ਹੁੰਦੀਆਂ। ਸੜੇ ਮੰਡ ਲਿਆ ਧਰੇ ਮੇਰੇ ਅੱਗੇ। ਡੰਗਰ ਆ ਨਾ ਮੈਂ।’’
ਉਹ ਬਿਨ ਰੋਟੀ ਖਾਧੇ ਹੀ ਪੈ ਜਾਂਦਾ।
ਮੋਮਬੱਤੀ ਜਿਵੇਂ ਦੋਵੇਂ ਪਾਸੇ ਤੋਂ ਬਲ ਰਹੀ ਹੋਵੇ।
‘‘ਇਹ ਤਾਂ ਮੁੱਢ ਤੋਂ ਈ ਐਸਾ। ਮੈਂ ਤਾਂ ਭੇਦ ਪਾ ਲਿਆ। ਤੂੰ ਐਵੇਂ ਨਾ ਹਰਖੀ ਜਾਇਆ ਕਰ।’’
ਮੈਂ ਕੁਝ ਬੋਲਦਾ ਤਾਂ ਬੇਬੇ ਮੈਨੂੰ ਚੁੱਪ ਕਰਾ ਦਿੰਦੀ।
‘‘ਤੂੰ ਕਿਵੇਂ ਕੱਟੀ ਗਈ ਇਹਦੇ ਨਾਲ।’’
ਮੈਂ ਬੇਬੇ ਦਾ ਸਿਰੜ ਦੇਖ ਕੇ ਹੈਰਾਨ ਹੁੰਦਾ। ਬਾਪੂ ਜੋ ਮਰਜ਼ੀ ਕਰਦਾ ਬੇਬੇ ਮੱਥੇ ਵੱਟ ਨਾ ਪਾਉਂਦੀ। ਬਾਪੂ ਹਰ ਵੇਲੇ ਉਹਨੂੰ ਜ਼ਲੀਲ ਕਰਦਾ, ਪਰ ਉਹ ਹਰ ਗੱਲ ਢਿੱਡ ਵਿਚ ਪਾ ਲੈਂਦੀ।
ਪਰ ਅੱਜ ਤਾਂ ਜਿਵੇਂ ਬਾਪੂ ਸਿਰਫ਼ ਢਿੱਡ ਭਰ ਰਿਹਾ ਸੀ। ਉਹਨੇ ਰੋਟੀਆਂ ਜਿਵੇਂ ਅੰਦਰ ਸੁੱਟਣ ਦੀ ਕੀਤੀ ਤੇ ਉੱਠ ਕੇ ਬਾਹਰ ਨੂੰ ਤੁਰ ਗਿਆ।
ਇਸੇ ਤਰ੍ਹਾਂ ਹੀ ਚੁੱਪ-ਚਾਪ ਉਹ ਇਕ ਵਾਰ ਘਰ ਤੋਂ ਤੁਰ ਗਿਆ ਸੀ। ਭੈਣ ਦੇ ਵਿਆਹ ਤੋਂ ਬਾਅਦ।
ਬੇਬੇ ਸਾਰਾ ਦਿਨ ਉਡੀਕਦੀ ਰਹੀ। ਉਡੀਕ ਵਿਚ ਬੈਠੀ ਨੇ ਉਹਨੇ ਖ਼ੁਦ ਵੀ ਰੋਟੀ ਨਾ ਖਾਧੀ।
ਮੈਂ ਸ਼ਾਮੀਂ ਕਾਲਜ ਤੋਂ ਮੁੜਿਆ। ਬੇਬੇ ਨੇ ਮੈਨੂੰ ਬਾਪੂ ਨੁੂੂੰ ਲੱਭਣ ਲਈ ਤੋਰ ਦਿੱਤਾ। ਮੈਂ ਬਾਪੂ ਨੂੰ ਹਰ ਥਾਂ ਲੱਭਿਆ, ਪਰ ਉਹ ਕਿਤੇ ਵੀ ਨਾ ਮਿਲਿਆ।
ਮੈਂ ਥੱਕ ਹਾਰ ਕੇ ਘਰ ਮੁੜ ਆਇਆ।
ਬੇਬੇ ਨੇ ਰੋਟੀ ਪਕਾਈ, ਪਰ ਖ਼ੁਦ ਚੱਜ ਨਾਲ ਖਾ ਨਾ ਸਕੀ। ਮੈਂ ਬੇਬੇ ਵੱਲ ਦੇਖ-ਦੇਖ ਹੈਰਾਨ ਹੋਈ ਜਾਂਦਾ।
‘‘ਖਬਰੇ ਕਿੱਥੇ ਹੋਣੈ ਡੁੱਬੜਾ। ਸਵੇਰੇ ਚਾਹ ਪੀਂਦਾ ਹੀ ਤੁਰ ਗਿਆ ਸੀ।’’
ਬੁਰਕੀ ਮੂੰਹ ਵਿਚ ਪਾਉਂਦੀ ਬੇਬੇ ਬੁਸਕੀ ਜਾਂਦੀ।
‘‘ਬੇਬੇ ਰੋਟੀ ਖਾ ਕੇ ਪੈ ਜਾ। ਕਿਉਂ ਕਲਪੀ ਜਾਂਦੀ ਐ। ਸਾਰੀ ਉਮਰ ਤੇਰੀ ਕੁੱਟ ਖਾਂਦੀ ਦੀ ਲੰਘ ਗਈ। ਹੁਣ ਤੈਨੂੰ ਫ਼ਿਕਰ ਪੈ ਗਿਆ।’’
ਮੈਂ ਬੇਬੇ ਨੂੰ ਭੱਜ ਕੇ ਪੈ ਗਿਆ।
ਬੇਬੇ ਹੋਰ ਫਿੱਸ ਪਈ।
‘‘ਫ਼ਿਕਰ ਨਾ ਕਰਾਂ? ਬੰਨ੍ਹ ਐ ਘਰਦਾ। ਨਾ ਗੁੱਸੇ ਨਾ ਰਾਜੀ। ਫਿਰ ਕਾਹਤੋਂ ਤੁਰ ਗਿਆ।’’
…ਅਗਲੇ ਦਿਨ ਵੱਡੇ ਤਾਏ ਨੇ ਦੱਸਿਆ, ਬਾਪੂ ਬਾਬੇ ਰੰਗੀ ਰਾਮ ਦੇ ਡੇਰੇ ਬੈਠਾ ਸੀ।
‘‘ਕੁੜੀ ਵਿਆਹ ਕੇ ਆਵਦੇ ਘਰ ਭੇਜ ਦਿੱਤੀ। ਕਬੀਲਦਾਰੀ ਨਜਿੱਠ ’ਤੀ। ਸੰਸਾਰ ਤਿਆਗ ਦਿੱਤਾ ਮੈਂ ਤਾਂ।’’
ਸਾਡੇ ਮਨਾਉਣ ਗਿਆ ਤੋਂ ਬਾਪੂ ਅੱਗਿਓਂ ਇਹ ਗੱਲਾਂ ਕਰਨ ਲੱਗਾ।
ਤਾਏ ਨੇ ਬਹੁਤ ਕਿਹਾ, ਪਰ ਬਾਪੂ ਨਹੀਂ ਸੀ ਮੰਨਿਆ।
ਬੇਬੇ ਦੋ ਦਿਨ ਉਖੜੀ ਰਹੀ। ਆਂਢ-ਗੁਆਂਢ ਤੋਂ ਕੋਈ ਤੀਵੀਂ ਆਉਂਦੀ। ਬੇਬੇ ਬੁਸਕਣ ਲੱਗਦੀ।
‘‘ਖਬਰੇ ਕੀ ਆਈ ਮਨ ’ਚ। ਸਾਧ ਦੇ ਡੇਰੇ ਜਾ ਬੈਠਾ। ਨਾ ਕੋਈ ਦੁੱਖ ਦੱਸੇ। ਨਾ ਬਾਤ।’’
… ਤੇ ਦੂਜੇ-ਚੌਥੇ ਦਿਨ ਬਾਪੂ ਦੇ ਮਨ ਵਿਚ ਪਤਾ ਨਹੀਂ ਕੀ ਆਈ। ਪਿਛਲੇ ਪਹਿਰ ਨੂੂੰ ਘਰ ਮੁੜ ਆਇਆ। ਬੇਬੇ ਨੇ ਚਾਹ ਪਾਣੀ ਦਾ ਪੁੱਛਿਆ, ਪਰ ਉਹ ਕੁਝ ਨਾ ਬੋਲਿਆ। ਬਾਰੀ ’ਚੋਂ ਬੋਤਲ ਕੱਢ ਕੇ ਮੇਜ਼ ’ਤੇ ਰੱਖ ਲਈ। ਉਹ ਦਿਨ ਰਾਤ ਸ਼ਰਾਬ ਪੀਂਦਾ ਰਿਹਾ।
ਮੈਂ ਬਾਪੂ ਦੇ ਉਸ ਰੂਪ ਤੋਂ ਹੈਰਾਨ ਹੁੰਦਾ ਰਹਿੰਦਾ। ਜਿਵੇਂ ਹੁਣ ਬਾਪੂ ਦੇ ਇਸ ਰੂਪ ਤੋਂ ਹੈਰਾਨ ਹਾਂ।
ਤਿੰਨ ਚਾਰ ਦਿਨਾਂ ਬਾਅਦ ਬਾਪੂ ਫੇਰ ਚੰਗਾ ਭਲਾ ਹੋ ਗਿਆ। ਇਕ ਸ਼ਾਮ ਪੈੱਗ ਲਗਾਉਂਦਾ, ਉੱਠ ਕੇ ਬਾਹਰ ਨੂੰ ਤੁਰ ਗਿਆ। ਸਿਆਲੀ ਰੁੱਤ ਸੀ। ਮੁੜਦਾ ਹੋਇਆ ਹੱਟੀਓਂ ਮੂੰਗਫਲੀ-ਰਿਉੜੀਆਂ ਚੁੱਕ ਲਿਆਇਆ। ਰੋਟੀ ਖਾ ਕੇ ਮੇਰੇ ਤੇ ਬੇਬੇ ਕੋਲ ਆਣ ਬੈਠਾ।
‘‘ਖਾ ਲਉ ਭਾਈ ਰੁੱਤ-ਰੁੱਤ ਦਾ ਮੇਵਾ।’’
ਮੇਰੀ ਸੁਰਤ ਵਿਚ ਬਾਪੂ ਪਹਿਲੀ ਵਾਰ ਇਉਂ ਜੀਆਂ ਵਿਚ ਬੈਠਿਆ ਸੀ।
‘‘ਭੋਲਿਆ ਬਾਹਰ ਨਾ ਭੇਜ ਦੀਏ ਤੈਨੂੰ। ਇੱਥੇ ਕਿਹੜਾ ਰੱਖਿਆ ਕੁਝ। ਕੀ ਕਹਿੰਦਾ? ਕੀ ਪਤਾ ਮੈਂ ਤੇ ਮਾਂ ਤੇਰੀ ਵੀ ਵੇਖ ਆਈਏ ਕਿਤੇ ਅੰਗਰੇਜ਼-ਅੰਗਰੇਜ਼ਣਾਂ।’’
ਉਹ ਗੱਲ ਕਰਕੇ ਖ਼ੁਦ ਹੀ ਹੱਸਦਾ ਰਿਹਾ।
ਮੈਂ ਸੋਚਿਆ ਦਾਰੂ ਪੀ ਕੇ ਕੀਤੀਆਂ ਗੱਲਾਂ ਬਾਪੂ ਨੂੰ ਸਵੇਰ ਤਕ ਭੁੱਲ-ਭੁਲਾ ਜਾਣਗੀਆਂ, ਪਰ ਉਹ ਤਾਂ ਏਜੰਟ ਨਾਲ ਪੱਕੀਆਂ ਪਕਾਉਣ ਲੱਗਿਆ ਸੀ। ਮੈਂ ਐੱਮ.ਏ. ਦੇ ਦੂਜੇ ਸਾਲ ’ਚ ਸੀ, ਪਰ ਐੱਮ.ਏ. ਪੂਰੀ ਨਾ ਹੋਈ ਕਿ ਮੇਰਾ ਵੀਜ਼ਾ ਆ ਗਿਆ। ਨਾ ਮੈਂ ਖ਼ੁਸ਼ ਸੀ ਨਾ ਬੇਬੇ, ਪਰ ਬਾਪੂ ਕੋਲੋਂ ਚਾਅ ਨਹੀਂ ਸੀ ਸਾਂਭਿਆ ਜਾਂਦਾ।
ਮੈਂ ਬਾਹਰੋਂ ਫੋਨ ਕਰਦਾ। ਬੇਬੇ ਜਿਵੇਂ ਬਹੁਤ ਡੂੰਘੀ ਥਾਂ ਤੋਂ ਬੋਲਦੀ।
‘‘ਘਰ ਈ ਖਾਲੀ ਹੋ ਗਿਆ। ਕੰਧਾਂ ਵੱਲ ਵੇਖਦੀ ਰਹਿੰਦੀ ਆਂ ਸਾਰਾ ਦਿਨ। ਪਿਉ ਤੇਰੇ ਦਾ ਤਾਂ ਪਤਾ ਤੈਨੂੰ।’’
ਬਾਪੂ ਜਿਵੇਂ ਹੋਰ ਆਜ਼ਾਦ ਹੋ ਗਿਆ ਸੀ।
* * *

ਸਿਮਰਨ ਧਾਲੀਵਾਲ

‘‘ਜੀਆਂ ਨਾਲ ਈ ਰੌਣਕਾਂ! ਤੇਰਾ ਵਿਆਹ ਹੋਇਆ ਹੁੰਦਾ ਤਾਂ ਵਿਹੜਾ ਭਰਿਆ ਹੁੰਦਾ। ਕੁੜੀ ਕਿਹੜਾ ਬਹਿ ਰਹਿਣਾ। ਉਹਦਾ ਵੀ ਟੱਬਰ ਟੀਹਰ ਏ। ਹੱਦ ਭੋਗ ਤੀਕ ਰੁਕਜੂ। ਰੌਣਕ ਤਾਂ ਨਾਲ ਈ ਲੈ ਗਈ ਤੇਰੀ ਬੇਬੇ।’’
ਬਾਹਰੋਂ ਵਾਪਸ ਆ ਕੇ ਬਾਪੂ ਫੇਰ ਮਨ ਭਰ ਆਇਆ।
ਰੋਟੀ ਵਾਲੇ ਭਾਂਡੇ ਉੱਥੇ ਹੀ ਪਏ ਸੀ। ਮੇਰੀ ਸੁਰਤੀ ਟੁੱਟੀ।
‘‘ਜਦ ਬੇਬੇ ਢਿੱਲੀ ਸੀ। ਮੈਨੂੰ ਉਦੋਂ ਕਿਉਂ ਨਾ ਦੱਸਿਆ ਬਾਪੂ?’’
ਤਿੰਨ ਦਿਨਾਂ ਤੋਂ ਮੈਂ ਬਾਪੂ ਨਾਲ ਬੇਬੇ ਬਾਰੇ ਕੋਈ ਗੱਲ ਨਹੀਂ ਸੀ ਕੀਤੀ।
‘‘ਪੁੱਤ ਸੋਚਿਆ ਪਰਦੇਸ ਦਾ ਕੰਮ ਏ। ਢਿੱਲ ਮੱਠ ਤਾਂ ਹੋ ਈ ਜਾਂਦੀ ਐ। ਕੀ ਪਤਾ ਸੀ ਤੂੰ ਮੁੱਕੀ ਤੋਂ ਪਹੁੰਚਣਾ!’’
ਮੇਰੀਆਂ ਅੱਖਾਂ ਅੱਗੇ ਬੇਬੇ ਆ ਗਈ।
ਜਦ ਮੈਂ ਘਰ ਪਹੁੰਚਿਆ ਸਸਕਾਰ ਦੀ ਤਿਆਰੀ ਹੋ ਰਹੀ ਸੀ।
‘‘ਦੋ ਦਿਨ ਤਾਂ ਹੋਗੇ ਪੁੱਤ ਰਾਹ ਵੇਖਦਿਆਂ।’’
ਕੋਈ ਜਣਾ ਮੈਨੂੰ ਵਰਾਉਣ ਲੱਗਿਆ ਸੀ।
* * *
ਮੈਂ ਚਿਤਾ ਨੂੰ ਲਾਂਬੂ ਲਾਇਆ।
ਸਭ ਤੋਂ ਉੱਚੀ ਭੁੱਬ ਬਾਪੂ ਨੇ ਮਾਰੀ। ਉਹ ਨਿਆਣਿਆਂ ਵਾਂਗ ਰੋਂਦਾ ਰਿਹਾ।
‘‘ਤੇਰੇ ਬਿਨਾਂ ਮੇਰਾ ਕੌਣ ਏ ਬਚਨ ਕੁਰੇ।’’
ਬਾਪੂ ਨੂੰ ਰੋਂਦਿਆਂ ਦੇਖ ਕੇ ਮੇਰਾ ਮਨ ਵੀ ਬੇਕਾਬੂ ਹੋ ਗਿਆ। ਮੜੀਆਂ ਤੋਂ ਘਰ ਤੀਕ ਆਉਂਦਿਆਂ ਮੇਰੇ ਪੈਰ ਮਣਾਂ ਮੂੰਹੀਂ ਭਾਰੇ ਹੋ ਗਏ।
ਕਦੇ ਮੇਰੇ ਸਾਹਮਣੇ ਧਾਹਾਂ ਮਾਰਦਾ ਬਾਪੂ ਆ ਜਾਂਦਾ। ਕਦੇ ਬੇਬੇ। ਕਦੇ ਸੁਰਤ ਸੰਭਲੀ ਤੋਂ ਲੈ ਕੇ ਹੁਣ ਤੀਕ ਘਰ ਵਿਚ ਚਲਦੇ ਰਹਿੰਦੇ ਯੁੱਧ ਦੀ ਤਸਵੀਰ ਮੇਰੀਆਂ ਅੱਖਾਂ ਅੱਗੇ ਚੱਲਣ ਲੱਗਦੀ।
ਪਰ ਬਾਪੂ ਦਾ ਇਹ ਰੂਪ ਮੈਨੂੰ ਹੈਰਾਨ ਕਰੀ ਜਾਂਦਾ।
‘ਬੰਦੇ ਦੇ ਕਿੰਨੇ ਹੀ ਰੂਪ ਹੁੰਦੇ ਨੇ…’ ਮੈਂ ਮਨ ਵਿੱਚ ਸੋਚਦਾ।
‘‘ਕੀ ਸੋਚੀਂ ਜਾਂਦਾ ਭੋਲਿਆ! ਜਾ ਕੇ ਪੈ ਜਾ। ਹੁਣ ਲਿਖਤਾਂ ਨੂੰ ਕੌਣ ਮੋੜੇ। ਘਰ ਤਾਂ ਜੀਅ-ਜੰਤ ਨਾਲ ਹੀ ਸੋਂਹਦੇ ਨੇ…। ਤੀਵੀਂ ਬਿਨਾਂ ਕਾਹਦਾ ਘਰ।’’
ਆਖ ਕੇ ਬਾਪੂ ਵਾਹਿਗੁਰੂ-ਵਾਹਿਗਰੂ ਕਰਨ ਲੱਗਿਆ।
ਸੰਪਰਕ: 94632-15168


Comments Off on ਘਰ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.