ਕੇਂਦਰ ਨੇ ਲੌਕਡਾਊਨ 30 ਜੂਨ ਤਕ ਵਧਾਇਆ !    ਹਨੇਰੀ ਕਾਰਨ ਤਾਜ ਮਹੱਲ ਨੂੰ ਭਾਰੀ ਨੁਕਸਾਨ !    ਕੇਂਦਰ ਨਾਲੋਂ ਨਾਤਾ ਤੋੜਨ ਸੁਖਬੀਰ: ਕੈਪਟਨ !    ਅਮਰੀਕਾ ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ !    ਭਰਾ ਦੀ ਕਹੀ ਨਾਲ ਹੱਤਿਆ !    ਕਾਹਨੂੰਵਾਨ ’ਚ 50 ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਆਤਮ-ਸਮਰਪਣ !    ਪਤਨੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਫਾਹਾ ਲਿਆ !    ਦੇਸ਼ ਮੁਸ਼ਕਲ ਹਾਲਾਤ ’ਚ, ਮਾੜੀ ਰਾਜਨੀਤੀ ਛੱਡੋ: ਕੇਜਰੀਵਾਲ !    ਸ੍ਰੀਨਗਰ ਦੇ ਗੁਰਦੁਆਰੇ ਵਿੱਚ ਚੋਰੀ !    ਸਰਹੱਦ ਤੋਂ ਬੰਗਲਾਦੇਸ਼ੀ ਗ੍ਰਿਫ਼ਤਾਰ !    

ਇਤਿਹਾਸ ਦੀ ਧਾਰਾ ਤੇ ਮੌਜੂਦਾ ਹਾਲਾਤ

Posted On June - 11 - 2019

ਸ੍ਰੀ ਆਨੰਦਪੁਰ ਸਾਹਿਬ

ਮਨੀਸ਼ ਤਿਵਾੜੀ*

ਹਾਲੀਆ ਲੋਕ ਸਭਾ ਚੋਣਾਂ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਨੇ ਮੈਨੂੰ ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕੇ ਤੋਂ ਆਪਣਾ ਉਮੀਦਵਾਰ ਬਣਾਉਣ ਦਾ ਫ਼ੈਸਲਾ ਕੀਤਾ। ਸ੍ਰੀ ਆਨੰਦਪੁਰ ਸਾਹਿਬ ਦਾ ਬਹੁਤ ਸ਼ਾਨਾਂਮੱਤਾ ਇਤਿਹਾਸ ਹੈ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਇਸ ਇਤਿਹਾਸਕ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਚ ਸਥਿਤ ਹੈ, ਜਿਹੜਾ ਸਿੱਖਾਂ ਲਈ ਪੰਜ ਸਭ ਤੋਂ ਵੱਧ ਪੂਜਣਯੋਗ ਸਥਾਨਾਂ ਵਿਚ ਸ਼ੁਮਾਰ ਹੈ। ਇੱਥੇ ਵਿਸਾਖੀ ਦੇ ਦਿਹਾੜੇ 13 ਅਪਰੈਲ, 1699 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਖ਼ਾਲਸਾ ਦਾ ਰੂਪ ਦਿੱਤਾ। ਗੁਰੂ ਸਾਹਿਬ ਨੇ ਉੱਥੇ ਹਾਜ਼ਰ ਸਿੱਖਾਂ ਤੋਂ ਸਿਰਾਂ ਦੀ ਮੰਗ ਕੀਤੀ। ਜਦੋਂ ਪੰਜ ਬਹਾਦਰ ਸਿੱਖ, ਜਿਨ੍ਹਾਂ ਨੂੰ ਹੁਣ ਪੰਜ ਪਿਆਰੇ ਆਖਿਆ ਜਾਂਦਾ ਹੈ, ਆਪਣੀਆਂ ਜਾਨਾਂ ਵਾਰਨ ਲਈ ਅੱਗੇ ਆਏ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ। ਸ਼ਹਿਰ ਆਨੰਦਪੁਰ ਸਾਹਿਬ ਦਾ ਮੁੱਢਲਾ ਨਾਂ ਚੱਕ ਨਾਨਕੀ ਸੀ, ਜਿਸ ਦਾ ਮੁੱਢ ਗੁਰੂ ਤੇਗ ਬਾਹਦਰ ਜੀ ਨੇ 1665 ਵਿਚ ਬੰਨ੍ਹਿਆ। ਉਨ੍ਹਾਂ ਦੇ ਸਪੁੱਤਰ ਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ 25 ਸਾਲ ਇਸ ਸਥਾਨ ’ਤੇ ਬਿਤਾਏ।
ਇਕ ਹੋਰ ਨਾਮੀ ਸ਼ਹਿਰ ਚਮਕੌਰ ਸਾਹਿਬ ਵੀ ਇਸੇ ਹਲਕੇ ਵਿਚ ਹੈ। ਚਮਕੌਰ ਸਾਹਿਬ ਦੀ ਲੜਾਈ 1704 ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਾਲੀ ਖ਼ਾਲਸਾ ਫ਼ੌਜ ਅਤੇ ਵਜ਼ੀਰ ਖ਼ਾਨ ਦੀ ਅਗਵਾਈ ਵਾਲੀ ਸਾਮਰਾਜੀ ਮੁਗ਼ਲ ਫ਼ੌਜ ਦਰਮਿਆਨ ਲੜੀ ਗਈ। ਇਸੇ ਸਥਾਨ ’ਤੇ ਗੁਰੂ ਸਾਹਿਬ ਦੇ ਦੋ ਵੱਡੇ ਸਪੁੱਤਰਾਂ- ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜਿਨ੍ਹਾਂ ਦੀ ਉਮਰ ਕ੍ਰਮਵਾਰ 18 ਤੇ 14 ਸਾਲ ਸੀ, ਨੇ ਜੰਗ ਵਿਚ ਜੂਝਦਿਆਂ ਸ਼ਹੀਦੀ ਪਾਈ।
ਇਤਿਹਾਸਕ ਮਾਤਾ ਨੈਣਾ ਦੇਵੀ ਮੰਦਰ ਵੀ ਆਨੰਦਪੁਰ ਸਾਹਿਬ ਤੋਂ ਮਹਿਜ਼ 20 ਕਿਲੋਮੀਟਰ ਦੂਰ ਸਥਿਤ ਹੈ, ਜਿਸ ਨੂੰ ਦੋਵੇਂ ਹਿੰਦੂ ਤੇ ਸਿੱਖ ਮੰਨਦੇ ਹਨ। ਇਸੇ ਤਰ੍ਹਾਂ ਖੁਰਾਲਗੜ੍ਹ ਸਾਹਿਬ ਵੀ ਰਵਿਦਾਸੀਆ ਭਾਈਚਾਰੇ ਲਈ ਬਹੁਤ ਹੀ ਅਹਿਮ ਸਥਾਨ ਹੈ। ਗੜ੍ਹਸ਼ੰਕਰ ਵਿਚ ਸਥਿਤ ਖੁਰਾਲਗੜ੍ਹ ਸਾਹਿਬ ਨੂੰ ‘ਚਰਨ ਛੋਹ ਗੰਗਾ ਸ੍ਰੀ ਗੁਰੂ ਰਵਿਦਾਸ ਜੀ’ ਵੀ ਆਖਿਆ ਜਾਂਦਾ ਹੈ। ਹਲਕੇ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਵੀ ਸਥਿਤ ਹੈ, ਜਿੱਥੇ ਸ਼ਹੀਦ ਦੀ ਯਾਦ ਵਿਚ ਯਾਦਗਾਰ ਬਣਾਈ ਗਈ ਹੈ। ਭਾਖੜਾ ਨੰਗਲ ਡੈਮ ਵਰਗਾ ਵੱਡਾ ਬੰਨ੍ਹ ਵੀ ਇਸੇ ਹਲਕੇ ਵਿਚ ਹੈ, ਜਿਸ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਧੁਨਿਕ ਭਾਰਤ ਦਾ ਮੰਦਰ ਕਰਾਰ ਦਿੱਤਾ ਸੀ।

ਮਨੀਸ਼ ਤਿਵਾੜੀ*

ਮੈਂ ਇਤਿਹਾਸ ਤੇ ਰਾਸ਼ਟਰਵਾਦ ਦੀਆਂ ਇਨ੍ਹਾਂ ਦਿਲਚਸਪ ਧਾਰਾਵਾਂ ਵਿਚ 15 ਅਪਰੈਲ, 2019 ਨੂੰ ਗੋਤਾ ਲਾ ਦਿੱਤਾ। ਇਸ ਤੋਂ ਪਹਿਲਾਂ ਮੈਂ ਖ਼ਾਲਸਾ ਦੇ ਜਨਮ ਸਥਾਨ ਵਿਖੇ ਨਤਮਸਤਕ ਹੋਇਆ। ਜਿਉਂ ਹੀ ਮੇਰੀ ਉਮੀਦਵਾਰੀ ਦੀ ਖ਼ਬਰ ਫੈਲੀ, ਵਿਰੋਧੀਆਂ ਨੇ ਮੇਰੇ ਖ਼ਿਲਾਫ਼ ਬਦਨੀਅਤੀ ਵਾਲੀ ਤੇ ਨਿੱਜੀ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ। ਪਹਿਲਾ ਹਮਲਾ ਇਹ ਕੀਤਾ ਕਿ ਮੈਂ ਬਾਹਰਲਾ ਭਾਵ ਯੂਪੀ ਦਾ ਬੰਦਾ ਹਾਂ ਕਿਉਂਕਿ ਮੇਰਾ ਉਪਨਾਮ ‘ਤਿਵਾੜੀ’ ਪੰਜਾਬ ਨਾਲੋਂ ਯੂਪੀ ਵਿਚ ਵੱਧ ਪਾਇਆ ਜਾਂਦਾ ਹੈ। ਆਖਿਆ ਗਿਆ ਕਿ ਇਸ ਕਾਰਨ ਮੇਰਾ ਇਸ ਪੰਥਕ ਹਲਕੇ ਤੋਂ ਚੋਣ ਲੜਨ ਦਾ ਕੋਈ ਹੱਕ ਨਹੀਂ ਹੈ। ਤਿਵਾੜੀ ਪੰਜਾਬ ਵਿਚ ਉਸੇ ਤਰ੍ਹਾਂ ਆਮ ਨਾਂ ਹੈ, ਜਿਵੇਂ ਪਾਠਕ, ਅਵਸਥੀ ਤੇ ਸ਼ੁਕਲਾ ਹਨ। ਇਸੇ ਤਰ੍ਹਾਂ ਸ਼ਬਦ ‘ਪੰਥਕ’ ਵੀ ਸਾਰਿਆਂ ਨੂੰ ਕਲਾਵੇ ਵਿਚ ਲੈਣ ਵਾਲੇ ਅਰਥ ਰੱਖਦਾ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਕੁਝ ਤਾਕਤਾਂ ਸਿਆਸੀ ਸੰਦਰਭ ’ਚ ਇਸ ਦੀ ਵਰਤੋਂ ਕਰ ਕੇ ਸਿੱਖਾਂ ਤੇ ਗ਼ੈਰ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਹਨ।
ਇਸ ਦੌਰਾਨ ਜਿਸ ਚੀਜ਼ ਨੂੰ ਆਪਣੀ ਸਹੂਲਤ ਮੁਤਾਬਕ ਲਾਂਭੇ ਕਰ ਦਿੱਤਾ ਗਿਆ, ਉਹ ਇਹ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਜਿਨ੍ਹਾਂ ਆਖਿਆ ਹੈ: ‘‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’’ ਭਾਵ ਸਾਰੀ ਇਨਸਾਨੀਅਤ ਨੂੰ ਮਨੁੱਖਤਾ ਦੀ ਇਕੋ ਜਾਤ ਮੰਨਣਾ।
ਇਸ ਦੌਰਾਨ ਜਿਸ ਚੀਜ਼ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ, ਉਹ ਇਹ ਕਿ ਮੇਰੀ ਮਰਹੂਮ ਮਾਤਾ ਡਾ. ਅੰਮ੍ਰਿਤ ਕੌਰ ਤਿਵਾੜੀ, ਇਕ ਸਤਿਕਾਰਤ ਡਾਕਟਰ, ਜੱਟ ਸਿੱਖ ਸੀ ਅਤੇ ਮੇਰੇ ਪਿਤਾ ਮਰਹੂਮ ਡਾ. ਵੀ.ਐੱਨ. ਤਿਵਾੜੀ ਪੰਜਾਬੀ ਦੇ ਨਾਮੀ ਵਿਦਵਾਨ ਅਤੇ ਸੰਸਦ (ਰਾਜ ਸਭਾ) ਦੇ ਨਾਮਜ਼ਦ ਮੈਂਬਰ ਸਨ ਜਿਨ੍ਹਾਂ ਦੀ ਜਾਨ ਦਹਿਸ਼ਤਗਰਦਾਂ ਦੀਆਂ ਗੋਲੀਆਂ ਲੱਗਣ ਨਾਲ ਗਈ। ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮਿਆਰੀਕਰਨ ਵਿਚ ਮੋਹਰੀ ਸਨ। ਉਨ੍ਹਾਂ 1960ਵਿਆਂ ਵਿਚ ਇਕ ਅਜਿਹੀ ਕਿਤਾਬ ਲਿਖੀ, ਜਿਸ ਦੇ ਵੱਡੇ ਪੱਧਰ ’ਤੇ ਹਵਾਲੇ ਦਿੱਤੇ ਗਏ, ਜਿਸ ਵਿਚ ਇਹ ਗੱਲ ਸਾਬਤ ਕੀਤੀ ਗਈ ਕਿ ਚੰਡੀਗੜ੍ਹ ਦੀ ਅਸਲ ਭਾਸ਼ਾ ਪੰਜਾਬੀ ਹੈ। ਇਸ ਗੱਲ ਨੂੰ ਵੀ ਭੁਲਾ ਦਿੱਤਾ ਗਿਆ ਕਿ ਮੈਂ ਪਹਿਲਾਂ ਲੁਧਿਆਣਾ ਤੋਂ ਸੰਸਦ ਮੈਂਬਰ ਸਾਂ ਅਤੇ ਕੇਂਦਰੀ ਮੰਤਰੀ ਮੰਡਲ ਵਿਚ ਪੰਜਾਬ ਦੀ ਨੁਮਾਇੰਦਗੀ ਕਰ ਚੁੱਕਾ ਸਾਂ।
ਅਗਲਾ ਹਮਲਾ ਇਕ ਗੁੰਮਨਾਮ ਤੇ ਬਹੁਤ ਹੀ ਅਪਮਾਨਜਨਕ ਤੇ ਧੋਖੇ ਭਰੇ ਵੀਡੀਓ ਦੇ ਰੂਪ ਵਿਚ ਆਇਆ, ਜਿਸ ਨੂੰ ਸੋਸ਼ਲ ਮੀਡੀਆ ਫਲੇਟਫਾਰਮਾਂ ਜਿਵੇਂ ਫੇਸਬੁੱਕ ਤੇ ਵਟਸਐਪ ’ਤੇ ਫੈਲਾਇਆ ਗਿਆ। ਇਸ ਬੇਈਮਾਨੀ ਭਰੇ ਵੀਡੀਓ ਵਿਚ ਦੋਸ਼ ਲਾਏ ਗਏ ਕਿ ਦਿੱਲੀ ਵਿਚ ਨਵੰਬਰ 1984 ਦੇ ਦੰਗਿਆਂ ਦੌਰਾਨ ਸਿੱਖਾਂ ਨੂੰ ਅੱਗ ਲਾਉਣ ਲਈ ਪੈਟਰੋਲ ਮੇਰੇ ਮਰਹੂਮ ਪਿਤਾ ਦੇ ਪੈਟਰੋਲ ਪੰਪ ਤੋਂ ਆਇਆ ਸੀ। ਇਹ ਵੀਡੀਓ ਹਲਕੇ ਤੇ ਪੂਰੇ ਸੰਸਾਰ ਵਿਚ ਵਾਇਰਲ ਹੋ ਗਈ। ਹਕੀਕਤ ਇਹ ਹੈ ਕਿ ਮੇਰੇ ਪਿਤਾ ਜੀ ਨੂੰ ਦਹਿਸ਼ਤਗਰਦਾਂ ਨੇ 3 ਅਪਰੈਲ, 1984 ਨੂੰ ਹੀ ਹਲਾਕ ਕਰ ਦਿੱਤਾ ਸੀ, ਭਾਵ ਨਵੀਂ ਦਿੱਲੀ ਵਿਚ ਫੈਲੀ ਭਿਆਨਕ ਅਤੇ ਡਰਾਉਣੀ ਹਿੰਸਾ ਤੋਂ ਪੂਰੇ ਸੱਤ ਮਹੀਨੇ ਪਹਿਲਾਂ ਅਤੇ ਦੂਜਾ ਅਸੀਂ ਤਿੰਨ ਪੀੜ੍ਹੀਆਂ ਦੌਰਾਨ ਕਦੇ ਵੀ ਪੈਟਰੋਲ ਪੰਪ ਦੇ ਮਾਲਕ ਨਹੀਂ ਰਹੇ। ਇਸ ਤਰ੍ਹਾਂ ਇਹ ਤੱਥ ਮੇਰੇ ਵਿਰੋਧੀਆਂ ਵੱਲੋਂ ਫੈਲਾਏ ਝੂਠ ਮੁਤਾਬਕ ਨਹੀਂ ਹਨ। ਇਸ ਕਾਰਨ ਪੁਲੀਸ ਨੇ ਇਸ ਮਾਮਲੇ ਵਿਚ ਐੱਫਆਈਆਰ ਦਰਜ ਕਰ ਕੇ ਇਹ ਵੀਡੀਓ ਫੈਲਾਉਣ ਵਾਲੇ ਕੁਝ ਬੰਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ, ਪਰ ਇਹ ਸਾਜ਼ਿਸ਼ ਘੜਨ ਵਾਲੇ ਹਾਲੇ ਵੀ ਪੁਲੀਸ ਦੀ ਪਕੜ ਤੋਂ ਬਾਹਰ ਹਨ।
ਮੇਰੇ ਵਿਰੋਧੀਆਂ ਨੂੰ ਜਦੋਂ ਹਾਰ ਐਨ ਸਾਹਮਣੇ ਦਿਖਾਈ ਦੇ ਰਹੀ ਸੀ ਤਾਂ ਉਨ੍ਹਾਂ ਵੋਟਾਂ ਪੈਣ ਤੋਂ ਬਿਲਕੁਲ ਇਕ ਦਿਨ ਪਹਿਲਾਂ ਆਖ਼ਰੀ ਹਮਲਾ ਕੀਤਾ। ਉਨ੍ਹਾਂ ਮੇਰੀ ਆਵਾਜ਼ ਦੀ ਨਕਲ ਰਾਹੀਂ ਇਕ ਹੋਰ ਘਿਨਾਉਣੀ ਵੀਡੀਓ ਸੋਸ਼ਲ ਮੀਡੀਆ ’ਤੇ ਫੈਲਾ ਦਿੱਤੀ। ਇਸ ਵਿਚ ਮੈਨੂੰ ਕੁਝ ਭਾਈਚਾਰਿਆਂ ਖ਼ਿਲਾਫ਼ ਮਾੜੀਆਂ ਗੱਲਾਂ ਕਹਿੰਦਿਆਂ ਦਿਖਾਇਆ ਗਿਆ। ਮੈਂ ਦੋਸ਼ੀਆਂ ਖ਼ਿਲਾਫ਼ ਇਕ ਹੋਰ ਐੱਫਆਈਆਰ ਦਰਜ ਕਰਵਾਈ, ਪਰ ਇਸ ਦੇ ਬਾਵਜੂਦ ਇਹ ਵੀਡੀਓ ਬਣਾਉਣ ਤੇ ਫੈਲਾਉਣ ਵਾਲੇ ਇਹ ਲੇਖ ਲਿਖੇ ਜਾਣ ਤਕ ਵੀ ਕਾਨੂੰਨ ਦੀ ਪਕੜ ਤੋਂ ਬਾਹਰ ਹਨ। ਇਸ ਲਗਾਤਾਰ ਚੱਲੇ ਹਮਲੇ ਦੌਰਾਨ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਆਪੋ-ਆਪਣੇ ਪਲੇਟਫਾਰਮਾਂ ’ਤੇ ਫੈਲਾਈ ਗਈ ਇਸ ਸਮੱਗਰੀ ਲਈ ਜ਼ਿੰਮੇਵਾਰੀ ਨਹੀਂ ਕਬੂਲੀ, ਹਾਲਾਂਕਿ ਇਸ ਦੇ ਸਿਆਸੀ ਸਿੱਟੇ ਤਾਂ ਭਾਵੇਂ ਜੋ ਵੀ ਹੁੰਦੇ, ਇਸ ਨਾਲ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਿਸਮਾਨੀ ਨੁਕਸਾਨ ਵੀ ਪੁੱਜ ਸਕਦਾ ਸੀ।
ਨਫ਼ਰਤ ਤੇ ਘਿਰਣਾ ਦੇ ਇਸ ਪੂਰੇ ਚੱਕਰ ਦੌਰਾਨ ਮੈਂ ਆਪਣੀ ਪ੍ਰਚਾਰ ਮੁਹਿੰਮ ਜਾਰੀ ਰੱਖੀ, ਜਦੋਂ ਮੈਂ ਲੋਕਾਂ ਨਾਲ ਸਿੱਧਾ ਸੰਪਰਕ ਕਰਦਾ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਦਾ। ਇਸ ਦੌਰਾਨ ਆਮ ਲੋਕਾਂ ਭਾਵੇਂ ਉਹ ਮਰਦ ਹੋਣ ਜਾਂ ਔਰਤਾਂ ਅਤੇ ਸਿੱਖ ਹੋਣ ਜਾਂ ਗ਼ੈਰ ਸਿੱਖ, ਸਭ ਦੀਆਂ ਅੱਖਾਂ ਵਿਚ ਮੈਂ ਆਪਣੇ ਲਈ ਪਿਆਰ ਤੇ ਹਮਦਰਦੀ ਹੀ ਦੇਖੀ, ਜਿਵੇਂ ਦੀ ਮੈਂ ਇਸ ਤੋਂ ਪਹਿਲਾਂ 2004 ਤੇ 2009 ਦੀਆਂ ਆਪਣੀਆਂ ਲੋਕ ਸਭਾ ਚੋਣ ਮੁਹਿੰਮਾਂ ਦੌਰਾਨ ਦੇਖੀ ਸੀ। ਉਹ ਜਾਤ, ਨਸਲ, ਧਰਮ ਦੀ ਕਿਸੇ ਵੀ ਵਿਤਕਰੇਬਾਜ਼ੀ ਅਤੇ ਸਾਨੂੰ ਵੰਡਣ ਵਾਲੀਆਂ ਹੋਰ ਅਜਿਹੀਆਂ ਵਲਗਣਾਂ ਤੋਂ ਉੱਪਰ ਉਠ ਕੇ ਮੈਨੂੰ ਲਾਡ ਲਡਾਉਂਦੇ ਤੇ ਅਸੀਸਾਂ ਦਿੰਦੇ। ਉਨ੍ਹਾਂ ’ਤੇ ਕਿਸੇ ਵੀ ਗ਼ਲਤ ਪ੍ਰਚਾਰ ਦਾ ਕੋਈ ਅਸਰ ਨਹੀਂ ਪਿਆ।
ਇਸ ਨਾਲ ਇਕ ਵਾਰੀ ਫਿਰ ਉਹ ਕੁਝ ਸੱਚ ਸਾਬਤ ਹੋ ਗਿਆ ਜੋ ਇਕ ਹਿੰਦੂ ਪਿਤਾ ਅਤੇ ਇਕ ਜੱਟ ਸਿੱਖ ਮਾਤਾ ਨੇ ਮੈਨੂੰ ਤੇ ਮੇਰੀ ਛੋਟੀ ਭੈਣ ਨੂੰ ਚੰਡੀਗੜ੍ਹ ਵਿਚ ਸਾਡੇ ਪਾਲਣ-ਪੋਸ਼ਣ ਦੌਰਾਨ ਸਿਖਾਇਆ ਸੀ ਕਿ ਪੰਜਾਬ ਦਾ ਸਾਰ ਹੈ- ਪੰਜਾਬ, ਪੰਜਾਬੀ ਅਤੇ ਪੰਜਾਬੀਅਤ। ਭਾਰਤ ਵਿਚ ਜੇ ਕੋਈ ਸੱਚ-ਮੁੱਚ ਦਾ ਧਰਮ-ਨਿਰਪੱਖ ਸੂਬਾ ਹੈ ਤਾਂ ਉਹ ਪੰਜਾਬ ਹੈ ਅਤੇ ਮੈਨੂੰ ਸਾਡੇ ਇਸ ਸਾਂਝੇ ਸੱਭਿਆਚਾਰ ਦਾ ਇਕ ਝੰਡਾ ਬਰਦਾਰ ਹੋਣ ’ਤੇ ਮਾਣ ਹੈ।

*ਸੰਸਦ ਮੈਂਬਰ, ਸ੍ਰੀ ਆਨੰਦਪੁਰ ਸਾਹਿਬ


Comments Off on ਇਤਿਹਾਸ ਦੀ ਧਾਰਾ ਤੇ ਮੌਜੂਦਾ ਹਾਲਾਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.