ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਗ਼ੈਰਕਾਨੂੰਨੀ ਪਰਵਾਸ ਲੈ ਰਿਹਾ ਕੀਮਤੀ ਜਾਨਾਂ

Posted On June - 27 - 2019

ਗੁਰਜਤਿੰਦਰ ਸਿੰਘ ਰੰਧਾਵਾ

ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਦਾ ਰੇਗਿਸਤਾਨੀ ਇਲਾਕਾ। ਅਜਿਹੇ ਰੇਗਿਸਤਾਨ ਵਿਚ ਹੀ ਛੇ ਸਾਲਾ ਬੱਚੀ ਗੁਰਪ੍ਰੀਤ ਕੌਰ ਦੀ ਜਾਨ ਗਈ।

ਅਮਰੀਕਾ-ਮੈਕਸੀਕੋ ਸਰਹੱਦ ਪਾਰ ਕਰ ਕੇ ਗ਼ੈਰਕਾਨੂੰਨੀ ਢੰਗ ਨਾਲ ਪਰਵਾਸ ਕਰਨ ਦੀ ਪਿਛਲੇ ਦਿਨੀਂ ਹੋਈ ਇਕ ਦਿਲਕੰਬਾਊ ਘਟਨਾ ਨੇ ਇਸ ਰੁਝਾਨ ’ਚ ਹੋ ਰਹੇ ਚਿੰਤਾਜਨਕ ਵਾਧੇ ਤੋਂ ਪਰਦਾ ਚੁੱਕਿਆ ਹੈ। ਐਰੀਜ਼ੋਨਾ ਸਟੇਟ ਦੇ ਰੇਗਿਸਤਾਨ ’ਚ ਇਕ 6 ਸਾਲਾ ਪੰਜਾਬੀ ਬੱਚੀ ਗੁਰਪ੍ਰੀਤ ਕੌਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਯੂਐੱਸ ਬਾਰਡਰ ਪੈਟਰੋਲਿੰਗ ਫੋਰਸ ਨੇ ਦੱਸਿਆ ਹੈ ਕਿ ਇਸ ਪੰਜਾਬੀ ਬੱਚੀ ਨੂੰ ਮਨੁੱਖੀ ਸਮੱਗਲਰਾਂ ਨੇ ਮੈਕਸੀਕੋ ਸਰਹੱਦ ਰਸਤੇ ਐਰੀਜ਼ੋਨਾ ਦੇ ਭੱਠੀ ਵਾਂਗ ਤਪਦੇ ਰੇਗਿਸਤਾਨ ਵਿਚ ਛੱਡ ਦਿੱਤਾ। ਬੱਚੀ ਲਈ ਪਾਣੀ ਦੀ ਭਾਲ ਵਿਚ ਉਸ ਦੀ ਮਾਤਾ ਅਤੇ ਇਸੇ ਪਰਿਵਾਰ ਨਾਲ ਗਈ ਇਕ ਹੋਰ ਔਰਤ ਨੇੜਲੇ ਖੇਤਰਾਂ ਵਿਚ ਚਲੀਆਂ ਗਈਆਂ। ਪਰ ਬਾਅਦ ਵਿਚ ਬੇਹੱਦ ਗਰਮੀ ਅਤੇ ਲੂ ਕਾਰਨ ਬੱਚੀ ਦੀ ਮੌਤ ਹੋ ਗਈ। ਯੂਐੱਸ ਬਾਰਡਰ ਪੈਟਰੋਲ ਟੀਮ ਨੇ ਬੱਚੀ ਦੀ ਲਾਸ਼ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਬਰਾਮਦ ਕਰਨ ਬਾਅਦ ਪਾਣੀ ਲੈਣ ਗਈਆਂ ਔਰਤਾਂ ਨੂੰ ਵੀ ਉਨ੍ਹਾਂ ਦੀ ਪੈੜ ਨੱਪ ਕੇ ਬਰਾਮਦ ਕੀਤਾ। ਇਸ ਟੀਮ ਦੇ ਮੈਡੀਕਲ ਅਫਸਰ ਮੁਤਾਬਕ ਬੱਚੀ ਦੀ ਮੌਤ ਕਿਸੇ ਹਾਦਸੇ ਕਾਰਨ ਨਹੀਂ, ਸਗੋਂ ਪਾਣੀ ਦੀ ਘਾਟ ਅਤੇ ਲੂ ਲੱਗਣ ਨਾਲ ਪਏ ਦਿਲ ਦੇ ਦੌਰੇ ਕਾਰਨ ਹੋਈ ਹੈ। ਗੁਰਪ੍ਰੀਤ ਨੇ ਕੁਝ ਦਿਨਾਂ ਬਾਅਦ ਹੀ ਆਪਣਾ 7ਵਾਂ ਜਨਮਦਿਨ ਮਨਾਉਣਾ ਸੀ। ਐਰੀਜ਼ੋਨਾ ਰੇਗਿਸਤਾਨ ਵਿਚ ਇਸ ਸਮੇਂ ਬਹੁਤ ਗਰਮੀ ਪੈ ਰਹੀ ਹੈ।
ਇਨ੍ਹੀਂ ਦਿਨੀਂ ਇਸ ਖੇਤਰ ਵਿਚ ਤਾਪਮਾਨ ਕਰੀਬ 112 ਡਿਗਰੀ ਫਾਰਨਹਾਈਟ (44 ਡਿਗਰੀ ਸੈਲਸੀਅਸ ਤੋਂ ਵੱਧ) ਤੱਕ ਪੁੱਜ ਗਿਆ ਸੀ। ਐਰੀਜ਼ੋਨਾ ਦੇ ਦੱਖਣੀ ਰੇਗਿਸਤਾਨ ਵਿਚ ਇਸ ਵੇਲੇ ਬੇਹੱਦ ਗਰਮੀ ਪੈ ਰਹੀ ਹੈ। ਉਥੇ ਇਸ ਸਾਲ ਕਿਸੇ ਬੱਚੀ ਦੀ ਇਹ ਦੂਜੀ ਮੌਤ ਹੈ। ਕੁਝ ਮਹੀਨੇ ਪਹਿਲਾਂ ਵੀ ਆਪਣੇ ਪਰਿਵਾਰ ਨਾਲ ਗ਼ੈਰਕਾਨੂੰਨੀ ਤਰੀਕੇ ਇਸ ਰਸਤੇ ਅਮਰੀਕਾ ਦਾਖਲ ਹੋਈ ਇਕ ਛੋਟੀ ਬੱਚੀ ਦੀ ਮੌਤ ਹੋ ਗਈ ਸੀ। ਬਾਰਡਰ ਸਕਿਓਰਿਟੀ ਟੀਮ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਗ਼ੈਰਕਾਨੂੰਨੀ ਢੰਗ ਨਾਲ ਦਾਖਲ ਹੋ ਰਹੇ ਇਸ ਪਰਿਵਾਰ ’ਚ ਬੱਚੀ ਸਮੇਤ 5 ਮੈਂਬਰ ਸਨ। ਇਨ੍ਹਾਂ ਵਿਚ 2 ਔਰਤਾਂ ਇਕ ਹੋਰ ਬੱਚੀ ਹੈ। ਮੈਕਸੀਕੋ ਦੀ ਸਰਹੱਦ ਰਾਹੀਂ ਸੈਂਟਰਲ ਅਮਰੀਕਨ, ਏਸ਼ੀਅਨ ਅਤੇ ਭਾਰਤੀ ਨਾਗਰਿਕ ਵੱਡੀ ਗਿਣਤੀ ਵਿਚ ਅਮਰੀਕਾ ’ਚ ਦਾਖਲ ਹੁੰਦੇ ਹਨ ਅਤੇ ਰਾਜਸੀ ਸ਼ਰਨ ਲੈਣ ਦਾ ਯਤਨ ਕਰਦੇ ਹਨ। ਅਮਰੀਕਾ ਦੇ ਸਰਹੱਦੀ ਖੇਤਰਾਂ ਵਿਚ ਹਜ਼ਾਰਾਂ ਅਜਿਹੇ ਲੋਕ ਹਨ, ਜੋ ਗੈਰਕਾਨੂੰਨੀ ਪਰਵਾਸ ਕਰਦੇ ਸਮੇਂ ਬਾਰਡਰ ਸਕਿਓਰਿਟੀ ਏਜੰਟਾਂ ਦੇ ਹੱਥੇ ਚੜ੍ਹ ਗਏ ਅਤੇ ਜੇਲ੍ਹਾਂ ਵਿਚ ਸੜ ਰਹੇ ਹਨ। ਟਰੰਪ ਪ੍ਰਸ਼ਾਸਨ ਨੇ ਗ਼ੈਰਕਾਨੂੰਨੀ ਪਰਵਾਸ ਉਪਰ ਬੇਹੱਦ ਸਖ਼ਤੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਤਾਂ ਮੈਕਸੀਕੋ ਬਾਰਡਰ ਨੂੰ ਮੁਕੰਮਲ ਰੂਪ ਵਿਚ ਸੀਲ ਕਰਨ ਲਈ ਉੱਚੀ ਕੰਧ ਉਸਾਰਨ ਦਾ ਵੀ ਐਲਾਨ ਕਰ ਛੱਡਿਆ ਹੈ, ਪਰ ਅਮਰੀਕੀ ਕਾਂਗਰਸ ਵੱਲੋਂ ਲੋੜੀਂਦੇ ਪੈਸੇ ਦੀ ਪ੍ਰਵਾਨਗੀ ਨਾ ਦਿੱਤੇ ਜਾਣ ਕਾਰਨ ਇਸ ਉਪਰ ਅਜੇ ਅਮਲ ਸ਼ੁਰੂ ਨਹੀਂ ਹੋਇਆ।

ਗੁਰਜਤਿੰਦਰ ਸਿੰਘ ਰੰਧਾਵਾ

ਟਰੰਪ ਨੇ ਸੱਤਾ ਸੰਭਾਲਦਿਆਂ ਹੀ ਗੈਰਕਾਨੂੰਨੀ ਦਾਖਲੇ ਵਾਲੇ ਲੋਕਾਂ ਨੂੰ ਰਾਜਸੀ ਸ਼ਰਨ ਦੇਣ ਸਬੰਧੀ ਵੀ ਸਖ਼ਤੀ ਕਰ ਦਿੱਤੀ ਹੈ। ਹੁਣ ਜੋ ਕੋਈ ਵੀ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੁੰਦਾ ਹੈ, ਉਸ ਨੂੰ ਫੜੇ ਜਾਣ ’ਤੇ ਜੇਲ੍ਹ ਭੇਜਿਆ ਜਾਂਦਾ ਹੈ। ਜੇਲ੍ਹ ਅੰਦਰ ਹੀ ਬਾਕਾਇਦਾ ਮੁਕੱਦਮਾ ਚੱਲਦਾ ਹੈ, ਜਿਸ ਦੀ ਸੁਣਵਾਈ ਬਾਅਦ ਹੀ ਕਿਸੇ ਨੂੰ ਵੱਡਾ ਜ਼ਮਾਨਤੀ ਬਾਂਡ ਭਰਨ ’ਤੇ ਸਿਆਸੀ ਸ਼ਰਨ ਦਿੱਤੀ ਜਾਂਦੀ ਹੈ। ਸਿਆਸੀ ਸ਼ਰਨ ਦੇਣ ਬਾਰੇ ਕਾਨੂੰਨ ਕਾਫੀ ਸਖ਼ਤ ਕਰ ਦਿੱਤੇ ਗਏ ਹਨ। ਇਸ ਲਈ ਨਕਦ ਜ਼ਮਾਨਤੀ ਬਾਂਡ ਲਈ ਭਾਰੀ ਰਕਮ ਦੇਣੀ ਪੈਂਦੀ ਹੈ। ਇਹ ਬਾਂਡ ਸਿਰਫ ਅਮਰੀਕਾ ਵਿਚ ਰਹਿ ਰਿਹਾ ਕੋਈ ਵਿਅਕਤੀ ਹੀ ਦੇ ਸਕਦਾ ਹੈ। ਪਿਛਲੇ ਦਿਨਾਂ ਵਿਚ ਦੇਖਿਆ ਗਿਆ ਕਿ ਐਰੀਜ਼ੋਨਾ ਅਤੇ ਕੁਝ ਹੋਰ ਜੇਲ੍ਹ ਕੈਂਪਾਂ ਵਿਚ ਫਸੇ ਪੰਜਾਬੀਆਂ ਨੂੰ ਸਿਆਸੀ ਸ਼ਰਨ ਲਈ ਜ਼ਮਾਨਤੀ ਬਾਂਡ ਭਰਨੇ ਪਏ। ਇਸ ਸਾਲ ਵਿਚ ਵਾਪਰੀਆਂ ਛੋਟੀਆਂ ਬੱਚੀਆਂ ਦੀਆਂ ਦੋ ਘਟਨਾਵਾਂ ਦੱਸ ਰਹੀਆਂ ਹਨ ਕਿ ਪੰਜਾਬ ਤੋਂ ਹੁਣ ਸਿਰਫ ਨੌਜਵਾਨ ਹੀ ਗੈਰਕਾਨੂੰਨੀ ਪਰਵਾਸ ਨਹੀਂ ਕਰ ਰਹੇ, ਸਗੋਂ ਪੂਰੇ ਦੇ ਪੂਰੇ ਪਰਿਵਾਰ ਏਜੰਟਾਂ ਢਹੇ ਚੜ੍ਹ ਕੇ ਇਹ ਗੈਰਕਾਨੂੰਨੀ ਕੰਮ ਕਰ ਰਹੇ ਹਨ।
ਅਮਰੀਕਾ ਦੇ ਸਰਹੱਦੀ ਸੂਬਿਆਂ ਦੀਆਂ ਜੇਲ੍ਹਾਂ ਵਿਚ ਪੰਜਾਬੀਆਂ ਦੀ ਗਿਣਤੀ ਬਾਰੇ ਸਹੀ ਵੇਰਵੇ ਤਾਂ ਨਹੀਂ ਮਿਲ ਰਹੇ, ਪਰ ਜੇਲ੍ਹ ਬੰਦ ਅਜਿਹੇ ਪੰਜਾਬੀਆਂ ਦੀ ਗਿਣਤੀ ਹਜ਼ਾਰਾਂ ਵਿਚ ਦੱਸੀ ਜਾਂਦੀ ਹੈ। ਪੰਜਾਬ ਵਿਚੋਂ ਚੰਗੇ ਰੁਜ਼ਗਾਰ ਅਤੇ ਚੰਗੇ ਭਵਿੱਖ ਦੇ ਲਾਲਚ ਵਿਚ ਪੰਜਾਬ ਤੋਂ ਲੋਕ ਜ਼ਮੀਨਾਂ-ਜਾਇਦਾਦਾਂ ਵੇਚ ਕੇ ਅਮਰੀਕਾ ਆ ਰਹੇ ਹਨ। ਪੰਜਾਬ ਵਿਚ ਇਸ ਵੇਲੇ ਵਿਦੇਸ਼ ਉਡਾਰੀਆਂ ਮਾਰਨ ਦੀ ਦੌੜ ਲੱਗੀ ਹੈ। ਇਹੀ ਕਾਰਨ ਹੈ ਕਿ ਜਿੱਥੇ ਨੌਜਵਾਨ ਪੜ੍ਹਾਈ ਕਰਕੇ ਅਤੇ ਪੂਰੀ ਤਰ੍ਹਾਂ ਸਿੱਖਿਅਤ ਹੋ ਕੇ ਵਿਦੇਸ਼ਾਂ ਵਿਚ ਆਉਣ ਦੀ ਬਜਾਏ ਆਇਲੈਟਸ ਦਾ ਸਹਾਰਾ ਲੈ ਕੇ ਸਿੱਖਿਆ ਹਾਸਲ ਕਰਨ ਦੇ ਨਾਂ ਉਪਰ ਵਿਦੇਸ਼ਾਂ ਦੇ ਰਾਹ ਪਏ ਹੋਏ ਹਨ, ਉਥੇ ਪੰਜਾਬੀ ਪਰਿਵਾਰਾਂ ਨੇ ਵੀ ਹੁਣ ਸਭ ਕੁਝ ਦਾਅ ਉਪਰ ਲਾ ਕੇ ਗੈਰਕਾਨੂੰਨੀ ਢੰਗ ਨਾਲ ਅਮਰੀਕੀ ਧਰਤੀ ’ਤੇ ਆਉਣ ਦਾ ਜੋਖਮ ਭਰਿਆ ਰਾਹ ਫੜ ਲਿਆ ਹੈ। ਇਹ ਬੜਾ ਖਤਰਨਾਕ ਰੁਝਾਨ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ 20-25 ਲੱਖ ਰੁਪਏ ਖਰਚ ਕੇ ਵਿਦੇਸ਼ਾਂ ਵਿਚ ਪੜ੍ਹਾਈ ਲਈ ਆਉਣ ਵਾਲੇ ਨੌਜਵਾਨਾਂ ਵਿਚੋਂ 95 ਫੀਸਦੀ ਦਾ ਪੜ੍ਹਾਈ ਨਾਲ ਕੋਈ ਸਬੰਧ ਨਹੀਂ। ਉਹ ਪੜ੍ਹਨ ਨਹੀਂ, ਸਗੋਂ ਪੈਸਾ ਕਮਾਉਣ ਅਤੇ ਫਿਰ ਇਥੇ ਪੱਕੇ ਹੋਣ ਦੇ ਲਾਲਚ ਵਿਚ ਆ ਰਹੇ ਹਨ। ਪੰਜਾਬ ਵਿਚੋਂ ਹਰ ਸਾਲ ਅਰਬਾਂ ਰੁਪਏ ਇਸ ਮਾਮਲੇ ਵਿਚ ਵਿਦੇਸ਼ਾਂ ਨੂੰ ਆ ਰਹੇ ਹਨ। ਵਿੱਦਿਆ ਦੇ ਨਾਂ ਹੇਠ ਇਸ ਬੇਹੱਦ ਖਤਰਨਾਕ ਰੁਝਾਨ ਦੇ ਨਾਲ-ਨਾਲ ਏਜੰਟਾਂ ਰਾਹੀਂ ਮੈਕਸੀਕੋ ਅਤੇ ਹੋਰ ਮੁਲਕਾਂ ਵਿਚ ਦਾਖਲ ਹੋ ਕੇ ਅੱਗੇ ਅਮਰੀਕਾ ਵਿਚ ਗੈਰਕਾਨੂੰਨੀ ਦਾਖਲੇ ਨੂੰ ਵੀ ਠੱਲ੍ਹ ਨਹੀਂ ਪਈ। ਪਿਛਲੇ ਸਾਲ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਅਤੇ ਸੁਲਤਾਨਪੁਰ ਲੋਧੀ ਖੇਤਰਾਂ ਦੇ ਦਰਜਨਾਂ ਨੌਜਵਾਨਾਂ ਦੇ ਬਹਾਮਾਜ਼ ਰਾਹੀਂ ਅਮਰੀਕਾ ਦਾਖਲੇ ਸਮੇਂ ਗ੍ਰਿਫ਼ਤਾਰ ਜਾਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਨ੍ਹਾਂ ਵਿਚੋਂ ਬਹੁਤਿਆਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਸਾਲਾਂਬੱਧੀ ਮਾਪੇ ਆਪਣੇ ਬੱਚੇ ਅਤੇ ਲੱਖਾਂ ਰੁਪਏ ਖੁਹਾ ਕੇ ਵਿਲਕਦੇ ਫਿਰ ਰਹੇ ਹਨ। ਭੁਲੱਥ ਦੇ ਇਕ ਏਜੰਟ ਵੱਲੋਂ ਭੇਜੇ ਪੰਜ ਨੌਜਵਾਨਾਂ ਦੀ ਕੋਈ ਉੱਘ-ਸੁੱਘ ਹੀ ਨਹੀਂ ਨਿਕਲੀ ਅਤੇ ਪੁਲੀਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਖੇਤਰ ਦੇ ਦਰਜਨਾਂ ਨੌਜਵਾਨ ਲਾਪਤਾ ਹੋਏ ਹਨ। ਵੱਡੀਆਂ ਰਕਮਾਂ ਅਤੇ ਪੁੱਤਰਾਂ ਨੂੰ ਗੁਆ ਲੈਣ ਦੇ ਗਮ ਵਿਚ ਮਾਪੇ ਗੁੰਮ-ਸੁੰਮ ਹੋਏ ਫਿਰਦੇ ਹਨ। ਇਹ ਕਹਾਣੀ ਪੰਜਾਬ ਦੇ ਸਾਰੇ ਇਲਾਕਿਆਂ ਹੈ। ਦੋਆਬੇ ਤੋਂ ਬਾਅਦ ਵਿਦੇਸ਼ਾਂ ਵਿਚ ਆਉਣ ਦੀ ਹੋੜ ਨੇ ਮਾਲਵੇ ਅਤੇ ਮਾਝੇ ਨੂੰ ਵੀ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ। ਇਨ੍ਹਾਂ ਖੇਤਰਾਂ ਵਿਚੋਂ ਵੀ ਲੋਕ ਜਿਵੇਂ-ਕਿਵੇਂ ਵਿਦੇਸ਼ ਵੱਲ ਦੌੜਨ ਦੇ ਚੱਕਰ ਵਿਚ ਹਨ।
ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਹਾਲਤ ਬੇਹੱਦ ਬਦਤਰ ਹੈ। ਰੁਜ਼ਗਾਰ ਦਾ ਮੰਦਾ ਹਾਲ ਹੈ। ਨਸ਼ਿਆਂ ਦੀ ਭਰਮਾਰ ਹੈ। ਪੁਲੀਸ ਦੀ ਦਹਿਸ਼ਤ ਬਰਕਰਾਰ ਹੈ। ਲੋਕਾਂ ਨੂੰ ਭਵਿੱਖ ਵਿਚ ਵੀ ਕੁਝ ਚੰਗਾ ਹੁੰਦਾ ਨਜ਼ਰ ਨਹੀਂ ਆ ਰਿਹਾ। ਅਜਿਹੀ ਹਾਲਤ ਵਿਚ ਹੀ ਲੋਕ ਪੰਜਾਬ ਛੱਡ ਕੇ ਬਾਹਰਲੇ ਮੁਲਕੀਂ ਆਉਣ ਨੂੰ ਤਰਜੀਹ ਦੇ ਰਹੇ ਹਨ। ਇਸ ਲਈ ਦੋਸ਼ੀ ਪੰਜਾਬ ਉੱਤੇ ਰਾਜ ਕਰਨ ਵਾਲੀਆਂ ਸਰਕਾਰਾਂ ਹਨ, ਪ੍ਰਸ਼ਾਸਨ ਹੈ, ਜੋ ਲੋਕਾਂ ਨੂੰ ਜੀਵਨ ਬਸਰ ਕਰਨ ਲਈ ਮੁੱਢਲੀਆਂ ਸਹੂਲਤਾਂ ਤੱਕ ਦੇਣ ਤੋਂ ਮੁਨਕਰ ਹੈ। ਪਰ ਇਸ ਦੇ ਬਾਵਜੂਦ ਲੋਕਾਂ ਵੱਲੋਂ ਅੰਨ੍ਹੇਵਾਹ ਪਰਵਾਸ ਕਰਨ ਦੀ ਧਾਰਨਾ ਵੀ ਸਹੀ ਨਹੀਂ ਹੈ। ਵਿਦੇਸ਼ਾਂ ਵਿਚ ਆਉਣ ਲਈ ਹੁਣ ਗੈਰਕਾਨੂੰਨੀ ਰਸਤੇ ਬੇਹੱਦ ਖਤਰਨਾਕ ਹੋ ਗਏ ਹਨ। ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣਾ ਪੈ ਰਿਹਾ ਹੈ, ਜੇਲ੍ਹਾਂ ਵਿਚ ਸੜਨਾ ਪੈ ਰਿਹਾ ਹੈ ਅਤੇ ਵੱਡੀ ਗੱਲ ਇਹ ਕਿ ਅੱਗੇ ਭਵਿੱਖ ਵੀ ਕੋਈ ਨਜ਼ਰ ਨਹੀਂ ਆ ਰਿਹਾ। ਖਾਸਕਰ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਅੰਨ੍ਹੇਵਾਹ ਖਤਰੇ ਮੁੱਲ ਲੈਣ ਦੀ ਧਾਰਨਾ ਦਾ ਤਿਆਗ ਦੇਣ। ਜਿਹੜੇ ਨੌਜਵਾਨ ਜਾਂ ਪਰਿਵਾਰ ਵਿਦੇਸ਼ ਆਉਣਾ ਚਾਹੁੰਦੇ ਹਨ, ਉਹ ਗੈਰਕਾਨੂੰਨੀ ਰਾਹ ਹਰਗਿਜ਼ ਅਖਤਿਆਰ ਨਾ ਕਰਨ, ਸਗੋਂ ਵਿਦੇਸ਼ ਆਉਣ ਲਈ ਸਹੀ ਜਾਣਕਾਰੀ ਲੈ ਕੇ ਸਹੀ ਢੰਗ ਤਰੀਕੇ ਅਪਣਾਉਣ ਅਤੇ ਕਾਨੂੰਨੀ ਢੰਗ ਨਾਲ ਵਿਦੇਸ਼ ਆਉਣ, ਤਾਂ ਕਿ ਉਨ੍ਹਾਂ ਨੂੰ ਨਾ ਤਾਂ ਰਸਤੇ ਵਿਚ ਕਿਸੇ ਖਤਰੇ ਜਾਂ ਦਿੱਕਤ ਦਾ ਸਾਹਮਣਾ ਕਰਨਾ ਪਵੇ ਅਤੇ ਨਾ ਹੀ ਵਿਦੇਸ਼ਾਂ ਵਿਚ ਆ ਕੇ ਰੇਗਿਸਤਾਨਾਂ, ਸਰਹੱਦਾਂ ਅਤੇ ਜੇਲ੍ਹਾਂ ਵਿਚ ਰੁਲਣਾ ਪਵੇ। ਸਹੀ ਤਰੀਕੇ ਆ ਕੇ ਹੀ ਸਾਡੇ ਲੋਕ ਇਨ੍ਹਾਂ ਮੁਲਕਾਂ ਵਿਚ ਸਹੀ ਜੀਵਨ ਬਸਰ ਕਰ ਸਕਦੇ ਹਨ ਅਤੇ ਆਪਣੀ ਆਨ, ਸ਼ਾਨ ਦੀ ਜ਼ਿੰਦਗੀ ਬਤੀਤ ਕਰ ਸਕਦੇ ਹਨ। ਸਾਨੂੰ ਵਾਪਰੀਆਂ ਤਾਜ਼ਾ ਘਟਨਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ।

-ਸੈਕਰਾਮੈਂਟੋ, ਕੈਲੀਫੋਰਨੀਆ, ਅਮਰੀਕਾ।
ਸੰਪਰਕ: 916-320-9444


Comments Off on ਗ਼ੈਰਕਾਨੂੰਨੀ ਪਰਵਾਸ ਲੈ ਰਿਹਾ ਕੀਮਤੀ ਜਾਨਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.