ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕਾਮੇਡੀ ਕਿੰਗ ਮਿਹਰ ਮਿੱਤਲ

Posted On June - 1 - 2019

ਸਿਨੇ ਪੰਜਾਬੀ : ਯਾਦਾਂ ਤੇ ਯਾਦਗਾਰਾਂ

ਮਨਦੀਪ ਸਿੰਘ ਸਿੱਧੂ

1970ਵਿਆਂ ਦੇ ਦਹਾਕੇ ’ਚ ਪੰਜਾਬੀ ਫ਼ਿਲਮਾਂ ’ਚ ਕਦਮ ਰੱਖਣ ਵਾਲੇ ਮਸ਼ਹੂਰ ਮਜ਼ਾਹੀਆ ਅਦਾਕਾਰ ਮਿਹਰ ਮਿੱਤਲ ਨੇ ਥੀਏਟਰ ਤੋਂ ਪੰਜਾਬੀ ਫ਼ਿਲਮਾਂ ਵਿਚ ਆਉਂਦਿਆਂ ਹੀ ਹੀਰੋ ਤੋਂ ਵੀ ਮਹਿੰਗਾ ਅਦਾਕਾਰ ਬਣਨ ਦਾ ਸ਼ਰਫ਼ ਹਾਸਿਲ ਕੀਤਾ। ਅਦਾਕਾਰਾ ਨਿਸ਼ੀ ਤੋਂ ਬਾਅਦ ਮਿਹਰ ਮਿੱਤਲ ਹੀ ਪੰਜਾਬੀ ਫ਼ਿਲਮਾਂ ਦਾ ਵਾਹਿਦ ਫ਼ਨਕਾਰ ਸੀ ਜਿਸ ਨੂੰ 136ਵੀਂ ਦਾਦਾ ਸਾਹਿਬ ਫਾਲਕੇ ਜਯੰਤੀ ਮੌਕੇ ‘ਦਾਦਾ ਸਾਹਿਬ ਫਾਲਕੇ ਅਕਾਦਮੀ ਐਵਾਰਡ’ ਨਾਲ ਸਰਫ਼ਰਾਜ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸਨੂੰ ਪੰਜਾਬ ਸਟੇਟ ਐਵਾਰਡ ਵੀ ਮਿਲਿਆ।
ਮਿਹਰ ਮਿੱਤਲ ਉਰਫ਼ ਮਿਹਰ ਚੰਦ ਮਿੱਤਲ ਦੀ ਪੈਦਾਇਸ਼ 20 ਸਤੰਬਰ 1934 ਨੂੰ ਜ਼ਿਲ੍ਹਾ ਬਠਿੰਡਾ ਦੇ ਗਰਾਂ ਚੁੱਘਾ ਖੁਰਦ ਦੇ ਪੰਜਾਬੀ ਬਾਣੀਆ ਪਰਿਵਾਰ ’ਚ ਹੋਈ। ਉਹ ਬੀ. ਏ. ਐੱਲ. ਐੱਲ. ਬੀ. ਸੀ। ਉਹ 6 ਸਾਲ ਇਨਕਮ ਟੈਕਸ ਦਾ ਵਕੀਲ ਰਿਹਾ ਅਤੇ 3 ਸਾਲ ਬਤੌਰ ਅਧਿਆਪਕ ਪੜ੍ਹਾਇਆ ਵੀ। ਇਸ ਤੋਂ ਇਲਾਵਾ ਉਸਨੇ ਰਾਮਲੀਲਾ ਵਿਚ ਅਦਾਕਾਰੀ ਕਰਨ ਦੇ ਨਾਲ-ਨਾਲ ਚੰਡੀਗੜ੍ਹ ਦੇ ਡਰਾਮਾ ਵਿਭਾਗ ਵਿਚ ਵੀ ਕੰਮ ਕੀਤਾ। ਮਿਹਰ ਮਿੱਤਲ ਤੇ ਪਤਨੀ ਸੁਦੇਸ਼ ਮਿੱਤਲ ਦੀਆਂ ਚਾਰ ਧੀਆਂ ਮੋਨਾ, ਹਿਨਾ, ਵੀਨਾ ਅਤੇ ਸੀਮਾ ਤੋਂ ਇਲਾਵਾ 2 ਪੁੱਤਰ ਸਨ, ਜਿਨ੍ਹਾਂ ਦੀ ਜਨਮ ਦੇ ਚੰਦ ਦਿਨਾਂ ਬਾਅਦ ਮੌਤ ਹੋ ਗਈ ਸੀ।
1973 ਤੋਂ 1979 ਤਕ ਉਸਨੇ 33 ਪੰਜਾਬੀ ਫ਼ਿਲਮਾਂ ਵਿਚ ਕੰਮ ਕੀਤਾ। ਬਤੌਰ ਫ਼ਿਲਮਸਾਜ਼ ਅਤੇ ਅਦਾਕਾਰ ਵਜੋਂ ਉਸਦੀ ਪਹਿਲੀ ਪੰਜਾਬੀ ਫ਼ਿਲਮ ਆਪਣੇ ਜ਼ਾਤੀ ਪ੍ਰੋਡਕਸ਼ਨ ਐੱਮ. ਐੱਮ. ਫ਼ਿਲਮਜ਼, ਬੰਬੇ ਦੀ ‘ਮਾਂ ਦਾ ਲਾਡਲਾ’ (1973) ਸੀ ਜੋ ਉਸਦੇ ਮਸ਼ਹੂਰ ਡਰਾਮੇ ‘ਲਾਡਲਾ’ ’ਤੇ ਆਧਾਰਿਤ ਸੀ। ਫ਼ਿਲਮ ਨਗਰ, ਬੰਬੇ ਦੀ ਚਮਨ ਨੀਲੈ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਸ਼ੇਰਨੀ’ (1973) ਵਿਚ ਉਸਨੇ ‘ਪੰਡਤ’ ਦਾ ਕਿਰਦਾਰ ਅਦਾ ਕੀਤਾ। ਨਾਗੀ ਇੰਟਰਨੈਸ਼ਨਲ, ਬੰਬੇ ਦੀ ਪੁਸ਼ਪ ਰਾਜ ਨਿਰਦੇਸ਼ਿਤ ਫ਼ਿਲਮ ‘ਤੇਰੇ ਰੰਗ ਨਿਆਰੇ’ (1973), ਬੀ. ਡੀ. ਇੰਟਰਨੈਸ਼ਨਲ ਬੰਬੇ ਦੀ ਸੁਖਦੇਵ ਆਹਲੂਵਾਲੀਆ ਨਿਰਦੇਸ਼ਿਤ ਫ਼ਿਲਮ ‘ਦੋ ਸ਼ੇਰ’, ਲੁਧਿਆਣਾ ਫ਼ਿਲਮਜ਼, ਲੁਧਿਆਣਾ ਦੀ ਇੰਦਰਜੀਤ ਹਸਨਪੁਰੀ ਦੀ ਫ਼ਿਲਮਸਾਜ਼ੀ ਵਿਚ ਬਣੀ ਪਹਿਲੀ ਪੰਜਾਬੀ ਫ਼ਿਲਮ ‘ਤੇਰੀ ਮੇਰੀ ਇਕ ਜਿੰਦੜੀ’ (1975) ’ਚ ਉਸਦਾ ‘ਹੰਸੂ’ ਦਾ ਕਿਰਦਾਰ ਤੇ ਸੰਵਾਦ ‘ਹੈਂ-ਕਨਾ’ ਬੜਾ ਮਕਬੂਲ ਹੋਇਆ। ਇਸ ਫ਼ਿਲਮ ਨੇ ਰਿਕਾਰਡ ਤੋੜ ਕਮਾਈ ਕੀਤੀ ਤੇ ਮਿਹਰ ਮਿੱਤਲ ਦੀ ਮਜ਼ਾਹੀਆ ਅਦਾਕਾਰੀ ਨੂੰ ਪੁਖਤਾ ਸ਼ਨਾਖ਼ਤ ਮਿਲੀ। ਬਰਾੜ ਪ੍ਰੋਡਕਸ਼ਨਜ਼, ਬੰਬੇ ਦੀ ਫ਼ਿਲਮ ‘ਮਿੱਤਰ ਪਿਆਰੇ ਨੂੰ’ (1975) ਤੇ ਜਗਜੀਤ ਫ਼ਿਲਮਜ਼, ਬੰਬੇ ਦੀ ‘ਧਰਮਜੀਤ’ (1975) ’ਚ ਉਸਨੇ ਵਧੀਆ ਰੋਲ ਨਿਭਾਏ।
ਇਨ੍ਹਾਂ ਫ਼ਿਲਮਾਂ ’ਚ ਸ਼ਾਨਦਾਰ ਮਜ਼ਾਹੀਆ ਅਦਾਕਾਰੀ ਸਦਕਾ ਮਿਹਰ ਮਿੱਤਲ ਸਫਲਤਾ ਦੇ ਨਾਲ ਕਾਮਯਾਬੀ ਦੀ ਜ਼ਮਾਨਤ ਬਣ ਚੁੱਕਿਆ ਸੀ। ਕੋਈ ਵੀ ਡਿਸਟ੍ਰੀਬਿਊਟਰ ਉਸਦੀ ਗ਼ੈਰ-ਮੌਜੂਦਗੀ ਵਾਲੀਆਂ ਫ਼ਿਲਮਾਂ ਨੂੰ ਹੱਥ ਨਹੀਂ ਪਾਉਂਦਾ ਸੀ। ਇੰਦਰਜੀਤ ਹਸਨਪੁਰੀ ਨੇ ਜਦੋਂ ਆਪਣੇ ਜ਼ਾਤੀ ਬੈਨਰ ਦੀ ਦੂਜੀ ਫ਼ਿਲਮ ‘ਦਾਜ’ (1976) ਬਣਾਈ ਤਾਂ ਉਹ ਉਸਨੂੰ ਲੈਣਾ ਨਾ ਭੁੱਲੇ। ਇਸੇ ਸਾਲ ਉਸ ਦੀਆਂ 6 ਹੋਰ ਫ਼ਿਲਮਾਂ ਰਿਲੀਜ਼ ਹੋਈਆਂ।

ਮਨਦੀਪ ਸਿੰਘ ਸਿੱਧੂ

ਪੀ. ਐੱਲ. ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਫ਼ਿਲਮ ‘ਲੱਛੀ’ (1977), ਕਪੂਰ ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ‘ਪ੍ਰੇਮੀ ਗੰਗਾਰਾਮ’ (1977) ਕੰਮ ਕੀਤਾ ਤੇ ਧਰਮਿੰਦਰ ਦੇ ਭਰਾ ਅਜੀਤ ਸਿੰਘ ਦਿਓਲ ਨੇ ਜਦੋਂ ‘ਸੰਤੋ ਬੰਤੋ’ (1977) ਬਣਾਈ ਤਾਂ ਉਸਨੇ ਵੀ ਮਿਹਰ ਮਿੱਤਲ ਦੀ ਸਫਲਤਾ ਨੂੰ ਕੈਸ਼ ਕੀਤਾ। ਉਪਕਾਰ ਇੰਟਰਟੇਨਮੈਂਟਸ, ਚੰਡੀਗੜ੍ਹ ਦੀ ‘ਸ਼ਹੀਦ ਊਧਮ ਸਿੰਘ’, ਜਸਵੰਤ ਫ਼ਿਲਮਜ਼, ਬੰਬੇ ਦੀ ‘ਸ਼ੇਰ ਪੁੱਤਰ’, ਨੀਲਮ ਪ੍ਰੋਡਕਸ਼ਨ, ਬੰਬੇ ਦੀ ‘ਯਮਲਾ ਜੱਟ’ (1977) ਤੋਂ ਇਲਾਵਾ ਪੰਜਾਬ ਪਿਕਚਰਜ਼, ਬੰਬੇ ਦੀ ਫ਼ਿਲਮ ‘ਵੰਗਾਰ’ (1977) ’ਚ ਉਸਤੇ ਕੰਚਨ ਮੱਟੂ ਦੀ ਜੋੜੀ ਨੇ ਦਰਸ਼ਕਾਂ ਨੂੰ ਖ਼ੂਬ ਹਸਾਇਆ। ਦਾਰਾ ਪ੍ਰੋਡਕਸ਼ਨ, ਬੰਬੇ ਦੀ ਫ਼ਿਲਮ ‘ਧਿਆਨੂੰ ਭਗਤ’, ਬੂਟਾ ਸਿੰਘ ਸ਼ਾਦ ਦੀ ‘ਗਿੱਧਾ’, ਸੁਖਦੇਵ ਆਹਲੂਵਾਲੀਆ ਦੀ ‘ਜੈ ਮਾਤਾ ਸ਼ੇਰਾਂ ਵਾਲੀ’, ਧਰਮ ਕੁਮਾਰ ਦੀ ‘ਜਿੰਦੜੀ ਯਾਰ ਦੀ’ ਤੋਂ ਇਲਾਵਾ ਤੁਲਸੀ ਇੰਟਰਨੈਸ਼ਨਲ ਪ੍ਰੋਡਕਸ਼ਨ, ਬੰਬੇ ਦੀ ‘ਲਾਡਲੀ’ (1978) ’ਚ ਉਸਨੇ ‘ਹਜ਼ਾਰਾ ਸਿੰਘ ਵਲੈਤੀਆ’ ਦਾ ਰੋਲ ਬਾਖ਼ੂਬੀ ਅਦਾ ਕੀਤਾ।
ਭਾਖੜੀ ਫ਼ਿਲਮਜ਼, ਬੰਬੇ ਦੀ ‘ਜੱਟ ਪੰਜਾਬੀ’ (1979) ਤੇ ਸੁਭਾਸ਼ ਸੀ. ਭਾਖੜੀ ਦੀ ‘ਜੁਗਨੀ’ (1979), ਦਿਲ ਫ਼ਿਲਮਜ਼ ਦੀ ‘ਕੁਆਰਾ ਮਾਮਾ’ (1979), ਧਰਮਵੀਰ ਫ਼ਿਲਮਜ਼ ਦੀ ‘ਮਾਹੀ ਮੁੰਡਾ’ (1979), ਜੁਗਨੂੰ ਫ਼ਿਲਮਜ਼, ਬਠਿੰਡਾ ਦੀ ‘ਮੁਟਿਆਰ’ (1979), ਨਾਨਕ ਮੂਵੀਜ਼, ਅੰਮ੍ਰਿਤਸਰ ਦੀ ‘ਰਾਂਝਾ ਇਕ ਤੇ ਹੀਰਾਂ ਦੋ’ (1979), ਬੂਟਾ ਸਿੰਘ ਸ਼ਾਦ ਦੀ ‘ਸੈਦਾਂ ਜੋਗਣ’ (1979), ਪਰਨੀਤ ਇੰਟਰਨੈਸ਼ਨਲ, ਬੰਬੇ ਦੀ ‘ਸਰਦਾਰ-ਏ-ਆਜ਼ਮ’ (1979), ਸ਼ੀਤਲ ਮੂਵੀਜ਼ ਦੀ ‘ਸਹਿਤੀ ਮੁਰਾਦ’ (1979), ਸਚਦੇਵਾ ਫ਼ਿਲਮਜ਼, ਬੰਬੇ ਦੀ ‘ਸ਼ਹੀਦ ਕਰਤਾਰ ਸਿੰਘ ਸਰਾਭਾ’ (1979) ਵਿਚ ਅਦਾਕਾਰੀ ਕਰਨ ਤੋਂ ਇਲਾਵਾ ਉਸਨੇ ਇੰਦਰਜੀਤ ਹਸਨਪੁਰੀ ਦੀ ਪਰਿਵਾਰ ਨਿਯੋਜਨ ਆਧਾਰਿਤ ਫ਼ਿਲਮ ‘ਸੁਖੀ ਪਰਿਵਾਰ’ (1979) ਵਿਚ ਪਹਿਲੀ ਵਾਰ ਡਬਲ ਰੋਲ ਕੀਤਾ।
1980ਵਿਆਂ ਦੇ ਅਸ਼ਰੇ ’ਚ ਉਹ ਕਾਮੇਡੀ ਦੇ ਆਲ੍ਹਾ ਮੁਕਾਮ ’ਤੇ ਪਹੁੰਚ ਚੁੱਕਿਆ ਸੀ। ਹਿਦਾਇਤਕਾਰ ਚਿਤਰਾਰਥ ਸਿੰਘ ਦੀ ਨੈਸ਼ਨਲ ਐਵਾਰਡ-ਯਾਫ਼ਤਾ ਪੰਜਾਬੀ ਫ਼ਿਲਮ ‘ਚੰਨ ਪਰਦੇਸੀ’ ’ਚ ਮਿੱਤਲ ਦਾ ਬੋਲਿਆ ਸੰਵਾਦ ‘ਕਰਤੀ ਗੱਲ, ਸਾਡੀ ਬਿੱਲੀ ਸਾਨੂੰ ਮਿਆਊਂ’ ਅੱਜ ਵੀ ਦਰਸ਼ਕ ਯਾਦ ਕਰਦੇ ਹਨ। ਇਸਦੇ ਨਾਲ ਹੀ ਰਿਲੀਜ਼ ਹੋਈਆਂ ਫ਼ਿਲਮਾਂ ‘ਚੋਰਾਂ ਨੂੰ ਮੋਰ’, ‘ਫ਼ੌਜੀ ਚਾਚਾ’ ਤੇ ‘ਗੋਰੀ ਦੀਆਂ ਝਾਂਜਰਾਂ’ ’ਚ ਉਸਨੇ ਆਪਣੀ ਫ਼ਨ-ਏ-ਮਜ਼ਾਹੀਆ ਅਦਾਕਾਰੀ ਨਾਲ ਦਰਸ਼ਕ ਖ਼ੂਬ ਹਸਾਏ। ਮੋਹਨ ਭਾਖੜੀ ਨਿਰਦੇਸ਼ਿਤ ਫ਼ਿਲਮ ‘ਜੱਟੀ’ (1980) ’ਚ ਉਸਨੇ ਹੀਰੋ ਦਾ ਕਿਰਦਾਰ ਅਦਾ ਕੀਤਾ। ਜਿਓਤੀ ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਫ਼ਿਲਮ ‘ਲੰਬੜਦਾਰਨੀ’ (1980) ’ਚ ਮਿੱਤਲ ਤੇ ਸੁਰਿੰਦਰ ਸ਼ਰਮਾ ਦੀ ਜੋੜੀ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਵਰਿੰਦਰ ਦੀ ਫ਼ਿਲਮ ‘ਬਲਬੀਰੋ ਭਾਬੀ’ (1981) ’ਚ ਉਸ ’ਤੇ ਫ਼ਿਲਮਾਇਆ ‘ਰੁਲਦੂ ਨੇ ਚਿੱਤ ਪਰਚਾ ਲੈਣਾ ਖੋਤੀ ਤੇ ਚੁੰਨੀ ਪਾ ਕੇ’ (ਸੁਰਿੰਦਰ ਕੋਹਲੀ) ਗੀਤ ਵੀ ਬਹੁਤ ਚੱਲਿਆ। ਚਮਨ ਨੀਲੈ ਦੀ ‘ਦੋ ਪੋਸਤੀ’, ਸੁਰਿੰਦਰ ਕਪਿਲ ਦੀ ‘ਜੋਸ਼ ਜਵਾਨੀ ਦਾ’, ਸੁਖਦੇਵ ਆਹਲੂਵਾਲੀਆ ਦੀ ‘ਸੱਜਰੇ ਫੁੱਲ’, ਵਰਿੰਦਰ ਦੀ ‘ਸਰਪੰਚ’ ’ਚ ਉਸਨੇ ਆਪਣੀ ਬਿਹਤਰੀਨ ਮਜ਼ਾਹੀਆ ਅਦਾਕਾਰੀ ਦੀ ਅਮਿੱਟ ਛਾਪ ਛੱਡੀ।
ਹੁਣ ਮਿਹਰ ਮਿੱਤਲ ਪੰਜਾਬੀ ਸਿਨੇ-ਮੱਦਾਹਾਂ ਦਾ ਦਿਲ-ਪਸੰਦ ਮਜ਼ਾਹੀਆ ਅਦਾਕਾਰ ਬਣ ਚੁੱਕਿਆ ਸੀ, ਜਿਸਦੀ ਹਾਜ਼ਰੀ ਹਰ ਫ਼ਿਲਮ ’ਚ ਕਾਮਯਾਬੀ ਦੀ ਜ਼ਮਾਨਤ ਹੁੰਦੀ ਸੀ। ਇਸ ਦੌਰਾਨ ਉਸਨੇ ਹਿੰਦੀ ਫ਼ਿਲਮਾਂ ਦੇ ਸੁਪਰ ਸਟਾਰ ਅਮਿਤਾਬ ਬੱਚਨ ਨੂੰ ਮਹਿਮਾਨ ਭੂਮਿਕਾ ’ਚ ਲੈ ਕੇ ਫ਼ਿਲਮ ‘ਵਲਾਇਤੀ ਬਾਬੂ’ (1981) ਦਾ ਨਿਰਮਾਣ ਕੀਤਾ ਅਤੇ ‘ਵਲਾਇਤੀ ਬਾਬੂ’ ਦਾ ਕਿਰਦਾਰ ਉਸਨੇ ਖ਼ੁਦ ਅਦਾ ਕੀਤਾ। ਹਿਦਾਇਤਕਾਰ ਜੇ. ਓਮ ਪ੍ਰਕਾਸ਼ ਨੇ ਜਦੋਂ ਮਿਹਰ ਮਿੱਤਲ ਤੋਂ ਬਗੈਰ ਵੱਡੀ ਸਟਾਰ ਕਾਸਟ ਵਾਲੀ ਫ਼ਿਲਮ ‘ਆਸਰਾ ਪਿਆਰ ਦਾ’ ਬਣਾਈ ਤਾਂ ਫ਼ਿਲਮ ਰਿਲੀਜ਼ ਵੇਲੇ (ਮਿੱਤਲ ਦੀ ਗ਼ੈਰਮੌਜੂਦਗੀ ਕਰਕੇ) ਡਿਸਟ੍ਰੀਬਿਊਟਰਾਂ ਨੇ ਫ਼ਿਲਮ ਖ਼ਰੀਦਣ ਤੋਂ ਇਨਕਾਰ ਕਰ ਦਿੱਤਾ, ਫਿਰ ਮਿੱਤਲ ਦੇ ਦ੍ਰਿਸ਼ ਫ਼ਿਲਮਾ ਕੇ ਫ਼ਿਲਮ ਮੁਕੰਮਲ ਕੀਤੀ। ਸਤੀਸ਼ ਭਾਖੜੀ ਦੀ ‘ਬੱਗਾ ਡਾਕੂ’, ਵਰਿੰਦਰ ਦੀ ‘ਬਟਵਾਰਾ’, ਚੰਦੂ ਦੀ ‘ਭੁਲੇਖਾ’ ਵੀ ਉਸਦੀ ਉਮਦਾ ਕਾਮੇਡੀ ਕਰਕੇ ਯਾਦਗਾਰੀ ਬਣੀਆਂ।
ਮੋਹਨ ਭਾਖੜੀ ਦੀ ‘ਦੋ ਮਦਾਰੀ’ ਮਿਹਰ ਮਿੱਤਲ ਦੀ ਹੀਰੋ ਵਜੋਂ ਤੀਸਰੀ ਸੁਪਰਹਿੱਟ ਫ਼ਿਲਮ ਸੀ। ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਹਾਣ ਨੂੰ ਹਾਣ ਪਿਆਰਾ’, ‘ਜੈ ਮਾਤਾ ਚਿੰਤਪੁਰਨੀ’, ‘ਲਾਜੋ’ ਵੀ ਸਫਲ ਰਹੀਆਂ। ਹਰਪਾਲ ਟਿਵਾਣਾ ਦੀ ‘ਲੌਂਗ ਦਾ ਲਿਸ਼ਕਾਰਾ’ (1983) ਆਪਣੇ ਦੌਰ ਦੀ ਕਾਮਯਾਬ ਫ਼ਿਲਮ ਰਹੀ। ਗੁਰਦਾਸ ਮਾਨ ਦੀ ਹੀਰੋ ਵਜੋਂ ਬਣੀ ਪਹਿਲੀ ਫ਼ਿਲਮ ‘ਮਾਮਲਾ ਗੜਬੜ’ ’ਚ ਵੀ ਮਿੱਤਲ ਨੇ ਕਾਮੇਡੀ ਦੇ ਖ਼ੂਬ ਰੰਗ ਬਿਖੇਰੇ। ਸੁਪਰਹਿੱਟ ਐਕਸ਼ਨ ਫ਼ਿਲਮ ‘ਪੁੱਤ ਜੱਟਾਂ ਦੇ’ (1983) ’ਚ ਵੀ ਔਰਤ ਬਣੇ ਮਿੱਤਲ ’ਤੇ ਫ਼ਿਲਮਾਇਆ ਤੇ ਰਣਜੀਤ ਕੌਰ ਦਾ ਗਾਇਆ ‘ਮੇਰੇ ਡੈਮੂੰ ਲੜ ਗਿਆ ਨੀਂ’ ਗੀਤ ਵੀ ਖ਼ੂਬ ਚੱਲਿਆ। ਫ਼ਿਲਮ ‘ਰੂਪ ਸ਼ੁਕੀਨਣ ਦਾ’ ’ਚ ਨੇਕੀ ਕਾਬਿਲ ਦੇ ਗਾਏ ਮਜ਼ਾਹੀਆ ਗੀਤ ‘ਮੈਂ ਨਈ ਜਾਣਾ ਰੋਡੂ ਦੇ’ ’ਤੇ ਮਿਹਰ ਮਿੱਤਲ ਨੇ ਔਰਤ ਬਣ ਕੇ ਕਮਾਲ ਦੀ ਅਦਾਕਾਰੀ ਕੀਤੀ। ‘ਸਰਦਾਰਾ ਕਰਤਾਰਾ’, ‘ਸੱਸੀ ਪੁਨੂੰ’, ‘ਅਣਖੀਲੀ ਮੁਟਿਆਰ’, ‘ਵਹੁਟੀ ਹੱਥ ਸੋਟੀ’ (1983), 1984 ’ਚ ਰਿਲੀਜ਼ ਹੋਈਆਂ ਫ਼ਿਲਮਾਂ ‘ਦੂਜਾ ਵਿਆਹ’, ‘ਇਸ਼ਕ ਨਿਮਾਣਾ’, ‘ਜਿਗਰੀ ਯਾਰ’, ‘ਲਾਲ ਚੂੜਾ’, ‘ਨਿੰਮੋ’, ‘ਰਾਂਝਣ ਮੇਰਾ ਯਾਰ’, ‘ਸੋਹਣੀ ਮਹੀਵਾਲ’, 1985 ’ਚ ਨੁਮਾਇਸ਼ ਹੋਈਆਂ ਫ਼ਿਲਮਾਂ ‘ਬਾਬੁਲ ਦਾ ਵਿਹੜਾ’, ‘ਗੁੱਡੋ’, ‘ਜੀਜਾ ਸਾਲੀ’, ‘ਕੌਣ ਦਿਲਾਂ ਦੀਆਂ ਜਾਣੇ’, ‘ਕੁੰਵਾਰਾ ਜੀਜਾ’ ਤੇ ‘ਮੌਜਾਂ ਦੁਬਈ ਦੀਆਂ’, ‘ਤਕਰਾਰ’ ਅਤੇ ‘ਵੈਰੀ ਜੱਟ’ ਮਿਹਰ ਮਿੱਤਲ ਦੀ ਬਿਹਤਰੀਨ ਕਾਮੇਡੀ ਦਾ ਸਿਖ਼ਰ ਹੋ ਨਿੱਬੜੀਆਂ। ਸਾਲ 1986-90 ’ਚ ਰਿਲੀਜ਼ ਹੋਈਆਂ ਫ਼ਿਲਮਾਂ ‘ਜਾਕੋ ਰਾਖੈ ਸਾਈਆਂ’, ‘ਉੱਚਾ ਦਰ ਬਾਬੇ ਨਾਨਕ ਦਾ’, ‘ਪਟੋਲਾ’, ‘ਜੱਟ ਸੂਰਮੇ’, ‘ਅਣਖ ਜੱਟਾਂ ਦੀ’, ‘ਦੀਵਾ ਬਲੇ ਸਾਰੀ ਰਾਤ’, ਵਿਜੈ ਟੰਡਨ ਦੀ ਨੈਸ਼ਨਲ ਐਵਾਰਡ ਜੇਤੂ ਪੰਜਾਬੀ ਫ਼ਿਲਮ ‘ਕਚਹਿਰੀ’ ਆਦਿ ਨੁਮਾਇਸ਼ ਹੋਈਆਂ। ਪੰਜਾਬੀ ਫ਼ਿਲਮਾਂ ’ਚ ਮਿਹਰ ਮਿੱਤਲ ਹੀ ਇਕ ਅਜਿਹਾ ਅਦਾਕਾਰ ਸੀ, ਜਿਸਨੇ ਠੇਠ ਮਲਵਈ ਭਾਸ਼ਾ ਤੇ ਅਖਾਣਾਂ ਦੀ ਵਰਤੋਂ ਕਰਕੇ ਪੰਜਾਬੀ ਜ਼ਬਾਨ ਨੂੰ ਅਮੀਰਤਾ ਪ੍ਰਦਾਨ ਕੀਤੀ। ਉਹ ਆਪਣੇ 90 ਫ਼ੀਸਦੀ ਸੰਵਾਦ ਖ਼ੁਦ ਲਿਖਦਾ ਸੀ। ਬਾਕੀ 10 ਪ੍ਰਤੀਸ਼ਤ ਸੰਵਾਦ ਇੰਦਰਜੀਤ ਹਸਨਪੁਰੀ ਅਤੇ ਬਾਬੂ ਸਿੰਘ ਮਾਨ ਦੇ ਲਿਖੇ ਹੁੰਦੇ ਸਨ। ਆਪਣੀ ਸੰਵਾਦ ਅਦਾਇਗ਼ੀ ’ਚ ਠੇਠ ਮਲਵਈ ਅਲਫ਼ਾਜ਼ ਦੀ ਵਰਤੋਂ ਕਰਨ ਵਾਲਾ ਉਹ ਪਹਿਲਾ ਮਜ਼ਾਹੀਆ ਅਦਾਕਾਰ ਸੀ, ਜਿਸ ਵੱਲੋਂ ਬੋਲੇ ਗਏ ਸੰਵਾਦ ਲੋਕ ਮੁਹਾਵਰਿਆਂ ਤੋਂ ਵੀ ਮਜ਼ੀਦ ਮਕਬੂਲ ਹੋਏ। ਨਵੇਂ ਮਜ਼ਾਹੀਆ ਅਦਾਕਾਰਾਂ ਦੀ ਆਮਦ ਨਾਲ ਮਿਹਰ ਮਿੱਤਲ ਨੂੰ ਫ਼ਿਲਮਾਂ ਵਿਚ ਕੰਮ ਮਿਲਣਾ ਘੱਟ ਹੋ ਗਿਆ। ਇਸ ਤੋਂ ਬਾਅਦ ਉਸਨੇ ਕੁਝ ਵੀਡੀਓ ਫ਼ਿਲਮਾਂ ’ਚ ਵੀ ਕੰਮ ਕੀਤਾ। ਉਸਨੇ ਹਿੰਦੀ ਫ਼ਿਲਮਾਂ ਵਿਚ ਬਤੌਰ ਮਹਿਮਾਨ ਅਦਾਕਾਰ ਵੀ ਆਪਣੀ ਹਾਜ਼ਰੀ ਲਵਾਈ। ਮਿੱਤਲ ਦੀ ਆਖ਼ਰੀ ਪੰਜਾਬੀ ਫ਼ਿਲਮ ਹਿਦਾਇਤਕਾਰ ਅਦਿੱਤਿਆ ਸੂਦ ਦੀ ‘ਮਰ ਜਾਵਾਂ ਗੁੜ ਖਾ ਕੇ’ ਸੀ ਜੋ 3 ਦਸੰਬਰ, 2010 ਨੂੰ ਪਰਦਾਪੇਸ਼ ਹੋਈ। ਪੰਜਾਬੀ ਫ਼ਿਲਮਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਉਸਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਵਕਤ ਬ੍ਰਹਮਕੁਮਾਰੀ ਰਾਜਯੋਗ ਸੈਂਟਰ ਪ੍ਰਜਾਪਿਤਾ ਬ੍ਰਹਮਕੁਮਾਰੀ ਇਸ਼ਵਰਿਆ ਵਿਸ਼ਵ-ਵਿਦਿਆਲਿਆ ਮਾਊਂਟ ਆਬੂ (ਰਾਜਸਥਾਨ) ਵਿਖੇ ਧਾਰਮਿਕ ਪ੍ਰਚਾਰ ਦੇ ਲੇਖੇ ਲਾਇਆ ਅਤੇ ਇੱਥੇ ਹੀ ਸਪੁਰਦ-ਏ-ਆਤਿਸ਼ ਹੋਣ ਦੀ ਇੱਛਾ ਪ੍ਰਗਟਾਈ। 22 ਅਕਤੂਬਰ 2016 ਨੂੰ 82 ਸਾਲਾਂ ਦੀ ਉਮਰੇ ਉਹ ਮਾਊਂਟ ਆਬੂ, ਰਾਜਸਥਾਨ ਵਿਖੇ ਇੰਤਕਾਲ ਫ਼ਰਮਾ ਗਏ।

ਸੰਪਰਕ: 97805-09545


Comments Off on ਕਾਮੇਡੀ ਕਿੰਗ ਮਿਹਰ ਮਿੱਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.