ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਖੇਤੀ ਵਿਕਾਸ ਵਿੱਚ ਔਰਤਾਂ ਦੀ ਭੂਮਿਕਾ

Posted On June - 29 - 2019

ਡਾ. ਅਮਰੀਕ ਸਿੰਘ*

ਪੰਜਾਬ ਖੇਤੀ ਪ੍ਰਦਾਨ ਸੂਬਾ ਹੈ। ਪੰਜਾਬ ਨੇ ਕੇਂਦਰੀ ਅੰਨ ਭੰਡਾਰ ਵਿੱਚ ਬਾਕੀ ਸੂਬਿਆਂ ਦੇ ਮੁਕਾਬਲੇ ਵਾਹੀਯੋਗ ਰਕਬਾ ਘੱਟ ਹੋਣ ਦੇ ਬਾਵਜੂਦ ਵਧੇਰੇ ਹਿੱਸਾ ਪਾਇਆ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਮੁਕਾਬਲੇ ਦੂਜੇ ਸੂਬਿਆਂ ਵਿੱਚ ਖੇਤੀ ਦੀ ਤੇਜ਼ੀ ਨਾਲ ਵਧ ਰਹੀ ਪੈਦਾਵਾਰ ਨਾਲ ਕਣਕ-ਝੋਨੇ ’ਤੇ ਨਿਰਭਰ ਪੰਜਾਬ ਦੀ ਖੇਤੀ ਆਰਥਿਕਤਾ ਲਈ ਗੰਭੀਰ ਸੰਕਟ ਸਾਹਮਣੇ ਆਉਣ ਵਾਲੇ ਹਨ। ਮੱਧ ਪ੍ਰਦੇਸ਼, ਬਿਹਾਰ, ਝਾੜਖੰਡ, ਤ੍ਰਿਪੁਰਾ, ਉੜੀਸਾ ਤੇ ਪੱਛਮੀ ਬੰਗਾਲ ਆਦਿ ਰਾਜਾਂ ਦਾ ਕੌਮੀ ਅੰਨ ਭੰਡਾਰ ਵਿੱਚ ਹਿੱਸੇਦਾਰੀ ਵਧਣ ਦੀ ਸੰਭਾਵਨਾ ਹੈ। ਇਸ ਨਾਲ ਭਵਿੱਖ ਵਿੱਚ ਪੰਜਾਬ ਦੀ ਕਣਕ-ਝੋਨੇ ’ਤੇ ਆਧਾਰਤ ਖੇਤੀ ਨੂੰ ਵੱਡਾ ਝਟਕਾ ਲੱਗਣ ਅਤੇ ਖੇਤੀ ਆਮਦਨ ਘਟਣ ਦੀ ਸੰਭਾਵਨਾ ਹੈ। ਖੇਤੀ ਆਮਦਨ ਵਿੱਚ ਵਾਧਾ ਕਰਨ ਲਈ ਕਿਸਾਨੀ ਖ਼ਾਸ ਕਰਕੇ ਛੋਟੀ ਕਿਸਾਨੀ ਨੂੰ ਖੇਤੀ ਸਹਾਇਕ ਕਿੱਤੇ ਜਿਵੇਂ ਡੇਅਰੀ ਫਾਰਮਿੰਗ, ਖੁੰਭਾਂ ਦੀ ਕਾਸ਼ਤ, ਮਧੂ ਮੱਖੀ ਪਾਲਣ ,ਵਾਧੂ ਸਬਜ਼ੀਆਂ ਫਲਾਂ ਦਾ ਮੁੱਲ ਵਾਧਾ ਕਰਕੇ ਖ਼ੁਦ ਮੰਡੀਕਰਨ ਕਰਨਾ, ਪੋਲਟਰੀ ਅਪਣਾਉਣ ਦੀ ਜ਼ਰੂਰਤ ਹੈ। ਇਸ ਕੰਮ ਵਿੱਚ ਕਿਸਾਨ ਔਰਤਾਂ ਆਹਿਮ ਯੋਗਦਾਨ ਪਾ ਸਕਦੀਆਂ ਹਨ। ਖੇਤੀ ਵਿਭਿੰਨਤਾ ਹੋਵੇ ਜਾਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਜਾਂ ਘਰੇਲੂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਕਿਸਾਨ ਔਰਤਾਂ ਦਾ ਅਹਿਮ ਰੋਲ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ ਪਰ ਇਨ੍ਹਾਂ ਔਰਤਾਂ ਵੱਲੋਂ ਖੇਤੀਬਾੜੀ ਕੰਮਾਂ ਕਾਰਾਂ ਵਿੱਚ ਪਾਏ ਜਾਂਦੇ ਯੋਗਦਾਨ ਨੂੰ ਹਮੇਸ਼ਾਂ ਅਣਡਿੱਠ ਕਰ ਦਿੱਤਾ ਜਾਂਦਾ ਹੈ। ਇੱਕ ਖੋਜ ਅਨੁਸਾਰ ਦੁਨੀਆਂ ਵਿੱਚ ਕੰਮ ਕਾਰ ਵਿੱਚ ਔਰਤਾਂ 30 ਫ਼ੀਸਦੀ ਹਿੱਸਾ ਪਾਉਂਦੀਆਂ ਹਨ ਅਤੇ ਕੁੱਲ ਆਮਦਨ ਦਾ 10 ਫ਼ੀਸਦੀ ਕਿਰਤ ਪ੍ਰਾਪਤ ਕਰਦੀਆਂ ਹਨ ਜਦੋਂਕਿ ਵਿਸ਼ਵ ਭਰ ਵਿੱਚ ਕੁੱਲ ਜਾਇਦਾਦ ਦੇ ਸਿਰਫ਼ ਇੱਕ ਫ਼ੀਸਦੀ ਹਿੱਸੇ ਦੀਆਂ ਔਰਤਾਂ ਮਾਲਕ ਹਨ। ਭਾਰਤ ਵਿੱਚ ਪਿੰਡਾਂ ਵਿੱਚ ਵਧੇਰੇ ਕਰਕੇ ਔਰਤਾਂ ਅਣਸਿੱਖਿਅਤ ਹੋਣ ਕਾਰਨ ਮਰਦਾਂ ਦੇ ਮੁਕਾਬਲੇ ਉਜਰਤ ਵੀ ਘੱਟ ਮਿਲਦੀ ਹੈ ਜਿਸ ਕਾਰਨ ਔਰਤਾਂ ਦਾ ਆਰਥਿਕ ਸ਼ੋਸ਼ਣ ਜ਼ਿਆਦਾ ਹੁੰਦਾ ਹੈ।
ਖੇਤੀ ਅਰਥ ਸ਼ਾਸ਼ਤਰੀਆਂ ਮੁਤਾਬਿਕ ਕਿਸਾਨ ਔਰਤਾਂ, ਖੇਤੀਬਾੜੀ ਦੇ ਵਿਕਾਸ ਅਤੇ ਖ਼ੁਸ਼ਹਾਲੀ ਦਾ ਅਨਿੱਖੜਵਾਂ ਅੰਗ ਹੋਣ ਸਦਕਾ ਖੇਤੀਬਾੜੀ ਖੇਤਰ ਵਿੱਚ 80 ਫ਼ੀਸਦੀ ਤੋਂ ਵੱਧ ਹਿੱਸਾ ਪਾਉਂਦੀਆਂ ਹਨ। ਕਿਸੇ ਵੀ ਦੇਸ਼ ਦੀ ਖ਼ੁਸ਼ਹਾਲੀ ਅਤੇ ਵਿਕਾਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦੇਸ਼ ਜਾਂ ਸੂਬੇ ਦੀਆਂ ਔਰਤਾਂ ਦਾ ਸਮਾਜਿਕ ਰੁਤਬਾ ਕੀ ਹੈ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਬਰਾਬਰਤਾ ਕਿੰਨੀ ਕੁ ਹੈ। ਵੱਸੋਂ ਪੱਖੋਂ ਦੇਸ਼ ਅੰਦਰ ਔਰਤਾਂ ਦੀ ਗਿਣਤੀ ਲਗਭਗ ਅੱਧੀ ਹੈ ਪਰ ਔਰਤਾਂ ਦੀ ਭੂਮਿਕਾ ਨੂੰ ਖੇਤੀਬਾੜੀ ਵਿਕਾਸ ਦੇ ਕਾਰਜਾਂ ਵਿੱਚ ਹਮੇਸ਼ਾਂ ਅਣਗੌਲਿਆ ਕੀਤਾ ਗਿਆ ਹੈ। ਸੰਵਿਧਾਨ ਦੀ 73 ਵੀਂ ਅਤੇ 74 ਵੀਂ ਸੋਧ ਕਰਕੇ ਭਾਰਤ ਸਰਕਾਰ ਨੇ ਔਰਤਾਂ ਦੀ ਸਥਾਨਕ ਪ੍ਰਸ਼ਾਸਨ ਵਿੱਚ ਭਾਗੀਦਾਰੀ ਵਧਾ ਦਿੱਤੀ ਅਤੇ ਪੰਚਾਇਤ ਪੱਧਰ ’ਤੇ ਔਰਤਾਂ ਲਈ 50 ਫ਼ੀਸਦੀ ਰਾਖਵਾਂਕਰਨ ਕਰ ਦਿੱਤਾ ਹੈ। ਪਿੰਡਾਂ ਵਿੱਚ ਸਰਪੰਚ ਅਤੇ ਪੰਚ ਔਰਤਾਂ ਕੇਵਲ ਨਾਮ ਧਰੀਕ ਬਣ ਕੇ ਰਹਿ ਜਾਂਦੀਆਂ ਹਨ ਜਦੋਂਕਿ ਉਨਾਂ ਦੇ ਰਿਸ਼ਤੇਦਾਰਾਂ ਜਿਵੇਂ ਪਤੀ, ਭਰਾ ਜਾਂ ਪਿਤਾ ਵੱਲੋਂ ਉਨ੍ਹਾਂ ਦੇ ਰੁਤਬੇ ਅਤੇ ਸ਼ਕਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਪਿੰਡਾਂ ਨੂੰ ਸਹੀ ਮਾਅਨਿਆਂ ਵਿੱਚ ਵਿਕਾਸ ਅਤੇ ਖ਼ੁਸ਼ਹਾਲੀ ਵੱਲ ਤੋਰਨਾ ਹੈ ਤਾਂ ਪਿੰਡਾਂ ਦੀ ਵਿਕਾਸ ਯੋਜਨਾਬੰਦੀ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਕੇਵਲ ਨਾਂ ਦੀ ਨਾ ਹੋਵੇ ਸਗੋਂ ਖੇਤੀਬਾੜੀ ਅਤੇ ਹੋਰ ਸਬੰਧਿਤ ਕੰਮਾਂ ਵਿੱਚ ਉਨ੍ਹਾਂ ਵੱਲੋਂ ਵਟਾਏ ਜਾਂਦੇ ਹੱਥਾਂ ਦੀ ਕਦਰ ਕਰਨੀ ਪਵੇਗੀ।
ਪੁਰਾਣੇ ਸਮੇਂ ਵਿੱਚ ਪਿੰਡਾਂ ਵਿੱਚ ਕਿਸਾਨ ਔਰਤਾਂ, ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰੇਕ ਤਰ੍ਹਾਂ ਦੇ ਖੇਤੀ ਕੰਮ ਵਿੱਚ ਹੱਥ ਵਟਾਉਂਦੀਆਂ ਸਨ। ਪਸ਼ੂਆਂ ਦੀ ਸਾਂਭ-ਸੰਭਾਲ ਦਾ ਸਾਰਾ ਕੰਮ ਔਰਤਾਂ ਹੀ ਕਰਦੀਆਂ ਸਨ ਜਿਵੇਂ ਦੁੱਧ ਚੋਣ, ਦੁੱਧ ਦੀ ਸਾਂਭ ਸੰਭਾਲ ਆਦਿ। ਪਿੰਡਾਂ ਵਿੱਚ ਫ਼ਸਲਾਂ ਦੇ ਬੀਜ ਅਤੇ ਘਰੇਲੂ ਵਰਤੋਂ ਲਈ ਦਾਣਿਆਂ ਦੀ ਸਾਂਭ-ਸੰਭਾਲ ਦਾ ਸਾਰਾ ਕੰਮ ਔਰਤਾਂ ਹੀ ਕਰਦੀਆਂ ਸਨ। ਘਰੇਲੂ ਵਰਤੋਂ ਲਈ ਕਣਕ ਤੋਂ ਆਟਾ ਬਣਾਉਣ ਲਈ ਚੱਕੀ ਚਲਾਉਣ, ਦੁੱਧ ਰਿੜਕਣ, ਬੱਚਿਆਂ ਦੀ ਸੰਭਾਲ ਦਾ ਕੰਮ ਔਰਤਾਂ ਹੀ ਕਰਦੀਆਂ ਸਨ ਪਰ ਜਦੋਂ ਪੈਸੇ ਦੀ ਸਾਂਭ-ਸੰਭਾਲ ਦੀ ਵਾਰੀ ਆਉਂਦੀ ਹੈ ਤਾਂ ਔਰਤਾਂ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ। ਸਮੇਂ ਦੇ ਨਾਲ ਨਵੀਨਤਮ ਤਕਨੀਕਾਂ ਆਉਣ ਕਾਰਨ ਪਿੰਡਾਂ ਵਿੱਚ ਘਰਾਂ ਦਾ ਮਾਹੌਲ ਵੀ ਬਦਲ ਗਿਆ ਹੈ। ਹੁਣ ਬਹੁਤੇ ਕਿਸਾਨ ਫ਼ਸਲਾਂ ਦੇ ਬੀਜ ਦੀ ਸਾਂਭ-ਸੰਭਾਲ ਕਰਨ ਨੂੰ ਬੋਝ ਸਮਝਣ ਲੱਗ ਪਏ ਹਨ ਕਿਉਂਕਿ ਨਵੀਂ ਪੀੜ੍ਹੀ ਦੀਆਂ ਔਰਤਾਂ ਵਿੱਚ ਘਰੇਲੂ ਕੰਮ ਕਰਨ ਦੀ ਦਿਲਚਸਪੀ ਨਹੀਂ ਰਹੀ। ਬਹੁਤੇ ਨੌਜਵਾਨ ਕਿਸਾਨ ਪੜ੍ਹ ਲਿਖ ਜਾਣ ਕਾਰਨ ਇਨ੍ਹਾਂ ਕੰਮਾਂ ਵਿੱਚ ਬਿੱਲਕੁਲ ਹੀ ਧਿਆਨ ਨਹੀਂ ਦਿੰਦੇ, ਉਹ ਮਾਪਿਆਂ ਨੂੰ ਆਖਦੇ ਹਨ ਕਿ ਘਰ ਵਿੱਚ ਅਗਲੀ ਫ਼ਸਲ ਲਈ ਰੱਖਣ ਦਾ ਕੀ ਫ਼ਾਇਦਾ ਜਦੋਂਕਿ ਵਧੀਆਂ ਬੀਜ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਬਾਜ਼ਾਰ ਵਿੱਚੋਂ ਖ਼ਰੀਦ ਕੀਤਾ ਜਾ ਸਕਦਾ ਹੈ। ਪਰ ਇਸ ਪ੍ਰਵਿਰਤੀ ਨਾਲ ਕਈ ਵਾਰ ਕਿਸਾਨ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ। ਬਾਜ਼ਾਰੋਂ ਖ਼ਰੀਦੇ ਬੀਜ ਵਿੱਚ ਮਿਲਾਵਟ ਆ ਜਾਂਦੀ ਹੈ ਜਿਸ ਦਾ ਪਤਾ ਫ਼ਸਲ ਦੀਆਂ ਮੁੰਝਰਾਂ ਨਿਕਲਣ ਸਮੇਂ ਹੀ ਲੱਗਦਾ ਹੈ ਉਸ ਵੇਲੇ ਪਛਤਾਵੇ ਤੋਂ ਬਗੈਰ ਹੋਰ ਕੁਝ ਪੱਲੇ ਨਹੀਂ ਪੈਂਦਾ। ਕਈ ਵਾਰ ਦੇਖਿਆ ਹੈ ਕਿ ਬਾਜ਼ਾਰ ਤੋਂ ਬੀਜ ਖ਼ਰੀਦ ਕੇ ਬੀਜੀ ਫ਼ਸਲ ਵਿੱਚ ਕਈ ਤਰ੍ਹਾਂ ਦਾ ਬੀਜ ਨਿਕਲ ਆਉਂਦਾ ਹੈ। ਜੇ ਕਿਸੇ ਵੀ ਫ਼ਸਲ (ਸਿਵਾਏ ਦੋਗਲੀਆਂ ਕਿਸਮਾਂ ਤੋਂ) ਦਾ ਬੀਜ ਹਰੇਕ ਕਿਸਾਨ ਜ਼ਰੂਰਤ ਅਨੁਸਾਰ ਆਪ ਤਿਆਰ ਕਰੇ ਅਤੇ ਉਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਔਰਤਾਂ ਨੂੰ ਦਿੱਤੀ ਜਾਵੇ ਤਾਂ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਕਿਸਾਨ ਔਰਤਾਂ ਵਿੱਚ ਕਿਸੇ ਵੀ ਵਸਤੂ ਨੂੰ ਸਹੀ ਤਰੀਕੇ ਨਾਲ ਸੰਭਾਲ ਕਰਨ ਦੀ ਮੁਹਾਰਤ ਪੁਰਸ਼ਾਂ ਨਾਲੋਂ ਜ਼ਿਆਦਾ ਹੁੰਦੀ ਹੈ। ਜੇ ਖੇਤੀ ਸਹਾਇਕ ਕਿੱਤਿਆਂ ਦੀ ਗੱਲ ਕਰੀਏ ਤਾਂ ਇਸ ਖੇਤਰ ਵਿੱਚ ਵੀ ਔਰਤਾਂ ਕਿਸੇ ਪੱਖ ਤੋਂ ਪਿੱਛੇ ਨਹੀਂ ਹਨ। ਸ਼ਹਿਦ ਦੀਆਂ ਮੱਖੀਆਂ, ਡੇਅਰੀ ਫਾਰਮਿੰਗ, ਮੁਰਗੀ ਪਾਲਣ, ਖੁੰਭਾਂ ਦੀ ਕਾਸ਼ਤ, ਫਲਾਂ ਅਤੇ ਸਬਜ਼ੀਆਂ ਤੋਂ ਆਚਾਰ, ਚਟਣੀਆਂ, ਮੁਰੱਬੇ ਤੇ ਸੁਕੈਸ਼ ਆਦਿ ਬਣਾ ਕੇ ਵੇਚਣਾ ਕੁਝ ਅਜਿਹੇ ਖੇਤੀ ਸਹਾਇਕ ਕਿੱਤੇ ਹਨ, ਜਿਸ ਨੂੰ ਕਿਸਾਨ ਔਰਤਾਂ ਬਹੁਤ ਹੀ ਕਾਮਯਾਬੀ ਨਾਲ ਚਲਾ ਰਹੀਆਂ ਹਨ। ਘਰੇਲੂ ਜ਼ਰੂਰਤਾਂ ਲਈ ਘਰੇਲੂ ਬਗ਼ੀਚੀ ਵਿੱਚ ਸਬਜ਼ੀਆਂ, ਫ਼ਸਲ ਅਤੇ ਦਾਲਾਂ ਪੈਦਾ ਕਰਕੇ ਘਰੇਲੂ ਖ਼ਰਚਿਆਂ ਵਿੱਚ ਕਟੌਤੀ ਕਰ ਸਕਦੀਆਂ ਹਨ ਕਿਉਂਕਿ ਔਰਤ ਹੀ ਘਰ ਵਿੱਚ ਪੈਦਾ ਕੀਤੀਆਂ ਸਬਜ਼ੀਆਂ, ਫਲਾਂ ਅਤੇ ਦਾਲਾਂ ਦੀ ਅਹਿਮੀਅਤ ਨੂੰ ਸੌਖਿਆਂ ਸਮਝ ਸਕਦੀਆਂ ਹਨ। ਇਸ ਮਕਸਦ ਲਈ ਔਰਤਾਂ ਨੂੰ ਵਧੇਰੇ ਸਿੱਖਿਅਤ ਕਰਨ ਦੀ ਜ਼ਰੂਰਤ ਹੈ, ਜਿਸ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਅਹਿਮ ਭੂਮਿਕਾ ਨਿਭਾ ਸਕਦੇ ਹਨ ਤਾਂ ਜੋ ਹਿੰਮਤੀ ਕਿਸਾਨ ਔਰਤਾਂ ਆਪੋ-ਆਪਣੇ ਕਾਰੋਬਾਰ ਨੂੰ ਚਲਾ ਕੇ ਆਪਣੀ ਘਰੇਲੂ ਆਰਥਿਕਤਾ ਕਰ ਸਕਣ। ਸਬਜ਼ੀਆਂ ਅਤੇ ਫਲਾਂ ਤੋਂ ਆਚਾਰ, ਚਟਣੀਆਂ ਮੁਰੱਬੇ, ਸੁਕੈਸ਼ ਤੇ ਜੂਸ ਆਦਿ ਤਿਆਰ ਕਰਕੇ ਪਦਾਰਥਾਂ ਨੂੰ ਗਾਹਕਾਂ ਤੱਕ ਪਹੁੰਚਾ ਕੇ ਵਧੇਰੇ ਆਮਦਨ ਲੈ ਸਕਦੀਆਂ ਹਨ। ਪੰਜਾਬ ਦੇ ਕਈ ਪਿੰਡਾਂ ਵਿੱਚ ਔਰਤਾਂ ਵੱਲੋਂ ਸਵੈ ਸਹਾਇਤਾ ਸਮੂਹ ਬਣਾ ਕੇ ਇਨ੍ਹਾਂ ਕੰਮਾਂ ਨੂੰ ਸਫ਼ਲਤਾਪੂਰਵਕ ਕੀਤਾ ਜਾ ਰਿਹਾ ਹੈ। ਸਮਾਜਿਕ ਬੁਰਾਈਆਂ ਜਿਵੇਂ ਕੰਨਿਆ ਭਰੂਣ ਹੱਤਿਆ, ਨਸ਼ਾਖੋਰੀ ਅਤੇ ਦਾਜ-ਦਹੇਜ ਨੂੰ ਸਮਾਜ ਵਿੱਚੋਂ ਖ਼ਤਮ ਕਰਨ ਲਈ ਔਰਤਾਂ ਤੋਂ ਬਗੈਰ ਹੋਰ ਕੋਈ ਵੀ ਮੁੱਖ ਭੂਮਿਕਾ ਨਹੀਂ ਨਿਭਾ ਸਕਦਾ, ਜ਼ਰੂਰਤ ਸਿਰਫ਼ ਔਰਤਾਂ ਨੂੰ ਜਾਗਰੂਕ ਕਰਨ ਦੀ ਹੈ।
ਔਰਤਾਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ, ਬੱਸ ਉਨ੍ਹਾਂ ਵਿੱਚ ਜਜ਼ਬਾ ਅਤੇ ਜਨੂੰਨ ਪੈਦਾ ਕਰਨ ਦੀ ਜ਼ਰੂਰਤ ਹੈ। ਘਰੇਲੂ ਕੰਮਾਂ ਦੇ ਰੁਝੇਵਿਆਂ ਕਾਰਨ ਆਮ ਔਰਤ ਵਾਤਾਵਰਨ ਦੀ ਸੰਭਾਲ ਦੇ ਯਤਨਾਂ ਲਈ ਸਮੇਂ ਦੀ ਥੁੜ੍ਹ ਮਹਿਸੂਸ ਕਰਦੀ ਹੈ, ਪਰ ਵਾਤਾਵਰਨ ਨੂੰ ਸਾਫ਼ ਰੱਖਣ ਲਈ ਔਰਤ ਨੂੰ ਕੋਈ ਖ਼ਾਸ ਸਮਾਂ ਕੱਢਣ ਦੀ ਜ਼ਰੂਰਤ ਨਹੀਂ ਬਲਕਿ ਉਹ ਆਪਣੀਆਂ ਰੋਜ਼ਾਨਾਂ ਦੀਆਂ ਆਦਤਾਂ ਵਿੱਚ ਸੁਧਾਰ ਕਰਕੇ ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਵਾਤਾਵਰਨ ਨੂੰ ਗੰਧਲਾ ਕਰਨ ਦੇ ਮੁੱਖ ਕਾਰਨਾਂ ਵਿੱਚ ਘਰੇਲੂ ਕੂੜਾ ਕਰਕਟ, ਘਰ ਵਿੱਚ ਪੈਦਾ ਹੋਣ ਵਾਲਾ ਧੂੰਆਂ ਅਤੇ ਗੰਦਾ ਪਾਣੀ ਆਦਿ ਹਨ। ਘਰੇਲੂ ਕੂੜਾ ਦੋ ਪ੍ਰਕਾਰ ਦਾ ਹੁੰਦਾ ਹੈ ਇੱਕ ਉਹ ਜੋ ਆਪਣੇ ਆਪ ਗਲ ਜਾਂਦਾ ਹੈ ਜਿਵੇਂ ਸਬਜ਼ੀਆਂ ਫਲਾਂ ਆਦਿ ਦੇ ਛਿਲਕੇ ਅਤੇ ਬਚਿਆ ਖਾਣਾ। ਦੂਜਾ ਉਹ ਜੋ ਗਲਦਾ ਸੜਦਾ ਨਹੀਂ ਜਿਵੇਂ ਪਲਾਸਟਿਕ ਲਿਫਾਫੇ ਤੇ ਬੋਤਲਾਂ ਆਦਿ। ਇਸ ਦੋਵਾਂ ਤਰ੍ਹਾਂ ਦੇ ਕੂੜੇ ਕਰਕਟ ਨੂੰ ਵੱਖ-ਵੱਖ ਰੱਖਣਾ ਚਾਹੀਦਾ ਹੈ। ਪਿੰਡਾਂ ਵਿੱਚ ਪਸ਼ੂਆਂ ਦਾ ਗੋਹਾ ਕੂੜਾ ਆਮ ਕਰਕੇ ਖੁੱਲ੍ਹੇ ਵਿੱਚ ਢੇਰੀ ਕਰ ਦਿੱਤਾ ਜਾਂਦਾ ਹੈ। ਇਸ ਕਾਰਨ ਬਦਬੂ ਤੇ ਮੱਖੀਆਂ-ਮੱਛਰ ਆਦਿ ਪੈਦਾ ਹੋਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਪਰ ਜੇ ਕਿਸਾਨ ਔਰਤਾਂ ਥੋੜ੍ਹੀ ਜਿਹੀ ਵਿਉਂਤਬੰਦੀ ਕਰਕੇ ਗੋਬਰ ਗੈਸ ਪਲਾਂਟ ਲਗਵਾ ਲੈਣ ਤਾਂ ਇਸ ਨਾਲ ਜਿੱਥੇ ਵਾਤਾਵਰਨ ਸਾਫ਼ ਰਹੇਗਾ, ਉੱਥੇ ਉੱਚ ਮਿਆਰ ਦੀ ਦੇਸੀ ਖਾਦ ਵੀ ਪ੍ਰਾਪਤ ਹੋਵੇਗੀ ਜਿਸ ਦੀ ਵਰਤੋਂ ਕਰਕੇ ਸਿਹਤਮੰਦ ਸਬਜ਼ੀਆਂ, ਕਣਕ, ਬਾਸਮਤੀ, ਦਾਲਾਂ ਆਦਿ ਪੈਦਾ ਕੀਤੀਆਂ ਜਾ ਸਕਦੀਆਂ ਹਨ। ਖੇਤੀਬਾੜੀ ਅਤੇ ਹੋਰ ਸਬੰਧਤ ਕੰੰਮਾਂ ਵਿੱਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਹੈ। ਜ਼ਿੰਦਗੀ ਦੇ ਦੋਵੇਂ ਪਹੀਏ ਜੇ ਬਰਾਬਰ ਨਹੀਂ ਚੱਲਣਗੇ ਤਾਂ ਇੱਕੀਵੀਂ ਸਦੀ ਵਿੱਚ ਵਿਕਾਸ ਕਰਨਾ ਸੰਭਵ ਨਹੀਂ ਹੈ।
*ਬਲਾਕ ਖੇਤੀਬਾੜੀ ਅਫ਼ਸਰ, ਪਠਾਨਕੋਟ।
ਸੰਪਰਕ: 94630-71919


Comments Off on ਖੇਤੀ ਵਿਕਾਸ ਵਿੱਚ ਔਰਤਾਂ ਦੀ ਭੂਮਿਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.