ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਇਹ ਮਿੱਟੀ ਮੇਰੇ ਪੁੱਤਾਂ ਦੀ ਰੱਤ ਨਾਲ ਸਿੰਜੀ ਹੋਈ ਐ…

Posted On June - 15 - 2019

ਵਿਜੈ ਬੰਬੇਲੀ

ਕਤਲ ਕੀਤੇ ਛੇ ਭਾਈਆਂ ਦੀ ਸਮੂਹਿਕ ਕਬਰ

ਕਾਲੇਵਾਲ ਭਗਤਾਂ (ਹੁਸ਼ਿਆਰਪੁਰ) ਦੀ ਮੋੜ੍ਹੀ ਮਾਹੀ ਦਾਸ ਬ੍ਰਾਹਮਣ, ਗੋਤ ਵਜੋਂ ਕਾਲੀਆ ਅਤੇ ਦੇਵੀ ਭਗਤ ਨੇ ਗੱਡੀ ਸੀ। ਉਸ ਦੇ ਗੋਤ ਅਤੇ ਭਗਤ ਤਖ਼ੱਲਸ ਤੋਂ ਇਸ ਪਿੰਡ ਦਾ ਨਾਮ ਵਿਗਸਦਾ-ਸੰਵਰਦਾ ਕਾਲੇਵਾਲ ਭਗਤਾਂ ਪਿਆ,ਪਰ ਵੱਡੇ ਰੌਲਿਆਂ ਵੇਲੇ ਇਸ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ‘ਭਗਤਾਂ’ ਵਾਲੀ ਨਹੀਂ ਕੀਤੀ ਸੀ ਜਿਸਦੀ ਪੀੜ ਲੋਕ-ਮਨਾਂ ਨੂੰ ਅੱਜ ਵੀ ਕੁਰੇਦਦੀ ਰਹਿੰਦੀ ਹੈ। ਸੰਤਾਲੀ ਵੇਲੇ ਇੱਥੋਂ ਦੇ ਨਿਹਾਇਤ ਭਲੇ ਮੁਸਲਮਾਨਾਂ ਨਾਲ ਹੋਈ ਜੱਗੋਂ-ਤੇਹਰਵੀਂ ਦੀ ਗੱਲ ਤੁਰਦਿਆਂ ਇਹ ਗਰਾਂ ਹੁਣ ਵੀ ਨੀਵੀਂ ਪਾ ਬੈਠ ਜਾਂਦਾ ਹੈ, ਜਿਵੇਂ ਉਸਦੇ ਕੁਝ ਕਪੁੱਤ ਹੁਣੇ ਹੀ ਆਪਣੇ ਮੁਸਲਿਮ ਹਮਸਾਇਆ ਨਾਲ ਧ੍ਰੋਹ ਕਮਾ ਕੇ ਆਏ ਹੋਣ।
ਵੰਡ ਵੇਲੇ ਕਾਲੇਵਾਲ ਭਗਤਾਂ ਵਿਚ ਵੱਡੀ ਧਿਰ ਕਾਲੀਆ ਬ੍ਰਾਹਮਣਾਂ ਦੀ ਸੀ। ਦੂਜੇ ਨੰਬਰ ’ਤੇ ਬੰਗਾ ਆਦਿ ਧਰਮੀ ਅਤੇ ਤੀਜੇ ’ਤੇ ਝੂਟੀ ਅਤੇ ਹੁਲੈਤ ਜੱਟ ਸਨ। ਕਾਲੀਆ ਬ੍ਰਾਹਮਣਾਂ ਦਾ ਇਹ ਪੁਰਖਾ ਦਰਿਆਈ ਪਿੰਡ ਤੱਲਵਣ ਜ਼ਿਲ੍ਹਾ ਜਲੰਧਰ ਤੋਂ ਆਇਆ ਸੀ। ਮਗਰੋਂ ਕਾਮਾ ਜਾਤ ਵਜੋਂ ਉਸਨੇ ਬੰਗਾ ਆਦਿ ਧਰਮੀਆਂ ਨੂੰ ਵੀ ਮੰਗਵਾ ਲਿਆ। ਫਿਰ ਹੁਲੈਤ ਜੱਟ ਬੀਤ-ਬਾਲੀਵਾਲ ਤੋਂ ਅਤੇ ਝੂਟੀ ਬਠੁੱਲਾ-ਮਹਿਨਾ ਤੋਂ ਆ ਵਸੇ। ਹੌਲੀ-ਹੌਲੀ ਕਈ ਜਾਤਾਂ ਰੋਜ਼ੀ-ਰੋਟੀ ਲਈ ਇੱਥੇ ਆ ਵਸੀਆਂ। ਮੁਸਲਮਾਨ ਉਨ੍ਹਾਂ ਵਿਚੋਂ ਇਕ ਸਨ। ਮੁਸਲਮਾਨਾਂ ਦੀ ਵੱਡੀ ਧਿਰ ਸੱਪਲ ਗੋਤਰੀ ਧੋਬੀਆਂ ਦੀ ਸੀ, ਦੋ ਚਾਰ ਘਰ ਮਰਾਸੀਆਂ, ਤੇਲੀਆਂ ਜਾਂ ਲਲਾਰੀਆਂ ਦੇ ਵੀ ਸਨ। ਤੇਲੀਆਂ ਵਿਚੋਂ ਸਿਰਕੱਢ ਬਾਬੂ ਖ਼ਾਂ ਤੇ ਗੁਲਾਬ ਸੀ, ਲਲਾਰੀਆਂ ਦਾ ਗੁਲਜ਼ਾਰ ਮੁਹੰਮਦ ਅਤੇ ਸਦਨਾ। ਮਰਾਸੀਆਂ ਵਿਚੋਂ ਗਾਇਕ ਕਰਮੀ, ਉਸ ਦੀ ਧੀ ਨੈਨਾ ਅਤੇ ਸਾਜ਼ਿੰਦੇ ਪਤੀ ਫ਼ਿਰੋਜ਼ ਦੀ ਗੱਲ ਅੱਜ ਵੀ ਤੁਰਦੀ ਹੈ।
ਧੋਬੀ ਤਾਂ ਸਨ ਹੀ ਖਿੱਤੇ ਦੇ ਕਾਮੇ ਅਤੇ ਸਾਊ ਪੁੱਤ। ’ਕੱਲੇ ਕਾਲੇਵਾਲ ਭਗਤਾਂ ਦੇ ਹੀ ਨਹੀਂ ਸਗੋਂ ਲਾਗਲੇ ਪਿੰਡਾਂ ਦੇ ਵੀ। ਕੱਪੜੇ-ਲੱਤੇ ਧੋਣ ਤੋਂ ਇਲਾਵਾ ਧੋਬੀਆਂ ਦਾ ਮੁੱਖ ਕੰਮ ਸਮਾਗਮਾਂ, ਵਿਆਹ-ਸ਼ਾਦੀਆਂ ਅਤੇ ਦੁੱਖ-ਸੁੱਖ ਸਮੇਂ ਭੋਜਨ ਛਕਾਉਣ ਵਕਤ ਕੋਰੇ ਵਿਛਾਉਣ ਦਾ ਵੀ ਸੀ। ਕੋਰਾ, ਟਾਟ/ ਤੱਪੜ ਨੁਮਾ, ਚਿੱਟੇ-ਖੱਦਰ ਦਾ ਕੱਪੜਾ ਹੁੰਦਾ ਸੀ, ਜਿਹੜਾ ਪੰਗਤੀ-ਭੋਜਨ ਸਮੇਂ ਵਿਛਾਇਆ ਜਾਂਦਾ। ਇਕ ਵਾਰ ਵਰਤਣ ਉਪਰੰਤ ਹੀ ਇਹ ਧੋਣਾ-ਨਿਖਾਰਨਾ ਪੈਂਦਾ ਕਿਉਂਕਿ ਇਹ ਮਿੱਟੀ ਤੇ ਦਾਲ-ਭਾਜੀ ਨਾਲ ਦਾਗ਼-ਨੁਮਾ ਹੋ ਜਾਂਦਾ ਸੀ। ਇਸ ਕਾਰਜ ਦਾ ਉਨ੍ਹਾਂ ਨੂੰ ਲਾਗ-ਵਿਹਾਰ ਵੀ ਮਿਲਦਾ ਅਤੇ ਟੱਬਰ ਲਈ ਪੱਕਿਆ ਭੋਜਨ ਵੀ। ਅਕਸਰ ਹੀ ਇਹ ਕੋਰੇ ਉਨ੍ਹਾਂ ਦੀ ਮਲਕੀਅਤ ਹੁੰਦੇ, ਪਰ ਕਈ ਪਿੰਡਾਂ ’ਚ ਇਹ ਉੱਥੋਂ ਦੇ ਜੁਲਾਹਿਆਂ ਦੀ। ਜੇ ਮਾਲਕੀ ਧੋਬੀਆਂ ਦੀ ਹੁੰਦੀ ਤਾਂ ਸਾਰਾ ਲਾਗ-ਵਿਹਾਰ ਅਤੇ ਧੁਆਈ ਲਾਗਤ ਵੀ ਉਨ੍ਹਾਂ ਦੀ ਹੁੰਦੀ, ਪਰ ਜੇ ਕੋਰੇ ਜੁਲਾਹਿਆਂ ਦੇ ਹੁੰਦੇ ਤਾਂ ਧੋਬੀਆਂ ਨੂੰ ਸਿਰਫ਼ ਧੁਆਈ ਹੀ ਮਿਲਦੀ। ਇੰਜ ਉਨ੍ਹਾਂ ਦਾ ਗੁਜ਼ਾਰਾ ਰਿੜ੍ਹੀ ਜਾਂਦਾ। ਕਿਰਤੀ, ਸੇਪੀ ਅਤੇ ਲਾਗ-ਵਿਹਾਰੀ ਜਾਤ ਹੋਣ ਕਰਕੇ ਉਨ੍ਹਾਂ ਦੇ ਵਿਚਰਨ ਦੇ ਢੰਗ ਵਿਚ ਅਧੀਨਗੀ ਹੁੰਦੀ ਅਤੇ ਬੋਲ-ਬਾਣੀ ਵਿਚ ਸ਼ਰਾਫਤ। ਮੁਸਲਮਾਨਾਂ ਸਮੇਤ ਜੋ ਇੱਧਰ ਘੱਟ-ਗਿਣਤੀ ਵਿਚ ਸਨ, ਉਨ੍ਹਾਂ ਦਾ ਬਹੁਤਾ ਰਾਬਤਾ ਹਿੰਦੂ-ਸਿੱਖਾਂ ਨਾਲ ਸੀ। ਉਨ੍ਹਾਂ ਦਾ ਕਾਰ-ਵਿਹਾਰ ਅਤੇ ਗੁਜ਼ਰਾ ਚੱਲਦਾ ਹੀ ਹਿੰਦੂ-ਸਿੱਖਾਂ ਦੇ ਸਿਰ ’ਤੇ ਸੀ।
ਮੁਲਕ ‘ਆਜ਼ਾਦ’ ਹੋਇਆ, ‘ਧਰਮੀ ਵੰਡ’ ਹੋਈ, ਪਰ ਧੋਬੀਆਂ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ, ‘ਸਾਡੀਆਂ ਤਾਂ ਬਰਕਤਾਂ ਹੀ ਹਿੰਦੂ-ਸਿੱਖਾਂ ਨਾਲ ਹਨ। ਭਲਾ, ਕੋਈ ਆਪਣੀ ਰੋਜ਼ੀ-ਰੋਟੀ ਅਤੇ ਵਿਰਾਸਤ ਛੱਡ ਕੇ ਜਾ ਸਕਦਾ?’ ਉਹ ਗਿੜ-ਗਿੜਾਉਂਦੇ। ਇਕਾ-ਦੁੱਕਾ ਨੂੰ ਛੱਡ ਕੇ ਜੋ ਇਕ ਸਾਧ ਦੇ ਢਹੇ ਚੜ੍ਹ ਮੁਸਲਮਾਨਾਂ ਵਿਰੁੱਧ ਹਥਿਆਰ ਚੁੱਕੀ ਫਿਰਦੇ ਸਨ, ਤੋਂ ਬਿਨਾਂ ਪੂਰਾ ਪਿੰਡ ਉਨ੍ਹਾਂ ਨਾਲ ਬਗਲਗੀਰ ਸੀ। ਲੁਕਵੀਆਂ ਧਮਕੀਆਂ ਅਤੇ ਮੂਕ-ਡਰਾਵਾ ਦੇਣ ਵਾਲਿਆਂ ਨੂੰ ਪਿੰਡ ਨੇ ਲਲਕਾਰਾ ਮਾਰਿਆ। ਕੁਝ ਮਾੜੇ ਕਿਰਦਾਰਾਂ ਦੇ ਡਰੋਂ, ਕੁਝ ਇਲਾਕੇ ਵਿਚ ਵਾਪਰਨ ਲੱਗੀਆਂ ਮਾੜੀਆਂ ਘਟਨਾਵਾਂ ਦੇ ਵਹਿਣ ਵਿਚ ਮਰਾਸੀਆਂ ਦਾ ਇਕ ਘਰ ਛੱਡ ਕੇ ਧੋਬੀਆਂ ਤੋਂ ਬਿਨਾਂ ਬਾਕੀ ਮੁਸਲਮਾਨ ਸ਼ਰਨਾਰਥੀ ਕੈਂਪਾਂ ਜਾਂ ਪਾਕਿਸਤਾਨ ਨੂੰ ਤੁਰ ਗਏ। ਦਰਅਸਲ, ਧੋਬੇ ਮੁਸਲਮਾਨਾਂ ਨੂੰ ਕਾਲੇਵਾਲ ਸਮੇਤ ਸਮੁੱਚੇ ਇਲਾਕੇ ’ਤੇ ਮਾਣ ਸੀ। ‘ਸਾਡਾ ਇਨ੍ਹਾਂ ਬਿਨਾਂ, ਇਨ੍ਹਾਂ ਦਾ ਸਾਡੇ ਬਿਨਾਂ ਉੱਕਾ ਹੀ ਨਹੀਂ ਸਰਨਾ।’ ਉਹ ਮਨ ਨੂੰ ਦਿਲਾਸਾ ਦਿੰਦੇ।
ਇਲਾਕੇ ਵਿਚ ਇਕ ਸਾਧ ਲਾਣੇ ਦੀ ਅਗਵਾਈ ਵਿਚ ਫ਼ਿਰਕੂ ਟੋਲਾ ਸਰਗਰਮ ਸੀ। ਉਨ੍ਹਾਂ ਐਲਾਨ ਕੀਤਾ,‘ਸਿੱਖ ਸਜ ਜਾਣ ਵਾਲਿਆਂ ਦਾ ਵਾਲ਼ ਵਿੰਗਾ ਨਹੀਂ ਹੋਵੇਗਾ।’ ਇਹੀ ਉਹ ਮੱਕਾਰੀ ਐਲਾਨ ਸੀ ਕਿ ਧੋਬੀ ਮੁਸਲਮਾਨ ਉਸ ਸਾਧ ਨਾਲ ਸਹਿਮਤ ਹੋ ਚੁੱਕੇ ਕੁਝ ਸ਼ੈਤਾਨੀ ਬੰਦਿਆਂ ਦੀ ਚਾਲ ਵਿਚ ਆ ਗਏ। ਸਿੱਖ ਸਜਣ ਲਈ ਉਹ ਉਨ੍ਹਾਂ ਨਾਲ ਕਾਲੇਵਾਲ ਭਗਤਾਂ ਤੋਂ ਕੱਚੇ ਰਸਤੇ ਰਾਹੀਂ ਹੋਰ ਪਿੰਡਾਂ ਨੂੰ ਹੁੰਦੇ ਹੋਏ ਉਸ ਸਾਧ ਦੇ ਡੇਰੇ ਨੂੰ ਤੁਰ ਪਏ, ਪਰ ਉਸ ਡੇਰੇਦਾਰ ਦੀ ਸ਼ਹਿ ’ਤੇ ਇਲਾਕੇ ਦੇ ਸਰਗਰਮ ਕਾਤਲ ਟੋਲੇ ਨੇ ਗੋਹਗੜੋਂ ਪਿੰਡ ਦੀ ਜੂਹ ਵਿਚ ਉਨ੍ਹਾਂ ’ਤੇ ਵਿਸ਼ਵਾਸਘਾਤੀ ਹਮਲਾ ਕਰ ਦਿੱਤਾ। ਇਲਾਕੇ ਵਿਚ ਕਿਸੇ ਨੂੰ ਭਰੋਸੇ ਵਿਚ ਲੈ ਕੇ ਕੀਤੇ ਗਏ ਇਸ ਹਮਲੇ ਵਿਚ ਦਰਜਨ ਭਰ ਮੁਸਲਮਾਨਾਂ ਦਾ ਕਤਲ ਕਰ ਦਿੱਤਾ। ਵੱਡੀ ਉਮਰ ਦੇ ਲੋਕ ਹਾਊਕਾ ਭਰਦੇ ਹਨ, ‘ਬਾਜ ਅਚਿੰਤੇ ਨਹੀਂ ਪਏ, ਸਗੋਂ ਦੁੱਖ ਇਸ ਗੱਲ ਦਾ ਹੈ ਕਿ ਉਹ ਬਗਲਗੀਰ ਹੋਣ ਉਪਰੰਤ ਪਏ।’
ਧੋਖੇ ਨਾਲ ਕਤਲ ਕੀਤੇ ਗਏ ਇਨ੍ਹਾਂ ਮੁਸਲਮਾਨਾਂ ਵਿਚ ਗ਼ੁਲਾਮ ਮੁਹੰਮਦ, ਅੱਲਾ ਦਿੱਤਾ, ਉਮਰਦੀਨ, ਜਾਨ ਮੁਹੰਮਦ, ਬੀਰ ਦੀਨ, ਰਹੀਮ ਬਖ਼ਸ਼, ਬਰਕਤ ਅਲੀ ਆਦਿ ਅਤੇ ਪੰਜ ਸਾਲਾ ਰਮਜਾਨ ਮਹਿੰਗਾ ਸ਼ਾਮਲ ਸੀ। ਇਸ ਹਮਲੇ ਵਿਚੋਂ ਚੂਹੜ ਖ਼ਾਂ, ਮੇਹਰ ਅਲੀ, ਮਹਿਤਾਬ ਅਲੀ, ਸੈਨ ਮੁਹੰਮਦ ਆਦਿ ਜ਼ਖ਼ਮੀ ਹਾਲਤ ਵਿਚ ਬਚ ਨਿਕਲੇ। ਨਿਰਦੋਸ਼ ਕਤਲ ਕਰ ਦਿੱਤੇ ਗਏ। ਪਹਿਲੇ ਛੇ ਤਾਂ ਸਕੇ ਭਰਾ ਸਨ ਜਿਨ੍ਹਾਂ ਵਿਚੋਂ ਚਾਰ ਵਿਆਹੇ ਹੋਏ ਨਿੱਕੇ ਨਿੱਕੇ ਬੱਚਿਆਂ ਦੇ ਬਾਪ ਸਨ। ਉਨ੍ਹਾਂ ਦੀਆਂ ਭੈਣਾਂ, ਨੌਜਵਾਨ ਔਰਤਾਂ ਅਤੇ ਪਿੰਡ ਦੇ ਦਰਦ ਨੂੰ ਸ਼ਬਦਾਂ ਵਿਚ ਬਿਆਨਿਆ ਨਹੀਂ ਜਾ ਸਕਦਾ। ਭਾਵੇਂ ਕਾਲੇਵਾਲ ਪਿੰਡ ਨੇ ਉਨ੍ਹਾਂ ਨੂੰ ਕਲਾਵੇ ਵਿਚ ਲੈ ਲਿਆ ਫਿਰ ਵੀ ਗੁੱਝੀਆਂ ਧਮਕੀਆਂ ਦੇ ਅਸਰ ਹੇਠ ਕੁਝ ਧੋਬੀ ਪਰਿਵਾਰ ਮਾਹਿਲਪੁਰ, ਹੁਸ਼ਿਆਰਪੁਰ ਆਦਿ ਅਤੇ ਦੋ ਕੁ ਪਰਿਵਾਰ ਪਾਕਿਸਤਾਨ ਨੂੰ ਤੁਰ ਗਏ, ਪਰ ਸਿਰ ਦੇ ਸਾਈਂ ਵਿਹੁਣੀ ਰਹਿਮਤਾ ਕਿੱਥੇ ਜਾਵੇ? ਜਿਸਦੇ ਛੇ ਨੌਜਵਾਨ ਪੁੱਤਰਾਂ ਦੀ ਜਾਨ ‘ਆਜ਼ਾਦੀ’ ਨੇ ਲੈ ਲਈ, ਉਹ ਵੀ ਧੋਖੇ ਨਾਲ। ਮਗਰ ਨੌਜਵਾਨ ਵਿਧਵਾਵਾਂ ਅਤੇ ਬੱਚੇ, ਇਹ ਸਭ ਕਿੱਥੇ ਜਾਣ? ਪਿੰਡ ਭਾਵੇਂ ਉਸ ਦੇ ਸਿਰ ’ਤੇ ਸੀ, ਪਰ ਜਿਵੇਂ ਬੁੱਢੀ ਉਮਰ ਵਿਚ ਉਸਨੇ ਆਪਣੇ ਬਚੇ-ਖੁਚੇ ਟੱਬਰ ਨੂੰ ਪਾਲਿਆ, ਉਸ ਮੁਸ਼ੱਕਤ ਦੀ ਇਕ ਲੰਬੀ ਦਰਦ ਕਹਾਣੀ ਹੈ। ਇਸ ਨਾਲ ਹੀ ਤੁਰਦੀ ਹੈ ਉਨ੍ਹਾਂ ਕਾਤਲਾਂ ਦੀ ਲਾਹਣਤੀ ਕਥਾ ਜੋ ਪਿਛਲੀ ਉਮਰੇ ਪਛਤਾਵੇ ਦੀ ਅੱਗ ਵਿਚ ਰੀਂਗ-ਰੀਂਗ ਕੇ ਮਰੇ। ਬੁੱਢੀ ਰਹਿਮਤਾ ਉਸ ਦੀਆਂ ਨੂੰਹਾਂ ਬਾਲਾ, ਸ਼ਰੀਫ਼ਾ ਤੇ ਕਰਮੀ ਆਦਿ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ ਜਿਹੜੀਆਂ ਆਪਣਾ ਦਰਦ ਭੁੱਲ-ਭੁਲਾ ਕੇ ਸਮੁੱਚੇ ਪਿੰਡ ਦੀ ਸੁੱਖ ਲੋੜਦੀਆਂ ਰਹੀਆਂ।
ਥੋੜ੍ਹੀ ਸ਼ਾਂਤੀ ਹੋ ਜਾਣ ਉਪਰੰਤ ਜਦੋਂ ਦੋ-ਚਾਰ ਸਾਲੀਂ ਮਿਲਟਰੀ ਅਤੇ ਪਾਕਿਸਤਾਨੀ ਅਧਿਕਾਰੀ ਦੋਵੇਂ ਪਾਸੇ ਪਿੱਛੇ ਰਹਿ ਗਿਆਂ ਦੀ ਤਬਾਦਲਾ ਨੀਤੀ ਤਹਿਤ ਉਨ੍ਹਾਂ ਨੂੰ ਲੈਣ ਆਏ ਤਾਂ ਰਹਿਮਤਾ ਅੜ ਗਈ। ਉਸਨੇ ਮਾਣ ਨਾਲ ਹਿੱਕ ਤਾਣ ਕੇ ਕਿਹਾ ਸੀ,‘ਇਸ ਜੰਮਣ ਭੋਇੰ ’ਤੇ ਟਿਕੇ ਰਹਿਣ ਖਾਤਰ ਜਿਸ ਮਾਂ ਦੇ ਪੁੱਤ ਧਰਮ ਬਦਲੀ ਲਈ ਵੀ ਤਿਆਰ ਹੋ ਗਏ ਹੋਣ, ਜਿਸ ਮਿੱਟੀ ਵਿਚ ਉਸ ਦੇ ਜਾਏ ਕੁਰਬਾਨ ਹੋ ਗਏ, ਭਲਾ! ਉਸ ਧਰਤੀ ਨੂੰ ਕੋਈ ਮਾਂ ਛੱਡ ਕੇ ਜਾ ਸਕਦੀ ਹੈ?’’ ਉਹ ਬੋਲੀ,‘ਮੁੜ ਜਾਵੋ, ਇਸ ਧਰਤ ਲਈ ਤਾਂ ਅਸਾਂ ਖ਼ੂਨ ਦਿੱਤਾ ਹੈ। ਦੱਸੋ ਪਰਾਈ ਧਰਤ ਨੂੰ ਕਿਵੇਂ ਜਾਈਏ? ਇਹ ਮਿੱਟੀ ਮੇਰੇ ਪੁੱਤਾਂ ਦੀ ਰੱਤ ਨਾਲ ਸਿੰਜੀ ਹੋਈ ਹੈ।’

ਸੰਪਰਕ: 94634-39075


Comments Off on ਇਹ ਮਿੱਟੀ ਮੇਰੇ ਪੁੱਤਾਂ ਦੀ ਰੱਤ ਨਾਲ ਸਿੰਜੀ ਹੋਈ ਐ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.