ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਆਓ! ਬਗੀਚੀ ਸਜਾਈਏ

Posted On June - 22 - 2019

ਡਾ. ਬਲਵਿੰਦਰ ਸਿੰਘ ਲੱਖੇਵਾਲੀ

ਬਗੀਚੀ ਬਣਾਉਣਾ ਅਤੇ ਸਜਾਉਣਾ ਤਕਨੀਕੀ ਕੰਮ ਦੇ ਨਾਲ-ਨਾਲ ਕਲਾਕਾਰੀ ਵੀ ਹੈ। ਹੁਸੀਨ ਤੇ ਖ਼ੂਬਸੂਰਤ ਦਿੱਖ ਲਈ ਬਗੀਚੀ ਨੂੰ ਸਜਾਉਣਾ ਕਿਸੇ ਦੁਲਹਨ ਨੂੰ ਸਜਾਉਣ ਵਾਂਗ ਹੀ ਬਾਰੀਕੀ ਤੇ ਕਠਿਨਤਾ ਭਰਪੂਰ ਕੰਮ ਹੈ। ਕਈ ਸੱਜਣ ਘਾਹ ਲਾ ਕੇ ਆਸ-ਪਾਸ ਪੌਦੇ ਲਾ ਕੇ ਬਗੀਚੀ ਨੂੰ ਸੰਪੂਰਨ ਹੋਣ ਬਾਅਦ ਸੋਚਦੇ ਹਨ, ਪਰ ਅਜਿਹਾ ਬਿਲਕੁਲ ਨਹੀਂ ਹੈ। ਹੋਰਨਾਂ ਖੇਤਰਾਂ ਦੀ ਤਰ੍ਹਾਂ ਇਸ ਖੇਤਰ ਵਿਚ ਵੀ ਨਿੱਤ ਨਵੀਆਂ ਤਕਨੀਕਾਂ ਤੇ ਵਸਤਾਂ ਉਪਲੱਬਧ ਹੋ ਰਹੀਆਂ ਹਨ ਜੋ ਤੁਹਾਡੀ ਬਗੀਚੀ ਨੂੰ ਚਾਰ ਚੰਨ ਲਾਉਂਦੀਆਂ ਹਨ। ਸਿਰਫ਼ ਪੈਸਾ ਖ਼ਰਚ ਕੇ ਬਗੀਚੀ ਨਹੀਂ ਸ਼ਿੰਗਾਰੀ ਜਾ ਸਕਦੀ। ਜਦੋਂ ਤਕ ਤੁਸੀਂ ਆਪਣੇ ਦਿਲੋ-ਦਿਮਾਗ਼ ਨਾਲ ਕੰਮ ਵਿਚ ਮਗਨ ਨਹੀਂ ਹੁੰਦੇ ਜਾਂ ਫਿਰ ਤਕਨੀਕੀ ਮਾਹਿਰ ਦੀ ਰਾਇ ਨਹੀਂ ਲੈਂਦੇ, ਇਹ ਉਸ ਤਰ੍ਹਾਂ ਤਿਆਰ ਨਹੀਂ ਹੋ ਸਕਦੀ।
ਬਗੀਚੀ ਨੂੰ ਸ਼ਿੰਗਾਰਨ ਤੋਂ ਪਹਿਲਾਂ ਅਨੇਕਾਂ ਪੱਖਾਂ ਨੂੰ ਵਿਚਾਰਨਾ ਬੜਾ ਜ਼ਰੂਰੀ ਹੁੰਦਾ ਹੈ। ਜਿਨ੍ਹਾਂ ਵਿਚੋਂ ਮੁੱਖ ਰੂਪ ਵਿਚ ਤੁਹਾਡੀ ਬਗੀਚੀ ਦਾ ਆਕਾਰ, ਬਗੀਚੀ ਦੀ ਮੁੱਖ ਰੂਪ ਵਿਚ ਵਰਤੋਂ, ਬਗੀਚੀ ਦਾ ਸਟਾਈਲ/ਬਣਤਰ, ਸ਼ਿੰਗਾਰਨ ਲਈ ਤੁਹਾਡਾ ਬੱਜਟ ਯਾਨੀ ਕਿੰਨਾ ਪੈਸਾ ਲਾਇਆ ਜਾ ਸਕਦਾ ਹੈ, ਸ਼ਿੰਗਾਰਨ ਉਪਰੰਤ ਸਾਂਭ-ਸੰਭਾਲ ਆਦਿ। ਹਾਲਾਂਕਿ ਸਾਡੇ ਲੋਕ ਬਗੀਚੀਆਂ ਨੂੰ ਸਟਾਈਲ ਤਹਿਤ ਘੱਟ ਹੀ ਬਣਾਉਂਦੇ ਹਨ, ਪਰ ਜੇਕਰ ਬਗੀਚੀ ਵੱਡ ਆਕਾਰੀ ਹੋਵੇ ਤਾਂ ਉਸ ਵਿਚੋਂ ਸਜਾਵਟ ਲਈ ਰੱਖੀਆਂ ਜਾਣ ਵਾਲੀਆਂ ਵਸਤਾਂ ਬਗੀਚੀ ਦੇ ਸਟਾਈਲ ਵਿਚ ਫਿੱਟ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ਮੁਗਲ ਸਟਾਈਲ, ਜਾਪਾਨੀ ਸਟਾਈਲ, ਅੰਗਰੇਜ਼ੀ ਸਟਾਈਲ, ਇਟਾਲੀਅਨ ਸਟਾਈਲ ਆਦਿ ਅਨੇਕਾਂ ਵੰਨਗੀਆਂ ਦੇ ਬਗੀਚੇ ਆਪਣੇ ਆਪ ਵਿਚ ਖ਼ਾਸੀਅਤ ਰੱਖਦੇ ਹਨ। ਸਭ ਤੋਂ ਪਹਿਲਾਂ ਜੇਕਰ ਅਸੀਂ ਬਗੀਚੀਆਂ ਵਿਚ ਸਟੈਚੂ/ਸਕੱਲਪਚਰ ਬੁੱਤ-ਮੂਰਤੀ ਆਦਿ ਰੱਖਣ ਦੀ ਗੱਲ ਕਰੀਏ ਤਾਂ ਪਹਿਲਾਂ ਤਕਨੀਕੀ ਪੱਖ ਵਿਚਾਰਨੇ ਲਾਜ਼ਮੀ ਹੁੰਦੇ ਹਨ। ਮੂਰਤੀਆਂ ਜਾਂ ਬੁੱਤ ਭਗਵਾਨ ਬੁੱਧ ਵਾਂਗ ਕਿਸੇ ਧਰਮ ਨਾਲ ਜੁੜੀਆਂ ਹੋ ਸਕਦੀਆਂ ਹਨ ਜਾਂ ਫਿਰ ਕਿਸੇ ਵਿਅਕਤੀ ਵਿਸ਼ੇਸ਼, ਜਾਨਵਰ, ਪੰਛੀ, ਇਕੱਲੀ ਔਰਤ ਜਾਂ ਜੋੜੇ ਦੇ ਰੂਪ ਵਿਚ ਸਜਾਵਟ ਲਈ ਬਣੀਆਂ ਹੋ ਸਕਦੀਆਂ ਹਨ। ਦਿੱਖ ਤੋਂ ਇਲਾਵਾ ਇਨ੍ਹਾਂ ਬੁੱਤਾਂ ਜਾਂ ਮੂਰਤੀਆਂ ਦੀ ਬਣਾਵਟ ਲਈ ਵਰਤੀ ਜਾਣ ਵਾਲੀ ਸਮੱਗਰੀ ਦੀ ਗੱਲ ਸਾਹਮਣੇ ਆਉਂਦੀ ਹੈ ਜੋ ਪੱਥਰ, ਸ਼ੀਸ਼ੇ, ਵੰਨ-ਸੁਵੰਨੀਆਂ ਧਾਤਾਂ, ਫਾਈਬਰ ਆਦਿ ਦੀ ਬਣੀ ਹੋ ਸਕਦੀ ਹੈ।
ਬਗੀਚੀਆਂ ਵਿਚ ਪਾਣੀ ਬਹੁਤ ਅਹਿਮ ਸਥਾਨ ਰੱਖਦਾ ਹੈ। ਪਾਣੀ ਨਾਲ ਸਬੰਧਿਤ ਅਨੇਕਾਂ ਵਸਤਾਂ ਵਿਚੋਂ ਵੰਨ-ਸੁਵੰਨੇ ਫੁਹਾਰੇ ਮੁੱਖ ਰੂਪ ਵਿਚ ਹੁੰਦੇ ਹਨ। ਪੱਥਰ ਜਾਂ ਸੀਮਿੰਟ ਆਦਿ ਵਿਚ ਬਣਨ ਵਾਲੇ ਫੁਹਾਰੇ ਅੱਜਕੱਲ੍ਹ ਅਨੇਕਾਂ ਆਕਾਰ/ਦਿੱਖ ਵਿਚ ਉਪਲੱਬਧ ਹਨ ਜੋ ਤੁਹਾਡੀ ਨਿੱਕੀ ਤੋਂ ਨਿੱਕੀ ਅਤੇ ਵੱਡੀ ਤੋਂ ਵੱਡੀ ਬਗੀਚੀ ਨੂੰ ਸਜਾਉਂਦੇ ਹਨ। ਫੁਹਾਰਿਆਂ ਤੋਂ ਇਲਾਵਾ ਚਸ਼ਮੇ, ਝਰਨੇ ਆਦਿ ਦੇ ਰੂਪ ਵਿਚ ਅਨੇਕ ਵਸਤਾਂ ਮਿਲਦੀਆਂ ਹਨ।
ਪੰਛੀਆਂ ਦੀ ਮਹਿਮਾਨ ਨਿਵਾਜ਼ੀ ਲਈ ਰੱਖੀਆਂ ਜਾਣ ਵਾਲੀਆਂ ਅਨੇਕਾਂ ਵਸਤਾਂ ਖ਼ੂਬਸੂਰਤੀ ਵਿਚ ਵਾਧਾ ਕਰਦੀਆਂ ਹਨ। ‘ਬਰਡ ਬਾਥ’ ਯਾਨੀ ਪੰਛੀਆਂ ਦੇ ਪੀਣ ਅਤੇ ਨਹਾਉਣ ਲਈ ਰੱਖੇ ਜਾਣ ਵਾਲੇ ਵੱਖ-ਵੱਖ ਸਾਜੋ-ਸਾਮਾਨ, ਪੰਛੀਆਂ ਨੂੰ ਦਾਣਾ ਪਾਉਣ ਵਾਲੇ ਫੀਡਰ ਅਤੇ ਵੰਨ-ਸੁਵੰਨੇ ਨਕਲੀ ਆਲ੍ਹਣੇ ਆਦਿ ਬਗੀਚੀ ਵਿਚ ਸਜਾਵਟ ਦਾ ਸਬੱਬ ਹੋ ਨਿਬੜਦੇ ਹਨ। ਬਗੀਚੀ ਵਿਚ ਰੌਸ਼ਨੀ ਦਾ ਅਹਿਮ ਯੋਗਦਾਨ ਰਹਿੰਦਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਫੈਂਸੀ ਲਾਈਟਾਂ, ਪੋਲ, ਲਾਲਟੈਣਾਂ ਆਦਿ ਹਨੇਰੀ ਰਾਤ ਨੂੰ ਚਾਰ ਚੰਨ ਲਾਉਂਦੀਆਂ ਹਨ। ਅੱਜਕੱਲ੍ਹ ਬਾਜ਼ਾਰ ਵਿਚ ਸੂਰਜੀ ਊਰਜਾ ’ਤੇ ਚੱਲਣ ਵਾਲੀਆਂ ਸੋਲਰ ਲਾਈਟਾਂ ਵੀ ਪ੍ਰਕਾਸ਼ ਦੇ ਨਾਲ-ਨਾਲ ਸਜਾਵਟ ਦਾ ਕੰਮ ਕਰਦੀਆਂ ਹਨ।

ਡਾ. ਬਲਵਿੰਦਰ ਸਿੰਘ ਲੱਖੇਵਾਲੀ

ਪੱਥਰਾਂ ਨੂੰ ਸਦੀਆਂ ਤੋਂ ਬਗੀਚੀਆਂ ਨੂੰ ਬਣਾਉਣ ਅਤੇ ਸਜਾਉਣ ਲਈ ਵਰਤਿਆ ਜਾਂਦਾ ਰਿਹਾ ਹੈ। ਅਜੋਕੇ ਯੁੱਗ ਵਿਚ ਪੱਥਰ ਨੂੰ ਆਕਾਰ ਜਾਂ ਫਿਰ ਅਣ-ਘੜਤ ਰੱਖ ਕੇ ਵੀ ਖ਼ੂਬਸੂਰਤੀ ਵਿਚ ਵਾਧਾ ਕੀਤਾ ਜਾਂਦਾ ਹੈ। ਬਗੀਚੀਆਂ ਵਿਚ ਰੱਖਿਆ ਜਾਣ ਵਾਲਾ ਅਨੇਕਾਂ ਪ੍ਰਕਾਰ ਦਾ ਫਰਨੀਚਰ, ਬਗੀਚੀ ਦੀ ਦਿੱਖ ਵਿਚ ਸੁਧਾਰ ਲਿਆਉਂਦਾ ਹੈ ਅਤੇ ਬਗੀਚੀ ਵਿਚ ਆਰਾਮ ਕਰਨ ਵਾਲਿਆਂ ਲਈ ਸਹਾਈ ਹੋ ਨਿਬੜਦਾ ਹੈ। ਹਵਾ ਨਾਲ ਆਵਾਜ਼ ਪੈਦਾ ਕਰਨ ਵਾਲੇ (ਵਿੰਡ ਚਾਈਮ ਜਾਂ ਫਿਰ ਹਵਾ ਦੀ ਦਿਸ਼ਾ ਦੱਸਣ ਵਾਲੇ ਯੰਤਰ ਜਾਂ ਫਿਰ ਧੁੱਪ ਘੜੀਆਂ ਨੂੰ ਬਗੀਚੀ ਦੀ ਸੁੰਦਰਤਾ ਦੇ ਅੰਗ ਵਜੋਂ ਵਰਤਿਆ ਜਾਂਦਾ ਹੈ। ਅੱਜਕੱਲ੍ਹ ਗਮਲੇ ਵੀ ਬੇਹੱਦ ਸੋਹਣੇ ਮਿਲਣੇ ਸ਼ੁਰੂ ਹੋ ਗਏ ਹਨ। ਅਨੇਕ ਤਰ੍ਹਾਂ ਦੀ ਸਮੱਗਰੀ ਨਾਲ ਤਿਆਰ ਅਤੇ ਅਨੇਕਾਂ ਹੀ ਦਿੱਖ ਵਾਲੇ ਗਮਲੇ ਜਾਂ ਫਿਰ ਪੌਦੇ ਲਾਉਣ ਵਾਲੇ ਯੰਤਰ ਖ਼ੂਬਸੂਰਤ ਦਿੱਖ ਵਿਚ ਉਪਲੱਬਧ ਹਨ। ਅਲੱਗ-ਅਲੱਗ ਤਰ੍ਹਾਂ ਦੇ ਗਮਲਾਨੁਮਾ ਕੰਟੇਨਰ ਆਪਣੇ ਆਪ ਵਿਚ ਹੀ ਸੁੰਦਰਤਾ ਦਾ ਸਰੂਪ ਹੁੰਦੇ ਹਨ। ਕੁਝ ਕਲਾਕਾਰ ਲੋਕ ਬਾਜ਼ਾਰ ਵਿਚ ਪੈਸੇ ਲਾਉਣ ਨਾਲੋਂ ਘਰ ਜਾਂ ਆਸ ਪਾਸ ਮਿਲਣ ਵਾਲੀਆਂ ਕਬਾੜ ਰੂਪੀ ਵਸਤਾਂ ਜਿਵੇਂ ਕਿ ਟਾਇਰ, ਡਰੰਮ, ਪੀਪੇ, ਬੋਤਲਾਂ ਆਦਿ ਨੂੰ ਕੱਟ ਕੇ ਬਹੁਤ ਸੋਹਣੇ ਰੂਪ ਨਾਲ ਬਗੀਚੀ ਵਿਚ ਫਿੱਟ ਕਰ ਦਿੰਦੇ ਹਨ।
ਬਗੀਚੀ ਨੂੰ ਸਜਾਉਣ ਲਈ ਮਿਲਣ ਵਾਲੀਆਂ ਵਸਤਾਂ ਦਾ ਕੋਈ ਅੰਤ ਨਹੀਂ ਹੈ ਜਾਂ ਫਿਰ ਤੁਹਾਡੀ ਕਲਾਕਾਰੀ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਸ਼ਿੱਦਤ ਨਾਲ ਆਪਣੇ ਦਿਮਾਗ਼ ਦੀ ਵਰਤੋਂ ਕਰਦੇ ਹੋਏ ਘੱਟ ਪੈਸੇ ਖ਼ਰਚ ਕੇ ਵੀ ਬਗੀਚੀ ਨੂੰ ਸੋਹਣੀ ਦਿੱਖ ਦੇਣ ਦੇ ਸਮਰੱਥ ਹੋ ਜਾਂਦੇ ਹੋ। ਬਗੀਚੀ ਨੂੰ ਸਜਾਉਣ ਸਮੇਂ ਬੇਹੱਦ ਭੜਕੀਲੇ ਰੰਗਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੁਝ ਵੀ ਅਜਿਹਾ ਨਹੀਂ ਬਣਾਉਣਾ ਚਾਹੀਦਾ ਜੋ ਪੰਛੀਆਂ ਜਾਂ ਹੋਰ ਜੀਵ-ਜੰਤੂਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ। ਜੇਕਰ ਬਗੀਚੀ ਦਾ ਆਕਾਰ ਵੱਡਾ ਹੋਵੇ ਤਾਂ ਤਕਨੀਕੀ ਮਾਹਿਰ ਦੀ ਰਾਇ ਜ਼ਰੂਰ ਲੈ ਲੈਣੀ ਚਾਹੀਦੀ ਹੈ। ਬਗੀਚੀ ਦੀ ਸਜਾਵਟ ਲਈ ਐਨੀਆਂ ਕੁ ਵਸਤਾਂ ਹੀ ਰੱਖਣੀਆਂ ਚਾਹੀਦੀਆਂ ਹਨ ਕਿ ਕੁਦਰਤੀ ਮਾਹੌਲ ਵਿਚ ਬਣਾਉਟੀਪਣ ਜ਼ਿਆਦਾ ਨਾ ਵਧੇ। ਕੁੱਲ ਮਿਲਾ ਕੇ ਤੁਹਾਡੀ ਬਗੀਚੀ ਵਿਚ ਬਜ਼ੁਰਗ-ਜਵਾਨਾਂ ਦੇ ਨਾਲ-ਨਾਲ ਹੋਰਨਾਂ ਜੀਵ-ਜੰਤੂਆਂ ਦਾ ਵੀ ਦਿਲ ਲੱਗਣਾ ਚਾਹੀਦਾ ਹੈ।

ਸੰਪਰਕ: 98142-39041


Comments Off on ਆਓ! ਬਗੀਚੀ ਸਜਾਈਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.