ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਉੱਚੀ ਹੋਈ ਐਮੀ ਵਿਰਕ ਦੀ ਉਡਾਰੀ

Posted On June - 15 - 2019

ਸਪਨ ਮਨਚੰਦਾ

ਪੰਜਾਬੀ ਗਾਇਕੀ ਦੇ ਖੇਤਰ ਵਿਚ ਸੱਤ ਕੁ ਸਾਲ ਪਹਿਲਾਂ ਆਇਆ ਅਲੂੰਆਂ ਜਿਹਾ ਮੁੰਡਾ ਦਿੱਗਜ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੀ ਫ਼ਿਲਮ ’ਚ ਛੋਟਾ ਜਿਹਾ ਰੋਲ ਅਦਾ ਕਰਕੇ ਅੱਜ ਵੱਡਾ ਸਟਾਰ ਬਣ ਚੁੱਕਿਆ ਹੈ। ਇਸ ਦਾ ਅੰਦਾਜ਼ਾ ਖ਼ੁਦ ਐਮੀ ਵਿਰਕ ਨੂੰ ਵੀ ਨਹੀਂ ਸੀ। ਪੰਜਾਬੀ ਦੀ ਸੁਪਰਹਿੱਟ ਫ਼ਿਲਮ ‘ਅੰਗਰੇਜ਼’ ਵਿਚ ‘ਹਾਸੀਆਂ ਖੇਡੀਆਂ’ ਕਰਨ ਵਾਲੇ ਐਮੀ ਦੀ ਮਾਸੂਮੀਅਤ, ਸਹਿਜ ਭਰਪੂਰ ਅਦਾਕਾਰੀ ਤੇ ਕਿਸਮਤ ਦਾ ਹੀ ਕਮਾਲ ਹੈ ਕਿ ਅੱਜ ਉਹ ਪੰਜਾਬੀ ਸਿਨਮਾ ਦਾ ਨਾਮੀਂ ਹੀਰੋ ਹੈ। ਹੁਣ ਤਾਂ ਉਹ ਹਿੰਦੀ ਫ਼ਿਲਮ ਇੰਡਸਟਰੀ ਵਿਚ ਵੀ ਸ਼ਮੂਲੀਅਤ ਕਰ ਚੁੱਕਾ ਹੈ। ਉਹ ਛੇਤੀ ਹੀ ਦੋ ਵੱਡੀਆਂ ਹਿੰਦੀ ਫ਼ਿਲਮਾਂ ਵਿਚ ਬੌਲੀਵੁੱਡ ਦੇ ਦਿੱਗਜ ਅਦਾਕਾਰਾਂ ਨਾਲ ਨਜ਼ਰ ਆਵੇਗਾ।
ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ਵਿਚ ਮੁੱਖ ਭੂਮਿਕਾ ਨਿਭਾ ਚੁੱਕੇ ਐਮੀ ਦਾ ਸਿਤਾਰਾ ਇਸ ਵੇਲੇ ਪੂਰਾ ਬੁਲੰਦ ਹੈ। ਇਸ ਸਾਲ ਉਸ ਦੀਆਂ ਤਿੰਨ ਵੱਡੀਆਂ ਪੰਜਾਬੀ ਫ਼ਿਲਮਾਂ ਆ ਰਹੀਆਂ ਹਨ। ਇਨ੍ਹਾਂ ’ਚੋਂ ‘ਮੁਕਲਾਵਾ’ ਪਿਛਲੇ ਮਹੀਨੇ ਰਿਲੀਜ਼ ਹੋ ਚੱੁਕੀ ਹੈ। ਨਿਰਦੇਸ਼ਕ ਸਿਮਰਜੀਤ ਸਿੰਘ ਨਾਲ ਇਹ ਉਸਦੀ ਤੀਜੀ ਫ਼ਿਲਮ ਹੈ। ਸੋਨਮ ਬਾਜਵਾ ਨਾਲ ਵੀ ਉਹ ਬਤੌਰ ਹੀਰੋ ਤੀਜੀ ਵਾਰ ਪਰਦੇ ’ਤੇ ਨਜ਼ਰ ਆਇਆ ਹੈ। ‘ਵ੍ਹਾਈਟ ਹਿੱਲ ਸਟੂਡੀਓ’ ਬੈਨਰ ਦੀ ਇਸ ਫ਼ਿਲਮ ਵਿਚ ਕਾਫ਼ੀ ਕੁਝ ਅਜਿਹਾ ਖ਼ਾਸ ਹੈ ਜੋ ਐਮੀ ਨੇ ਪਹਿਲਾਂ ਕਦੇ ਨਹੀਂ ਕੀਤਾ। ਉਹ ਕੈਮਰੇ ਅੱਗੇ ਅਸਹਿਜ ਨਹੀਂ ਦਿਖਣਾ ਚਾਹੁੰਦਾ, ਇਸ ਲਈ ਉਹ ਹਮੇਸ਼ਾਂ ਸਭ ਤੋਂ ਪਹਿਲਾਂ ਕਿਰਦਾਰ ਦੀ ਨਬਜ਼ ਫੜਦਾ ਹੈ। ਉਹ ਸੋਚ ਕੇ ਕੁਝ ਵੀ ਨਹੀਂ ਕਰਦਾ। ਜਿਸ ਪਾਸੇ ਨੂੰ ਉਸ ਦੀ ਕਿਸਮਤ ਲੈ ਕੇ ਜਾਈ ਜਾ ਰਹੀ ਹੈ, ਉਹ ਤੁਰਿਆ ਜਾ ਰਿਹਾ ਹੈ। ਐਮੀ ਦੱਸਦਾ ਹੈ ਕਿ ਉਹ 20 ਸਾਲ ਦੀ ਉਮਰ ’ਚ ਘਰੋਂ ਗਾਇਕ ਬਣਨ ਨਿਕਲਿਆ ਸੀ। ਗਾਇਕੀ ਦੇ ਖੇਤਰ ’ਚ ਉਸ ਨੂੰ ਕਾਫ਼ੀ ਮਿਹਨਤ ਕਰਨੀ ਪਈ, ਪਰ ਅਦਾਕਾਰੀ ਦੇ ਮਾਮਲੇ ’ਚ ਉਸ ਨੂੰ ਜ਼ਿਆਦਾ ਹੱਥ ਪੱਲਾ ਨਹੀਂ ਮਾਰਨਾ ਪਿਆ। ਉਸ ਨੇ ਨਾ ਹੀ ਕਦੇ ਅਦਾਕਾਰੀ ਸਿੱਖੀ ਹੈ ਅਤੇ ਨਾ ਹੀ ਉਸ ਨੇ ਇਸ ਪਾਸੇ ਆਉਣ ਬਾਰੇ ਸੋਚਿਆ ਸੀ। ਉਸਨੂੰ ਗਾਇਕ ਬਣਨ ਦਾ ਸ਼ੌਕ ਸੀ। ਦੋਸਤਾਂ ਨਾਲ ਮਿਲ ਕੇ ਇਕ ਗੀਤ ‘ਚੰਡੀਗੜ੍ਹ ਸ਼ਹਿਰ ਦੀਆਂ ਕੁੜੀਆਂ’ ਰਿਕਾਰਡ ਕਰਕੇ ਯੂ-ਟਿਊਬ ’ਤੇ ਪਾਇਆ ਸੀ। ਇਹ ਗੀਤ ਹਿੱਟ ਹੋ ਗਿਆ। ਜਲੰਧਰ ਦੀ ਇਕ ਸੰਗੀਤ ਕੰਪਨੀ ਨੇ ਇਸੇ ਗੀਤ ਦੇ ਟਾਈਟਲ ਹੇਠ ਉਸ ਦੀ ਪੂਰੀ ਐਲਬਮ ਮਾਰਕੀਟ ’ਚ ਉਤਾਰ ਦਿੱਤੀ। ਇਸ ਐਲਬਮ ਨੇ ਉਸ ਨੂੰ ਪਛਾਣ ਦਿਵਾਈ। ਇਸ ਮਗਰੋਂ 2013 ’ਚ ਆਈ ਉਸ ਦੀ ਐਲਬਮ ‘ਜੱਟਇਜ਼ਮ’ ਨੇ ਉਸ ਨੂੰ ਇਸ ਖੇਤਰ ’ਚ ਪੱਕੇ ਪੈਰੀਂ ਕਰ ਦਿੱਤਾ। ਇਸ ਮਗਰੋਂ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਗਾਇਕੀ ’ਚ ਸਫਲ ਸਥਾਪਤੀ ਤੋਂ ਬਾਅਦ ਅਚਾਨਕ ਉਸ ਨੂੰ ‘ਅੰਗਰੇਜ਼’ ਫ਼ਿਲਮ ’ਚ ਛੋਟੇ ਪਰ ਦਿਲਚਸਪ ਕਿਰਦਾਰ ਦੀ ਪੇਸ਼ਕਸ਼ ਹੋਈ। ਵੱਡੀ ਫ਼ਿਲਮ ਹੋਣ ਕਾਰਨ ਉਸ ਨੇ ਝੱਟ ਹਾਮੀਂ ਭਰ ਦਿੱਤੀ। ਇਸ ਫ਼ਿਲਮ ਨੇ ਉਸ ਦੀ ਤਕਦੀਰ ਬਦਲ ਦਿੱਤੀ। 2015 ’ਚ ਆਈ ਇਸ ਫ਼ਿਲਮ ਨੇ ਉਸ ਦੇ ਘਰ ਅੱਗੇ ਫ਼ਿਲਮ ਨਿਰਮਾਤਾ, ਨਿਰਦੇਸ਼ਕਾਂ ਦੀ ਕਤਾਰ ਲਗਾ ਦਿੱਤੀ। ਨਤੀਜਨ 2016 ’ਚ ਉਸ ਦੀਆਂ ਤਿੰਨ ਫ਼ਿਲਮਾਂ ਆਈਆਂ। 2017 ਵਿਚ ਵੀ ਤਿੰਨ ਫ਼ਿਲਮਾਂ ਰਿਲੀਜ਼ ਹੋਈਆਂ। ਪਿਛਲੇ ਸਾਲ ਉਸ ਦੀ ਫ਼ਿਲਮ ‘ਕਿਸਮਤ’ ਨੇ ਸਫਲਤਾ ਦੇ ਕਈ ਰਿਕਾਰਡ ਤੋੜੇ।
ਇਸ ਸਾਲ ਤੋਂ ਜਿੱਥੇ ਉਸਦੀ ਹਿੰਦੀ ਸਿਨਮਾ ਵਿਚ ਸ਼ੁਰੂਆਤ ਹੋ ਰਹੀ ਹੈ, ਉੱਥੇ ਹੀ ਉਸ ਦੀਆਂ ਤਿੰਨ ਪੰਜਾਬੀ ਫ਼ਿਲਮਾਂ ‘ਮੁਕਲਾਵਾ’, ‘ਨਿੱਕਾ ਜ਼ੈਲਦਾਰ-3’ ਅਤੇ ‘ਛੱਲੇ ਮੁੰਦੀਆਂ’ ਹਨ। ਇਨ੍ਹਾਂ ’ਚੋਂ ‘ਮੁਕਲਾਵਾ’ ਰਿਲੀਜ਼ ਹੋ ਚੁੱਕੀ ਹੈ। ਇਸ ਨੂੰ ਰਾਜੂ ਵਰਮਾ ਨੇ ਲਿਖਿਆ ਹੈ। ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਵੱਲੋਂ ਬਣਾਈ ਗਈ ਇਹ ਫ਼ਿਲਮ ਉਸ ਦੌਰ ਦੀ ਕਹਾਣੀ ਹੈ ਜਦੋਂ ਛੋਟੀ ਉਮਰ ਵਿਚ ਵਿਆਹ ਕਰ ਦਿੰਦੇ ਸਨ ਤੇ ਜੁਆਨ ਹੋਣ ’ਤੇ ਮੁੰਡਾ ਆਪਣੀ ਪਤਨੀ ਦਾ ਮੁਕਲਾਵਾ ਲੈਣ ਜਾਂਦਾ ਸੀ। ਇਹ ਇਸੇ ਵਿਸ਼ੇ ’ਤੇ ਆਧਾਰਿਤ ਰੁਮਾਂਟਿਕ, ਕਾਮੇਡੀ ਤੇ ਡਰਾਮਾ ਫ਼ਿਲਮ ਹੈ।
ਇਹ ਫ਼ਿਲਮ ਉਸ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਹੀ ਨਹੀਂ ਬਲਕਿ ਪੰਜਾਬੀ ਫ਼ਿਲਮਾਂ ਦੇ ਅਜੋਕੇ ਰੁਝਾਨ ਨਾਲੋਂ ਵੀ ਬਿਲਕੁਲ ਹਟਵੀਂ ਹੈ। ਉਸ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਜ਼ਿਆਦਾ ਸਮਾਂ ਫ਼ਿਲਮਾਂ ਨੂੰ ਦੇ ਰਿਹਾ ਹੈ, ਪਰ ਉਹ ਆਪਣੀ ਮੁੱਢਲੀ ਪਛਾਣ ਗਾਇਕੀ ਨਾਲੋਂ ਕਦੇ ਨਹੀਂ ਟੁੱਟੇਗਾ। ਵਕਤ ਦੇ ਨਾਲ ਨਾਲ ਉਸ ਦੀ ਸੋਚ ਅਤੇ ਕੰਮ ਕਰਨ ਦੇ ਤਰੀਕੇ ’ਚ ਤਬਦੀਲੀ ਆ ਰਹੀ ਹੈ। ਉਹ ਕਾਹਲੀ ਨਾਲੋਂ ਧੀਰਜ ਤੋਂ ਕੰਮ ਲੈਂਦਾ ਹੈ। ਇਹੀ ਕਾਰਨ ਹੈ ਕਿ ਉਸ ਦੇ ਸਰੋਤਿਆਂ ਦਾ ਦਾਇਰਾ ਵੱਡਾ ਹੁੰਦਾ ਜਾ ਰਿਹਾ ਹੈ।

ਸੰਪਰਕ: 95016-33900


Comments Off on ਉੱਚੀ ਹੋਈ ਐਮੀ ਵਿਰਕ ਦੀ ਉਡਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.