ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਗਰਭ ਅਵਸਥਾ ਦੌਰਾਨ ਮਾਂ ਦੀ ਸੋਚ, ਮਾਨਸਿਕ ਰੋਗ ਤੇ ਨਸ਼ੇ

Posted On June - 7 - 2019

ਡਾ. ਰਣਬੀਰ ਕੌਰ*

ਗਰਭ ਅਵਸਥਾ ਵੇਲੇ ਔਰਤ ਕੀ ਸੋਚਦੀ ਹੈ, ਇਸ ਦਾ ਗਰਭ ਵਿਚ ਪਲ ਰਹੇ ਬੱਚੇ ਤੇ ਬਹੁਤ ਅਸਰ ਹੁੰਦਾ ਹੈ। ਜੇ ਮਾਂ ਜ਼ਿਆਦਾ ਚਿੰਤਾ ਵਿਚ ਜਾਂ ਦੁਖੀ ਰਹਿੰਦੀ ਹੈ ਤਾਂ ਉਸ ਦੇ ਦਿਮਾਗ ਵਿਚੋਂ ਰਸਾਇਣ ਨਿਕਲ ਕੇ ਖੂਨ ਰਾਹੀਂ ਬੱਚੇ ਤਕ ਪਹੁੰਚਦੇ ਹਨ ਤੇ ਬੱਚੇ ਦਾ ਸੁਭਾਅ ਜਾਂ ਮਾਨਸਿਕ ਹਾਲਤ ਉਸੇ ਤਰ੍ਹਾਂ ਦੀ ਹੋਣ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ। ਇਸ ਲਈ ਗਰਭ ਅਵਸਥਾ ਦੌਰਾਨ ਮਾਵਾਂ ਨੂੰ ਅੱਛੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਤੇ ਅੱਛੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਦੇ ਵਿਚਾਰ ਉਸਾਰੂ ਰਹਿਣ। ਗਰਭ ਅਵਸਥਾ ਦੌਰਾਨ ਮਾਂ ਨੂੰ ਵਧੀਆ ਸੰਗੀਤ ਵੀ ਸੁਣਨਾ ਚਾਹੀਦਾ ਹੈ। ਪਤੀ ਅਤੇ ਪਰਿਵਾਰ ਦੇ ਹੋਰ ਜੀਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਗਰਭਵਤੀ ਔਰਤ ਨੂੰ ਖੁਸ਼ ਰੱਖਣ ਅਤੇ ਕਦੇ ਵੀ ਦੁਖੀ ਨਾ ਕਰਨ।
ਅੱਜਕੱਲ੍ਹ ਪਰਿਵਾਰ ਮੁਕਾਬਲਤਨ ਛੋਟੇ ਹਨ। ਬਹੁਤੇ ਜੋੜੇ ਮਾਤਾ ਪਿਤਾ ਤੋਂ ਬਿਨਾ ਰਹਿੰਦੇ ਹਨ। ਅਜਿਹੀ ਹਾਲਤ ਵਿਚ ਉਨ੍ਹਾਂ ਨੂੰ ਜੋ ਗੱਲਾਂ ਜਾਂ ਮਦਦ ਵੱਡੇ ਪਰਿਵਾਰ ਵਿਚੋਂ ਸਿੱਖਣ ਨੂੰ ਮਿਲ ਸਕਦੀਆਂ ਸਨ, ਉਹ ਨਹੀਂ ਮਿਲਦੀਆਂ। ਸੋ ਮਾਨਸਿਕ ਤਣਾਅ ਜ਼ਿਆਦਾ ਹੁੰਦਾ ਹੈ ਅਤੇ ਇਸ ਤਣਾਅ ਨੂੰ ਘੱਟ ਕਰਨ ਦੇ ਤਰੀਕੇ ਵੀ ਉਨ੍ਹਾਂ ਨੂੰ ਨਹੀਂ ਆਉਂਦੇ ਅਤੇ ਨਾ ਹੀ ਉਨ੍ਹਾਂ ਸਹਿਯੋਗ ਪ੍ਰਣਾਲੀ (Support System) ਮਜ਼ਬੂਤ ਹੁੰਦਾ ਹੈ।
ਗਰਭ ਅਵਸਥਾ ਦੇ ਪਹਿਲੇ ਤਿੰਨ ਚਾਰ ਮਹੀਨਿਆਂ ਦੌਰਾਨ ਭਰੂਣ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਜਦੋਂ ਔਰਤ ਦਾ ਮਨ ਸ਼ਾਂਤ ਰਹਿੰਦਾ ਹੈ ਤਾਂ ਇਹ ਕੰਮ ਬੜੇ ਹੀ ਸੁਚਾਰੂ ਢੰਗ ਨਾਲ ਚਲਦਾ ਰਹਿੰਦਾ ਹੈ ਪਰ ਜਦੋਂ ਔਰਤ ਚਿੰਤਾ ਵਿਚ ਰਹਿੰਦੀ ਹੈ ਤਾਂ ਉਸ ਦੇ ਨਾਂਹ ਮੁਖੀ ਤੱਤ ਔਲ ਰਾਹੀਂ ਬੱਚੇ ਤੱਕ ਪਹੁੰਚਦੇ ਹਨ ਤੇ ਬੱਚੇ ਉੱਤੇ ਅਸਰ ਕਰਦੇ ਹਨ। ਇਉਂ ਇਨ੍ਹਾਂ ਬੱਚਿਆਂ ਵਿਚ ਵੀ ਔਰਤ ਵਾਲੀ ਬਿਮਾਰੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਗਰਭ ਅਵਸਥਾ ਦੌਰਾਨ ਔਰਤ ਦਾ ਮਾਨਸਿਕ ਸੰਤੁਲਨ ਠੀਕ ਰਹਿਣਾ ਬਹੁਤ ਹੀ ਜ਼ਰੂਰੀ ਹੈ।
ਜਿਹੜੀਆਂ ਔਰਤਾਂ ਗਰਭ ਧਾਰਨ ਤੋਂ ਪਹਿਲਾਂ ਮਾਨਸਿਕ ਰੋਗ ਲਈ ਕੋਈ ਨਾ ਕੋਈ ਦਵਾਈ (Anti anxiety, Anti depressant, Tranquilizer Drugs) ਖਾਂਦੀਆਂ ਹਨ, ਉਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਇਹ ਦਵਾਈਆਂ ਤਕਰੀਬਨ ਬੰਦ ਕਰਨੀਆਂ ਪੈਂਦੀਆਂ ਹਨ ਜਿਸ ਕਰਕੇ ਉਨ੍ਹਾਂ ਦੀ ਮਨੋਦਿਸ਼ਾ ਪਹਿਲਾਂ ਤੋਂ ਵਧੇਰੇ ਖ਼ਰਾਬ ਹੋ ਸਕਦੀ ਹੈ। ਗਰਭ ਅਵਸਥਾ ਦੇ ਹਾਰਮੋਨਾਂ ਦੀ ਤਬਦੀਲੀ ਕਰਕੇ ਤੇ ਸਰੀਰਕ ਬੇਅਰਾਮੀ ਕਰਕੇ ਔਰਤ ਚੰਗੀ ਤਰ੍ਹਾਂ ਸੌਂ ਨਹੀਂ ਸਕਦੀ। ਸੋ, ਉਸ ਦੀ ਪ੍ਰੇਸ਼ਾਨੀ ਹੋਰ ਵਧ ਜਾਂਦੀ ਹੈ।
ਗਰਭ ਅਵਸਥਾ ਮਨੁੱਖੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਹੁੰਦਾ ਹੈ। ਸਹੁਰੇ ਅਤੇ ਪੇਕੇ, ਦੋਹਾਂ ਪਰਿਵਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਘਰ ਦਾ ਮਾਹੌਲ ਖੁਸ਼ਗਵਾਰ ਰੱਖਣ ਤਾਂ ਕਿ ਆਉਣ ਵਾਲੀ ਪੀੜ੍ਹੀ ਸਰੀਰਕ, ਆਤਮਿਕ ਅਤੇ ਬੌਧਿਕ ਪੱਖ ਤੋਂ ਮਜ਼ਬੂਤ ਹੋਵੇ। ਗਰਭ ਧਾਰਨ ਤੋਂ ਪਹਿਲਾਂ ਹੀ ਮਾਨਸਿਕ ਤਣਾਅ ਦੂਰ ਕਰਨ ਵਾਲੀਆਂ ਦਵਾਈਆਂ ਤਿਆਗ ਕੇ ਯੋਗ ਅਤੇ ਧਿਆਨ (Meditation) ਦਾ ਅਭਿਆਸ ਕੀਤਾ ਜਾਵੇ ਅਤੇ ਆਪਣੀ ਜੀਵਨ ਸ਼ੈਲੀ (Life Style) ਸੁਧਾਰੀ ਜਾਵੇ।
ਮਾਨਸਿਕ ਤਣਾਅ ਦੇ ਕੁਝ ਲੱਛਣ ਹੇਠ ਲਿਖੇ ਹਨ ਤਾਂ ਜੋ ਇਨ੍ਹਾਂ ਨੂੰ ਪਛਾਣ ਕੇ ਲੋੜੀਂਦੀ ਸਲਾਹ ਲਈ ਜਾ ਸਕੇ:
ਸਰੀਰਕ ਲੱਛਣ: ਮੂੰਹ ਸੁੱਕਣਾ, ਹੱਥ ਕੰਬਣਾ ਜਾਂ ਸਰੀਰ ਵਿਚ ਝਰਨਾਹਟ ਛਿੜਨਾ, ਭੁੱਖ ਨਾ ਲੱਗਣਾ, ਸਿਹਤ ਚੰਗੀ ਹੋਣ ਦੇ ਬਾਵਜੂਦ ਚੱਕਰ ਆਉਂਦਾ ਲੱਗਣਾ, ਥੱਕੇ ਥੱਕੇ ਮਹਿਸੂਸ ਕਰਨਾ, ਦਿਲ ਦਾ ਤੇਜ਼ ਧੜਕਣਾ, ਢਿੱਡ ਵਿਚ ਵੱਟ ਪੈਣਾ, ਤਰੇਲੀਆਂ ਆਉਣਾ।
ਮਾਨਸਿਕ ਲੱਛਣ: ਕੰਮ ਵਿਚ ਧਿਆਨ ਨਾ ਲੱਗਣਾ, ਚਿੜਚਿੜਾਪਨ, ਛੋਟੀ ਜਿਹੀ ਗੱਲ ਤੇ ਗੁੱਸਾ ਆਉਣਾ, ਰੋਣ ਨੂੰ ਜੀਅ ਕਰਨਾ, ਨੀਂਦ ਨਾ ਆਉਣਾ, ਗੱਲਾਂ ਭੁੱਲਣਾ।
ਵਿਹਾਰਕ ਲੱਛਣ (Behavioural Symptoms): ਨੀਂਦ ਦੀਆਂ ਜਾਂ ਦਰਦ ਨਿਵਾਰਿਕ ਗੋਲੀਆਂ ਖਾਂਦੇ ਰਹਿਣਾ, ਸ਼ਰਾਬ ਤੇ ਹੋਰ ਨਸ਼ਿਆਂ ਦਾ ਸੇਵਨ ਕਰਨਾ।
ਜਦੋਂ ਵੀ ਕਦੇ ਮਾਨਸਿਕ ਤਣਾਅ ਦੇ ਲੱਛਣ ਨਜ਼ਰ ਆਉਣ ਤਾਂ ਉਨ੍ਹਾਂ ਨੂੰ ਪਛਾਣੋ ਤੇ ਮਨੋਵਿਗਿਆਨਿਕ ਜਾਂ ਮਨੋਚਿਕਿਤਿਸਕ ਦੀ ਸਲਾਹ ਲਵੋ। ਉਹ ਤੁਹਾਨੂੰ ਫਿਜੀਓਥੈਰੇਪੀ (Psychotherapy) ਰਾਹੀਂ ਜਾਂ ਜੇ ਲੋੜ ਲੱਗੇ ਤਾਂ ਘੱਟ ਤੋਂ ਘੱਟ ਦਵਾਈਆਂ ਨਾਲ ਤਣਾਅ ਮੁਕਤ ਕਰਨਗੇ।
ਨਸ਼ਿਆਂ ਦਾ ਸੇਵਨ: ਅੱਜ ਦੇ ਨੌਜਵਾਨਾਂ ਨੇ ਕੱਲ੍ਹ ਦੇ ਮਾਪੇ ਬਣਨਾ ਹੈ। ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ। ਸੋ, ਇਨ੍ਹਾਂ ਨੂੰ ਸਹੀ ਸੇਧ ਦੇਣਾ ਸਾਡਾ ਫਰਜ਼ ਹੈ। ਵਿਆਹੁਤਾ ਜੋੜੇ ਵਿਚੋਂ ਚਾਹੇ ਕੋਈ ਵੀ ਨਸ਼ੇ ਦਾ ਸੇਵਨ ਕਰਦਾ ਹੈ, ਇਹ ਸਿੱਧੇ ਜਾਂ ਅਸਿੱਧੇ ਤੌਰ ਤੇ ਗਰਭ ਵਿਚ ਪਲ ਰਹੇ ਬੱਚੇ ਤੇ ਅਸਰ ਕਰਦਾ ਹੈ।
ਸ਼ਰਾਬ: ਸ਼ਰਾਬ ਦੇ ਸੇਵਨ ਦਾ ਰੁਝਾਨ ਅੱਜਕੱਲ੍ਹ ਕੁੜੀਆਂ ਵਿਚ ਵੀ ਵਧ ਰਿਹਾ ਹੈ। ਇਸ ਨੂੰ ਸੋਸ਼ਲ ਡਰਿੰਕ ਮੰਨ ਲਿਆ ਗਿਆ ਹੈ ਪਰ ਜੇ ਗਰਭਵਤੀ ਔਰਤ ਗਰਭ ਅਵਸਥਾ ਦੌਰਾਨ ਵੀ ਸ਼ਰਾਬ ਦਾ ਸੇਵਨ ਕਰਦੀ ਹੈ ਤਾਂ ਬੱਚੇ ਨੂੰ ਫੀਟਲ ਅਲਕੋਹਲ ਸਿੰਡਰੋਮ (Fetal Alcohol Syndrome) ਹੋਣ ਦਾ ਖ਼ਦਸ਼ਾ ਬਣ ਜਾਂਦਾ ਹੈ। ਮਾਂ ਦੇ ਖੂਨ ਵਿਚੋਂ ਸ਼ਰਾਬ ਔਲ ਰਾਹੀਂ ਬੱਚੇ ਤੱਕ ਪਹੁੰਚ ਜਾਂਦੀ ਹੈ ਤੇ ਬੱਚਾ ਵੀ ਇਸ ਦਾ ਆਦੀ ਹੋ ਜਾਂਦਾ ਹੈ। ਸ਼ਰਾਬ ਪੀਣ ਵਾਲੀ ਮਾਂ ਦੇ ਬੱਚੇ ਵਿਚ ਹੇਠ ਲਿਖੀਆਂ ਤਬਦੀਲੀਆਂ ਆ ਜਾਂਦੀਆਂ ਹਨ:
ਇਨ੍ਹਾਂ ਬੱਚਿਆਂ ਦਾ ਸਿਰ ਛੋਟਾ (Microcephaly) ਤੇ ਸ਼ਕਲ ਵੱਖਰੀ ਜਿਹੀ ਹੁੰਦੀ ਹੈ, ਅੱਖਾਂ ਘੱਟ ਖੁੱਲ੍ਹਦੀਆਂ ਹਨ, ਉੱਪਰਲਾ ਬੁੱਲ੍ਹ ਪਤਲਾ ਹੁੰਦਾ ਹੈ। ਇਹ ਬੱਚੇ ਆਮ ਨਾਲੋਂ ਕਮਜ਼ੋਰ ਹੁੰਦੇ ਹਨ ਤੇ ਦਿਲ ਵਿਚ ਜਮਾਂਦਰੂ ਨੁਕਸ (Ventricular Septal Defect) ਵੀ ਹੋ ਸਕਦਾ ਹੈ। ਇਹ ਬੱਚੇ ਸੁਸਤ ਜਿਹੇ ਜਾਂ ਮੰਦਬੁੱਧੀ ਹੁੰਦੇ ਹਨ ਤੇ ਇਨ੍ਹਾਂ ਦਾ ਵਿਕਾਸ ਵੀ ਸਹੀ ਨਹੀਂ ਹੁੰਦਾ। ਗਰਭ ਅਵਸਥਾ ਦੌਰਾਨ ਸ਼ਰਾਬ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਪਤੀ ਦੁਆਰਾ ਸ਼ਰਾਬ ਦਾ ਸੇਵਨ ਅਸਿੱਧੇ ਤੌਰ ਤੇ ਗਰਭ ਵਿਚ ਪਲ ਰਹੇ ਬੱਚੇ ਨੂੰ ਪ੍ਰਭਾਵਿਤ ਕਰਦਾ ਹੈ।
ਸਿਗਰਟ ਪੀਣਾ: ਮਾਂ ਜਾਂ ਪਿਤਾ, ਦੋਹਾਂ ਦਾ ਸਿਗਰਟ ਪੀਣਾ ਬੱਚੇ ਤੇ ਬੁਰਾ ਅਸਰ ਕਰਦਾ ਹੈ। ਜੇ ਪਿਤਾ ਸਿਗਰਟ ਪੀਂਦਾ ਹੈ ਤਾਂ ਉਸ ਦਾ ਧੂੰਆਂ ਜੋ ਮਾਂ ਦੇ ਆਸਪਾਸ ਫੈਲਦਾ ਹੈ, ਬੱਚੇ ਨੂੰ ਪ੍ਰਭਾਵਿਤ ਕਰਦਾ ਹੈ। ਸਿਗਰਟ ਵਿਚ ਜਿਹੜਾ ਤੰਬਾਕੂ ਹੁੰਦਾ ਹੈ, ਉਸ ਨਾਲ ਬੱਚੇ ਨੂੰ ਖੂਨ ਪਹੁੰਚਾਉਣ ਵਾਲੀਆਂ ਨਸਾਂ ਸੁੰਗੜ ਜਾਂਦੀਆਂ ਹਨ ਅਤੇ ਬੱਚੇ ਨੂੰ ਆਕਸੀਜਨ ਤੇ ਪੋਸ਼ਣ ਸਹੀ ਮਾਤਰਾ ਵਿਚ ਨਹੀਂ ਮਿਲਦਾ। ਸਿਗਰਟ ਪੀਣ ਨਾਲ ਗਰਭਪਾਤ, ਸਮੇਂ ਤੋਂ ਪਹਿਲਾਂ ਪੈਦਾਇਸ਼, ਗਰਭ ਵਿਚ ਬੱਚੇ ਦਾ ਵਿਕਾਸ ਨਾ ਹੋਣਾ ਅਤੇ ਜਮਾਂਦਰੂ ਨੁਕਸ ਹੋ ਸਕਦੇ ਹਨ।
ਸੋ ਨਸ਼ਿਆਂ ਤੋਂ ਪਰਹੇਜ਼ ਕਰੋ। ਆਪਸੀ ਤਾਲਮੇਲ, ਵਧੀਆ ਜੀਵਨ ਸ਼ੈਲੀ, ਦੋਸਤਾਂ ਤੇ ਪਰਿਵਾਰ ਨਾਲ ਵਧੀਆ ਸੰਬੰਧ, ਕਸਰਤ, ਯੋਗ ਤੇ ਧਿਆਨ, ਇਹ ਸਭ ਤਣਾਅ ਮੁਕਤ ਹੋਣ ਵਿਚ ਸਹਾਇਤਾ ਕਰਦੇ ਹਨ। (ਛਪ ਰਹੀ ਕਿਤਾਬ ‘ਗਰਭ ਅਵਸਥਾ: ਸੁਖਮਈ ਅਹਿਸਾਸ’ ਵਿਚੋਂ)

*ਐੱਮਡੀ ਗਾਇਨੀ

ਗਰਭ ਅਵਸਥਾ ਦੌਰਾਨ ਯੋਗ ਤੇ ਧਿਆਨ

ਗਰਭ ਅਵਸਥਾ ਦੌਰਾਨ ਅਤੇ ਜਣੇਪੇ ਤੋਂ ਬਾਅਦ ਆਪਣੇ ਸਰੀਰ ਨੂੰ ਪਹਿਲੀ ਅਵਸਥਾ ਵਿਚ ਲਿਆਉਣ ਲਈ ਯੋਗ ਦਾ ਬਹੁਤ ਅਹਿਮ ਰੋਲ ਹੈ। ਜਿਨ੍ਹਾਂ ਔਰਤਾਂ ਨੇ ਪਹਿਲਾਂ ਕਦੇ ਯੋਗ ਨਹੀਂ ਕੀਤਾ, ਉਹ ਵੀ ਗਰਭ ਅਵਸਥਾ ਦੌਰਾਨ ਯੋਗ ਸ਼ੁਰੂ ਕਰ ਸਕਦੀਆਂ ਹਨ। ਪਹਿਲੇ ਤਿੰਨ ਮਹੀਨੇ, ਵਿਚਕਾਰਲੇ ਤਿੰਨ ਮਹੀਨੇ ਤੇ ਅਖ਼ੀਰਲੇ ਤਿੰਨ ਮਹੀਨੇ ਲਈ ਵੱਖ ਵੱਖ ਯੋਗ ਆਸਣ ਹਨ। ਯੋਗ ਹਮੇਸ਼ਾ ਯੋਗ ਅਧਿਆਪਕ (yoga instructor) ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ।
ਕੁਦਰਤੀ ਜਣੇਪਾ: ਕੁਦਰਤੀ ਜਣੇਪੇ ਤੋਂ 6 ਹਫਤੇ ਬਾਅਦ ਯੋਗ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਸਿਜ਼ੇਰੀਅਨ ਤੋਂ ਬਾਅਦ ਯੋਗ 3 ਮਹੀਨੇ ਬਾਅਦ ਹੀ ਸ਼ੁਰੂ ਕਰਨਾ ਚਾਹੀਦਾ ਹੈ। ਯੋਗ ਤੋਂ ਬਾਅਦ ਸਰੀਰ ਨੂੰ ਹਲਕਾਪਨ ਮਹਿਸੂਸ ਹੋਣਾ ਚਾਹੀਦਾ ਹੈ। ਜੇ ਯੋਗ ਤੋਂ ਬਾਅਦ ਸਰੀਰ ਥਕਾਵਟ ਮਹਿਸੂਸ ਕਰੇ ਤਾਂ ਇਸ ਦਾ ਮਤਲਬ ਹੈ, ਯੋਗ ਆਸਣ ਤੁਹਾਡੇ ਲਈ ਠੀਕ ਨਹੀਂ।

ਯੋਗ ਦੇ ਫਾਇਦੇ

* ਗਰਭ ਅਵਸਥਾ ਦੌਰਾਨ ਭਾਰ ਸਹੀ ਮਾਤਰਾ ਵਿਚ ਵਧਦਾ ਹੈ ਤੇ ਉੱਚ ਰਕਤ ਚਾਪ (High Blood Pressure), ਸ਼ੂਗਰ, ਸਾਹ ਚੜ੍ਹਨਾ ਤੇ ਹੋਰ ਉਲਝਣਾਂ ਦੇ ਖ਼ਦਸ਼ੇ ਕਾਫੀ ਘਟ ਜਾਂਦੇ ਹਨ।
* ਮਨ ਸ਼ਾਂਤ ਰਹਿੰਦਾ ਹੈ, ਡਰ ਤੇ ਚਿੰਤਾ ਦੂਰ ਹੋ ਜਾਂਦੀ ਹੈ, ਮਨ ਵਿਚ ਉਤਰਾਅ ਚੜ੍ਹਾਅ ਘੱਟ ਆਉਂਦੇ ਹਨ।
* ਕੁਦਰਤੀ ਜਣੇਪੇ ਦੇ ਆਸਾਰ ਕਾਫੀ ਵਧ ਜਾਂਦੇ ਹਨ ਤੇ ਸਿਜ਼ੇਰੀਅਨ ਦੀ ਸੰਭਾਵਨਾ ਕਾਫੀ ਘਟ ਜਾਂਦੀ ਹੈ।
* ਯੋਗ ਨਾਲ ਨੀਂਦ ਵਧੀਆ ਆਉਂਦੀ ਹੈ, ਚਿੰਤਾ ਪੈਦਾ ਕਰਨ ਵਾਲੇ ਹਾਰਮੋਨ ਘਟ ਜਾਂਦੇ ਹਨ। ਮਨੋਦਿਸ਼ਾ ਵਧੀਆ ਕਰਨ ਵਾਲੇ (Mood Elevator) ਹਾਰਮੋਨ ਨਿਕਲਦੇ ਹਨ ਜਿਸ ਨਾਲ ਮਨ ਖੁਸ਼ ਰਹਿੰਦਾ ਹੈ।
* ਯੋਗ ਕਰਨ ਨਾਲ ਖੂਨ ਦੀ ਆਕਸੀਜਨ (Oxygen Carrying Capacity) ਵਧ ਜਾਂਦੀ ਹੈ ਜੋ ਜਣੇਪਾ ਪੀੜਾ ਵੇਲੇ ਬਹੁਤ ਕੰਮ ਆਉਂਦੀ ਹੈ। ਮਾਂ ਦੀ ਦਰਦ ਸਹਾਰਨ ਦੀ ਸਮਰੱਥਾ ਵੀ ਵਧ ਜਾਂਦੀ ਹੈ।
* ਜਣੇਪੇ ਤੋਂ ਬਾਅਦ ਸਰੀਰ ਨੂੰ ਪਹਿਲੀ ਅਵਸਥਾ ਵਿਚ ਲਿਆਉਣ ਲਈ ਬਹੁਤ ਫਾਇਦੇਮੰਦ ਹੈ।


Comments Off on ਗਰਭ ਅਵਸਥਾ ਦੌਰਾਨ ਮਾਂ ਦੀ ਸੋਚ, ਮਾਨਸਿਕ ਰੋਗ ਤੇ ਨਸ਼ੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.