ਰਸੋਈ ਗੈਸ ਸਿਲੰਡਰ 11.5 ਰੁਪਏ ਹੋਇਆ ਮਹਿੰਗਾ !    ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ !    ਪੁਲੀਸ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਹਿਰਾਸਤ ਵਿੱਚ ਲਿਆ !    ਕੰਡਿਆਲੀ ਤਾਰ ਨੇੜਿਉਂ ਸ਼ੱਕੀ ਕਾਬੂ !    ਰਾਜਸਥਾਨ ਵਿੱਚ ਕਾਰ ਤੇ ਟਰਾਲੇ ਵਿਚਾਲੇ ਟੱਕਰ; ਪੰਜ ਹਲਾਕ !    ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’ !    ਭਾਰਤ ਨਾਲ ਲੱਗਦੀ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇਠ: ਚੀਨ !    ਚੰਡੀਗੜ੍ਹ ਵਿੱਚ ਗਰਭਵਤੀ ਔਰਤ ਨੂੰ ਹੋਇਆ ਕਰੋਨਾ !    ਕੇਰਲ ਪੁੱਜਿਆ ਮੌਨਸੂਨ !    ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ !    

ਔਰਤ, ਗੀਤ ਅਤੇ ਮਾਨਸਿਕ ਹਿੰਸਾ

Posted On June - 30 - 2019

ਪੰਜਾਬੀ ਸਮਾਜ ਵਿਚ ਔਰਤ ਦੇ ਸਮਾਜਿਕ ਰੁਤਬੇ ਨੂੰ ਉੱਚਾ ਚੁੱਕਣ ਦੇ ਕੁਝ ਯਤਨ ਹੋਏ। ਉਸ ਨੂੰ ਮਾਨਸਿਕ ਗ਼ੁਲਾਮੀ ਤੋਂ ਨਿਜਾਤ ਪਾਉਣ ਬਾਰੇ ਸੋਚਣ ਤੋਂ ਵੀ ਵਰਜਿਆ ਜਾਂਦਾ ਰਿਹਾ ਹੈ। ਇਸ ਦੇ ਬਾਵਜੂਦ ਪੰਜਾਬੀ ਔਰਤ ਨੂੰ ਸਦੀਆਂ ਤੋਂ ਚੱਲੀ ਆ ਰਹੀ ਮਰਦ-ਪ੍ਰਧਾਨ ਸੋਚ ਨਾਲ ਲੋਹਾ ਲੈਣ ਦਾ ਹੀਆ ਕਰਨਾ ਚਾਹੀਦਾ ਹੈ।

ਸੋਹਜ ਦੀਪ
ਤਲਖ਼ ਹਕੀਕਤ

ਜੇਕਰ ਤੁਸੀਂ ਕਿਸੇ ਕੌਮ ਨੂੰ ਗ਼ੁਲਾਮ ਬਣਾ ਕੇ ਰੱਖਣਾ ਹੈ ਤਾਂ ਉਨ੍ਹਾਂ ਦੀ ਸੋਚ ਨੂੰ ਗ਼ੁਲਾਮ ਬਣਾਉਣ ਵਾਲੀਆਂ ਕਥਾਵਾਂ/ਗੀਤ ਸੁਣਾਉ। ਉਨ੍ਹਾਂ ਨੂੰ ਸੁਣਾਉ ਕਿ ਤੁਹਾਡਾ ਸੱਭਿਆਚਾਰ ਅਤੇ ਸੱਭਿਅਤਾ ਪਿੱਛੇ ਹਨ। ਅਸੀਂ ਤੁਹਾਨੂੰ ਸਭਿਅਕ ਬਣਾਉਣ ਦਾ ਕਾਰਜ ਕਰਾਂਗੇ। ਅੰਗਰੇਜ਼ਾਂ ਦੁਆਰਾ ਭਾਰਤ ਉੱਤੇ ਕਬਜ਼ੇ ਦੌਰਾਨ ਅਜਿਹੀਆਂ ਸਾਹਿਤਕ ਰਚਨਾਵਾਂ ਸਾਡੇ ਸਨਮੁੱਖ ਆਈਆਂ ਜਿਹੜੀਆਂ ਹਿੰਦੋਸਤਾਨੀ ਲੋਕਾਂ ਦੇ ਮਨ ਨੂੰ ਭਾਰਤੀ ਸੰਸਕ੍ਰਿਤੀ ਤੋਂ ਹਟਾ ਕੇ ਇਸਾਈਅਤ ਵੱਲ ਖਿੱਚਣ ਦਾ ਕਾਰਜ ਕਰਦੀਆਂ ਸਨ। ਅੰਗਰੇਜ਼ ਕਹਾਣੀਆਂ ਅਤੇ ਨਾਵਲਾਂ ਰਾਹੀਂ ਹਿੰਦੋਸਤਾਨੀ ਲੋਕਾਂ ਦੇ ਦਿਮਾਗ਼ ਵਿਚ ਉਨ੍ਹਾਂ ਦੇ ਧਰਮ, ਸਭਿਆਚਾਰ ਅਤੇ ਸਭਿਅਤਾ ਪ੍ਰਤੀ ਘ੍ਰਿਣਾ ਉਪਜਾ ਕੇ ਤੇ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀਆਂ ਸ਼ਕਤੀਆਂ ਨੂੰ ਵਿਅਰਥ ਸਿੱਧ ਕਰਕੇ ਯਿਸੂ ਮਸੀਹ ਪ੍ਰਤੀ ਸਨੇਹ ਦਾ ਭਾਵ ਉਪਜਾਉਣ ਦੀ ਕੋਸ਼ਿਸ਼ ਕਰਦੇ ਸਨ ਤਾਂ ਕਿ ਭਾਰਤੀ ਲੋਕਾਂ ਉੱਤੇ ਜ਼ਬਰਦਸਤੀ ਕਾਬਜ਼ ਹੋਣ ਦੀ ਬਜਾਏ ਉਨ੍ਹਾਂ ਦੇ ਮਨਾਂ ਉੱਤੇ ਕਾਬੂ ਪਾਇਆ ਜਾਵੇ। ਅਜਿਹਾ ਬਿਰਤਾਂਤ ਅਗਿਆਤ ਲੇਖਕ ਦੇ ਲਿਖੇ ਅਤੇ ਗੁਰਮੁਖੀ ਵਿਚ ਛਪੇ ਨਾਵਲ ‘ਜਯੋਤਿਰੁਦਯ’ (1882) ਦਾ ਹਿੱਸਾ ਬਣਦਾ ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਵਿਅਕਤੀ ਮਾਨਸਿਕ ਤੌਰ ਉੱਤੇ ਗ਼ੁਲਾਮ ਹੋ ਗਿਆ ਤਾਂ ਤੁਸੀਂ ਉਸ ਨੂੰ ਜਿਸ ਤਰ੍ਹਾਂ ਵੀ ਰੱਖੋਗੇ ਉਹ ਉਸੇ ਤਰ੍ਹਾਂ ਹੀ ਰਹੇਗਾ।
ਇਸ ਉਪਰੰਤ ਵੀਹਵੀਂ ਸਦੀ ਦੇ ਲੇਖਕ ਐਲਡਸ ਹਗਸਲੇ ਦਾ ਨਾਵਲ ‘ਬਰੇਵ ਨਿਊ ਵਰਲਡ’ (1932) ਪ੍ਰਕਾਸ਼ਿਤ ਹੋਇਆ। ਇਹ ਨਾਵਲ ਵਿਗਿਆਨ ਗਲਪ ਦਾ ਉੱਤਮ ਨਮੂਨਾ ਹੈ। ਇਸ ਨਾਵਲ ਵਿਚ ਹਗਸਲੇ ਦਿਖਾਉਂਦਾ ਹੈ ਕਿ ਬੱਚੇ ਫਰਟੇਲਾਈਜ਼ਿੰਗ ਦੀ ਤਕਨੀਕ ਰਾਹੀਂ ਬੋਤਲਾਂ ਵਿਚ ਪੈਦਾ ਕੀਤੇ ਜਾਂਦੇ ਹਨ। ਮਾਂ-ਬਾਪ ਦਾ ਕੋਈ ਅਸਤਿਤਵ ਨਹੀਂ ਹੈ। ਇਸ ਸੰਸਾਰ ਦੇ ਜੀਵਾਂ ਲਈ ਮਾਂ-ਬਾਪ ਸ਼ਬਦ ਓਪਰਾ ਹੀ ਨਹੀਂ, ਅਸ਼ਲੀਲ ਵੀ ਹੈ। ਇਨ੍ਹਾਂ ਬੱਚਿਆਂ ਸਿਧਾਇਆ ਜਾਂਦਾ ਹੈ। ਸਿਧਾਉਣ ਦੀ ਪ੍ਰਕਿਰਿਆ ਭਰੂਣ ਦੇ ਵਿਕਾਸ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਮਨੁੱਖ ਨੂੰ ਸਿਧਾਉਣ ਦੀ ਮੁੱਖ ਤਕਨੀਕ ਹਿਪਨੋਪੀਡੀਆ ਹੈ। ਇਸ ਵਿਚ ਸੌਂ ਰਹੇ ਬੱਚਿਆਂ ਨੂੰ ਰਿਕਾਰਡ ਕੀਤੀਆਂ ਜਾਂਦੀਆਂ ਆਵਾਜ਼ਾਂ ਸੁਣਾਈਆਂ ਜਾਂਦੀਆਂ ਹਨ। ਇਹ ਆਵਾਜ਼ਾਂ ਉਨ੍ਹਾਂ ਦੁਆਰਾ ਤਾ-ਉਮਰ ਕੀਤੇ ਜਾਣ ਵਾਲੇ ਕੰਮਾਂ ਵਿਚ ਵਿਸ਼ਵਾਸ਼ ਪਕੇਰਾ ਕਰਦੀਆਂ ਹਨ। ਮਨੁੱਖਾਂ ਦੇ ਵੱਖ ਵੱਖ ਵਰਗ ਬਣਾਏ ਗਏ ਹਨ ਜਿਵੇਂ ਐਲਫਾ, ਗਾਮਾ, ਬੀਟਾ, ਡੈਲਟਾ ਅਤੇ ਐਪਸੀਲੋਨ। ਇਨ੍ਹਾਂ ਵਿਚੋਂ ਡਾਕਟਰ, ਇੰਜੀਨੀਅਰ, ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਸਫ਼ਾਈ ਸੇਵਕ ਕਿਹੜੇ ਵਰਗ ਦੇ ਲੋਕ ਹੋਣਗੇ, ਸਭ ਨਿਰਧਾਰਤ ਹੈ। ਇਨ੍ਹਾਂ ਮਨੁੱਖਾਂ ਦਾ ਸਰੀਰਕ ਅਤੇ ਮਾਨਸਿਕ ਪੱਧਰ ਵੀ ਸਮਾਜਿਕ ਰੁਤਬੇ ਦੇ ਅਨੁਸਾਰੀ ਹੀ ਬਣਾਇਆ ਜਾਂਦਾ ਹੈ।

ਸੋਹਜ ਦੀਪ

ਰਾਹੁਲ ਸਾਂਕਰਤਾਇਨ ਦੀ ਕਿਤਾਬ ‘ਵੋਲਗਾ ਤੋਂ ਗੰਗਾ ਤੱਕ’ ਵਿਚ ਮਾਤਰੀ ਪ੍ਰਧਾਨ ਸਮਾਜ ਤੋਂ ਪਿੱਤਰ ਪ੍ਰਧਾਨ ਤੇ ਜਾਗੀਰਦਾਰੀ ਸਮਾਜਿਕ ਪ੍ਰਬੰਧ ਤੋਂ ਪੂੰਜੀਵਾਦੀ ਪ੍ਰਬੰਧ ਤੱਕ ਪਹੁੰਚਣ ਦਾ ਬਿਰਤਾਂਤ ਬਾਦਲੀਲ ਪੇਸ਼ ਕੀਤਾ ਗਿਆ ਹੈ। ਇਹ ਪੁਸਤਕਾਂ ਉਸ ਵਰਤਾਰੇ ਦੀ ਮਿਸਾਲ ਹਨ ਜਿਸ ਵਿਚੋਂ ਅਸੀਂ ਬਹੁਤ ਕੁਝ ਸਿੱਖਦੇ ਅਤੇ ਸਮਝਦੇ ਹਾਂ। ਇਨ੍ਹਾਂ ਤੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਜੋ ਕੁਝ ਵੀ ਸਾਡੇ ਆਲੇ-ਦੁਆਲੇ ਵਾਪਰਦਾ ਹੈ ਸਾਡਾ ਸਮਾਜ ਉਸ ਤੋਂ ਪ੍ਰਭਾਵਿਤ ਹੁੰਦਾ ਹੈ। ਇਹ ਪ੍ਰਭਾਵ ਮਨੁੱਖੀ ਫਿਤਰਤ ਉੱਤੇ ਪੈਂਦਾ ਹੈ। ਅਸੀਂ ਜਿਹੋ ਜਿਹੇ ਕੰਮ ਕਰਾਂਗੇ, ਫਿਲਮਾਂ ਬਣਾਵਾਂਗੇ, ਗੀਤ ਸੁਣਾਂਗੇ, ਵੀਡੀਓ ਗੇਮਾਂ ਬਣਾਵਾਂਗੇ ਸਾਡੀ ਆਉਣ ਵਾਲੀ ਪੀੜ੍ਹੀ ਦੀ ਮਾਨਸਿਕਤਾ ਉਸ ਤਰ੍ਹਾਂ ਦੀ ਹੀ ਬਣੇਗੀ।
ਪੰਜਾਬ ਵਿਚ ਗੀਤ ਸੰਗੀਤ ਦਾ ਕਾਰੋਬਾਰ ਕਰਨ ਵਾਲੇ ਲੋਕ ਬਹੁਤ ਪੈਸਾ ਕਮਾ ਰਹੇ ਹਨ। ਉਹ ਮਿਹਨਤ ਵੀ ਕਰਦੇ ਹਨ। ਉਹ ਮਿਹਨਤ ਸਾਡੇ ਸਾਹਵੇਂ ਜਿਹੜਾ ਸੰਗੀਤ ਪੇਸ਼ ਕਰ ਰਹੀ ਹੈ ਉਸ ਵਿਚ ਭਾਰੂ ਰੂਪ ਵਿਚ ਔਰਤ, ਹਥਿਆਰ, ਨਸ਼ੇ, ਨਾਕਾਮਯਾਬ ਇਸ਼ਕ, ਧੋਖਾ, ਵੈਲਪੁਣਾ, ਪੈਸੇ ਦਾ ਹੰਕਾਰ, ਸਰੀਰ ਦਾ ਜ਼ੋਰ, ਯਾਰਾਂ ਦੀਆਂ ਫੂਹੜ ਯਾਰੀਆਂ ਆਦਿ ਬਿੰਬ ਪੇਸ਼ ਕੀਤੇ ਜਾਂਦੇ ਹਨ। ਇਹ ਅਜਿਹੇ ਬਿੰਬ ਹਨ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਨੂੰ ਨਾਕਾਰਾਤਮਕ ਸੋਚ ਨਾਲ ਜੋੜਦੇ ਹਨ। ਅਜਿਹਾ ਸੰਗੀਤ ਉਨ੍ਹਾਂ ਨੂੰ ਮਾਇਆਵੀ ਯਥਾਰਥ ਵਿਚ ਜਿਊਣ ਲਈ ਮਜਬੂਰ ਕਰ ਦਿੰਦਾ ਹੈ। ਇਹ ਮੁੱਦਾ ਸਮੇਂ-ਸਮੇਂ ’ਤੇ ਬੁੱਧੀਜੀਵੀਆਂ ਦੇ ਧਿਆਨ ਦਾ ਕੇਂਦਰ ਬਣਦਾ ਰਹਿੰਦਾ ਹੈ। ਅਜਿਹੇ ਗਾਣਿਆਂ ਦੇ ਗਾਇਕਾਂ ਨੂੰ ਅਕਸਰ ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਤੁਸੀਂ ਅਜਿਹੇ ਗੀਤ ਗਾ ਕੇ ਨਵੀਂ ਪੀੜ੍ਹੀ ਨੂੰ ਗ਼ਲਤ ਰਸਤੇ ਲਿਜਾ ਰਹੇ ਹੋ। ਗਾਇਕਾਂ ਦਾ ਜਵਾਬ ਸੀ ਕਿ ਤੂੰ ਮੈਨੂੰ ਆਪ ਦੱਸ ਬਈ ਮੇਰੇ ਹਥਿਆਰਾਂ ਵਾਲੇ ਗਾਣੇ ਸੁਣ ਕੇ ਤੂੰ ਕਿੰਨੇ ਕੁ ਹਥਿਆਰ ਚੁੱਕ ਲਏ? ਜਯੋਤਿਰੁਦਯ ਅਤੇ ਬਰੇਵ ਨਿਊ ਵਰਲਡ ਨਾਵਲਾਂ ਦੀਆਂ ਉਦਾਹਰਣਾਂ ਇਸੇ ਲਈ ਦਿੱਤੀਆਂ ਗਈਆਂ ਹਨ ਤਾਂ ਕਿ ਸ਼ਾਬਦਿਕ ਹਿੰਸਾ ਦੇ ਪ੍ਰਭਾਵ ਨੂੰ ਸਮਝਿਆ ਜਾ ਸਕੇ। ਮਾਨਸਿਕ ਹਿੰਸਾ, ਸਰੀਰਕ ਹਿੰਸਾ ਨਾਲੋਂ ਵੱਧ ਘਾਤਕ ਸਿੱਧ ਹੁੰਦੀ ਹੈ। ਇਸ ਗੱਲ ਨੂੰ ਗੀਤਕਾਰ ਜਾਂ ਗਾਇਕ ਨਹੀਂ ਸਮਝ ਰਹੇ।
ਇਸ ਦੇ ਨਾਲ ਹੀ ਉਨ੍ਹਾਂ ਗੀਤਾਂ ਦੀ ਗੱਲ ਵੀ ਕਰਨੀ ਬਣਦੀ ਹੈ ਜਿਨ੍ਹਾਂ ਨੂੰ ਸਾਹਿਤਕ ਜਾਂ ਉੱਚ ਕੋਟੀ ਦੀ ਗੀਤਕਾਰੀ ਕਹਿ ਕੇ ਵਡਿਆਇਆ ਜਾਂਦਾ ਹੈ। ਅਜਿਹੇ ਗੀਤ ਵੀ ਬਹੁਤ ਗਿਣਤੀ ਵਿਚ ਹਨ, ਪਰ ਉਨ੍ਹਾਂ ਵਿਚੋਂ ਇਹ ਤਿੰਨ ਕੁ ਉਦਾਹਰਣਾਂ ਲਈਆਂ ਜਾ ਸਕਦੀਆਂ ਹਨ:
w ਅੱਜ ਬਾਬਲ ਤੇਰੇ ਨੇ ਇਕ ਗੱਲ ਸਮਝਾਉਣੀ ਐ… ਇਸ ਘਰ ਵਿਚ ਭਾਵੇਂ ਤੂੰ ਦਿਨ ਚਾਰ ਪ੍ਰਾਹੁਣੀ ਐ… ਸਾਡੇ ਕੋਲ ਅਮਾਨਤ ਤੂੰ ਤੇਰੇ ਹੋਣ ਵਾਲੇ ਵਰ ਦੀ… ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ… ਤੈਨੂੰ ਪਾਈਆਂ ਝਾਂਜਰਾਂ ਨਹੀਂ ਕੇਵਲ ਛਣਕਾਉਣ ਲਈ, ਕਿਤੇ ਭਟਕ ਨਾ ਜਾਵੇਂ ਤੂੰ ਤੈਨੂੰ ਯਾਦ ਦਵਾਉਣ ਲਈ…।
w ਹਾਏ ਨੀ ਵੀਰ ਤੇਰਾ ਜਿਹੜੇ ਦੁੱਖੋਂ ਮਰਿਆ ਭੁਲੇਖਾ ਜਿਹਾ ਪਾਉਣ ਲੱਗ ਪਈ, ਕੈਸੀ ਜੰਮੀਏ ਤੂੰ ਸਾਡੇ ਵਿਹੜੇ ਬੇਰੀਏ ਸਿਰਾਂ ਦੀ ਪੱਗ ਲਾਹੁਣ ਲੱਗ ਪਈ, … ਤੇਰੇ ਤੋਤਲੇ ਜਿਹੇ ਬੋਲ ਮੈਨੂੰ ਮਿੱਠੀਏ ਨੀ ਹੁਣ ਜਮਾਂ ਜ਼ਹਿਰ ਲੱਗਦੇ… ਚੁੱਲਿਆਂ ’ਚ ਅੱਗ ਡਾਹੁੰਦੀ ਡਾਹੁੰਦੀ ਕਿਉਂ ਕਾਲਜੇ ਮਚਾਉਣ ਲੱਗ ਪਈ…
w ਪੰਨੀ ਬਣਾਂ ਮੈਂ ਤਵੀਤੜੀ ਦੀ ਤੇਰੀ, ਕਿਵੇਂ ਮਾਵਾ ਬਣਾਂ ਤੇਰੀ ਪੱਗ ਦਾ, ਤੇਰੇ ਫ਼ਿਕਰਾਂ ’ਚ ਗਾਵਾਂ ਕਿਵੇਂ ਗੀਤ ਵੇ, ਚੇਤਾ ਰਹਿੰਦਾ ਬਾਬਲੇ ਦੀ ਪੱਗ ਦਾ
ਇਨ੍ਹਾਂ ਗੀਤਾਂ ਦੇ ਕੇਂਦਰ ਵਿਚ ‘ਕੁੜੀ’ ਹੈ। ਉਸ ਨੂੰ ਨਸੀਹਤ ਦਿੱਤੀ ਜਾ ਰਹੀ ਹੈ ਕਿ ਤੂੰ ਮਾਂ-ਪਿਉ-ਭਰਾ-ਘਰ-ਪਿੰਡ-ਸ਼ਹਿਰ-ਦੇਸ਼ ਦੀ ਇੱਜ਼ਤ ਹੈਂ। ਇੱਥੇ ਵਰਤੇ ਗਏ ਬਿੰਬ ਧਿਆਨ ਗੋਚਰੇ ਹਨ। ਇੱਜ਼ਤ, ਪ੍ਰਾਹੁਣੀ, ਅਮਾਨਤ, ਲਾਡਲੀ, ਝਾਂਜਰਾਂ ਛਣਕਾਉਣ ਵਾਲੀ ਤੇ ਕੰਡਿਆਲੀ ਬੇਰੀ ਆਦਿ ਬਿੰਬ ਔਰਤ ਨੂੰ ਇਕ ਵਸਤ ਬਣਾ ਕੇ ਪੇਸ਼ ਕਰਦੇ ਹਨ। ਕੁੜੀਆਂ ਨੂੰ ਗਹਿਣੇ ਇਸ ਲਈ ਪਾਏ ਜਾਂਦੇ ਹਨ ਤਾਂ ਕਿ ਉਹ ਜ਼ੰਜੀਰਾਂ ਵਿਚ ਜਕੜੀਆਂ ਰਹਿਣ, ਪਰ ਕਹਾਣੀ ਕਹਿੰਦੀ ਹੈ ਗਹਿਣੇ ਔਰਤਾਂ ਦਾ ਸ਼ਿੰਗਾਰ ਹਨ। ਔਰਤ ਉਹ ‘ਵਸਤ’ ਹੈ ਜਿਸ ਦੀ ਆਪਣੀ ਕੋਈ ਸੋਚ ਨਹੀਂ ਹੁੰਦੀ। ਵੀਤ ਬਲਜੀਤ ਔਰਤ ਲਈ ‘ਬੇਰੀ’ ਦਾ ਬਿੰਬ ਵਰਤਦਾ ਹੈ। ਇਹ ਗਾਣਾ ਕੁੜੀਆਂ ਅਤੇ ਸਭਿਆਚਾਰ ਦੇ ਮੁੱਦਈਆਂ ਵਿਚ ਬਹੁਤ ਪ੍ਰਸਿੱਧ ਹੋਇਆ। ਜੇਕਰ ਕੁੜੀ ਕਿਸੇ ਨੂੰ ਪਿਆਰ ਕਰਦੀ ਹੈ ਤਾਂ ਉਹ ਵੀਰ ਦੀ ਸਿਰ ਦੀ ਪੱਗ ਲਾਹੁੰਦੀ ਹੈ। ਕੁੜੀ ਦੇ ਇਸ ਤਰ੍ਹਾਂ ਕਰਨ ਨਾਲ ਉਸ ਦੇ ਤੋਤਲੇ ਬੋਲ ਜਿਹੜੇ ਕਦੇ ਮਿੱਠੇ ਲੱਗਦੇ ਸੀ, ਹੁਣ ਜ਼ਹਿਰ ਲੱਗਦੇ ਹਨ। ਔਰਤ ਦੀ ਇੱਜ਼ਤ ਉਦੋਂ ਤੱਕ ਹੈ ਜਦੋਂ ਉਹ ਚੁੱਲ੍ਹੇ ਵਿਚ ਅੱਗ ਡਾਹੁੰਦੀ ਹੈ ਜੇਕਰ ਉਹ ਆਪਣਾ ਕੋਈ ਫ਼ੈਸਲਾ ਕਰਨਾ ਚਾਹੁੰਦੀ ਹੈ ਤਾਂ ਕਾਲਜੇ ਮਚਾਉਣ ਲੱਗਦੀ ਹੈ। ‘ਬਾਬਲੇ ਦੀ ਪੱਗ’ ਗੀਤ ਦਾ ਗਾਇਕ ਅਤੇ ਗੀਤਕਾਰ ਭਾਵੇਂ ਮਰਦ ਹਨ, ਪਰ ਉਹ ਸੰਬੋਧਨ ਕੁੜੀ ਵੱਲੋਂ ਕਰ ਰਹੇ ਹਨ। ਕੁੜੀ ਆਖਦੀ ਹੈ ਕਿ ਉਹ ਅਜਿਹਾ ਕੁਝ ਨਹੀਂ ਕਰ ਸਕਦੀ ਜਿਸ ਨਾਲ ਬਾਬਲ ਦੀ ਪੱਗ ਅਤੇ ਬੇਬੇ ਦੇ ਚਾਵਾਂ ਨੂੰ ਕੋਈ ਆਂਚ ਆਵੇ। ਇਨ੍ਹਾਂ ਗੀਤਕਾਰਾਂ ਨੇ ਔਰਤ ਨੂੰ ਪੜ੍ਹਾਈ ਅਤੇ ਨੌਕਰੀ ਦਾ ਅਧਿਕਾਰ ਤਾਂ ਦਿੱਤਾ ਹੈ, ਪਰ ਜੇਕਰ ਉਹ ਕੁੜੀ ਵਰ ਦੀ ਚੋਣ ਕਰਨਾ ਚਾਹੁੰਦੀ ਹੈ ਤਾਂ ਜਗੀਰੂ ਸੋਚ ਨੂੰ ਧੱਕਾ ਲੱਗਦਾ ਹੈ ਕਿ ਇਹ ਸਾਡੇ ਕਹਿਣੇ ਤੋਂ ਬਾਹਰ ਕਿੰਜ ਜਾ ਸਕਦੀ ਹੈ। ਇਸ ਕਹਿਣੇ ਤੋਂ ਬਾਹਰ ਦਿਖਾਉਣ ਲਈ ਵੀਡੀਓਗ੍ਰਾਫੀ ਵਿਚ ਪੇਸ਼ ਮੁੰਡਿਆਂ ਨੂੰ ਲੋਫਰ ਦਿਖਾਇਆ ਜਾਂਦਾ ਹੈ। ਇਹੀ ਮਰਦਾਵੀਂ ਸੋਚ ਹੈ ਜਿਸ ਵਿਚ ਔਰਤ ਨਿਮਾਣੀ, ਨਿਤਾਣੀ, ਅਬਲਾ ਵਿਚਾਰੀ ਹੈ। ਜੇਕਰ ਉਹ ਸਮਾਜ ਅਤੇ ਪਿੱਤਰਾਂ ਦੀ ਇੱਜ਼ਤ ਨੂੰ ਆਪਣੇ ਮੋਢਿਆਂ ਉੱਤੇ ਢੋਂਦੀ ਰਹਿੰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਸਮਾਜ ਨੂੰ ਤਬਾਹੀ ਵੱਲ ਲਿਜਾਣ ਵਾਲੀ ਔਰਤ ਵਜੋਂ ਪੇਸ਼ ਕੀਤਾ ਜਾਂਦਾ ਹੈ।
ਇਹ ਸਭ ਸੁਣ ਕੇ ਇੰਜ ਜਾਪਦਾ ਹੈ ਕਿ ਅਜਿਹੇ ਮਰਦਾਂ ਦੀ ਇੱਜ਼ਤ ਦਾ ਭਾਰ ਔਰਤਾਂ ਦੇ ਮੋਢਿਆਂ ਉੱਤੇ ਹੈ ਅਤੇ ਇਹ ਇੰਜ ਹੈ ਜਿਵੇਂ ਮਰਦ ਬੇਇੱਜ਼ਤੇ ਤੁਰੇ ਫਿਰਦੇ ਹੋਣ। ਬੇਇੱਜ਼ਤਿਆਂ ਦੀ ਇੱਜ਼ਤ ਦਾ ਬੋਝ ਔਰਤਾਂ ਢੋਂਹਦੀਆਂ ਹਨ। ਔਰਤਾਂ ਨੂੰ ਚਾਹੀਦਾ ਹੈ ਕਿ ਪੈਰਾਂ ਵਿਚ ਪਾਈਆਂ ਝਾਂਜਰਾਂ ਨੂੰ ਦਿਮਾਗ਼ ਵਿਚ ਪਈਆਂ ਹੋਈਆਂ ਬੇੜੀਆਂ ਨਾ ਬਣਾਉਣ। ਸਾਡੇ ਸਮਾਜ ਨੂੰ ਤਬਦੀਲ ਹੋ ਰਹੇ ਹਾਲਾਤ ਨੂੰ ਸਮਝਣਾ ਚਾਹੀਦਾ ਹੈ ਅਤੇ ਔਰਤ ਨੂੰ ਉਸ ਦੀ ਇੱਛਾ ਮੁਤਾਬਿਕ ਕਾਰਜ ਕਰਨ ਦੇਣਾ ਚਾਹੀਦਾ ਹੈ। ਪਿਤਰਕੀ ਗ਼ੁਲਾਮੀ ਤੋਂ ਮੁਕਤ ਸੁਤੰਤਰ ਖਿਆਲਾਂ ਵਿਚ ਔਰਤਾਂ ਆਪਣੇ ਅਧਿਕਾਰਾਂ ਦੇ ਨਾਲ-ਨਾਲ ਫ਼ਰਜ਼ਾਂ ਨੂੰ ਵੀ ਵਧੇਰੇ ਚੰਗੀ ਤਰ੍ਹਾਂ ਨਿਭਾ ਸਕਣਗੀਆਂ। ਉਹ ਆਪਣਾ ਚੰਗਾ ਜਾਂ ਮਾੜਾ ਸੋਚ ਵਿਚਾਰ ਕੇ ਹੀ ਕੰਮ ਕਰਨਗੀਆਂ। ਆਜ਼ਾਦੀ ਸਿਰਫ਼ ਅਧਿਕਾਰਾਂ ਦੇ ਨਾਲ ਹੀ ਨਹੀਂ ਸਗੋਂ ਜ਼ਿੰਮੇਵਾਰੀਆਂ ਦੇ ਰੂ-ਬ-ਰੂ ਵੀ ਕਰਵਾਉਂਦੀ ਹੈ, ਪਰ ਇਹ ਵੀ ਸਮਝਣਾ ਚਾਹੀਦਾ ਹੈ ਕਿ ਕੁੜੀਆਂ ਦੀ ਇੱਜ਼ਤ ਦੀ ਸੁਰੱਖਿਆ ਦੇ ਬਹਾਨੇ ਉਨ੍ਹਾਂ ਨੂੰ ਪਿੰਜਰੇ ਵਿਚ ਬੰਦ ਕਰਨ ਦੀ ਥਾਂ ਉਨ੍ਹਾਂ ਦੇ ਆਜ਼ਾਦ ਵਿਚਰਣ ਲਈ ਮਾਹੌਲ ਬਣਾਇਆ ਜਾਵੇ। ਅਜਿਹਾ ਕਰਨ ਨਾਲ ਘਰ ਖੇਰੂੰ-ਖੇਰੂੰ ਨਹੀਂ ਹੋਵੇਗਾ। ਫ਼ਰਕ ਮਹਿਜ਼ ਇੰਨਾ ਹੀ ਪਵੇਗਾ ਕਿ ਔਰਤ ਵਧੇਰੇ ਆਤਮ-ਵਿਸ਼ਵਾਸ ਨਾਲ ਆਪਣੇ ਕੰਮ ਨੇਪਰੇ ਚੜ੍ਹਾ ਸਕੇਗੀ। ਇਸ ਨਾਲ ਸਮਾਜ ਅਤੇ ਸਭਿਆਚਾਰ ਦੀ ਆਰਥਿਕ ਤਰੱਕੀ ਦੇ ਨਾਲ ਨਾਲ ਮਾਨਸਿਕ ਉੱਨਤੀ ਵੀ ਹੋਵੇਗੀ।

ਈ-ਮੇਲ: Sohajjj456@gmail.com

ਗਾਇਤਰੀ ਚੱਕਰਵਰਤੀ ਸਪੀਵਾਕ ਹੋਰਾਂ ਨੇ ਲਿਖਿਆ ਏ- ‘‘ਦਮਿਤ ਬੋਲ ਨਹੀਂ ਸਕਦਾ।’’ ਦਮਿਤ ਲਈ ਬੋਲਣਾ ਬਹੁਤ ਮੁਸ਼ਕਿਲ ਹੁੰਦਾ ਏ। ਪੰਜਾਬੀ ਔਰਤ ਬੋਲੇ ਤੇ ਬੋਲੇ ਕਿਵੇਂ? ਉਹ ਤਾਂ ਬੋਲ ਈ ਨਹੀਂ ਸਕਦੀ। ਉਹਦੀ ਭਾਸ਼ਾ ਬੋਲੀ ਤੇ ਮੁਹਾਵਰਾ ਇਕ ਪਾਸੇ, ਉਸ ਦੇ ਮਨ, ਦਿਮਾਗ਼, ਚੇਤਨ, ਅਵਚੇਤਨ, ਚੇਤਨਤਾ (ਜਿਨ੍ਹਾਂ ਵੀ ਰੂਪਾਂ ਵਿਚ ਅਸੀਂ ਸੋਚ ਸ਼ਕਤੀ ਦੇ ਸਾਧਨਾਂ ਦਾ ਤਸੱਵੁਰ ਕਰ ਸਕਦੇ ਹਾਂ) ਸਭ ’ਤੇ ਤਾਂ ਮਰਦ-ਪ੍ਰਧਾਨ ਸਮਾਜ ਦਾ ਕਬਜ਼ਾ ਹੈ। ਬੋਲਣਾ ਤਾਂ ਬੜੇ ਅਗਾਂਹ ਦੀ ਗੱਲ ਹੈ, ਉਸ ਦੀ ਆਪਣੀ ਸੋਚ ਹੀ ਮਰਦ-ਪ੍ਰਧਾਨ ਸੋਚ ਵਾਲੀ ਹੋ ਗਈ ਹੈ। ਇਸ ਦੀਆਂ ਉਦਾਹਰਣਾਂ ਪ੍ਰਤੱਖ ਹਨ। ਲੋਕ ਗੀਤਾਂ ਵਿਚ ਪੁੱਤਰ ਤੇ ਵੀਰ ਮੰਗਣ ਵਾਲੇ ਗੀਤਾਂ ਦੀ ਭਰਮਾਰ ਹੈ। ਪੁੱਤਰ ਜੰਮਣ ਵਾਲੀਆਂ ਮਾਵਾਂ ਦੇ ਸੋਹਲੇ ਗਾਏ ਜਾਂਦੇ ਨੇ ਤੇ ਗਾਉਂਦੀਆਂ ਵੀ ਔਰਤਾਂ ਹਨ, ‘‘ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ’’, ‘‘ਉਸਰੀ ਏ ਕੋਠੀ ਚੂਨੇਦਾਰ, ਪੁੱਤਰਾਂ ਬਾਝੋਂ ਨਹੀਂ ਸੱਜਦੀ’’, ‘‘ਇਕ ਲੱਖ ਦੇਵਾਂ, ਦੇਵਾਂ ਲੱਖ ਚਾਰ, ਪੁੱਤਰ ਲਿਆ ਦੇ ਕਿਸੇ ਹੱਟ ਤੋਂ; ਗੋਰੀਏ ਇਕ ਲੱਖ ਦੇ, ਭਾਵੇਂ ਦੇ ਲੱਖ ਚਾਰ, ਕਰਮਾਂ ਬਾਝੋਂ ਪੁੱਤਰ ਨਹੀਂ ਲੱਭਦੇ’’, ‘‘ਦੁੱਧ ਪੁੱਤ ਤੇ ਖਸਮ ਘਰ ਤੇਰੇ, ਤੂੰ ਰੱਬ ਕੋਲੋਂ ਕੀ ਮੰਗਦੀ’’ ਤੇ ‘‘ਇਕ ਵੀਰ ਦੇਈਂ ਵੇ ਰੱਬਾ’’, ‘‘ਭੈਣਾਂ ਰੋਂਦੀਆਂ ਪਛੋਕੜ ਖੜ੍ਹ ਕੇ ਜਿਨ੍ਹਾਂ ਦੇ ਘਰ ਵੀਰ ਨਹੀਂ’’, ‘‘ਪੁੱਤਰਾਂ ਦੀਆਂ ਮਾਵਾਂ ਦੇ ਵੱਡੇ ਵੱਡੇ ਮਾਣ, ਮੈਂ ਵੇ ਕਿਸੇ ਦੀ ਕੀ ਲਗਦੀ?’’ ਤੇ ਹੋਰ ਬਹੁਤ ਸਾਰੇ। ਇਨ੍ਹਾਂ ਬੋਲਾਂ ਵਿਚ ਘਿਰੀ ਪੰਜਾਬੀ ਔਰਤ ਬੋਲੇ ਤਾਂ ਕਿਵੇਂ ਬੋਲੇ? ਪਰ ਕੀ ਇਸ ਦਾ ਇਹ ਮਤਲਬ ਕੱਢਿਆ ਜਾਏ ਕਿ ਦਮਿਤ ਤੇ ਦਲਿਤ ਬੋਲ ਨਹੀਂ ਸਕਦੇ। ਏਨਾ ਇਕਪਾਸੜ ਨਤੀਜਾ ਕੱਢਣਾ ਠੀਕ ਨਹੀਂ। ਦਮਿਤ ਤੇ ਦਲਿਤ ਬੋਲਦੇ ਤੇ ਨੇ ਪਰ ਉਨ੍ਹਾਂ ਦੇ ਬੋਲ ਗ਼ਾਲਿਬ ਬੋਲਾਂ ਦੀ ਭੀੜ ਵਿਚ ਦੱਬੇ ਜਾਂਦੇ ਹਨ, ਗਵਾਚ ਜਾਂਦੇ ਨੇ। ਪਰ ਫਿਰ ਵੀ ਉਹ ਬੋਲਦੇ ਹਨ ਤੇ ਇਹ ਲੇਖ ਗਵਾਹ ਹੈ ਕਿ ਔਰਤ, ਦਲਿਤ ਤੇ ਦਮਿਤ ਆਪਣੀ ਗੱਲ ਪੂਰੀ ਚੇਤਨਤਾ ਨਾਲ ਕਹਿ ਸਕਣ।

ਅਠ੍ਹਾਰਵੀਂ, ਉਨ੍ਹੀਵੀਂ ਸਦੀ ਅਤੇ ਵੀਹਵੀਂ ਸਦੀ ਦੇ ਪਹਿਲੇ ਅੱਧ ਤਕ ਔਰਤ ਦੀ ਸਾਡੇ ਸਮਾਜਿਕ ਜੀਵਨ ਵਿਚ ਬਤੌਰ ਮਨੁੱਖ ਬੜੀ ਬੇਕਦਰੀ ਸੀ। ਇਸ ਦੇ ਸੈਂਕੜੇ ਪ੍ਰਮਾਣ ਸਾਨੂੰ ਲੋਕ-ਸਾਹਿਤ ਅਤੇ ਪੰਜਾਬੀ ਸਾਹਿਤ ਵਿਚੋਂ ਮਿਲ ਜਾਂਦੇ ਹਨ। ਉਨ੍ਹੀਵੀਂ ਸਦੀ ਵਿਚ ਮਾਲਵੇ ਵਿਚ ਵੀ ਜੰਮਦੀਆਂ ਕੁੜੀਆਂ ਨੂੰ ਮਾਰ ਦੇਣ ਦੀ ਕੁਰੀਤੀ ਬੜੇ ਜ਼ੋਰਾਂ ਉੱਤੇ ਸੀ।
ਇਹ ਕੰਮ ਦਾਈਆਂ ਅਤੇ ਸੱਸਾਂ ਵੱਲੋਂ ਜੰਮਦੀ ਕੁੜੀ ਦਾ ਗਲ਼ ਘੁੱਟ ਕੇ ਜਾਂ ਅਫ਼ੀਮ ਦੇ ਕੇ ਮਾਰਨ ਦੀ ਵਿਧੀ ਨਾਲ ਕੀਤਾ ਜਾਂਦਾ ਸੀ। ਸਿੱਟੇ ਵਜੋਂ ਉਨ੍ਹੀਵੀਂ ਸਦੀ ਵਿਚ ਕੁੜੀਆਂ ਦੀ ਮੁੰਡਿਆਂ ਦੇ ਟਾਕਰੇ ਵਿਚ ਘੱਟ ਗਿਣਤੀ ਕਾਰਨ ਕੁੜੀਆਂ ਵੇਚਣ ਦੀ ਇਕ ਹੋਰ ਕੁਰੀਤੀ ਵੀ ਪ੍ਰਚੱਲਤ ਸੀ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਔਰਤ ਦੀ ਬਤੌਰ ਮਨੁੱਖ ਸਮਾਜਿਕ ਬੇਕਦਰੀ ਦੇ ਬਾਵਜੂਦ ਔਰਤ ਦੀ ਬੱਚੇ ਜੰਮਣ ਜਾਂ ਮਾਂ ਵਜੋਂ ਲੋੜ ਬਣੀ ਰਹੀ ਹੈ। ਦੂਸਰੀ ਗੱਲ ਇਹ ਔਰਤ ਪਤਨੀ ਵਜੋਂ ਇਕ ਵਾਧੂ ਮਜ਼ਦੂਰ ਜਿੰਨਾ ਕੰਮ ਘਰ ਵਿਚ ਕਰਦੀ ਸੀ।

– ਡਾ. ਨਾਹਰ ਸਿੰਘ

ਪੰਜਾਬੀ ਲੋਕ ਸਮਝ ਵਿਚ ਧੀ ਅਤੇ ਔਰਤ ਨੂੰ ਦੋਇਮ ਸਥਾਨ ’ਤੇ ਰੱਖਿਆ ਤੇ ਪੇਸ਼ ਕੀਤਾ ਜਾਂਦਾ ਹੈ। ਸਾਡੇ ਲੋਕ ਗੀਤ ਇਸ ਗੱਲ ਦੀ ਗਵਾਹੀ ਦਿੰਦੇ ਹਨ। ਮਿਸਾਲ ਵਜੋਂ:

ਬਿਰਛਾਂ ਬਾਝ ਨਾ ਨਗਰੀ ਸੋਂਹਦੀ ਵੇ ਸੁਣਦਿਉ
ਭਾਵੇਂ ਲੱਖ ਹਵੇਲੀਆਂ ਖੜ੍ਹੀਆਂ ਵੇ
ਬਰਗੇ ਬਾਝ ਨਾ ਕੜੀਆਂ ਸੋਂਹਦੀਆਂ ਵੇ ਸੁਣਦਿਉ
ਭਾਵੇਂ ਸਮਾਰ ਤਖਾਣ ਘੜੀਆ ਵੇ

ਪੁੱਤਰਾਂ ਬਾਝ ਨਾ ਮਾਵਾਂ ਸੋਂਹਦੀਆਂ ਜੀ ਸੁਣਦਿਉ
ਭਾਵੇਂ ਲੱਖ ਦੌਲਤਾਂ ਨਾਲ ਭਰੀਆਂ ਵੇ

ਭਾਈਆਂ ਬਾਝ ਨਾ ਭੈਣਾਂ ਸੋਂਹਦੀਆਂ ਜੀ ਸੁਣਦਿਉ
ਭਾਵੇਂ ਵਾਟ ਅਡੀਕਣ ਖੜ੍ਹੀਆਂ ਵੇ

ਕੰਤਾਂ ਬਾਝ ਨਾ ਨਾਰਾਂ ਸੋਂਹਦੀਆਂ ਜੀ ਸੁਣਦਿਉ
ਭਾਵੇਂ ਸੱਤਰ ਹੂਰਾਂ ਪਰੀਆਂ ਵੇ
* * *
ਜਿਸ ਦਿਨ ਬਾਲੀ ਕੰਨਿਆ ਜਨਮ ਲਿਆ ਏ, ਜਨਮ ਲਿਆ ਏ,
ਰੁੱਸਿਆ ਸਾਰਾ ਪਰਿਵਾਰ ਏ…

ਤਾਏ ਵੀ ਰੁੱਸੇ ਬੇਟੀ ਦੇ ਚਾਚੇ ਵੀ ਰੁੱਸੇ, ਭਰਾਉ ਵੀ ਰੁੱਸੇ,
ਕਿਸ ਬਿਧ ਕਰੀਏ ਵ੍ਹਿਆਉ ਵੇ…

ਲਾਜ ਤਾਇਆਂ ਨੂੰ, ਲਾਜ ਚਾਚਿਆਂ ਨੂੰ, ਲਾਜ ਭਰਾਵਾਂ,
ਲਾਜ ਪਈ ਪਰਵਾਰ ਏ…

ਤਾਏ ਵੀ ਮਾਨੇਂ ਬੇਟੀ ਦੇ ਚਾਚੇ ਵੀ ਮਾਨੇਂ ਭਰਾਉ ਵੀ ਮਾਨੇਂ,
ਰਲ਼ ਮਿਲ਼ ਕਰੀਏ ਵ੍ਹਿਆਉ ਏ…

ਜਿਸ ਦਿਨ ਬਾਲੀ ਕੰਨਿਆ ਜਨਮ ਲਿਆ ਏ,
ਰੁੱਸਿਆ ਸਾਰਾ ਪਰਵਾਰ ਏ…
* * *
ਗਊਆਂ ਹੀਣੀਂ ਆਪਣੇਂ ਬੱਚੜੇ ਬਿਨੋਂ
ਮੈਂ ਵੇ ਹੀਣੀਂ ਤੇਰੇ ਨਾਮ ਬਿਨੋਂ,
ਕਿਸ ਬਿਧ ਰ੍ਹੈਣਾਂ ਹਰ ਕੇ ਭਜਨ ਬਿਨੋਂ,
ਮਾਤਾ ਹੀਣੀਂ ਆਪਣੇ ਪੁੱਤਰ ਬਿਨੋਂ
* * *
ਜਾਗ ਲੰਬੜਾ ਦਿਆਲ ਕੁਰ ਆਈ ਆ…
ਜਾਗ ਲੰਬੜਾ ਅਸੀਂ ਮਸਾਂ ਮਨਾਈ ਆ…
* * *
ਦੁੱਧ, ਪੁੱਤ ਤੇ ਖਸਮ ਘਰ ਤੇਰੇ
ਤੂੰ ਰੱਬ ਕੋਲੋਂ ਕੀ ਮੰਗਦੀ।


Comments Off on ਔਰਤ, ਗੀਤ ਅਤੇ ਮਾਨਸਿਕ ਹਿੰਸਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.