ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕਸੀਦਾ ਕੱਢਣ ਵਾਲੇ ਹੱਥ ਖਾਲੀ

Posted On June - 8 - 2019

ਡਾ. ਅਜੀਤਪਾਲ ਸਿੰਘ

ਪੁਰਾਣੇ ਲਖਨਊ ਦੇ ਭੀੜ ਵਾਲੇ ਇਲਾਕੇ ਦੇ ਚੌਕ ਤੋਂ ਕਰੀਬ ਦੋ ਕਿਲੋਮੀਟਰ ਅੰਦਰ ਗੰਦਗੀ ਅਤੇ ਬਦਬੂ ਨਾਲ ਭਰਪੂਰ ਨਾਲੇ ਦੇ ਉੱਪਰ ਬਣੀਆਂ ਪੱਟੜੀਆਂ ’ਤੇ ਬਣੇ ਛੋਟੇ ਮਕਾਨਾਂ ਅਤੇ ਕਮਰਿਆਂ ਵਿਚ ਦਾਖਲ ਹੋਣ ਤੋਂ ਪਹਿਲਾਂ ਕੋਈ ਇਹ ਕਲਪਨਾ ਵੀ ਨਹੀਂ ਕਰ ਸਕਦਾ ਕਿ ਇੰਨੇ ਗੰਦੇ ਮਾਹੌਲ ਨੂੰ ਪਾਰ ਕਰਕੇ ਇਨ੍ਹਾਂ ਤੰਗ ਕਮਰਿਆਂ ਵਿਚ ਤੁਹਾਨੂੰ ਨਾਯਾਬ ਕਸੀਦਾਕਾਰੀ ਦੇਖਣ ਨੂੰ ਮਿਲੇਗੀ। ਇੱਥੇ ਕਾਰੀਗਰਾਂ ਦੇ ਅੱਧ ਬਣੇ ਅਤੇ ਤਿਆਰ ਵਸਤਰਾਂ ’ਤੇ ਆਲ੍ਹਾ ਦਰਜੇ ਦੀ ਜ਼ਰਦੋਜੀ/ਕਸੀਦਾਕਾਰੀ ਦੇਖਣ ਹੀ ਵਾਲੀ ਹੈ। ਬੇਹੱਦ ਖ਼ੂਬਸੂਰਤੀ ਨੂੰ ਦੇਖ ਕੇ ਹਰ ਕੋਈ ਇਹ ਹੀ ਸੋਚੇਗਾ ਕਿ ਇਹ ਕਾਰੀਗਰ ਖ਼ੁਸ਼ਹਾਲ ਹੋਣਗੇ ਅਤੇ ਉਨ੍ਹਾਂ ਨੂੰ ਆਪਣੇ ਹੁਨਰ ਨਾਲ ਖ਼ੂਬ ਪੈਸਾ ਮਿਲਦਾ ਹੋਵੇਗਾ, ਪਰ ਇਹ ਸਹੀ ਨਹੀਂ ਹੈ। ਬੇਸ਼ੱਕ ਇਨ੍ਹਾਂ ਕਾਰੀਗਰਾਂ ਦੇ ਹੱਥਾਂ ਦਾ ਹੁਨਰ ਬੇਮਿਸਾਲ ਹੈ, ਪਰ ਉਨ੍ਹਾਂ ਦੀ ਮਾਲੀ ਹਾਲਤ ਓਨੀ ਹੀ ਮਾੜੀ ਹੈ।
ਅਹਾਤਾ ਸੂਰਤ ਸਿੰਘ ਚੌਪੱਟੀਆ ਦੇ ਤੰਗ ਕਮਰੇ ਵਿਚ ਬੈਠੇ ਕਾਰੀਗਰ ਗੱਪਸ਼ੱਪ ਕਰਦੇ ਤਾਂ ਖ਼ੁਸ਼ ਨਜ਼ਰ ਆਉਂਦੇ ਹਨ, ਪਰ ਚਿਹਰਿਆਂ ਦੀ ਇਹ ਰੌਣਕ ਚੰਦ ਮਿੰਟਾਂ ਦੀ ਹੀ ਹੁੰਦੀ ਹੈ। ਪਲ ਭਰ ਵਿਚ ਹੀ ਉਨ੍ਹਾਂ ਦੇ ਚਿਹਰੇ ਪੀਲੇ ਪੈ ਜਾਂਦੇ ਹਨ ਅਤੇ ਉਨ੍ਹਾਂ ਦੀ ਦੁਰਦਸ਼ਾ ਝਲਕਣ ਲੱਗਦੀ ਹੈ। ਕਸੀਦਾਕਾਰੀ ਦੇ ਕੰਮ ਵਿਚ ਕਰੀਬ ਅੱਠ ਦਹਾਕਿਆਂ ਤੋਂ ਲੱਗੇ ਪਚੰਨਵੇਂ ਸਾਲਾ ਮਸ਼ੂਕ ਅਲੀ ਪੁਰਾਣੀਆਂ ਯਾਦਾਂ ਵਿਚ ਖੋ ਜਾਂਦੇ ਹਨ, ਉਹ ਦੱਸਦੇ ਹਨ ਕਿ ਸੋਲ੍ਹਾਂ ਸਾਲ ਦੀ ਉਮਰ ਵਿਚ ਜਦੋਂ ਉਸਨੇ ਕਾਰੀਗਰੀ ਸ਼ੁਰੂ ਕੀਤੀ ਸੀ ਤਾਂ ਕਸੀਦਾਕਾਰੀ ਦੇ ਕੰਮ ਵਿਚ ਲੱਗਣ ਵਾਲੀ ਸਮੱਗਰੀ ਦੀ ਕੀਮਤ ਬਹੁਤ ਘੱਟ ਸੀ, ਜਦੋਂ ਕਿ ਤਿਆਰ ਵਸਤਾਂ ਦੀ ਕੀਮਤ ਚੰਗੀ ਮਿਲ ਜਾਂਦੀ ਸੀ। ਅਜਿਹੇ ਵਿਚ ਘਰ ਦਾ ਖ਼ਰਚਾ ਚੱਲ ਜਾਂਦਾ ਸੀ, ਪਰ ਬਾਅਦ ਵਿਚ ਹੌਲੀ ਹੌਲੀ ਹਾਲਾਤ ਖ਼ਰਾਬ ਹੋਣ ਲੱਗੇ। ਇਹ ਕੰਮ ਫਾਇਦੇਮੰਦ ਨਾ ਰਹਿਣ ਕਾਰਨ ਕਾਰੀਗਰਾਂ ਨੂੰ ਦੂਸਰੇ ਕੰਮਾਂ ਵੱਲ ਰੁਖ਼ ਕਰਨਾ ਪਿਆ। ਮਸ਼ੂਕ ਅਲੀ ਦੇ ਚਾਰ ਲੜਕੇ ਹਨ, ਪਰ ਸਿਰਫ਼ ਇਕ ਲੜਕੇ ਮੁਹੰਮਦ ਨਸੀਮ ਨੇ ਹੀ ਕਸੀਦਾਕਾਰੀ ਦਾ ਕੰਮ ਸ਼ੁਰੂ ਕੀਤਾ। ਆਮਦਨੀ ਘੱਟ ਹੋਣ ਕਾਰਨ ਅਨੀਸ਼ ਵੀ ਖ਼ੁਸ਼ ਨਹੀਂ। 65 ਸਾਲਾ ਅਨੀਸ਼ ਦੱਸਦਾ ਹੈ ਕਿ ਉਹ ਬਿਨਾਂ ਮਸ਼ੀਨ ਦੀ ਮਦਦ ਨਾਲ ਹੱਥਾਂ ਨਾਲ ਹੀ ਜ਼ਰੀ ਦਾ ਕੰਮ ਕਰਕੇ ਵਸਤਰ ਤਿਆਰ ਕਰਦਾ ਹੈ, ਪਰ ਉਸਨੂੰ ਇਨ੍ਹਾਂ ਦੀ ਪੂਰੀ ਕੀਮਤ ਨਹੀਂ ਮਿਲਦੀ। ਉਸਨੇ ਸਾਊਦੀ ਅਰਬ ਵਿਚ ਵੀ ਆਰੀ ਜ਼ਰਦੋਜੀ/ਕਸੀਦਾਕਾਰੀ ਦਾ ਕੰਮ ਕੀਤਾ। ਫਿਰ ਵਾਪਸ ਆ ਕੇ ਘਰ ਕਾਰਖਾਨਾ ਲਾਇਆ, ਪਰ ਲੋੜੀਂਦਾ ਕੰਮ ਅਤੇ ਕੀਮਤ ਨਾ ਮਿਲਣ ਕਰਕੇ ਉਸਨੂੰ ਕਾਰਖਾਨਾ ਬੰਦ ਕਰਨਾ ਪਿਆ। ਆਰੀ ਜ਼ਰਦੋਜੀ ਦੀ ਬਦਹਾਲੀ ਤੇ ਮਰੀਅਮ ਜ਼ਰੀ ਆਰਟ ਦੇ ਮਾਸਟਰ ਮੁਹੰਮਦ ਉਸਮਾਨ ਦੱਸਦਾ ਹੈ ਕਿ ਰਾਜੇ ਮਹਾਰਾਜਿਆਂ ਦੇ ਜ਼ਮਾਨੇ ਤੋਂ ਕਸੀਦਾਕਾਰੀ ਦਾ ਕੰਮ ਹੋ ਰਿਹਾ ਹੈ। ਇਕ ਦੌਰ ਅਜਿਹਾ ਸੀ ਜਦੋਂ ਕਾਰੀਗਰਾਂ ਨੇ ਆਪਣੇ ਹੁਨਰ ਦਾ ਲੋਹਾ ਮਨਵਾਇਆ, ਖ਼ੂਬ ਕਮਾਈ ਹੋਈ, ਪਰ ਹੁਣ ਗਾਹਕਾਂ ਦੀ ਕਮੀ ਹੋਣ ਕਾਰਨ ਕੰਮ ਨਹੀਂ ਮਿਲਦਾ, ਪੂਰੀ ਕੀਮਤ ਨਹੀਂ ਮਿਲਦੀ। ਇਹੀ ਵਜ੍ਹਾ ਹੈ ਕਿ ਨਵੇਂ ਕਸੀਦਾਕਾਰੀ ਕਾਰੀਗਰ ਦੂਸਰੇ ਕਾਰੋਬਾਰ ਕਰਨ ਲੱਗੇ ਜਾਂ ਮਜ਼ਦੂਰੀ ਕਰਨ ਲੱਗੇ। ਇਕ ਸਾੜ੍ਹੀ ਤਿਆਰ ਕਰਨ ਵਿਚ ਉਨ੍ਹਾਂ ਨੂੰ ਦਸ ਦਿਨ ਲੱਗ ਜਾਂਦੇ ਹਨ। ਇਸ ’ਤੇ ਆਪਣੀ ਸਮੱਗਰੀ ਲਾਉਂਦੇ ਹਨ, ਪਰ ਕੀਮਤ ਮੁਸ਼ਕਿਲ ਨਾਲ ਪੱਚੀ ਸੌ ਰੁਪਏ ਮਿਲਦੀ ਹੈ। ਸਮੱਗਰੀ ਦੀ ਕੀਮਤ ਤੋਂ ਇਲਾਵਾ ਦੁਕਾਨ ਦਾ ਕਿਰਾਇਆ, ਬਿਜਲੀ ਦੇ ਬਿੱਲ ਤੇ ਮਜ਼ਦੂਰੀ ਦਾ ਖ਼ਰਚਾ ਹੁੰਦਾ ਹੈ।
ਮੁਹੰਮਦ ਸ਼ਾਰਿਕ (28 ਸਾਲ) ਨੇ ਕਰੀਬ ਬਾਰਾਂ ਸਾਲ ਕਸੀਦਾਕਾਰੀ ਦਾ ਕੰਮ ਕੀਤਾ। ਉਸਨੂੰ ਕਸੀਦਾਕਾਰੀ ਵਿਚ ਤੇਰਾਂ ਘੰਟੇ ਕੰਮ ਕਰਨ ’ਤੇ 300 ਰੁਪਏ ਹੀ ਮਿਲਦੇ ਸਨ, ਅਜਿਹੀ ਹਾਲਤ ਵਿਚ ਉਸਨੇ ਕੋਈ ਦੂਜਾ ਕੰਮ ਕਰਨਾ ਹੀ ਸਹੀ ਸਮਝਿਆ। 60 ਸਾਲਾ ਮੁਹੰਮਦ ਅਸ਼ਫਾਕ ਕੁਰੈਸ਼ੀ ਦਾ ਕਹਿਣਾ ਹੈ ਕਿ ਪਹਿਲਾਂ ਕਸ਼ੀਦਕਾਰੀ ਦੇ ਕੱਪੜਿਆਂ ਦਾ ਕੋਈ ਬਦਲ ਨਹੀਂ ਹੁੰਦਾ ਸੀ, ਪਰ ਅੱਜ ਮਸ਼ੀਨਾਂ ਨੇ ਉਨ੍ਹਾਂ ਦੇ ਹੁਨਰ ’ਤੇ ਵਾਰ ਕੀਤਾ ਹੈ। ਅੱਜ ਕੰਪਿਊਟਰ ਨਾਲ ਡਿਜ਼ਾਈਨ ਤਿਆਰ ਕਰਕੇ ਮਸ਼ੀਨਾਂ ਨਾਲ ਡਿਜ਼ਾਈਨਰ ਵਸਤਰ ਤਿਆਰ ਕਰ ਲਏ ਜਾਂਦੇ ਹਨ। ਇਸ ਵਿਚ ਸਮਾਂ ਘੱਟ ਲੱਗਦਾ ਹੈ ਅਤੇ ਲਾਗਤ ਵੀ ਘੱਟ ਜਾਂਦੀ ਹੈ। ਸਭ ਤੋਂ ਗ਼ਲਤ ਹੈ ਕਿ ਗਾਹਕਾਂ ਨੂੰ ਮਸ਼ੀਨੀ ਕੰਮ ਨੂੰ ਹੱਥ ਨਾਲ ਕੀਤੀ ਕਸੀਦਾਕਾਰੀ ਦੱਸ ਕੇ ਠੱਗਿਆ ਜਾ ਰਿਹਾ ਹੈ। ਕੀਮਤ ਘੱਟ ਹੋਣ ਕਾਰਨ ਉਹ ਆਸਾਨੀ ਨਾਲ ਇਸਨੂੰ ਖ਼ਰੀਦ ਲੈਂਦੇ ਹਨ ਅਤੇ ਉਤਪਾਦਕ ਤੇ ਵਪਾਰੀ ਫਾਇਦਾ ਉਠਾ ਲੈਂਦੇ ਹਨ। ਇਸਦਾ ਸਿੱਧਾ ਨੁਕਸਾਨ ਕਾਰੀਗਰਾਂ ਨੂੰ ਹੁੰਦਾ ਹੈ।
ਕੰਪਿਊਟਰ ਅਤੇ ਮਸ਼ੀਨਾਂ ਦੇ ਦੌਰ ਵਿਚ ਕਾਰੀਗਰ ਹਾਰ ਗਏ ਹਨ। ਅਨੁਮਾਨ ਅਨੁਸਾਰ ਮਸ਼ੀਨੀ ਕੱਪੜਿਆਂ ਦੀ ਲਾਗਤ ਕਸੀਦਾਕਾਰੀ ਕੱਪੜਿਆਂ ਦੇ ਮੁਕਾਬਲੇ ਇਕ ਚੌਥਾਈ ਹੀ ਰਹਿੰਦੀ ਹੈ। ਘਰੇਲੂ ਬਾਜ਼ਾਰ ਵਿਚ ਮਸ਼ੀਨੀ ਕੱਪੜਿਆਂ ਦੀ ਵਿੱਕਰੀ ਜ਼ਿਆਦਾ ਹੈ। ਵਿਦੇਸ਼ਾਂ ਵਿਚ ਵੀ ਇਨ੍ਹਾਂ ਵਸਤਾਂ ਦੀ ਹੀ ਸਪਲਾਈ ਕੀਤੀ ਜਾ ਰਹੀ ਹੈ। ਅਜਿਹੇ ਵਿਚ ਕਾਰੀਗਰਾਂ ’ਤੇ ਲਾਗਤ ਘਟਾਉਣ ਦਾ ਲਗਾਤਾਰ ਦਬਾਅ ਰਹਿੰਦਾ ਹੈ। ਫਿਰ ਉਨ੍ਹਾਂ ਕੋਲ ਕਸੀਦਾਕਾਰੀ ਵਿਚ ਇਸਤੇਮਾਲ ਹੋਣ ਵਾਲੀ ਸਮੱਗਰੀ ਦੀ ਕੀਮਤ ਘਟਾਉਣ ਦਾ ਹੀ ਵਿਕਲਪ ਬਚਦਾ ਹੈ। ਪਹਿਲਾਂ ਸੋਨਾ ਚਾਂਦੀ ਦੀਆਂ ਤਾਰਾਂ ਨਾਲ ਵੀ ਕੰਮ ਕੀਤਾ ਜਾਂਦਾ ਸੀ, ਪਰ ਹੁਣ ਜਰਕਨ, ਕਰਦਾਨਾ, ਸ਼ਾਦੀ, ਨਕਸ਼ੀ, ਰੇਸ਼ਮ ਅਤੇ ਕੋਰਾ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਹਾਲ ਦੇ ਸਾਲਾਂ ਵਿਚ ਇਨ੍ਹਾਂ ਦੀ ਵੀ ਕੀਮਤ ਵਧ ਗਈ। ਉਂਜ ਮੰਗ ’ਤੇ ਕਾਰੀਗਰ ਸੋਨੇ ਤੇ ਚਾਂਦੀ ਦੀਆਂ ਤਾਰਾਂ ਦਾ ਕੰਮ ਵੀ ਕਰਦੇ ਹਨ, ਪਰ ਇਨ੍ਹਾਂ ਦੀ ਮੰਗ ਬੇਹੱਦ ਘੱਟ ਹੈ।
ਅੱਜ ਹਾਲਾਤ ਇਹ ਹਨ ਕਿ ਕਸੀਦਕਾਰੀ ਨਾਲ ਰੋਟੀ ਰੋਜ਼ੀ ਚਲਾਉਣੀ ਵੀ ਮੁਸ਼ਕਿਲ ਹੋ ਗਈ ਹੈ। ਮੁਹੰਮਦ ਉਸਮਾਨ ਕਹਿੰਦਾ ਹੈ ਕਿ ਗਾਹਕ ਨੂੰ ਜੇ ਕੋਈ ਕਸੀਦਾਕਾਰੀ ਵਸਤਰ ਪੰਜ ਹਜ਼ਾਰ ਰੁਪਏ ਵਿਚ ਵੇਚਿਆ ਜਾ ਰਿਹਾ ਹੈ ਤਾਂ ਕਾਰੀਗਰ ਨੂੰ ਮੁਸ਼ਕਿਲ ਨਾਲ ਪੱਚੀ ਸੌ ਰੁਪਏ ਹੀ ਮਿਲਦੇ ਹਨ। ਇਸਦਾ ਮੁਨਾਫਾ ਤਾਂ ਥੋਕ ਵਿਕਰੇਤਾ ਅਤੇ ਫੁਟਕਲ ਵਿਕਰੇਤਾ ਲੈਂਦੇ ਹਨ। ਜ਼ਰੀ ਦੇ ਵਸਤਰਾਂ ਦਾ ਕਾਰੋਬਾਰ ਕਰਨ ਵਾਲੀ ਫਰਮ ਸੋਨੀ ਡਿਜ਼ਾਈਨਰ ਸਟੂਡੀਓ ਦੇ ਸੁਮਿਤ ਗੁਪਤਾ ਦੱਸਦੇ ਹਨ ਕਿ ਭਾਰਤੀ ਹਸਤਸ਼ਿਲਪ ਦੀ ਕੌਮਾਂਤਰੀ ਪੱਧਰ ’ਤੇ ਮੰਗ ਐਨੀ ਘੱਟ ਨਹੀਂ ਹੈ, ਪਰ ਕਾਰੀਗਰਾਂ ਦੇ ਦਿਲਕਸ਼ ਉਤਪਾਦਾਂ ਦੀ ਪਹੁੰਚ ਉੱਥੋਂ ਤਕ ਨਹੀਂ ਹੁੰਦੀ। ਵਿਦੇਸ਼ੀ ਬਾਜ਼ਾਰਾਂ ਵਿਚ ਪਹੁੰਚ ਬਣਾਉਣ ਲਈ ਕਾਰੀਗਰਾਂ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲਦੀ। ਸਰਕਾਰ ਵੱਲੋਂ ਨਾ ਹੀ ਕਸੀਦਾਕਾਰੀ ਕਾਰੀਗਰਾਂ ਲਈ ਕਲੱਸਟਰ ਵਿਕਸਤ ਕੀਤਾ ਗਿਆ ਹੈ ਤੇ ਨਾ ਹੀ ਕੋਈ ਕਾਮਨ ਫੈਸਿਲਟੀ ਸੈਂਟਰ (ਸੀਐੱਫਸੀ) ਬਣਾਇਆ ਗਿਆ। ਇਨ੍ਹਾਂ ਮੁਸ਼ਕਿਲਾਂ ਦੇ ਚੱਲਦੇ ਅੱਜ ਇਨ੍ਹਾਂ ਕਾਰੀਗਰਾਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ। ਕੁਝ ਸਾਲਾਂ ਵਿਚ ਹੀ ਇਨ੍ਹਾਂ ਦੀ ਗਿਣਤੀ ਘਟ ਕੇ ਸਿਰਫ਼ ਇਕ ਤਿਹਾਈ ਹੀ ਰਹਿ ਗਈ ਹੈ।
ਕਸੀਦਾਕਾਰੀ ਦਾ ਕੰਮ ਉੱਤਰ ਪ੍ਰਦੇਸ਼ ਵਿਚ ਲਖਨਊ, ਬਰੇਲੀ, ਬਦਾਉਂ, ਚੰਦੋਲੀ, ਉਨਾਵ, ਖਾਸਗੰਜ, ਲਲਿਤਪੁਰ ਤੇ ਸ਼ਾਹਜਹਾਂਪੁਰ ਤਕ ਫੈਲਿਆ ਹੋਇਆ ਹੈ, ਜਦ ਕਿ ਇਕ ਧਾਗੇ ਨਾਲ ਹੋਣ ਵਾਲੀ ਚਿਕਨਕਾਰੀ ਦੇ ਕਾਰੀਗਰ ਲਖਨਊ, ਲਖੀਮਪੁਰ, ਸੀਤਾਪੁਰ, ਬਾਰਾਬੰਕੀ, ਉਨਾਵ, ਫੈਜ਼ਾਬਾਦ ਅਤੇ ਰਾਏਬਰੇਲੀ ਵਿਚ ਹਨ। ਇਨ੍ਹਾਂ ਦੋਨਾਂ ਦੇ ਕਾਰੀਗਰਾਂ ਵਿਚ ਔਰਤਾਂ ਦੀ ਵੀ ਵੱਡੀ ਗਿਣਤੀ ਹੈ। ਔਰਤਾਂ ਨੂੰ ਪ੍ਰਤੀ ਪੀਸ ਦੇ ਹਿਸਾਬ ਨਾਲ ਮਿਹਨਤਾਨਾ ਮਿਲਦਾ ਹੈ। ਉਨ੍ਹਾਂ ਨੂੰ ਮਹੀਨੇ ਵਿਚ ਬੜੀ ਮੁਸ਼ਕਿਲ ਨਾਲ ਢਾਈ ਤੋਂ ਤਿੰਨ ਹਜ਼ਾਰ ਰੁਪਏ ਦੀ ਕਮਾਈ ਹੁੰਦੀ ਹੈ। ਕਸੀਦਾਕਾਰੀ ਕਾਰੀਗਰਾਂ ਬਾਰੇ ਸਰਕਾਰ ਦੀ ਨੀਤੀ ਬਿਆਨ ਕਰਦਿਆਂ ਉਦਯੋਗ ਵਿਭਾਗ ਭਾਰਤ ਦੇ ਸੰਯੁਕਤ ਨਿਰਦੇਸ਼ਕ ਸੁਨੀਲ ਕਪੂਰ ਦੱਸਦੇ ਹਨ ‘ਕਾਰੀਗਰਾਂ ਲਈ ਅੱਠ ਵਿਚੋਂ ਦੋ ਜ਼ਿਲ੍ਹਿਆਂ ਉਨਾਵ ਤੇ ਬਰੇਲੀ ਵਿਚ ਕਾਮਨ ਸੀਐੱਫਸੀ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਦੀਆਂ ਇਮਾਰਤਾਂ ਬਣ ਗਈਆਂ ਹਨ, ਮਸ਼ੀਨਾਂ ਦਾ ਟੈਂਡਰ ਜਲਦੀ ਹੀ ਹੋਵੇਗਾ, ਬਾਕੀ ਛੇ ਜ਼ਿਲ੍ਹਿਆਂ ਵਿਚ ਵੀ ਸੀਐੱਫਸੀ ਸਥਾਪਤ ਹੋਣਗੇ। ਪਿਛਲੇ ਚੌਵੀ ਸਤੰਬਰ ਤੋਂ ਇਸ ਸਾਲ ਮਾਰਚ ਤਕ 30 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਹਨ, ਇਸ ਵਿਚ ਉਨ੍ਹਾਂ ਨੂੰ ਸਾਢੇ ਚਾਰ ਕਰੋੜ ਰੁਪਏ ਸਬਸਿਡੀ ਦਿੱਤੀ ਗਈ ਹੈ। ਕੈਂਪ ਲਾ ਕੇ ਮੁਦਰਾ ਯੋਜਨਾ ਤਹਿਤ ਵੀ ਕਰਜ਼ੇ ਦੀ ਵਿਵਸਥਾ ਕਰਾਈ ਗਈ। ਇਸ ਸਾਰੇ ਦਾ ਫਾਇਦਾ ਕਾਰੀਗਰਾਂ ਨੂੰ ਮਿਲੇਗਾ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਲੱਗਣ ਵਾਲੇ ਮੇਲਿਆਂ ਵਿਚ ਕਾਰੀਗਰਾਂ ਨੂੰ ਆਪਣੇ ਉਤਪਾਦ ਦਿਖਾਉਣ ਅਤੇ ਵੇਚਣ ਲਈ ਸਬਸਿਡੀ ਦਿੱਤੀ ਜਾ ਰਹੀ ਹੈ।’
ਪਰ ਜੋ ਅਸਲ ਨੁਕਤਾ ਹੈ ਉਸ ਬਾਰੇ ਸਰਕਾਰ ਕਾਰਵਾਈ ਕਰੇ ਤਾਂ ਹੀ ਕੁਝ ਫਾਇਦਾ ਹੋਣ ਦੀ ਸੰਭਾਵਨਾ ਹੈ, ਕਹਿਣ ਦਾ ਭਾਵ ਕਿ ਕੰਪਿਊਟਰ ਡਿਜ਼ਾਈਨਰਾਂ ਵੱਲੋਂ ਤਿਆਰ ਮਾਲ ਨੂੰ ਹੱਥ ਨਾਲ ਕੀਤੀ ਕਸੀਦਾਕਾਰੀ ਦਾ ਮਾਲ ਦਸ ਕੇ ਮਹਿੰਗੇ ਭਾਅ ਬਾਜ਼ਾਰ ਵਿਚ ਵੇਚਣ ਨਾਲ ਕਾਰੀਗਰਾਂ ਨਾਲ ਧੋਖਾ ਹੁੰਦਾ ਹੈ, ਕਸੀਦਾਕਾਰੀ ਦੇ ਹੁਨਰਮੰਦਾਂ ਨਾਲ ਹੁੰਦੀ ਇਸ ਧੋਖਾਧੜੀ ਨੂੰ ਤਾਂ ਸਰਕਾਰ ਹੀ ਨੱਥ ਪਾ ਸਕਦੀ ਹੈ।

ਸੰਪਰਕ: 98156-29301


Comments Off on ਕਸੀਦਾ ਕੱਢਣ ਵਾਲੇ ਹੱਥ ਖਾਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.