ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਇਮਾਰਤਾਂ ਨੂੰ ਅੱਗ ਤੋਂ ਕਿਵੇਂ ਬਚਾਇਆ ਜਾਵੇ…

Posted On June - 14 - 2019

ਇੰਜ. ਰਾਜ ਕੁਮਾਰ ਅਗਰਵਾਲ

ਇੰਜ. ਰਾਜ ਕੁਮਾਰ ਅਗਰਵਾਲ

ਇਮਾਰਤਾਂ ਵਿਚ ਅੱਗ ਲੱਗਣ ਦੀਆਂ ਵਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਅੱਗ ਨਾਲ ਹਰ ਸਾਲ ਅਣਗਿਣਤ ਕੀਮਤੀ ਜਾਨਾਂ ਅਤੇ ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਹੁੰਦਾ ਹੈ। ਇਮਾਰਤਾਂ ਵਿਚ ਜ਼ਿਆਦਾਤਰ ਅੱਗ ਬਿਜਲੀ ਦੀ ਤਾਰ ਦੇ ਸ਼ੌਰਟ ਸਰਕਟ ਹੋਣ ਕਰਕੇ ਲੱਗਦੀ ਹੈ। ਥੋੜ੍ਹੀ ਜਿਹੀ ਸਾਵਧਾਨੀ ਨਾਲ ਇਸ ਨੂੰ ਕਾਫੀ ਘਟਾਇਆ ਜਾ ਸਕਦਾ ਹੈ।
ਅੱਗ ਦੀ ਛੋਟੀ ਜਿਹੀ ਚੰਗਿਆੜੀ ਇਕ ਮਿੰਟ ਵਿਚ ਹੀ ਲਾਟਾਂ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਇਸ ਦਾ ਕਾਲਾ ਸੰਘਣਾ ਧੂੰਆਂ ਸਾਰੀ ਇਮਾਰਤ ਵਿਚ ਫੈਲ ਕੇ ਹਨੇਰਾ ਕਰ ਦਿੰਦਾ ਹੈ। ਉਂਜ ਤਾਂ ਕੇਵਲ ਅੱਗ ਦੀ ਗਰਮੀ ਹੀ ਮਨੁੱਖ ਦੀ ਮੌਤ ਦਾ ਕਾਰਨ ਬਣ ਸਕਦੀ ਹੈ ਪਰ ਜ਼ਿਆਦਾ ਮੌਤਾਂ ਧੂੰਏ ਅਤੇ ਹਾਨੀਕਾਰਕ ਗੈਸਾਂ ਨਾਲ ਸਾਹ ਘੁਟਣ ਕਰਕੇ ਹੁੰਦੀਆ ਹਨ। ਇਸ ਲਈ ਜ਼ਰੂਰੀ ਹੈ ਕਿ ਇਮਾਰਤਾਂ ਵਿਚ ਉਸਾਰੀ ਦੌਰਾਨ ਹੀ ਅੱਗ ਸੁਰੱਖਿਆ ਸਿਸਟਮ (ਫਾਇਰ ਪ੍ਰੋਟੈਕਟਿੰਗ ਸਿਸਟਮ) ਲਗਾਇਆ ਜਾਵੇ ਤਾਂ ਜੋ ਕੀਮਤੀ ਜਾਨਾਂ ਤੇ ਬਹੁਮੁੱਲੀ ਜਾਇਦਾਦ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
ਅੱਗ ਸੁਰੱਖਿਆ ਸਿਸਟਮ ਲਈ ਜ਼ਰੂਰੀ ਹਨ ਪਾਣੀ ਦੇ ਸਟੋਰ ਲਈ ਜ਼ਮੀਨ ਹੇਠ ਜਾਂ ਛੱਤ ਉਪਰ ਪਾਣੀ ਦੇ ਵੱਡੇ ਟੈਂਕ, ਖਾਸ ਤੌਰ ਤੇ ਤਿਆਰ ਪੰਪਿੰਗ ਸਟੇਸ਼ਨ ਅਤੇ ਫਾਇਰ ਹਾਈਡਰੈਂਟ ਤਾਂ ਜੋ ਅੱਗ ਬੁਝਾਉਣ ਲਈ ਫਾਇਰ ਹਾਈਡਰੈਂਟ ਵਿਚੋਂ ਪਾਣੀ ਲੈ ਕੇ ਵਰਤਿਆ ਜਾ ਸਕੇ।
ਇਮਾਰਤਾਂ ਵਿਚ ਅੱਗ ਸੁਰੱਖਿਆ ਸਿਸਟਮ ਨੂੰ ਚਾਰ ਢੰਗਾਂ ਨਾਲ ਲਾਇਆ ਜਾ ਸਕਦਾ ਹੈ ਜਿਨ੍ਹਾਂ ਵਿਚ ਅੱਗ ਬੁਝਾਉਣ ਵਾਲੇ ਸਿਲੰਡਰ, ਫਾਇਰ ਹਾਈਡਰੈਂਟ ਸਿਸਟਮ, ਆਟੋਮੈਟਿਕ ਸਪਰਿੰਕਲਰ ਸਿਸਟਮ ਅਤੇ ਸਮੋਕ ਡਿਟੈਕਟਰ-ਕਮ-ਆਟੋਮੈਟਿਕ ਫਾਇਰ ਅਲਾਰਮ ਸਿਸਟਮ ਸ਼ਾਮਲ ਹਨ।
ਅੱਗ ਬੁਝਾਉਣ ਵਾਲੇ ਸਿਲੰਡਰ (ਫਾਇਰ ਐਕਸਟਿੰਗੁਇਸ਼ਰ ਸਿਸਟਮ)
ਕਿਸੇ ਵੀ ਇਮਾਰਤ ਜਾਂ ਖਾਲੀ ਥਾਂ ਤੇ ਅੱਗ ਲੱਗਣ ਦੀਆਂ ਛੋਟੀਆਂ ਘਟਨਾਵਾਂ ਤੇ ਕਾਬੂ ਪਾਉਣ ਲਈ ਇਸ ਸਿਸਟਮ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿਚ ਅੱਗ ਬੁਝਾਉਣ ਲਈ ਸਿਲੰਡਰਾਂ ਦਾ ਸਹਾਰਾ ਲਿਆ ਜਾਂਦਾ ਹੈ। ਜੇ ਅੱਗ ਕੰਟਰੋਲ ਤੋਂ ਬਾਹਰ ਹੋਵੇ ਜਾਂ ਵੱਡੀ ਮਾਤਰਾ ਵਿਚ ਲੱਗੀ ਹੋਵੇ ਤਾਂ ਇਹ ਸਿਸਟਮ ਜ਼ਿਆਦਾ ਠੀਕ ਨਹੀਂ ਰਹਿੰਦਾ ਤੇ ਫਾਇਰਮੈਨਾਂ ਦੀ ਲੋੜ ਪੈਂਦੀ ਹੈ।
ਅੱਗ ਬੁਝਾਊ ਸਿਲੰਡਰ ਧਾਤੂ ਤੋਂ ਤਿਆਰ ਸਿਲੰਡਰ ਹੁੰਦਾ ਹੈ ਜਿਸ ਵਿਚ ਪ੍ਰੈਸ਼ਰ ਹੇਠ ਕਾਰਬਨ ਡਾਈਆਕਸਾਈਡ ਗੈਸ (3O2) ਭਰੀ ਹੁੰਦੀ ਹੈ ਜੋ ਅੱਗ ਲੱਗਣ ਵਿਚ ਸਹਾਇਕ ਆਕਸੀਜਨ ਗੈਸ ਨੂੰ ਘੱਟ ਕਰਕੇ ਅੱਗ ਨੂੰ ਠੱਲ੍ਹ ਮਾਰ ਦਿੰਦੀ ਹੈ। ਮਾਰਕਿਟ ਵਿਚ ਲੋੜ ਅਨੁਸਾਰ ਵਾਟਰ ਟਾਈਪ, ਮਕੈਨੀਕਲ ਫੋਗ ਫਾਈਪ ਤੇ ਏਬੀਸੀ ਕੈਮੀਕਲ ਪਾਊਡਰ ਵਾਲੇ ਅੱਗ ਬੁਝਾਊ ਸਿਲੰਡਰ ਵੀ ਮਿਲਦੇ ਹਨ ਜੋ ਲੋੜ੍ਹ ਮੁਤਾਬਿਕ ਵੱਖ ਵੱਖ ਤਰ੍ਹਾਂ ਦੀ ਅੱਗ ਰੋਕਣ ਲਈ ਸਫਲਤਾ ਨਾਲ ਵਰਤੇ ਜਾ ਰਹੇ ਹਨ।
ਅੱਗ ਬੁਝਾਊ ਸਿਲੰਡਰ ਉਪਰ ਲੱਗੀ ਪਿੰਨ ਖਿੱਚ ਕੇ ਸਿਲੰਡਰ ਵਿਚਲੀ ਗੈਸ, ਲੱਗੀ ਹੋਈ ਅੱਗ ਦੇ ਸ਼ੁਰੂ ਹੋਣ ਵਾਲੀ ਥਾਂ ਉੱਤੇ ਸਪਰੇਅ ਕਰਕੇ ਅੱਗ ਨੂੰ ਸੌਖਿਆਂ ਹੀ ਬੰਦ ਕੀਤਾ ਜਾ ਸਕਦਾ ਹੈ। ਹੁਣ ਵਾਹਨਾਂ ਵਿਚ ਵੀ ਅੱਗ ਤੋਂ ਬਚਣ ਲਈ ਪੋਰਟੇਬਲ ਸਿਲੰਡਰ ਲਾਏ ਜਾ ਰਹੇ ਹਨ।
ਫਾਇਰ ਹਾਈਡਰੈਂਟ ਸਿਸਟਮ
ਹਰ ਇਮਾਰਤ ਅਤੇ ਕੈਂਪਸ ਵਿਚ ਕਿਸੇ ਵੀ ਤਰ੍ਹਾਂ ਦੀ ਲੱਗਣ ਵਾਲੀ ਅੱਗ ਕੰਟਰੋਲ ਕਰਨ ਲਈ ਇਸ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਿਸਟਮ ਵਿਚ ਕੈਂਪਸ ਦੀਆਂ ਇਮਾਰਤਾਂ ਅਤੇ ਉਨ੍ਹਾਂ ਦੇ ਰਕਬੇ ਮੁਤਾਬਕ ਫਾਇਰ ਹਾਈਡਰੈਂਟ ਲਾਏ ਜਾਂਦੇ ਹਨ ਅਤੇ ਅੱਗ ਲੱਗਣ ਤੇ ਇਸ ਨੂੰ ਬੁਝਾਉਣ ਲਈ ਪਾਣੀ ਦੀ ਲੋੜ ਫਾਇਰ ਹਾਈਡਰੈਂਟ ਰਾਹੀਂ ਹੀ ਪੂਰੀ ਕੀਤੀ ਜਾਂਦੀ ਹੈ।
ਫਾਇਰ ਹਾਈਡਰੈਂਟ ਲਾਲ ਰੰਗਾ ਲੋਹੇ ਦਾ 2 ਫੁੱਟ ਗੁਣਾ 2 ਫੁੱਟ ਸਾਈਜ਼ ਦੇ ਡੱਬੇ ਵਰਗਾ ਹੁੰਦਾ ਹੈ ਜੋ ਪਾਣੀ ਵਾਲੀ ਪਾਈਪ ਦੇ ਉਪਰ ਫਿੱਟ ਹੁੰਦਾ ਹੈ। ਇਸ ਵਿਚ ਤਰਪਾਲ ਜਾਂ ਰਬੜ ਦੀ ਡਬਲ ਬਰੇਡਡ ਹੋਜ਼ ਪਾਈਪ, ਡਰੱਮ ਉੱਤੇ ਲਪੇਟੀ ਹੁੰਦੀ ਹੈ ਜਿਸ ਵਿਚੋਂ ਅੱਗ ਬੁਝਾਉਣ ਲਈ ਪਾਣੀ ਲਿਆ ਜਾਂਦਾ ਹੈ। ਅੱਗ ਲੱਗਣ ਵੇਲੇ ਜਦੋਂ ਫਾਇਰ ਹਾਈਡਰੈਂਟ ਵਿਚੋਂ ਪਾਣੀ ਲਿਆ ਜਾਂਦਾ ਹੈ ਤਾਂ ਇਸ ਨਾਲ ਜੁੜੇ ਸੈਂਸਰ ਆਪਣੇ ਆਪ ਪੰਪ ਹਾਊਸ ਵਿਚ ਲੱਗੇ ਫਾਇਰ ਪੰਪ ਚਾਲੂ ਕਰ ਦਿੰਦੇ ਹਨ। ਇਸ ਨਾਲ ਪਾਈਪ ਵਿਚ ਵੱਧ ਪ੍ਰੈਸ਼ਰ ਨਾਲ ਪਾਣੀ ਆ ਕੇ ਅੱਗ ਉੱਤੇ ਕਾਬੂ ਪਾਉਂਦਾ ਹੈ।
ਆਟੋਮੈਟਿਕ ਸਪਰਿੰਕਲਰ ਸਿਸਟਮ
ਇਹ ਸਿਸਟਮ ਸੰਸਾਰ ਭਰ ਵਿਚ ਹਰ ਤਰ੍ਹਾਂ ਦੀਆਂ ਇਮਾਰਤਾਂ ਦੀਆਂ ਅੰਦਰਲੀਆਂ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਵਰਤਿਆ ਜਾਂਦਾ ਹੈ। ਆਟੋਮੈਟਿਕ ਸਪਰਿੰਕਲਰ ਦੀ ਖਾਸ ਵਿਸੇਸ਼ਤਾ ਇਹ ਹੈ ਕਿ ਇਹ ਅੱਗ ਲੱਗਣ ਦੀ ਘਟਨਾ ਨੂੰ ਆਪ ਹੀ ਫੜ ਲੈਂਦਾ ਹੈ ਅਤੇ ਅੱਗ ਵਾਲੀ ਥਾਂ ਉੱਤੇ ਜ਼ਰੂਰਤ ਅਨੁਸਾਰ ਪਾਣੀ ਛਿੜਕ ਕੇ ਅੱਗ ਤੇ ਕਾਬੂ ਪਾ ਲੈਂਦਾ ਹੈ।
ਆਟੋਮੈਟਿਕ ਸਪਰਿੰਕਲਰਜ ਨੂੰ ਕਮਰੇ ਅੰਦਰ ਛੱਤ ਦੇ ਪੱਧਰ ਤੇ ਲੱਗੀਆਂ ਪਾਣੀ ਦੀਆਂ ਪਾਈਪਾਂ ਨਾਲ ਲਾਇਆ ਜਾਂਦਾ ਹੈ। ਆਟੋਮੈਟਿਕ ਸਪਰਿੰਕਲਰ ਵਿਚ ਤਰਲ ਪਦਾਰਥ ਨਾਲ ਭਰਿਆ ਸ਼ੀਸੇ ਦਾ ਬੱਲਬ ਲੱਗਿਆ ਹੁੰਦਾ ਹੈ ਜੋ ਅੱਗ ਦੇ ਸੇਕ ਨਾਲ ਵਧ ਕੇ ਸਪਰਿੰਕਲਰ ਵਿਚੋਂ ਪਾਣੀ ਨੂੰ ਲੱਗੀ ਹੋਈ ਅੱਗ ਉਪਰ ਸੁੱਟ ਕੇ ਅੱਗ ਬੁਝਾਉਂਦਾ ਹੈ।
ਫਾਇਰ ਹਾਈਡਰੈਂਟ ਸਿਸਟਮ ਵਿਚ ਅੱਗ ਤੇ ਕਾਬੂ ਪਾਉਣ ਲਈ ਸਿਖਿਅਤ ਕਾਮਿਆਂ (ਫਾਇਰ ਵਰਕਰਾਂ) ਦੀ ਜ਼ਰੂਰਤ ਹੁੰਦੀ ਹੈ, ਜਦੋਂ ਕਿ ਸਪਰਿੰਕਲਰ ਸਿਸਟਮ ਆਪਣੇ ਆਪ ਪਾਣੀ ਸਪਰੇਅ ਕਰਕੇ ਅੱਗ ਕੰਟਰੋਲ ਕਰਦਾ ਹੈ।
ਸਮੋਕ ਡਿਟਕੈਟਰ ਤੇ ਆਟੋਮੈਟਿਕ ਫਾਇਰ ਅਲਾਰਮ ਸਿਸਟਮ
ਇਸ ਸਿਸਟਮ ਵਿਚ ਸਮੋਕ ਡਿਟੈਕਟਰ, ਅੱਗ ਲੱਗਣ ਨਾਲ ਨਿਕਲਦੇ ਧੂੰਏਂ ਨੂੰ ਪਛਾਣ ਕੇ ਫਾਇਰ ਅਲਾਰਮ ਵਜਾ ਦਿੰਦਾ ਹੈ। ਇਸ ਨਾਲ ਫਾਇਰ ਵਰਕਰਾਂ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਅੱਗ ਉੱਤੇ ਕਾਬੂ ਪਾਉਣ ਲਈ ਕਾਰਵਾਈ ਕਰਦੇ ਹਨ। ਬਹੁ ਮੰਜ਼ਿਲਾ ਇਮਾਰਤਾਂ ਵਿਚ ਸਮੇਂ ਸਿਰ ਅੱਗ ਕੰਟਰੋਲ ਕਰਨ ਲਈ ਸਮੋਕ ਡਿਟਕੈਟਰ ਅਤੇ ਫਾਇਰ ਅਲਾਰਮ ਸਿਸਟਮ ਸਮੇਂ ਦੀ ਲੋੜ ਹੈ।
ਇਕ ਸਰਵੇਖਣ ਅਨੁਸਾਰ ਸਾਡੇ ਸ਼ਹਿਰਾਂ ਵਿਚ ਜ਼ਿਆਦਾ ਇਮਾਰਤਾਂ ਫਾਇਰ ਪ੍ਰੋਟੈਕਸ਼ਨ ਕੋਡ ਦੇ ਮਿਆਰਾਂ ਉੱਤੇ ਖਰੀਆਂ ਨਹੀਂ ਉਤਰਦੀਆਂ। ਨੈਸ਼ਨਲ ਫਾਇਰ ਫਾਇਟਿੰਗ ਕੋਡ ਅੱਗ ਤੋਂ ਬਚਾਓ ਦੇ ਕਈ ਹੋਰ ਸੁਝਾਅ ਦਿੰਦਾ ਹੈ ਜਿਸ ਅਨੁਸਾਰ ਬਹੁ ਮੰਜ਼ਿਲਾ ਇਮਾਰਤਾਂ ਦੇ ਆਲੇ-ਦੁਆਲੇ 20 ਫੁੱਟ ਚੌੜ੍ਹੀ ਖਾਲੀ ਥਾਂ ਹੋਣੀ ਚਾਹੀਦੀ ਹੈ ਤਾਂ ਜੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਫਾਇਰਮੈਨ ਅੱਗ ਲੱਗਣ ਦੀ ਸੂਰਤ ਵਿਚ ਇਮਾਰਤ ਦੇ ਨੇੜੇ ਪਹੁੰਚ ਕੇ ਅੱਗ ਬੁਝਾਉਣ ਲਈ ਯੋਗ ਕਾਰਵਾਈ ਕਰ ਸਕਣ।
ਹਰ ਤਰ੍ਹਾਂ ਦੀਆਂ ਜਨਤਕ ਇਮਾਰਤਾਂ ਜਿਵੇਂ ਮੈਰਿਜ ਪੈਲੇਸ, ਮਾੱਲਜ਼, ਸਕੂਲ, ਹਸਪਤਾਲ ਤੇ ਸਿਨਮਾ ਘਰ ਜਿੱਥੇ ਬਹੁਤੀ ਗਿਣਤੀ ਵਿਚ ਲੋਕ ਇਕੱਠੇ ਹੁੰਦੇ ਹਨ, ਲਈ ਅੱਗ ਸੁਰੱਖਿਆ ਸਾਧਨ ਪੂਰੇ ਕਰਕੇ ਫਾਇਰ ਸੇਫਟੀ ਸਰਟੀਫਿਕੇਟ ਲੈਣਾ ਜ਼ਰੂਰੀ ਹੈ। ਹਰ ਸ਼ਹਿਰ ਦਾ ਫਾਇਰ ਅਫ਼ਸਰ ਇਮਾਰਤ ਦਾ ਅੱਗ ਸੁਰੱਖਿਆ ਪੱਖੋਂ ਮੁਆਇਨਾ ਕਰਕੇ ਫਾਇਰ ਸੇਫਟੀ ਸਰਟੀਫਿਕੇਟ ਜਾਰੀ ਕਰਦਾ ਹੈ।
ਹਰ ਸੂਝਵਾਨ ਨਾਗਰਿਕ ਦਾ ਫਰਜ਼ ਹੈ ਕਿ ਇਮਾਰਤਾਂ ਬਣਾਉਂਦੇ ਸਮੇਂ ਨੈਸ਼ਨਲ ਫਾਇਰ ਫਾਇਟਿੰਗ ਕੋਡ ਵੱਲੋਂ ਸੁਝਾਏ ਸੁਰੱਖਿਆ ਮਾਪਦੰਡਾਂ ਦਾ ਪਾਲਣ ਕਰੇ ਤਾਂ ਜੋ ਅੱਗ ਲੱਗਣ ਦੀਆਂ ਘਟਨਾਵਾਂ ਉੱਤੇ ਕਾਬੂ ਪਾ ਕੇ ਭਵਿੱਖ ਵਿਚ ਹੋਣ ਵਾਲੇ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ।

ਸੰਪਰਕ: 98150-22585


Comments Off on ਇਮਾਰਤਾਂ ਨੂੰ ਅੱਗ ਤੋਂ ਕਿਵੇਂ ਬਚਾਇਆ ਜਾਵੇ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.