ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਉੱਤਰਾਖੰਡ ਦੇ ਗੁਰਧਾਮਾਂ ਦੀ ਯਾਤਰਾ

Posted On June - 30 - 2019

ਸਤਨਾਮ ਸਿੰਘ ਕੈਂਥ
ਸੈਰ ਸਫ਼ਰ

ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕਮਤਾ ਸਾਹਿਬ

ਉੱਤਰੀ ਭਾਰਤ ਵਿਚ ਸਥਿਤ ਉੱਤਰਾਖੰਡ 9 ਨਵੰਬਰ 2000 ਨੂੰ ਕਈ ਸਾਲਾਂ ਦੇ ਅੰਦੋਲਨ ਤੋਂ ਬਾਅਦ ਦੇਸ਼ ਦੇ ਸਤਾਈਵੇਂ ਸੂਬੇ ਦੇ ਰੂਪ ਵਿਚ ਹੋਂਦ ਵਿਚ ਆਇਆ। 2000 ਤੋਂ 2006 ਤਕ ਇਹ ਉਤਰਾਂਚਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਜਨਵਰੀ 2007 ਵਿਚ ਮੁਕਾਮੀ ਲੋਕਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਰਾਜ ਦਾ ਆਧਿਕਾਰਕ ਨਾਮ ਬਦਲ ਕੇ ਉੱਤਰਾਖੰਡ ਕਰ ਦਿੱਤਾ ਗਿਆ। ਉੱਤਰਾਖੰਡ ਉਸ ਸੂਬੇ ਦਾ ਨਾਮ ਹੈ ਜਿਸ ਦਾ ਨਾਮ ਸੁਣਦਿਆਂ ਹੀ ਤਪ-ਸਥਲਾਂ ਦੀ ਤਸਵੀਰ ਜ਼ਿਹਨ ਵਿਚ ਆ ਜਾਂਦੀ ਹੈ ਅਤੇ ਨਾਲ ਹੀ ਉੱਚੇ-ਉੱਚੇ ਪਹਾੜਾਂ, ਹਰੀਆਂ-ਭਰੀਆਂ ਵਾਦੀਆਂ, ਪਹਾੜੀ ਪਿੰਡਾਂ ਦੀ ਕਲਪਨਾ ਕੀਤੀ ਜਾ ਸਕਦੀ ਹੈ। ਹੌਲੀ ਹੌਲੀ ਵਗਦੀ ਠੰਢੀ-ਠਾਰ ਹਵਾ, ਕਲ-ਕਲ ਕਰਦੇ ਵਗਦੇ ਝਰਨੇ ਜਿਵੇਂ ਕੁਦਰਤ ਦੀ ਸਾਰੀ ਖ਼ੂਬਸੂਰਤੀ ਇੱਥੇ ਹੀ ਹੋਵੇ। ਅਨੇਕਾਂ ਰਿਸ਼ੀਆਂ-ਮੁਨੀਆਂ ਨੇ ਹਿਮਾਲਿਆ ਪਰਬਤ ਦੇ ਇਸ ਹਿੱਸੇ ਨੂੰ ਆਪਣੀ ਤਪ-ਭੂਮੀ ਬਣਾਇਆ। ਸੁੰਦਰ ਫੁੱਲਾਂ ਦੀਆਂ ਘਾਟੀਆਂ, ਚਾਹ ਦੇ ਬਾਗ਼, ਇਕ ਤੋਂ ਇਕ ਲਾਭਕਾਰੀ ਜੜ੍ਹੀ-ਬੂਟੀਆਂ, ਕੁਦਰਤੀ ਫ਼ਲ, ਸਬਜ਼ੀਆਂ ਅਤੇ ਹੋਰ ਹਜ਼ਾਰਾਂ ਨਿਆਮਤਾਂ ਕੁਦਰਤ ਨੇ ਉੱਤਰਾਖੰਡ ਨੂੰ ਬਖ਼ਸ਼ੀਆਂ ਹਨ। ਉੱਤਰਾਖੰਡ ਦੀਆਂ ਵਾਦੀਆਂ ਵਿਚ ਅਨੇਕਾਂ ਰਿਸ਼ੀਆਂ-ਮੁਨੀਆਂ ਨੇ ਆਪਣੀਆਂ ਰਚਨਾਵਾਂ ਲਿਖੀਆਂ। ਆਖਦੇ ਹਨ ਕਿ ਰਿਸ਼ੀ ਵੇਦ ਵਿਆਸ ਨੇ ਮਹਾਂਭਾਰਤ ਦੀ ਰਚਨਾ ਉੱਤਰਾਖੰਡ ਦੇ ਮਾਣਾ ਨਾਮਕ ਸਥਾਨ ’ਤੇ ਕੀਤੀ। ਸਿੱਖ ਭਾਈਚਾਰੇ ਲਈ ਸ਼ਰਧਾ ਦਾ ਕੇਂਦਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਇਸੇ ਸੂਬੇ ਵਿਚ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਸਮੇਂ ਉੱਤਰਾਖੰਡ ਦੀ ਯਾਤਰਾ ਕੀਤੀ ਅਤੇ ਅਨੇਕਾਂ ਮਨੁੱਖਾਂ ਨੂੰ ਮਾਨਵਤਾ ਦਾ ਰਾਹ ਵਿਖਾਇਆ। ਰਿਸ਼ੀਆਂ-ਮੁਨੀਆਂ ਤੇ ਪੀਰ ਪੈਗ਼ੰਬਰਾਂ ਤੋਂ ਇਲਾਵਾ ਅਨੇਕਾਂ ਪ੍ਰਸਿੱਧ ਰਚਨਾਕਾਰਾਂ ਨੇ ਇੱਥੇ ਰਹਿ ਕੇ ਆਪਣੀਆਂ ਰਚਨਾਵਾਂ ਲਿਖੀਆਂ ਜੋ ਵਿਸ਼ਵ ਪ੍ਰਸਿੱਧ ਹੋਈਆਂ। ਰਾਬਿੰਦਰਨਾਥ ਟੈਗੋਰ ਅਤੇ ਹਿੰਦੀ ਦੀ ਪ੍ਰਸਿੱਧ ਕਵਿਤਰੀ ਮਹਾਂਦੇਵੀ ਵਰਮਾ ਨੇ ਆਪਣੀਆਂ ਰਚਨਾਵਾਂ ਇੱਥੋਂ ਦੇ ਰਾਮਗੜ੍ਹ ਵਿਚ ਰਹਿ ਕੇ ਲਿਖੀਆਂ। ਹਰੀਆਂ-ਭਰੀਆਂ ਵਾਦੀਆਂ ਅਤੇ ਫ਼ਲਾਂ ਦੇ ਦਰੱਖਤਾਂ ਨਾਲ ਲੱਦੇ ਇਸ ਸਥਾਨ ਦਾ ਬਹੁਤ ਸ਼ਾਂਤ ਵਾਤਾਵਰਨ ਹੈ ਅਤੇ ਇਹ ਨੈਨੀਤਾਲ ਤੋਂ ਕੁਝ ਹੀ ਦੂਰੀ ’ਤੇ ਹੈ। ਇਨ੍ਹਾਂ ਸ਼ਾਂਤ ਵਾਦੀਆਂ ਵਿਚ ਗੜ੍ਹ-ਮੁਕਤੇਸ਼ਵਰ ਵੀ ਸਥਿਤ ਹੈ। ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਰਸਕਿਨ ਬੌਂਡ ਨੇ ਆਪਣੀਆਂ ਜ਼ਿਆਦਾਤਰ ਪੁਸਤਕਾਂ ਦੀ ਰਚਨਾ ਇੱਥੋਂ ਦੇ ਮਸੂਰੀ ਸ਼ਹਿਰ ਵਿਚ ਕੀਤੀ ਹੈ। ਇੱਥੋਂ ਦੀਆਂ ਮੌਸਮੀ ਖ਼ੂਬੀਆਂ ਕਰਕੇ ਹੀ ਟੌਮ ਆਲਟਰ ਵਰਗੇ ਬੌਲੀਵੁੱਡ ਅਦਾਕਾਰ ਦੇ ਪਰਿਵਾਰ ਨੇ ਮਸੂਰੀ ਨੂੰ ਰਿਹਾਇਸ਼ ਲਈ ਚੁਣਿਆ।
ਇਨ੍ਹਾਂ ਮਨਮੋਹਕ ਵਾਦੀਆਂ ਅਤੇ ਤਰਾਈ ਦੇ ਖੇਤਾਂ ਵਿਚਦੀ ਹੋ ਕੇ ਅਨੇਕਾਂ ਧਾਰਮਿਕ ਸਥਲਾਂ ਉੱਤੇ ਪੁੱਜਿਆ ਜਾ ਸਕਦਾ ਹੈ। ਪਿਛਲੀਆਂ ਗਰਮੀ ਦੀਆਂ ਛੁੱਟੀਆਂ ਵਿਚ ਮੈਨੂੰ ਵੀ ਉੱਤਰਾਖੰਡ ਦਾ ਸਫ਼ਰ ਕਰਨ ਦਾ ਮੌਕਾ ਮਿਲਿਆ। ਉੱਤਰਾਖੰਡ ਦੇ ਮੌਸਮ ਦਾ ਮਿਜ਼ਾਜ ਪੰਜਾਬ ਦੇ ਮੌਸਮ ਨਾਲੋਂ ਕੁਝ ਵੱਖਰਾ ਹੁੰਦਾ ਹੈ। ਅਸੀਂ ਜਦੋਂ ਇਸ ਸਫ਼ਰ ’ਤੇ ਜਾਣਾ ਸੀ, ਉਦੋਂ ਉੱਤਰਾਖੰਡ ਵਿਚ ਮੌਸਮ ਆਮ ਤੌਰ ’ਤੇ ਠੰਢਾ ਹੁੰਦਾ ਹੈ। ਇਸ ਲਈ ਢੁੱਕਵੇਂ ਕੱਪੜਿਆਂ ਦੀ ਚੋਣ ਕਰਨੀ ਵੀ ਜ਼ਰੂਰੀ ਸੀ। ਖੈਰ! ਮੌਸਮ ਦੇ ਹਿਸਾਬ ਨਾਲ ਆਪਣਾ ਸਾਮਾਨ ਬੰਨ੍ਹ ਲਿਆ। ਅਸੀਂ ਇਸ ਸਫ਼ਰ ਦਾ ਆਗ਼ਾਜ਼ ਫਿਰੋਜ਼ਪੁਰ ਤੋਂ ਕੀਤਾ। ਸ਼ੁਰੂਆਤੀ ਪਲਾਂ ਵਿਚ ਮਨ ਉਤਸ਼ਾਹ ਨਾਲ ਭਰਪੂਰ ਸੀ ਤੇ ਮੇਰਾ ਪਹਿਲਾ ਲੰਮਾ ਸਫ਼ਰ ਹੋਣ ਕਾਰਨ ਘਬਰਾਹਟ ਦੀਆਂ ਪਰਤਾਂ ਵੀ ਮਾਨਸਿਕਤਾ ਵਿਚੋਂ ਉਜਾਗਰ ਹੋ ਰਹੀਆਂ ਸਨ। ਸਫ਼ਰ ਸ਼ੁਰੂ ਹੋਣ ਤੋਂ ਕੁਝ ਹੀ ਸਮੇਂ ਮਗਰੋਂ ਘਬਰਾਹਟ ਦੂਰ ਹੋ ਗਈ।
ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਹੈ। ਦੇਹਰਾਦੂਨ ਸ਼ਹਿਰ ਗੜ੍ਹਵਾਲ ਖੇਤਰ ਵਿਚ ਪੈਂਦਾ ਹੈ ਜੋ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਤੋਂ 236 ਕਿਲੋਮੀਟਰ ਦੂਰ ਉੱਤਰ ਵੱਲ ਸਥਿਤ ਹੈ। ਇਹ ਸ਼ਹਿਰ ਰਾਸ਼ਟਰੀ ਰਾਜਧਾਨੀ ਖੇਤਰ ਉੱਤੇ ਵਧਦੇ ਆਬਾਦੀ ਦੇ ਭਾਰ ਨੂੰ ਹੌਲਾ ਕਰਨ ਲਈ ਬਣਾਏ ਗਏ ਉਪ-ਕੇਂਦਰਾਂ ਵਿਚੋਂ ਇਕ ਹੈ। ਇੱਥੇ ਦੂਰ-ਦੁਰਾਡੇ ਖੇਤਰਾਂ ਵਿਚੋਂ ਸੈਲਾਨੀ ਆ ਕੇ ਠਹਿਰਦੇ ਹਨ। ਅਸੀਂ ਦੇਹਰਾਦੂਨ ਵਿਚ ਪ੍ਰਵੇਸ਼ ਕਰ ਗਏ। ਇੱਥੋਂ ਦੇ ਬਾਸਮਤੀ ਚੌਲ, ਚਾਹ ਤੇ ਲੀਚੀ ਦੇ ਬਾਗ਼ ਦੇਖੇ। ਦੇਹਰਾਦੂਨ ਤੋਂ ਇਲਾਵਾ ਹਰਿਦੁਆਰ ਅਤੇ ਰਿਸ਼ੀਕੇਸ਼ ਇੱਥੋਂ ਦੇ ਦੋ ਹੋਰ ਪ੍ਰਮੁੱਖ ਸੈਲਾਨੀ ਸਥਲ ਹਨ ਤੇ ਗੜ੍ਹਵਾਲੀ ਇੱਥੋਂ ਦੇ ਵਾਸੀਆਂ ਦੀ ਮੁੱਖ ਭਾਸ਼ਾ ਹੈ। ਦੇਹਰਾਦੂਨ, ਹਰਿਦੁਆਰ ਜਾਂ ਰਿਸ਼ੀਕੇਸ਼ ਵਿਚ ਸਾਡਾ ਰੁਕਣ ਦਾ ਇਰਾਦਾ ਨਹੀਂ ਸੀ। ਸਾਨੂੰ ਤਾਂ ਇਸ ਸੂਬੇ ਵਿਚਲੇ ਉਹ ਗੁਰਧਾਮ ਬੁਲਾ ਰਹੇ ਸਨ ਜਿਨ੍ਹਾਂ ਲਈ ਅਸੀਂ ਯਾਤਰਾ ਆਰੰਭੀ ਸੀ। ਸਾਡੇ ਸਫ਼ਰ ਦਾ ਪਹਿਲਾ ਪੜਾਅ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਤਸ਼ਾਹੀ ਪਹਿਲੀ ਵਿਖੇ ਸੀ। ਇਹ ਗੁਰਦੁਆਰਾ ਸੂਬੇ ਦੇ ਸ਼ਹਿਰ ਕਾਸ਼ੀਪੁਰ ਦੇ ਮੁਹੱਲਾ ਪੱਕਾ ਕੋਟ ਵਿਚ ਢੇਲਾ ਨਦੀ ਕੰਢੇ ਸਥਿਤ ਹੈ। ਆਪਣੀ ਤੀਜੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਨੇ ਇੱਥੇ ਚਰਨ ਪਾਏ। ਇਹ ਉਦਾਸੀ ਗੁਰੂ ਜੀ ਨੇ 1514 ਤੋਂ 1517 ਈਸਵੀ ਦੇ ਵਕਫੇ਼ ਦੌਰਾਨ ਪੱਛਮ ਵੱਲ ਕੀਤੀ। ਇਸੇ ਸਮੇਂ ਉਨ੍ਹਾਂ ਨੇ ਅਹਿਮਦਾਬਾਦ, ਹਰਿਦੁਆਰ, ਅਯੁੱਧਿਆ, ਪ੍ਰਯਾਗ ਯਾਨੀ ਅਲਾਹਾਬਾਦ, ਬਨਾਰਸ, ਕੋਡਾਮੀਲ, ਪਾਲੀਪੁਰ ਤੇ ਰਾਮੇਸ਼ਵਰ ਆਦਿ ਸਥਾਨਾਂ ਦੀ ਯਾਤਰਾ ਵੀ ਕੀਤੀ। ਕਾਸ਼ੀਪੁਰ ਨਾਲ ਸਬੰਧਿਤ ਇਕ ਘਟਨਾ ਦਾ ਜ਼ਿਕਰ ਕੁਥਾਂ ਨਹੀਂ ਹੋਵੇਗਾ। ਸਾਖੀ ਮੁਤਾਬਿਕ ਕਾਸ਼ੀਪੁਰ ਨਾਲ ਵਗਦੀ ਸਵਰਨ ਨਦੀ ਹਰ ਸਾਲ ਪੂਰੇ ਕਾਸ਼ੀਪੁਰ ਤੇ ਉਸ ਦੇ ਆਸ-ਪਾਸ ਦੇ ਖੇਤਰਾਂ ਨੂੰ ਤਬਾਹ ਕਰ ਦਿੰਦੀ ਸੀ। ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਬਚਾਉਣ ਲਈ ਇਕ ਢੇਲਾ ਚੁੱਕ ਕੇ ਨਦੀ ਵਿਚ ਸੁੱਟਿਆ ਜਿਸ ਨਾਲ ਨਦੀ ਸ਼ਾਂਤ ਹੋ ਗਈ ਤੇ ਉਸ ਸਮੇਂ ਤੋਂ ਹੀ ਇਸ ਨਦੀ ਨੂੰ ਢੇਲਾ ਨਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਗੁਰਦੁਆਰੇ ਦੇ ਦਰਸ਼ਨ ਉਨ੍ਹਾਂ ਸ਼ਰਧਾਲੂਆਂ ਲਈ ਬਹੁਤ ਅਹਿਮੀਅਤ ਰੱਖਦੇ ਹਨ ਜੋ ਕਿਸੇ ਕਾਰਨ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ। ਚਿੱਟੇ ਸੰਗਮਰਮਰ ਨਾਲ ਬਣਿਆ ਦਰਬਾਰ ਸਾਹਿਬ ਅਤੇ ਇਸ ਦੇ ਦਰਵਾਜ਼ਿਆਂ ’ਤੇ ਲੱਗੇ ਬੇਸ਼ਕੀਮਤੀ ਨਗੀਨੇ ਅਤੇ ਇਸ ਦੇ ਉਪਰ ਸੋਨੇ ਦੇ ਕਲਸ਼ ਸਦਕਾ ਇਸ ਦੀ ਸ਼ੋਭਾ ਦੇਖਦੇ ਹੀ ਬਣਦੀ ਹੈ। ਦਰਸ਼ਨ ਕਰਦਿਆਂ ਦਿਨ ਕਾਫ਼ੀ ਢਲ ਚੁੱਕਾ ਸੀ। ਸਫ਼ਰ ਦੇ ਅਗਲੇ ਪੜਾਅ ਦਾ ਪੈਂਡਾ ਅਸੀਂ ਅਗਲੀ ਸਵੇਰ ਨੂੰ ਤੈਅ ਕਰਨਾ ਉਲੀਕਿਆ। ਗੁਰੂ ਘਰ ਦੇ ਇਕ ਸ਼ਰਧਾਲੂ ਨੇ ਸਾਨੂੰ ਬੇਬੇ ਨਾਨਕੀ ਸਰਾਏ ਬਾਰੇ ਦੱਸਿਆ ਜੋ ਦਰਬਾਰ ਸਾਹਿਬ ਦੇ ਬਿਲਕੁਲ ਲਾਗੇ ਸੀ। ਅਸੀਂ ਬੇਬੇ ਨਾਨਕੀ ਸਰਾਏ ਵਿਖੇ ਕਮਰਾ ਬੁੱਕ ਕਰਵਾ ਕੇ ਰਹਿਣ ਦਾ ਇੰਤਜ਼ਾਮ ਕੀਤਾ। ਕਾਸ਼ੀਪੁਰ ਦਾ ਪ੍ਰਾਚੀਨ ਨਾਂ ਗੋਵਿਸ਼ਾਣ ਹੈ। ਇਹ ਇਤਿਹਾਸਕ ਨਗਰੀ ਹੈ। ਚੀਨੀ ਯਾਤਰੀ ਹਿਊਨ ਸਾਂਗ ਨੇ ਵੀ ਇਸ ਸਥਾਨ ਦੀ ਯਾਤਰਾ ਕੀਤੀ ਜਿਸ ਦਾ ਜ਼ਿਕਰ ਉਸ ਨੇ ਆਪਣੀਆਂ ਲਿਖਤਾਂ ਵਿਚ ਵੀ ਕੀਤਾ। ਇਸ ਗੁਰਦੁਆਰੇ ਤੋਂ ਥੋੜ੍ਹੀ ਦੂਰ ਦਰੋਣਾ ਸਾਗਰ ਹੈ ਜਿੱਥੇ ਪੰਜ ਪਾਂਡਵਾਂ ਨੂੰ ਗੁਰੂ ਦਰੋਣਾਚਾਰੀਆ ਵੱਲੋਂ ਤੀਰਅੰਦਾਜ਼ੀ ਦੀ ਸਿੱਖਿਆ ਦਿੱਤੀ ਮੰਨੀ ਜਾਂਦੀ ਹੈ।
ਸਾਡਾ ਅਗਲਾ ਪੜਾਅ ਗੁਰਦੁਆਰਾ ਸ੍ਰੀ ਨਾਨਕਪੁਰੀ ਟਾਂਡਾ ਸਾਹਿਬ ਸੀ। ਇਹ ਗੁਰਧਾਮ ਉੱਤਰਾਖੰਡ ਦੇ ਜ਼ਿਲ੍ਹਾ ਊਧਮ ਸਿੰਘ ਨਗਰ ਦੇ ਪਿੰਡ ਟਾਂਡਾ ਵਿਖੇ ਸੁਸ਼ੋਭਿਤ ਹੈ। ਇਸ ਅਸਥਾਨ ’ਤੇ ਗੁਰੂ ਜੀ ਨੇ ਪਠਾਣਾਂ ਦੇ ਸਰਦਾਰ ਰੁਹੇਲ ਪਠਾਣ ਦਾ ਉਧਾਰ ਕੀਤਾ ਜੋ ਇਨਸਾਨਾਂ ਦਾ ਵਪਾਰ ਕਰਕੇ ਮਨੁੱਖਤਾ ਦਾ ਘਾਣ ਕਰਦਾ ਸੀ। ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਨੇ ਦੱਸਿਆ ਕਿ ਗੁਰੂ ਸਾਹਿਬ ਭਾਈ ਹਰਾ ਜੀ ਦੀ ਅਰਦਾਸ ਸੁਣ ਕੇ ਬਾਲਕ ਦਾ ਭੇਖ ਧਾਰ ਕੇ ਇੱਥੇ ਪਧਾਰੇ ਸਨ। ਭਾਈ ਹਰਾ ਜੀ ਨੂੰ ਆਸ਼ੀਰਵਾਦ ਦੇਣ ਅਤੇ ਰੁਹੇਲ ਪਠਾਣ ਦਾ ਉਧਾਰ ਕਰਨ ਨਾਲ ਸਬੰਧਤ ਅਨੇਕਾਂ ਅਲੌਕਿਕ ਘਟਨਾਵਾਂ ਇਸ ਅਸਥਾਨ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਘਟਨਾਵਾਂ ਵਿਚੋਂ ਸੁੱਕੇ ਬਾਗ਼ ਦਾ ਹਰਾ ਹੋਣਾ, ਮਰੀਆਂ ਭੇਡਾਂ ਦਾ ਜਿਊਂਦੀਆਂ ਹੋਣਾ, ਚੱਕੀ ’ਤੇ ਆਟਾ ਪੀਹਣ ਵਰਗੀਆਂ ਘਟਨਾਵਾਂ ਵਰਨਣਯੋਗ ਹਨ ਜਿੱਥੇ ਕ੍ਰਮਵਾਰ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ਼, ਸ੍ਰੀ ਮਾਰ ਜਿਵਾਲਾ ਸਾਹਿਬ ਤੇ ਸ੍ਰੀ ਚੱਕੀ ਸਾਹਿਬ ਸੁਸ਼ੋਭਿਤ ਹਨ। ਅਸੀਂ ਇਨ੍ਹਾਂ ਗੁਰੂਧਾਮਾਂ ਦੇ ਦਰਸ਼ਨ ਕੀਤੇ।
ਇਸ ਮਗਰੋਂ ਅਸੀਂ ਨਾਨਕਮਤਾ ਵੱਲ ਨੂੰ ਤੁਰ ਪਏ। ਇਹ ਵੀ ਉੱਤਰਾਖੰਡ ਦੀ ਧਰਤੀ ’ਤੇ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਕਰ ਚੁੱਕੇ ਸਥਾਨਾਂ ਵਿਚੋਂ ਇਕ ਸੀ। ਅਸੀਂ ਨਾਨਕਮਤਾ ਦੀ ਨਗਰੀ ਪੁੱਜੇ। ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਤੋਂ ਕੁਝ ਹੀ ਫਰਲਾਂਗ ’ਤੇ ਗੁਰਦੁਆਰਾ ਸ੍ਰੀ ਦੁੱਧ ਵਾਲਾ ਖੂਹ ਸਥਿਤ ਹੈ। ਇਸ ਅਸਥਾਨ ਬਾਰੇ ਪਤਾ ਲੱਗਾ ਕਿ ਸਿੱਧਾਂ ਨੇ ਆਪਣੀਆਂ ਯੋਗ ਸ਼ਕਤੀਆਂ ਨਾਲ ਇਲਾਕੇ ਦੀਆਂ ਮੱਝਾਂ ਤੇ ਗਾਵਾਂ ਦਾ ਦੁੱਧ ਸੁਕਾ ਦਿੱਤਾ ਸੀ ਤੇ ਆਪਣੀਆਂ ਸ਼ਕਤੀਆਂ ਦੇ ਹੰਕਾਰ ਵਿਚ ਗੁਰੂ ਸਾਹਿਬ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਦੁੱਧ ਛਕਾਉਣ। ਗੁਰੂ ਜੀ ਨੇ ਸਿੱਧਾਂ ਦਾ ਹੰਕਾਰ ਤੋੜਿਆ ਤੇ ਉਨ੍ਹਾਂ ਨੂੰ ਦੁੱਧ ਛਕਾਇਆ ਸੀ। ਇਸ ਮਗਰੋਂ ਅਸੀਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਪੁੱਜੇ। ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਘੱਗਰ ਦਰਿਆ ਕੰਢੇ ਹੈ ਜੋ ਨਾਨਕਸਾਗਰ ਡੈਮ ਦੇ ਬਿਲਕੁਲ ਨਜ਼ਦੀਕ ਬਣਿਆ ਹੈ। ਜਦੋਂ ਸਿੱਧਾਂ ਨੇ ਇਸ ਇਲਾਕੇ ਦੇ ਪਾਣੀ ਨੂੰ ਗੁਰੂ ਨਾਨਕ ਦੇਵ ਜੀ ਨਾਲ ਈਰਖਾ ਹੋਣ ਕਾਰਨ ਸੁਕਾ ਦਿੱਤਾ ਸੀ ਤਾਂ ਗੁਰੂ ਜੀ ਨੇ ਪਾਣੀ ਦੇ ਵਹਾਅ ਨੂੰ ਮੁੜ ਸੁਰਜੀਤ ਕਰ ਦਿੱਤਾ ਸੀ। ਉਸ ਸਮੇਂ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੇ ਇਸ ਕਾਰਜ ਵਿਚ ਵਡਮੁੱਲਾ ਯੋਗਦਾਨ ਪਾਇਆ ਸੀ। ਨਾਨਕਸਾਗਰ ਦੇ ਮੱਧ ਵਿਚ ਬਣਿਆ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦਾ ਦ੍ਰਿਸ਼ ਬਹੁਤ ਹੀ ਖ਼ੂਬਸੂਰਤ ਜਾਪਦਾ ਹੈ। ਦੇਸ਼-ਵਿਦੇਸ਼ ਤੋਂ ਆ ਕੇ ਸੈਲਾਨੀ ਇਸ ਬਾਉਲੀ ਸਾਹਿਬ ਦੀ ਪਰਿਕਰਮਾ ਜ਼ਰੂਰ ਕਰਦੇ ਹਨ।
ਅਸੀਂ ਨਾਨਕਸਾਗਰ ਦੇ ਪਾਣੀ ਵਿਚ ਮੌਜੂਦ ਕਿਸ਼ਤੀਆਂ ਰਾਹੀਂ ਬਾਉਲੀ ਸਾਹਿਬ ਦੀ ਪਰਿਕਰਮਾ ਕੀਤੀ। ਇਸ ਸਮੇਂ ਦੌਰਾਨ ਸੈਲਾਨੀਆਂ ਦਾ ਇਕੱਠ ਵੇਖਣਯੋਗ ਸੀ। ਸੈਲਾਨੀਆਂ ਦਾ ਹਜੂਮ ਹੋਣ ਕਾਰਨ ਛੋਟਾ ਜਿਹਾ ਬਾਜ਼ਾਰ ਹੋਣਾ ਵੀ ਸੁਭਾਵਿਕ ਸੀ ਕਿਉਂਕਿ ਇੱਥੋਂ ਦੇ ਲੋਕਾਂ ਦੀ ਆਰਥਿਕਤਾ ਸੈਲਾਨੀਆਂ ਦੇ ਇੱਥੇ ਆਉਣ ’ਤੇ ਹੀ ਨਿਰਭਰ ਹੁੰਦੀ ਹੈ। ਸ਼ਾਮ ਦਾ ਵੇਲਾ ਹੋ ਚੁੱਕਾ ਸੀ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੀ। ਇਸ ਲਈ ਅਸੀਂ ਅਗਲਾ ਪੈਂਡਾ ਤੈਅ ਕਰਨ ਦਾ ਸੋਚਿਆ।
ਊਧਮ ਸਿੰਘ ਨਗਰ ਵਿਚ ਸਥਾਪਿਤ ਸ੍ਰੀ ਨਾਨਕਮਤਾ ਸਾਹਿਬ ਸਾਡਾ ਅਗਲਾ ਪੜਾਅ ਸੀ। ਕਾਸ਼ੀਪੁਰ ਤੋਂ ਨਾਨਕਮਤਾ ਸਾਹਿਬ ਦੀ ਯਾਤਰਾ ਕਰਨ ਦੇ ਦੋ ਰਾਹ ਹਨ। ਇਕ ਸੜਕ ਰਾਹੀਂ ਤੇ ਦੂਜੀ ਸਹੂਲਤ ਲਾਲਕੂਆਂ ਕਿੱਛਾਂ ਤਕ ਰੇਲਗੱਡੀ ਰਾਹੀਂ ਸਫ਼ਰ ਕਰਨ ਦੀ ਹੈ। ਕਾਸ਼ੀਪੁਰ ਤੋਂ ਬਾਜਪੁਰ ਦੋਰਾਹਾ, ਗਦਰਪੁਰ, ਰੁਦਰਪੁਰ, ਕਿੱਛਾਂ, ਸਿਤਰਗੰਜ ਹੁੰਦੇ ਹੋਏ ਨਾਨਕਮਤਾ ਸਾਹਿਬ ਪੁੱਜਿਆ ਜਾਂਦਾ ਹੈ। ਜੇਕਰ ਸਫ਼ਰ ਰੇਲਗੱਡੀ ਦਾ ਕਰਨਾ ਹੋਵੇ ਤਾਂ ਸਿੱਧਾ ਲਾਲਕੂਆਂ ਜਾਂ ਕਿੱਛਾਂ ਪਹੁੰਚ ਕੇ ਅੱਗੇ ਸਿਤਾਰਗੰਜ ਹੁੰਦੇ ਹੋਏ ਉੱਥੇ ਅੱਪੜਿਆ ਜਾ ਸਕਦਾ ਹੈ। ਕਾਸ਼ੀਪੁਰ ਤੋਂ ਨਾਨਕਮਤਾ ਸਾਹਿਬ ਸਿਰਫ਼ 120 ਕਿਲੋਮੀਟਰ ਦੀ ਦੂਰੀ ’ਤੇ ਹੈ। ਇੱਥੋਂ ਦਾ ਦੀਵਾਲੀ ਦਾ ਮੇਲਾ ਕਾਫ਼ੀ ਪ੍ਰਸਿੱਧ ਹੈ ਜੋ ਲਗਾਤਾਰ 15 ਜਾਂ 20 ਦਿਨ ਜਾਰੀ ਰਹਿੰਦਾ ਹੈ। ਰਾਤ ਹੁੰਦਿਆਂ ਅਸੀਂ ਗੁਰਦੁਆਰੇ ਅੱਪੜ ਚੁੱਕੇ ਸੀ। ਅਸੀਂ ਰਾਤ ਦੇ ਪਹਿਰ ਆਰਾਮ ਕੀਤਾ ਤੇ ਸਵੇਰਸਾਰ ਇਸ਼ਨਾਨ ਕਰਨ ਉਪਰੰਤ ਸ੍ਰੀ ਨਾਨਕਮਤਾ ਸਾਹਿਬ ਜਾ ਨਤਮਸਤਕ ਹੋਏ। ਨਾਨਕਮਤਾ ਸਾਹਿਬ ਦਾ ਪਹਿਲਾ ਨਾਂ ਗੋਰਖਮਤਾ ਹੋਇਆ ਕਰਦਾ ਸੀ। ਗੁਰੂ ਨਾਨਕ ਦੇਵ ਜੀ ਦੇ ਇਸ ਧਰਤੀ ’ਤੇ ਆਉਣ ਤੋਂ ਮਗਰੋਂ ਇਸ ਦਾ ਨਾਂ ਨਾਨਕਮਤਾ ਸਾਹਿਬ ਪਿਆ। ਇਸੇ ਸਥਾਨ ਦੇ ਅੰਦਰ ਹੀ ਪਵਿੱਤਰ ਪਿੱਪਲ ਹੈ ਜਿਸ ਦੀ ਬਹੁਤ ਮਾਨਤਾ ਹੈ। ਅਸੀਂ ਸ੍ਰੀ ਭੰਡਾਰਾ ਸਾਹਿਬ ਵੀ ਗਏ। ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਬੋਹੜ ਦੀ ਛਾਂ ਹੇਠ ਸਾਧਨਾ ਵਿਚ ਲੀਨ ਹੋ ਗਏ ਸਨ। ਆਖਦੇ ਹਨ ਕਿ ਗੁਰੂ ਸਾਹਿਬ ਨੇ ਸਿੱਧਾਂ ਦੀ ਭੁੱਖ ਮਿਟਾਉਣ ਲਈ ਮਰਦਾਨੇ ਨੂੰ ਬੋਹੜ ਦਾ ਦਰੱਖਤ ਹਿਲਾਉਣ ਲਈ ਕਿਹਾ ਜਿਸ ਵਿੱਚੋਂ 36 ਪ੍ਰਕਾਰ ਦਾ ਭੋਜਨ ਪ੍ਰਾਪਤ ਹੋਇਆ। ਇਸ ਕਾਰਨ ਹੀ ਇਸ ਸਥਾਨ ਦਾ ਨਾਂ ਸ੍ਰੀ ਭੰਡਾਰਾ ਸਾਹਿਬ ਪੈ ਗਿਆ। ਸ਼ਾਮ ਹੁੰਦਿਆਂ ਅਸੀਂ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਦੇ ਦਰਸ਼ਨ ਵੀ ਕੀਤੇ। ਇਸ ਅਸਥਾਨ ਕਰਕੇ ਹੀ ਇਸ ਭੂਮੀ ਦਾ ਨਾਂ ਗੋਰਖਮਤਾ ਤੋਂ ਨਾਨਕਮਤਾ ਸਾਹਿਬ ਪਿਆ ਸੀ। ਊਧਮ ਸਿੰਘ ਨਗਰ ਦਾ ਸਾਡਾ ਇਹ ਆਖ਼ਰੀ ਪੜਾਅ ਸੀ। ਰੀਠਾ ਸਾਹਿਬ ਦੀ ਯਾਤਰਾ ਦੇ ਸੰਦਰਭ ਵਿਚ ਜਾਣਕਾਰੀ ਹਾਸਲ ਕਰਨ ਉਪਰੰਤ ਅਸੀਂ ਆਪਣੇ ਅਗਲੇ ਪੜਾਅ ਸ੍ਰੀ ਰੀਠਾ ਸਾਹਿਬ ਵੱਲ ਵਧ ਚੁੱਕੇ ਸੀ। ਗੁਰਦੁਆਰਾ ਸ੍ਰੀ ਰੀਠਾ ਸਾਹਿਬ ਹਿਮਾਲਿਆ ਦੀਆਂ ਰਮਣੀਕ ਘਾਟੀਆਂ ਵਿਚੋਂ ਇਕ ਘਾਟੀ ਵਿਚ ਸ਼ੁਭਾਇਮਾਨ ਹੈ ਜਿਸ ਦੇ ਹੇਠਾਂ ਦੀ ਨਦੀਆਂ ਰਤਿਆ ਅਤੇ ਲਦਿਆ ਵਗਦੀਆਂ ਹਨ। ਇਹ ਗੁਰਦੁਆਰਾ ਉੱਤਰਾਖੰਡ ਦੇ ਜ਼ਿਲ੍ਹਾ ਚੰਪਾਵਤ ਵਿਚ ਹੈ। ਇਸ ਦੀਆਂ ਹੱਦਾਂ ਨੈਨੀਤਾਲ ਅਤੇ ਊਧਮ ਸਿੰਘ ਨਗਰ ਨਾਲ ਲੱਗਦੀਆਂ ਹਨ। ਇਹ ਜ਼ਿਲ੍ਹਾ ਲਗਪਗ 7000 ਫੁੱਟ ਦੀ ਉਚਾਈ ’ਤੇ ਵਸਿਆ ਹੋਇਆ ਹੈ। ਗੁਰਦੁਆਰਾ ਸ੍ਰੀ ਰੀਠਾ ਸਾਹਿਬ ਸ੍ਰੀ ਨਾਨਕਮਤਾ ਸਾਹਿਬ ਤੋਂ 192 ਕਿਲੋਮੀਟਰ ਦੂਰ ਪੈਂਦਾ ਹੈ ਅਤੇ ਸਾਫ਼ ਸੁਥਰੀ ਸੜਕ ਰਾਹੀਂ 45 ਕਿਲੋਮੀਟਰ ਜਾਣ ਉਪਰੰਤ ਟਨਕਪੁਰ ਸ਼ਹਿਰ ਆ ਜਾਂਦਾ ਹੈ। ਇਸ ਤੋਂ ਮਗਰੋਂ ਪਹਾੜੀ ਖੇਤਰ ਸ਼ੁਰੂ ਹੁੰਦਾ ਹੈ। ਇੱਥੇ ਵਗਦੀ ਸ਼ਾਰਦਾ ਨਦੀ ਨੂੰ ਪਾਰ ਕਰਦਿਆਂ ਹੀ ਪਹਾੜੀ ਸੜਕ ਸ਼ੁਰੂ ਹੋ ਜਾਂਦੀ ਹੈ ਜੋ ਇੱਥੋਂ ਦੇ ਬਹੁਤ ਮਸ਼ਹੂਰ ਅਤੇ ਖ਼ੂਬਸੂਰਤ ਸ਼ਹਿਰ ਪਿਲੋਰਾਗੜ੍ਹ ਤਕ ਪਹੁੰਚ ਕੇ ਬਾਕੀ ਦੇ ਹੋਰ ਸ਼ਹਿਰਾਂ ਤਕ ਜਾਂਦੀ ਹੈ। ਇਸ ਦੀ ਇਕ ਸ਼ਾਖਾ ਗੁਰਦੁਆਰਾ ਥੜ੍ਹਾ ਸਾਹਿਬ ਬਾਗੇਸ਼ਵਰ ਤਕ ਪਹੁੰਚਦੀ ਹੈ ਤੇ ਦੂਜੀ ਸ਼ਾਖਾ ਜੋਸ਼ੀਮੱਠ ਨੂੰ ਆਪਣੇ ਨਾਲ ਜੋੜਦੀ ਹੈ ਜਿੱਥੋਂ ਅਗਲਾ ਪੈਂਡਾ ਹੇਮਕੁੰਟ ਸਾਹਿਬ ਨੂੰ ਨਿਕਲਦਾ ਹੈ। ਚੰਪਾਵਤ ਸ਼ਹਿਰ ਤੋਂ ਲੰਘਦਿਆਂ 12 ਕਿਲੋਮੀਟਰ ’ਤੇ ਲੋਹਾਘਾਟ ਨਾਮ ਦੀ ਤਹਿਸੀਲ ਹੈ ਜਿੱਥੋਂ ਇਕ ਮਾਰਗ ਕਾਠਗੋਦਾਮ ਨੂੰ ਚਲਾ ਜਾਂਦਾ ਹੈ। ਇਸ ਮਾਰਗ ਤੋਂ ਹੁੰਦਿਆਂ ਧੂਨਾਘਾਟ ਕਸਬੇ ਤੋਂ 38 ਕਿਲੋਮਟਰ ਦੀ ਦੂਰੀ ’ਤੇ ਰੀਠਾ ਸਾਹਿਬ ਪਹੁੰਚਿਆ ਜਾਂਦਾ ਹੈ। ਉੱਤਰਾਖੰਡ ਦੇ ਹਰੇ-ਭਰੇ ਪਹਾੜਾਂ ਵਿਚੋਂ ਹੁੰਦੇ ਹੋੋਏ ਅਸੀਂ ਰੀਠਾ ਸਾਹਿਬ ਵੱਲ ਵਧ ਹੀ ਰਹੇ ਸਾਂ ਕਿ ਸਾਡਾ ਮਨ ਗੁਰਦੁਆਰਾ ਗੁਰੂ ਨਾਨਕਦੁਆਰਾ ਥੜ੍ਹਾ ਸਾਹਿਬ ਦੇ ਦਰਸ਼ਨ ਕਰਨ ਨੂੰ ਕੀਤਾ। ਅਸੀਂ ਬਾਗੇਸ਼ਵਰ ਜ਼ਿਲ੍ਹੇ ਵਿਚ ਪੈਂਦੇ ਇਸ ਗੁਰੂਘਰ ਵਿਖੇ ਰੁਕ ਗਏ। ਇਸ ਗੁਰਦੁਆਰੇ ਦੀ ਇਹ ਮਾਨਤਾ ਹੈ ਕਿ ਜੋ ਵੀ ਕੋਈ 40 ਦਿਨ ਇਸ ਪਵਿੱਤਰ ਅਸਥਾਨ ਅੰਦਰ ਬਣੇ ਥੜ੍ਹੇ ’ਤੇ ਜੋਤ ਜਗਾਉਂਦਾ ਹੈ, ਉਸ ਦੀ ਸੰਤਾਨ ਪ੍ਰਾਪਤੀ ਦੀ ਕਾਮਨਾ ਪੂਰੀ ਹੁੰਦੀ ਹੈ। ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਉਪਰੰਤ ਅਸੀਂ ਆਪਣੇ ਸਫ਼ਰ ਦੇ ਆਖ਼ਰੀ ਪੜਾਅ ਰੀਠਾ ਸਾਹਿਬ ਵੱਲ ਚਾਲੇ ਪਾ ਦਿੱਤੇ। ਜਿਉਂ-ਜਿਉਂ ਅਸੀਂ ਆਪਣੇ ਅੰਤਿਮ ਪੜਾਅ ਵੱਲ ਵਧ ਰਹੇ ਸੀ, ਮੌਸਮ ਦਾ ਮਿਜ਼ਾਜ ਵੀ ਬਦਲ ਰਿਹਾ ਸੀ। ਕਦੇ ਅਚਾਨਕ ਧੁੰਦ ਦਾ ਹੋ ਜਾਣਾ ਤੇ ਕਦੇ ਮੱਠੀ-ਮੱਠੀ ਧੁੱਪ ਨਾਲ ਸਤਰੰਗੀ ਪੀਂਘ ਦਾ ਬਣਨਾ ਸਫ਼ਰ ਨੂੰ ਆਨੰਦਮਈ ਬਣਾ ਰਿਹਾ ਸੀ। ਅਸੀਂ ਰੀਠਾ ਸਾਹਿਬ ਪਹੁੰਚ ਗਏ। ਇਸ ਅਸਥਾਨ ਦਾ ਸਬੰਧ ਸਿੱਧਾਂ ਦੇ ਹੰਕਾਰ ਨੂੰ ਤੋੜਨ ਲਈ ਕੌੜੇ ਰੀਠਿਆਂ ਦੇ ਮਿੱਠੇ ਰੀਠਿਆਂ ਵਿਚ ਬਦਲ ਜਾਣ ਦੀ ਅਲੌਕਿਕ ਘਟਨਾ ਨਾਲ ਹੈ। ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਛੋਟਾ ਜਿਹਾ ਬਾਜ਼ਾਰ ਹੈ ਜਿੱਥੇ ਰੀਠਿਆਂ ਦੇ ਨਾਲ ਨਾਲ ਇੱਥੋਂ ਦੇ ਇਤਿਹਾਸ ਸਬੰਧੀ ਪੁਸਤਕਾਂ ਵੀ ਉਪਲੱਬਧ ਹਨ।
ਇਸੇ ਦੌਰਾਨ ਅਸੀਂ ਵਾਪਸ ਮੁੜਨ ਬਾਰੇ ਸੋਚਣ ਲੱਗ ਪਏ। ਇਸ ਤੋਂ ਅੱਗੇ ਹੇਮਕੁੰਟ ਸਾਹਿਬ ਦਾ ਪੈਂਡਾ ਵੀ ਤੈਅ ਕੀਤਾ ਜਾ ਸਕਦਾ ਸੀ, ਪਰ ਸਾਡੀ ਉੱਥੇ ਜਾਣ ਦੀ ਯੋਜਨਾ ਨਹੀਂ ਸੀ। ਇਸ ਲਈ ਅਸੀਂ ਉੱਤਰਾਖੰਡ ਦੀ ਸੂਬੇ ਦੇ ਇਸ ਆਖ਼ਰੀ ਪੜਾਅ ਨੂੰ ਨਤਮਸਤਕ ਹੁੰਦੇ ਹੋਏ ਰਵਾਨਗੀ ਆਰੰਭ ਦਿੱਤੀ। ਵਾਪਸੀ ਸਮੇਂ ਵੱਖ-ਵੱਖ ਗੁਰਧਾਮਾਂ ਦੀ ਯਾਤਰਾ ਦੀ ਸੱਜਰੀ ਤਸਵੀਰ ਮਨ ਵਿਚ ਉੱਕਰ ਰਹੀ ਸੀ। ਉਤਸ਼ਾਹ ਤੇ ਡਰ ਨਾਲ ਸ਼ੁਰੂ ਹੋਇਆ ਮੇਰਾ ਇਹ ਸਫ਼ਰ ਹੁਣ ਸਮਾਪਤੀ ਦੇ ਕੰਢੇ ਸੀ। ਇਸ ਸਫ਼ਰ ਲਈ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝ ਰਿਹਾ ਸੀ।


Comments Off on ਉੱਤਰਾਖੰਡ ਦੇ ਗੁਰਧਾਮਾਂ ਦੀ ਯਾਤਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.