ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਆ ਗ਼ਰੀਬ, ਤੇਰਾ ਭਲਾ ਕਰੀਏ…

Posted On June - 3 - 2019

ਐੱਸ ਪੀ ਸਿੰਘ*

“ਸਾਰੇ ਬੱਚੇ ਜਿਹੜੇ ਬਹੁਤ ਗ਼ਰੀਬ ਨੇ ਤੇ ਜਿਹੜੇ-ਜਿਹੜੇ ਅਨੁਸੂਚਿਤ ਜਾਤੀ ਵਾਲੇ ਨੇ, ਆਪਣੀ ਆਪਣੀ ਸੀਟ ’ਤੇ ਖੜ੍ਹੇ ਹੋ ਜਾਓ।”
ਮੈਂ ਚੌਦਾਂ ਸਾਲਾਂ ਦਾ ਸਾਂ। ਸੰਨ 1980। ਕਲਾਸ ਅੱਠਵੀਂ, ਸੈਕਸ਼ਨ ਏ। ਗੌਰਮਿੰਟ ਜੂਨੀਅਰ ਮਾਡਲ ਸਕੂਲ, ਮਾਡਲ ਟਾਊਨ, ਲੁਧਿਆਣਾ।
ਕਲਾਸ ਇੰਚਾਰਜ ਅਧਿਆਪਕ ਸੁਰਿੰਦਰ ਬਾਲਾ ਹੋਰੀਂ ਸਨ। ਹੁਣ ਪੁਰਾਣੀਆਂ ਤਸਵੀਰਾਂ ਵੇਖਦਿਆਂ ਜਾਪਦਾ ਹੈ ਕਿ ਉਹ ਉਸ ਵੇਲੇ ਲਗਭਗ ਪੰਜਾਹ ਸਾਲ ਦੇ ਰਹੇ ਹੋਣਗੇ। ਦਿਲ ਦੇ ਅਤਿ ਨਰਮ, ਬੋਲੀ ਦੇ ਅਤਿ ਸਖ਼ਤ। ਕਦੀ ਕਦੀ ਤਾਂ ਸਾਨੂੰ ਚੰਗੀ ਤਰ੍ਹਾਂ ਕੁੱਟਦੇ ਵੀ ਸਨ। ਕੁੱਟਣ ਦਾ ਉਨ੍ਹਾਂ ਦਾ ਇੱਕ ਖ਼ਾਸ ਤਰੀਕਾ ਸੀ – ਸੱਜੀ-ਖੱਬੀ ਗੱਲ੍ਹ ਦੇ ਉੱਤੇ ਸਿੱਧੇ-ਪੁੱਠੇ ਹੱਥ ਨਾਲ ਚਪੇੜਾਂ। ਹਿਸਾਬ ਦੇ ਕਿਸੇ ਸਵਾਲ ਵਿੱਚ ਇੱਕ ਗ਼ਲਤੀ ਲਈ ਇੱਕ ਚਪੇੜ, ਤਿੰਨ ਗ਼ਲਤੀਆਂ ਤਿੰਨ ਚਪੇੜਾਂ। ਧਿਆਨ ਨਾਲ ਕਾਪੀ ਚੈੱਕ ਕਰਦੇ ਸਨ, ਚਪੇੜਾਂ ਗਿਣ ਕੇ ਮਾਰਦੇ ਸਨ। ਕਦੀ ਗ਼ਲਤੀ ਨਹੀਂ ਸੀ ਹੁੰਦੀ।
ਦਸੰਬਰ ਮਹੀਨੇ ਦੀ ਉਸ ਸਵੇਰ ਉਹ ਵਿਦਿਆਰਥੀਆਂ ਤੋਂ ਮਾਸਿਕ ਸਕੂਲ ਫ਼ੀਸ ਇਕੱਠੀ ਕਰ ਰਹੇ ਸਨ। ਇਹ ਹਰ ਮਹੀਨੇ ਦਾ ਨੇਮ ਸੀ। ਪੰਜ ਰੁਪਏ ਬਾਰਾਂ ਆਨੇ ਮੇਰੀ ਮਹੀਨੇ ਦੀ ਸਕੂਲ ਫੀਸ ਹੁੰਦੀ ਸੀ। ਹਰ ਵਿਦਿਆਰਥੀ ਸਮੇਂ ਸਿਰ ਫੀਸ ਨਹੀਂ ਸੀ ਲਿਆਉਂਦਾ। ਮਹੀਨੇ ਦੀ ਦਸਵੀਂ ਤਰੀਕ ਤੱਕ ਫੀਸ ਕਲਾਸ ਇੰਚਾਰਜ ਨੂੰ ਜਮ੍ਹਾਂ ਕਰਵਾਉਣੀ ਹੁੰਦੀ ਸੀ। ਮੇਰੀ ਤਾਂ ਅਕਸਰ ਹੀ ਲੇਟ ਹੋ ਜਾਂਦੀ ਸੀ।

ਐੱਸ.ਪੀ. ਸਿੰਘ*

ਮਹੀਨਾ ਕੁ ਪਹਿਲਾਂ ਇੱਕ ਵਿਦਿਆਰਥੀ ਦੇ ਮਾਪੇ ਸਕੂਲ ਆਏ ਸਨ। ਸਰਦੇ-ਪੁੱਜਦੇ ਹੋਣਗੇ। ਉਨ੍ਹਾਂ ਨੇ ਸਕੂਲ ਅਧਿਕਾਰੀਆਂ ਨੂੰ ਕਿਹਾ ਕਿ ਜਿਹੜੇ ਵੀ ਬੱਚੇ ਜ਼ਿਆਦਾ ਗ਼ਰੀਬ ਨੇ ਜਾਂ ਅਨੁਸੂਚਿਤ ਜਾਤੀ ਦੇ ਨੇ, ਉਨ੍ਹਾਂ ਦੀ ਫੀਸ ਉਹ ਦੇ ਦਿਆ ਕਰਨਗੇ। ਇਹਦੇ ਮੁਤੱਲਕ ਉਨ੍ਹਾਂ ਨੇ ਇੱਕ ਰਕਮ ਵੀ ਸਕੂਲ ਵਾਲਿਆਂ ਨੂੰ ਜਮ੍ਹਾ ਕਰਵਾ ਦਿੱਤੀ।
ਇੱਕ ਦਿਨ ਸਕੂਲ ਦੀ ਮੁੱਖ ਅਧਿਆਪਕਾ ਵੱਡੇ ਭੈਣਜੀ ਜਸਵੰਤ ਕੌਰ ਹੋਰਾਂ ਨੇ ਹੁਕਮ ਦਿੱਤਾ ਕਿ ਇੱਕ-ਇੱਕ ਕਰਕੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਮਰੇ ਵਿਚ ਭੇਜਿਆ ਜਾਵੇ। ਉਸ ਕਮਰੇ ਵਿਚ ਜਾਣ ਤੋਂ ਤਾਂ ਸਦਾ ਹੀ ਡਰ ਲੱਗਦਾ ਸੀ। ਅਸੀਂ ਤੀਰ ਵਾਂਗੂੰ ਸਿੱਧੀ ਲਾਈਨ ਬਣਾ ਕੇ ਕੱਲਾ-ਕੱਲਾ ਪੇਸ਼ ਹੋਏ, ਪਰ ਉਨ੍ਹਾਂ ਬੜੀ ਹੀ ਨਰਮੀ ਨਾਲ਼ ਕੁਝ ਸਵਾਲ ਪੁੱਛੇ। ਡੈਡੀ ਕੀ ਕਰਦੇ ਨੇ, ਮਾਂ ਘਰ ਗ੍ਰਹਿਣੀ ਹੈ ਕਿ ਕੰਮ ਕਰਦੀ ਹੈ? ਕਿੰਨੇ ਭਰਾ ਨੇ, ਕਿੰਨੀਆਂ ਭੈਣਾਂ ਨੇ? ਕੀ ਸਾਨੂੰ ਜੇਬ ਖਰਚ ਮਿਲਦਾ ਹੈ, ਕਿੰਨਾ ਮਿਲਦਾ ਹੈ? ਉਹ ਸਾਰੇ ਸਵਾਲ ਪੁੱਛ ਰਹੇ ਸਨ ਜਿਸ ਦੇ ਆਧਾਰ ’ਤੇ ਫ਼ੈਸਲਾ ਕਰ ਸਕਣ ਕਿ ਕਿਸ ਦੀ ਫੀਸ ਮੁਆਫ਼ ਹੋਣੀ ਹੈ। ਮੈਂ ਕਮਰਿਓਂ ਨਿਕਲਣ ਲੱਗਾ ਤਾਂ ਉਨ੍ਹਾਂ ਤਾਕੀਦ ਕੀਤੀ- ‘‘ਕਿਸੇ ਨੂੰ ਦੱਸਣਾ ਨਹੀਂ।’’ ਮੈਂ ਬੱਚਾ ਜਿਹਾ ਸਾਂ ਪਰ ਸੁਣ ਕੇ ਚੰਗਾ ਲੱਗਾ ਸੀ ਕਿ ਕੋਈ ਗੱਲ ਮੇਰੇ ਤੇ ਮੁੱਖ ਅਧਿਆਪਕਾ ਵਿੱਚ ਹੁਣ ਪ੍ਰਾਈਵੇਟ ਵੀ ਹੈ।
ਦੋ ਦਿਨਾਂ ਬਾਅਦ ਭੈਣ ਜੀ ਸੁਰਿੰਦਰ ਬਾਲਾ ਜਮਾਤ ਵਿੱਚ ਖੜ੍ਹੇ ਹੋ ਗਏ, ਹੱਥ ਵਿੱਚ ਵੱਡੇ ਭੈਣ ਜੀ ਜਸਵੰਤ ਕੌਰ ਜੀ ਦੁਆਰਾ ਬਣਾਈ ਲਿਸਟ ਲੈ ਕੇ। ਅਖੇ, ‘‘ਸਾਰੇ ਬੱਚੇ ਜਿਹੜੇ ਬਹੁਤ ਗਰੀਬ ਨੇ ਅਤੇ ਜਿਹੜੇ-ਜਿਹੜੇ ਅਨੁਸੂਚਿਤ ਜਾਤੀ ਵਾਲੇ ਨੇ, ਆਪਣੀ ਆਪਣੀ ਸੀਟ ’ਤੇ ਖੜ੍ਹੇ ਹੋ ਜਾਓ।’’ ਕੁਝ ਮੇਰੇ ਜਮਾਤੀ, ਜਮਾਤਣਾਂ ਖੜ੍ਹੇ ਹੋ ਗਏ। ਅੱਠ ਸਨ।
ਬਾਲਾ ਭੈਣ ਜੀ ਨੇ ਐਲਾਨ ਕੀਤਾ – ‘‘ਬੱਚਿਓ, ਤੁਹਾਡੀ ਸਭ ਦੀ ਫੀਸ ਮੁਆਫ਼ ਕਰ ਦਿੱਤੀ ਹੈ। ਸਾਰੇ ਗ਼ਰੀਬ ਅਤੇ ਅਨੁਸੂਚਿਤ ਜਾਤੀ ਦੇ ਬੱਚਿਆਂ ਦੀ ਫੀਸ ਮੁਆਫ਼ ਕੀਤੀ ਜਾ ਰਹੀ ਹੈ।’’ ਸਾਨੂੰ ਇਹ ਵੀ ਹਦਾਇਤ ਦਿੱਤੀ ਗਈ ਕਿ ਆਪਣੇ ਮਾਂ ਬਾਪ ਤੱਕ ਇਹ ਸੂਚਨਾ ਪੁੱਜਦੀ ਕਰੀਏ। ਅਚਾਨਕ ਉਨ੍ਹਾਂ ਵੇਖਿਆ ਕਿ ਮੈਂ ਅਜੇ ਆਪਣੀ ਸੀਟ ’ਤੇ ਬੈਠਾ ਹੀ ਸਾਂ।
‘‘ਕਾਕਾ, ਕੀ ਗੱਲ ਤੇਰਾ ਨਾਮ ਨਹੀਂ ਪਾਇਆ ਲਿਸਟ ਵਿੱਚ?’’ ਸੁਰਿੰਦਰ ਬਾਲਾ ਭੈਣ ਜੀ ਨੂੰ ਤਾਂ ਮੇਰੀ ਆਰਥਿਕ ਸਥਿਤੀ ਬਾਰੇ ਕਿਸੇ ਅਰਜੁਨ ਸੇਨ ਗੁਪਤਾ ਜਾਂ ਤੇਂਦੁਲਕਰ ਕਮੇਟੀ ਤੋਂ ਵੀ ਵਧੇਰੇ ਪਤਾ ਸੀ। ਮੈਂ ਉਹ ਵਿਦਿਆਰਥੀ ਸਾਂ ਜਿਸ ਦੀ ਪੰਜ ਰੁਪਈਏ ਬਾਰਾਂ ਆਨ੍ਹੇ ਫ਼ੀਸ ਸਦਾ ਲੇਟ ਆਉਂਦੀ ਸੀ।
ਜੇ ਤੁਹਾਨੂੰ ਮੇਰੀਆਂ ਦੋ ਕਮੀਜ਼ਾਂ ਤੇ ਦੋ ਪੈਂਟਾਂ ਵਾਲੀ ਨਿੱਤ ਦਿਨ ਦੀ ਜ਼ਿੰਦਗੀ ਤੋਂ ਮੇਰੀ ਆਰਥਿਕ ਸਥਿਤੀ ਦਾ ਨਾ ਵੀ ਪਤਾ ਲੱਗਦਾ ਤਾਂ ਮੇਰੇ ਕਾਲੇ ਬੂਟ ਤਾਂ ਸਾਡੀ ਪਰਿਵਾਰਕ ਆਰਥਿਕਤਾ ਦਾ ਸਾਰਾ ਇਤਿਹਾਸ ਹੀ ਨੰਗਾ ਚਿੱਟਾ ਦੱਸ ਦੇਂਦੇ। ਬੂਟ ਮੇਰੇ ਸਮਿਆਂ ਦਾ ਆਧਾਰ ਕਾਰਡ ਸਨ। ਥੱਲਾ ਵੱਖਰਾ, ਬੂਟ ਵੱਖਰਾ। ਬਸ ਜੀਵਨ ਦੀ ਕੋਈ ਅਵੱਲੀ ਡੋਰ ਉਨ੍ਹਾਂ ਨੂੰ ਜੋੜੀ ਰੱਖਦੀ ਸੀ – ਮੈਂ ਵੇਲੇ-ਕੁਵੇਲੇ ਮੋਚੀ ਤੋਂ ਥੋੜ੍ਹੀ ਥੋੜ੍ਹੀ ਸੁਰੇਸ਼ ਵੀ ਲਗਵਾ ਲੈਂਦਾ ਸਾਂ।
‘‘ਕਾਕਾ ਤੇਰਾ ਨਾਮ ਹੈਗਾ ਲਿਸਟ ਵਿੱਚ, ਖੜ੍ਹਾ ਹੋ ਜਾ।’’ ਬਾਲਾ ਭੈਣ ਜੀ ਨੇ ਲਿਸਟ ਦੁਬਾਰਾ ਘੋਖੀ ਸੀ, ਆਪਣੇ ਵੱਲੋਂ ਚੰਗੀ ਖ਼ਬਰ ਸੁਣਾ ਰਹੇ ਸਨ।
ਮੈਂ ਸਖ਼ਤ ਵਿਰੋਧ ਕੀਤਾ, ‘‘ਨਹੀਂ ਮੈਡਮ ਜੀ, ਵੱਡੇ ਭੈਣ ਜੀ ਨੇ ਕਿਹਾ ਹੈ ਕਿ ਮੈਨੂੰ ਫ਼ੀਸ ਮੁਆਫ਼ੀ ਨਹੀਂ ਮਿਲ ਸਕਦੀ।’’ ਸਾਰੀ ਕਲਾਸ ਮੇਰੇ ਵੱਲ ਵੇਖ ਰਹੀ ਸੀ।
‘‘ਨਹੀਂ ਕਾਕਾ, ਤੇਰਾ ਨਾਮ ਹੈਗਾ ਲਿਸਟ ਵਿੱਚ।’’
‘‘ਨਹੀਂ ਮੈਡਮ ਜੀ, ਮੇਰੇ ਡੈਡੀ ਜੀ ਕਹਿੰਦੇ ਸਿਰਫ਼ ਗ਼ਰੀਬ ਬੱਚਿਆਂ ਦੀ ਫੀਸ ਮੁਆਫ਼ ਹੋਣੀ ਹੈ।’’
ਮੁਕਾਬਲਾ ਸਖ਼ਤ ਸੀ। ਅਰੁਣ ਜੇਤਲੀ ਅਤੇ ਪੀ ਚਿਦੰਬਰਮ ਕਦੇ ਏਨੇ ਖਿਲਾਫ਼ਤੀ ਪੁਰਜੋਸ਼ ਨਾਲ ਨਹੀਂ ਲੜੇ। ਮੇਰੀ ਅਸਲੀ ਫਟੇਹਾਲ ਆਰਥਿਕਤਾ ਤੋਂ ਇਹ ਜ਼ਿਆਦਾ ਮਹੱਤਵਪੂਰਨ ਸੀ ਕਿ ਮੇਰੇ ਹਮ-ਜਮਾਤੀ ਮੈਨੂੰ ਕਿਸ ਨਜ਼ਰ ਨਾਲ ਵੇਖਦੇ ਹਨ। ਅੰਕੜਿਆਂ ਨੂੰ ਉੱਤੇ-ਥੱਲੇ ਕਰਨ ਵਾਲਾ ਤੇ ਜੀਡੀਪੀ ਦੀਆਂ ਭੰਬੀਰੀਆਂ ਘੁਮਾਉਣ ਵਾਲਾ ਕੋਈ ਵੀ ਫਾਰਮੂਲਾ ਮੈਂ ਛੇਤੀ ਨਾਲ ਤਲਾਸ਼ ਰਿਹਾ ਸਾਂ। ਕੰਬਖਤ ਕੋਈ ਸੁਰਜੀਤ ਭੱਲਾ ਮੇਰੀ ਮਦਦ ਨੂੰ ਨਾ ਬਹੁੜਿਆ।
ਅੱਠਵੀਂ ਜਮਾਤ ਵਿੱਚ ਸਾਂ, ਪਰ ਚੰਗੀ ਤਰ੍ਹਾਂ ਜਾਣਦਾ ਸਾਂ ਕਿ ਗ਼ਰੀਬ ਹੋਣ ਦਾ ਕੀ ਮਤਲਬ ਹੁੰਦਾ ਹੈ। ਸੱਤਵੀਂ ਵਿੱਚ ਸਾਂ ਜਦੋਂ ਸਾਹਮਣੇ ਘਰ ਵਾਲਿਆਂ ਟੀਵੀ ਖਰੀਦਿਆ। ਪੰਜ ਵਜੇ ਦੂਰਦਰਸ਼ਨੀ ਚੱਕ੍ਰ ਸਕ੍ਰੀਨ ਉੱਤੇ ਘੁੰਮਣਾ ਸ਼ੁਰੂ ਕਰਦਾ ਤਾਂ ਅਸੀਂ ਮੰਜੀ ’ਤੇ ਜਗ੍ਹਾ ਮਲੱਕ ਲੈਂਦੇ। ਫਿਰ ਕੋਈ ਗੁਆਂਢਣ ਆਉਂਦੀ ਤਾਂ ਮੇਰਾ ਦੋਸਤ ਕਾਲਾ ਮੰਜੀ ਉੱਤੋਂ ਉੱਠ ਭੁੰਜੇ ਬਹਿ ਜਾਂਦਾ। ਉਹਦਾ ਪਰਿਵਾਰ ਸਾਥੋਂ ਵੀ ਗ਼ਰੀਬ ਸੀ। ਇੱਕ ਹੋਰ ਗੁਆਂਢਣ ਆਉਂਦੀ ਤਾਂ ਭੁੰਜੇ ਬਹਿਣ ਦੀ ਵਾਰੀ ਮੇਰੀ ਹੁੰਦੀ, ਭਾਵੇਂ ਅਜੇ ਦੋ, ਤਿੰਨ ਹੋਰ ਜਣੇ ਮੰਜੇ ਉੱਤੇ ਬੈਠੇ ਹੁੰਦੇ। ਅਸੀਂ ਸਭ ਆਪਣੀ-ਆਪਣੀ ਜਨਤਕ ਤੌਰ ਉੱਤੇ ਜਾਣੀ ਜਾਂਦੀ ਔਕਾਤ ਅਨੁਸਾਰ ਮੰਜੇ ਉੱਤੇ ਬੈਠਦੇ ਅਤੇ ਭੁੰਜੇ ਡਿੱਗਦੇ ਰਹਿੰਦੇ। ਮੋਟੀ ਗੱਲ ਇਹ ਸੀ ਕਿ ਅਸੀਂ ਗ਼ਰੀਬ ਸਾਂ। ਕੋਈ ਬਹੁਤੀ ਸਮਝਣ ਵਾਲੀ ਗੱਲ ਇਸ ਵਿੱਚ ਹੈ ਨਹੀਂ ਸੀ।
ਅੱਠਵੀਂ ਕਲਾਸ ਵਿੱਚ ਤਾਂ ਮੈਂ ਹੋਰ ਅਕਲਮੰਦ ਹੋ ਚੁੱਕਾ ਸਾਂ। ਏਨਾ ਤਾਂ ਹੋ ਹੀ ਗਿਆ ਸਾਂ ਕਿ ਜਾਣਦਾ ਸਾਂ ਜੇ ਮੇਰਾ ਨਾਮ ਭਰੀ ਕਲਾਸ ਵਿੱਚ ਗ਼ਰੀਬ ਬੱਚਿਆਂ ਦੀ ਸ਼੍ਰੇਣੀ ਵਿੱਚ ਪੁਕਾਰਿਆ ਜਾਵੇਗਾ ਤਾਂ ਇਹ ਜਮਾਤ ਵਿੱਚ ਮੇਰੇ ਸਮਾਜਿਕ ਰੁਤਬੇ ਲਈ ਚੰਗਾ ਨਹੀਂ ਹੋਵੇਗਾ। ਮੇਰਾ ਮਨੋਬਲ ਮੇਰੇ ਤਸਦੀਕਸ਼ੁਦਾ ਗ਼ਰੀਬ ਨਾ ਹੋਣ ’ਤੇ ਨਿਰਭਰ ਸੀ। ਮੇਰੇ ਬੂਟ ਭਾਵੇਂ ਮੇਰੀ ਹੈਸੀਅਤ ਦਾ ਜ਼ਾਹਿਰਾ ਐਲਾਨ ਕਰਦੇ ਸਨ, ਪਰ ਉਨ੍ਹਾਂ ਬਾਰੇ ਮੈਂ ਕੁਝ ਨਹੀਂ ਸੀ ਕਰ ਸਕਦਾ। ਲਿਸਟ ਬਾਰੇ ਤਾਂ ਮੈਂ ਕੁਝ ਕਰ ਹੀ ਸਕਦਾ ਸਾਂ। ਇਹ ਤਾਂ ਬਹੁਤ ਮਹੱਤਵਪੂਰਨ ਸੀ – ਹੁਣ ਤਾਂ ਮੇਰੀ ਗ਼ਰੀਬੀ ਉੱਤੇ ਅਧਿਕਾਰਤ ਮੋਹਰਾਂ ਲੱਗ ਰਹੀਆਂ ਸਨ, ਲਿਸਟਾਂ ਬਣ ਰਹੀਆਂ ਸਨ।
ਮੈਂ ਹੋਰ ਵਿਸਥਾਰ ਵਿਚ ਨਹੀਂ ਜਾਣਾ ਚਾਹੁੰਦਾ ਭਾਵੇਂ ਮੈਨੂੰ ਸਾਰਾ ਘਟਨਾਕ੍ਰਮ ਚੰਗੀ ਤਰ੍ਹਾਂ ਯਾਦ ਹੈ। ਜ਼ਿਆਦਾ ਵਿਸਥਾਰ ਨਾਲ ਜਾਂ ਤਾਂ ਤੁਹਾਡਾ ਹਾਸਾ ਨਿਕਲ ਜਾਵੇਗਾ ਜਾਂ ਰੋਣਾ। ਹੱਸੋਗੇ ਤਾਂ ਤੁਹਾਡੀ ਮਨੁੱਖਤਾ ਦੀ ਕੋਈ ਛਿਲਤਰ ਲਹਿ ਜਾਵੇਗੀ। ਰੋਵੋਗੇ ਤਾਂ ਵੀ ਮੈਨੂੰ ਕੁਝ ਚੰਗਾ ਨਹੀਂ ਲੱਗੇਗਾ। ਦਹਾਕਿਆਂ ਬਾਅਦ ਦੁੱਖ ਨੂੰ ਅੱਗੇ ਚਲਾਉਣਾ ਕੋਈ ਚੰਗੀ ਗੱਲ ਨਹੀਂ।
ਮੁੱਕਦੀ ਗੱਲ ਇਹ ਕਿ ਬਾਲਾ ਭੈਣ ਜੀ ਨੇ ਮੇਰਾ ਨਾਮ ਲਿਸਟ ਵਿੱਚੋਂ ਕੱਟ ਦਿੱਤਾ। ਘਰ ਆ ਕੇ ਮੈਨੂੰ ਕਈ ਤਿਕੜਮ ਲੜਾਉਣੇ ਪਏ ਆਪਣੇ ਬਾਪ ਨੂੰ ਇਹ ਜਚਾਉਣ ਲਈ ਕਿ ਮੇਰੀ ਫ਼ੀਸ ਕਿਉਂ ਨਹੀਂ ਮੁਆਫ਼ ਹੋਈ। ਬਾਪੂ ਨੇ ਚਾਰ ਵਾਰ ਸਾਈਕਲ ਚੁੱਕਿਆ ਸਕੂਲ ਜਾ ਕੇ ਵੱਡੇ ਭੈਣ ਜੀ ਨਾਲ ਲੜਾਈ ਕਰਨ ਲਈ, ਚਾਰੋਂ ਵਾਰੀ ਮੈਂ ਬਾਪੂ ਨੂੰ ਰੋਕ ਲਿਆ। ਮੇਰੇ ਜੀਵਨ ਦੀਆਂ ਉਪਲੱਬਧੀਆਂ ਵਿੱਚ ਇਹਦਾ ਜ਼ਿਕਰ ਮੁੱਖ ਤੌਰ ’ਤੇ ਕੀਤਾ ਜਾਵੇ।
ਵੱਡੇ ਭੈਣ ਜੀ ਜਸਵੰਤ ਕੌਰ ਆਪਣੇ ਸਮਿਆਂ ਦੇ ਚੋਟੀ ਦੇ ਕਮਿਊਨਿਸਟ ਲੀਡਰ ਜਗਜੀਤ ਸਿੰਘ ਲਾਇਲਪੁਰੀ ਦੀ ਪਤਨੀ ਸਨ। ਇਹ ਤੱਥ ਜੀਵਨ ਵਿੱਚ ਬਹੁਤ ਬਾਅਦ ਵਿੱਚ ਪਤਾ ਲੱਗਿਆ, ਪਰ ਸਮਝ ਆਇਆ ਕਿ ਕਿਉਂ ਕਮਰੇ ਵਿਚ ਕੱਲੇ-ਕੱਲੇ ਬੱਚੇ ਨੂੰ ਬੁਲਾ ਕੇ ਉਹਦੇ ਘਰ ਦੇ ਹਾਲਾਤ ਬਾਰੇ ਏਨੀ ਦਰਦਮੰਦੀ ਨਾਲ ਸਵਾਲ ਪੁੱਛ ਰਹੇ ਸਨ, ਏਨੀ ਸੰਵੇਦਨਾ ਨਾਲ ਸਾਡੀ ਆਰਥਿਕ ਸਥਿਤੀ ਜਾਨਣਾ ਚਾਹ ਰਹੇ ਸਨ।
ਸਾਲ ਬੀਤੇ, ਦਹਾਕੇ ਬੀਤੇ। ਮਾਡਲ ਗ੍ਰਾਮ ਰਹਿੰਦੇ ਸੁਰਿੰਦਰ ਬਾਲਾ ਭੈਣ ਜੀ ਨੂੰ ਫਿਰ ਇੱਕ ਦਿਨ ਮੈਂ ਮਿਲਣ ਗਿਆ। ਉਸ ਦਿਨ ਨਵੀਂ ਕਾਰ ਖ਼ਰੀਦੀ ਸੀ। ਇਕ ਰਿਸ਼ਤੇਦਾਰ ਕਹਿ ਰਿਹਾ ਸੀ ਗੁਰਦੁਆਰੇ ਕਾਰ ਨੂੰ ਮੱਥਾ ਟਿਕਾ ਕੇ ਲਿਆਉਣਾ ਹੈ। ਮੈਨੂੰ ਹਾਸਾ ਆਇਆ, ਪਰ ਫਿਰ ਉਸ ਦੀ ਗੰਭੀਰਤਾ ਵੇਖ ਮੈਂ ਇੰਨਾ ਕੁ ਸਮਝੌਤਾ ਕੀਤਾ ਕਿ ਕਿਧਰੇ ਨਾ ਕਿਧਰੇ ਕਾਰ ਨੂੰ ਮੱਥਾ ਟਿਕਾ ਲਿਆਵਾਂਗਾ।
ਕਾਰ ਬਾਲਾ ਭੈਣ ਜੀ ਦੇ ਘਰ ਨੂੰ ਰੋੜ੍ਹ ਦਿੱਤੀ।
ਸੁਰਿੰਦਰ ਬਾਲਾ ਭੈਣ ਜੀ ਬਾਰੇ ਮੈਂ ਤੁਹਾਨੂੰ ਹੋਰ ਕੀ ਦੱਸਾਂ? ਸਾਨੂੰ ਹਿਸਾਬ ਅਤੇ ਅੰਗਰੇਜ਼ੀ ਪੜ੍ਹਾਉਂਦੇ ਸਨ। ਸ਼ਾਦੀ ਉਨ੍ਹਾਂ ਜੀਵਨ ਵਿੱਚ ਕੀਤੀ ਨਹੀਂ ਸੀ। ਇਹ ਗੱਲ ਹੱਸ ਕੇ ਦੱਸਦੇ ਹੁੰਦੇ ਸਨ। ਕਈ ਵਾਰੀ ਕਹਿੰਦੇ, ‘‘ਮਰ ਜਾਣਿਓ, ਜੇ ਵਿਆਹ ਕਰਦੀ ਤਾਂ ਇੱਕ ਦੋ ਨਿਆਣੇ ਪਾਲ ਦੇਂਦੀ, ਤੁਹਾਡੇ ਵਰਗੇ ਤੀਹ, ਚਾਲੀ ਉੱਲੂ ਦੇ ਪੱਠੇ ਤਾਂ ਹਰ ਸਾਲ ਨਾ ਢੋਣੇ ਪੈਂਦੇ! ਮੇਰੀ ਮੱਤ ਮਾਰ ਦਿੱਤੀ ਤੁਸਾਂ!’’ ਅਸੀਂ ਰੋਜ਼ ਉਨ੍ਹਾਂ ਦੀ ਬੜੀ ਮੱਤ ਮਾਰਦੇ। ਸਕੂਲ ਛੁੱਟੀ ਹੋ ਜਾਂਦੀ ਤਾਂ ਉਨ੍ਹਾਂ ਨੂੰ ਫਿਰ ਘੇਰ ਲੈਂਦੇ। ਭੈਣ ਜੀ ਇਹ ਨਹੀਂ ਸਮਝ ਆਇਆ, ਭੈਣ ਜੀ ਉਹ ਨਹੀਂ ਸਮਝ ਆਇਆ। ਭੈਣ ਜੀ ਵੀ ਅਜੀਬ ਸਨ। ਬਾਹਰ ਪਿੱਪਲ ਥੱਲੇ ਬਲੈਕ ਬੋਰਡ ਲਾ ਦੇਂਦੇ, ਚਾਕ ਹੱਥ ’ਚ ਫੜ ਫਿਰ ਸ਼ੁਰੂ ਹੋ ਜਾਂਦੇ।
ਤਿੰਨ ਚੀਜ਼ਾਂ ਉਨ੍ਹਾਂ ਨੂੰ ਬਹੁਤ ਖ਼ੂਬਸੂਰਤ ਆਉਂਦੀਆਂ ਸਨ – ਹਿਸਾਬ, ਅੰਗਰੇਜ਼ੀ ਅਤੇ ਧਮਕੀਆਂ। ‘‘ਸੁਣ ਲੈ ਕਾਕਾ, ਜੇ ਮੈਰਿਟ ਲਿਸਟ ਵਿੱਚ ਤੇਰਾ ਨਾਮ ਨਾ ਆਇਆ ਮਾਰ ਮਾਰ ਕੇ ਦੋਵੇਂ ਗੱਲ੍ਹਾਂ ਲਾਲ ਕਰ ਦੇਵਾਂਗੀ।’’ ਮੈਨੂੰ ਪਤਾ ਸੀ ਸੁਰਿੰਦਰ ਬਾਲਾ ਵਿੱਚ ਦੋਵੇਂ ਗੱਲ੍ਹਾਂ ਲਾਲ ਕਰ ਦੇਣ ਦਾ ਤਹੱਈਆ ਪੂਰਾ ਹੈ। ਸ਼ਾਇਦ ਡਰਦੇ ਦਾ ਹੀ ਮੇਰਾ ਮੈਰਿਟ ਲਿਸਟ ਵਿੱਚ ਨਾਮ ਆ ਗਿਆ।
ਭੈਣ ਜੀ ਦੇ ਘਰ ਵੱਲ ਨੂੰ ਕਾਰ ਚਲਾਉਂਦਿਆਂ ਹਜ਼ਾਰਾਂ ਖ਼ਿਆਲ ਮਨ ਵਿੱਚੋਂ ਗੁਜ਼ਰੇ। ਉਹ ਬਹੁਤ ਸਾਲ ਪਹਿਲਾਂ ਰਿਟਾਇਰ ਹੋ ਗਏ ਸਨ। ਆਪਣੇ ਭਰਾ ਦੀ ਕੁੜੀ ਰੋਜ਼ੀ ਨਾਲ ਰਹਿੰਦੇ ਸਨ। ਮੇਰੀ ਗੱਡੀ ਵਿੱਚ ਬੈਠੇ, ਅਸੀਂ ਸਕੂਲ ਵੱਲ ਨੂੰ ਚੱਲ ਪਏ। ਐਤਵਾਰ ਦਾ ਦਿਨ ਸੀ, ਪਰ ਸਕੂਲ ਦੇ ਗੇਟ ਖੁੱਲ੍ਹੇ ਸਨ। ਇਨ੍ਹਾਂ ਸਕੂਲਾਂ ਵਿੱਚ ਕੁਝ ਚੋਰੀ ਹੋਣ ਵਾਲਾ ਨਹੀਂ ਹੁੰਦਾ। ਥੋੜ੍ਹਾ ਸਮਾਂ ਅਸੀਂ ਉਸੇ ਅੱਠਵੀਂ ਜਮਾਤ, ਸੈਕਸ਼ਨ ਏ ਦੇ ਕਮਰੇ ਵਿੱਚ ਖੜ੍ਹੇ ਰਹੇ। ਕਮਰਾ ਹੁਣ ਥੋੜ੍ਹਾ ਛੋਟਾ ਤੇ ਹਨੇਰਾ ਜਾਪਦਾ ਸੀ, ਪਰ ਕੁਝ ਵੀ ਬਦਲਿਆ ਨਹੀਂ ਸੀ। ਬਲੈਕ ਬੋਰਡ ਅਜੇ ਵੀ ਸੱਜੇ ਪਾਸਿਓਂ ਥੋੜ੍ਹਾ ਜਿਹਾ ਟੁੱਟਾ ਹੋਇਆ ਸੀ। ਬੈਂਚ ਪਹਿਲਾਂ ਤੋਂ ਕੁਝ ਵਧੇਰੇ ਖਸਤਾ ਹਾਲਤ ਵਿੱਚ ਜਾਪ ਰਹੇ ਸਨ।
ਮੈਂ ਉਨ੍ਹਾਂ ਨਾਲ ਇੱਕ ਫੋਟੋ ਖਿੱਚੀ। ਉਨ੍ਹਾਂ ਨੂੰ ਉਹ ਦਿਨ ਯਾਦ ਕਰਾਇਆ ਜਦੋਂ ਕਲਾਸ ਵਿੱਚ ਗ਼ਰੀਬ ਅਤੇ ਅਨੁਸੂਚਿਤ ਜਾਤੀ ਦੇ ਬੱਚਿਆਂ ਦੀ ਲਿਸਟ ਲੈ ਕੇ ਉਹ ਖੜ੍ਹੇ ਹੋਏ ਸਨ, ਅਤੇ ਇਹ ਵੀ ਕਿ ਕਿਵੇਂ ਉਹਦੇ ਵਿਚ ਮੇਰਾ ਨਾਮ ਸੀ ਜਾਂ ਨਹੀਂ ਸੀ।
‘‘ਮੈਨੂੰ ਮੁਆਫ਼ ਕਰ ਦੇ!’’ ਉਨ੍ਹਾਂ ਕਿਹਾ ਅਤੇ ਰੋ ਪਏ। ‘‘ਨਹੀਂ ਮੈਡਮ, ਤੁਸੀਂ ਮੈਨੂੰ ਮੁਆਫ਼ ਕਰ ਦਿਓ!’’ ਹੁਣ ਮੈਂ ਰੋ ਰਿਹਾ ਸਾਂ। ਉਨ੍ਹਾਂ ਕਿਹਾ ਸ਼ਾਇਦ ਉਨ੍ਹਾਂ ਨੂੰ ਚੰਗੇਰੇ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਸੀ। ਕਹਿਣ ਲੱਗੇ, ‘‘ਸ਼ਾਇਦ ਇਸ ਲਈ ਉੱਕ ਗਈ ਹੋਵਾਂਗੀ ਕਿ ਮੇਰੇ ਆਪਣੇ ਬੱਚੇ ਨਹੀਂ ਸਨ।’’ ਹੁਣ ਤਾਂ ਮੇਰਾ ਉੱਚੀ ਆਵਾਜ਼ ਵਿੱਚ ਹੀ ਰੋਣਾ ਨਿਕਲ ਗਿਆ। ਮੈਂ ਸਮਝ ਗਿਆ ਸੀ ਕਿ ਇਸ ਵਾਰੀ ਮੈਂ ਠੀਕ ਨਹੀਂ ਕੀਤਾ।
ਲਗਭਗ ਘੰਟਾ ਭਰ ਅਸੀਂ ਸਕੂਲ ਵਿੱਚ ਘੁੰਮਦੇ ਰਹੇ।
ਮੈਂ ਉਨ੍ਹਾਂ ਨੂੰ ਦੱਸ ਰਿਹਾ ਸੀ ਕਿ ਮੈਂ ਤਾ-ਉਮਰ ਉਨ੍ਹਾਂ ਦਾ ਰਿਣੀ ਰਹਾਂਗਾ ਹਰ ਉਸ ਚੰਗੇ ਮੋੜ ਲਈ ਜੋ ਮੈਂ ਜੀਵਨ ਵਿੱਚ ਕੱਟਿਆ, ਉਸ ਸਕੂਲ ਲਈ ਜਿਸ ਵਿੱਚ ਮੈਂ ਬਾਅਦ ਵਿੱਚ ਪੜ੍ਹਿਆ। ਉਸ ਕਾਲਜ ਲਈ ਜਿੱਥੇ ਮੈਂ ਵਿੱਦਿਆ ਹਾਸਲ ਕੀਤੀ। ਉਸ ਯੂਨੀਵਰਸਿਟੀ ਲਈ ਜਿੱਥੋਂ ਮੈਂ ਡਿਗਰੀ ਲੈ ਨੌਕਰੀ ਕੀਤੀ, ਦੇਸ਼ ਵਿਦੇਸ਼ ਘੁੰਮਿਆ। ਉਨ੍ਹਾਂ ਸਾਰੀਆਂ ਕਿਤਾਬਾਂ ਲਈ ਜਿਨ੍ਹਾਂ ਨੂੰ ਪੜ੍ਹ ਅੱਜ ਵਰ੍ਹਿਆਂ ਬਾਅਦ ਤੁਹਾਨੂੰ ਇਹ ਕਥਾ ਦੱਸਣ, ਸੁਣਾਉਣ ਯੋਗ ਹੋ ਸਕਿਆ।
‘‘ਪਰ ਮੈਂ ਤਾਂ ਆਪਣੇ ਆਪ ਨੂੰ ਕਦੀ ਵੀ ਮੁਆਫ਼ ਨਹੀਂ ਕਰ ਸਕਾਂਗੀ। ਕਲਾਸ ਵਿਚ ਖੜ੍ਹ ਕੇ ਮੈਨੂੰ ਲਿਸਟ ਨਹੀਂ ਪੜ੍ਹਨੀ ਚਾਹੀਦੀ ਸੀ। ਏਨੀ ਤੇ ਮੈਨੂੰ ਅਕਲ ਸੀ!’’ ਭੈਣ ਜੀ ਵਾਰ-ਵਾਰ ਕਹਿੰਦੇ ਰਹੇ। ਅਸੀਂ ਸਕੂਲ ਦੇ ਗੇਟ ਤੋਂ ਬਾਹਰ ਨਿਕਲੇ, ਵਾਪਸ ਚੱਲ ਪਏ। ਜਦੋਂ ਉਨ੍ਹਾਂ ਦੇ ਘਰ ਦੇ ਗੇਟ ’ਤੇ ਪਹੁੰਚੇ ਤਾਂ ਹੌਲੀ ਜਿਹੀ ਕਹਿਣ ਲੱਗੇ, ‘‘ਰੋਜ਼ੀ ਨੂੰ ਨਾ ਦੱਸੀਂ, ਪਤਾ ਨਹੀਂ ਮੇਰੇ ਬਾਰੇ ਕੀ ਸੋਚੇਗੀ?’’ ਮੈਂ ਵਾਅਦਾ ਕੀਤਾ। ਫਿਰ ਕਹਿਣ ਲੱਗੇ, ‘‘ਤੂੰ ਮੈਨੂੰ ਮਾਰ ਲੈ ਭਾਵੇਂ, ਜਿਵੇਂ ਮੈਂ ਕੁੱਟਦੀ ਸੀ ਤੁਹਾਨੂੰ।’’ ਹੁਣ ਅਸੀਂ ਦੋਵੇਂ ਰੋ ਰਹੇ ਸਾਂ। ਮੈਂ ਪਛਤਾ ਰਿਹਾ ਸਾਂ। ਹਾਏ ਕਿਉਂ ਮੈਂ ਜ਼ਿਕਰ ਕਰ ਬੈਠਾ! ਇਹ ਜ਼ਮੀਨ, ਆਸਮਾਨ ਗਵਾਹ ਹੈ ਕਿ ਮੈਂ ਅੱਜ ਤੱਕ ਆਪਣੇ ਆਪ ਨੂੰ ਮੁਆਫ਼ ਨਹੀਂ ਕੀਤਾ ਬਾਲਾ ਭੈਣ ਜੀ ਕਿ ਮੈਂ ਇਹ ਕਿੱਸਾ ਦੁਬਾਰਾ ਛੇੜ ਬੈਠਾ ਉਸ ਦਿਨ।
ਦਹਾਕੇ ਬੀਤ ਗਏ ਹਨ। ਜੇ ਮੈਂ ਇਹ ਕਿੱਸਾ ਕਦੀ ਦੱਸਿਆ ਵੀ ਕਿਸੇ ਨੂੰ ਤਾਂ ਆਪਣਾ ਨਾਂ ਛੁਪਾਉਂਦਾ ਰਿਹਾ। ‘‘ਅਸੀਂ ਜੀ ਬੜੇ ਗ਼ਰੀਬ ਸਾਂ’’ – ਇਹ ਵੀ ਕੋਈ ਦਮਗਜ਼ਾ ਹੋਇਆ ਭਲਾ? ਪਿਛਲੇ ਹਫ਼ਤੇ ਖ਼ਬਰ ਪੜ੍ਹੀ ਹੈ ਕਿ ਲੁਧਿਆਣੇ ਦੇ ਇੱਕ ਸਕੂਲ ਵਿੱਚ ਸੱਤਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਬਾਂਹ ’ਤੇ ਅਧਿਆਪਕ ਨੇ ‘ਫੀਸ ਜਮਾਂ ਕਰਵਾਓ’ ਕਹਿੰਦੀ ਮੋਹਰ ਲਾ ਦਿੱਤੀ। ਜੋ ਆਪਣੇ ’ਤੇ ਗੁਜ਼ਰੀ, ਉਹ ਅਖ਼ਬਾਰੀ ਕਾਲਮ ਦਾ ਸਾਮਾਨ ਨਹੀਂ। ਜੋ ਤੁਹਾਡੇ ’ਤੇ ਗੁਜ਼ਰੀ ਹੋਵੇਗੀ, ਉਹਨੇ ਹੀ ਅੰਦਰਲਾ ਬੇਜ਼ਾਰ ਕਰ ਦਿੱਤਾ ਹੋਵੇਗਾ। ਕਲੰਕੀ ਮੋਹਰਾਂ ਲੱਗ ਹੀ ਗਈਆਂ ਨੇ, ਸਾਡੀਆਂ ਸੂਚੀਆਂ ਬਣ ਹੀ ਰਹੀਆਂ ਨੇ ਤਾਂ ਬਾਕੀ ਗੱਲ ਵੀ ਕਰ ਲਈਏ। ਅੱਜਕੱਲ੍ਹ ਫਿਰ ਅੱਠਵੀਂ ਜਮਾਤ ਦੇ ਬੱਚਿਆਂ ਦੇ ਬੋਰਡ ਦੇ ਇਮਤਿਹਾਨ ਵਾਲਾ ਸਿਲਸਿਲਾ ਤੁਰ ਪਿਆ ਹੈ। ਪਤਾ ਨਹੀਂ ਸਰਕਾਰ ਜੀ ਨੂੰ ਦਹਾਕਿਆਂ ਬਾਅਦ ਇਹ ਇਲਮ ਹੋਇਆ ਹੈ ਜਾਂ ਨਹੀਂ ਕਿ ਉਹਦੇ ਟੁੱਟੇ-ਜਿਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੇ ਗੁਰਬਤੀ ਜੀਵਨ ਨਾਲ ਕਿਵੇਂ ਘੁਲਦੇ ਭਿੜਦੇ ਨੇ, ਕਿਵੇਂ ਜਵਾਨ ਉਮਰ ਦੇ ਬਾਸ਼ਿੰਦੇ ਰੋਜ਼ ਆਪਣੇ ਅੰਦਰ ਕੁਝ ਮਰਦੇ ਨਾਲ ਨਜਿੱਠਦੇ ਨੇ, ਗ਼ਰੀਬਾਂ ਅਤੇ ਅਨੁਸੂਚਿਤ ਜਾਤੀਆਂ ਲਈ ਬਣਾਈਆਂ ਅਜੀਬੋ ਗਰੀਬ ਸਕੀਮਾਂ ਨਾਲ ਕਿਵੇਂ ਟੱਕਰਦੇ ਨੇ?
ਹੁਣ ਰਾਜਨੀਤੀ ਵਿੱਚ ਗ਼ਰੀਬ ਦੀ ਏਡੀ ਪੁੱਛ ਹੋ ਗਈ ਹੈ ਕਿ ਚਾਰੇ ਸਿਮਤ ਕੋਈ ਨਾ ਕੋਈ ਸੂਚੀ ਹੱਥ ਵਿੱਚ ਫੜ ਉੱਚੀ-ਉੱਚੀ ਚੀਕ ਕੇ ਮੇਰਾ ਨਾਮ ਲੈ ਕੇ ਆਵਾਜ਼ਾਂ ਮਾਰ ਰਿਹਾ ਹੈ – ਗ਼ਰੀਬ ਓਏ, ਗ਼ਰੀਬ ਓਏ! ਐਧਰ ਆ, ਤੇਰੀ ਮੱਦਦ ਕਰੀਏ। ਤੇਰੀ ਫੀਸ ਮੁਆਫ਼ ਕਰੀਏ। ਅਸਾਂ ਗ਼ਰੀਬ ਭਲਾਈ ਯੋਜਨਾ ਬਣਾਈ ਹੈ। ਓਧਰ ਗ਼ਰੀਬ ਹੈ ਕਿ ਸੂਚੀ ਵੇਖ ਭੱਜਣਾ ਚਾਹ ਰਿਹਾ ਹੈ। ਆਪਣੇ ਆਪ ਮੰਜੇ ਉੱਤੋਂ ਉਤਰ ਭੁੰਜੇ ਬੈਠਣਾ ਚਾਹ ਰਿਹਾ ਹੈ ਤਾਂ ਕਿ ਉਹਦੀ ਗ਼ਰੀਬੀ ਦੇ ਚਰਚੇ ਨਾ ਹੋਣ, ਪਰ ਸਿਆਸਤ ਨੇ ਭਲਾਈ ਕਰਨ ’ਤੇ ਲੱਕ ਬੱਧਾ ਹੈ। ਕਿੰਨੀਆਂ ਯੋਜਨਾਵਾਂ ਦੇ ਨਾਮ ਵਿੱਚ ‘ਗ਼ਰੀਬ’ ਸ਼ਬਦ ਹੈ? ਅਮੀਰ ਦਾ ਕਿਸੇ ਯੋਜਨਾ ’ਚ ਜ਼ਿਕਰ ਹੀ ਨਹੀਂ।
ਜਦੋਂ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ, ਮੰਤਰੀ ਸਟੇਜਾਂ ਉੱਤੇ ਚੜ੍ਹ, ਇੱਕ-ਇੱਕ ਕਰਕੇ ਗ਼ਰੀਬ ਕਿਸਾਨਾਂ ਦੇ ਨਾਮ ਲੈਂਦੇ ਹਨ ਅਤੇ ਉਨ੍ਹਾਂ ਦੇ ਹੱਥ ਉਹ ਛੇ-ਛੇ ਫੁੱਟੇ ਪ੍ਰਮਾਣ ਪੱਤਰ ਦੇਂਦੇ ਹਨ ਜਿਹੜੇ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ ਉਹ ਮੋਹਰ ਲੱਗੇ ਗ਼ਰੀਬ ਹਨ ਤਾਂ ਕੇਵਲ ਇਸ ਲਈ ਕਿਉਂ ਜੋ ਉਹ ਨਹੀਂ ਜਾਣਦੇ ਕਿ ਗ਼ਰੀਬ ਹੋਣ ਦਾ ਕੀ ਮਤਲਬ ਹੁੰਦਾ ਹੈ। ਹਰ ਅਜਿਹੇ ਪ੍ਰਮਾਣ ਪੱਤਰ ਉੱਤੇ ਕਿਰਪਾ ਕਰਨ ਵਾਲੇ ਦੀ ਤਸਵੀਰ ਛਪੀ ਹੁੰਦੀ ਹੈ। ਕੋਈ ਕਿਉਂ ਨਹੀਂ ਦੱਸਦਾ ਕਿ ਇਹ ਕਿਸੇ ਰਾਜੇ ਨੂੰ ਨਹੀਂ ਸੋਭਦਾ ਕਿ ਉਹ ਪ੍ਰਜਾ ਦੀ ਗੁਰਬਤ ਨੂੰ ਸਰੇਰਾਹ ਇਸ਼ਤਿਹਾਰੀ ਕਰੇ? ਇਨ੍ਹਾਂ ਇਸ਼ਤਿਹਾਰੀ ਗੁਰਬਤ ਸਮਾਗਮਾਂ ਵਿੱਚ ਵੱਡੇ ਗਾਇਕ ਕਿਉਂ ਗਾਣੇ ਗਾਉਣ, ਨਾਚ ਕਰਨ?
ਕੋਈ ਨੇਤਾਵਾਂ ਨੂੰ ਦੱਸੇ ਕਿ ਇਹ ਕਰਜ਼ਾ ਮੁਕਤੀ ਸਮਾਗਮ ਲੋਕਾਂ ਦੇ ਪੈਸੇ ਨਾਲ ਕੀਤੇ ਜਾਂਦੇ ਹਨ ਜਿੱਥੇ ਉਨ੍ਹਾਂ ਦੀ ਤਸਦੀਕਸ਼ੁਦਾ ਗੁਰਬਤ ਦੇ ਤਿਉਹਾਰੀ ਨਜ਼ਾਰੇ ਲੱਖਾਂ, ਕਰੋੜਾਂ ਘਰਾਂ ਤੱਕ ਟੈਲੀਵਿਜ਼ਨ ਜ਼ਰੀਏ ਪਹੁੰਚਾਏ ਜਾਂਦੇ ਹਨ। ਅਤਿ ਗ਼ਰੀਬ ਅਤੇ ਅਤਿ ਮਿਹਨਤਕਸ਼ਾਂ ਦੇ ਚਿਹਰੇ ਉਨ੍ਹਾਂ ਹੀ ਪਿੰਡਾਂ ਵਿੱਚ ਵਿਖਾਏ ਜਾਂਦੇ ਹਨ ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰ ਰਹਿੰਦੇ ਨੇ, ਜਿੱਥੇ ਉਨ੍ਹਾਂ ਦੀਆਂ ਸੰਤਾਨਾਂ ਨੇ ਨਾ ਜਾਣੇ ਕਿੰਨੀਆਂ ਸਦੀਆਂ ਰਹਿਣਾ ਹੈ। ਅਤਿ ਗ਼ਰੀਬ ਉਸ ਬਜ਼ੁਰਗ ਦਾ ਚਿਹਰਾ ਟੀਵੀ ਉੱਤੇ ਵੇਖ, ਉਹਦੇ ਚਾਰ ਛਿੱਲੜ ਵਧੇਰੇ ਵਾਲੇ ਕੁੜਮ ਸ਼ਾਮ ਨੂੰ ਟੈਲੀਫ਼ੋਨ ’ਤੇ ਵੀ ਟਿੱਚਰ ਕਰ ਪੁੱਛਣਗੇ, ‘‘ਹੁਣ ਤਾਂ ਕਰ ਦਿੱਤਾ ਏ ਸਰਕਾਰ ਨੇ ਤੁਹਾਡਾ ਕਰਜ਼ਾ ਮੁਆਫ਼? ਹੁਣ ਤਾਂ ਖ਼ੁਸ਼ ਹੋ ਨਾ?’’
ਨਵਾਂ ਨਵਾਂ ਚੰਡੀਗੜ੍ਹ ਆਇਆ ਤਾਂ ਸ਼ਹਿਰ ਦੇ ਮੁਹੱਜ਼ਬਪੁਣੇ ਤੋਂ ਵਾਕਿਫ਼ ਨਾ ਹੋਣ ਕਰਕੇ ਆਪਣੀ ਇੱਕ ਸਹਿਕਰਮੀ ਨੂੰ ਉਹਦੇ ਘਰ ਦੇ ਪਤੇ ਵਿੱਚ ਜ਼ਿਕਰ ਕੀਤੇ ਐੱਲਆਈਜੀ ਫਲੈਟ ਬਾਰੇ ਪੁੱਛ ਬੈਠਾ। ‘‘ਲੋਅ ਇਨਕਮ ਗਰੁੱਪ’’ ਕਹਿ ਉਹਦਾ ਰੋਣਾ ਨਿਕਲ ਗਿਆ ਸੀ। ਮੈਨੂੰ ਅੱਠਵੀਂ ਜਮਾਤ ਵਾਲਾ ਉਹ ਮੁੰਡਾ ਉਸ ਦਿਨ ਬੜਾ ਯਾਦ ਆਇਆ ਜਿਹੜਾ ਦਹਾਕਿਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਵੀ ਅੰਦਰੋਂ ਨਹੀਂ ਗਵਾਚਿਆ। ਵੈਸੇ ਓਧਰੋਂ ਘੱਟ ਹੀ ਲੰਘਦਾ ਹਾਂ, ਪਰ ਚੰਡੀਗੜ੍ਹ ਦੇ 47 ਸੈਕਟਰ ਵਿੱਚ ਐੱਚਆਈਜੀ ਫਲੈਟਾਂ ਵਿੱਚ ਕਿਸੇ ਦੋਸਤ ਨੂੰ ਹਾਲ ਹੀ ਵਿੱਚ ਛੱਡਣਾ ਪਿਆ ਤਾਂ ਚੰਗਾ ਨਹੀਂ ਲੱਗਿਆ। ਕੋਈ ਕਿਵੇਂ ਆਪਣੇ ਘਰ ਦੇ ਬਾਹਰ ਲਿਖ ਸਕਦਾ ਹੈ ਕਿ ਅਸੀਂ ਜ਼ਿਆਦਾ ਆਮਦਨ ਵਾਲੇ ਲੋਕ ਹਾਂ?
ਸ਼ਾਇਦ ਗ਼ਰੀਬ ਭਲਾਈ ਸਕੀਮਾਂ ਦੇ ਬੇਇੰਤਹਾ ਪ੍ਰਚਾਰ ਨੇ ਸਾਨੂੰ ਅੰਨ੍ਹੇ ਕਰ ਦਿੱਤਾ ਹੈ। ਨਹੀਂ ਤਾਂ ਕੋਈ ਕਿਵੇਂ ਰੇਲ ਗੱਡੀ ਦਾ ਨਾਮ ‘ਗ਼ਰੀਬ ਰੱਥ’ ਰੱਖ ਸਕਦਾ ਹੈ? ਕਿਵੇਂ ਕੋਈ ਅਫ਼ਸਰ ਫ਼ੈਸਲਾ ਕਰਦਾ ਹੈ ਕਿ ਘਰਾਂ ਦੇ ਬਾਹਰ ਕੰਧ ਉੱਤੇ ਲਿਖ ਦਿੱਤਾ ਜਾਵੇ ਕਿ ‘ਇਹ ਘਰ ਗ਼ਰੀਬ ਹੈ’ ਜਾਂ ‘ਇਹ ਘਰ ਅਤਿ ਗ਼ਰੀਬ ਹੈ?’ ਕਿਉਂ ਕੋਈ ਮੁਕਤਸਰ ਦੇ ਚੰਨੂੰ ਪਿੰਡ ਵਿੱਚ ਕਿਸੇ ਹਮਾਤੜ ਸਾਥੀ ਦੇ ਘਰ ਇੱਕ ਬੰਦੇ ਦੇ ਬੈਠਣ ਲਈ ਸਰਦੇ-ਪੁੱਜਦੇ ਗੁਆਂਢੋਂ ਫੁੱਲਾਂ ਵਾਲਾ ਸੋਫ਼ਾ ਲੈਣ ਤੁਰ ਪੈਂਦਾ ਹੈ ਕਿਉਂ ਜੋ ਕਿਸੇ ਸਾਬਕਾ ਮੁੱਖ ਮੰਤਰੀ ਨੇ ਉਹਦੀ ਛੇ ਮਹੀਨੇ ਪਹਿਲੋਂ ਮਰ ਗਈ ਮਾਂ ਦਾ ਅਫ਼ਸੋਸ ਕਰਨ ਆਉਣਾ ਹੈ? ਮੰਗਵਾਂ ਸੋਫ਼ਾ ਆਲੇ ਦੁਆਲੇ ਦੇ ਸਾਰੇ ਪਿੰਡਾਂ ਵਿੱਚ ਉਹਦੀ ਗ਼ਰੀਬੀ ਨਸ਼ਰ ਕਰਦਾ ਹੈ। ਛੇ ਮਹੀਨੇ ਦੀ ਇੰਤਜ਼ਾਰ ਵਾਲਾ ਅਫ਼ਸੋਸ ਕਿਸ ਲਈ ਕੀ ਮਾਅਨੇ ਰੱਖਦਾ ਹੈ? ਅੱਠਵੀਂ ਪੜ੍ਹਦੇ, ਗ਼ਰੀਬ-ਸੂਚੀ ਤੋਂ ਅੱਜ ਤੱਕ ਡਰੇ, ਉਸ ਨਿਆਣੇ ਦੇ ਮੂੰਹ ਫਿਰ ਥੱਪੜ ਜੜਦਾ ਹੈ।
ਚੋਣ ਪ੍ਰਚਾਰ ਦੇ ਦਿਨਾਂ ਵਿੱਚ ਜਿਸ ਨਿਸ਼ੰਗਪੁਣੇ ਨਾਲ ਟੀਵੀ ਕੈਮਰੇ ਗ਼ਰੀਬਾਂ ਦੇ ਘਰਾਂ ਅੰਦਰ ਵੜ ਸਾਨੂੰ ਉਨ੍ਹਾਂ ਦੀ ਫਟੇਹਾਲ ਜ਼ਿੰਦਗੀ ਵਿਖਾ ਰਹੇ ਸਨ, ਉਹਦੇ ਵਿੱਚ ਇਹ ਸਵਾਲ ਚੁੱਕਣ ਦੀ ਜਗ੍ਹਾ ਹੀ ਨਹੀਂ ਬਚਦੀ ਕਿ ਅਮੀਰਾਂ ਵਾਂਗ ਉਨ੍ਹਾਂ ਦੀ ਵੀ ਕੋਈ ਪ੍ਰਾਈਵੇਸੀ ਹੁੰਦੀ ਹੈ ਜਾਂ ਨਹੀਂ? ਗ਼ਰੀਬ ਇਸ਼ਤਿਹਾਰੀ ਆਈਟਮ ਨਹੀਂ ਹਨ। ਗੱਡੀਆਂ ਦੇ ਨਾਮ ‘ਗ਼ਰੀਬ ਰੱਥ’ ਰੱਖਣੇ, ਇਕੱਲੇ-ਇਕੱਲੇ ਕਿਸਾਨ ਦੇ ਕਰਜ਼ੇ ਦੀ ਰਕਮ ਨੂੰ ਜਨਤਕ ਤੌਰ ਉੱਤੇ, ਟੈਲੀਵਿਜ਼ਨ ਕੈਮਰਿਆਂ ’ਤੇ ਐਲਾਨ ਕਰ ਕੇ ਦੱਸਣਾ, ਪ੍ਰਸਾਰਿਤ ਕਰਨਾ ਅਜ਼ੀਮ ਗੁਨਾਹ ਹੈ। ਨੇਤਾ ਨੂੰ ਕੋਈ ਹੱਕ ਨਹੀਂ ਕਿ ਉਹ ਹਜ਼ਾਰਾਂ ਕਿਸਾਨਾਂ ਦੇ ਨਾਮ ਉਨ੍ਹਾਂ ਦੇ ਹੀ ਪਿੰਡਾਂ ਵਿੱਚ ਲਿਸਟਾਂ ਬਣਾ ਕੇ ਦੀਵਾਰਾਂ ’ਤੇ ਚਿਪਕਾ ਕੇ ਦੱਸੇ ਕਿ ਇਹ ਉਹ ਲੋਕ ਹਨ ਜੋ ਆਪਣਾ ਕਰਜ਼ਾ ਤਾਂ ਕੀ, ਕਰਜ਼ੇ ਦੀ ਕਿਸ਼ਤ ਵੀ ਨਹੀਂ ਦੇ ਸਕੇ ਸਨ। ਉਨ੍ਹਾਂ ਕਿਸਾਨਾਂ ਨੇ, ਉਨ੍ਹਾਂ ਦੇ ਪਰਿਵਾਰਾਂ ਨੇ ਆਪਣੇ ਬੂਟ ਦੇ ਥੱਲੇ ਨੂੰ ਬੂਟ ਨਾਲ ਚਿਪਕਾਈ ਰੱਖਣ ਲਈ ਨੇਤਾ ਨਾਲੋਂ ਕਿਤੇ ਜ਼ਿਆਦਾ ਹੱਡਭੰਨਵੀਂ ਮਿਹਨਤ ਕੀਤੀ ਹੈ। ਕਿਉਂ ਤੁਸੀਂ ਉਨ੍ਹਾਂ ਦੇ ਗ਼ਰੀਬੀ-ਮਾਰੇ, ਬਿਮਾਰੀਆਂ ਨਾਲ ਗ੍ਰਸੇ, ਆਸ ਤੋਂ ਟੁੱਟੇ ਜੀਵਨ ਨੂੰ ਸ਼ਹਿਰ ਦੇ ਚੌਰਾਹੇ ਵਿੱਚ ਧਰੀਕ ਲਿਆਂਦੇ ਹੋ, ਉਨ੍ਹਾਂ ਘਰ ਅਫ਼ਸੋਸ ਤੋਂ ਪਹਿਲੋਂ ਸੋਫ਼ੇ ਖੜ੍ਹਦੇ ਹੋ? ਇੱਕ ਦੂਜੇ ਨਾਲ ਗ਼ਰੀਬ ਭਲਾਈ ਲਈ ਭਿੜਦੇ ਹੋ – ਸਾਈਕਲ ’ਤੇ ਫੋਟੋ, ਐਂਬੂਲੈਂਸ ’ਤੇ ਫੋਟੋ, ਸਟੇਜਾਂ ਤੋਂ ਗ਼ਰੀਬੀ ਦੇ ਛੇ-ਛੇ ਫੁੱਟੇ ਸਰਕਾਰੀ ਪ੍ਰਮਾਣ ਪੱਤਰ। ਸ਼ਰਮ ਹਯਾ ਨਾਦਾਰਦ। ਹੁਣ ਬੱਚੇ ਕੋਲ ਕਾਪੀ ਨਹੀਂ ਤਾਂ ਉਹਦੀ ਬਾਂਹ ’ਤੇ ਮੋਹਰ? ਇਸ ਕੰਮ ਲਈ ਮੋਹਰਾਂ ਬਣਵਾ ਰੱਖੀਆਂ ਨੇ ਤੁਸਾਂ? ਇਹਦੀ ਖ਼ਬਰ ਕਿਉਂ ਨਹੀਂ ਛੱਪਦੀ? ਕਿਉਂਕਿ ਹੁਣ ਸੰਪਾਦਕ ਐੱਚਆਈਜੀ ਇਲਾਕਿਆਂ ਵਿੱਚ ਰਹਿੰਦੇ ਨੇ?
ਇੱਕ ਵਾਰੀ ਫੇਰ ਗ਼ਰੀਬਾਂ ਦੀ ਸਰਕਾਰ ਬਣ ਗਈ ਹੈ। ਅਮੀਰਾਂ ਦੀ ਤਾਂ ਕਦੀ ਬਣੀ ਹੀ ਨਹੀਂ। ਸਿਆਸਤ ਗ਼ਰੀਬ-ਗ਼ਰੀਬ ਬੜਾ ਖੇਡਦੀ ਹੈ। ਸੁਰਿੰਦਰ ਬਾਲਾ ਭੈਣ ਜੀ ਹੁਣ ਨਹੀਂ ਰਹੇ। ਇਸ ਲਈ ਉਨ੍ਹਾਂ ਨੂੰ ਤਾਂ ਮੈਂ ਹੁਣ ਕਹਿ ਨਹੀਂ ਸਕਦਾ ਕਿ ਸਾਡੀ ਸਿਆਸਤ ਦੇ ਦੋਵੇਂ ਗੱਲ੍ਹਾਂ ’ਤੇ ਵੀ ਉਵੇਂ ਹੀ ਸੱਜੇ-ਖੱਬੇ ਸਿੱਧੇ-ਪੁੱਠੇ ਹੱਥ ਨਾਲ ਰਸੀਦ ਕਰੋ ਪਰ ਸਿਆਸਤਦਾਨ ਜੀ, ਤੁਹਾਨੂੰ ਆਪਣੇ ਆਪ ਚਾਹੀਦਾ ਹੈ ਕਿ ਤੁਸੀਂ ਗ਼ਰੀਬ ਭਲਾਈ ਡਰਾਮਿਆਂ ਤੋਂ ਟਲ ਜਾਓ ਅਤੇ ਪਲ ਭਰ ਲਈ ਸੋਚੋ।
ਜੇ ਰੋਜ਼ੀ ਇਸ ਕਥਾਨਕ ਨੂੰ ਪੜ੍ਹੇਗੀ ਤਾਂ ਸ਼ਾਇਦ ਆਪਣੀ ਭੂਆ ਨੂੰ ਮੁਆਫ਼ ਕਰ ਦੇਵੇ, ਪਰ ਤੁਸੀਂ ਤਾਂ ਆਪਣੀਆਂ ਦੋਵੇਂ ਗੱਲ੍ਹਾਂ ਦੀ ਕੁਝ ਚਿੰਤਾ ਕਰੋ।

ਈ-ਮੇਲ: LikhtumBaDaleel@gmail.com
*(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਆਪਣੇ ਨਾਮ ’ਤੇ ਇਹ ਲਿਖਤ ਜਨਤਕ ਕਰਨ ਦੀ ਹਿੰਮਤ ਜੁਟਾਉਣ ਵਿੱਚ ਵਾਰ-ਵਾਰ ਧੁਰ ਅੰਦਰੋਂ ਉੱਠਦੇ ਸ਼ੰਕਿਆਂ ਤੋਂ ਇਨਕਾਰੀ ਨਹੀਂ ਹੈ।)


Comments Off on ਆ ਗ਼ਰੀਬ, ਤੇਰਾ ਭਲਾ ਕਰੀਏ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.