ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਆਬੇ-ਹਯਾਤ ਦੀ ਤਲਾਸ਼ ’ਚ ਮਨੁੱਖ

Posted On June - 30 - 2019

ਧਰਤੀ ’ਤੇ ਵਸਦਾ ਮਨੁੱਖ ਲੱਖਾਂ ਦੁਸ਼ਵਾਰੀਆਂ ਦੇ ਬਾਵਜੂਦ ਇਸ ਦੁਨੀਆਂ ਤੋਂ ਰੁਖ਼ਸਤ ਨਹੀਂ ਹੋਣਾ ਚਾਹੁੰਦਾ। ਮਨੁੱਖ ਦੀ ਇਸ ਚਾਹ ਕਾਰਨ ਹੀ ਜੀਵਨ ਲੰਮੇਰਾ ਅਤੇ ਤੰਦਰੁਸਤ ਬਣਾਉਣ ਖ਼ਾਤਰ ਵਿਗਿਆਨੀ ਨਿਰੰਤਰ ਖੋਜਾਂ ਕਰਦੇ ਆ ਰਹੇ ਹਨ। ਇਹ ਲੇਖ ਮੌਤ ’ਤੇ ਜਿੱਤ ਪਾਉਣ ਦੀਆਂ ਮਾਨਵ ਜਾਤੀ ਦੀਆਂ ਕੋਸ਼ਿਸ਼ਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਾ ਹੈ।

ਡਾ. ਕੁਲਦੀਪ ਸਿੰਘ ਧੀਰ*
ਅਜ਼ਲੀ ਤਾਂਘ

ਅੱਜ ਦੁਨੀਆਂ ਰੰਗਲੀ ਹੈ ਤੇ ਬੇਪ੍ਰਵਾਹ ਹੋ ਕੇ ਮਸਤੀ ਨਾਲ ਜਿਉਣ ਵਾਲਾ ਗਾਇਕ ਜਦੋਂ ਹਾਣੀਆਂ ਨਾਲ ਨੱਚਦਾ ਗਾਉਂਦਾ ਹੈ ‘ਰੰਗਲੀ ਦੁਨੀਆਂ ਤੋਂ ਜੀਅ ਨੀ ਜਾਣ ਨੂੰ ਕਰਦਾ’ ਤਾਂ ਸਮਝ ਆਉਂਦੀ ਹੈ। ਪਰ ਸੈਂਕੜੇ ਸਾਲ ਪਹਿਲਾਂ, ਸੈਂਕੜੇ ਕਿਉਂ ਹਜ਼ਾਰਾਂ ਸਾਲ ਪਹਿਲਾਂ ਤਾਂ ਦੁਨੀਆਂ ਏਨੀ ਰੰਗਲੀ ਨਹੀਂ ਸੀ। ਜਿਉਣ ਦੇ ਹਾਲਾਤ ਏਨੇ ਸਾਜ਼ਗਾਰ ਨਹੀਂ ਸਨ। ਉਦੋਂ ਵੀ ਮਨੁੱਖ ਦੇ ਮਨ ਵਿਚ ਅਚੇਤ ਹੀ ਲੰਮੀ ਤੋਂ ਲੰਮੀ ਉਮਰ ਭੋਗਣ, ਅਮਰ ਹੋਣ ਦੀ ਰੀਝ ਸੀ। ਉਸ ਨੂੰ ਕਿਸੇ ਚਸ਼ਮਾ-ਏ-ਆਬੇ-ਹਯਾਤ ਦੀ ਤਲਾਸ਼ ਸੀ। ਕਿਸੇ ਅਜਿਹੀ ਬੂਟੀ, ਕਿਸੇ ਅਜਿਹੇ ਅੰਮ੍ਰਿਤ, ਕਿਸੇ ਅਜਿਹੀ ਗੋਲੀ ਦੀ ਤਲਾਸ਼ ਜਿਸ ਦੇ ਸੇਵਨ ਨਾਲ ਉਹ ਕਦੇ ਨਾ ਮਰੇ। ਯੁਧਿਸ਼ਟਰ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਪੁੱਛੇ ਜਾਣ ਉੱਤੇ ਜੋ ਉੱਤਰ ਦਿੰਦਾ ਹੈ, ਉਹ ਵੀ ਇਸੇ ਦਾ ਸੰਕੇਤਕ ਹੈ। ਉਹ ਕਹਿੰਦਾ ਹੈ ਕਿ ਮਨੁੱਖ ਹਰ ਰੋਜ਼ ਆਲੇ-ਦੁਆਲੇ ਲੋਕਾਂ ਨੂੰ ਮਰਦਿਆਂ ਵੇਖਦਾ ਹੈ ਤੇ ਫਿਰ ਵੀ ਨਾ ਮਰਨ ਦੀ ਕਲਪਨਾ ਕਰਦਾ ਹੈ। ਸਮਝਦਾ ਹੈ ਕਿ ਮੈਂ ਕਦੇ ਨਹੀਂ ਮਰਨਾ। ਜਨਮ ਸਾਖੀ ਦਾ ਇਕ ਪਾਤਰ ਮਰਨਾ ਸੱਚ ਤੇ ਜਿਉਣਾ ਝੂਠ ਕਹਿ ਕੇ ਜੀਵਨ ਮੌਤ ਦੇ ਰਿਸ਼ਤੇ ਨੂੰ ਸਪਸ਼ਟ ਕਰਦਾ ਹੈ।
ਕਹਿੰਦੇ ਹਨ, ਪੁਰਾਤਨ ਚੀਨ ਦੇ ਸ਼ਹਿਨਸ਼ਾਹ ਕਵਿਨ ਸ਼ੀ ਹਵਾਂਗਦੀ ਨੇ ਕਿਤੇ ਸੁਣਿਆ ਕਿ ਪੂਰਬ ਦੇ ਮਹਾਂਸਾਗਰ ਵਿਚਾਲੇ ਇਕ ਪਹਾੜ ਉੱਤੇ ਕੁਝ ਅਜਿਹੇ ਲੋਕ ਰਹਿੰਦੇ ਹਨ ਜਿਨ੍ਹਾਂ ਮੌਤ ਉੱਤੇ ਜਿੱਤ ਪ੍ਰਾਪਤ ਕਰ ਰੱਖੀ ਹੈ। ਉਨ੍ਹਾਂ ਕੋਲ ਅਮਰ ਕਰ ਦੇਣ ਵਾਲਾ ਆਬੇ-ਹਯਾਤ ਹੈ। ਉਸ ਨੇ ਇਸ ਪਰਬਤ ਦੀ ਤਲਾਸ਼ ਲਈ ਕਈ ਮੁਹਿੰਮਾਂ ਭੇਜੀਆਂ। ਉਨ੍ਹਾਂ ਵਿਚੋਂ ਕੋਈ ਵਾਪਸ ਨਾ ਪਰਤਿਆ। ਆਪਣਾ ਸੁਪਨਾ ਅਧੂਰਾ ਲੈ ਕੇ 210 ਈਸਾ ਪੂਰਬ ਵਿਚ ਉਹ ਮਰ ਗਿਆ। ਦੁਨੀਆ ਨੂੰ ਫ਼ਤਹਿ ਕਰਨ ਤੁਰੇ ਸਿਕੰਦਰ ਨਾਲ ਵੀ ਆਬੇ-ਹਯਾਤ ਦੀ ਮਿਥ ਜੁੜੀ ਹੋਈ ਹੈ। ਗ਼ਾਲਿਬ ਨੇ ਤਾਂ ਇਸ ਬਾਰੇ ਇਕ ਸ਼ਿਅਰ ਵੀ ਕਿਹਾ ਹੈ:
ਕਿਆ ਕੀਆ ਖਿਜ਼ਰ ਨੇ ਸਿਕੰਦਰ ਸੇ
ਅਬ ਕਿਸ ਕੋ ਰਹਿਨੁਮਾ ਕਰੇ ਕੋਈ।

ਡਾ. ਕੁਲਦੀਪ ਸਿੰਘ ਧੀਰ*

ਮਿਥ ਮੁਤਾਬਿਕ ਸਿਕੰਦਰ ਨੇ ਹਜ਼ਰਤ ਖੁਆਜਾ ਨੂੰ ਕਿਹਾ ਕਿ ਮੈਨੂੰ ਚਸ਼ਮਾ-ਏ-ਬੇ ਹਯਾਤ ਲੈ ਚੱਲ। ਮੈਂ ਅਮਰ ਹੋਣਾ ਚਾਹੁੰਦਾ ਹਾਂ। ਖਿਜ਼ਰ ਉਸ ਨੂੰ ਚਸ਼ਮੇ ਤਕ ਲੈ ਗਿਆ। ਉਸ ਦੇ ਆਸ-ਪਾਸ ਕਿੰਨੇ ਹੀ ਬੁੱਢੇ ਅਤਿ ਉਮਰ ਭੋਗ ਕੇ ਦੁਖੀ ਤੇ ਪ੍ਰੇਸ਼ਾਨ ਬੈਠੇ ਲੇਟੇ ਸਨ। ਅਮਰ ਹੋਣ ਕਾਰਨ ਉਹ ਮਰ ਨਹੀਂ ਸਨ ਸਕਦੇ। ਜਿਉਣ ਦਾ ਕੋਈ ਸਵਾਦ ਨਹੀਂ ਸੀ। ਇਹੋ ਜਿਹੇ ਅਮਰ ਹੋਣ ਦਾ ਕੀ ਅਰਥ? ਖਿਜ਼ਰ ਨੇ ਹਨੇਰੇ ਵਿਚ (ਇਉਂ ਕਹੋ ਕਿ ਭੇਤ ਦੀ ਗੱਲ, ਰਾਜ਼ਦਾਰੀ ਨਾਲ) ਸਿਕੰਦਰ ਨੂੰ ਇਹ ਦੱਸੀ ਕਿ ਮੌਤ ਭਾਵੇਂ ਮੁਸ਼ਕਿਲ ਹੈ, ਪਰ ਜ਼ਿੰਦਗੀ ਮੌਤ ਤੋਂ ਵੀ ਮੁਸ਼ਕਿਲ ਹੈ। ਹੁਣ ਜੇ ਖਿਜ਼ਰ ਜਿਹੇ ਰਹਿਨੁਮਾ ਨਾਲ ਵੀ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਕੋਈ ਕਿਸ ਨੂੰ ਰਹਿਨੁਮਾ ਬਣਾਏ।
ਇਸ ਸਭ ਕੁਝ ਦੇ ਬਾਵਜੂਦ ਮਨੁੱਖ ਨੇ ਤਲਾਸ਼ ਨਹੀਂ ਛੱਡੀ। ਪ੍ਰੋ. ਮੋਹਨ ਸਿੰਘ ਵਾਂਗ ਲੱਭਸਾਂ, ਲੱਭਸਾਂ, ਲੱਭਸਾਂ ਕਰਦਾ ਫਿਰ ਰਿਹਾ ਹੈ। ਇਸ ਤਲਾਸ਼ ਨੇ ਹੁਣ ਵਿਗਿਆਨ ਦਾ ਪੱਲਾ ਫੜਿਆ ਹੈ। ਮੱਧਕਾਲ ਦੇ ਐਲਕੈਮਿਸਟ ਪਾਰਸ ਤੇ ਆਬੇ-ਹਯਾਤ ਦੋਹਾਂ ਬਾਰੇ ਕਦੇ ਕਦਾਈਂ ਜ਼ਰੂਰ ਕੋਸ਼ਿਸ ਕਰਦੇ। ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਚੋਂ ਪਾਰਸ ਤੇ ਆਬੇ-ਹਯਾਤ ਤਾਂ ਨਾ ਮਿਲੇ, ਕੈਮਿਸਟਰੀ ਵਰਗੇ ਕੀਮਤੀ ਵਿਗਿਆਨ ਦਾ ਜਨਮ ਜ਼ਰੂਰ ਹੋ ਗਿਆ। ਉਹੀ ਕੈਮਿਸਟਰੀ ਸਦੀਆਂ ਬਾਅਦ ਬਾਇਓ-ਕੈਮਿਸਟਰੀ, ਫਾਰਮੇਕਾਲੋਜੀ, ਦਵਾਈਆਂ ਤੇ ਗੋਲੀਆਂ ਨਾਲ ਡਾਕਟਰਾਂ ਦੀ ਬਹੁਭਾਂਤੀ ਸੇਵਾ ਕਰ ਰਹੀ ਹੈ।
1964 ਵਿਚ ਕੈਨੇਡੀਅਨ ਰਿਸਰਚ ਕੌਂਸਲ ਤੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਇਕ ਸਾਂਝੀ ਮੁਹਿੰਮ ਪ੍ਰਸ਼ਾਂਤ ਸਾਗਰ ਵਿਚਲੇ ਇਕ ਵਿਕੋਲਿਤਰੇ ਟਾਪੂ ਈਸਟਰ ਆਈਲੈਂਡ ਜਿਸ ਨੂੰ ਰਾਪਾ ਨੂਈ ਵੀ ਕਹਿੰਦੇ ਹਨ, ਨੂੰ ਭੇਜੀ। ਉਨ੍ਹਾਂ ਨੂੰ ਇਸ ਟਾਪੂ ਦੀ ਮਿੱਟੀ ਵਿਚ ਕੁਝ ਚਕਿਤਸਕ ਤੱਤਾਂ ਦਾ ਸ਼ੱਕ ਸੀ। ਵਿਗਿਆਨੀਆਂ ਦੀ ਟੀਮ ਨੇ ਇਸ ਮਿੱਟੀ ਦੇ ਕੁਝ ਸੈਂਪਲ ਲੈ ਕੇ ਮੌਂਟਰੀਆਲ ਦੀ ਆਇਰਸਟ ਲੈਬਾਰਟਰੀ ਵਿਚ ਵਿਸ਼ਲੇਸ਼ਿਤ ਕੀਤੇ। ਇਸ ਵਿਸ਼ਲੇਸ਼ਣ ਤੋਂ ਉਨ੍ਹਾਂ ਨੂੰ ਇਕ ਬਹੁਤ ਘੱਟ ਮਿਲਦੇ ਬੈਕਟੀਰੀਆ ਤੋਂ ਬਣੇ ਇਕ ਕੰਪਾਊਂਡ ਦੇ ਅੰਸ਼ ਮਿਲੇ। ਇਸ ਬੈਕਟੀਰੀਆ ਨੂੰ ਸਟਰੈਪਟੋ ਮਾਈਸਿਜ਼ ਹਾਈਗਰੋ ਸਕੋਪੀਕਸ ਕਹਿੰਦੇ ਹਨ। ਇਸ ਲੈਬਾਰਟਰੀ ਵਿਚ ਇਕ ਭਾਰਤੀ ਵਿਗਿਆਨੀ ਡਾ. ਸੁਰੇਂਦਰ ਨਾਥ ਸਹਿਗਲ ਵੀ ਸੀ। ਸਹਿਗਲ ਨੇ ਦੱਸਿਆ ਕਿ ਨਵਾਂ ਲੱਭਿਆ ਕੰਪਾਊਂਡ ਸ਼ਕਤੀਸ਼ਾਲੀ ਐਂਟੀ ਫੰਗਲ ਹੈ। ਉਸ ਨੇ ਇਸ ਕੰਪਾਊਂਡ ਨੂੰ ਸਾਫ਼ ਕਰ ਕੇ ਵੱਖ ਕੀਤਾ ਅਤੇ ਇਸ ਨੂੰ ਟਾਪੂ ਦੇ ਨਾਂ ਉੱਤੇ ਰੈਪਾਮਾਈਸਿਨ ਦਾ ਨਾਮ ਦਿੱਤਾ। ਮੰਡੀ ਦੇ ਯੁਗ ਵਿਚ ਕੰਪਨੀਆਂ ਨੂੰ ਤਾਂ ਉਹ ਕੰਪਾਊਂਡ, ਉਹੀ ਦਵਾਈਆਂ ਚਾਹੀਦੀਆਂ ਹਨ ਜੋ ਝਟਪਟ ਵਿਕ ਕੇ ਥੋੜ੍ਹੇ ਸਮੇਂ ਲਈ ਅਸਰ ਕਰ ਕੇ ਲੰਮੇ ਸਮੇਂ ਤੱਕ ਪੈਸਾ ਵਟਾਉਣ। ਮਨੁੱਖ ਨੂੰ ਅਜਿਹੀ ਦਵਾਈ/ਬਿਮਾਰੀ ਦੇ ਜਾਲ ਵਿਚ ਜਕੜੋ ਕਿ ਸਾਰੀ ਉਮਰ ਦਵਾਈ ਦਾ ਗੁਲਾਮ ਰਹੇ। ਉਨ੍ਹਾਂ ਦਾ ਦਾਲ ਫੁਲਕਾ ਚਲਦਾ ਰਹੇ। ਮੈਨੂੰ ਕਦੇ ਕਦੇ ਲੱਗਦਾ ਹੈ ਕਿ ਡਾਕਟਰ, ਦਵਾਈਆਂ, ਮਲਟੀਨੈਸ਼ਨਲ ਕੰਪਨੀਆਂ ਸਾਰੇ ਬਿਮਾਰੀਆਂ ਨੂੰ ਮਿਟਾਉਣ ਵਾਸਤੇ ਗੰਭੀਰ ਨਹੀਂ। ਰੱਬ ਕਰੇ, ਮੈਂ ਗ਼ਲਤ ਹੋਵਾਂ। … ਖ਼ੈਰ, 1983 ਵਿਚ ਮੌਂਟਰੀਆਲ ਲੈਬ ਨੇ ਉਪਰੋਕਤ ਕੰਪਾਊਂਡ ਤੇ ਰੈਪਾਮਾਈਸਿਨ ਬਾਰੇ ਪ੍ਰਾਜੈਕਟ ਠੱਪ ਕਰ ਦਿੱਤਾ।
ਡਾ. ਸਹਿਗਲ ਨੇ ਉਸ ਵੇਲੇ ਉਸ ਬੈਕਟੀਰੀਆ ਦੇ ਕੁਝ ਸੈਂਪਲ ਬਚਾ ਕੇ ਰੱਖ ਲਏ ਅਤੇ ਸੁਤੰਤਰ ਰੂਪ ਵਿਚ ਉਨ੍ਹਾਂ ਉੱਤੇ ਖੋਜ ਜਾਰੀ ਰੱਖੀ। ਉਸ ਨੂੰ ਖੋਜ ਤੋਂ ਇਹ ਪਤਾ ਲੱਗਾ ਕਿ ਰੈਪਾਮਾਈਸਿਨ ਮਹਿਜ਼ ਵਧੀਆ ਐਂਟੀ ਫੰਗਲ ਏਜੰਟ ਹੀ ਨਹੀਂ ਸਗੋਂ ਇਹ ਇਮਿਊਨ ਸਿਸਟਮ ਨੂੰ ਵੀ ਦਬਾ ਕੇ ਰੱਖਦਾ ਹੈ। ਇੰਜ ਇਸ ਨੂੰ ਆਰਗਨ ਟਰਾਂਸਪਲਾਂਟ ਵਾਲੇ ਲੋਕਾਂ ਵਾਸਤੇ ਵਰਤਣ ਦੀਆਂ ਸੰਭਾਵਨਾਵਾਂ ਹਨ। 2009 ਵਿਚ ਇਸ ਸਿਲਸਿਲੇ ਵਿਚ ਚੂਹਿਆਂ ਉੱਤੇ ਹੋਏ ਤਜਰਬਿਆਂ ਤੋਂ ਪਤਾ ਲੱਗਾ ਕਿ ਰੈਪਾਮਾਈਸਿਨ ਅਤੇ ਇਸ ਤੋਂ ਬਣੇ ਹੋਰ ਕੰਪਾਊਂਡ ਦੇਣ ਨਾਲ ਚੂਹਿਆਂ ਦੀ ਉਮਰ ਲੰਬੀ ਹੁੰਦੀ ਹੈ। ਨਰ ਚੂਹਿਆਂ ਦੀ ਉਮਰ ਵਿਚ ਨੌਂ ਫ਼ੀਸਦੀ ਅਤੇ ਮਾਦਾ ਚੂਹਿਆਂ ਦੀ ਉਮਰ ਵਿਚ ਚੌਦਾਂ ਫ਼ੀਸਦੀ ਦਾ ਵਾਧਾ ਨੋਟ ਕੀਤਾ ਗਿਆ। ਵਿਗਿਆਨੀਆਂ ਨੇ ਦੱਸਿਆ ਕਿ ਰੈਪਾਮਾਈਸਿਨ ਕੁਝ ਵਿਸ਼ੇਸ਼ ਜੀਨਾਂ ਦੇ ਸਮੂਹ ਉੱਤੇ ਕੰਮ ਕਰਦੀ ਹੈ। ਇਸ ਨੂੰ ਉਨ੍ਹਾਂ ਨੇ ਐਮ ਟਾਰ ਕੰਪਲੈਕਸ ਦਾ ਨਾਮ ਦਿੱਤਾ। ਪੂਰਾ ਨਾਮ ਹੈ ਮੈਕੇਨਿਸਟਿਕ ਟਾਰਗੈਟ ਆਫ ਰੈਪਾਮਾਈਸਿਨ ਕੰਪਲੈਕਸ। ਇਸ ਨਾਲ ਸੈੱਲ ਉਮਰ ਵਧਾਉਣ ਲੱਗਦੇ ਹਨ। ਉਮਰ ਵਧਾਉਣ ਦੀ ਗੱਲ ਤਾਂ ਚੰਗੀ ਹੈ, ਪਰ ਇਕ ਸਮੱਸਿਆ ਇਸ ਨਾਲ ਹੋਰ ਜੁੜੀ ਦਿਸੀ। ਉਹ ਇਹ ਕਿ ਰੈਪਾਮਾਈਸਿਨ ਇਮਿਊਨ ਸਿਸਟਮ ਨੂੰ ਦਬਾਉਂਦੀ ਹੈ। ਜਿਸ ਬੰਦੇ ਦਾ ਇਮਿਊਨ ਸਿਸਟਮ ਪਹਿਲਾਂ ਹੀ ਦਬਿਆ ਹੋਵੇ ਉਹ ਖ਼ਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਲੱਗਾ ਕਿ ਇਹ ਤਾਂ ਕੁਝ ਫ਼ਰਕ ਨਾਲ ਉਹੀ ਗੱਲ ਹੋਈ ਜੋ ਸਿਕੰਦਰ ਨੂੰ ਖਿਜ਼ਰ ਨੇ ਸਮਝਾਈ ਸੀ। 2014 ਵਿਚ ਕ੍ਰਿਸਮਸ ਵਾਲੇ ਦਿਨ ਰੈਪਾਮਾਈਸਿਨ ਤੋਂ ਬਣੇ ਇਕ ਨਵੇਂ ਕੰਪਾਊਂਡ ਈਵੀਰੋਲਾਈਮਸ ਦੇ ਅਧਿਐਨ ਨੇ ਦੱਸਿਆ ਕਿ ਸੀਮਿਤ ਮਾਤਰਾ ਵਿਚ ਵਰਤੀਏ ਤਾਂ ਇਸ ਨਾਲ ਵਡੇਰੀ ਉਮਰ ਦੇ ਬੰਦਿਆਂ ਦੀ ਇਮਿਊਨ ਪ੍ਰਤੀਕਿਰਿਆ ਲਗਪਗ ਵੀਹ ਫ਼ੀਸਦੀ ਵਧ ਸਕਦੀ ਹੈ। ਵਿਗਿਆਨੀਆਂ ਨੂੰ ਲੱਗਾ ਕਿ ਉਮਰ ਵਧਾਉਣ ਦਾ ਘੱਟੋ-ਘੱਟ ਇਕ ਭੇਤ ਤਾਂ ਉਨ੍ਹਾਂ ਨੂੰ ਲੱਭ ਹੀ ਗਿਆ ਹੈ।
ਵਿਗਿਆਨੀ ਇਸ ਪ੍ਰਾਪਤੀ ਨਾਲ ਚੁੱਪ ਕਰਕੇ ਨਹੀਂ ਬੈਠੇ। ਉਹ ਕਈ ਕੰਪਾਊਂਡਾਂ ਉੱਤੇ ਅਤੇ ਕਈ ਪੱਖਾਂ ਤੋਂ ਇਸ ਮਸਲੇ ਬਾਰੇ ਖੋਜਾਂ ਤੇ ਪ੍ਰਯੋਗਾਂ ਵਿਚ ਲੱਗੇ ਹੋਏ ਹਨ। ਉਹ ਸਮਝਦੇ ਹਨ ਕਿ ਸੱਚਮੁੱਚ ਹੀ ਉਮਰ ਵਧਾਉਣ ਦੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨਾ ਸੰਭਵ ਹੈ। ਕੋਰੀਆ ਦਾ ਜੰਮਿਆ ਡਾ. ਐਨਥਨੀ ਜੂਨ ਯੁਨ ਇਸ ਸਿਲਸਿਲੇ ਵਿਚ ਖਾਸਾ ਸਰਗਰਮ ਹੈ।
ਹੈ। ਉਸ ਦਾ ਕਹਿਣਾ ਹੈ ਕਿ ਡੀਐੱਨਏ ਜ਼ਿੰਦਗੀ ਦਾ ਕੋਡ ਹੈ। ਕੋਡ ਵਿਚ ਜੀਵਨ-ਮੌਤ ਸਭ ਕੁਝ ਹੋਣਾ ਲਾਜ਼ਮੀ ਹੈ। ਇਸ ਕੋਡ ਨੂੰ ਖੋਲ੍ਹ ਕੇ ਉਮਰ ਲੰਮੀ ਕਰਨ ਦੇ ਰਹੱਸ ਲੱਭੇ ਜਾਣੇ ਚਾਹੀਦੇ ਹਨ। ਉਸ ਨੇ 2014 ਵਿਚ ਇਸ ਕੋਡ ਨੂੰ ਖੋਲ੍ਹਣ ਵਾਲੇ ਲਈ ਇਕ ਮਿਲੀਅਨ ਡਾਲਰ ਦਾ ਇਨਾਮ ਪਾਲੋ ਐਲਟੋ ਇੰਸਟੀਚਿਊਟ, ਕੈਲੀਫੋਰਨੀਆ ਵੱਲੋਂ ਦੇਣ ਦਾ ਐਲਾਨ ਕੀਤਾ। ਉਸ ਤੋਂ ਪਹਿਲਾਂ ਗੂਗਲ ਨੇ ਐਬ ਵਾਈ ਨਾਂ ਦੀ ਦਵਾਈਆਂ ਦੀ ਕੰਪਨੀ ਨਾਲ ਡੇਢ ਅਰਬ ਡਾਲਰ ਦੀ ਭਾਈਵਾਲੀ ਨਾਲ ਕੈਲੀਕੋ ਨਾਮ ਦੀ ਨਵੀਂ ਕੰਪਨੀ ਬਣਾਈ। ਇਸ ਦਾ ਉਦੇਸ਼ ਤੰਦਰੁਸਤ ਲੰਮੀ ਉਮਰ ਮਿਥਿਆ ਗਿਆ। ਸਤੰਬਰ 2013 ਵਿਚ ਟਾਈਮ ਮੈਗਜ਼ੀਨ ਨੇ ਇਸ ਬਾਰੇ ਗੂਗਲ ਵਰਸਸ ਡੈੱਥ ਸਿਰਲੇਖ ਨਾਲ ਕਵਰ ਸਟੋਰੀ ਛਾਪ ਕੇ ਇਸ ਮਸਲੇ ਨੂੰ ਕਾਫ਼ੀ ਹਵਾ ਦਿੱਤੀ।
ਹਿਊਮਨ ਜੀਨੋਮ ਪ੍ਰਾਜੈਕਟ ਵਾਲਾ ਕਰੈਗ ਵੈਂਟਰ ਜੋ ਹਰ ਵੇਲੇ ਕੁਝ ਨਵਾਂ ਤੇ ਵੱਖਰਾ ਕਰਨ ਦੀ ਸੋਚਦਾ ਹੈ, ਇਸ ਸਿਲਸਿਲੇ ਵਿਚ ਕਦੋਂ ਪਿੱਛੇ ਰਹਿਣ ਵਾਲਾ ਸੀ। ਉਸ ਨੇ ਹਿਊਮਨ ਲੌਂਜੇਵਿਟੀ ਇੰਕ ਨਾਂ ਦਾ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਹੈ। ਉਸ ਦੀ ਯੋਜਨਾ ਹਰ ਸਾਲ ਚਾਲੀ ਹਜ਼ਾਰ ਵਿਅਕਤੀਆਂ ਦੇ ਜੀਨੋਮਾਂ ਦੀ ਸੀਕੁਐਂਸਿੰਗ ਕਰ ਕੇ ਸਿਹਤ, ਬੁਢਾਪੇ ਤੇ ਲੰਮੀ ਉਮਰ ਦੇ ਰਹੱਸ ਲੱਭਣ ਦੀ ਹੈ। ਇਸੇ ਲੜੀ ਵਿਚ ਇਕ ਹੋਰ ਯਤਨ ਯੂਨਿਟੀ ਬਾਇਓਟੈਕਨਾਲੋਜੀ ਇੰਕ ਨਾਂ ਦੀ ਬਾਇਓਟੈਕ ਫਰਮ ਨੇ ਸ਼ੁਰੂ ਕੀਤਾ ਹੈ। ਇਸ ਕੰਪਨੀ ਨੇ 11.60 ਕਰੋੜ ਡਾਲਰ ਨਾਲ ਇਹ ਪ੍ਰਾਜੈਕਟ ਸ਼ੁਰੂ ਕੀਤਾ ਹੈ। ਉਦੇਸ਼ ਇਹ ਹੈ ਕਿ ਮਨੁੱਖ ਨੂੰ ਬੁੱਢਾ ਕਰਨ ਵਾਲੀਆਂ ਬਿਮਾਰੀਆਂ ਨੂੰ ਰੋਕਣ ਅਤੇ ਹੋ ਸਕੇ ਤਾਂ ਬੁਢਾਪੇ ਨੂੰ ਮੋੜਾ ਪਾਉਣ ਦੇ ਤਰੀਕੇ ਲੱਭੇ ਜਾਣ।
ਆਓ ਦੇਖੀਏ ਕਿ ਇਸ ਸਿਲਸਿਲੇ ਵਿਚ ਵਿਗਿਆਨੀ ਰੈਪਾਮਾਈਸਿਨ ਤੋਂ ਇਲਾਵਾ ਹੋਰ ਕਿਹੜੇ ਪੈਂਤੜਿਆਂ ਉੱਤੇ ਕੰਮ ਕਰਦੇ ਆ ਰਹੇ ਹਨ। ਅੱਜ ਤੋਂ ਸੱਤ-ਅੱਠ ਦਹਾਕੇ ਪਹਿਲਾਂ ਜੀਵਾਂ ਦੀ ਉਮਰ ਵਧਣ ਦਾ ਸੌਖਾ ਜਿਹਾ ਪੈਂਤੜਾ ਘੱਟ ਖੁਰਾਕ/ਘੱਟ ਕੈਲੋਰੀਆਂ ਦਾ ਉਪਭੋਗ ਮੰਨਿਆ ਗਿਆ। ਵਿਗਿਆਨੀਆਂ ਨੇ ਕਿਹਾ ਕਿ ਜੀਵ/ਜਾਨਵਰਾਂ ਸਾਧਾਰਨ ਖੁਰਾਕ/ਕੈਲੋਰੀਆਂ ਨਾਲੋਂ ਤੀਹ-ਚਾਲੀ ਫ਼ੀਸਦੀ ਘੱਟ ਕੈਲੋਰੀਆਂ ਦੀ ਖੁਰਾਕ ਨਾਲ ਨਾਰਮਲ ਨਾਲੋਂ ਲੰਮੀ ਉਮਰ ਜੀਅ ਸਕਦਾ ਹੈ। ਇਸ ਨਾਲ ਮੈਟਾਬੋਲਿਕ ਰੇਟ ਘੱਟ ਹੁੰਦਾ ਹੈ ਅਤੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਫਰੀ-ਰੈਡੀਕਲ ਘੱਟ ਪੈਦਾ ਹੁੰਦੇ ਹਨ। ਇਸ ਖੋਜ ਦੇ ਸਿੱਟੇ 1930ਵਿਆਂ ਵਿਚ ਮੈਕਕੇ ਤੇ ਕਈ ਹੋਰਾਂ ਨੇ ਪੇਸ਼ ਕੀਤੇ। ਇਸ ਬਾਰੇ ਚੂਹਿਆਂ, ਮੱਛੀਆਂ, ਕੀੜਿਆਂ ਤੇ ਮੱਖੀਆਂ ਆਦਿ ਉੱਤੇ ਤਜਰਬੇ ਹੋਏ। ਇਨ੍ਹਾਂ ਉਪਰੰਤ ਬਾਂਦਰਾਂ ਉਪਰ ਕੀਤੇ ਤਜਰਬਿਆਂ ਵਿਚ ਵੀ ਇਸ ਸੋਚ ਦੀ ਪੁਸ਼ਟੀ ਹੋਈ। ਘੱਟ ਖੁਰਾਕ ਤੇ ਲੰਮੀ ਉਮਰ ਦਾ ਪੈਂਤੜਾ ਬਾਅਦ ਵਿਚ ਲਗਪਗ ਛੱਡ ਹੀ ਦਿੱਤਾ ਗਿਆ। ਕਾਰਨ ਦੋ ਤਿੰਨ ਸਨ। ਪਹਿਲਾ, ਖਾਣ-ਪੀਣ ਤੇ ਐਸ਼-ਆਰਾਮ ਵਿਚ ਕੌਣ ਭੁੱਖਾ ਰਹੇ। ਜੀਭ ਦਾ ਚਸਕਾ ਕੌਣ ਛੱਡੇ। ਦੂਜਾ, ਕੈਲੋਰੀਆਂ ਦੀ ਕਮੀ ਵਾਲੀ ਖੁਰਾਕ ਨਾਲ ਜੀਵਾਂ ਦੀ ਜਣਨ ਸ਼ਕਤੀ ਉੱਤੇ ਮਾੜਾ ਅਸਰ ਪੈਂਦਾ ਸੀ। ਤੀਜਾ, ਲੋਕ ਕਹਿੰਦੇ ਕਿ ਭੁੱਖੇ ਰਹਿ ਕੇ ਮਰਨ ਨਾਲੋਂ ਖਾ-ਪੀ ਕੇ ਮਰਨਾ ਚੰਗਾ।
ਵਿਗਿਆਨੀਆਂ ਨੇ ਸੋਚਿਆ ਕਿ ਇਹ ਵੇਖੋ ਕੈਲੋਰੀ ਘਟਾਉਣ ਨਾਲ ਉਮਰ ਲੰਮੀ ਹੋਣ ਦਾ ਕਾਰਨ ਕੀ ਸ਼ੈਅ ਹੈ। ਕਾਰਨ ਲੱਭਦੇ ਉਹ ਰੈੱਡ ਵਾਈਨ ਉੱਤੇ ਪਹੁੰਚੇ। ਰੈਡ ਵਾਈਨ ਤੋਂ ਅੰਗੂਰਾਂ ਤਕ ਵਿਚ ਉਨ੍ਹਾਂ ਨੂੰ ਰੈਜ਼ਵੀਰਾਟੋਲ ਨਾਂ ਦੇ ਫਾਈਟੋਲੈਕਸਿਨ ਪਾਲੀਫੀਨੋਲ ਦੇ ਅੰਸ਼ ਮਿਲੇ। ਇਹ ਤੱਤ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਘਟਾਉਂਦਾ ਸੀ ਤੇ ਉਮਰ ਵਧਾਉਂਦਾ ਪ੍ਰਤੀਤ ਹੁੰਦਾ ਸੀ। ਇਸ ਤੱਤ ਦਾ ਅਸਰ ਘੱਟ ਕੈਲੋਰੀ ਵਾਲੀ ਖੁਰਾਕ ਨਾਲ ਮੇਲ ਖਾ ਰਿਹਾ ਸੀ। ਇਉਂ ਕਹੋ ਕਿ ਰੈਜ਼ਵੀਰਾਟੋਲ ਘੱਟ ਖੁਰਾਕ ਦੇ ਪ੍ਰਭਾਵਾਂ ਦੀ ਨਕਲ ਕਰ ਰਿਹਾ ਸੀ। ਤਾਂ ਫਿਰ ਕੀ ਰੈੱਡ ਵਾਈਨ ਨਾਲ ਉਮਰ ਵਧ ਸਕਦੀ ਹੈ? ਇਸ ਦਾ ਜੁਆਬ ਵੀ ਨਹੀਂ ਸੀ। ਉਮਰ ਵਧਾਉਣ ਲਈ ਰੋਜ਼ ਦੀਆਂ ਇਕ ਹਜ਼ਾਰ ਬੋਤਲਾਂ ਪੀ ਕੇ ਮਾੜੀ-ਮੋਟੀ ਗੱਲ ਬਣਨੀ ਸੀ। ਰੈਜ਼ਵੀਰਾਟੋਲ ਦੀਆਂ ਗੋਲੀਆਂ ਵੀ ਸੋਚੀਆਂ ਗਈਆਂ। ਉਨ੍ਹਾਂ ਨਾਲ ਵੀ ਮਸਲਾ ਹੱਲ ਨਾ ਹੋਇਆ।
ਰੈਜ਼ਵੀਰਾਟੋਲ ਦੇ ਪ੍ਰਭਾਵਾਂ ਬਾਰੇ ਖੋਜ ਤੇ ਤਜਰਬੇ ਕਈ ਦਿਸ਼ਾਵਾਂ ਵਿਚ ਚੱਲਦੇ ਰਹੇ। ਇਸੇ ਦੌਰਾਨ ਬਾਇਓਮੋਲ ਰਿਸਰਚ ਲੈਬਾਰਟਰੀ ਦੇ ਬਾਇਓ-ਕੈਮਿਸਟਰੀ ਦੇ ਡਾਇਰੈਕਟਰ ਕੋਨਾਰਡ ਹੋਵਿਟਜ਼ ਅਤੇ ਹਾਵਰਡ ਮੈਡੀਕਲ ਸਕੂਲ ਦੇ ਜੈਨੇਟਿਕਸ ਦੇ ਡਾਇਰੈਕਟਰ ਡੇਵਿਡ ਸਿਨਕਲੇਅਰ ਨੇ ਇਕ ਖੋਜ ਪੱਤਰ ਲਿਖਿਆ। ਇਸ ਵਿਚ ਉਨ੍ਹਾਂ ਦੱਸਿਆ ਕਿ ਰੈਜ਼ਵੀਰਾਟੋਲ ਸਾਇਲੈਂਟ ਇਨਫਰਮੇਸ਼ਨ ਰੈਗੂਲੇਟਰ-2 ਨਾਂ ਦੇ ਪ੍ਰੋਟੀਨਾਂ (ਸਰ-2 ਪ੍ਰੋਟੀਨਾਂ) ਨੂੰ ਸਕ੍ਰਿਆ ਕਰਦੀ ਹੈ। ਇਨ੍ਹਾਂ ਦਾ ਇਸ ਤੋਂ ਵੀ ਸਰਲ ਨਾਮ ਸਰਟਵਿਨ ਹੈ। ਕੋਨਾਰਡ ਤੇ ਸਿਨਕਲੇਅਰ ਨੇ ਸਰਟਵਿਨ ਤੇ ਬੁਢਾਪੇ/ਲੰਮੀ ਉਮਰ ਵਿਚ ਰਿਸ਼ਤੇ ਦੀ ਵੀ ਦੱਸ ਪਾਈ। ਐਸ. ਸੈਰੇਵਿਸੀਏ ਯੀਸਟ ਵਿਚ ਸਰ-2 ਜੀਨ ਦੀ ਇਕ ਕਾਪੀ ਵਾਧੂ ਪਾਉਣ ਨਾਲ ਸੈੱਲ ਦੀ ਉਮਰ ਤੀਹ ਫ਼ੀਸਦੀ ਵਧੀ ਦੇਖੀ ਗਈ। ਸਰ-2 ਜੀਨ ਨਾਲ ਰਾਊਂਡ ਵਰਮਾਂ ਦੀ ਉਮਰ ਵਿਚ ਪੰਜਾਹ ਫ਼ੀਸਦੀ ਤਕ ਵਾਧਾ ਦੇਖਿਆ ਗਿਆ। ਟੀਮ ਨੇ ਇਹ ਵੀ ਦੱਸਿਆ ਕਿ ਥਣਧਾਰੀ ਜੀਵਾਂ ਵਿਚ ਸਰਟਵਿਨ ਦੀਆਂ ਸੱਤ ਕਿਸਮਾਂ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਦਰਮਿਆਨੀ ਮਾਤਰਾ ਵਿਚ ਵਰਤੀ ਰੈਜ਼ਵੀਰਾਟੋਲ ਸਰਟਵਿਨ-1 ਨੂੰ ਨਿਸ਼ਾਨਾ ਬਣਾਉਂਦੀ ਹੈ ਅਤੇ ਵਧੇਰੇ ਮਾਤਰਾ ਵਿਚ ਇਹ ਸਰਟਵਿਨ ਦੀਆਂ ਉਚੇਰੀਆਂ ਕਿਸਮਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਘੱਟ ਕੈਲੋਰੀਆਂ ਵਾਲੀ ਖੁਰਾਕ ਅਤੇ ਰੈਜ਼ਵੀਰਾਟੋਲ ਸਿਰਫ਼ ਸਰ-2 ਜੀਨਾਂ ਦੀ ਹੋਂਦ ਵਾਲੇ ਜੀਵਾਂ ਉੱਤੇ ਹੀ ਪ੍ਰਭਾਵ ਪਾਉਣ ਦੇ ਸਮਰੱਥ ਹੈ। ਇਹ ਹੀ ਨਹੀਂ ਇਕ ਮੱਖੀ ਜੋ ਵਧੇਰੇ ਮਾਤਰਾ ਵਿਚ ਸਰ-2 ਪੈਦਾ ਕਰਦੀ ਹੈ, ਉਸ ਦੀ ਉਮਰ ਪਹਿਲਾਂ ਹੀ ਵਧੇਰੇ ਹੁੰਦੀ ਹੈ ਅਤੇ ਉਸ ਨੂੰ ਰੈਜ਼ਵੀਰਾਟੋਲ ਨਾਲ ਹੋਰ ਵਧਾਉਣਾ ਸੰਭਵ ਨਹੀਂ। ਇੰਜ ਹੀ ਉਨ੍ਹਾਂ ਦੱਸਿਆ ਕਿ ਰੈਜ਼ਵੀਰਾਟੋਲ ਨਾਲ ਜਣਨ ਸਮਰੱਥਾ ਉੱਤੇ ਵੀ ਮਾੜੇ ਅਸਰ ਨਹੀਂ ਪੈਂਦੇ। ਅਖੀਰ ਉਨ੍ਹਾਂ ਨੇ ਆਪਣੀਆਂ ਖੋਜਾਂ ਤੋਂ ਉਤਸ਼ਾਹਿਤ ਹੋ ਕੇ ਰੈਜ਼ਵੀਰਾਟੋਲ ਨਾਲ ਦਵਾਈਆਂ ਬਣਾਉਣ ਲਈ ਸਰਟਰਿਸ ਫਾਰਮਾਸਿਊਟੀਕਲਜ਼ ਕੰਪਨੀ ਬਣਾਈ। 2008 ਵਿਚ ਇਹ ਕੰਪਨੀ ਗਲੈਕਸੋ ਸਮਿੱਥਕਲਾਈਨ ਨੇ 72 ਕਰੋੜ ਡਾਲਰ ਦੇ ਕੇ ਖਰੀਦ ਲਈ।
ਇਸ ਸਾਰੇ ਕੁਝ ਦੇ ਸਮਾਨਾਂਤਰ ਲੰਮੀ ਉਮਰ ਦੀ ਪੈੜ ਫੜਦੇ ਵਿਗਿਆਨੀਆਂ ਨੇ ਨੋਟ ਕੀਤਾ ਕਿ ਪੂਰਬੀ ਤੇ ਮੱਧ ਯੂਰੋਪ ਦੇ ਆਸ਼ਕੇਨਾਜ਼ੀ ਯਹੂਦੀਆਂ ਦੀ ਉਮਰ ਅਕਸਰ ਹੀ ਖ਼ਾਸੀ ਲੰਮੀ ਹੁੰਦੀ ਹੈ। ਯੈਸ਼ਵੀ ਯੂਨੀਵਰਸਿਟੀ ਦੇ ਐਲਬਰਟ ਆਇੰਸਟਾਈਨ ਸਕੂਲ ਆਫ ਮੈਡੀਸਨ ਨੇ ਇਸ ਬਾਰੇ ਖੋਜ ਆਰੰਭੀ। ਇਸ ਖੋਜ ਤੋਂ ਪਤਾ ਲੱਗਾ ਕਿ ਪਚਾਨਵੇ ਸਾਲ ਤੋਂ ਵੱਧ ਉਮਰ ਦੇ ਆਸ਼ਕੇਨਾਜ਼ੀ ਯਹੂਦੀਆਂ ਵਿਚ ਇਕ ਵਿਸ਼ੇਸ਼ ਜੀਨ ਹੈ ਜੋ ਇਨਸੂਲਿਨ ਲਾਈਕ ਗਰੋਥ ਫੈਕਟਰ-1 (ਆਈਜੀਐੱਫ-1) ਨੂੰ ਘਟਾਉਂਦਾ ਹੈ ਅਤੇ ਸ਼ਾਇਦ ਇਹ ਹੀ ਉਮਰ ਵਿਚ ਵਾਧੇ ਦਾ ਆਧਾਰ ਹੈ। ਸਦਰਨ ਇਲੀਨੌਇ ਯੂਨੀਵਰਸਿਟੀ ਦੇ ਆਂਦਰਜ਼ੇਜ ਬਾਰਤਕੇ ਨੇ ਆਈਜੀਐੱਫ-1 ਨੂੰ ਘਟਾ ਕੇ ਚੂਹਿਆਂ ਦੀ ਉਮਰ ਤੀਹ-ਚਾਲੀ ਫ਼ੀਸਦੀ ਵਧਾਉਣ ਦਾ ਦਾਅਵਾ ਕਰਕੇ ਉਕਤ ਧਾਰਨਾ ਦੀ ਪੁਸ਼ਟੀ ਕੀਤੀ ਹੈ। ਵਿਗਿਆਨੀ ਹੁਣ ਸਰ-2 ਤੇ ਆਈਜੀਐੱਫ-1 ਵਿਚ ਰਿਸ਼ਤਾ ਲੱਭਣ ਲਈ ਯਤਨਸ਼ੀਲ ਹਨ।
ਪਿਛਲੇ ਕੁਝ ਸਮੇਂ ਤੋਂ ਰੈਪਾਮਾਈਸਿਨ ਤੇ ਰੈਜ਼ਵੀਰਾਟੋਲ ਦੋਹਾਂ ਦੇ ਸਮਰਥਕ ਆਪੋ-ਆਪਣੇ ਦਾਅਵੇ ਕਰ ਕੇ ਇਕ-ਦੂਜੇ ਨੂੰ ਛੁਟਿਆ ਰਹੇ ਹਨ। ਰੈਪਾਮਾਈਸਿਨ ਵਾਲੇ ਕਹਿੰਦੇ ਹਨ ਕਿ ਰੈਪਾਮਾਈਸਿਨ ਵਧੀਆ ਕੰਮ ਕਰਦੀ ਹੈ। ਰੈਜ਼ਵੀਰਾਟੋਲ ਵਾਲੇ ਕਹਿੰਦੇ ਹਨ ਕਿ ਰੈਜ਼ਵੀਰਾਟੋਲ ਵਧੀਆ ਕੰਮ ਕਰਦੀ ਹੈ। ਕੁਝ ਵੀ ਹੋਵੇ ਇੰਪੀਰੀਅਲ ਕਾਲਜ ਲੰਡਨ ਦਾ ਕਹਿਣਾ ਹੈ ਕਿ 2030 ਤਕ ਸਾਧਾਰਨ ਮਨੁੱਖ ਲਈ ਨੱਬੇ ਸਾਲ ਜਾਂ ਇਸ ਤੋਂ ਵਡੇਰੀ ਉਮਰ ਦੀ ਉਮੀਦ ਰੱਖੀ ਜਾ ਸਕਦੀ ਹੈ। ਅੱਜ ਵਿਗਿਆਨੀ ਸਿਰਫ਼ ਉਮਰ ਵਧਾਉਣ ਵੱਲ ਹੀ ਰੁਚਿਤ ਨਹੀਂ ਸਗੋਂ ਤੰਦਰੁਸਤ ਲੰਮੀ ਉਮਰ ਵਾਸਤੇ ਯਤਨਸ਼ੀਲ ਹਨ। ਉਨ੍ਹਾਂ ਦੇ ਇਹ ਯਤਨ ਇਕ ਪ੍ਰਕਾਰ ਨਾਲ ਸਿਕੰਦਰ ਨੂੰ ਦਿੱਤੇ ਹਜ਼ਰਤ ਖਿਜਰ ਦੇ ਮਾਰਗਦਰਸ਼ਨ ਅਨੁਕੂਲ ਹੀ ਜਾਪਦੇ ਹਨ।

ਸੰਪਰਕ: 98720-60550
* ਸਾਬਕਾ ਪ੍ਰੋਫ਼ੈਸਰ ਅਤੇ ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ।


Comments Off on ਆਬੇ-ਹਯਾਤ ਦੀ ਤਲਾਸ਼ ’ਚ ਮਨੁੱਖ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.