ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕੁਮਾਰ ਗਾਥਾ

Posted On June - 8 - 2019

ਰਾਸ ਰੰਗ

ਡਾ. ਸਾਹਿਬ ਸਿੰਘ

ਇਹ ਲੇਖ ਉਸ ਬਾਰੇ ਹੈ ਜੋ ਰੰਗ-ਮੰਚ ਦਾ ਲੇਖਾ-ਜੋਖਾ ਕਰਦਾ ਹੈ, ਉਹ ਜੋ ਸਾਡੇ ਨਾਟਕ ਦੇ ਤੋਲ-ਤੁਕਾਂਤ, ਵਜ਼ਨ ਦਾ ਹਿਸਾਬ ਕਰਦਾ ਹੈ। ਜੋ ਪੰਜਾਬੀ ਨਾਟਕ ਦਾ ਇਤਿਹਾਸ ਸਾਂਭ ਰਿਹਾ ਹੈ। ਉਹ ਹੈ ਡਾ. ਸਤੀਸ਼ ਕੁਮਾਰ ਵਰਮਾ! ਪਰ ਅੱਜ ਮੈਂ ਉਸਨੂੰ ਸਿਰਫ਼ ਕੁਮਾਰ ਆਖ ਕੇ ਗੱਲ ਕਰਾਂਗਾ।
ਉਹ ਕੁਮਾਰ ਜਿਸ ਨਾਲ ਗੱਲ ਕਰਦਿਆਂ ਉਤਸ਼ਾਹ ਤੇ ਉਤਸੁਕਤਾ ਪੈਦਾ ਹੁੰਦੀ ਹੈ। ਉਸਦਾ ਦਿਮਾਗ਼ ਘੋੜੇ ਵਾਂਗ ਦੌੜਦਾ ਹੈ, ਵਿਚਾਰ ਇਉਂ ਪਲੋ-ਪਲੀ ਦੌੜਦੇ ਨੇ ਜਿਵੇਂ ਵਿਚਾਰਾਂ ਦਾ ਹੜ੍ਹ ਆਇਆ ਹੋਵੇ ਤੇ ‘ਕੁਮਾਰ’ ਇਸਦੇ ਹਰ ਕਤਰੇ ਨੂੰ ਸੰਭਾਲਣਾ ਚਾਹੁੰਦਾ ਹੋਵੇ। ਤੁਸੀਂ ਫੋਨ ਕਰਕੇ ਦੇਖੋ, ਕੁਮਾਰ ਚਹਿਕ ਉੱਠੇਗਾ, ‘‘ਹਾਂ ਸਾਹਿਬ, ਸੈਮੀਨਾਰ ਰੱਖਿਐ, ਚੰਡੀਗੜ੍ਹ?’’ ਹਾਂ ਕਰਨ ਦੀ ਦੇਰ ਐ ਕਿ ਉਹ ‘ਤੂੰ ਐਂਕਰ’ ਸਿਰਲੇਖ ਅਧੀਨ ਤੱਟ-ਫੱਟ ਵਿਉਂਤਕਾਰੀ ਆਰੰਭ ਕਰ ਦੇਵੇਗਾ, ‘‘ਤੂੰ ਐਂਕਰ’’ ਸੈਮੀਨਾਰ ਦਾ ਟਾਈਟਲ ਰੱਖ, ਪੰਜਾਬੀ ਨਾਟਕ ਦੇ ਸੌ ਸਾਲ-ਪ੍ਰਾਪਤੀਆਂ ਅਤੇ ਸੰਭਾਵਨਾਵਾਂ! ਪਹਿਲਾਂ ਇਕ ਉਦਘਾਟਨੀ ਸੈਸ਼ਨ ਰੱਖ ਲੈ, ਕੇਵਲ ਨੂੰ ਕਹਿ ਉਹ ਸਵਾਗਤੀ ਸ਼ਬਦ ਬੋਲੇ। ਅੱਗੇ ਫੇਰ ਕੁੰਜੀਵਤ ਭਾਸ਼ਨ ਹੀ ਸੈਮੀਨਾਰ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਉਹ ਜ਼ਿੰਮੇਵਾਰੀ ਮੈਂ ਸੰਭਾਲ ਲਵਾਂਗਾ। ਉਸਤੋਂ ਬਾਅਦ ਤੂੰ ਧੰਨਵਾਦੀ ਲਫ਼ਜ਼ ਕਹਿ ਕੇ ਇਹ ਸੈਸ਼ਨ ਸਮੇਟ ਦੇਣਾ, ਫੇਰ ਇਕ ਤਕਨੀਕੀ ਸੈਸ਼ਨ ਰੱਖ, ਦੋ ਪਰਚੇ ਲਿਖਵਾ ਲੈ, ‘ਤੂੰ ਐਂਕਰ’ ਇਹ ਮੇਰੇ ’ਤੇ ਛੱਡਦੇ, ਆਤਮਜੀਤ ਨੇ ਵੀ ਆਉਣਾ ਈ ਹੋਊ ਉਸਤੋਂ ਪ੍ਰਧਾਨਗੀ ਕਰਵਾ ਕੇ ਦਮਨ ਤੋਂ ਬਹਿਸ ਦਾ ਆਰੰਭ ਕਰਵਾ। ਬਾਕੀ ਰੰਗ-ਕਰਮੀ ਵਿਚਾਰ-ਵਟਾਂਦਰਾ ਤੂੰ ਐਂਕਰ..!’’ ਗੱਲ ਮੁੱਕਣ ਤੋਂ ਬਾਅਦ ਮੈਂ ਦੋ-ਤਿੰਨ ਵਾਰ ਆਪਣੇ ਫੋਨ ਦੀ ਲੌਗ-ਬੁੱਕ ਦਾ ਮੁਆਇਨਾ ਕਰਦਾ ਹਾਂ ਕਿ ਮੈਂ ਕੁਮਾਰ ਨੂੰ ਫੋਨ ਕੀਤਾ ਸੀ ਜਾਂ ਕੁਮਾਰ ਨੇ ਮੈਨੂੰ। ਮੈਨੂੰ ਇੱਦਾਂ ਕਰਦੇ ਕੁਮਾਰ ’ਤੇ ਹਮੇਸ਼ਾਂ ਪਿਆਰ ਆਉਂਦਾ ਐ, ਉਦੋਂ ਉਹ ਮੈਨੂੰ 62 ਸਾਲਾਂ ਦਾ ਨਹੀਂ, ਛੱਬੀਆਂ ਦਾ ਲੱਗਣ ਲੱਗ ਪੈਂਦਾ ਹੈ।
ਉਹ ਹਨੇਰੀ ਵਾਂਗ ਸੈਮੀਨਾਰ ਜਾਂ ਸਿੰਪੋਜ਼ੀਅਮ ਅੰਦਰ ਪ੍ਰਵੇਸ਼ ਕਰਦਾ ਹੈ। ਸ਼ਾਂਤ ਪਰ ਅਠਖੇਲੀਆਂ ਕਰਦੇ ਬੱਦਲ ਵਾਂਗ ਆਪਣੀ ਜਗ੍ਹਾ ਮੱਲਦਾ ਹੈ, ਨਿੱਕੀ-ਨਿੱਕੀ ਕਿਣ ਮਿਣੀ ਵਾਂਗ ਪ੍ਰਧਾਨਗੀ ਮੰਡਲ ’ਚ ਸਜਿਆ ਆਪਣੇ ਹਾਜ਼ਰ ਹੋਣ ਦਾ ਅਹਿਸਾਸ ਜਗਾਈ ਰੱਖਦਾ ਹੈ, ਫਿਰ ਪੁਰੇ ਦੀ ਹਵਾ ਵਾਂਗ ਮਾਈਕ ਵੱਲ ਵਧਦਾ ਹੈ ਤੇ ਸੰਘਣੇ ਬੱਦਲਾਂ ’ਚੋਂ ਫੁੱਟ ਦੀ ਬਾਰਸ਼ ਵਾਂਗ ਚਾਰੇ ਪਾਸੇ ਛਾ ਜਾਂਦਾ ਹੈ। ਸਰੋਤਾ ਸਰਸ਼ਾਰ ਹੋਇਆ ਕਦੀ ਵਾਹ-ਵਾਹ ਕਰ ਉੱਠਦਾ ਹੈ ਤੇ ਕਦੀ ਇਸ ਭਰਵੀਂ ਫੁਹਾਰ ’ਚ ਭਿੱਜਿਆ ਹੈਰਾਨੀ ਨਾਲ ਆਪਣੀਆਂ ਪਲਕਾਂ ਉੱਪਰ-ਥੱਲੇ ਕਰਦਾ ਹੈ।

ਡਾ. ਸਾਹਿਬ ਸਿੰਘ

ਲਿਖਣ, ਬੋਲਣ, ਚੱਲਣ ਦੀ ਰਫ਼ਤਾਰ ਦੇਖ ਕੇ ਇਉਂ ਲੱਗਦਾ ਜਿਵੇਂ ਕਿਸੇ ਨੇ ਉਸਦੇ ਪੈਰਾਂ ਹੇਠ ਅੱਗ ਧਰੀ ਹੋਵੇ। ਇਕ ਵਾਰ ਉਸਨੇ ਇਕ ਨਾਸ਼ਤੇ ਤੋਂ ਲੈ ਕੇ ਅਗਲੇ ਦੋ ਨਾਸ਼ਤੇ ਤਕ ਪੰਜ ਸਮਾਗਮ ਭੁਗਤਾ ਦਿੱਤੇ, ਹੈ ਨਾ ਪਾਗਲਪਨ। ਪਰ ਕੁਮਾਰ ਹੈ ਈ ਇਹੋ ਜਿਹਾ। ਤੁਸੀਂ ਕਿਹੜਾ ਇਸ ਭੱਜ-ਨੱਠ ਲਈ ਉਸਨੂੰ ਭਾਰਤ ਰਤਨ ਦੇ ਦੇਣਾ, ਉਂਝ ਜੇ ਤੁਸੀਂ ਦੇਣਾ ਵੀ ਚਾਹੋ ਤਾਂ ਉਹ ਲੈ ਲਵੇਗਾ, ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਉਣਾ ਚਾਹੋਗੇ ਤਾਂ ਵੀ ਉਹ ਇਨਕਾਰ ਨਹੀਂ ਕਰੇਗਾ। ਕਿਤੇ ਚੇਅਰਮੈਨ, ਪ੍ਰਧਾਨ, ਸਕੱਤਰ, ਡਾਇਰੈਕਟਰ ਉਹ ਅਹੁਦਿਆਂ ਦਾ ਮਾਣ ਰੱਖ ਲੈਂਦਾ ਐ, ਪਰ ਉਸ ਕੁਰਸੀ ’ਤੇ ਬੈਠਦਾ ਨਹੀਂ ਭੱਜਿਆ ਰਹਿੰਦਾ ਐ। ਅਜਿਹਾ ਕਿਉਂ ਐ? ਕਾਬਲੀਅਤ, ਜਨੂੰਨ, ਹਠ, ਸਮਰੱਥਾ, ਲਿਹਾਜ਼ੀ ਸੁਭਾਅ, ਹਰ ਥਾਂ ਹਾਜ਼ਰ ਹੋਣ ਦੀ ਲਾਲਸਾ, ਬਹੁਤ ਜ਼ਿਆਦਾ ਵਾਹ-ਵਾਹ ਖੱਟਣ ਦਾ ਭੁਸ, ਆਪਣੇ ਹੁਨਰ ਦਾ ਕਣ-ਕਣ ਲੇਖੇ ਲਾਉਣ ਦੀ ਪ੍ਰਤੀਬੱਧਤਾ। ਕੋਣ ਅਨੇਕਾਂ ਹਨ, ਤੁਹਾਨੂੰ ਪੂਰਾ ਹੱਕ ਐ ਕਿ ਕਿਸ ਕੋਣ ’ਤੇ ਖੜ੍ਹ ਕੇ ਉਸ ਵੱਲ ਤੀਰ ਚਲਾਉਣਾ ਐ, ਪਰ ਕੁਮਾਰ ਦੀ ਛਾਤੀ ਹਰ ਕੋਣ ਤੋਂ ਨਜ਼ਰ ਆਵੇਗੀ। ਤੁਸੀਂ ਉਸਨੂੰ ਪਿਆਰ ਕਰੋ ਜਾ ਨਫ਼ਰਤ, ਸਤਿਕਾਰ ਕਰੋ ਜਾਂ ਉਸ ਤੋਂ ਡਰੋ, ਸੜੋ, ਰਿੱਝੋ, ਕਲਪਦੇ ਰਹੋ, ਉਸਦੇ ਨੁਕਸ ਕੱਢੋ, ਮਜ਼ਾਕ ਉਡਾਉ ਜਾਂ ਸੋਹਲੇ ਗਾਉ, ਉਸਨੂੰ ਸਲਾਮ ਕਰੋ ਜਾਂ ਗਾਲ੍ਹਾਂ ਕੱਢੋ,ਕੁਝ ਵੀ ਕਰੋ ਪਰ ਇਕ ਕੰਮ ਨਹੀਂ ਕਰ ਸਕਦੇ। ਕੁਮਾਰ ਨੂੰ ਅਣਗੌਲਣਾ! ਅਸੰਭਵ!
ਪੰਜਾਬੀ ਨਾਟਕ ਅਤੇ ਰੰਗ-ਮੰਚ ਬਾਰੇ ਉਸ ਵੱਲੋਂ ਕੀਤੀ ਖੋਜ, ਇਕੱਠਾ ਕੀਤਾ ਡੈਟਾ, ਅਨੇਕਾਂ ਖੋਜ ਪੱਤਰ, ਉਸਦੇ ਵਿਦਿਆਰਥੀਆਂ ਦੀ ਗਿਣਤੀ ਤਾਂ ਲੰਬੀ ਹੈ ਈ, ਐੱਮ.ਫਿਲ ਅਤੇ ਪੀਐਚ. ਡੀ. ਕਰਨ ਵਾਲੇ ਰਿਸਰਚ ਸਕਾਲਰਾਂ ਦੀ ਵੀ ਇਕ ਵੱਡੀ ਟੀਮ ਹੈ। ਕੁਮਾਰ ਨੇ ਦਸ ਪੰਜਾਬੀ ਨਾਟਕਕਾਰਾਂ ਨਾਲ ਸੰਵਾਦ ਰਚਾਇਆ, ਫਿਰ ਕਿਤਾਬੀ ਰੂਪ ਵਿਚ ਦਸ ਰੰਗ-ਕਰਮੀਆਂ ਦਾ ਅੰਦਰ ਫਰੋਲਿਆ।
ਨੈਸ਼ਨਲ ਸਕੂਲ ਆਫ ਡਰਾਮਾ ਲਈ ਪੰਜਾਬੀ ਨਾਟਕ ਦੇ ਸੌ ਸਾਲਾ ਇਤਿਹਾਸ ਬਾਰੇ ਹਿੰਦੀ ’ਚ ਕਿਤਾਬ ਤਿਆਰ ਕੀਤੀ, ‘‘ਪੰਜਾਬੀ ਨਾਟਕ ਔਰ ਰੰਗ-ਮੰਚ ਕੀ ਏਕ ਸਦੀ।’’ ਹੁਣ ਉਹ ਪੂਰੇ ਸੰਸਾਰ ਅੰਦਰ ਬੈਠੇ ਪੰਜਾਬੀਆਂ ਵੱਲੋਂ ਹੁਣ ਤਕ ਲਿਖੇ ਸਾਰੇ ਨਾਟਕਾਂ ਦਾ ਡੈਟਾ ਇਕੱਠਾ ਕਰਕੇ ਪੰਜਾਬੀ ਨਾਟਕ ਦਾ ਵਿਸ਼ਵਕੋਸ਼ ਤਿਆਰ ਕਰ ਰਿਹਾ ਹੈ। ਉਸਦੇ ਨਾਲ ਹੀ ਉਹ ਪੰਜਾਬੀ ਨਾਟ-ਮੰਚ ਵਿਸ਼ਵਕੋਸ਼ ਤਿਆਰ ਕਰ ਰਿਹਾ ਹੈ। ਪੰਜਾਬੀ ਨਾਟ ਚਿੰਤਨਾਂ, ਪੰਜਾਬ ਦੀ ਲੋਕ ਨਾਟ ਪਰੰਪਰਾ, ਨਵੀਨ ਮੰਚਣ ਨਾਟਕ, ਨੌਵੇਂ ਦਹਾਕੇ ਦਾ ਚੋਣਵਾਂ ਨਾਟਕ, ਇਕਾਂਗੀ ਯਾਤਰਾ, ਹਰਚਰਨ ਸਿੰਘ ਦੀ ਨਾਟਕ ਕਲਾ, ਕਾਵਿ ਧਾਰਾ, ਨਾਟ ਧਾਰਾ, ਵੀਹਵੀਂ ਸਦੀ ਦਾ ਪੰਜਾਬੀ ਨਾਟਕ, ਪੰਜਾਬੀ ਨਾਟਕ-ਪ੍ਰਗਤੀ ਤੇ ਪਾਸਾਰ, ਪੰਜਾਬੀ ਨਾਟਕ ਦਾ ਇਤਿਹਾਸ, ਪੰਜਾਬੀ ਸਾਹਿਤ ਦੇ ਮਾਨਵੀ ਸਰੋਕਾਰ, ਪੰਜਾਬੀ ਨਾਟ-ਮੰਚ ਦਾ ਨਿਕਾਸ ਤੇ ਵਿਕਾਸ, ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਅੰਤਰ-ਰਾਸ਼ਟਰੀ ਸਰੋਕਾਰ, ਪੰਜਾਬੀ ਨਾਟਕ ਤੇ ਨਾਰੀ ਨਾਟਕਾਰ, ਨਾਟ-ਸਿਧਾਂਤ। ਉਸ ਵੱਲੋਂ ਕੀਤੇ ਖੋਜ ਕਾਰਜ ਦੀ ਸੂਚਨਾ ਦਿੰਦੀਆਂ ਢੇਰਾਂ ਕਿਤਾਬਾਂ ਵਿਚੋਂ ਕੁਝ ਕਿਤਾਬਾਂ ਹਨ। ਜੀਅ ਤਾਂ ਨਹੀਂ ਕਰਦਾ ਕਿ ਮੈਂ ਇਸ ਗਾਥਾ ਨੂੰ ਵਿਸ਼ਰਾਮ ਦਿਆਂ, ਪਰ ਇਹ ਕੁਮਾਰ ਗਾਥਾ ਹੈ ਸੀਮਾ ’ਚ ਰਹਿਣਾ ਪਵੇਗਾ।

ਸੰਪਰਕ: 98880-11096


Comments Off on ਕੁਮਾਰ ਗਾਥਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.