ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਇਕ ‘ਬੋਲੀ’ ਦੀ ਸਿਰਜਣਾ

Posted On June - 15 - 2019

ਸੱਭਿਆਚਾਰ : 17

ਡਾ. ਨਾਹਰ ਸਿੰਘ

ਹਰ ਸਿਰਜਨਾ ਇਕ ਰਹੱਸ ਹੁੰਦੀ ਹੈ। ਇਹ ਰਹੱਸ ਇਸ ਦੀ ਮੌਲਿਕਤਾ ਵਿਚ ਹੈ। ਅਸੀਂ ਸਿਰਜਤ ਵਸਤਾਂ ਵੇਖਣ ਦੇ ਆਦੀ ਹਾਂ, ਪਰ ਜਦੋਂ ਕਿਸੇ ਵਸਤੂ ਨੂੰ ਸਿਰਜਨਾ ਦੇ ਸਮੁੱਚੇ ਵਰਤਾਰੇ ਵਿਚ ਵੇਖੀਏ ਤਾਂ ਸਾਨੂੰ ਉਹੀ ਵਸਤ ਪਹਿਲੀ ਨਾਲੋਂ ਭਿੰਨ ਜਾਪਦੀ ਹੈ। ਭਿੰਨਤਾ ਦਾ ਕਾਰਨ ਇਹ ਹੁੰਦਾ ਹੈ ਕਿ ਅਸੀਂ ਇਸ ਸਿਰਜਨਾ ਦੇ ਰਹੱਸ ਨੂੰ ਬਹੁਤ ਨੇੜਿਉਂ ਵੇਖ ਲਿਆ ਹੁੰਦਾ ਹੈ। ਕਈ ਸਾਹਿਤਕਾਰ ਆਪਣੀ ਵਿਲੱਖਣ ਸਿਰਜਨ ਪ੍ਰਕਿਰਿਆ ਕਰਕੇ ਹੀ ਜਾਣੇ ਜਾਂਦੇ ਹਨ। ਕੋਈ ਸਾਹਿਤਕਾਰ ਇਕਾਂਤ ਵਿਚ ਲਿਖਦਾ ਹੈ, ਕੋਈ ਭੀੜ-ਭੜੱਕੇ ਵਿਚ, ਕੋਈ ਉਡੀਕ ਵਿਚ ਤੇ ਕੋਈ ਇਸ਼ਕ ਵਿਚ।
ਸਾਹਿਤ, ਮਨੁੱਖ ਦੇ ਅਨੁਭਵ, ਅਧਿਅਨ ਤੇ ਪ੍ਰਗਟਾਵੇ ਦੀ ਰਲਵੀਂ-ਮਿਲਵੀਂ ਕਿਰਿਆ ਹੈ। ਮਨੁੱਖ ਦੇ ਜਾਤੀ ਅਨੁਭਵ ਉਸ ਦੀ ਸਿਰਜਨਾ ਲਈ ਪ੍ਰੇਰਕ ਬਣਦੇ ਹਨ, ਪਰ ਅਨੁਭਵ ਆਪਣੇ ਆਪ ਵਿਚ ਕਲਾ ਨਹੀਂ ਹੈ। ਅਨੁਭਵ ਤੋਂ ਕਲਾ ਤਕ ਦੀ ਯਾਤਰਾ ਅਨੇਕਾਂ ਗੁੰਝਲਦਾਰ ਪੜਾਵਾਂ ਅਤੇ ਕਿਰਿਆਵਾਂ ਵਿਚੋਂ ਲੰਘਦੀ ਹੈ।
ਹਰ ਸਾਹਿਤਕਾਰ ਆਪਣੀ ਸਿਰਜਨਾ ਪ੍ਰਤੀ ਬਹੁਤ ਸੁਚੇਤ ਹੁੰਦਾ ਹੈ। ਕਵੀ ਦੇ ਰੂਪ ਵਿਚ ਗੁਰੂ ਨਾਨਕ ਦੇਵ ਜੀ ਭਲੀ-ਭਾਂਤ ਜਾਣੇ ਜਾਂਦੇ ਹਨ ਕਿ ‘ਨਾਨਕ ਸ਼ਾਇਰ’ ਸੱਚੇ ਦਰਬਾਰ ਦਾ ਢਾਡੀ ਹੈ। ਵਾਰਸ ਸ਼ਾਹ ਨੂੰ ਪਤਾ ਹੈ ਕਿ ਉਸ ਨੇ ਆਪਣੀ ‘ਹੀਰ’ ਵਿਚ ਦੁਨੀਆਂ ਭਰ ਦਾ ਗਿਆਨ ਤੇ ਫ਼ਲਸਫ਼ਾ ਇਸ ਢੰਗ ਨਾਲ ਭਰਿਆ ਹੈ ਕਿ ਇਸ ਦੇ ਸ਼ੇਅਰਾਂ ਵਿਚ ‘ਕੁਰਆਨ ਮਜ਼ੀਦ ਦੇ ਮਾਇਨੇ’ ਬਣਨ ਦੀ ਸਮਰੱਥਾ ਹੈ।
ਸਾਹਿਤਕ ਕਿਰਤਾਂ ਤੇ ਸਾਹਿਤਕਾਰਾਂ ਦੀ ਸਿਰਜਨਾ ਬਾਰੇ ਜਿੱਥੇ ਦਿਲਚਸਪ ਲਤੀਫ਼ੇ ਤੇ ਵਾਕਿਆਤ ਇਕ ਮਿੱਥ ਬਣ ਕੇ ਚਲ ਪੈਂਦੇ ਹਨ, ਉੱਥੇ ਲੋਕ-ਕਾਵਿ ਬਾਰੇ ਸਥਿਤੀ ਇਸ ਤੋਂ ਬਿਲਕੁਲ ਉਲਟ ਹੈ। ਲੋਕ ਗੀਤਾਂ ਨੂੰ ਬਹੁਤੇ ਵਿਦਵਾਨ ਗੁੰਮਨਾਮ ਕਵੀਆਂ ਦੀਆਂ ਗੁੰਮਨਾਮ ਰਚਨਾਵਾਂ ਕਹਿ ਕੇ ਬਸ ਕਰ ਦਿੰਦੇ ਹਨ।
ਲੋਕ ਗੀਤ ਸਾਡੀ ਪਿੰਡ ਪਰੰਪਰਾ ਦਾ ਅੰਗ ਹੋਣ ਕਰਕੇ ਸਾਡੇ ਭੂਤਕਾਲ ਨਾਲ ਸਬੰਧਤ ਹੁੰਦਾ ਹੈ। ਪੇਂਡੂ ਜੀਵਨ ਤੋਂ ਵਿਯੋਗੇ ਹੋਏ ਸ਼ਹਿਰਾਂ ਵਿਚ ਬੈਠੇ ਬੁੱਧੀਜੀਵੀਆਂ ਲਈ ਲੋਕ ਗੀਤ ਰੁਮਾਂਸ ਦੀ ਕੋਈ ਦੁਨੀਆਂ ਹੈ, ਜਿਸ ਨਾਲ ਬਹੁਤਿਆਂ ਦਾ ਬਚਪਨ ਜੁੜਿਆ ਹੋਇਆ ਹੈ। ਇਸ ਵੇਲੇ ਬਹੁਤੇ ਪੰਜਾਬੀ ਵਿਦਵਾਨ ਲੋਕ ਗੀਤ ਨੂੰ ਉਦਰੇਵੇਂ ਭਰੀ ਦ੍ਰਿਸ਼ਟੀ ਨਾਲ ਵੇਖਦੇ ਹਨ। ਇਸੇ ਉਦਰੇਵੇਂ ਵਿਚੋਂ ਉਨ੍ਹਾਂ ਦੀ ਉਲਾਰ ਦ੍ਰਿਸ਼ਟੀ ਜਨਮ ਲੈਂਦੀ ਹੈ। ਪੰਜਾਬੀ ਲੋਕ ਗੀਤਾਂ ਵਿਚੋਂ ਪੰਜਾਬ ਦੇ ਪਿੰਡ ਬੋਲਦੇ ਹਨ। ਇਸ ਲਈ ਪੰਜਾਬੀਆਂ ਦੇ ਸੱਚੇ-ਸੁੱਚੇ ਜਜ਼ਬਿਆਂ ਨਾਲ ਸਾਂਝ ਪਾਉਣ ਲਈ ਲੋਕ ਗੀਤ ਨਾਲ ਲਗਾਉ ਹੋਣਾ ਤੇ ਇਨ੍ਹਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ।
ਲੋਕ ਗੀਤਾਂ ਨੂੰ ਵਿਸ਼ੇਸ਼ ਕਾਵਿ-ਪ੍ਰਤਿਭਾ ਵਾਲੇ ਲੋਕ ਸਿਰਜਦੇ ਹਨ। ਇਸ ਦੀ ਸਿਰਜਨਾ ਲਈ ਮਾਹੌਲ ਕੋਈ ਵੀ ਹੋ ਸਕਦਾ ਹੈ: ਵੱਗ ਚਾਰਦਾ ਪਾਲੀ ਜਾਂ ਨੱਕੇ ਮੋੜਦਾ ਕਾਮਾ, ਚਰਖਾ ਕੱਤਦੀ ਮੁਟਿਆਰ ਜਾਂ ਦੋਹੇ ਲਾਉਂਦੇ ਬਜ਼ੁਰਗ, ਗਿੱਧਿਆਂ ਵਿਚ ਧਮਾਲਾਂ ਪਾਉਂਦੀਆਂ ਨੱਢੀਆਂ ਜਾਂ ਮੇਲਿਆਂ ਵਿਚ ਖਰੂਦ ਪਾਉਂਦੇ ਚੋਬਰਾਂ ਦੀ ਢਾਣੀ। ਕੋਈ ਅਨਪੜ੍ਹ ਸੀਰੀ ਜਾਂ ਸਕੂਲੋਂ ਹਟਿਆ ਪਾੜ੍ਹਾ। ਆਪਣੇ ਕਾਵਿਕ ਰੌਂਅ ਵਿਚ ਆ ਕੇ ਗੀਤਕਾਰ ਆਪਣੇ ਹੱਡੀਂ ਹੰਢਾਏ ਅਨੁਭਵ ਨੂੰ ਕਿਸੇ ਵਿਸ਼ੇਸ਼ ਤੁਕਬੰਦੀ ਵਿਚ ਕਹਿ ਜਾਂਦਾ ਹੈ। ਇਹੋ ਤੁਕਬੰਦੀ ਕਿਧਰੇ ਕਿਧਰੇ ਉੱਤਮ ਕਾਵਿ ਬਣਦਾ ਹੈ, ਕਿਧਰੇ ਕਿਧਰੇ ਲਫ਼ਜ਼ੀ ਜੋੜ-ਤੋੜ ਹੀ ਰਹਿ ਜਾਂਦਾ ਹੈ। ਬਹੁਤੀ ਵਾਰ ਲੋਕ ਗੀਤਕਾਰ ਕਿਸੇ ਪਹਿਲੇ ਲੋਕ ਗੀਤ ਨੂੰ ਹੀ ਆਪਣੇ ਢੰਗ ਨਾਲ ਤੋੜਦਾ, ਘੜਦਾ, ਸਿਰਜਦਾ ਹੈ।
ਇੱਥੇ ਇਕ ‘ਬੋਲੀ’ ਨੂੰ ਨੇੜੀਉਂ ਘੋਖਦੇ ਹਾਂ। ਇਸ ਆਧਾਰ ’ਤੇ ਲੋਕ ਗੀਤਕਾਰਾਂ ਦੀ ਸਿਰਜਨ ਪ੍ਰਕਿਰਿਆ ਨੂੰ ਸਮਝਣ ਦਾ ਯਤਨ ਕਰਦੇ ਹਾਂ। ਬੋਲੀ ਹੈ:
ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ ਨਾ ਬੈਠੀ ਸਾਂ ਡੇਰੇ
ਨਿੱਤ ਨਮੀਆਂ ਮੈਂ ਜੋੜਾਂ ਬੋਲੀਆਂ ਬਹਿ ਕੇ ਮੋਟੇ ਨ੍ਹੇਰੇ
ਬੋਲ ਅਗੰਮੀ ਨਿਕਲਣ ਅੰਦਰੋਂ ਵਸ ਨਹੀਂ ਕੁਝ ਮੇਰੇ
ਮੇਲਣੇ ਨੱਚ ਲੈ ਨੀ ਦੇ ਦੇ ਸ਼ੌਕ ਦੇ ਗੇੜੇ…
ਇਸ ਬੋਲੀ ਦੀ ਸਿਰਜਕ ਸਕੂਲੀ ਵਿੱਦਿਆ ਤਕ ਤਾਂ ਕੀ ‘ਗੁਰਮੁਖੀ’ ਅੱਖਰਾਂ ਨੂੰ ‘ਠਾਲਣ’ ਜੋਗੀ ਵੀ ਨਹੀਂ ਹੈ, ਪਰ ਉਸ ਨੂੰ ਸ਼ਾਇਰੀ ਦੀ ਚੇਤਨਾ ਹੈ। ਇਸੇ ‘ਸਹਿਜ ਸੋਝੀ’ ਕਰਕੇ ਉਹ ‘ਨਮੀਆਂ’ ਬੋਲੀਆਂ ਜੋੜਦੀ ਹੈ। ਇੱਥੇ ਸ਼ਬਦ ‘ਨਮੀਆਂ’ ਮੌਲਿਕਤਾ ਦਾ ਵਾਚਕ ਹੈ। ਇਹ ਸਿਰਜਨਾ ‘ਮੋਟੇ ਨ੍ਹੇਰੇ’ ਅਰਥਾਤ ਇਕਾਂਤ ਨਾਲ ਸਬੰਧਤ ਹੈ। ਇਹ ਡੂੰਘੀ ਸੰਝ ਦੇ ਉਹ ਪਲ ਨੇ ਜਦੋਂ ਬੰਦਾ ਆਪਣੇ ਅੰਦਰ ਝਾਤੀ ਮਾਰ ਕੇ ਆਪੇ ਨਾਲ ਗੱਲਾਂ ਕਰ ਸਕਦਾ ਹੈ। ਮੋਟਾ ਨ੍ਹੇਰਾ ਉਸ ਨੂੰ ਜੱਗ ਤੋਂ ਓਹਲੇ ਹੋ ਕੇ ਆਪਣੇ ਆਪ ਨਾਲ ਇਕਾਗਰ ਹੋਣ ਦਾ ਮੌਕਾ ਵੀ ਦਿੰਦਾ ਹੈ ਅਤੇ ਅੰਦਰੋਂ ਪ੍ਰੇਰਨਾ ਵੀ। ਇਹ ਅਨੁਭਵ ਦੀ ਪੁਨਰ ਸਿਰਜਨਾ ਦੇ ਪਲ ਨੇ। ਮੋਟੇ ਨ੍ਹੇਰੇ ਦੇ ਇਕਾਂਤ ਵਿਚ ਸਿਰਜਕ ਆਪਣੇ ਅਨੁਭਵ ਦੇ ਕਲਾ ਰੂਪ ਦੇ ਦਵੰਦਾਂ ਨਾਲ ਨਿਪਟਦੀ ਹੈ। ਉਹ ਉਚੇਚ ਨਾਲ ਆਪਣੇ ਬੋਲਾਂ ਨੂੰ ਕਵਿ ਦੀ ਠੁੱਕ ਦੇ ਮੁਹਾਵਰੇ ਵਿਚ ਢਾਲਦੀ ਹੈ। ਅੰਦਰਲੇ ਅਨੁਭਵ ਦੇ ਪ੍ਰਗਟਾ ਦੀ ਇਸ ਪ੍ਰੇਰਨਾ ਨੂੰ ਹੀ ਉਹ ‘ਅਗੰਮੀ ਬੋਲ’ ਕਹਿੰਦੀ ਹੈ। ਇਹ ਅਗੰਮੀ ਜਾਂ ਇਲਹਾਮੀ ਹੋਣ ਕਰਕੇ ਹੀ ਉਸ ਦੇ ਵਸੋਂ ਬਾਹਰ ਨੇ।

ਡਾ. ਨਾਹਰ ਸਿੰਘ

ਬੋਲੀਕਾਰ ਆਪਣੇ ਸਿਰਜਨ ਦੇ ਵਹਾਉ ਨੂੰ ਸਹਿਜੇ ਹੀ ਕਿਸੇ ਗੈਬੀ ਸ਼ਕਤੀ ਨਾਲ ਸਬੰਧਤ ਕਰਨਾ ਲੋੜਦਾ ਹੈ, ਕਿਉਂਕਿ ਉਸ ਲਈ ਇਹ ਸਭ ਕੁਝ ਰਹੱਸ ਭਰਿਆ ਤੇ ਆਪ ਮੁਹਾਰਾ ਹੈ। ਪਰ ਇੱਥੇ ਧਿਆਨ ਯੋਗ ਨੁਕਤਾ ਇਹ ਹੈ ਕਿ ਸਿਰਜਕ ਇਕੋ ਸਮੇਂ ਦੀਆਂ ਵਿਰੋਧੀ ਦਿਸ਼ਾਵਾਂ ਵੱਲ ਤੁਰਨ ਦਾ ਸੰਕੇਤ ਦਿੰਦੀ ਹੈ। ਉੱਪਰ ਉਸ ਨੇ ਸਿਰਜਨਾ ਦੇ ਇਸ ਵਹਾਉ ਨੂੰ ‘ਜੋੜ-ਤੋੜ’ ਕਿਹਾ ਹੈ। ਕੀ ਇੱਥੇ ਆਵੇਸ਼ ਤੇ ਘਾੜਤ ਵਿਚ ਸਵੈ-ਵਿਰੋਧ ਨਹੀਂ ਹੈ? ਅਸਲ ਵਿਚ ਇਹ ਆਪ ਮੁਹਾਰੇ ਭਾਵਾਂ ਦੇ ਵੇਗ ਦਾ ਕਾਵਿ ਦੀ ਰੀਤ ਤੇ ਲੋਕ ਦੀ ਪਰੰਪਰਾ ਅਨੁਸਾਰ ਕੀਤਾ ਜਾ ਰਿਹਾ ਜੋੜ-ਤੋੜ ਹੈ। ਸਪੱਸ਼ਟ ਹੈ ਇਹ ਪੂਰੀ ਤਰ੍ਹਾਂ ਚੇਤੰਨ ਕਾਰਜ ਹੈ। ਇਹ ਜੋੜ-ਤੋੜ ਕਦੇ ਕਦੇ ਨਿਰੋਲ ਮੌਲਿਕ ਵੀ ਹੋ ਸਕਦਾ ਹੈ। ਕਦੇ ਪੂਰਵ ਸਿਰਜਤ ਦਾ ਨਵ-ਸਿਰਜਨ ਵੀ। ਇਹ ਇਕ ਪ੍ਰਕਾਰ ਪਰੰਪਰਾ ਦੇ ਨਵੀਨੀਕਰਨ ਦੀ ਕਿਰਿਆ ਹੈ।
ਗੀਤਕਾਰ ਅੰਤਿਮ ਸਤਰ ਵਿਚ ਆਪਣੇ ਬੋਲ ਨੂੰ ਹਾਣਨ ਦੇ ਨੱਚਣ ਨਾਲ ਸਬੰਧਤ ਕਰਦੀ ਹੈ। ਲੋਕ ਕਾਵਿ ਗਿੱਧੇ ਦੇ ਤਾੜੀ, ਨਾਚ ਜਾਂ ਗਾਇਕੀ ਨਾਲ ਸਬੰਧਤ ਹੋਣ ਕਰਕੇ ਲਾਜ਼ਮੀ ਹੀ ਸੰਗੀਤਕ ਹੁੰਦਾ ਹੈ। ਇਸ ਸੰਗੀਤਕਤਾ ਦਾ ਇਕ ਕਾਰਨ ਇਸ ਵਿਚਲੀ ਸਮੂਹਿਕ ਭਾਵਨਾ ਵੀ ਹੈ। ਲੋਕ ਗੀਤ ਮੂੰਹੋਂ-ਮੂੰਹ ਤੇ ਪੀੜ੍ਹੀਓਂ-ਪੀੜ੍ਹੀ ਚੱਲਦਾ ਹੋਇਆ ਸੰਗੀਤਕ ਧੁਨਾਂ ਵਿਚ ਢਲਦਾ ਚਲਾ ਜਾਂਦਾ ਹੈ।
ਬੋਲੀ ਸ਼ੁਰੂ ਤੋਂ ਅੰਤ ਤਕ ਪ੍ਰਤੱਖ ਸੰਬੋਧਨ ਵਿਚ ਚੱਲਦੀ ਹੈ। ਪਹਿਲਾਂ ਇਹ ਨਿੱਜ ਦੀ ਗੱਲ ਸੁਣਾਉਂਦੀ ਹੈ, ਫੇਰ ਦੂਜੇ ਨੂੰ ਇਸ ਨਾਲ (ਨਾਚ ਵਿਚ) ਸਾਂਝ ਪਾਉਣ ਦੀ ਪੇਸ਼ਕਸ਼ ਕਰਦੀ ਹੈ। ਲੋਕ-ਕਾਵਿ ਦੀ ਸਿਰਜਨ ਯਾਤਰਾ ਹੈ ਹੀ ਇਕ ਤੋਂ ਸਮੂਹ ਵੱਲ। ਮੇਲਣ ਤਦ ਹੀ ਨੱਚੇਗੀ ਜਦੋਂ ਉਸ ਦੇ ਦਿਲ ਦੀ ਗੱਲ ਇਸ ਬੋਲੀ ਵਿਚ ਕੀਤੀ ਹੋਵੇਗੀ। ਉਹ ਆਪਣੇ ਅੰਦਰਲੀ ਮਸਤੀ ਦੀ ਤਰੰਗ ਵਿਚ ਆ ਕੇ ਨੱਚੇਗੀ। ਇਸ ਤਰੰਗ ਨੂੰ ਛੇੜਨਾ ਬੋਲੀ ਦਾ ਕੰਮ ਹੈ। ਇਸ ਤਰ੍ਹਾਂ ਲੋਕ-ਕਾਵਿ ਲਾਜ਼ਮੀ ਹੀ ਕਿਸੇ ਨਾ ਕਿਸੇ ਸਮਾਜਿਕ ਪ੍ਰਕਾਰਜ ਨਾਲ ਸਬੰਧਤ ਹੁੰਦਾ ਹੈ। ਇਸ ਬੋਲੀ ਵਿਚ ਸ਼ੌਕ ਦਾ ਗੇੜਾ ਜਿੱਥੇ ਲੋਕ- ਕਾਵਿ ਨੂੰ ਲੋਕ-ਸੰਗੀਤ ਤੇ ਲੋਕ-ਨਾਚ ਨਾਲ ਸਬੰਧਤ ਕਰਦਾ ਹੈ, ਉੱਥੇ ਇਹ ਵੀ ਸਪੱਸ਼ਟ ਕਰਦਾ ਹੈ ਕਿ ਲੋਕ-ਕਾਵਿ ਲੋਕਾਂ ਦੇ ਸ਼ੌਕ ਦੀ ਸਿਰਜਨਾ ਹੈ। ਇਹ ਉਨ੍ਹਾਂ ਦੇ ਨਿਸੰਗ ਜਜ਼ਬਿਆਂ ਦੀ ਸਿੱਧੀ-ਪੱਧਰੀ ਪੇਸ਼ਕਾਰੀ ਹੈ। ਲੋਕ-ਕਾਵਿ ਲੋਕਾਂ ਦੇ ਦਿਲਾਂ ਦਾ ਮਾਮਲਾ ਹੈ, ਜਿਹੜਾ ਕਿਸੇ ਵੀ ਨਾਜਾਇਜ਼ ਦਖ਼ਲ ਨੂੰ ਪ੍ਰਵਾਨ ਨਹੀਂ ਕਰਦਾ।
ਬੋਲੀ ਵਿਚ ਗੱਲ ਮੋਟੇ ਨ੍ਹੇਰੇ ਤੋਂ ਸ਼ੁਰੂ ਹੋ ਕੇ ਹਾਣਨਾਂ ਦੇ ਨੱਚਣ ਨਾਲ ਜਾ ਜੁੜੀ ਹੈ। ਮੋਟਾ ਨ੍ਹੇਰਾ ਵਿਅਕਤੀਗਤ ਪ੍ਰਕਿਰਿਆ ਹੈ ਤੇ ਨੱਚਣਾ ਸਮੂਹਿਕ। ਸੋ ਲੋਕ-ਕਾਵਿ ਇਕੱਲੇ ਕਾਰੇ ਵਿਅਕਤੀਆਂ ਵੱਲੋਂ ਮਨ ਦੀ ਮੌਜ ਵਿਚ ਆ ਕੇ ਆਪਣੇ ਚਿੱਤ ਦੀ ਖੁਸ਼ੀ ਲਈ ਸਿਰਜਿਆ ਜਾਂਦਾ ਹੈ। ਪਰ ਵਿਅਕਤੀਗਤ ਸਿਰਜਨਾ ‘ਲੋਕ’ ਤਦ ਹੀ ਬਣਦੀ ਹੈ, ਜਦੋਂ ਇਸ ਨੂੰ ਸਮੂਹ ਆਪਣੀ ਪ੍ਰਵਾਨਗੀ ਦੇ ਕੇ ਅਪਣਾ ਲੈਂਦਾ ਹੈ। ਇਕ ਤੋਂ ਚਲ ਕੇ ਸਮੂਹ ਦੀ ਪ੍ਰਵਾਨਗੀ ਜਿੱਥੇ ਲੋਕ-ਕਾਵਿ ਦੇ ਚਰਿੱਤਰ ਨੂੰ ਸਮੂਹ ਭਾਵੀ, ਸਮਾਜਿਕ ਤੇ ਪਰੰਪਰਾ ਮੁਖ ਬਣਾਉਂਦੀ ਹੈ, ਉੱਥੇ ਇਹ ਮੁੱਢੋਂ-ਸੁੱਢੋਂ ਸੁਤੰਤਰ ਸਿਰਜਣਾ ਵੀ ਹੈ। ਅੰਤ ਵਿਚ ਸਾਰੀ ਬੋਲੀ ਇਕ ਸੰਪੂਰਨ ਇਕਾਈ ਬਣਦੀ ਹੈ। ਗੱਲ ਨਿੱਜ ਤੋਂ ਸਾਂਝ ਵੱਲ ਅਤੇ ਸਮੂਹ ਵੱਲ ਤੁਰਦੀ ਹੈ।
ਲੋਕ-ਕਾਵਿ ਦੇ ਸਮੂਹਿਕ ਸੁਭਾਅ ਦੀ ਇਕ ਹੋਰ ਪਛਾਣ ਹੈ: ਇਸ ਦਾ ਪੀੜ੍ਹੀਓ-ਪੀੜ੍ਹੀ ਮੌਖਿਕ ਰੂਪ ਵਿਚ ਚੱਲਦੇ ਜਾਣਾ। ਤੁਰਦੇ ਰਹਿਣਾ ਹੀ ਲੋਕ-ਕਾਵਿ ਦਾ ਜੀਵਨ ਹੈ। ਇਹ ਪਰੰਪਰਾ ਕਈ ਵਾਰ ਉਚੇਚ ਨਾਲ ਗੁਰੂ ਚੇਲੇ ਦੀ ਰੀਤ ਵਿਚ ਤੁਰਦੀ ਹੈ।
ਸੋ ਵਿਅਕਤੀਗਤ ਕਿਰਤਾਂ, ਜਿਨ੍ਹਾਂ ਵਿਚੋਂ ਲੋਕ ਦੀ ਭਾਵਨਾ ਬੋਲਦੀ ਹੈ, ਪਰੰਪਰਾ ਵਿਚ ਪੈ ਕੇ ਸਮੂਹਿਕ ਹੋ ਜਾਂਦੀਆਂ ਹਨ। ਪਰ ਅੰਤਿਮ ਰੂਪ ਵਿਚ ਇਹ ਕਿਰਤਾਂ ਹੁੰਦੀਆਂ ਨਿੱਜੀ ਸਿਰਜਨਾਵਾਂ ਹੀ ਹਨ। ਇਨ੍ਹਾਂ ਨਿੱਜੀ ਕਿਰਤਾਂ ਨੂੰ ਸਾਡੀਆਂ ਯੂਨੀਵਰਸਿਟੀਆਂ ਦੇ ਵਿਦਵਾਨ ਗੁੰਮਨਾਮ ਲੋਕਾਂ ਦੀਆਂ ਗੁੰਮਨਾਮ ਕਿਰਤਾਂ ਦੇ ਤੌਰ ’ਤੇ ਪੜ੍ਹਾਉਂਦੇ ਹਨ।

ਸੰਪਰਕ: 98880-06118


Comments Off on ਇਕ ‘ਬੋਲੀ’ ਦੀ ਸਿਰਜਣਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.