ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਆਰਫ਼ ਕਾ ਸੁਣ ਵਾਜਾ ਰੇ

Posted On June - 26 - 2019

ਚੇਲਿਆਂ ਨੇ ਗੁਰੂ ਕੋਲੋਂ ਪੁੱਛਿਆ, ‘‘ਗੁਰੂਦੇਵ! ਨਿਮਰਤਾ ਦੀ ਕੀ ਪਰਿਭਾਸ਼ਾ ਹੈ? ਮੂਕ ਮੁੱਦਰਾਵਾਂ ਦੁਆਰਾ ਨਿਮਰ ਹੋਣ ਦਾ ਇਜ਼ਹਾਰ ਕਰਨਾ? ਸ਼ਬਦਾਂ ਦੀ ਸੰਵੇਦਨਸ਼ੀਲਤਾ ਜਾਂ ਕਦਮਾਂ ’ਤੇ ਸਿਰ ਝੁਕਾਉਣ ਦੀ ਕਿਰਿਆ ਜਾਂ ਵੱਡੇ-ਵਡੇਰਿਆਂ ਦੇ ਆਦੇਸ਼ ਦਾ ਬਿਨਾਂ ਕਿਸੇ ਉਜਰ ਪਲਾਣ ਕਰਨਾ?’’
ਗੁਰੂ ਨੇ ਜਵਾਬ ਦਿੱਤਾ, ‘‘ਇਹ ਕਿਰਿਆਵਾਂ ਅਤੇ ਭਾਵਨਾਵਾਂ ਵੀ ਨਿਮਰ ਹੋਣ ਵਿਚ ਸਹਾਇਕ ਹਨ; ਪਰ ਸ਼ਬਦ ਧੋਖਾ ਦੇ ਸਕਦੇ ਹਨ। ਬਾਹਰੀ ਕਿਰਿਆ ਦੇ ਪ੍ਰੌਖ ਵਿਚ ਕੋਈ ਭਾਵਨਾ ਸੁਆਰਥੀ ਹੋ ਸਕਦੀ ਹੈ। ਇਸ ਲਈ ਬਾਹਰ ਨਾਲੋਂ ਵਧੇਰੇ ਅੰਦਰੋਂ ਨਿਮਰ ਹੋਣਾ ਚਾਹੀਦਾ ਹੈ। ਨਿਮਰ ਹੋਣਾ, ਕਿਰਿਆਵਾਂ ਦਾ ਦੁਹਰਾਓ ਜਾਂ ਇਜ਼ਹਾਰ ਨਹੀਂ। ਬਜ਼ਾਤੇ ਖ਼ੁਦ ਮੈਂ, ਮੇਰੀ ਤੋਂ ਮੁਕਤ ਹੋਣਾ ਹੈ। ਬਾਹਰੀ ਕਿਰਿਆਵਾਂ ਦੀ ਭਾਵਨਾ ਅੰਤਰੀਵ ਵਿਚ ਸੁਆਰਥੀ ਹੋ ਸਕਦੀ ਹੈ।’’
ਚੇਲਿਆਂ ਨੇ ਕਿਹਾ,‘‘ਕੁਝ ਵਿਸਥਾਰ ਨਾਲ ਸਮਝਾਓ ਗੁਰੂਦੇਵ!’’
ਗੁਰੂ ਨੇ ਆਖਿਆ, ‘‘ਆਓ, ਸੂਫ਼ੀ ਸੰਤਾਂ ਵਿਚ ਪ੍ਰਸਿੱਧ ਨਿਮਰਤਾ ਦੀ ਇਕ ਕਥਾ ਵਿਚਾਰੀਏ।
ਇਕ ਬਿਰਧ ਫ਼ਕੀਰ ਮਸਜਿਦ ਦੇ ਬਾਹਰ ਸਬਜ਼ੀਆਂ ਆਦਿ ਉਬਾਲ ਕੇ ਮੋਮਨਾਂ ਨੂੰ ਖੁਆ ਕੇ ਆਪਣੀ ਆਜੀਵਕਾ ਚਲਾਉਂਦਾ ਸੀ। ਪਿੰਡਾਂ ਦੇ ਲੋਕ ਉਸ ਨੂੰ ਸਬਜ਼ੀਆਂ ਜਾਂ ਕੰਦ-ਮੂਲ ਆਦਿ ਦੇ ਜਾਂਦੇ, ਉਹ ਲੱਕੜੀਆਂ ਚੁੱਕ ਲਿਆਉਂਦਾ ਅਤੇ ਸਬਜ਼ੀਆਂ ਉਬਾਲ ਕੇ ਖਵਾ ਦਿੰਦਾ।
ਬਿਰਧ ਹੋਣ ਕਾਰਨ ਉਸ ਦੀ ਨਜ਼ਰ ਕਮਜ਼ੋਰ ਸੀ। ਲੋਕ ਸੋਚਦੇ ਮੁਫ਼ਤ ਦੀਆਂ ਸਬਜ਼ੀਆਂ ਹਨ। ਮੁਫ਼ਤ ਦੀਆਂ ਲੱਕੜੀਆਂ ਹਨ। ਇਵਜ਼ ਵਿਚ ਲੋਕ ਉਸ ਨੂੰ ਖੋਟੇ ਸਿੱਕੇ ਦੇ ਜਾਂਦੇ।
ਇਹ ਸਿਲਸਿਲਾ ਕਈ ਸਾਲ ਚੱਲਿਆ। ਫ਼ਕੀਰ ਖੋਟੇ ਸਿੱਕਿਆਂ ਨੂੰ ਮਟਕਿਆਂ ਵਿਚ ਭਰੀ ਜਾਂਦਾ। ਜਾਣਦੇ ਹੋਏ ਵੀ ਕਿ ਸਿੱਕੇ ਖੋਟੇ ਹਨ; ਕੋਈ ਇਤਰਾਜ਼ ਨਾ ਕਰਦਾ।… ਫ਼ਕੀਰ ਦੀ ਅੰਤਿਮ ਘੜੀ ਆਈ ਤਾਂ ਉਸ ਨੇ ਸ਼ੁਕਰਾਨੇ ਦੀ ਨਮਾਜ਼ ਪੜ੍ਹੀ; ਨਮਾਜ਼ ਅਤਾ ਕਰਕੇ ਉਸ ਨੇ ਬਾਰਮਾਹੀ ਇਲਾਹੀ ਵਿਚ ਦੁਆ ਕੀਤੀ ਕਿ ਯਾ ਅੱਲ੍ਹਾ ਮੈਂ ਸਾਰੀ ਉਮਰ ਮੋਮਨਾਂ ਦੀ ਖ਼ਿਦਮਤ ਕੀਤੀ। ਬਦਲੇ ਵਿਚ ਖੋਟੇ ਸਿੱਕੇ ਲੈਂਦਾ ਰਿਹਾ। ਹੁਣ ਇਕ ਬੰਦਾ, ਇਕ ਖੋਟਾ ਸਿੱਕਾ ਤੇਰੇ ਕੋਲ ਆ ਰਿਹਾ ਹੈ। ਯਾ ਖੁਦਾ ਇਸ ਨੂੰ ਕਬੂਲ ਕਰੀਂ ਅਤੇ ਦੋਜ਼ਖ ਤੋਂ ਬਚਾਈਂਂ।
ਕੁਝ ਦੇਰ ਬਾਅਦ ਫ਼ਕੀਰ ਨੇ ਪ੍ਰਾਣ ਤਿਆਗ ਦਿੱਤੇ।
ਸੂਫ਼ੀ ਫ਼ਕੀਰਾਂ ਵਿਚ ਇਸ ਕਹਾਣੀ ਅਤੇ ਫ਼ਕੀਰ ਨੂੰ ਨਿਮਰਤਾ ਦੇ ਪ੍ਰਥਾਇ ਤਿੰਨ ਗੱਲਾਂ ਕਰਕੇ ਲਿਆ ਜਾਂਦਾ ਹੈ। ਪਹਿਲੀ, ਉਸ ਨੇ ਮੋਮਨਾਂ ਦੀ ਤਹਿ ਦਿਲੋਂ ਸੇਵਾ ਕੀਤੀ। ਦੂਜੀ, ਇਵਜ਼ ਵਿਚ ਬਿਨਾਂ ਇਤਰਾਜ਼ ਖੋਟੇ ਸਿੱਕੇ ਕਬੂਲ ਕੀਤੇ। ਤੀਜੀ, ਆਪਣੇ ਆਪ ਨੂੰ ਖੋਟਾ ਸਿੱਕਾ ਤਸਲੀਮ ਕੀਤਾ।
ਹੁਣ ਇਸ ਕਹਾਣੀ ਵਿਚਲੀ ਨਿਮਰਤਾ ਦੇ ਗਹਿਨ ਅਰਥ ਤਲਾਸ਼ ਕਰੋ। ਪਹਿਲੀ ਗੱਲ, ਉਸ ਨੇ ਜਾਣ-ਬੱਝ ਕੇ ਖੋਟੇ ਸਿੱਕੇ ਕਿਉਂ ਲਏ। ਦੂਜਾ, ਜਾਣਦੇ ਹੋਏ ਵੀ ਸਿੱਕੇ ਖੋਟੇ ਹਨ; ਮਟਕੀਆਂ ਭਰੀਆਂ। ਤੀਜੀ, ਆਪਣੇ ਆਪ ਦੀ ਖੋਟੇ ਸਿੱਕੇ ਨਾਲ ਤੁਲਨਾ ਕਰਕੇ ਜੰਨਤ ਦੀ ਚਾਹਨਾ ਕੀਤੀ। ਅਜਿਹੀ ਨਿਮਰਤਾ ਤੋਂ ਬਚਣ ਦੀ ਲੋੜ ਹੈ, ਜਿਸ ਵਿਚ ਕੋਈ ਮਕਸਦ ਪਿਆ ਹੋਵੇ।’’
ਚੇਲਿਆਂ ਨੇ ਪੁੱਛਿਆ, ‘‘ਤਾਂ ਕੀ ਖ਼ੁਦਾ ਤੋਂ ਮੰਗਣਾ ਨਿਮਰਤਾ ਨਹੀਂ।’’
ਗੁਰੂ ਨੇ ਜਵਾਬ ਦਿੱਤਾ, ‘‘ਨਹੀਂ, ਮੰਗਣਾ ਸੁਆਰਥ ਹੈ, ਨਿਸ਼ਕਾਮਤਾ ਨਹੀਂ। ਜਿਹੜਾ ਖ਼ੁਦਾਵੰਦ ਦੇ ਸਕਦਾ ਹੈ, ਉਹ ਇਹ ਵੀ ਜਾਣਦਾ ਹੈ, ਕਿਸ ਨੂੰ ਕੀ ਦੇਣਾ ਹੈ, ਤੇ ਕਿਸ ਨੂੰ ਕੀ ਨਹੀਂ…। ਨਿਮਰਤਾ ਦਾ ਪਹਿਲਾ ਅਸੂਲ ਹੀ ਨਿਸ਼ਕਾਮਤਾ ਹੈ।’’
ਕਿਰਪਾਲ ਕਜ਼ਾਕ
ਸੰਪਰਕ: 98726-44428


Comments Off on ਆਰਫ਼ ਕਾ ਸੁਣ ਵਾਜਾ ਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.