ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਉੱਘਾ ਭੰਗੜਚੀ ਤੇ ਕੋਰੀਓਗ੍ਰਾਫਰ ਪੀਟਰ ਸੋਢੀ

Posted On June - 29 - 2019

ਉਜਾਗਰ ਸਿੰਘ
ਪੰਜ ਸਾਲ ਦੀ ਉਮਰ ਵਿਚ ਜਦੋਂ ਬੱਚੇ ਨੂੰ ਅਜੇ ਕਿਸੇ ਲੋਕ ਨਾਚ ਦੀ ਸੋਝੀ ਹੀ ਨਹੀਂ ਹੁੰਦੀ ਤਾਂ ਭੰਗੜੇ ਦੀ ਤਾਲ ਨੇ ਬੱਚੇ ਦੀ ਮਾਸੂਮੀਅਤ ਨੂੰ ਅਜਿਹਾ ਪ੍ਰਭਾਵਿਤ ਕੀਤਾ ਕਿ ਭੰਗੜਾ ਹੀ ਉਸਦੇ ਜੀਵਨ ਦਾ ਮਨੋਰਥ ਬਣ ਗਿਆ। ਵਿਆਹਾਂ ਅਤੇ ਹੋਰ ਪਰਿਵਾਰਕ ਤੇ ਸਮਾਜਿਕ ਸਮਾਗਮਾਂ ਵਿਚ ਜਦੋਂ ਗਿੱਧਾ ਤੇ ਭੰਗੜਾ ਪੈਣਾ ਤਾਂ ਉਸਦੀ ਮਾਸੂਮੀਅਤ ਦੀ ਕਲਾ ਦਾ ਪ੍ਰਗਟਾਵਾ ਹਰ ਵਿਅਕਤੀ ਨੂੰ ਮੋਹ ਲੈਂਦਾ ਸੀ। ਉਹ ਬੱਚਾ ਵੱਡਾ ਹੋ ਕੇ ਪੀਟਰ ਸੋਢੀ ਉਰਫ਼ ਪ੍ਰਿਤਪਾਲ ਸਿੰਘ ਸੋਢੀ ਦੇ ਨਾਂ ਨਾਲ ਜਾਣਿਆ ਗਿਆ। ਉਦੋਂ ਉਸਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਦੇਸ਼ ਵਿਦੇਸ਼ ਵਿਚ ਭੰਗੜੇ ਦਾ ਉਸਤਾਦ ਬਣਕੇ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ ਬਣੇਗਾ। ਜਾਣੇ ਅਣਜਾਣੇ ਹੀ ਸਮਾਜਿਕ ਤੇ ਸੱਭਿਆਚਾਰਕ ਸਮਾਗਮ ਉਸ ਬੱਚੇ ਦੇ ਰਿਆਜ਼ ਕਰਨ ਦਾ ਸਾਧਨ ਬਣਦੇ ਰਹੇ। ਉਸਦੀ ਮਾਸੂਮੀਅਤ ਨੂੰ ਪਤਾ ਹੀ ਨਾ ਲੱਗਿਆ ਜਦੋਂ ਉਹ ਭੰਗੜੇ ਦਾ ਮਾਹਿਰ ਬਣ ਗਿਆ। ਉਸਦੀ ਸ਼ਮੂਲੀਅਤ ਤੋਂ ਬਿਨਾਂ ਸਕੂਲ ਦਾ ਕੋਈ ਵੀ ਸਮਾਗਮ ਨੇਪਰੇ ਨਹੀਂ ਚੜ੍ਹਦਾ ਸੀ।
ਸਾਲ 1956-57 ਵਿਚ ਪਟਿਆਲਾ ਰਹਿੰਦਿਆਂ ਉਸਨੂੰ ਆਪਣੇ ਗੁਆਂਢੀ ਭਗਵੰਤ ਸਿੰਘ ਮਾਨ ਤੋਂ ਭੰਗੜੇ ਦੀ ਚੇਟਕ ਲੱਗੀ। ਉਸਨੇ ਫਿਰ ਪਿੱਛੇ ਮੁੜਕੇ ਨਹੀਂ ਵੇਖਿਆ। ਫਿਰ ਉਸਦੇ ਪਿਤਾ ਦੀ ਬਦਲੀ ਚੰਡੀਗੜ੍ਹ ਹੋ ਗਈ। ਇੱਥੇ ਹਾਇਰ ਸੈਕੰਡਰੀ ਸਕੂਲ, ਸੈਕਟਰ-19 ਵਿਚ ਪੜ੍ਹਦਿਆਂ ਉਸਨੇ ਭੰਗੜਾ ਟੀਮ ਦਾ ਹਿੱਸਾ ਬਣ ਕੇ ਆਪਣੀ ਕਲਾ ਦੇ ਜ਼ੌਹਰ ਵਿਖਾਏ, ਜਿਸ ਕਰਕੇ ਅਧਿਆਪਕਾਂ ਨੇ ਉਸਨੂੰ ਉਤਸ਼ਾਹਿਤ ਕੀਤਾ ਅਤੇ ਉਸਦੀ ਕਲਾ ਨਿਖਾਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ।
ਜਦੋਂ ਉਹ ਕਾਲਜ ਵਿਚ ਗਿਆ ਤਾਂ ਪ੍ਰੋਫੈਸਰ ਸਰੂਪ ਸਿੰਘ ਅਤੇ ਲਾਭ ਸਿੰਘ ਕੁਕਰਾਲੀ ਨੇ ਉਸਦੀ ਕਲਾ ਦੀ ਪਛਾਣ ਕਰਕੇ ਉਸਨੂੰ ਤਰਾਸ਼ਿਆ ਅਤੇ ਉਸਨੂੰ ਭੰਗੜੇ ਦੇ ਤਕਨੀਕੀ ਗੁਰ ਦਿੱਤੇ। ਉਹ ਕਈ ਘੰਟੇ ਉਸਦੀ ਪ੍ਰੈਕਟਿਸ ਕਰਾਉਂਦੇ। ਉਸਨੂੰ ਭੰਗੜੇ ਦੀ ਅਜਿਹੀ ਚੇਟਕ ਲੱਗੀ ਕਿ ਉਹ ਆਪਣੀ ਪੜ੍ਹਾਈ ਵੀ ਮੁਕੰਮਲ ਨਹੀਂ ਕਰ ਸਕਿਆ।
ਅਜਿਹੇ ਮੌਕੇ ਉਸਦਾ ਮੇਲ ਥੀਏਟਰ ਵਾਲੇ ਸਰਦਾਰ ਭਾਗ ਸਿੰਘ ਅਤੇ ਲਾਜ ਬੇਦੀ ਨਾਲ ਹੋਇਆ। ਉਸਨੇ 16 ਸਾਲ ਤਕ ਉਨ੍ਹਾਂ ਨਾਲ ਕੰਮ ਕੀਤਾ। 1987 ਵਿਚ ਉਸਨੇ ਆਪਣੀ ਕਲਾ ਨੂੰ ਲੋਕਾਂ ਦੇ ਕਟਹਿਰੇ ਵਿਚ ਲੈ ਕੇ ਜਾਣ ਲਈ ਰਿਜਨਲ ਡਿਵੈਲਪਮੈਂਟ ਕਲਚਰਲ ਐਸੋਸੀਏਸ਼ਨ ਦੇ ਬੈਨਰ ਹੇਠ ‘ਨਿਊ ਥੀਏਟਰ’ ਗਰੁੱਪ ਰਜਿਸਟਰਡ ਕਰਵਾ ਲਿਆ ਅਤੇ ਖ਼ੁਦ ਇਸਦਾ ਡਾਇਰੈਕਟਰ ਬਣਿਆ। ਇਸ ਰਾਹੀਂ ਉਸਨੇ ਪੰਜਾਬੀ ਅਕਾਡਮੀ ਦਿੱਲੀ, ਲੋਕ ਸੰਪਰਕ ਵਿਭਾਗ, ਪੰਜਾਬ ਤੇ ਚੰਡੀਗੜ੍ਹ, ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ, ਨਾਰਥ ਜ਼ੋਨ ਕਲਚਰ ਸੈਂਟਰ ਅਤੇ ਸਾਂਗ ਤੇ ਡਰਾਮਾ ਡਵੀਜ਼ਨ, ਭਾਰਤ ਸਰਕਾਰ ਵੱਲੋਂ ਕਰਵਾਏ ਸੱਭਿਆਚਾਰਕ ਪ੍ਰੋਗਰਾਮਾਂ, ਨਾਟਕ ਉਤਸਵਾਂ ਅਤੇ ਦੇਸ਼ ਦੇ ਦੂਰ ਦੁਰਾਡੇ ਹਿੱਸਿਆਂ ਵਿਚ ਭੰਗੜਾ ਅਤੇ ਕੋਰੀਓਗ੍ਰਾਫੀ ਦੇ ਹਜ਼ਾਰਾਂ ਪ੍ਰੋਗਰਾਮ ਕੀਤੇ। ਉਸ ਵੱਲੋਂ ਤਿਆਰ ਕੀਤੀ ‘ਹੀਰ ਰਾਂਝਾ’ ਅਤੇ ‘ਸੱਸੀ ਪੁਨੂੰ’ ਦੀ ਕੋਰੀਓਗ੍ਰਾਫੀ ਦਰਸ਼ਕਾਂ ਨੂੰ ਮੋਹ ਲੈਂਦੀ ਸੀ। ਇਨ੍ਹਾਂ ਸਮਾਗਮਾਂ ਵਿਚ ਉਸਨੇ ਅਨੇਕਾਂ ਇਨਾਮ ਜਿੱਤੇ। ਦੇਸ਼ ਦੀਆਂ ਸਰਹੱਦਾਂ ’ਤੇ ਫ਼ੌਜੀ ਭਰਾਵਾਂ ਦੇ ਮਨੋਰੰਜਨ ਲਈ ਪ੍ਰੋਗਰਾਮ ਕੀਤੇ। ਉਹ ਆਪਣੇ ਘਰ ਵਿਚ ਹੀ ਰਿਆਜ਼ ਕਰਦਾ ਰਹਿੰਦਾ ਸੀ ਜਿਹੜਾ ਉਸਨੂੰ ਕੋਰੀਓਗ੍ਰਾਫਰ ਬਣਾਉਣ ਲਈ ਸਹਾਈ ਹੋਇਆ। ਇਸਦੀ ਬਦੌਲਤ ਉਸਨੇ ਅੱਧੀ ਸਦੀ ਤਕ ਪੇਸ਼ਕਾਰੀ ਦਿੱਤੀ। ਉਹ ਭੰਗੜਾ ਵਰਕਸ਼ਾਪਾਂ ਅਤੇ ਟਾਕ ਸ਼ੋਅ ਵੀ ਕਰਾਉਂਦਾ ਰਿਹਾ। ਉਸ ਵੱਲੋਂ ਲਗਾਈ ਗਈ ‘ਬਾਜ਼ੀਗਰ-ਬਾਜ਼ੀਗਰਨੀ’ ਵਰਕਸ਼ਾਪ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਰਹੀ ਜਿਸ ਵਿਚ 45 ਉੱਚ ਕੋਟੀ ਦੇ ਡਾਇਰੈਕਟਰਾਂ ਨੇ ਹਿੱਸਾ ਲਿਆ। ਇਹ ਵਰਕਸ਼ਾਪ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ 3 ਮਹੀਨੇ ਚੱਲਦੀ ਰਹੀ। ਉਸਨੇ ਕੈਨੇਡਾ ਅਤੇ ਇੰਗਲੈਂਡ ਵਿਚ ਵੀ ਪ੍ਰੋਗਰਾਮ ਕੀਤੇ। ਇਸ ਤੋਂ ਇਲਾਵਾ ਗਣਤੰਤਰ ਦਿਵਸ ਦੇ ਪ੍ਰੋਗਰਾਮ ਦੌਰਾਨ ਦਿੱਲੀ ਵਿਖੇ 5 ਵਾਰ ਪੇਸ਼ਕਾਰੀ ਦਿੱਤੀ। 1982 ਦੀਆਂ ਏਸ਼ੀਅਨ ਖੇਡਾਂ ਵਿਚ ਵੀ ਪੇਸ਼ਕਾਰੀ ਦਿੱਤੀ।
ਅੱਧੀ ਸਦੀ ਤਕ ਉਹ ਭੰਗੜੇ ਦੀ ਦੁਨੀਆਂ ਵਿਚ ਛਾਇਆ ਰਿਹਾ। ਹੁਣ ਵਡੇਰੀ ਉਮਰ ਹੋਣ ਦੇ ਬਾਵਜੂਦ ਉਹ ਸਟੇਜ ’ਤੇ ਟਟੀਹਰੀ ਦੀ ਤਰ੍ਹਾਂ ਟੱਪਦਾ ਰਹਿੰਦਾ ਹੈ। ਉਸਨੇ ਚਮਨ ਲਾਲ ਰਾਣਾ, ਮਨੋਹਰ ਦੀਪਕ, ਬਲਬੀਰ ਸੇਖੋਂ ਤੇ ਮਹਿੰਦਰ ਸਿੰਘ ਡੰਗੋਰੀ ਨਾਲ ਭੰਗੜੇ ਦੀ ਟੀਮ ਵਿਚ ਵੀ ਕੰਮ ਕੀਤਾ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਨੂੰ ਭੰਗੜੇ ਦੀ ਸਿੱਖਿਆ ਦੇਣੀ, ਉਸਦਾ ਇਸ ਖੇਤਰ ਵਿਚ ਵੱਡਾ ਯੋਗਦਾਨ ਹੈ। ਉਹ ਪ੍ਰੋਫੈਸ਼ਨਲ ਮੈਡੀਕਲ, ਇੰਜਨਿਅਰਿੰਗ ਅਤੇ ਹੋਰ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਮਹੱਤਵਪੂਰਨ ਕਾਰਜ ਕਰਦਾ ਰਹਿੰਦਾ ਹੈ। ਉਸ ਦੀ ਟੀਮ ਨਾਲ ਉੱਚ ਕੋਟੀ ਦੇ ਢੋਲੀ ਢੋਲ ਵਜਾਉਂਦੇ ਰਹੇ ਜਿਨ੍ਹਾਂ ਵਿਚ ਭਾਨਾ ਰਾਮ ਸੁਨਾਮੀ, ਬੂਟੀ ਰਾਮ, ਗ਼ਰੀਬ ਦਾਸ, ਸੋਹਨ ਲਾਲ ਮੁੰਦਰੀ, ਦੁਰਗਾ ਅਤੇ ਦੇਵ ਰਾਜ ਸ਼ਾਮਲ ਹਨ। ਉਸਨੂੰ ‘ਕਾਮਜ਼ ਕ੍ਰਿਏਸ਼ਨ’ ਨੇ ਪੰਜਾਬੀ ਸੱਭਿਆਚਾਰ ਵਿਚ ਵਿਲੱਖਣ ਯੋਗਦਾਨ ਪਾਉਣ ਕਰਕੇ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦੇ ਕੇ ਸਨਮਾਨਤ ਕੀਤਾ। ਇਸੇ ਤਰ੍ਹਾਂ ਬੀ.ਬੀ.ਸੀ., ਭੰਗੜਾ ਕੈਨੇਡਾ ਅਤੇ ਸ਼ਾਨੇ ਪੰਜਾਬ ਆਰਟਸ ਸਰੀ, ਵੈਨਕੂਵਰ, ਗੁਰਦੀਪ ਭੁੱਲਰ ਅਕਾਦਮੀ ਅਤੇ ਪੰਜਾਬ ਰੇਡੀਓ ਵੱਲੋਂ ਵੀ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ।
ਸੰਪਰਕ: 94178-13072


Comments Off on ਉੱਘਾ ਭੰਗੜਚੀ ਤੇ ਕੋਰੀਓਗ੍ਰਾਫਰ ਪੀਟਰ ਸੋਢੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.