ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਗੁਨਾਹ ਦਾ ਅਹਿਸਾਸ ਕਿਉਂ ਨਹੀਂ ਮਰਦਾ ?

Posted On June - 29 - 2019

ਸਾਂਵਲ ਧਾਮੀ

ਵੰਡ ਦੇ ਦੁੱਖੜੇ

ਪਿੰਡ ਕਾਂਟੀਆਂ ਦਾ ਬਜ਼ੁਰਗ ਬਾਬਾ ਹਜ਼ਾਰਾ

ਸਾਂਵਲ ਧਾਮੀ ਨੇ ਵੰਡ ਤੋਂ ਪੀੜਤ ਲੋਕਾਂ ਦੀਆਂ ਯਾਦਾਂ, ਤਜਰਬਿਆਂ, ਦੁੱਖਾਂ, ਦੁਸ਼ਵਾਰੀਆਂ ਨੂੰ ਇਕੱਠੇ ਕਰਨ ਦਾ ਵੱਡਾ ਕਾਰਜ ਆਰੰਭਿਆ ਹੋਇਆ ਹੈ। ਉਹ ਇਸ ਸਬੰਧ ਵਿਚ ਯੂ-ਟਿਊਬ ’ਤੇ ‘ਸੰਤਾਲ਼ੀਨਾਮਾ’ ਚੈਨਲ ਵੀ ਚਲਾ ਰਿਹਾ ਹੈ। ਇਹ ਕਾਲਮ ਵੰਡ ਦੀਆਂ ਦਰਦ ਕਹਾਣੀਆਂ ਪੇਸ਼ ਕਰਦਾ ਹੈ।
ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਭੀਖੋਵਾਲ ਤੋਂ ਚੜ੍ਹਦੇ ਪਾਸੇ ਘੁੱਗ ਵੱਸਦਾ ਪਿੰਡ ਹੈ ਕਾਂਟੀਆਂ। ਇਸ ਪਿੰਡ ਦਾ ਰਕਬਾ ਚਵੀ ਸੌ ਕਿੱਲੇ ਦੇ ਕਰੀਬ ਹੈ। ਅੱਜ ਇਹ ਪਿੰਡ ਇਕੋ ਥਾਂ ਵੱਸਦਾ ਹੈ, ਪਰ ਸੰਤਾਲੀ ਤੋਂ ਪਹਿਲਾਂ ਇਸ ਦੀਆਂ ਦੋ ਆਬਾਦੀਆਂ ਸਨ। ਦੱਖਣ ਦਿਸ਼ਾ ਵਾਲੀ ਆਬਾਦੀ ’ਚ ਨਿਰੋਲ ਮੁਸਲਿਮ ਗੁੱਜਰ ਵੱਸਦੇ ਸਨ ਤੇ ਉੱਤਰ ਦੀ ਗੁੱਠੇ ਗੁੱਜਰ ਤੇ ਆਦਿ-ਧਰਮੀ। ਨਿਹਾਲਾ ਤੇ ਖੈਰਦੀਨ ਲੰਬੜ ਇਸ ਪਿੰਡ ਦੇ ਚੌਧਰੀ ਬੰਦੇ ਸਨ।
ਸੰਤਾਲੀ ਦੇ ਆਰ-ਪਾਰ ਦੀਆਂ ਗੱਲਾਂ ਸੁਣਨ ਲਈ ਮੈਂ ਨੱਬੇ ਵਰ੍ਹਿਆਂ ਦੇ ਬਜ਼ੁਰਗ ਬਾਬੇ ਹਜ਼ਾਰੇ ਨੂੰ ਮਿਲਿਆ। ਉਸਨੇ ਇਉਂ ਬੋਲਣਾ ਸ਼ੁਰੂ ਕਰ ਦਿੱਤਾ, ਜਿਉਂ ਸਭ ਕੁਝ ਲਿਖ ਕੇ ਯਾਦ ਕਰਦਾ ਰਿਹਾ ਹੋਵੇ। ਆਪਣੇ ਹਾਣੀ ਗੁਲਾਬ ਨਬੀ ਤੇ ਬੂਟੇ ਨੂੰ ਯਾਦ ਕਰਦਿਆਂ ਉਸ ਦੀਆਂ ਅੱਖਾਂ ਭਰ ਆਈਆਂ। ਉਹ ਫਜ਼ਲੇ, ਬੂਰੇ ,ਦੌਲੇ, ਗ਼ੁਲਾਮ ਨਬੀ, ਬੂਟੇ, ਲਾਡੋ ਤੇ ਜੈਨਾ ਹੁਰਾਂ ਦੀਆਂ ਗੱਲਾਂ ਕਰਦਾ ਰਿਹਾ। ਇਨ੍ਹਾਂ ਕੁੜੀਆਂ ਤੇ ਮੁੰਡਿਆਂ ਨਾਲ ਕਦੇ ਉਹ ਮੱਝਾਂ ਚਾਰਦਾ ਹੁੰਦਾ ਸੀ। ਫਿਰ ਉਸਨੂੰ ਵਿਛੋੜੇ ਦਾ ਉਹ ਮੰਜ਼ਰ ਯਾਦ ਆ ਗਿਆ, ਜਦੋਂ ਬੂਟਾ, ਹਾਕੋ, ਸਰਦਾਰ, ਨਿਆਜ਼ ਖੜ੍ਹੇ ਕੂਕਾਂ ਮਾਰ ਰਹੇ ਸਨ। ਉਨ੍ਹਾਂ ਦੇ ਪਰਿਵਾਰ ਦੀ ‘ਸਾਂਝ’ ਦੁੱਲੇ ਗੁੱਜਰ ਨਾਲ ਸੀ।
“ਆਹ ਮੰਜਾ ਦੁੱਲੇ ਚਾਚੇ ਨੇ ਐਸਾਂ ਭੈਣ ਦੇ ਦਾਜ ਲਈ ਬਣਵਾਇਆ ਸੀ।” ਜਿਸ ਮੰਜੇ ’ਤੇ ਬੈਠਾ ਉਹ ਗੱਲਾਂ ਕਰ ਰਿਹਾ ਸੀ, ਉਸ ਦੇ ਪਾਵੇ ’ਤੇ ਉਸਨੇ ਇਉਂ ਹੱਥ ਫੇਰਿਆ ਜਿਵੇਂ ਪਾਲਤੂ ਖ਼ਰਗੋਸ਼ ਦਾ ਸਿਰ ਪਲੋਸ ਰਿਹਾ ਹੋਵੇ।
“ਬੜੀ ਅਜਬ ਕਹਾਣੀ ਹੈ ਇਸ ਮੰਜੇ ਦੀ। ਅਲਮਾਰੀ ਤੇ ਇਹ ਮੰਜਾ ਦੁੱਲੇ ਚਾਚੇ ਨੇ ਭੂੰਗੇ ਤੋਂ ਬਣਵਾਏ ਸੀ। ਅਸੀਂ ਖ਼ੁਦ ਗੱਡੇ ’ਤੇ ਲੱਦ ਕੇ ਲਿਆਏ ਸਾਂ। ਥੋੜ੍ਹੇ ਦਿਨਾਂ ਤਕ ਐਸਾਂ ਭੈਣ ਦਾ ਨਿਕਾਹ ਸੀ। ਫਿਰ ਚੰਦਰਾ ਸੰਤਾਲੀ ਆ ਗਿਆ। ਉਹ ਲੋਕ ਉੱਜੜ ਗਏ। ਮੱਝਾਂ, ਗਾਈਆਂ ਤੇ ਬੱਕਰੀਆਂ ਬਾਹਰਲੇ ਪਿੰਡਾਂ ਵਾਲੇ ਲੈ ਗਏ। ਮੈਂ ਇਹ ਮੰਜਾ ਚੁੱਕ ਲਿਆਂਦਾ। ਮੈਂ ਨਿੱਕਾ-ਨਿੱਕਾ ਹੋਰ ਵੀ ਬੜਾ ਸਾਮਾਨ ਚੁੱਕਿਆ ਸੀ। ਉਹ ਮੈਂ ਪੁਲੀਸ ਦੇ ਡਰ ਤੋਂ ਮਿੱਟੀ ’ਚ ਦੱਬ ਦਿੱਤਾ ਸੀ। ਓਥੋਂ ਕੋਈ ਹੋਰ ਕੱਢ ਕੇ ਲੈ ਗਿਆ। ਚੋਰਾਂ ਨੂੰ ਮੋਰ ਪੈ ਗਏ।”
ਕਾਂਟੀਆਂ ਦੀ ਬਹੁਤੀ ਜ਼ਮੀਨ ਰੇਤਲੀ ਸੀ। ਸਰਕੜਿਆਂ ਨਾਲ ਭਰੀ ਹੋਈ। ਜ਼ਮੀਨਾਂ ਵਾਲੇ ਬਹੁਤੇ ਗੁੱਜਰ ਵੀ ਲੱਕੜੀਆਂ ਵੇਚ ਕੇ ਗੁਜ਼ਾਰਾ ਕਰਦੇ ਸਨ। ਮੀਂਹ ਦੀ ਆਸ ’ਤੇ ਥੋੜ੍ਹਾ-ਥੋੜ੍ਹਾ ਥਾਂ ਬੀਜ ਲੈਂਦੇ। ਬਲਦ ਵੀ ਵਿਰਲੇ-ਟਾਂਵੇਂ ਗੁੱਜਰ ਕੋਲ ਹੁੰਦੇ ਸਨ। ਗ਼ੁਲਾਮ ਮੁਹੰਮਦ ਦੇ ਅਮੀਰ ਹੋਣ ਦੀ ਕਹਾਣੀ ਵੀ ਬਹੁਤ ਅਨੋਖੀ ਏ। ਉਹ ਚਾਰ ਭਰਾ ਸਨ। ਹੋਰਾਂ ਵਾਂਗ ਗ਼ਰੀਬੀ ਦੇ ਝੰਬੇ ਹੋਏ। ਉਨ੍ਹਾਂ ਨੇ ਊਠਣੀ ਰੱਖੀ ਹੋਈ ਸੀ। ਕਾਨੇ ਤੋੜ ਕੇ ਵੇਚਦੇ ਹੁੰਦੇ ਸਨ। ਗ਼ੁਲਾਮ ਪਿੰਡੋਂ ਹੱਜ ’ਤੇ ਗਿਆ ਸੀ। ਵਾਟੇ ਕਿਸੇ ਸ਼ਹਿਰ ’ਚ ਉੱਨ ਦੀ ਬੋਲੀ ਹੋ ਰਹੀ ਸੀ। ਉਸਨੇ ਵੀ ਬੋਲੀ ਦੇ ਦਿੱਤੀ। ਬੋਲੀ ਉਸਦੇ ਨਾਂ ਟੁੱਟ ਗਈ। ਉਸੀ ਵਕਤ ਉੱਨ ਨੂੰ ਖ਼ਰੀਦਣ ਲਈ ਵਪਾਰੀ ਆ ਗਿਆ। ਖੜੇ-ਖੜੋਤੇ ਨੂੰ ਹਜ਼ਾਰਾਂ ਰੁਪਏ ਮਿਲ ਗਏ। ਵਾਪਸ ਮੁੜਿਆ ਤਾਂ ਉਹ ਗ਼ਰੀਬਾਂ ’ਚ ਵੰਡਣ ਲਈ ਕੰਬਲ ਲੈ ਕੇ ਆਇਆ। ਤਿੰਨ-ਚਾਰ ਦਿਨ ਨਿਆਜ਼ਾਂ ਦਿੰਦਾ ਰਿਹਾ। ਫਿਰ ਉਸਨੇ ਖੇਮਕਰਨ ਵਿਖੇ ਉੱਨ ਦਾ ਕਾਰਖਾਨਾ ਖ਼ਰੀਦ ਲਿਆ ਤੇ ਗ਼ਰੀਬ ਗੁੱਜਰਾਂ ਦੇ ਕਈ ਮੁੰਡੇ ਕੰਮ ’ਤੇ ਲਗਾ ਲਏ।

ਸਾਂਵਲ ਧਾਮੀ

ਸੰਤਾਲੀ ’ਚ ਗ਼ੁਲਾਮ ਮੁਹੰਮਦ ਤੇ ਉਸਦੇ ਭਰਾ ਆਪਣੇ ਟੱਬਰਾਂ ਦੀ ਹਿਫ਼ਾਜ਼ਤ ਲਈ ਰਫ਼ਲਾਂ ਲੈ ਕੇ ਖੇਮਕਰਨ ਤੋਂ ਆਏ। ਪਿੰਡੋਂ ਉੱਜੜ ਕੇ ਇਹ ਲੋਕ ਨੇੜਲੇ ਕਸਬੇ ਹਰਿਆਣੇ ਦੇ ਕੈਂਪ ’ਚ ਪਹੁੰਚ ਗਏ। ਰਾਸ਼ਨ-ਪਾਣੀ ਲਈ ਉਹ ਵਿਚ-ਵਿਚਾਲੇ ਪਿੰਡ ਵੱਲ ਗੇੜਾ ਮਾਰ ਲੈਂਦੇ। ਇਕ ਸ਼ਾਮ ਨੇੜਲੇ ਪਿੰਡਾਂ ਦੇ ਲੋਕ ਕਾਂਟੀਆਂ ਨੂੰ ਲੁੱਟ ਰਹੇ ਸਨ। ਗ਼ੁਲਾਮ ਮੁਹੰਮਦ ਹੁਰਾਂ ਗੋਲੀ ਚਲਾ ਦਿੱਤੀ। ਡਡਿਆਣੇ ਪਿੰਡ ਦੇ ਦੋ ਬੰਦੇ ਇਸ ਪਿੰਡ ’ਚ ਮਾਰੇ ਗਏ।
ਮੁਸਲਮਾਨ ਗਏ ਤਾਂ ਅੰਬਰ ਕਈ ਦਿਨ ਰੋਂਦਾ ਰਿਹਾ। ਪਹਾੜਾਂ ਵੱਲੋਂ ਪਾਣੀ ਚੜ੍ਹ ਆਇਆ। ਮੁਸਲਮਾਨਾਂ ਦੇ ਘਰ ਚੜ੍ਹਦੇ ਪਾਸੇ ਸਨ। ਵਿਚਕਾਰ ਬਰੇਤਾ ਪੈ ਗਿਆ। ਘਰ ਬਹਿਣ ਲੱਗੇ। ਸੱਤਵੇਂ ਦਿਨ ਮੀਂਹ ਮੱਠਾ ਪਿਆ ਤਾਂ ਨੌਜਵਾਨਾਂ ਨੇ ਲੰਬੇ-ਲੰਬੇ ਸੋਟੇ ਲਏ ਤੇ ਪਾਣੀ ਟੋਹ-ਟੋਹ ਕੇ ਬਜ਼ੁਰਗਾਂ ਨੂੰ ਲੰਘਾਇਆ। ਦਰਅਸਲ, ਸੰਨ ਸੰਤਾਲੀ ਨੇ ਆਦਿ-ਧਰਮੀਆਂ ਨੂੰ ਵੀ ਉਜਾੜ ਦਿੱਤਾ ਸੀ ਤੇ ਉਹ ਹਮੇਸ਼ਾਂ ਲਈ ਦੱਖਣ ਦਿਸ਼ਾ ਵਾਲੀ ਆਬਾਦੀ ’ਚ ਆਣ ਵਸੇ ਸਨ।
ਲੀਕੋਂ ਪਾਰ ਗਏ ਗ਼ੁਲਾਮ ਮੁਹੰਮਦ ਨੇ ਪਿੰਡ ਵਾਸੀਆਂ ਨੂੰ ਕਈ ਚਿੱਠੀਆਂ ਪਾਈਆਂ। ਮੁੜ-ਮੁੜ ਇਕੋ ਗੱਲ ਲਿਖਦਾ ਕਿ ਮਨ ਬਣਾਓ ਅਸੀਂ ਇਕ ਦਿਨ ’ਚ ਹੀ ਸਾਰਾ ਪਿੰਡ ਲੈ ਜਾਵਾਂਗੇ। ਲਹਿੰਦੇ ਪੰਜਾਬ ’ਚ ਇਸ ਟੱਬਰ ਨੇ ਆਪਣਾ ਕਾਰੋਬਾਰ ਹੋਰ ਵੀ ਵਧਾ ਲਿਆ ਸੀ।
ਗੁੱਜਰਾਂ ਵਾਲ਼ੀ ਜ਼ਮੀਨ ਸਿਆਲਕੋਟੀਆਂ ਨੂੰ ਅਲਾਟ ਹੋਈ ਸੀ। ਉਹ ਬਹੁਤੀ ਦੇਰ ਪਿੰਡ ’ਚ ਟਿਕ ਨਾ ਸਕੇ। ਰੇਤੀਲੀ ਜ਼ਮੀਨ ਤੇ ਸਰਕੜਿਆਂ ਦੇ ਜੰਗਲ ਕੋਲੋਂ ਡਰ ਗਏ। ਜ਼ਮੀਨਾਂ ਵੇਚ ਅਗਾਂਹ ਚਲੇ ਗਏ। ਓਧਰ ਪਾਕਿਸਤਾਨ ’ਚ ਕਾਂਟੀਆਂ ਦੀ ਜ਼ਮੀਨ ‘ਵੈਰਾਨੀ’ ਮਿੱਥੀ ਗਈ। ਕੋਈ ਅੱਠ-ਦਸ ਵਰ੍ਹੇ ਇੱਥੋਂ ਦੇ ਗੁੱਜਰ ਜ਼ਮੀਨ ਤੋਂ ਵਿਰਵੇ ਰਹੇ। ਨਿਹਾਲ ਦਾ ਮੁੰਡਾ ਇਕਬਾਲ ਪਟਵਾਰੀ ਸੀ। ਉਸਦੀ ਕੋਸ਼ਿਸ਼ ਨਾਲ ਕਾਂਟੀਆਂ ਵਾਲਿਆਂ ਨੂੰ ਜ਼ਮੀਨ ਮਿਲੀ।
ਕੱਚੇ ਵੱਢੇ ਕਾਨੇ ਦੀ ਅਖੀਰਲੀ ਨਾਲ਼ੀ ਨੂੰ ਨਾਕੂ ਕਿਹਾ ਜਾਂਦਾ। ਇਹ ਸੂਈ ਵਰਗੀ ਤਿੱਖੀ ਹੁੰਦਾ ਹੈ ਤੇ ਚਮੜੇ ਤੇ ਧੌੜੀਆਂ ਰੰਗਣ ਵੇਲੇ ਨਾਲ ਸੀਤੀ ਜਾਂਦੀ ਹੈ। ਜਦੋਂ ਚਮੜਾ ਪੱਕ ਜਾਂਦਾ ਹੈ ਤਾਂ ਨਾਕੂਆਂ ਨੂੰ ਵਿਚੇ ਹੀ ਵੱਢ ਦਿੱਤਾ ਜਾਂਦਾ ਹੈ। ਨਾਲੀਆਂ ਦਾ ਫੂਸ ਉਵੇਂ ਚਮੜੇ ਵਿਚ ਫਸਿਆ ਰਹਿ ਜਾਂਦਾ। ਰੰਗੀਆਂ ਹੋਈਆਂ ਉਹ ਧੌੜੀਆਂ ਬਹੁਤ ਮਹਿੰਗੇ ਭਾਅ ਵਿਕਦੀਆਂ ਨੇ। ਧੌੜੀਆਂ ਨਾਲ ਨਾਕੂ ਵੀ ਜੋਖੇ ਜਾਂਦੇ ਨੇ। ਸੋ ਇਹ ਨਾਲੀਆਂ ਵੀ ਧੌੜੀ ਦੇ ਭਾਅ ਵਿਕ ਜਾਂਦੀਆਂ ਨੇ।
ਕਿੱਧਰੋਂ ਇਕਬਾਲ ਦੇ ਹੱਥ ਇਹ ਨਾਲੀਆਂ ਆ ਗਈਆਂ। ਨਾਲੀਆਂ ਲੈ ਕੇ ਉਹ ਅਦਾਲਤ ਵਿਚ ਪੇਸ਼ ਹੋ ਗਿਆ। ਉਸਨੇ ਜੱਜ ਨੂੰ ਕਿਹਾ ਕਿ ਸਾਡੇ ਪਿੰਡ ਕਾਂਟੀਆਂ ਦੇ ਖੇਤ ਬੰਜਰ ਨਹੀਂ ਸਨ। ਉਨ੍ਹਾਂ ਵਿਚ ਆਹ ਚੀਜ਼ ਉੱਗਦੀ ਤੇ ਤਿਆਰ ਹੁੰਦੀ ਸੀ। ਬਸ! ਇਕ ਇਹੋ ਸਬੂਤ ਕਾਂਟੀਆਂ ਦੇ ਮੁਸਲਮਾਨਾਂ ਲਈ ਵਧੀਆ ਜ਼ਮੀਨ ਦਾ ਜ਼ਰੀਆ ਬਣ ਗਿਆ। ਭੁੱਖੇ ਮਰਦੇ-ਮਰਦੇ ਉਹ ਲੋਕ ਮੁਰੱਬਿਆਂ ਦੇ ਮਾਲਕ ਹੋ ਗਏ। ਹੁਣ ਉਹ ਕਾਂਟੀਆਂ ਵਾਲਿਆਂ ਨੂੰ ਚਿੱਠੀਆਂ ਲਿਖਦੇ ਤਾਂ ਨਹਿਰੀ ਪਾਣੀਆਂ, ਲਹਿ-ਲਹਾਉਂਦੀਆਂ ਫ਼ਸਲਾਂ ਤੇ ਜ਼ਿੰਦਗੀ ’ਚ ਆਏ ਖ਼ੁਸ਼ੀਆਂ-ਖੇੜਿਆਂ ਦਾ ਜ਼ਿਕਰ ਜ਼ਰੂਰ ਕਰਦੇ। ਭਾਵੇਂ ਕਿ ਕਾਂਟੀਆਂ ਬੰਜਰ ਸੀ, ਬੇਸ਼ੱਕ ਇਸ ਪਿੰਡ ਨੇ ਉਨ੍ਹਾਂ ਨੂੰ ਕਦੇ ਵੀ ਰੱਜਵੀਂ ਰੋਟੀ ਨਹੀਂ ਸੀ ਬਖ਼ਸ਼ੀ, ਪਰ ਉਨ੍ਹਾਂ ਦੀਆਂ ਚਿੱਠੀਆਂ ’ਤੇ ਹੰਝੂਆਂ ਦੇ ਨਿਸ਼ਾਨ ਜ਼ਰੂਰ ਹੁੰਦੇ ਸਨ।
ਗੱਲਬਾਤ ਦੇ ਅਖ਼ੀਰ ’ਚ ਬਾਬਾ ਹਜ਼ਾਰਾ ਮੇਰੇ ਕੋਲ ਹੁੰਦਿਆਂ ਬੋਲਿਆ,“ਪੁੱਤਰਾ! ਸੰਤਾਲੀ ’ਚ ਪਾਪੀਆਂ ਲੱਖਾਂ ਬੇਗੁਨਾਹ ਮਾਰੇ। ਘਰ ਉਜਾੜੇ। ਲੁੱਟਾਂ-ਖੋਹਾਂ ਕੀਤੀਆਂ। ਧੀਆਂ-ਭੈਣਾਂ ਦੀ ਬੇਪਤੀ ਵੀ ਕੀਤੀ। ਇਕ ਗ਼ਲਤੀ ਮੈਥੋਂ ਵੀ ਹੋ ਗਈ। ਮੈਂ ਆਹ ਮੰਜਾ ਚੁੱਕ ਲਿਆਇਆ। ਉਹ ਵੀ ਭੈਣ ਐਸਾਂ ਦੇ ਦਾਜ ਦਾ। ਮੈਂ ਕਈ ਚਿੱਠੀਆਂ ਵੀ ਲਿਖਵਾਈਆਂ। ਖੌਰੇ ਦੁੱਲੇ ਚਾਚੇ ਨੂੰ ਮਿਲੀਆਂ ਈ ਨਹੀਂ। ਕਾਸ਼ ਕਿਸੇ ਤਰ੍ਹਾਂ ਇਹ ਮੰਜਾ ਮੈਂ ਪਾਕਿਸਤਾਨ ਪਹੁੰਚਾ ਸਕਦਾ!”
“ਲੈ! ਰੋਂਦਾ ਮੰਜੇ ਨੂੰ, ਤੇਰੀ ਐਸਾਂ ਤਾਂ ਕਦੋਂ ਦੀ ਮਰ ਗਈ ਹੋਣੀ ਏਂ!” ਕੋਲ ਬੈਠੀ ਉਸਦੀ ਪਤਨੀ ਗੁੱਸੇ-ਭਰੇ ਮਜ਼ਾਕ ’ਚ ਬੋਲੀ।
“ਉਹ ਤਾਂ ਠੀਕ ਹੈ, ਪਰ ਮੈਂ ਕੀ ਕਰਾਂ? ਉਸ ਗੁਨਾਹ ਦਾ ਅਹਿਸਾਸ ਕਿਉਂ ਨਹੀਂ ਮਰਦਾ!” ਇਹ ਆਖਦਿਆਂ ਬਾਬੇ ਹਜ਼ਾਰੇ ਨੇ ਬੁੱਢੀਆਂ ਅੱਖਾਂ ਨੂੰ ਝੁਰੜਾਏ ਹੱਥਾਂ ’ਚ ਲੁਕੋ ਲਿਆ।
ਸੰਪਰਕ: 97818-43444


Comments Off on ਗੁਨਾਹ ਦਾ ਅਹਿਸਾਸ ਕਿਉਂ ਨਹੀਂ ਮਰਦਾ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.