ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਕਾਵ ਕਿਆਰੀ

Posted On June - 2 - 2019

ਇੱਥੇ ਕਾਇਦਾ ਹੀ ਕਾਇਦੇ ਤੋੜਦਾ ਹੈ
ਫੂਲ ਚੰਦ ਮਾਨਵ

ਇੱਕੋ ਜਿਹੇ ਪ੍ਰਸ਼ਨ
ਅਤੇ ਉਹੋ ਜਿਹੇ ਹੀ ਉੱਤਰਾਂ ਨਾਲ
ਉਕਤਾ ਜਾਂਦਾ ਹੈ ਮਨ।
ਵਾਰ-ਵਾਰ ਸੰਕਲਪ ਅਤੇ ਵਿਕਲਪ ਕਿੰਨਾ ਤੋੜਦਾ ਹੈ
ਜੋੜਦੀ ਹੈ ਅਸਫ਼ਲਤਾ ਨਾਲ
ਅਰਾਮ ਅਤੇ ਕੰਮ ਦਾ ਮੋਹ, ਕਚਰੇ ਵਰਗਾ ਕਿਰਕਿਰਾ ਵਿਹਾਰ
ਮਨ ਮਾਰ ਕੇ ਜਰਿਆ ਕਾਰੋਬਾਰ,
ਇੱਕ ਲਕੀਰ ਤੇ ਛੱਡਦਾ ਹੈ
ਇੱਥੇ ਕਾਇਦਾ ਹੀ ਤਾਂ ਕਾਇਦੇ ਤੋੜਦਾ ਹੈ
ਸਵਾਲ ਦਰ ਸਵਾਲ ਅਸੀਂ ਉਲਝਦੇ ਹਾਂ
ਜਵਾਬ ਦਰ ਜਵਾਬ
ਪਛਾਣਦੇ ਹਾਂ ਮੂਲ
ਪਰੰਪਰਾ ਵਿੱਚ ਗੁਆਚ ਜਾਂਦੇ ਹਨ,
ਮਿੱਟੀ ਹੋ ਜਾਂਦੇ ਹਨ।
ਮਿੱਟੀ ਅਤੇ ਮਹਾਂ ਉਤਸਵ ਟਿਕਦੇ ਦਿਖਾਈ ਦਿੰਦੇ ਹਨ
ਧਰਤੀ ਤੇ,
ਪੌੜੀਆਂ ਤੱਕ, ਪਰ ਉੱਠਣ ਦੇ ਅੰਦਾਜ਼ ਵਿੱਚ ਜੋ ਵੀ
ਮਿਲਦਾ ਹੈ
ਪੌੜੀ ਤੇ
ਹੋਰ ਹੇਠਾਂ ਲਿਆ ਸੁੱਟਦਾ ਹੈ।
ਪਛਤਾਵਾ ਜਿਹਾ ਹੋ ਜਾਂਦਾ ਜੀਵਨ
ਅਤੇ ਸਮਾਂ ਖੁੱਲ੍ਹਦਾ ਜਾਂਦਾ ਹੈ।
ਕਾਇਦਾ ਬਕਾਇਦਾ ਸਵਾਰ ਰਹਿੰਦਾ ਹੈ
ਬਿਮਾਰ ਰਹਿੰਦਾ ਹੈ ਪ੍ਰਸ਼ਨ ਅਤੇ ਉੱਤਰ
ਅਣਗਿਣਤ ਚਿਹਰਿਆਂ ਵਿੱਚ ਅੱਖਰਦਾ
ਚਰਿੱਤਰ
ਸੰਝ ਦਾ ਸ਼ਿਕਾਰ ਪੂਰਾ ਦਿਨ
ਗਿਣ-ਗਿਣ ਕੇ ਰਾਤ ਪ੍ਰਸ਼ਨ ਦੁਹਰਾਉਂਦੀ ਹੈ
ਉੱਤਰ ਨੂੰ ਫਿਰ ਤੋਂ ਪ੍ਰਸ਼ਨ ਵਿੱਚ ਬਦਲ ਜਾਂਦੀ ਹੈ
ਕਿਉਂ ਬਦਲ ਜਾਂਦੀ ਹੈ
ਸੰਪਰਕ: 093160-01549

ਏਨੀ ਮਾੜੀ ਆਬੋ-ਹਵਾ ਹੈ!
ਜਗਦੀਪ ਸਿੱਧੂ

ਇਹ ਕੇਹਾ ਸਮਾਂ ਹੈ
ਕੇਹਾ ਵਕਤ ਆਣ ਪਿਆ ਹੈ
ਉੱਚੀ ਥਾਉਂ
ਏਨੀ ਮਾੜੀ ਆਬੋ-ਹਵਾ ਹੈ!
ਤ੍ਹਾਡੇ ਕੋਲੋਂ ਤਾਂ
ਆਉਣੀ ਚਾਹੀਦੀ ’ਵਾ ਠੰਢੀ-ਠਾਰ
ਬੰਦਾ ਮਹਿਸੂਸੇ ਪਿਆਰ, ਇਕਰਾਰ
ਪਰ ਹੁਣ ਤਾਂ ਇਉਂ ਲੱਗਦਾ
ਇਕ ਕੰਕਰੀਟ ਦੀ ਉੱਚੀ ਇਮਾਰਤ
ਤੇ ਆਮ ਬੰਦਾ ਦਹਿਲੀਜ਼ ਬਣਿਆ ਹੈ
ਏਨੀ ਮਾੜੀ ਆਬੋ-ਹਵਾ ਹੈ!
ਮਜ਼ਲੂਮਾਂ ’ਤੇ ਗੋਲੀ, ਗੋਲਾ ਦਾਗੇ
ਗਿਆਨ ਵਿਗਿਆਨ ’ਤੇ ਵੀ
ਬਿਆਨ ਬੇਹੂਦਾ ਆਏ
ਤੁਸੀਂ ਸੋਚਦੇ ਹੋ ਜੋ ਉੱਚਾ ਖੜ੍ਹਾ ਹੈ
ਉਹ ਤਾਰਿਆਂ, ਗ੍ਰਹਿਆਂ ਬਾਰੇ ਵੀ ਵੱਧ ਜਾਣਦਾ ਹੈ
ਏਨੀ ਮਾੜੀ ਆਬੋ-ਹਵਾ ਹੈ!
ਦਸਦੇ ਦੇਸ਼ ਭਗਤੀ ਦੇ ਮਾਅਨੇ
ਜੋ ਇਸ ਸੂਚੀ ਵਿਚ
ਸਭ ਤੋਂ ਪਿਛਾਂਹ ਖੜ੍ਹੇ ਨੇ
ਭਖੇ ਮੈਦਾਨ ਵਿਚ ਮੁੱਖ ਮੋੜ ਗਏ ਸੀ
ਆਜ਼ਾਦੀ ਦੀ ਲੜਾਈ ਵਿਚ ਦੌੜ ਗਏ ਸੀ
ਨਿੱਕਰ ਬਣੈਨ ਵਿਚ ਤੁਸੀਂ ਇਸ ਨੂੰ
ਭੱਜਣ ਦੀ ਸਹੂਲਤ ਦਰਸਾਇਆ ਹੈ
ਏਨੀ ਮਾੜੀ ਆਬੋ-ਹਵਾ ਹੈ!
ਸੰਪਰਕ: 82838-26876

ਮੇਰੀ ਦਾਦੀ ਦਾ ਦਰਦ
ਡਾ. ਪੰਨਾ ਲਾਲ ਮੁਸਤਫ਼ਾਬਾਦੀ

ਜਦ ਛੱਡਿਆ ਸੀ ਕਰਤਾਰਪੁਰਾ,
ਤਾਂ ਦਿਲ ਨੂੰ ਧੂੁਹਾਂ ਪੈਂਦੀਆਂ ਸੀ।
‘‘ਨਾ ਜਾਇਓ ਛੱਡ ਕੇ ਇਹ ਮਿੱਟੀ’’
ਪਗਡੰਡੀਆਂ ਰਾਹਾਂ ਕਹਿੰਦੀਆਂ ਸੀ।
ਪੈਰ ਪੈਰ ’ਤੇ ਲਾਸ਼ਾਂ ਵਿਛੀਆਂ ਸਨ,
ਕੁਝ ਸਹਿਕ ਸਹਿਕ ਕੇ ਕਹਿੰਦੀਆਂ ਸੀ,
‘‘ਤੁਸੀਂ ਜਾਨ ਬਚਾ ਲਓ ਨੱਸ-ਭੱਜ ਕੇ,
ਅੱਲ੍ਹਾ ਵੀ ਦੁਸ਼ਮਣ ਹੋਇਆ ਜੇ।
ਕਿਤੇ ਰਾਮ-ਕ੍ਰਿਸ਼ਨ ਵੀ ਛੁਪ ਗਏ ਨੇ,
ਇੱਥੇ ਜ਼ਾਲਿਮ ਵਾਹਿਗੁਰੂ ਹੋਇਆ ਜੇ।’’
‘ਸਾਨੂੰ’ ਡੇਰਾ ਬਾਬਾ ਨਾਨਕ ਵੀ,
ਬੜਾ ਦੂਰ ਨਜ਼ਰ ਤੋਂ ਲੱਗਦਾ ਸੀ।
ਅਸੀਂ ਲੱਭਦੇ ਰਾਹਾਂ ਫਿਰਦੇ ਸਾਂ,
ਅੱਖੀਆਂ ’ਚੋਂ ਪਾਣੀ ਵਗਦਾ ਸੀ।
ਕਦ ਡੇਰਾ ਬਾਬਾ ਪਹੁੰਚੇ ਸਾਂ,
ਦੁੱਖ ਪਹੁੰਚ ਕੇ ਵੀ ਤਾਂ ਲਗਦਾ ਸੀ।
ਘਰ ਛੱਡਣਾ ਔਖਾ ਹੈ ‘ਪੰਨੇ’,
ਘਰ ਛੱਡ ਕੇ ਰਹਿੰਦੇ ਕੁੜ੍ਹਦੇ ਆਂ।
ਐਵੇਂ ਬਚ ਕੇ ਏਧਰ ਆ ਗਏ ਆਂ।
ਹੁਣ ਜਿਉਂਦੇ ਨਹੀਂ ਬਸ ਮੁਰਦੇ ਆਂ।
ਸੰਪਰਕ: 94645-63165


Comments Off on ਕਾਵ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.