ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਗਾਂਧੀ ਵੱਲੋਂ ‘ਪੰਜਾਬੀਅਤ ਦੀ ਮੁੜ ਉਸਾਰੀ ਕਰਨ’ ਦਾ ਨਾਅਰਾ ਬਰਕਰਾਰ ਰੱਖਣ ਦਾ ਐਲਾਨ

Posted On June - 12 - 2019

ਤਰਲੋਚਨ ਸਿੰਘ
ਚੰਡੀਗੜ੍ਹ, 11 ਜੂਨ
ਨਵਾਂ ਪੰਜਾਬ ਪਾਰਟੀ ਵੱਲੋਂ ਪਟਿਆਲਾ ਤੋਂ ਚੋਣ ਲੜੇ ਤੇ ਹਾਰੇ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਆਪਣੇ ‘ਪੰਜਾਬੀਅਤ ਦੀ ਮੁੜ ਉਸਾਰੀ ਕਰਨ’ ਦੇ ਨਾਅਰੇ ਨੂੰ ਬਰਕਰਾਰ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮਿੱਥੇ ‘ਫੈਡਰਲ ਭਾਰਤ ਤੇ ਜਮਹੂਰੀ ਪੰਜਾਬ’ ਦੇ ਟੀਚੇ ਉੱਪਰ ਹਾਰ ਜਾਂ ਜਿੱਤ ਦਾ ਕੋਈ ਅਸਰ ਨਹੀਂ ਹੈ ਅਤੇ ਉਹ ਹਮਖ਼ਿਆਲੀ ਧਿਰਾਂ ਨੂੰ ਇਕ ਪਲੇਟਫਾਰਮ ’ਤੇ ਲਿਆ ਕੇ ਮਿੱਥਿਆ ਟੀਚਾ ਸਰ ਕਰਨ ਲਈ ਯਤਨ ਕਰਨਗੇ। ਉਨ੍ਹਾਂ ਖ਼ੁਲਾਸਾ ਕੀਤਾ ਕਿ ਧਰਮ ਅਤੇ ਜਾਤਾਂ ਦੇ ਆਧਾਰ ’ਤੇ ਖਿੰਡੇ ਪੰਜਾਬੀ ਸਮਾਜ ਨੂੰ ਇਸ ਕਮਜ਼ੋਰ ਅਤੇ ਨਿਤਾਣੀ ਹਾਲਤ ਵਿਚੋਂ ਕੱਢ ਕੇ ਪੰਜਾਬੀਅਤ ਦੀ ਸਾਂਝ ਕਾਇਮ ਕਰਨ ਦੀ ਮੁਹਿੰਮ ਛੇੜਨ ਲਈ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨਾਲ ਤਕਰੀਬਨ ਸਹਿਮਤੀ ਬਣ ਚੁੱਕੀ ਹੈ।
ਡਾ. ਗਾਂਧੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਨਵਾਂ ਪੰਜਾਬ ਪਾਰਟੀ ਲਈ ਤਿਆਰ ਕੀਤਾ ‘ਐਲਾਨਨਾਮਾ’ ਪੰਜਾਬ ਦੇ ਦਰਦਨਾਕ ਸੰਕਟ ਅਤੇ ਘੋਰ ਆਫ਼ਤ ਵਿਚ ਘਿਰੇ ਪੰਜਾਬ ਦੀ ਬਾਤ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਦਾ ਸੀ ਪਰ ਜਦੋਂ ਦਾ ਇਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਿਆਸੀ ਬੁੱਕਲ ਵਿਚ ਬੈਠ ਗਿਆ ਹੈ, ਉਸ ਸਮੇਂ ਤੋਂ ਅਕਾਲੀ ਦਲ ਦਾ ਖੇਤਰੀ ਸਰੂਪ ਖਤਮ ਹੋ ਕੇ ਕੇਂਦਰਵਾਦੀ ਬਣ ਗਿਆ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਤੋਂ ਭਗੌੜਾ ਹੋ ਗਿਆ ਹੈ, ਜਿਸ ਕਾਰਨ ਪੰਜਾਬੀ ਆਪਣੀ ਰਾਜਧਾਨੀ ਚੰਡੀਗੜ੍ਹ ਲਈ ਪਿਛਲੇ 52 ਸਾਲਾਂ ਤੋਂ ਤਰਸ ਰਹੇ ਹਨ। ਦੂਸਰੇ ਪਾਸੇ ਪੰਜਾਬ ਕਾਂਗਰਸ ਮੁੱਢ ਤੋਂ ਹੀ ਕੇਂਦਰਵਾਦੀ ਸਿਆਸਤ ਕਰ ਕੇ ਪੰਜਾਬ ਦਾ ਘਾਣ ਕਰਦੀ ਆ ਰਹੀ ਹੈ, ਜਿਸ ਕਾਰਨ ਪੰਜਾਬ ਸਿਆਸੀ ਤੌਰ ’ਤੇ ਯਤੀਮ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਅਜਿਹਾ ਸਿਆਸੀ ਮੰਚ ਬਣਾਉਣਗੇ, ਜੋ ਉੱਜੜ ਰਹੇ ਪੰਜਾਬ ਨੂੰ ਬਚਾਉਣ ਲਈ ਪੰਜਾਬੀਆਂ ਦੇ ਵਾਰਸ ਦੀ ਭੂਮਿਕਾ ਨਿਭਾਵੇਗਾ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਦੇ ਮੁੱਦੇ ’ਤੇ ਜ਼ਹਿਰ ਉਗਲਦੇ ਆ ਰਹੇ ਹਨ ਅਤੇ ਅਕਾਲੀ ਦਲ ਬਰਗਾੜੀ ਮੋਰਚੇ ਵਾਲਿਆਂ ਨੂੰ ਪਾਕਿਸਤਾਨੀ ਏਜੰਟ ਦੱਸਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਕਿਸਤਾਨ ਨਾਲ ਦੋਸਤੀ ਦਾ ਪੈਗ਼ਾਮ ਦੇਣਾ ਚਾਹੀਦਾ ਹੈ ਕਿਉਂਕਿ ਸੂਬੇ ਦੀ ਤਰੱਕੀ ਦਾ ਰਾਹ ਪਾਕਿਸਤਾਨ ਰਾਹੀਂ ਹੀ ਨਿਕਲਣਾ ਸੰਭਵ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦਾ ਪੰਜਾਬ ਪ੍ਰਤੀ ਸੰਵੇਦਨਹੀਣ, ਲਾਪ੍ਰਵਾਹੀ, ਮਿਲੀਭੁਗਤ, ਸਾਜ਼ਿਸ਼ਾਂ, ਵਿਤਕਰੇ ਅਤੇ ਗ਼ੈਰ-ਜ਼ਿੰਮੇਵਾਰੀ ਵਾਲਾ ਵਤੀਰਾ ਸੂਬੇ ਲਈ ਘਾਤਕ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ 1947 ਤੋਂ ਸਾਜ਼ਿਸ਼ੀ ਢੰਗ ਨਾਲ ਪੰਜਾਬ ਨਾਲ ਧਰੋਹ ਕਰ ਕੇ ਸੂਬੇ ਦੇ ਕੁਦਰਤੀ ਵਸੀਲਿਆਂ ਪਾਣੀ ਅਤੇ ਪਣ-ਬਿਜਲੀ ਦੇ ਸਰੋਤਾਂ ਨੂੰ ਦਹਾਕਿਆਂ ਤੋਂ ਲੁੱਟਿਆ ਜਾ ਰਿਹਾ ਹੈ। ਇਹ ਸਭ ਕੁਝ ਪੰਜਾਬੀਆਂ ਵਿਚਲੀ ਫੁੱਟ ਅਤੇ ਆਪਣੇ ਸੂਬੇ ਪ੍ਰਤੀ ਸਮਰਪਣ ਭਾਵਨਾ ਦੀ ਘਾਟ ਕਾਰਨ ਹੋ ਰਿਹਾ ਹੈ।
ਡਾ. ਗਾਧੀ ਨੇ ਕਿਹਾ ਕਿ ਉਹ ਅਜਿਹੇ ਪੰਜਾਬ ਦੀ ਸਿਰਜਣਾ ਕਰਨਾ ਚਾਹੁੰਦੇ ਹਨ, ਜਿੱਥੇ ਪੰਜਾਬ ਦੀ ਅਸਲ ਪਛਾਣ ਜਾਤੀ, ਸ਼੍ਰੇਣੀ, ਲਿੰਗ ਆਦਿ ਤੋਂ ਉਪਰ ਉੱਠ ਕੇ ਪੰਜਾਬੀ ਹੀ ਹੋਵੇ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਧਾਰਮਿਕ, ਸਮਾਜਿਕ, ਭਾਈਚਾਰਕ ਅਤੇ ਆਰਥਿਕ ਪੱਖੋਂ ਧਿਰਾਂ ਬਣ ਕੇ ਖਿੰਡਿਆ ਪਿਆ ਹੈ। ਪੰਜਾਬੀਆਂ ਵਿਚ ‘ਇਕ ਮਾਨਸਿਕਤਾ ਅਤੇ ਸਾਂਝੀ ਪਛਾਣ’ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੰਜਾਬ ਦਾ ਕਲਿਆਣ ‘ਫੈਡਰਲ ਭਾਰਤ, ਜਮਹੂਰੀ ਪੰਜਾਬ’ ਸਿਰਜ ਕੇ ਹੀ ਸੰਭਵ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦ ਨਰੋਇਆ ਪੰਜਾਬ ਸਿਰਜਣ ਲਈ ਪੰਜਾਬ ਦੇ ਲੋਕਾਂ ਮੂਹਰੇ ਪੰਜਾਬੀਅਤ ਨਾਲ ਭਰਪੂਰ ਸਿਆਸੀ ਧਿਰ ਪੇਸ਼ ਕੀਤੀ ਜਾਵੇਗੀ।


Comments Off on ਗਾਂਧੀ ਵੱਲੋਂ ‘ਪੰਜਾਬੀਅਤ ਦੀ ਮੁੜ ਉਸਾਰੀ ਕਰਨ’ ਦਾ ਨਾਅਰਾ ਬਰਕਰਾਰ ਰੱਖਣ ਦਾ ਐਲਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.