ਅਰਬੀ ਭਾਸ਼ਾ ਵਿਚ ‘ਕਸਰ’ ਤੋਂ ਭਾਵ ਮਹੱਲ (ਕਿਲ੍ਹਾ ਵੀ) ਹੈ ਅਤੇ ਵਤਨ ਦਾ ਅਰਥ ਰਾਸ਼ਟਰ ਜਾਂ ਮੁਲਕ ਹੈ। ਅਰਬੀ ਵਿਆਕਰਣ ਵਿਚ ‘ਅਲ’ ਦਾ ਉਹੀ ਅਰਥ ਹੈ ਜੋ ਅੰਗਰੇਜ਼ੀ ਵਿਆਕਰਨ ਵਿਚ ਡੈਫੀਨਿੱਟ ਆਰਟੀਕਲ ‘ਦਿ/ਦੀ’ ਦਾ ਹੈ (ਇਹ ਕਈ ਵਾਰ ਪਰੈਪੋਜ਼ੀਸ਼ਨ ‘ਔਫ’ ਦਾ ਕੰਮ ਵੀ ਕਰਦੈ)। ਸੋ ‘ਕਸਰ ਅਲ-ਵਤਨ’ ਦਾ ਮਤਲਬ ਮੁਲਕ ਦਾ ਮਹੱਲ ਹੈ।
ਸੰਯੁਕਤ ਅਰਬ ਅਮੀਰਾਤ ਦੇ ਮੁਲਕ ਆਬੂ ਧਾਬੀ ਦੇ ਇਸ ਸ਼ਾਹੀ ਮਹੱਲ ਨੂੰ ‘ਪਰੈਜ਼ੀਡੈਂਸ਼ਲ ਪੈਲੇਸ’ (ਰਾਸ਼ਟਰ ਪ੍ਰਮੁੱਖ) ਦਾ ਮਹੱਲ ਵੀ ਕਹਿੰਦੇ ਹਨ ਕਿਉਂਕਿ ਇਹ ਉਸ ਅਹਾਤੇ ਵਿਚ ਸਥਿਤ ਹੈ ਜਿੱਥੇ ਆਬੂ ਧਾਬੀ ਦੇ ਹਾਕਮ ਰਹਿੰਦੇ ਹਨ, ਸੰਘ ਦੀ ਸੁਪਰੀਮ ਕੌਂਸਲ ਅਤੇ ਫੈਡਰਲ ਕੈਬਨਿਟ ਦੀਆਂ ਮੀਟਿੰਗਾਂ ਹੁੰਦੀਆਂ ਹਨ, ਦੂਸਰੇ ਦੇਸ਼ਾਂ ਦੇ ਮੁਖੀਆਂ ਨਾਲ ਸਿਖਰ-ਵਾਰਤਾਵਾਂ ਅਤੇ ਸਰਕਾਰੀ ਫੇਰੀਆਂ ਦੀ ਮੇਜ਼ਬਾਨੀ ਕੀਤੀ ਜਾਂਦੀ ਹੈ।
ਕਸਰ ਅਲ-ਵਤਨ ਵਿਸ਼ਾਲ ਇਲਾਕੇ ਵਿਚ ਫੈਲਿਆ ਨਵੀਨ ਅਤੇ ਪੁਰਾਤਨ ਅਰਬੀ ਸ਼ਿਲਪਕਲਾ ਦੇ ਸੁਮੇਲ ਦਾ ਨਮੂਨਾ ਹੈ ਜਿਸ ਵਿਚ ਮੁਗ਼ਲਕਾਲੀਨ ਡਿਜ਼ਾਈਨਾਂ ਦੀ ਰੰਗਤ ਵੀ ਹੈ। ਇਸ ਨੂੰ ਲੋਕਾਂ ਲਈ ਇਸੇ ਸਾਲ 11 ਮਾਰਚ ਨੂੰ ਖੋਲ੍ਹਿਆ ਗਿਆ ਹੈ। ਇਸ ਦਾ ਉਦਘਾਟਨ ਸੰਯੁਕਤ ਅਰਬ ਅਮੀਰਾਤ ਦੇ ਵਾਈਸ ਪਰੈਜ਼ੀਡੈਂਟ ਅਤੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਅਤੇ ਕਰਾਊਨ ਪ੍ਰਿੰਸ ਔਫ ਆਬੂ ਧਾਬੀ ਅਤੇ ਅਮੀਰਾਤ ਦੀਆਂ ਫ਼ੌਜਾਂ ਦੇ ਡਿਪਟੀ ਸੁਪਰੀਮ ਕਮਾਂਡਰ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਿਨ ਨੇ ਕੀਤਾ। ਉਨ੍ਹਾਂ ਇਸ ਨੂੰ ਵਿਸ਼ਵ ਦੇ ਲੋਕਾਂ ਦਰਮਿਆਨ ਸੱਭਿਆਚਾਰਕ ਗਿਆਨ ਅਤੇ ਸੰਚਾਰ ਦਾ ਇਕ ਨਵਾਂ ਸਮਾਰਕ ਕਿਹਾ।
ਇਸ ਦੇ ਨਿਰਮਾਣ ਵਿਚ ਸੱਤ ਸਾਲ ਅਤੇ 15 ਕਰੋੜ ਕੰਮ ਕਰਨ ਦੇ ਘੰਟੇ ਲੱਗੇ। ਖਾੜੀ ਦਾ ਇਹ ਨਵੀਨਤਮ ਲੈਂਡਸਕੇਪ 380,000 ਵਰਗ ਮੀਟਰ (40,90,285.96 ਵਰਗ ਫੁੱਟ) ਵਿਚ ਫੈਲੇ ਪ੍ਰੈਜ਼ੀਡੈਂਸ਼ਲ ਪੈਲੇਸ ਦੇ ਅਹਾਤੇ ਵਿਚ ਸੁਸ਼ੋਭਿਤ ਹੈ।
ਅਸੀਂ ਇਸ ਮਹੱਲ ਨੂੰ ਦੇਖਿਆ ਤੇ ਦੇਖਦੇ ਹੀ ਰਹਿ ਗਏ। ਕਿਲ੍ਹਿਆਂ ਵਰਗੇ ਉੱਚੇ ਦਰਵਾਜ਼ੇ, ਗੁੰਬਦਾਂ ਵਾਲੇ ਬਹੁਤ ਉੱਚੀਆਂ ਛੱਤਾਂ ਵਾਲੇ ਹਾਲ, ਵਿਸ਼ਾਲ ਝੂੰਮਰ, ਅਨੇਕਾਂ ਫੁੱਟਬਾਲ ਗਰਾਂਊਡ ਜਿੰਨੇ ਖੁੱਲ੍ਹੇ-ਡੁੱਲ੍ਹੇ ਵਿਹੜੇ, ਖ਼ੂਬਸੂਰਤ ਬਾਗ-ਬਗੀਚੇ, ਠੰਢਾ ਜਲ ਤਰੌਂਕਦੇ ਫੁਹਾਰੇ, ਮਨਮੋਹਣੀ ਮੀਨਾਕਾਰੀ, ਮੂਰਤੀਕਾਰੀ, ਸ਼ਿਲਪਕਾਰੀ, ਖਾਣ-ਪੀਣ ਦਾ ਪ੍ਰਬੰਧ, ਤੋਹਫ਼ੇ ਵੇਚਣ ਵਾਲੀਆਂ ਦੁਕਾਨਾਂ ਤੇ ਹੋਰ ਪਤਾ ਨਹੀਂ ਕੀ ਕੀ।
ਇੱਥੇ ਸੰਯੁਕਤ ਅਰਬ ਅਮੀਰਾਤ ਦੀ ਅਮੀਰ ਵਿਰਾਸਤ, ਗੌਰਵਮਈ ਇਤਿਹਾਸ, ਵਰਤਮਾਨ ਦੀਆਂ ਜ਼ਿਕਰਯੋਗ ਉਪਲੱਬਧੀਆਂ ਅਤੇ ਭਵਿੱਖ ਦੀ ਸੰਭਾਵਨਾ ਭਰਪੂਰ ਦਿਸ਼ਾ ਤੇ ਦ੍ਰਿਸ਼ਟੀ ਦੇ ਇਕੋ ਥਾਂ ਦਰਸ਼ਨ ਹੋ ਜਾਂਦੇ ਹਨ।
ਆਉਣ-ਜਾਣ ਵਾਲਿਆਂ ਲਈ ਬਣੇ ਗੇਟ ਵਾਲੇ ਪਾਸੇ ਵੜਦਿਆਂ ਹੀ ਖਾੜੀ ਖੇਤਰ ਦਾ ਮਸ਼ਹੂਰ ਕਾਹਵਾ ਨਿੱਕੀਆਂ ਨਿੱਕੀਆਂ ਕੱਪੀਆਂ ਵਿਚ ਪਿਲਾਇਆ ਜਾਂਦਾ ਹੈ, ਨਾਲ ਇਕ-ਦੋ ਖਜੂਰਾਂ ਵੀ ਪੇਸ਼ ਕੀਤੀਆਂ ਜਾਂਦੀਆਂ ਹਨ। ਫਿਰ ਬੱਸਾਂ ਵਿਚ ਬਿਠਾ ਕੇ ਮਹੱਲ ਕੋਲ ਲਿਜਾਇਆ ਜਾਂਦਾ ਹੈ। ਇਸ ਉਪਰੰਤ ਸੈਲਾਨੀ ਅੱਗੋਂ ਆਪ ਹੀ ਅੰਦਰ ਘੁੰਮਦੇ ਹਨ। ਗਾਈਡ ਵੀ ਮਿਲਦੇ ਹਨ। ਦਿਉੁਕੱਦ ਪ੍ਰਵੇਸ਼ ਦੁਆਰ ਉਪਰ ਸੁਸ਼ੋਭਿਤ ਯੂਏਈ ਦਾ ਚਿੰਨ੍ਹ ‘ਬਾਜ਼’ ਅਤੇ ‘ਪਰਚਮ’ ਆਉਣ ਵਾਲੇ ਦਾ ਮਨ ਮੋਹ ਲੈਂਦੇ ਹਨ। ਪ੍ਰਾਪਤ ਸੂਚਨਾ ਅਨੁਸਾਰ ਅਸਾਧਾਰਨ ਉਚਾਈ ਵਾਲਾ ਹਰ ਦਰਵਾਜ਼ਾ ਠੋਸ ਮੇਪਲ ਤੋਂ ਬਣਿਆ ਹੈ ਜਿਸ ਉੱਤੇ ਖ਼ੂਬਸੂਰਤ ਡਿਜ਼ਾਈਨ ਉੱਕਰੇ ਹਨ। ਇਨ੍ਹਾਂ ਵਿਚ 23 ਕੈਰੇਟ ਦਾ ਸੋਨਾ ਮੜਿ੍ਹਆ ਹੈ ਤੇ ਹਰ ਦਰਵਾਜ਼ਾ 350 ਘੰਟਿਆਂ ’ਚ ਤਿਆਰ ਹੋਇਆ ਹੈ। ਮਹੱਲ ਦਾ ਮੱਥਾ ਸੈਂਕੜੇ ਸਾਲ ਪੁਰਾਣੇ ਗਰੇਨਾਈਟ ਅਤੇ ਚੂਨਾ ਪੱਥਰ ਦਾ ਬਣਿਆ ਹੈ।
ਮਹੱਲ ਦੇ ‘ਗਰੇਟ ਹਾਲ’ ਵਿਚ ਵੜਦਿਆਂ ਉਸ ਦੀ ਵਿਸ਼ਾਲਤਾ ਦੇਖ ਕੇ ਮਨੁੱਖ ਠਠੰਬਰ ਜਿਹਾ ਜਾਂਦਾ ਹੈ। ਇਸ ਨੂੰ ‘ਮਹੱਲ ਦਾ ਦਿਲ’ ਆਖਿਆ ਜਾਂਦਾ ਹੈ ਅਤੇ ਇਸ ਦੇ ਉਪਰਲੇ ਗੁੰਬਦ ਤਕ ਦੇਖ ਕੇ ਇਹ ਅਤਿਕਥਨੀ ਨਹੀਂ ਜਾਪਦੀ। ਗਾਈਡ ਦੱਸਦੇ ਹਨ ਕਿ ਇਸ ਮਹਿਲ ਦੇ ਸੰਗਮਰਮਰ ਅਤੇ ਰੰਗਾਂ ਦੇ ਰੇਂਜ ਦੀ ਚੋਣ ਯੂਏਈ ਦੇ ਹਾਕਮ ਸ਼ੇਖ ਖਲੀਫ਼ਾ ਨੇ ਖ਼ੁਦ ਕੀਤੀ ਅਤੇ ਨਿੱਕੀ ਨਿੱਕੀ ਗੱਲ ਵੱਲ ਆਪ ਧਿਆਨ ਦਿੱਤਾ। ਚੁਣੇ ਗਏ ਰੰਗ ਅਰਥ ਭਰਪੂਰ ਹਨ। ਬਾਹਰੋਂ ਪੂਰਾ ਮਹੱਲ ਚਿੱਟੇ ਰੰਗ ਵਿਚ ਬਣਿਆ ਹੈ। ਚਿੱਟਾ ਰੰਗ ਅਮਨ ਅਤੇ ਪਵਿੱਤਰਤਾ ਦਾ ਰੰਗ ਮੰਨਿਆ ਜਾਂਦਾ ਹੈ। ਇਹ ਅਰਬ ਦੇ ਖਾੜੀ ਖਿੱਤੇ ਵਿਚ ਪੈਂਦੀ ਗਰਮੀ ਕਾਰਨ ਇਸ ਇਲਾਕੇ ਦੀ ਰਵਾਇਤੀ ਰੰਗ ਦੀ ਇਮਾਰਤਸਾਜ਼ੀ ਦਾ ਸੂਚਕ ਵੀ ਹੈ। ਅੰਦਰ ਕਈ ਥਾਂ ਪੀਲੇ ਅਤੇ ਨੀਲੇ ਰੰਗ ਦਾ ਸੰਗਮਰਮਰ ਵੀ ਲਗਾਇਆ ਗਿਆ ਹੈ। ਪੀਲਾ ਮਾਰੂਥਲ ਦੀ ਰੇਤ ਦਾ ਪ੍ਰਤੀਕ ਹੈ ਅਤੇ ਨੀਲਾ ਅਰਬ ਖਾੜੀ ਦੇ ਪਾਣੀਆਂ ਦਾ। ਵਿਸ਼ਾਲ ਖੁੱਲ੍ਹੀਆਂ ਥਾਵਾਂ ਮਾਨਵੀ ਖੋਜ-ਪੜਤਾਲ ਦੀ ਬਿਰਤੀ ਦੇ ਪ੍ਰਤੀਕ ਹਨ। ਰਵਾਇਤੀ ਅਰਬੀ ਮੂਰਤੀ ਵਿਹਾਰ ਨੂੰ ਦਰਸਾਉਂਦੇ 5,000 ਤੋਂ ਵੱਧ ਵਿਲੱਖਣ ਅਤੇ ਵਿਭਿੰਨ ਰੇਖਿਕੀ ਅਤੇ ਫੁੱਲਾਂ-ਯੁਕਤ ਨੱਕਾਸ਼ੀ ਵਾਲੇ ਪੈਟਰਨ ਮਹੱਲ ਦੇ ਤਲ ਨੂੰ ਸ਼ਿੰਗਾਰਦੇ ਹਨ।
ਇਸ ਹਾਲ ਵਿਚ ਘੁੰਮਦਿਆਂ ਅਚਾਨਕ ਤੁਹਾਨੂੰ ਸੋਨੇ ਦੇ ਬਣੇ ਅਰਬੀ ਅੱਖਰਾਂ ਵਾਲਾ ਇਕ ਅੰਡਾਕਾਰ ਢਾਂਚਾ ਦਿਸਦਾ ਹੈ ਜਿਸ ਅੱਗੇ ਫੋਟੋ ਖਿਚਵਾਉਣ ਵਾਲਿਆਂ ਦੀ ਇਕ ਲੰਮੀ ਕਤਾਰ ਵੀ ਦਿਖਾਈ ਦਿੰਦੀ ਹੈ। ਇਸ ਆਕਾਰ ਦਾ ਨਾਮ ‘ਸ਼ਬਦਾਂ ਦੀ ਸ਼ਕਤੀ’ ਹੈ। ਇਸ ਵਿਚ ਯੂਏਈ ਦੇ ਬਾਨੀ ਸ਼ੇਖ ਜ਼ਾਇਦ ਬਿਨ ਸੁਲਤਾਨ ਅਲ ਨਾਹਿਨ ਦੇ ਮਸ਼ਹੂਰ ਕਥਨ ਨੂੰ ਸੋਨੇ ਦੇ ਅੱਖਰਾਂ ਵਿਚ ਅੰਤਰ-ਜੜ੍ਹਤ ਵਿਧੀ ਰਾਹੀਂ ਦ੍ਰਿਸ਼ਮਾਨ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ‘ਦੌਲਤ/ਪੂੰਜੀ ਪੈਸਾ ਜਾਂ ਤੇਲ ’ਚ ਨਹੀਂ ਸਗੋਂ ਲੋਕਾਂ ’ਚ ਹੈ ਅਤੇ ਜੇ ਦੌਲਤ ਲੋਕਾਂ ਦੀ ਭਲੇ ਲਈ ਨਹੀਂ ਖਰਚੀ ਜਾਂਦੀ ਤਾਂ ਇਹ ਬੇਕਾਰ ਹੈ’। ਅੱਖਰਾਂ ਦੀ ਇਹ ਕਾਰੀਗਰੀ ਖਾੜੀ ਦੇ ਪ੍ਰਸਿੱਧ ਕਲਾਕਾਰ ਮੱਤਰ ਬਿਨ ਲਹੇਜ ਨੇ ਕੀਤੀ।
ਗਰੇਟ ਹਾਲ ਪੂਰੇ ਮਹਿਲ ਦੀ ਸ਼ਿਲਪਕਲਾ ਦਾ ਸ਼ਿੰਗਾਰ ਹੈ। ਇਹ 100 ਮੀਟਰ ਲੰਮਾ ਅਤੇ 100 ਮੀਟਰ ਚੌੜਾ ਹੈ। ਇਸ ਦਾ ਮੁੱਖ ਗੁੰਬਦ ਵਿਸ਼ਵ ਦੇ ਸਭ ਤੋਂ ਵੱਡੇ ਗੁੰਬਦਾਂ ਵਿਚੋਂ ਇਕ ਹੈ ਜਿਸ ਦਾ ਵਿਆਸ 37 ਮੀਟਰ (124.69 ਫੁੱਟ) ਹੈ।
ਇਸ ਉਪਰੰਤ ‘ਅਲ ਬਰਜ਼ਾ’ ਮਜਲਿਸ ਹੈ ਜਿਸ ਵਿਚ 300 ਮਹਿਮਾਨ ਬੈਠ ਸਕਦੇ ਹਨ। ਮਜਲਿਸ ਵਾਲਾ ਹਾਲ ਅਮੀਰਾਤ ਦੀ ਰਵਾਇਤ ਅਨੁਸਾਰ ਮਹਿਮਾਨਾਂ ਦੇ ਸੁਆਗਤ ਲਈ ਵਰਤਿਆ ਜਾਂਦਾ ਹੈ।
‘ਸਪਿਰਿਟ ਆਫ ਕੋਲੈਬੋਰੇਸ਼ਨ’ ਨਾਂ ਦਾ ਹਾਲ ਯੂਏਈ ਦੇ ਸੱਤਾਂ ਅਮੀਰਾਤਾਂ ਦੇ ਮਿਲ ਕੇ ਸੰਘ ਬਣਉਣ ਅਤੇ ਆਪਸੀ ਸਾਂਝ-ਸਹਿਯੋਗ ਦੀ ਰਵਾਇਤ ਨੂੰ ਉਜਾਗਰ ਕਰਦਾ ਹੈ। ਇਹ ਹਾਲ ਫੈਡਰਲ ਸੁਪਰੀਮ ਕੌਂਸਲ, ਅਰਬ ਲੀਗ, ਗਲਫ ਕੋਆਪਰੇਸ਼ਨ ਕੌਂਸਲ ਅਤੇ ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ ਦੀਆਂ ਮੀਟਿੰਗਾਂ ਲਈ ਬਣਾਇਆ ਗਿਆ ਹੈ। ਇਸ ਦੇ ਗੋਲਾਕਾਰ ਮੇਜ਼ ਉਪਰ 12 ਟਨ ਭਾਰਾ ਝੂੰਮਰ ਹੈ ਜਿਸ ਵਿਚ 350,000 ਰਵੇ (ਕ੍ਰਿਸਟਲ) ਹਨ।
‘ਹਾਊਸ ਆਫ ਨੌਲੇਜ’ (ਗਿਆਨ ਗ੍ਰਹਿ) ਵਿਚ ਅਰਬੀ/ਇਸਲਾਮੀ ਦੁਨੀਆ ਦੀਆਂ ਦੁਰਲੱਭ ਕਲਾਕ੍ਰਿਤਾਂ, ਲੱਭਤਾਂ ਅਤੇ ਹੱਥ ਲਿਖਤਾਂ ਦਾ ਖਜ਼ਾਨਾ ਹੈ ਜੋ ਅਰਬੀ ਦੁਨੀਆਂ ਵੱਲੋਂ ਵਿਗਿਆਨ, ਕਲਾ, ਸਾਹਿਤ, ਖਗੋਲ ਵਿਗਿਆਨ ਆਦਿ ਵੱਖ ਵੱਖ ਖੇਤਰਾਂ ’ਚ ਪਾਏ ਯੋਗਦਾਨ ਨੂੰ ਦਰਸਾਉਂਦਾ ਹੈ। ਯੂਏਈ ਵਿਚ ਮੌਜੂਦਾ ਸਾਲ ‘ਸਹਿਣਸ਼ੀਲਤਾ ਦਾ ਵਰ੍ਹਾ’ ਹੋਣ ਕਾਰਨ ਇਸ ਹਾਲ ਵਿਚ ਸ਼ਾਂਤਮਈ ਸਹਿਹੋਂਦ ਨੂੰ ਉਜਾਗਰ ਕਰਨ ਲਈ ਤਿੰਨ ਧਾਰਮਿਕ ਗਰੰਥ: ਪਵਿੱਤਰ ਕੁਰਾਨ, ਬਾਈਬਲ ਅਤੇ ਡੇਵਿਡਜ਼ ਸਾਮਜ਼ (ਸਤੋਤਰ/ਧਰਮ ਗੀਤ) ਨਾਲੋ ਨਾਲ ਸ਼ੁਭਾਇਮਾਨ ਹਨ। ਸ਼ਰ੍ਹੀਅਤ ਵਾਲੇ ਇਸਲਾਮਿਕ ਮੁਲਕ ਵਿਚ ਇਹ ਭਾਵਨਾ ਪ੍ਰਸ਼ੰਸਾਯੋਗ ਹੈ।
ਮਹੱਲ ਦੇ ਇਕ ਪਾਸੇ ਲਾਇਬਰੇਰੀ ਹੈ ਜਿਸ ਵਿਚ ਚਾਲੀ-ਪੰਜਾਹ ਹਜ਼ਾਰ ਕੀਮਤੀ ਕਿਤਾਬਾਂ ਹਨ ਜੋ ਖਿੱਤੇ ਦੀ ਵਿਰਾਸਤ, ਇਤਿਹਾਸ, ਸਾਹਿਤ ਅਦਿ ਬਾਰੇ ਹਨ। 1.6 ਕਰੋੜ ਤੋਂ ਵੀ ਵੱਧ ਸ਼ੈਆਂ ਦਾ ਡਿਜੀਟਲ ਸੰਗ੍ਰਹਿ ਵੀ ਹੈ। ‘ਬੈਂਕੁਇਟ ਹਾਲ’ ਵਿਚ ਉਨ੍ਹਾਂ ਮੁਲਕਾਂ ਦੇ ਪ੍ਰਾਹੁਣਿਆਂ ਨੂੰ ਰਵਾਇਤੀ ਅਮੀਰਾਤੀ ਪ੍ਰਾਹੁਣਚਾਰੀ ਨਾਲ ਨਿਵਾਜਿਆ ਜਾਂਦਾ ਹੈ ਜਿਨ੍ਹਾਂ ਨਾਲ ਯੂਏਈ ਦੇ ਨਿੱਘੇ ਸਬੰਧ ਹਨ। ਇਸ ਵਿਚ 149,000 ਚਾਂਦੀ, ਕ੍ਰਿਸਟਲ ਤੇ ਚੀਨੀ ਮਿੱਟੀ ਦੇ ਸਜਾਵਟੀ ਟੁਕੜੇ ਹਨ ਜੋ ਵਿਸ਼ੇਸ਼ ਤੌਰ ’ਤੇ ਮਹਿਲ ਲਈ ਬਣਵਾਏ ਗਏ ਸਨ।
ਪਰੈਜ਼ੀਡੈਂਸ਼ਲ ਗਿਫਟ ਵਾਲੇ ਵਿੰਗ ਵਿਚ ਉਹ ਕੂਟਨੀਤਿਕ ਤੋਹਫ਼ੇ ਹਨ ਜੋ ਮੁਲਕਾਂ ਦਰਮਿਆਨ ਅਦਾਨ-ਪ੍ਰਦਾਨ ਤਹਿਤ ਮਿਲਦੇ ਹਨ। ਮਹੱਲ ਵਿਚ ਖਾਣ-ਪੀਣ ਦਾ ਖ਼ੂਬ ਪ੍ਰਬੰਧ ਹੈ। ਰਾਤ ਨੂੰ ਰੌਸ਼ਨੀ ਅਤੇ ਆਵਾਜ਼ ਆਧਾਰਿਤ ਪ੍ਰੋਗਰਾਮ ਵੀ ਹੁੰਦਾ ਹੈ ਜਿਸ ਵਿਚ ਯੂਏਈ ਦੀ ਤ੍ਰੈ-ਪੱਖੀ ਝਲਕ ਦਿਖਾਈ ਜਾਂਦੀ ਹੈ। ਘਰ ਲਿਜਾਣ ਵਾਸਤੇ ਸੋਵੀਨਰ ਵੀ ਮਿਲਦੇ ਹਨ, ਪਰ ਪੈਸੇ ਖਰਚ ਕੇ।
ਇਸ ਮਹਿਲ ਦੇ ਕੁੱਲ ਦਸ ਜ਼ੋਨ ਹਨ। ਇਸ ਨੂੰ ਦੇਖਣ ਲਈ 60 ਦਰਾਮ (ਕਰੀਬ 1,140 ਰੁਪਏ) ਦਾਖਲਾ ਟਿਕਟ ਹੈ। ਇਹ ਦੁਬਈ ਤੋਂ 147.4 ਕਿਲੋਮੀਟਰ ਦੂਰ ਹੈ ਅਤੇ ਇੱਥੇ ਈ-11 ਮਾਰਗ ਰਾਹੀਂ ਡੇਢ ਘੰਟੇ ਵਿਚ ਪਹੁੰਚਿਆ ਜਾ ਸਕਦਾ ਹੈ।
ਮਹੱਲ ਦੇ ਕਾਊਂਟਰ ’ਤੇ ਇਕ ‘ਵਿਜ਼ਿਟਰ ਗਾਈਡ’ ਮਿਲਦੀ ਹੈ ਜਿਸ ਵਿਚ ਇਕ ਥਾਂ ਲਿਖਿਆ ਹੈ: ਕਸਰ ਅਲ-ਵਤਨ ਇਕ ਮਹੱਲ ਨਾਲੋਂ ਕੁਝ ਕੁ ਵਧੇਰੇ ਹੈ। ਇਹ ਢਾਂਚਾਗਤ ਮੀਲ ਪੱਥਰ ਹੈ। ਇਹ ਇਕ ਰਾਸ਼ਟਰ ਦੀਆਂ ਸੰਭਾਵਨਾਵਾਂ ਬਾਰੇ ਖੁੱਲ੍ਹਾ ਦਰਵਾਜ਼ਾ ਹੈ। ਵਾਕਈ ਖ਼ੂਬ ਅਤੇ ਖਰਾ ਲਿਖਿਆ ਹੈ।