ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਈਦ-ਉਲ-ਫ਼ਿਤਰ ਦਾ ਤਿਓਹਾਰ

Posted On June - 5 - 2019

‘ਈਦ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਖ਼ੁਸ਼ੀ ਜਾਂ ਜਸ਼ਨ ਹੈ। ‘ਫ਼ਿਤਰ’ ਦਾ ਅਰਥ ਰੋਜ਼ਾ ਖੋਲ੍ਹਣਾ ਹੈ। ਇਸ ਦੇ ਸਮੁੱਚੇ ਅਰਥ ਰਮਜ਼ਾਨ ਦਾ ਮਹੀਨਾ ਖ਼ਤਮ ਹੋਣ ਤੋਂ ਬਾਅਦ ਮਨਾਈ ਜਾਣ ਵਾਲੀ ਖ਼ੁਸ਼ੀ ਤੋਂ ਲਏ ਜਾਂਦੇ ਹਨ। ਇਹ ਦੇਸੀ ਕੈਲੰਡਰ ਅਨੁਸਾਰ ਇਸਲਾਮ ਦੇ ਦਸਵੇਂ ਮਹੀਨੇ, ਜਿਸ ਨੂੰ ਸ਼ਿਵਾਲ ਕਿਹਾ ਜਾਂਦਾ ਹੈ, ਦੀ ਪਹਿਲੀ ਤਾਰੀਖ਼ ਨੂੰ ਮਨਾਈ ਜਾਂਦੀ ਹੈ। ਇਸ ਦਿਨ ਤੋਂ ਬਾਅਦ ਰੋਜ਼ੇ ਰੱਖਣ ਦਾ ਸਿਲਸਲਾ ਖ਼ਤਮ ਹੋ ਜਾਂਦਾ ਹੈ। ਇਸਲਾਮ ਅਨੁਸਾਰ ਇਸ ਦਿਨ ਰੱਬ ਵੱਲੋਂ ਰਮਜ਼ਾਨ ਦੀ ਪਾਬੰਦੀ ਕਰਨ ਭਾਵ ਰੋਜ਼ੇ ਰੱਖਣ ਅਤੇ ਤਰਾਵੀਆਂ ਪੜ੍ਹਨ ਵਾਲੇ ਮੁਸਲਮਾਨਾਂ ਨੂੰ ਸਵਾਬ ਦੀ ਸੂਰਤ ਵਿਚ ਇਨਾਮ ਦਿੱਤਾ ਜਾਂਦਾ ਹੈ।
ਇਸਲਾਮ ਵਿਚ ਹਰ ਸਾਲ ਦੋ ਈਦਾਂ ਮਨਾਈਆਂ ਜਾਂਦੀਆਂ ਹਨ, ਜਿਨ੍ਹਾਂ ਦੇ ਨਾਂ ‘ਈਦ-ਉਲ-ਫ਼ਿਤਰ’ ਅਤੇ ‘ਈਦ-ਉਲ-ਅਜ਼ਹਾ’ ਹਨ। ਈਦ-ਉਲ-ਫ਼ਿਤਰ ਇਕ ਦਿਨ ਮਨਾਈ ਜਾਂਦੀ ਹੈ, ਇਸ ਲਈ ਇਸ ਨੂੰ ਛੋਟੀ ਈਦ ਵੀ ਕਿਹਾ ਜਾਂਦਾ ਹੈ, ਜਦੋਂ ਕਿ ਈਦ-ਉਲ-ਅਜ਼ਹਾ ਤਿੰਨ ਦਿਨ ਮਨਾਈ ਜਾਂਦੀ ਹੈ, ਜਿਸ ਕਾਰਨ ਉਸ ਨੂੰ ਵੱਡੀ ਈਦ ਕਿਹਾ ਜਾਂਦਾ ਹੈ। ਕੁਰਆਨ ਸ਼ਰੀਫ਼ ਵਿਚ ਸੂਰਤ ਅਲਬਕਰ ਦੀ 185ਵੀਂ ਆਇਤ ਅਨੁਸਾਰ ਰੱਬ ਵੱਲੋਂ ਹਰ ਤੰਦਰੁਸਤ ਮੁਸਲਮਾਨ ’ਤੇ ਰਮਜ਼ਾਨ ਦੇ ਮਹੀਨੇ ਦੇ ਤੀਹ ਰੋਜ਼ੇ ਫ਼ਰਜ਼ ਕੀਤੇ ਗਏ ਹਨ, ਇਸ ਲਈ ਰੋਜ਼ੇ ਪੂਰੇ ਕਰਨ ਤੋਂ ਬਾਅਦ ਈਦ ਦੀ ਖ਼ੁਸ਼ੀ ਮਨਾਈ ਜਾਂਦੀ ਹੈ। ਕੁਰਆਨ ਸ਼ਰੀਫ਼ ਵੀ ਇਸੇ ਮਹੀਨੇ ਰੱਬ ਵੱਲੋਂ ਹਜ਼ਰਤ ਮੁਹੰਮਦ (ਸਲ.) ਕੋਲ ਉਤਾਰਿਆ ਗਿਆ ਸੀ, ਇਸ ਲਈ ਇਸ ਮਹੀਨੇ ਤਰਾਵੀਆਂ ਵਿਚ, ਮਸਜਿਦਾਂ ਅਤੇ ਘਰਾਂ ਵਿਚ ਕੁਰਆਨ ਸ਼ਰੀਫ਼ ਦੀ ਖ਼ੂਬ ਤਿਲਾਵਤ ਕੀਤੀ ਜਾਂਦੀ ਹੈ।
ਈਦ ਦੀ ਨਮਾਜ਼ ਪੜ੍ਹਨ ਦਾ ਤਰੀਕਾ ਦੂਜੀਆਂ ਨਮਾਜ਼ਾਂ ਤੋਂ ਕੁਝ ਵੱਖਰਾ ਹੁੰਦਾ ਹੈ। ਹਰ ਰੋਜ਼ ਪੜ੍ਹੀਆਂ ਜਾਣ ਵਾਲੀਆਂ ਨਮਾਜ਼ਾਂ ਤੋਂ ਪਹਿਲਾਂ ਅਜ਼ਾਨ ਦਿੱਤੀ ਜਾਂਦੀ ਹੈ ਪਰ ਈਦ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਅਜ਼ਾਨ ਨਹੀਂ ਦਿੱਤੀ ਜਾਂਦੀ। ਈਦ ਦੀਆਂ ਸਿਰਫ਼ ਦੋ ਰਕਾਤਾਂ ਹੁੰਦੀਆਂ ਹਨ, ਜਿਨ੍ਹਾਂ ਵਿਚ ਛੇ ਤਕਬੀਰਾਂ ਵਾਧੂ ਹੁੰਦੀਆਂ ਹਨ, ਜਿਹੜੀਆਂ ਦੂਜੀਆਂ ਨਮਾਜ਼ਾਂ ਵਿਚ ਨਹੀਂ ਪੜ੍ਹੀਆਂ ਜਾਂਦੀਆਂ। ਈਦ ਦੀ ਨਮਾਜ਼ ਤੋਂ ਬਾਅਦ ਜੁਮੇ ਦੀ ਨਮਾਜ਼ ਵਾਂਗ ਖ਼ੁਤਬਾ ਪੜ੍ਹਿਆ ਜਾਂਦਾ ਹੈ ਪਰ ਜੁਮੇ ਦੀ ਨਮਾਜ਼ ਵਿਚ ਪੜ੍ਹਿਆ ਜਾਣ ਵਾਲਾ ਖ਼ੁਤਬਾ ਨਮਾਜ਼ ਪੜ੍ਹਨ ਤੋਂ ਪਹਿਲਾਂ ਪੜ੍ਹਿਆ ਜਾਂਦਾ ਹੈ ਅਤੇ ਈਦ ਦੀ ਨਮਾਜ਼ ਵਿਚ ਪੜ੍ਹਿਆ ਜਾਣ ਵਾਲਾ ਖ਼ੁਤਬਾ ਨਮਾਜ਼ ਪੜ੍ਹਨ ਤੋਂ ਬਾਅਦ ਪੜ੍ਹਿਆ ਜਾਂਦਾ ਹੈ। ਈਦ ਦੀ ਨਮਾਜ਼ ਤੋਂ ਬਾਅਦ ਪੜ੍ਹੇ ਜਾਣ ਵਾਲੇ ਖ਼ੁਤਬੇ ਤੋਂ ਬਾਅਦ ਦੁਆ ਮੰਗੀ ਜਾਂਦੀ ਹੈ, ਜਿਸ ਵਿਚ ਰਮਜ਼ਾਨ ਦੇ ਮਹੀਨੇ ਵਿਚ ਰੱਬ ਵੱਲੋਂ ਲਾਗੂ ਕੀਤੇ ਫ਼ਰਜ਼ਾਂ ਨੂੰ ਨਿਭਾਉਣ ਦੀ ਤੌਫ਼ੀਕ ਦੇਣ ਬਦਲੇ ਉਸ ਦਾ ਸ਼ੁਕਰੀਆ ਅਦਾ ਕੀਤਾ ਜਾਂਦਾ ਹੈ। ਆਪਣੀਆਂ ਗ਼ਲਤੀਆਂ ਲਈ ਮਾਫ਼ੀ ਮੰਗਣ ਦੇ ਨਾਲ ਨਾਲ ਉਸ ਤੋਂ ਪੂਰੇ ਸੰਸਾਰ ਵਿਚ ਵਸਦੀ ਇਨਸਾਨੀਅਤ ’ਤੇ ਰਹਿਮ ਕਰਨ ਅਤੇ ਸ਼ਾਂਤੀ ਰੱਖਣ ਦੀ ਦੁਆ ਮੰਗੀ ਜਾਂਦੀ ਹੈ।

ਨੂਰ ਮੁਹੰਮਦ ਨੂਰ

ਈਦ ਪੜ੍ਹਨ ਦਾ ਸਮਾਂ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਦੁਪਹਿਰ ਤੱਕ ਕਿਸੇ ਵੀ ਸਮੇਂ ਰੱਖਿਆ ਜਾਂਦਾ ਹੈ ਜਿਹੜਾ ਉੱਥੋਂ ਦੀ ਈਦਗਾਹ ਕਮੇਟੀ ਮੌਸਮ ਨੂੰ ਮੁੱਖ ਰੱਖ ਕੇ ਨਿਸ਼ਚਿਤ ਕਰਦੀ ਹੈ। ਭਾਰਤ ਦੀਆਂ ਈਦਗਾਹ ਕਮੇਟੀਆਂ ਵੱਲੋਂ ਇਹ ਕਾਰਜ ਆਮ ਤੌਰ ’ਤੇ ਸਵੇਰ ਦੇ 10 ਵਜੇ ਤੱਕ ਨਬੇੜ ਲਿਆ ਜਾਂਦਾ ਹੈ। ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿਚ ਔਰਤਾਂ ਲਈ ਵੱਖਰੀਆਂ ਈਦਗਾਹਾਂ ਹਨ, ਜਿੱਥੇ ਉਹ ਆਪਣੀਆਂ ਰਿਸ਼ਤੇਦਾਰ ਅਤੇ ਦੋਸਤ ਔਰਤਾਂ ਨੂੰ ਗਲੇ ਮਿਲ ਕੇ ਈਦ ਮੁਬਾਰਕ ਆਖਦੀਆਂ ਹਨ ਅਤੇ ਮਰਜ਼ੀ ਦੇ ਪਕਵਾਨ ਖਾ ਕੇ ਈਦ ਮਨਾਉਂਦੀਆਂ ਹਨ। ਈਦਗਾਹਾਂ ਦੇ ਨੇੜੇ ਮੈਦਾਨਾਂ ਵਿਚ ਈਦ ਮੇਲੇ ਲਗਦੇ ਹਨ। ਇਨ੍ਹਾਂ ਮੇਲਿਆਂ ਵਿਚ ਇਲਾਕਾਈ ਸੱਭਿਆਚਾਰ ਨੂੰ ਉਭਾਰਿਆ ਜਾਂਦਾ ਹੈ।
ਈਦ ਪੜ੍ਹਨ ਤੋਂ ਪਹਿਲਾਂ ਜਾਂ ਬਾਅਦ ਵਿਚ ਮੁਸਲਮਾਨਾਂ ਵੱਲੋਂ ਆਪਣੀਆਂ ਜਾਂ ਆਪਣੇ ਸਕੇ-ਸਬੰਧੀਆਂ ਦੀਆਂ ਧੀਆਂ ਧਿਆਣੀਆਂ ਨੂੰ ਉਨ੍ਹਾਂ ਦੇ ਸਹੁਰਿਆਂ ਦੇ ਘਰ ਉਨ੍ਹਾਂ ਲਈ ਈਦ ਭੇਜੀ ਜਾਂਦੀ ਹੈ, ਜਿਸ ਵਿਚ ਘਰ ਦੇ ਪੱਕੇ ਹੋਏ ਪਕਵਾਨਾਂ ਜਾਂ ਬਾਜ਼ਾਰ ਦੀਆਂ ਬਣੀਆਂ ਮਠਿਆਈਆਂ ਤੋਂ ਇਲਾਵਾ ਪੇਕਿਆਂ ਵੱਲੋਂ ਆਪਣੀ ਹੈਸੀਅਤ ਅਨੁਸਾਰ ਨਕਦੀ ਸ਼ਾਮਿਲ ਹੈ। ਨਜ਼ਦੀਕੀ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਘਰਾਂ ਵਿਚ ਉਨ੍ਹਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਅਤੇ ਉਨ੍ਹਾਂ ਦੇ ਛੋਟੇ ਬੱਚਿਆਂ ਨੂੰ ਈਦੀ ਦੇਣ ਲਈ ਵੀ ਜਾਇਆ ਜਾਂਦਾ ਹੈ।
ਦੁਨੀਆ ਦੀ ਹਰ ਕੌਮ ਅਤੇ ਹਰ ਮੁਲਕ ਵਿਚ ਆਪਣੀ ਸੱਭਿਅਤਾ ਅਤੇ ਆਪਣੇ ਧਰਮ ਅਨੁਸਾਰ ਤਿਓਹਾਰ ਮਨਾਉਣ ਦਾ ਰਿਵਾਜ਼ ਹੈ। ਦੂਜੇ ਧਰਮਾਂ ਵਿਚ ਕਿਸ ਤਰ੍ਹਾਂ ਤਿਓਹਾਰ ਮਨਾਏ ਜਾਂਦੇ ਹਨ, ਇਹ ਉਨ੍ਹਾਂ ਦੇ ਆਪਣੇ ਧਾਰਮਿਕ ਅਕੀਦਿਆਂ ’ਤੇ ਨਿਰਭਰ ਹੈ। ਤਿਓਹਾਰ ਮਨਾਉਣ ਦੇ ਇਸਲਾਮ ਦੇ ਆਪਣੇ ਅਕੀਦੇ ਹਨ, ਜਿਹੜੇ ਹਜ਼ਰਤ ਮੁਹੰਮਦ (ਸ.) ਵੱਲੋਂ ਦਰਸਾਏ ਮਾਰਗ ਦਰਸ਼ਨ ’ਤੇ ਚਲਦੇ ਆ ਰਹੇ ਹਨ। ਈਦ ਦਾ ਤਿਓਹਾਰ ਮਨਾਇਆ ਜਾਣਾ ਕਦੋਂ ਸ਼ੁਰੂ ਹੋਇਆ ਇਸ ਬਾਰੇ ਇਸਲਾਮੀ ਕਿਤਾਬਾਂ ਵਿਚ ਲਿਖਿਆ ਮਿਲਦਾ ਹੈ ਕਿ ਜਿਸ ਸਮੇਂ ਹਜ਼ਰਤ ਮੁਹੰਮਦ (ਸ.) ਹਿਜਰਤ ਕਰਕੇ ਮੱਕੇ ਤੋਂ ਮਦੀਨੇ ਗਏ, ਉਸ ਸਮੇਂ ਮਦੀਨੇ ਦੇ ਲੋਕਾਂ ਵਿਚ ‘ਮਿਹਰਜਾਨ’ ਅਤੇ ‘ਨੌਰੋਜ਼’ ਦੇ ਦੋ ਤਿਓਹਾਰ ਮਨਾਉਣ ਦਾ ਰਿਵਾਜ਼ ਪ੍ਰਚੱਲਤ ਸੀ। ਇਨ੍ਹਾਂ ਤਿਓਹਾਰਾਂ ਸਮੇਂ ਕਈ ਕਈ ਦਿਨ ਮੇਲੇ ਲੱਗਦੇ ਸਨ ਅਤੇ ਖੇਡ ਤਮਾਸ਼ੇ ਹੁੰਦੇ ਰਹਿੰਦੇ ਸਨ। ਜਦੋਂ ਹਜ਼ਰਤ ਮੁਹੰਮਦ (ਸ.) ਨੇ ਮਦੀਨੇ ਦੇ ਪੁਰਾਣੇ ਵਾਸੀ ਅਨਸਾਰੀਆਂ ਤੋਂ ਇਨ੍ਹਾਂ ਮੇਲਿਆਂ ਦੀ ਹਕੀਕਤ ਜਾਨਣੀ ਚਾਹੀ ਤਾਂ ਉਹ ਇਸ ਦੀ ਹਕੀਕਤ ਬਾਰੇ ਐਨਾ ਹੀ ਆਖ ਸਕੇ ਕਿ ਇਹ ਮੇਲੇ ਸਾਡੇ ਵਡੇਰੇਆਂ ਦੇ ਸਮੇਂ ਤੋਂ ਹੀ ਲੱਗਦੇ ਆ ਰਹੇ ਹਨ। ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਦਾ ਉੱਤਰ ਸੁਣਨ ਤੋਂ ਬਾਅਦ ਫ਼ਰਮਾਇਆ, ‘‘ਅੱਲਾਹ ਤਆਲਾ ਨੇ ਤੁਹਾਡੇ ਲਈ ਇਨ੍ਹਾਂ ਤੋਂ ਵੀ ਵੱਧ ਖ਼ੁਸ਼ੀ ਮਨਾਉਣ ਦੇ ਦੋ ਦਿਨ ਮੁਕੱਰਰ ਕੀਤੇ ਹਨ। ਇਨ੍ਹਾਂ ਵਿਚ ਇਕ ਈਦ-ਉਲ-ਫ਼ਿਤਰ ਅਤੇ ਦੂਜਾ ਈਦ-ਉਲ-ਅਜ਼ਹਾ ਹੈ।’’ ਬਾਅਦ ਵਿਚ ਮੁਸਲਮਾਨਾਂ ਵਿਚ ‘ਮਿਹਰਜਾਨ’ ਅਤੇ ‘ਨੌਰੋਜ਼’ ਦੇ ਤਿਓਹਾਰ ਖ਼ਤਮ ਹੋ ਗਏ ਅਤੇ ਉਪ੍ਰੋਕਤ ਦੋਵੇਂ ਤਿਓਹਾਰ ਮਨਾਏ ਜਾਣ ਲੱਗੇ।
ਸੰਪਰਕ: 98555-51359


Comments Off on ਈਦ-ਉਲ-ਫ਼ਿਤਰ ਦਾ ਤਿਓਹਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.