ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਉੱਘੇ ਨਾਟਕਕਾਰ ਅਤੇ ਅਦਾਕਾਰ ਗਿਰੀਸ਼ ਕਰਨਾਡ ਦਾ ਦੇਹਾਂਤ

Posted On June - 11 - 2019

ਬੰਗਲੌਰ ਵਿੱਚ ਸੋਮਵਾਰ ਨੂੰ ਅਭਿਨੇਤਾ ਅਤੇ ਫਿਲਮਸਾਜ਼ ਗਿਰੀਸ਼ ਕਰਨਾਡ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਦੇ ਹੋਏ ਲੋਕ। -ਫੋਟੋ: ਪੀਟੀਆਈ

ਬੰਗਲੌਰ, 10 ਜੂਨ
ਮੰਨੇ-ਪ੍ਰਮੰਨੇ ਨਾਟਕਕਾਰ, ਅਦਾਕਾਰ ਅਤੇ ਗਿਆਨਪੀਠ ਪੁਰਸਕਾਰ ਜੇਤੂ ਗਿਰੀਸ਼ ਕਰਨਾਡ (81) ਦਾ ਲੰਬੀ ਬਿਮਾਰੀ ਮਗਰੋਂ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਕਰੀਬ ਪੰਜ ਦਹਾਕਿਆਂ ਤਕ ਉਨ੍ਹਾਂ ਸਾਹਿਤ, ਥੀਏਟਰ ਅਤੇ ਸਿਨੇਮਾ ’ਚ ਆਪਣੀ ਛਾਪ ਛੱਡੀ। ਕਈ ਵਿਵਾਦਤ ਮੁੱਦਿਆਂ ’ਤੇ ਬੇਬਾਕੀ ਨਾਲ ਆਪਣੀ ਗੱਲ ਕਹਿਣ ਵਾਲੇ ਸ੍ਰੀ ਕਰਨਾਡ ਦੇ ਪਰਿਵਾਰ ’ਚ ਪਤਨੀ ਸਰਸਵਤੀ, ਪੁੱਤਰ ਰਘੂ ਕਰਨਾਡ (ਪੱਤਰਕਾਰ ਅਤੇ ਲੇਖਕ) ਅਤੇ ਧੀ ਰਾਧਾ ਹਨ। ਰਘੂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਫੇਫੜਿਆਂ ਨਾਲ ਸਬੰਧਤ ਬਿਮਾਰੀ ਤੋਂ ਪੀੜਤ ਸਨ ਅਤੇ ਸਵੇਰ ਵੇਲੇ ਨੀਂਦ ’ਚ ਹੀ ਉਹ ਦੁਨੀਆ ਤੋਂ ਰੁਖ਼ਸਤ ਹੋ ਗਏ। ਪਦਮਸ੍ਰੀ ਅਤੇ ਪਦਮ ਭੂਸ਼ਨ ਗਿਰੀਸ਼ ਕਰਨਾਡ ਮੌਜੂਦਾ ਸਮੇਂ ਦੇ ਉੱਘੇ ਸਾਹਿਤਕਾਰਾਂ ’ਚ ਸ਼ੁਮਾਰ ਸਨ ਜਿਨ੍ਹਾਂ ਆਪਣੀ ਭਾਸ਼ਾ ਕੰਨੜ ’ਚ ਮੌਲਿਕ ਰਚਨਾਵਾਂ ਰਾਹੀਂ ਭਾਰਤੀ ਸਾਹਿਤ ਨੂੰ ਅਮੀਰ ਬਣਾਇਆ। ਉਨ੍ਹਾਂ ਦੇ ਨਾਟਕਾਂ ‘ਯਯਾਤੀ’, ‘ਤੁਗਲਕ’ ਅਤੇ ‘ਨਾਗਮੰਡਲ’ ਨੇ ਦੇਸ਼-ਵਿਦੇਸ਼ ’ਚ ਨਾਮਣਾ ਖੱਟਿਆ ਜਿਨ੍ਹਾਂ ਦਾ ਤਰਜਮਾ ਕੰਨੜ ਤੋਂ ਅਗਰੇਜ਼ੀ ਅਤੇ ਹੋਰ ਭਾਰਤੀ ਭਾਸ਼ਾਵਾਂ ’ਚ ਵੀ ਕੀਤਾ ਗਿਆ। ਸ੍ਰੀ ਕਰਨਾਡ ਕੰਨੜ ਅਤੇ ਹਿੰਦੀ ਸਿਨਮਾ ਦਾ ਵੀ ਜਾਣਿਆ-ਪਛਾਣਿਆ ਚਿਹਰਾ ਸਨ ਜਿਨ੍ਹਾਂ ‘ਸੰਸਕਾਰ’, ‘ਨਿਸ਼ਾਂਤ’, ‘ਮੰਥਨ’, ‘ਟਾਈਗਰ ਜ਼ਿੰਦਾ ਹੈ’ ਅਤੇ ‘ਸ਼ਿਵਾਏ’ ’ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਏ ਸਨ। ਉਨ੍ਹਾਂ ਮਾਲਗੁੜੀ ਡੇਜ਼ ’ਚ ਸਵਾਮੀ ਅਤੇ ਇੰਦਰਧਨੁਸ਼ ’ਚ ਅੱਪੂ ਦੇ ਪਿਤਾ ਦੀ ਯਾਦਗਾਰ ਭੂਮਿਕਾ ਨਿਭਾਈ ਸੀ। ਉਨ੍ਹਾਂ ਦੂਰਦਰਸ਼ਨ ’ਤੇ ਮਸ਼ਹੂਰ ਸਾਇੰਸ ਪ੍ਰੋਗਰਾਮ ‘ਟਰਨਿੰਗ ਪੁਆਇੰਟ’ ਦੀ ਮੇਜ਼ਬਾਨੀ ਵੀ ਕੀਤੀ ਸੀ। ਉਨਾਂ ਦਾ ਦੁਪਹਿਰ ਸਮੇਂ ਕਾਲਪਾਲੀ ਇਲੈਕਟ੍ਰਿਕ ਸ਼ਮਸ਼ਾਨਘਾਟ ’ਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰ ਨੇ ਸ੍ਰੀ ਕਰਨਾਡ ਦੀ ਇੱਛਾ ਦਾ ਸਤਿਕਾਰ ਕਰਦਿਆਂ ਕੋਈ ਵੀ ਧਾਰਮਿਕ ਰਸਮ ਨਹੀਂ ਕੀਤੀ ਅਤੇ ਸਰਕਾਰੀ ਸਨਮਾਨ ਨਾਲ ਸਸਕਾਰ ਕਰਨ ਦੇ ਐਲਾਨ ਨੂੰ ਠੁਕਰਾ ਦਿੱਤਾ। ਕਰਨਾਟਕ ਸਰਕਾਰ ਨੇ ਸੋਮਵਾਰ ਨੂੰ ਛੁੱਟੀ ਦਾ ਐਲਾਨ ਕਰਦਿਆਂ ਸੂਬੇ ’ਚ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਸਮੇਤ ਕਈ ਸਿਆਸੀ ਅਤੇ ਫਿਲਮੀ ਹਸਤੀਆਂ ਨੇ ਗਿਰੀਸ਼ ਕਰਨਾਡ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਅਦਾਕਾਰ ਕਮਲ ਹਾਸਨ, ਸਾਹਿਤ ਅਕਾਦਮੀ ਦੇ ਪ੍ਰਧਾਨ ਚੰਦਰਸ਼ੇਖਰ ਕਾਂਬਰ ਤੇ ਹੋਰਾਂ ਨੇ ਵੀ ਦੁਖ ਪ੍ਰਗਟਾਇਆ ਹੈ। ਉਨ੍ਹਾਂ ਗੌਰੀ ਲੰਕੇਸ਼ ਦੀ ਹੱਤਿਆ ਦਾ ਵਿਰੋਧ ਕਰਦਿਆਂ ਪ੍ਰਦਰਸ਼ਨਾਂ ’ਚ ਹਿੱਸਾ ਲਿਆ ਸੀ। ਫਿਲਮੀ ਹਸਤੀਆਂ ਲਤਾ ਮੰਗੇਸ਼ਕਰ, ਸ਼ਿਆਮ ਬੈਨੇਗਲ, ਨਸੀਰੂਦੀਨ ਸ਼ਾਹ, ਸ਼ਬਾਨਾ ਆਜ਼ਮੀ, ਦੀਪਾ ਮਹਿਤਾ, ਨੰਦਿਤਾ ਦਾਸ, ਅਲੀ ਅੱਬਾਸ ਜ਼ਫ਼ਰ, ਅਨਿਲ ਕਪੂਰ, ਪ੍ਰਭੂ ਦੇਵਾ, ਵਰੁਣ ਗਰੋਵਰ, ਅਮਿਤਾਵ ਘੋਸ਼ ਸਮੇਤ ਕਈ ਹੋਰਾਂ ਨੇ ਵੀ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ।

-ਪੀਟੀਆਈ

ਬੇਬਾਕ ਰਾਏ ਰੱਖਣ ਲਈ ਸਨ ਮਸ਼ਹੂਰ

ਬਿਨਾਂ ਕਿਸੇ ਲਾਗ-ਲਪੇਟ ਦੇ ਆਪਣੀ ਗੱਲ ਆਖਣ ਵਾਲੇ ਗਿਰੀਸ਼ ਕਰਨਾਰਡ ਅਕਸਰ ਸੁਰਖੀਆਂ ’ਚ ਵੀ ਰਹਿੰਦੇ ਸਨ। ਲੋਕ ਸਭਾ ਚੋਣਾਂ ਤੋਂ ਪਹਿਲਾਂ 600 ਥੀਏਟਰ ਹਸਤੀਆਂ ’ਚ ਉਹ ਵੀ ਸ਼ਾਮਲ ਸਨ ਜਿਨ੍ਹਾਂ ਪੱਤਰ ’ਤੇ ਦਸਤਖ਼ਤ ਕਰਕੇ ਲੋਕਾਂ ਨੂੰ ਕਿਹਾ ਸੀ ਕਿ ਉਹ ਭਾਜਪਾ ਅਤੇ ਉਸ ਦੇ ਭਾਈਵਾਲਾਂ ਨੂੰ ਵੋਟ ਨਾ ਪਾਉਣ। ਨੋਬੇਲ ਪੁਰਸਕਾਰ ਜੇਤੂ ਵੀ ਐਸ ਨਾਇਪਾਲ ਵੱਲੋਂ ਭਾਰਤ ’ਚ ਮੁਸਲਮਾਨਾਂ ਬਾਰੇ ਦਿੱਤੇ ਵਿਵਾਦਤ ਬਿਆਨ ਦੀ ਉਨ੍ਹਾਂ ਨੁਕਤਾਚੀਨੀ ਕਰਦਿਆਂ ਕਿਹਾ ਸੀ ਕਿ ਲੇਖਕ ਨੂੰ ਮੁਸਲਮਾਨ ਭਾਈਚਾਰੇ ਵੱਲੋਂ ਦੇਸ਼ ਦੇ ਇਤਿਹਾਸ ’ਚ ਪਾਏ ਗਏ ਯੋਗਦਾਨ ਦੀ ਕੋਈ ਸਮਝ ਨਹੀਂ ਹੈ। ਉਹ ਹਿੰਦੂ ਜਥੇਬੰਦੀਆਂ ਦੀ ਹਿੱਟ ਲਿਸਟ ’ਚ ਸਨ।

ਕਰਨਾਟਕ ਕੈਬਨਿਟ ਦਾ ਵਿਸਤਾਰ ਅੱਗੇ ਪਿਆ

ਬੰਗਲੌਰ: ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਦੀ ਅਗਵਾਈ ਵਾਲੀ ਕਰਨਾਟਕ ਦੀ ਗੱਠਜੋੜ ਸਰਕਾਰ ਨੇ ਲੰਮੇਂ ਸਮੇਂ ਤੋਂ ਉਡੀਕਿਆ ਜਾ ਰਿਹਾ ਕੈਬਨਿਟ ਦਾ ਵਿਸਤਾਰ ਗਿਰੀਸ਼ ਕਰਨਾਡ ਦੀ ਅਚਾਨਕ ਮੌਤ ਹੋਣ ਕਾਰਨ ਅੱਗੇ ਪਾ ਦਿੱਤਾ ਹੈ। 12 ਜੂਨ ਨੂੰ ਹੋਣ ਵਾਲਾ ਕੈਬਨਿਟ ਵਿਸਤਾਰ ਹੁਣ 14 ਜੂਨ ਨੂੰ ਹੋਵੇਗਾ।

-ਪੀਟੀਆਈ


Comments Off on ਉੱਘੇ ਨਾਟਕਕਾਰ ਅਤੇ ਅਦਾਕਾਰ ਗਿਰੀਸ਼ ਕਰਨਾਡ ਦਾ ਦੇਹਾਂਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.