ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਇਨਕਲਾਬੀ ਗੁਰੀਲੇ ਦਾ ਘਰ

Posted On June - 16 - 2019

ਮਨਦੀਪ
ਸੈਰ ਸਫ਼ਰ

ਚੀ ਗਵੇਰਾ ਦੀ ਸ਼ਖ਼ਸੀਅਤ ਦਾ ਹਿੰਸਕ ਨੌਜਵਾਨ ਵਾਲਾ ਪ੍ਰਭਾਵ ਦੁਨੀਆਂ ਭਰ ਦੇ ਨੌਜਵਾਨਾਂ ਵਿਚ ਆਮ ਦੇਖਣ ਨੂੰ ਮਿਲਦਾ ਹੈ, ਜਿਵੇਂ ਸ਼ਹੀਦ ਭਗਤ ਸਿੰਘ ਦਾ ਬੰਬਾਂ-ਪਿਸਤੌਲਾਂ ਵਾਲਾ ਬਿੰਬ ਨੌਜਵਾਨਾਂ ਉੱਤੇ ਆਪਣਾ ਜਾਦੂਈ ਅਸਰ ਕਰਦਾ ਹੈ। ਇਹ ਇਨਕਲਾਬੀ ਰੁਮਾਂਸਵਾਦ ਕਈ ਵਾਰ ਇਨਕਲਾਬ ਦੇ ਚਿੰਨ੍ਹ ਸ਼ਹੀਦਾਂ ਨੂੰ ਮਿੱਥ ਬਣਾ ਦਿੰਦਾ ਹੈ। ਇਸ ਭੈੜੀ ਵਬਾਅ ਤੋਂ ਇਨਕਲਾਬੀ ਲਹਿਰਾਂ ਵਿਚ ਕੰਮ ਕਰਨ ਵਾਲੇ ਬਹੁਤੇ ਨੌਜਵਾਨ ਕਾਮੇ ਤੇ ਆਗੂ ਵੀ ਅਛੂਤੇ ਨਹੀਂ ਰਹਿੰਦੇ। ਘੋੜੇ ’ਤੇ ਬੈਠਾ, ਪਿਸਤੌਲ ਨਾਲ ਨਿਸ਼ਾਨਾ ਸਾਧਦਾ, ਕਿਊਬਨ ਸਿਗਾਰ ਦਾ ਧੂੰਆਂ ਹਵਾ ਵਿਚ ਖਿਲਾਰਦਾ, ਮੋਢੇ ’ਤੇ ਟੰਗੀ ਐੱਮ-12, ਮੋਟਰਸਾਈਕਲ ਉੱਤੇ ਧੂੜਾਂ ਪੁੱਟਦਾ ਜਾਂਦਾ, ਗਰਾਨਮਾ (ਕਿਸ਼ਤੀ) ਉੱਤੇ ਪੋਜ਼ ਬਣਾਈ ਖੜ੍ਹਾ ਚੀ ਗਵੇਰਾ ਪੁਰਾਣੇ ਫੈਸ਼ਨ ਦਾ ਬਰੈਂਡ ਅਬੈਂਸਡਰ ਨਹੀਂ। ਇਨ੍ਹਾਂ ਮਿੱਥਾਂ ਤੋਂ ਪਾਰ ਵੀ ਉਸ ਦਾ ਆਪਣਾ ਵਿਅਕਤੀਤਵ ਹੈ। ਉਸ ਦੇ ਦੇਸ਼ ਅਤੇ ਉਸ ਦੇ ਘਰ (ਚੀ ਮਿਊਜ਼ੀਅਮ) ਜਾ ਕੇ ਉਸ ਦੀ ਜ਼ਿੰਦਗੀ ਦੇ ਪਹਿਲੂ ਦੇਖੇ। ਉਨ੍ਹਾਂ ਵਿਚੋਂ ਕੁਝ ਦਾ ਸੰਖੇਪ ਵੇਰਵਾ ਇਉਂ ਹੈ:
ਚੀ ਗਵੇਰਾ ਦਾ ਜਨਮ 14 ਜੂਨ 1928 ਨੂੰ ਅਰਜਨਟੀਨਾ ਦੇ ਸ਼ਹਿਰ ਰੋਸਾਰੀਓ ਵਿਚ ਹੋਇਆ ਜੋ ਮੁੱਖ ਵਪਾਰਕ ਕੇਦਰਾਂ ਵਿਚੋਂ ਇਕ ਹੈ। ਇਸ ਦੀ ਭੂਗੋਲਿਕ ਤੇ ਵਪਾਰਕ ਮਹੱਤਤਾ ਕਾਰਨ ਇਹ ਸ਼ਹਿਰ ਮੁੱਢ ਤੋਂ ਹੀ ਵਿਦੇਸ਼ੀ ਵਪਾਰੀਆਂ ਅਤੇ ਸੈਲਾਨੀਆਂ ਦੀ ਆਵਾਜਾਈ ਦਾ ਕੇਂਦਰ ਰਿਹਾ ਹੈ। ਗਵੇਰਾ ਪਰਿਵਾਰ ਇੱਥੋਂ ਦੀ ਇਕ ਵੱਡਆਕਾਰੀ ਅਤੇ ਆਲੀਸ਼ਾਨ ਇਮਾਰਤ ਵਿਚ ਕਿਰਾਏ ’ਤੇ ਰਹਿੰਦਾ ਸੀ ਜਿਸ ਵਿਚ ਦਰਜਨਾਂ ਹੋਰ ਫਲੈਟ ਸਨ। ਇੱਥੇ ਹੀ ਚੀ ਦਾ ਜਨਮ ਹੋਇਆ। ਗਵੇਰਾ ਦੇ ਘਰ ਜਾਣ ’ਤੇ ਪਤਾ ਲੱਗਾ ਕਿ ਇਸ ਆਲੀਸ਼ਾਨ ਇਮਾਰਤ ਵਿਚ ਚੀ ਨਾਲ ਸਬੰਧਿਤ ਕੋਈ ਯਾਦਗਰ ਨਹੀਂ ਹੈ, ਸਿਵਾਏ ਇਮਾਰਤ ਦੇ ਬਾਹਰ ਚੀ ਗਵੇਰਾ ਦੇ ਨਾਂ ਦੀ ਲੱਗੀ ਇਕ ਤਖਤੀ ਤੋਂ। ਚੀ ਗਵੇਰਾ ਦੇ ਜਨਮ ਵਾਲਾ ਕਮਰਾ ਹੁਣ ਕਿਸੇ ਨਵੇਂ ਕਿਰਾਏਦਾਰ ਕੋਲ ਕਿਰਾਏ ’ਤੇ ਹੈ। ਕਈ ਕਿਰਾਏਦਾਰ ਆਏ ਅਤੇ ਇਸ ਕਮਰੇ ਵਿਚ ਰਹਿ ਕੇ ਚਲੇ ਗਏ। ਇਮਾਰਤ ਦੇ ਮਾਲਕ ਅਤੇ ਅਰਜਨਟੀਨਾ ਦੀਆਂ ਸਰਕਾਰਾਂ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਿ ਇੱਥੇ ਮਹਾਨ ਇਨਕਲਾਬੀ ਦਾ ਜਨਮ ਹੋਇਆ ਸੀ। ਚੀ ਦੇ ਜਨਮ ਅਸਥਾਨ ਤੋਂ ਪਰਤਦਿਆਂ ਉਸ ਦੇ ਗਰਾਈਆਂ ਤੋਂ ਪਤਾ ਲੱਗਾ ਕਿ ਰੋਸਾਰੀਓ ਵਿਚ ਉਸ ਦੀ ਯਾਦ ਵਿਚ ਇਕ ਅਜਾਇਬਘਰ ਬਣਿਆ ਹੋਇਆ ਹੈ।

ਚੀ ਗਵੇਰਾ ਦੀ ਇਕ ਯਾਦਗਾਰੀ ਤਸਵੀਰ।

ਰੋਸਾਰੀਓ ’ਚ ਚੀ ਦੀ ਯਾਦਗਾਰ ਰੀਓ ਪਰਾਨਾ ਨਦੀ ਦੇ ਕੰਢੇ ਉੱਤੇ ਸੁੰਦਰ ਕੁਦਰਤੀ ਨਜ਼ਾਰਿਆਂ ਨਾਲ ਘਿਰੀ ਹੋਈ ਥਾਂ ਉੱਤੇ ਬਣੀ ਹੋਈ ਹੈ। ਰੀਓ ਦੇ ਕਿਨਾਰੇ ਦੂਰ ਤਕ ਇਕ ਲੰਮਾ ਇਕ ਪਾਰਕ ਬਣਿਆ ਹੋਇਆ ਹੈ ਜਿੱਥੇ ਸਵੇਰ ਤੋਂ ਲੈ ਕੇ ਸ਼ਾਮ ਤਕ ਸਦਾ ਚਹਿਲ-ਪਹਿਲ ਰਹਿੰਦੀ ਹੈ। ਕਦੇ ਕਦੇ ਮਾਲ ਢੋਣ ਵਾਲੇ ਸਮੁੰਦਰੀ ਜਹਾਜ਼ਾਂ ਦੇ ਹਾਰਨ ਅਤੇ ਮਛੇਰਿਆਂ ਦੀਆਂ ਆਵਾਜ਼ਾਂ ਤੋਂ ਬਿਨਾਂ ਇਸ ਸ਼ਾਂਤ ਅਤੇ ਸੁੰਦਰ ਜਗ੍ਹਾ ਉੱਤੇ ਕੋਈ ਸ਼ੋਰ-ਸ਼ਰਾਬਾ ਨਹੀਂ। ਇਸ ਅਜਾਇਬਘਰ ਦਾ ਮਾਹੌਲ ਬੜਾ ਸਾਦਾ ਅਤੇ ਸਾਹਿਤਕ ਦਿੱਖ ਵਾਲਾ ਹੈ। ਥੀਏਟਰ ਹਾਲ ਵਾਂਗ ਇਕ ਮੱਧ-ਆਕਾਰੀ ਇਮਾਰਤ ਵਿਚ ਕਲਾ ਖੇਤਰ ਨਾਲ ਸਬੰਧਿਤ ਕਈ ਵੰਨਗੀਆਂ ਇੱਥੇ ਦੇਖਣ ਨੂੰ ਮਿਲ ਜਾਂਦੀਆਂ ਹਨ। ਪੂਰਾ ਹਾਲ ਛੋਟੇ-ਛੋਟੇ ਕੈਬਿਨ ਬਣਾ ਕੇ ਕਈ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਆਰਟ ਗੈਲਰੀ ਵਾਂਗ ਚੀ ਨਾਲ ਸਬੰਧਿਤ ਜਾਣਕਾਰੀ ਨੂੰ ਦਰਸਾਉਂਦੀ ਪ੍ਰਦਰਸ਼ਨੀ ਹਾਲ ਦੇ ਜ਼ਮੀਨਦੋਜ਼ ਹਿੱਸੇ ਵਿਚ ਬਣਾਈ ਗਈ ਹੈ। ਪੂਰੀ ਤਰ੍ਹਾਂ ਸ਼ਾਂਤ ਅਤੇ ਸੁੰਨਸਾਨ ਗੈਲਰੀ ਵਿਚ ਉਸ ਦੀ ਜ਼ਿੰਦਗੀ ਦੇ ਕੁਝ ਮਹੱਤਵਪੂਰਨ ਪਹਿਲੂਆਂ ਨੂੰ ਦਰਸਾਉਂਦੀਆਂ ਤਸਵੀਰਾਂ ਵੇਰਵੇ (ਸਪੈਨਿਸ਼ ਭਾਸ਼ਾ ਵਿਚ) ਸਹਿਤ ਦੀਵਾਰਾਂ ਉੱਤੇ ਲੱਗੀਆਂ ਹੋਈਆਂ ਹਨ। ਇਸ ਜ਼ਮੀਨਦੋਜ਼ ਗੈਲਰੀ ਵਿਚ ਇਕ ਕੋਨੇ ’ਚ ਪੁਰਾਣੇ ਵੇਲਿਆਂ ਦੀਆਂ ਇਮਾਰਤਾਂ ਵਾਂਗ ਇਕ ਰੌਸ਼ਨਦਾਨ ਵਿਚਦੀ ਰੀਓ ਵਾਲੇ ਪਾਸਿਓਂ ਆ ਰਹੀਆਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਚੀ ਦੀਆਂ ਸ਼ੀਸ਼ੇ ਦੀਆਂ ਕੰਧਾਂ ਉੱਤੇ ਬਣਾਈਆਂ ਤਸਵੀਰਾਂ ਦੇ ਨਕਸ਼ ਉਘਾੜਦੀਆਂ ਹਨ। ਗੈਲਰੀ ਵਿਚ ਚੀ ਦੀਆਂ ਤਸਵੀਰਾਂ ਤੋਂ ਇਲਾਵਾ ਉਸ ਦੀਆਂ ਹੱਥਲਿਖਤਾਂ ਦੇ ਫੋਟੋਕਾਪੀ ਕੀਤੇ ਕੁਝ ਪੰਨੇ ਸ਼ੀਸ਼ਿਆਂ ਵਿਚ ਜੜ੍ਹਾ ਕੇ ਰੱਖੇ ਹੋਏ ਹਨ। ਪੂਰੀ ਗੈਲਰੀ ਨੂੰ ਕਮਰੇ ਦੇ ਕੇਂਦਰ ਵਿਚ ਖੜ੍ਹ ਕੇ ਚਾਰੇ ਪਾਸੇ ਨਜ਼ਰ ਘੁੰਮਾ ਕੇ ਕੁਝ ਮਿੰਟਾਂ ਵਿਚ ਹੀ ਦੇਖਿਆ ਜਾ ਸਕਦਾ ਹੈ। ਚੀ ਗਵੇਰਾ ਦੀ ਯਾਦ ’ਚ ਬਣੀ ਇਸ ਗੈਲਰੀ ਵਿਚ ਇਹੀ ਕੁਝ ਹੈ ਜੋ ਨਾਕਾਫ਼ੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇੱਥੇ ਚੀ ਦਾ ਵੱਡਆਕਾਰੀ ਬੁੱਤ ਅਤੇ ਇਕ ਪਾਰਕ ਵੀ ਹੈ ਜੋ ਗੈਲਰੀ ਤੋਂ ਕੁਝ ਦੂਰੀ ’ਤੇ ਹੈ। ਪਾਰਕ ਸਿਰਫ਼ ਨਾਮ ਦਾ ਹੀ ਪਾਰਕ ਹੈ। ਉਸ ਛੋਟੇ ਜਿਹੇ ਪਾਰਕ ਦੀ ਇਕ ਕੰਧ ਉੱਤੇ ਚੀ ਗਵੇਰਾ ਦੀ ਪੇਟਿੰਗ ਹੀ ਹੈ ਅਤੇ ਉਸ ਦਾ ਨਾਮ ‘ਪਲਾਸਾ ਦੇ ਚੀ ਗਵੇਰਾ’ ਸੀ। ਇਹ ਬੁੱਤ ਆਕਰਸ਼ਕ ਹੈ। ਚਾਰ ਮੀਟਰ ਲੰਮਾ ਅਤੇ ਤਿੰਨ ਸੌ ਕਿਲੋ ਦੇ ਇਸ ਬੁੱਤ ਉੱਤੇ ਕਾਂਸੀ ਦੀ ਪਰਤ ਚਾੜ੍ਹੀ ਹੋਈ ਹੈ। ਇਹ ਬੁੱਤ 14 ਜੂਨ 2008 ਨੂੰ ਸਥਾਪਿਤ ਕੀਤਾ ਗਿਆ ਸੀ। ਫ਼ੌਜੀ ਵਰਦੀ ਅਤੇ ਸਿਰ ’ਤੇ ਲਾਲ ਤਾਰੇ ਵਾਲੀ ਮਸ਼ਹੂਰ ਫ਼ੌਜੀ ਟੋਪੀ ਵਾਲਾ ਰੋਹਬਦਾਰ ਮੁਦਰਾ ’ਚ ਖੜ੍ਹਾ ਚੀ ਦਾ ਇਹ ਬੁੱਤ ਉਸ ਦੀ ਸ਼ਖ਼ਸੀਅਤ ਦੇ ਮੇਚ ਦਾ ਹੈ। ਰੋਸਾਰੀਓ ਦੇ ਵੱਡੇ ਪਾਰਕ ਵਿਚ ਮੌਜੂਦ ਇਹ ਬੁੱਤ ਹਰ ਰਾਹਗੀਰ ਦਾ ਧਿਆਨ ਖਿੱਚਦਾ ਹੈ। ਨੇੜੇ ਹੀ ਫੁੱਟਬਾਲ ਦਾ ਮੈਦਾਨ ਹੈ ਜਿੱਥੇ ਅਰਜਨਟੀਨਾ ਦਾ ਮਸ਼ਹੂਰ ਖਿਡਾਰੀ ਲਿਓਨਲ ਮੈਸੀ ਬਚਪਨ ਅਤੇ ਵਿਦਿਆਰਥੀ ਜੀਵਨ ਦੌਰਾਨ ਖੇਡਦਾ ਰਿਹਾ। ਚੀ ਗਵੇਰਾ ਤੇ ਲਿਓਨਲ ਮੈਸੀ ਦੀ ਜਨਮ ਭੂਮੀ ਹੋਣ ਸਦਕਾ ਰੋਸਾਰੀਓ ਦਾ ਨਾਮ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ।

ਮਨਦੀਪ

ਰੋਸਾਰੀਓ ਵਿਚ ਜਨਮ ਤੋਂ ਬਾਅਦ ਚੀ ਨੂੰ ਸਾਹ ਦੀ ਸਮੱਸਿਆ ਰਹਿਣ ਲੱਗੀ। ਡਾਕਟਰਾਂ ਦੇ ਕਹਿਣ ’ਤੇ ਮਾਪੇ ਉਸ ਨੂੰ ਨਾਲ ਲੈ ਕੇ ਅਰਜਨਟੀਨਾ ਦੇ ਵੱਡੇ ਸ਼ਹਿਰ ਕੋਰਦੋਬਾ ਤੋਂ ਚਾਲੀ ਕਿਲੋਮੀਟਰ ਦੂਰ ਕੁਦਰਤ ਦੀ ਗੋਦ ਵਿਚ ਵਸੇ ਇਕ ਨਿੱਕੇ ਜਿਹੇ ਪਿੰਡ ਆਲਤਾ ਗਰਾਸੀਆ ਆ ਗਏ। ਇੱਥੇ ਹੀ ਚੀ ਦਾ ਬਚਪਨ ਬੀਤਿਆ। 14 ਜੁਲਾਈ 2001 ਨੂੰ ਇਹ ਘਰ ਅਜਾਇਬਘਰ ਵਜੋਂ ਖੋਲ੍ਹ ਦਿੱਤਾ ਗਿਆ। ਇਸ ਘਰ ਵਿਚ ਚੀ ਅਤੇ ਉਸ ਦੇ ਪਰਿਵਾਰ ਨਾਲ ਸਬੰਧਿਤ ਵਸਤਾਂ, ਤਸਵੀਰਾਂ, ਹੱਥਲਿਖਤਾਂ ਆਦਿ ਨੂੰ ਵੱਖ ਵੱਖ ਥਾਵਾਂ ਤੋਂ ਇਕੱਠਾ ਕਰਕੇ ਜਨਤਕ ਤੌਰ ’ਤੇ ਖੁੱਲ੍ਹੀ ਪ੍ਰਦਰਸ਼ਨੀ ਲਈ ਰੱਖਿਆ ਗਿਆ ਹੈ।
ਚੀ ਗਵੇਰਾ ਬਚਪਨ ਵਿਚ ਫੁਰਤੀਲਾ ਅਤੇ ਸ਼ਰਾਰਤੀ ਸੀ। ਉਹ ਖੇਡਾਂ ਅਤੇ ਪੜ੍ਹਾਈ ਵਿਚ ਹਮੇਸ਼ਾਂ ਅੱਵਲ ਰਹਿੰਦਾ। ਉਹ ਆਪਣੇ ਤੋਂ ਵੱਡੀ ਉਮਰ ਦੇ ਬੱਚਿਆਂ ਨਾਲੋਂ ਵੀ ਤੇਜ਼ ਸੀ। ਉਸ ਨੂੰ ਗੋਲਫ ਖੇਡਣ ਦਾ ਬਹੁਤ ਸ਼ੌਕ ਸੀ। ਇਸ ਤੋਂ ਇਲਾਵਾ ਨਿੱਕੇ ਹੁੰਦਿਆਂ ਜੰਗਲ ਵਿਚ ਸ਼ਿਕਾਰ ਕਰਨ ਜਾਣਾ ਉਸ ਦਾ ਦੂਜਾ ਵੱਡਾ ਸ਼ੌਕ ਸੀ। ਸਾਰਾ ਦਿਨ ਟਪੂਸੀਆਂ ਮਾਰਦੇ ਫਿਰਨ ਕਰਕੇ ਸਾਰੇ ਉਸ ਨੂੰ ‘ਚਾਂਚੋਂ’ (ਸੂਰ) ਆਖਦੇ ਸਨ।
ਚੀ ਬਚਪਨ ਤੋਂ ਹੀ ਖੋਜੀ ਬਿਰਤੀ ਵਾਲਾ ਸੀ। ਉਹ ਆਪਣੀਆਂ ਖੇਡਾਂ ਆਪਣੇ ਹੱਥੀਂ ਬਣਾਉਂਦਾ। ਉਸ ਨੂੰ ਬਿਮਾਰੀ ਕਾਰਨ ਸਕੂਲ ਦੇਰ ਨਾਲ ਦਾਖਲ ਕਰਵਾਇਆ ਗਿਆ ਅਤੇ ਮਾਂ ਨੇ ਦੋ ਸਾਲ ਉਸ ਨੂੰ ਘਰ ਹੀ ਪੜ੍ਹਾਇਆ। ਕਵਿਤਾ ਨੂੰ ਪਿਆਰ ਕਰਨ ਵਾਲਾ ਚੀ ਚਿੱਤਰਕਾਰੀ, ਸੰਗੀਤ, ਫੁੱਟਬਾਲ, ਘੋੜਸਵਾਰੀ, ਗੋਲਫ, ਸਾਈਕਲਿੰਗ ਤੇ ਸ਼ਤਰੰਜ ਖੇਡਣਾ ਪਸੰਦ ਕਰਦਾ ਸੀ। ਇਹ ਘਰ ਉਸ ਦੀ ਸਾਹਿਤਕ ਅਤੇ ਸਾਹਸੀ ਕਾਰਨਾਮੇ ਕਰਨ ਦੀ ਪਹਿਲੀ ਪ੍ਰਯੋਗਸ਼ਾਲਾ ਸੀ ਅਤੇ ਉਸ ਦੇ ਪਹਿਲੇ ਅਧਿਆਪਕ ਉਸ ਦੇ ਮਾਤਾ-ਪਿਤਾ ਸਨ।
ਇਸ ਮਗਰੋਂ ਚੀ ਗਵੇਰਾ ਸਕੂਲੀ ਪੜ੍ਹਾਈ, ਯੂਨੀਵਰਸਿਟੀ ਵਿਚ ਮੈਡੀਕਲ ਸਿੱਖਿਆ, ਦੋਸਤ ਅਲਬੇਰਤੋ ਨਾਲ ਮਿਲ ਕੇ ਦੱਖਣੀ ਅਮਰੀਕਾ ਦਾ ਦੌਰਾ ਕਰਨ, 1953 ’ਚ ਅਰਜਨਟੀਨਾ ਨੂੰ ਅਲਵਿਦਾ, 1954 ’ਚ ਗੁਆਟੇਮਾਲਾ ਦੀਆਂ ਸਿਆਸੀ ਸਰਗਰਮੀਆਂ ’ਚ ਹਿੱਸਾ, 1955 ਨੌਜਵਾਨ ਵਕੀਲ ਫੀਦਲ ਕਾਸਤਰੋ ਨਾਲ ਮੁਲਾਕਾਤ ਤੇ ਭਵਿੱਖ ਦੇ ਕਿਊਬਨ ਇਨਕਲਾਬ ਦੀ ਰੂਪ-ਰੇਖਾ ਬਣਾਉਣ, 1956 ’ਚ ਪੇਰੂਵੀਅਨ ਮਾਰਕਸਵਾਦੀ ਮੁਟਿਆਰ ਹਿਲਦਾ ਨਾਲ ਮੈਕਸਿਕੋ ’ਚ ਪ੍ਰੇਮ ਵਿਆਹ, ’26 ਜੁਲਾਈ ਲਹਿਰ ਤੇ ਇਨਕਲਾਬੀ ਅਖ਼ਬਾਰ ਤੇ ਹੋਰ ਸਾਹਿਤ ਦੀ ਪ੍ਰਕਾਸ਼ਨਾ, ਮੈਕਸਿਕੋ ਤੋਂ ਕਿਊਬਾ ਵੱਲ ਕੂਚ ਅਤੇ ਗੁਰੀਲਾ ਕਾਰਵਾਈਆਂ ਦੇ ਦੋ ਵਰ੍ਹੇ, 1959 ਵਿਚ ਕਿਊਬਨ ਤਾਨਾਸ਼ਾਹ ਦਾ ਤਖਤਾਪਲਟ, ਕਈ ਸਾਲ ਕਿਊਬਨ ਇਨਕਲਾਬ ਦੀ ਪ੍ਰਪੱਕਤਾ ਲਈ ਜੱਦੋਜਹਿਦ, ਕਿਊਬਨ ਸਰਕਾਰ ਵਿਚ ਮਹੱਤਵਪੂਰਨ ਅਹੁਦੇ, ਦੁਨੀਆਂ ਭਰ ਦੇ ਅਨੇਕਾਂ ਦੇਸ਼ਾਂ ਦੇ ਦੌਰੇ, ਕਿਊਬਾ ਨੂੰ ਅਲਵਿਦਾ ਆਖ ਬੋਲੀਵੀਆ ਵਿਚ ਹਥਿਆਰਬੰਦ ਸੰਘਰਸ਼ ਲਈ ਯਤਨ ਕਰਦਿਆਂ ਅਖੀਰ 1967 ’ਚ ਦੁਸ਼ਮਣ ਫ਼ੌਜ ਹੱਥੋਂ ਸ਼ਹੀਦ ਹੋਇਆ।
ਚੀ ਗਵੇਰਾ ਦੀ ਸ਼ਹੀਦੀ ਦੇ ਛੇ ਦਹਾਕੇ ਪੂਰੇ ਹੋਣ ਜਾ ਰਹੇ ਹਨ। ਇਸ ਦੌਰਾਨ ਸੰਸਾਰ ਦੇ ਹਾਲਾਤ ਬੇਹੱਦ ਤੇਜ਼ੀ ਨਾਲ ਬਦਲੇ ਹਨ। ਉਸ ਦੀ ਪ੍ਰਸਿੱਧੀ ਦੁਨੀਆਂ ਵਿਚ ਦਿਨ-ਬ-ਦਿਨ ਹੋਰ ਵਧ ਰਹੀ ਹੈ। ਪਰ ਇਹ ਪ੍ਰਸਿੱਧੀ ਵਧੇਰੇ ਕਰਕੇ ਉਸ ਦੇ ਵਿਅਕਤੀਤਵ ਦੁਆਲੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੀ ਵਿਚਾਰਧਾਰਾ ਅਤੇ ਉਸ ਦੇ ਆਦਰਸ਼ਾਂ ਨੂੰ ਛੁਟਿਆਉਣ ਦੇ ਵੀ ਯਤਨ ਹੋ ਰਹੇ ਹਨ। ਇਹ ਕੋਈ ਅਤਿਕਥਨੀ ਨਹੀਂ ਕਿ ਉਹ ਹਥਿਆਰਬੰਦ ਜਮਾਤੀ ਸੰਘਰਸ਼ ਦਾ ਮਿਸਾਲੀ ਲੜਾਕਾ ਸੀ, ਪਰ ਹਰ ਤਰ੍ਹਾਂ ਦੀਆਂ ਮਿੱਥਾਂ ਵਿਚਕਾਰ ਉਹ ਵਿਚਾਰਵਾਨ ਇਨਕਲਾਬੀ ਵੀ ਸੀ। ਉਸ ਦਾ ਬਚਪਨ ਅਤੇ ਆਲਤਾ ਗਰਾਸੀਆ ਵਾਲੇ ਘਰ ਵਿਚ ਪਈਆਂ ਉਸ ਦੀਆਂ ਯਾਦਾਂ, ਉਸ ਦੇ ਬਚਪਨ ਦੇ ਸੰਗੀਆਂ ਤੇ ਗਰਾਈਆਂ ਦੇ ਜ਼ੁਬਾਨੀ ਕਿੱਸੇ, ਕਿਊਬਾ ਵਿਚਲੇ ਘਰ ਵਿਚ ਪਈਆਂ ਉਸ ਦੀਆਂ ਹੱਥਲਿਖਤਾਂ, ਉਸ ਦੇ ਭਾਸ਼ਣ ਅਤੇ ਮੁਲਾਕਾਤਾਂ ਆਦਿ ਚੀ ਦੀ ਵਿਚਾਰਵਾਨ ਸ਼ਖ਼ਸੀਅਤ ਤੋਂ ਜਾਣੂੰ ਕਰਵਾਉਂਦੇ ਹਨ। ਉਸ ਦਾ ਪਿੰਡ ਇਤਿਹਾਸਕ ਮਹੱਤਤਾ ਵਾਲਾ ਪਿੰਡ ਹੈ। ਸਪੈਨਿਸ਼ ਸੰਗੀਤਕਾਰ ਮਨੂਅਲ ਫਾਜਾ ਅਤੇ ਪ੍ਰਸਿੱਧ ਚਿੱਤਰਕਾਰ ਗਾਬਰੀਅਲ ਦੂਬੇ ਨੇ ਇੱਥੇ ਆਪਣੀ ਜ਼ਿੰਦਗੀ ਦੇ ਕਈ ਦਹਾਕੇ ਬਿਤਾਏ।
ਚੀ ਗਵੇਰਾ ਦੇ ਘਰ ਦੇ ਸਾਹਮਣੇ ਸੜਕ ’ਤੇ ਖੜ੍ਹਿਆਂ ਬਾਹਰੋਂ ਹੀ ਵਰਾਂਡੇ ਦੀ ਦੇਹਲੀ ਉੱਤੇ ਬਾਲ ਚੀ ਦਾ ਬੁੱਤ ਦੇਖਣ ਨੂੰ ਮਿਲਦਾ ਹੈ ਜੋ ਗਹਿਰੀਆਂ ਅੱਖਾਂ ਨਾਲ ਘਰ ਆਏ ਮਹਿਮਾਨ ਦਾ ਸਵਾਗਤ ਕਰਦਾ ਜਾਪਦਾ ਹੈ। ਵਰਾਂਡੇ ਅੰਦਰ ਵੀ ਉਸ ਦਾ ਬੁੱਤ ਲੱਗਿਆ ਹੋਇਆ ਹੈ। ਹਰ ਸਾਲ ਇਸ ਦੇ ਇਕ ਪਾਸੇ ਕਿਊਬਾ ਦਾ ਝੰਡਾ ਅਤੇ ਦੂਜੇ ਪਾਸੇ ਅਰਜਨਟੀਨਾ ਦਾ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ। ਇਸ ਬੁੱਤ ਦੇ ਇਕ ਪਾਸੇ, ਇਕ ਖੂੰਜੇ ’ਚ ਹਰ ਵਕਤ ਮਸ਼ਾਲ ਬਲਦੀ ਰਹਿੰਦੀ ਹੈ। ਘਰ ਦੀ ਲੌਬੀ ’ਚ ਉਸ ਦੀਆਂ ਜਵਾਨੀ ਤੋਂ ਲੈ ਕੇ ਅੰਤਲੇ ਦਿਨਾਂ ਤਕ ਦੀਆਂ ਵੱਡਆਕਾਰੀ ਤਸਵੀਰਾਂ ਲੱਗੀਆਂ ਹੋਈਆਂ ਹਨ। ਲੌਬੀ ਦੇ ਸੱਜੇ ਹੱਥ ਪਹਿਲਾ ਕਮਰਾ ਉਸੇ ਦਾ ਹੈ। ਇੱਥੇ ਚੀ ਦਾ ਬੈੱਡ, ਉਸ ਦੀ ਸਕੂਲੀ ਵਰਦੀ, ਬੂਟ, ਖਿਡੌਣੇ, ਛੋਟੀ ਰੇਲਗੱਡੀ, ਸਕੂਲ ਬੈਗ, ਪੜ੍ਹਨ ਕੁਰਸੀ ਅਤੇ ਮੇਜ਼, ਕੁਝ ਕਿਤਾਬਾਂ ਆਦਿ ਪੂਰੀ ਤਰਤੀਬ ਨਾਲ ਰੱਖੀਆਂ ਪਈਆਂ ਹਨ। ਕਮਰੇ ਦੀਆਂ ਕੰਧਾਂ ਉੱਤੇ ਉਸ ਦੀਆਂ ਬਚਪਨ ਦੀਆਂ ਤਸਵੀਰਾਂ (ਸਮੇਤ ਪਰਿਵਾਰ) ਫਰੇਮ ਕਰਕੇ ਜੜੀਆਂ ਹੋਈਆਂ ਹਨ ਅਤੇ ਹੇਠਾਂ ਸਪੈਨਿਸ਼ ਭਾਸ਼ਾ ਵਿਚ ਉਨ੍ਹਾਂ ਦੇ ਵੇਰਵੇ ਦਿੱਤੇ ਹੋਏ ਹਨ। ਕੰਧ ’ਤੇ ਇਕ ਫਰੇਮ ਵਿਚ ਚੀ ਗਵੇਰਾ ਦੀ ਪਹਿਲੀ ਜਮਾਤ ਦੀ ਹੱਥਲਿਖਤ ਜੜੀ ਹੋਈ ਹੈ।
ਕੰਧਾਂ ਉੱਤੇ ਉਸ ਦੇ ਬਚਪਨ ਤੋਂ ਲੈ ਕੇ ਸਕੂਲ ਅਤੇ ਫਿਰ ਕਾਲਜ ਦੇ ਦਿਨਾਂ, ਦੋਸਤਾਂ ਨਾਲ ਬਾਹਰ ਘੁੰਮਣ ਦੀਆਂ ਫੋਟੋਆਂ, ਉਸ ਦੇ ਨੰਬਰ ਕਾਰਡਾਂ ਅਤੇ ਸ਼ਨਾਖਤੀ ਕਾਰਡਾਂ ਦੀਆਂ ਅਸਲ ਕਾਪੀਆਂ ਫਰੇਮ ਕਰਕੇ ਪ੍ਰਦਰਸ਼ਿਤ ਕੀਤੀਆਂ ਹੋਈਆਂ ਹਨ। ਉਸ ਦੇ ਮੈਡੀਕਲ ਦੀ ਪੜ੍ਹਾਈ ਕਰਦੇ ਸਮੇਂ ਯੂਨੀਵਰਸਿਟੀ ਅਤੇ ਉੱਥੋਂ ਦੀ ਪ੍ਰਯੋਗਸ਼ਾਲਾ ਦੀਆਂ ਵੀ ਕਈ ਤਸਵੀਰਾਂ ਹਨ।
ਨਾਲ ਦੇ ਕਮਰੇ ਵਿਚ ਚੀ ਦਾ ਸਾਈਕਲ, ਗੋਲਫ ਕਿੱਟ, ਚਮੜੇ ਦਾ ਭੂਰਾ ਅਟੈਚੀ, ਸਟੋਵ, ਟਾਈਪਰਾਈਟਰ, ਟੇਬਲ ਲੈਂਪ, ਮੈਡੀਕਲ ਕੋਰਸ ਦੀਆਂ ਕਿਤਾਬਾਂ, ਲੱਕੜ ਦੇ ਕੱਪੜੇ ਟੰਗਣ ਵਾਲੇ ਸਟੈਂਡ ’ਤੇ ਟੰਗੀ ਹੋਈ ਸਫ਼ੈਦ ਕਮੀਜ਼ ਅਤੇ ਕੰਧਾਂ ਉੱਤੇ ਲਾਤੀਨੀ ਅਮਰੀਕੀ ਦੇਸ਼ਾਂ ਤੇ ਵਿਸ਼ਵ ਦਾ ਨਕਸ਼ਾ ਲਟਕ ਰਿਹਾ ਹੈ। ਚੀ ਦਾ ਸਾਈਕਲ ਉਸ ਦੀ ਖੋਜੀ ਬਿਰਤੀ ਦਾ ਖ਼ਾਸ ਨਮੂਨਾ ਹੈ। ਇਸ ਪੁਰਾਣੇ ਸਾਈਕਲ ਨੂੰ ਉਸ ਨੇ ਇਸ ਢੰਗ ਨਾਲ ਤਿਆਰ ਕੀਤਾ ਕਿ ਇਹ ਸਾਈਕਲ ਅਤੇ ਮੋਟਰਸਾਈਕਲ ਦੋਵਾਂ ਦਾ ਕੰਮ ਦਿੰਦਾ ਸੀ। ਚੀ ਨੇ ਇਸ ਹੇਠ ਇਕ ਛੋਟਾ ਜਿਹਾ ਇੰਜਣ ਲਾ ਕੇ ਅਤੇ ਸਾਈਕਲ ਦੀ ਪਿਛਲੀ ਸੀਟ ਉੱਤੇ ਤੇਲ ਦੀ ਟੈਂਕੀ ਲਗਾ ਕੇ ਇਸ ਨੂੰ ਨਵਾਂ ਰੂਪ ਦਿੱਤਾ। ਉਸ ਨੇ ਇਸ ਇੰਜਣ ਤੋਂ ਹੀ ਬਿਜਲੀ ਤਿਆਰ ਕਰਨ ਵਾਲਾ ਯੰਤਰ ਲਾ ਕੇ ਸਾਈਕਲ ਅੱਗੇ ਵੱਡੀ ਲਾਈਟ ਲਾਈ ਹੋਈ ਸੀ। ਉਸ ਦੀਆਂ ਬਚਪਨ ਦੀਆਂ ਖੇਡਾਂ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਇਨ੍ਹਾਂ ਦੀ ਸ਼ਕਲ ਵਿਗਾੜ ਕੇ, ਇਨ੍ਹਾਂ ਉੱਤੇ ਆਪਣੀ ਕਲਾਕਾਰੀ ਦਿਖਾ ਕੇ ਆਮ ਖੇਡਾਂ ਨੂੰ ਖ਼ਾਸ ਦਿੱਖ ਪ੍ਰਦਾਨ ਕਰਦਾ ਸੀ। ਇਸੇ ਲਈ ਬਚਪਨ ’ਚ ਉਹ ਆਪਣੀ ਮਿੱਤਰ ਮੰਡਲੀ ਦਾ ਮੋਹਰੀ ਸੀ। ਉਸ ਨੇ ਆਪਣੇ ਮੋੋਟਰਸਾਈਕਲ, ਜੋ 1936 ’ਚ ਇੰਗਲੈਂਡ ਦਾ ਬਣਿਆ ਹੋਇਆ ਸੀ, ’ਤੇ ਲਗਪਗ ਸਾਰਾ ਲਾਤੀਨੀ ਅਮਰੀਕਾ ਗਾਹ ਮਾਰਿਆ। ਆਪਣੇ ਦੋਸਤ ਅਲਬੇਰਤੋ ਗਰਾਨਾਦੋ ਨਾਲ ਮਿਲ ਕੇ 4,000 ਕਿਲੋਮੀਟਰ ਦਾ ਪਹਿਲਾ ਸਫ਼ਰ ਕੀਤਾ। ਜਦੋਂ ਦੋਵੇਂ ਲਾਤੀਨੀ ਅਮਰੀਕਾ ਦੀ ਯਾਤਰਾ ’ਤੇ ਨਿਕਲੇ ਤਾਂ ਲਾਤੀਨੀ ਪ੍ਰੈੱਸ ਨੇ ਨੌਜਵਾਨ ਡਾਕਟਰ ਚੀ ਅਤੇ ਉਸ ਦੇ ਦੋਸਤ ਨੂੰ ਉਦੋਂ ਹੀ ਨਾਇਕ ਬਣਾ ਦਿੱਤਾ ਸੀ। ਅਖ਼ਬਾਰਾਂ ਦੇ ਇਹ ਪੰਨੇ ਉਨ੍ਹਾਂ ਦੀਆਂ ਤਸਵੀਰਾਂ ਸਮੇਤ ਅੱਜ ਵੀ ਕੰਧ ਉੱਤੇ ਲੱਗੇ ਹੋਏ ਹਨ। ਲੰਮੀ ਯਾਤਰਾ ਦੌਰਾਨ ਕਈ ਵਾਰੀ ਮੋਟਰਸਾਈਕਲ ਨੇ ਅੱਗੇ ਚੱਲਣ ਤੋਂ ਇਨਕਾਰ ਕੀਤਾ, ਪਰ ਚੀ ਇਸ ਨੂੰ ਫਿਰ ਤੁਰਨ ਜੋਗਾ ਕਰ ਲੈਂਦਾ। ਕਈ ਤਸਵੀਰਾਂ ਅਜਿਹੀਆਂ ਹਨ ਜਿੱਥੇ ਡਾਕਟਰ ਚੀ ਮੋਟਰਸਾਈਕਲ ਨੂੰ ਜ਼ਮੀਨ ’ਤੇ ਲਿਟਾ ਕੇ ਉਸ ਦਾ ਅਪਰੇਸ਼ਨ ਕਰਨ ’ਚ ਰੁੱਝਿਆ ਨਜ਼ਰ ਆਉਂਦਾ ਹੈ। ਮੋਟਰਸਾਈਕਲ ਦਾ ਖਹਿੜਾ ਉਦੋਂ ਹੀ ਛੱਡਿਆ ਜਾਂਦਾ ਜਦੋਂ ਧਰਤੀ ’ਤੇ ਚੱਲਣ ਵਾਲਾ ਇਹ ‘ਜੀਵ’ ਪਾਣੀ ’ਤੇ ਚੱਲਣੋਂ ਇਨਕਾਰ ਕਰ ਦਿੰਦਾ। ਜੇਬੋਂ ਖਾਲੀ ਭਰ ਧੁਨ ਦੇ ਪੱਕੇ ਗਵੇਰਾ ਤੇ ਅਲਬੇਰਤੋ ਹਾਰ ਮੰਨਣ ਵਾਲੇ ਨਹੀਂ ਸਨ। ਜੰਗਲ ’ਚੋਂ ਲੱਕੜਾਂ ਇਕੱਠੀਆਂ ਕਰਕੇ ਬੇੜੀ ਬਣਾਉਂਦੇ, ਸਮੁੰਦਰੀ ਜਹਾਜ਼ ਦਾ ਅਹਿਸਾਸ ਲੈਣ ਲਈ ਟੌਹਰ ਨਾਲ ਉੱਤੇ ਘਾਹ-ਫੂਸ ਦੀ ਛੱਤ ਬਣਾ ਕੇ ਦਰਿਆ ’ਚ ਠਿੱਲ੍ਹ ਪੈਂਦੇ। ਨਾਲ ਹੀ ਮੋਟਰਸਾਈਕਲ ਲੱਦ ਲੈਂਦੇ। ਕੋਲ ਟੱਪਰੀਵਾਸਾਂ ਵਾਂਗ ਭੂਰੇ ਰੰਗ ਦੇ ਚਮੜੇ ਦੇ ਮੈਲੇ-ਕੁਚੈਲੇ ਝੋਲੇ ਹੁੰਦੇ।
ਇਕ ਕਮਰੇ ਵਿਚ ਚੀ ਦੀ ਸ਼ਤਰੰਜ ਸ਼ੀਸ਼ੇ ਵਿਚ ਸੰਭਾਲ ਕੇ ਰੱਖੀ ਹੋਈ ਹੈ ਤੇ ਖੇਡਣ ਵਾਲੀਆਂ ਦੋ ਕੁਰਸੀਆਂ ਤੇ ਮੇਜ਼ ਵੀ। ਬਚਪਨ ਵਿਚ ਸਿੱਖੇ ਸ਼ਤਰੰਜ ਦੇ ਗੁਰ ਉਸ ਨੇ ਸਿਅਰਾ ਮੈਅਸਤਰਾ ਦੀਆਂ ਪਹਾੜੀਆਂ ’ਚ ਦੁਸ਼ਮਣ ਖ਼ਿਲਾਫ਼ ਗੁਰੀਲਾ ਯੁੱਧ ਦੌਰਾਨ ਅਜ਼ਮਾਏ। ਇਸੇ ਕਮਰੇ ਵਿਚ ਕਿਊਬਨ ਇਨਕਲਾਬ ਤੋਂ ਬਾਅਦ ਚੀ ਦੇ ਸੰਸਾਰ ਦੌਰੇ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਹਨ ਜਿਨ੍ਹਾਂ ਵਿਚ ਭਾਰਤ, ਸਿਆਮ (ਥਾਈਲੈਂਡ), ਇੰਡੋਨੇਸ਼ੀਆ, ਬਰਮਾ, ਜਪਾਨ, ਪਾਕਿਸਤਾਨ ਆਦਿ ਦੇਸ਼ਾਂ ਦੇ ਸਿਆਸੀ ਆਗੂਆਂ ਨਾਲ ਚੀ ਦੀ ਮਿਲਣੀ ਦੀਆਂ ਤਸਵੀਰਾਂ ਸ਼ਾਮਲ ਹਨ। ਭਾਰਤ ਵਿਚ ਜਵਾਹਰਲਾਲ ਨਹਿਰੂ ਨਾਲ ਹੱਥ ਮਿਲਾਉਂਦੇ ਦੀ ਫੋਟੋ ਵੱਖਰੇ ਤੌਰ ’ਤੇ ਵੱਡੀ ਕਰਕੇ ਲਾਈ ਹੋਈ ਹੈ। ਇਸੇ ਤਰ੍ਹਾਂ ਚੀਨ ਵਿਚ ਮਾਓ ਜ਼ੇ ਤੁੰਗ ਨਾਲ ਮਿਲਣੀ ਦੀ ਤਸਵੀਰ ਨੂੰ ਵਿਸ਼ੇਸ਼ ਤਵੱਜੋ ਦਿੱਤੀ ਹੋਈ ਹੈ।
ਇਸ ਤੋਂ ਅਗਲੇ ਕਮਰੇ ਵਿਚ ਉਸ ਦੀਆਂ ਸਿਆਸੀ ਸਰਗਰਮੀਆਂ ਦੇ ਵੇਰਵੇ ਸ਼ੁਰੂ ਹੋ ਜਾਂਦੇ ਹਨ। ਗੁਆਟੇਮਾਲਾ ਵਿਚ ਫੀਦਲ ਨਾਲ ਮਿਲਣੀ, ਸਿਅਰਾ ਮੈਅਸਤਰਾ ਦੀਆਂ ਪਹਾੜੀਆਂ ਅਤੇ ਜੰਗਲਾਂ ਵਿਚ ਗੁਰੀਲਾ ਕੈਂਪ, ਜੰਗਲ ਵਿਚ ਬੈਠ ਕੇ ਪੜ੍ਹਦਾ ਹੋਇਆ ਚੀ, ਇਕ ਥਾਂ ਜੰਗਲ ਵਿਚ ਇਕ ਬੋਰਡ ਉੱਤੇ ਗੁਰੀਲਾ ਟੁਕੜੀ ਦੀ ਕਲਾਸ ਲੈਣ ਦਾ ਦ੍ਰਿਸ਼, ਜੰਗਲ ਵਿਚ ਗੁਰੀਲਿਆਂ ਨਾਲ ਅਨੇਕਾਂ ਤਸਵੀਰਾਂ, ਕਮਰੇ ਦੇ ਐਨ ਵਿਚਕਾਰ ਉਸ ਦੀ ਸ਼ੀਸ਼ੇ ਵਿਚ ਜੜੀ ਹੋਈ ਡਾਇਰੀ ਅਤੇ ਕੰਧਾਂ ਉੱਤੇ ਉਸ ਡਾਇਰੀ ਦੇ ਫੋਟੋਕਾਪੀ ਕਰਕੇ ਲਾਏ ਹੋਏ ਅਨੇਕਾਂ ਪੰਨੇ ਇਕ ਕਮਰੇ ਵਿਚ ਹੀ ਪੂਰੀ ਵਿਉਂਤਬੰਦੀ ਨਾਲ ਲਾਏ ਹੋਏ ਹਨ। ਬੋਲੀਵੀਆ ਦੇ ਲਾ ਹਿਗੂਰਾ ਸਕੂਲ ਵਿਚ ਚੀ ਦਾ ਦੁਸ਼ਮਣ ਫ਼ੌਜਾਂ ਵੱਲੋਂ ਕਤਲ ਕੀਤਾ ਗਿਆ ਸੀ। ਇਸ ਦੇ ਕੁਝ ਪੱਥਰ ਦੇ ਟੁਕੜੇ ਲਿਆ ਕੇ ਰੱਖੇ ਹੋਏ ਹਨ ਜਿਨ੍ਹਾਂ ਉੱਤੇ ਉਸ ਦੀ ਮੌਤ ਦੀ ਮਿਤੀ ਦਾ ਵੇਰਵਾ ਦਰਜ ਹੈ। ਡਾਇਰੀ ਦੇ ਨਾਲ ਹੀ ਉਸ ਦਾ ਉਹ ਬੈਗ ਲਟਕਦਾ ਹੈ ਜੋ ਜੰਗਲ ਵਿਚ ਉਸ ਦੀ ਮਿੰਨੀ ਲਾਇਬਰੇਰੀ ਰਿਹਾ। ਮੋਢੇ ’ਤੇ ਬੰਦੂਕ, ਡੱਬ ’ਚ ਪਿਸਤੌਲ, ਲੱਕ ਦੁਆਲੇ ਕਾਰਤੂਸ, ਪਿੱਠੂ ਬੈਗ ’ਚ ਰਾਸ਼ਨ-ਪਾਣੀ ਤੇ ਹੋਰ ਜ਼ਰੂਰੀ ਸਮੱਗਰੀ ਅਤੇ ਬਾਂਹ ’ਚ ਇਹ ਬੈਗ ਜੋ ਕਾਪੀ, ਪੈੱਨ ਅਤੇ ਕਿਤਾਬਾਂ ਵਰਗੇ ‘ਖ਼ਤਰਨਾਕ’ ਕਾਰਤੂਸਾਂ ਨਾਲ ਤੁੰਨਿਆ ਹੁੰਦਾ ਸੀ।
ਘਰ ਦੇ ਪਿਛਲੇ ਪਾਸੇ ਇਕ ਖੂੰਜੇ ’ਚ ਚੀ ਦਾ ਪੜ੍ਹਨ ਕਮਰਾ ਬਣਿਆ ਹੋਇਆ ਹੈ ਜਿੱਥੇ ਹੁਣ ਉਸ ਦੀ ਗੁਰੀਲਾ ਫ਼ੌਜੀ ਵਰਦੀ, ਉਸ ਦਾ ਮਨਪਸੰਦ ਸਿਗਾਰ, ਬੈਲਟ, ਕਿਊਬਾ ਦੇ ਕਰੰਸੀ ਨੋਟਾਂ ਅਤੇ ਸਿੱਕਿਆਂ ਉੱਤੇ ਚੀ ਦੀ ਫੋਟੋ ਲੱਗੇ (ਕਿਊਬਾ ਦੇ ਰਾਸ਼ਟਰੀ ਬੈਂਕ ਦੇ ਪ੍ਰਧਾਨ ਵਜੋਂ ਦਸਤਖਤ ਅਤੇ ਫੋਟੋ) ਨੋਟ ਅਤੇ ਸਿੱਕੇ ਪਏ ਹਨ। ਮੇਜ਼ ਉੱਤੇ ਉਸ ਦੀ ਫੋਟੋ ਵਾਲੀਆਂ ਡਾਕ ਟਿਕਟਾਂ ਅਤੇ ਮੋਹਰਾਂ ਪਈਆਂ ਹਨ। ਲਾ ਹਿਗੂਰਾ ਸਕੂਲ ਦੀ ਇਕ ਇੱਟ ਦਾ ਟੁਕੜਾ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਦੁਸ਼ਮਣ ਤਾਕਤਾਂ ਨੇ ਚੀ ਦੀ ਮੌਤ ਤੋਂ ਬਾਅਦ ਉਹ ਸਕੂਲ ਤਬਾਹ ਕਰ ਦਿੱਤਾ ਸੀ। ਉਸ ਦੀ ਮੌਤ ਮਗਰੋਂ ਵੀ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਇਸ ਜਗ੍ਹਾ ਉਸ ਦੀ ਯਾਦਗਾਰ ਨਾ ਬਣ ਜਾਵੇ। ਇਕ ਪਾਸੇ ਕਿਤਾਬਾਂ ਨਾਲ ਭਰੀ ਲੱਕੜ ਦੀ ਅਲਮਾਰੀ ਪਈ ਹੈ।
ਘਰ ਦੇ ਬਗੀਚੇ ਵਿਚ ਇਕ ਵੱਡੇ ਬੈਂਚ ਉੱਤੇ ਗੁਰੀਲਾ ਫ਼ੌਜੀ ਵਰਦੀ ਪਹਿਨੀ ਬੈਠੇ ਚੀ ਗਵੇਰਾ ਦਾ ਕਾਂਸੀ ਦਾ ਬਣਿਆ ਬੁੱਤ ਹੈ। ਬਗੀਚੇ ਨਾਲ ਇਕ ਹਾਲਨੁਮਾ ਕਮਰਾ ਬਣਿਆ ਹੋਇਆ ਹੈ। ਇੱਥੇ ਸੈਲਾਨੀਆਂ ਲਈ ਕੁਰਸੀਆਂ ਅਤੇ ਪ੍ਰੋਜੈਕਟਰ ਲਾ ਕੇ ਮਿੰਨੀ ਥੀਏਟਰ ਬਣਾਇਆ ਹੋਇਆ ਹੈ ਜਿੱਥੇ ਸਕਰੀਨ ਉੱਤੇ ਚੀ ਦੇ ਜੀਵਨ ਆਧਾਰਿਤ ਦਸਤਾਵੇਜ਼ੀ ਫ਼ਿਲਮ ਚੱਲ ਰਹੀ ਹੈ। ਇੱਥੇ ਦੋ ਹੋਰ ਪੁਰਾਣੇ ਰੇਡੀਓ ਪਏ ਹਨ।
ਇੱਥੇ ਗਵੇਰਾ ਪਰਿਵਾਰ 1943 ਤੋਂ ਲੈਕੇ 1947 ਤਕ ਰਿਹਾ। ਇਸ ਤੋਂ ਬਾਅਦ ਉਹ ਅਰਜਨਟੀਨਾ ਦੀ ਰਾਜਧਾਨੀ ਬੋਏਨਸ ਆਇਰਸ ਚਲੇ ਗਏ। ਚੀ ਗਵੇਰਾ ਇਸ ਤੋਂ ਵੀ ਅੱਗੇ ਚਲਾ ਗਿਆ। ਗੁਆਟੇਮਾਲਾ, ਮੈਕਸਿਕੋ, ਕਿਊਬਾ, ਬੋਲੀਵੀਆ। ਅੱਜ ਉਹ ਸਾਰੇ ਸੰਸਾਰ ’ਚ ਹੈ।

ਈ-ਮੇਲ: mandeepsaddowal@gmail.com


Comments Off on ਇਨਕਲਾਬੀ ਗੁਰੀਲੇ ਦਾ ਘਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.