ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਅਜੋਕੀ ਸਿੱਖਿਆ ਸਰੋਕਾਰਾਂ ਤੋਂ ਸੱਖਣੀ

Posted On June - 14 - 2019

ਗੁਰਬਿੰਦਰ ਸਿੰਘ ਮਾਣਕ

ਸਿੱਖਿਆ ਦਾ ਮੂਲ ਮਕਸਦ ਬੱਚੇ ਦੇ ਜੀਵਨ ਦਾ ਸਰਬਪੱਖੀ ਵਿਕਾਸ ਹੈ। ਨਿਸਚਤ ਪਾਠਕ੍ਰਮ ਦੀਆਂ ਕਿਤਾਬਾਂ ਪੜ੍ਹ ਕੇ ਪ੍ਰੀਖਿਆ ਪਾਸ ਕਰਨ ਦੇ ਨਾਲ ਨਾਲ ਬੱਚੇ ਅੰਦਰ ਛੁਪੀਆਂ ਕਲਾਤਮਿਕ ਸੰਭਾਵਨਾਵਾਂ ਨੂੰ ਪ੍ਰਗਟ ਕਰਨਾ ਵੀ ਸਿਖਿਆ ਦੇ ਗੁਣਾਤਮਿਕ ਉਦੇਸ਼ਾਂ ਵਿਚ ਸ਼ਾਮਲ ਹੈ। ਮਨੋਵਿਗਿਆਨੀਆਂ ਤੇ ਸਿਖਿਆ ਮਾਹਿਰਾਂ ਦੀ ਰਾਏ ਹੈ ਕਿ ਹਰ ਬੱਚੇ ਵਿਚ ਕੋਈ ਅਜਿਹਾ ਵਿਲੱਖਣ ਗੁਣ ਜ਼ਰੂਰ ਛੁਪਿਆ ਹੁੰਦਾ ਹੈ ਜੋ ਉਸ ਨੂੰ ਦੂਜਿਆਂ ਨਾਲੋਂ ਵੱਖਰਾ ਦਰਸਾਉਂਦਾ ਹੈ। ਜੇ ਮਾਪੇ ਜਾਂ ਅਧਿਆਪਕ ਬਚਪਨ ਵਿਚ ਹੀ ਬੱਚੇ ਅੰਦਰ ਛੁਪੇ ਅਜਿਹੇ ਗੁਣ ਦੀ ਥਾਹ ਪਾ ਲੈਣ ਤਾਂ ਕਲਾਤਮਿਕ ਪ੍ਰਤਿਭਾ ਉਜਾਗਰ ਹੋਣ ਦੀ ਪੂਰੀ ਸੰਭਾਵਨਾ ਹੁੰਦੀ ਹੈ।
ਅਜੋਕੀ ਸਿਖਿਆ ਪ੍ਰਣਾਲੀ ਵਿਚ ਬਹੁਤ ਕੁਝ ਅਜਿਹਾ ਹੈ ਜੋ ਕਿਸੇ ਵੀ ਤਰ੍ਹਾਂ ਜ਼ਿੰਦਗੀ ਦੇ ਸਰੋਕਾਰਾਂ ਨਾਲ ਵਾਬਸਤਾ ਨਹੀਂ। ਕਈ ਕਈ ਵਿਸ਼ਿਆਂ ਦੇ ਲੰਮੇ-ਚੌੜੇ, ਗੈਰ ਵਿਗਿਆਨਕ, ਉਕਾਊ ਤੇ ਨੀਰਸ ਪਾਠਕ੍ਰਮ ਬੱਚੇ ਦਾ ਤੀਜਾ ਨੇਤਰ ਖੋਲ੍ਹਣ ਦੀ ਥਾਂ ਹੌਲੀ ਹੌਲੀ ਉਸ ਅੰਦਰਲੀ ਮੌਲਿਕਤਾ ਨੂੰ ਨਸ਼ਟ ਕਰ ਦਿੰਦੇ ਹਨ। ਮੁਕਾਬਲੇ ਦੇ ਯੁੱਗ ਦਾ ਡਰਾਵਾ, ਹਰ ਵਿਸ਼ੇ ਵਿਚੋਂ ਪੂਰੇ ਨੰਬਰ ਪ੍ਰਾਪਤ ਕਰਨ ਦੀਆਂ ਨਸੀਹਤਾਂ ਤੇ ਦਬਾਅ, ਬੱਚੇ ਦੇ ਸ਼ੌਕ ਜਾਂ ਚੰਗੇ ਗੁਣ ਵੱਲ ਨਿਰਾਰਥਿਕ ਰਵੱਈਆ ਤੇ ਬੱਚੇ ਦਾ ਕਿਸੇ ਹੋਰ ਬੱਚੇ ਨਾਲ ਮੁਕਾਬਲਾ ਕਰਦੇ ਰਹਿਣ ਦੀ ਨੀਤੀ ਬੱਚੇ ਦੇ ਮਨ-ਮਸਤਕ ਵਿਚ ਵਿਗਾੜ ਪੈਦਾ ਕਰ ਦਿੰਦੀ ਹੈ।
ਅਜਿਹੇ ਹਾਲਾਤ ਵਿਚ ਬੱਚੇ ਦੇ ਮਨ ਅੰਦਰ ਖਲਾਅ ਪੈਦਾ ਹੋ ਜਾਂਦਾ ਹੈ ਤੇ ਕੁਝ ਵੀ ਸਿਖਣ ਤੋਂ ਉਸ ਦਾ ਮਨ ਉਚਾਟ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਅੰਦਰੋਂ ਖੋਖਲੇ ਸਿਖਿਆ ਪ੍ਰਬੰਧ ਵਿਚ ਡਾਕਟਰ, ਵਿਗਿਆਨੀ ਤੇ ਇੰਜਨੀਅਰ ਤਾਂ ਜ਼ਰੂਰ ‘ਬਣਾਏ’ ਜਾ ਰਹੇ ਹਨ ਪਰ ਚੰਗੇ ਗੁਣਾਂ ਵਾਲੇ ਸਾਲਮ-ਸਬੂਤੇ ਇਨਸਾਨ ਪੈਦਾ ਕਰਨ ਤੋਂ ਅਜੋਕੀ ਸਿਖਿਆ ਅਸਮਰੱਥ ਹੈ।
ਪਾਠਕ੍ਰਮ ਦਾ ਬਹੁਤ ਹਿੱਸਾ ਵੱਡੀ ਗਿਣਤੀ ਵਿਚ ਬੱਚਿਆਂ ਦੇ ਸਿਰਾਂ ਉੱਤੋਂ ਲੰਘ ਜਾਂਦਾ ਹੈ। ਕੁਝ ਵਿਦਿਆਰਥੀ ਘੋਟਾ ਲਾ ਕੇ ਪ੍ਰੀਖਿਆ ਪਾਸ ਕਰਨ ਵਿਚ ਤਾਂ ਜ਼ਰੂਰ ਸਫਲ ਹੋ ਜਾਂਦੇ ਹਨ ਪਰ ਛੇਤੀ ਹੀ ਇਹ ਸਭ ਕੁਝ ਉਨ੍ਹਾਂ ਦੇ ਚੇਤਿਆਂ ਵਿਚੋਂ ਕਿਰ ਜਾਂਦਾ ਹੈ। ਸੂਝ-ਸਮਝ ਨਾਲ ਕਿਸੇ ਵਿਸ਼ੇ ਜਾਂ ਵਿਚਾਰ ਨੂੰ ਆਤਮਸਾਤ ਕਰਨਾ ਹੋਰ ਗੱਲ ਹੈ, ਪ੍ਰੀਖਿਆ ਪਾਸ ਕਰਨੀ ਹੋਰ ਗੱਲ ਹੈ। ਇਸੇ ਕਾਰਨ ਹੀ ਕਈ ਸਿਖਿਆ ਮਾਹਿਰ ਵਿਦਿਆਰਥੀ ਦੀ ਸਾਰੇ ਸਾਲ ਦੀ ਲਿਆਕਤ ਪਰਖਣ ਦੀ ਵਿਧੀ ਨੂੰ ਵੀ ਬੇਹੱਦ ਦੋਸ਼ਪੂਰਨ ਮੰਨਦੇ ਹਨ। ਕਿਸੇ ਵਿਸ਼ੇ ਦੇ ਵਿਸ਼ਾਲ ਪਾਠਕ੍ਰਮ ਨੂੰ ਕੇਵਲ ਤਿੰਨ ਘੰਟਿਆਂ ਦੇ ਸਮੇਂ ਵਿਚ ਸਮੇਟ ਕੇ ਬੱਚੇ ਦੀ ਸੂਝ-ਸਮਝ ਦੀ ਪਰਖ ਕਰਨੀ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ। ਕਈ ਵਾਰ ਇਹ ਵਿਦਿਆਰਥੀਆਂ ਲਈ ਜੂਆ ਬਣ ਜਾਂਦੀ ਹੈ।
ਵਿਸ਼ਾਲ ਸਿਲੇਬਸ ਵਿਚੋਂ ਪ੍ਰੀਖਿਆ ਦੀ ਤਿਆਰੀ ਕਰਦਿਆਂ ਜੇ ਵਿਦਿਆਰਥੀ ਨੂੰ ਚੰਗੇ ਤਿਆਰ ਕੀਤੇ ਪ੍ਰਸ਼ਨ ਆ ਜਾਣ ਤਾਂ ਉਸ ਦਾ ਬੇੜਾ ਪਾਰ ਹੋ ਜਾਂਦਾ ਹੈ; ਨਹੀਂ ਤਾਂ ਕੋਈ ਬੱਚਾ ਸਾਰਾ ਸਾਲ ਪੜ੍ਹਨ ਦੇ ਬਾਵਜੂਦ ਚੰਗੀ ਕਾਰਗੁਜ਼ਾਰੀ ਨਹੀਂ ਦਿਖਾਉਂਦਾ। ਸਾਰੇ ਬੱਚਿਆਂ ਦੀ ਸਿੱਖਣ ਦੀ ਰੁਚੀ, ਸੂਝ-ਸਮਝ ਦਾ ਪੱਧਰ ਅਤੇ ਸ਼ੌਕ ਵੀ ਇਕੋ ਜਿਹੇ ਨਹੀਂ ਹੋ ਸਕਦੇ। ਹਰ ਵਿਦਿਆਰਥੀ ਦੂਜੇ ਤੋਂ ਵੱਖਰਾ ਹੁੰਦਾ ਹੈ। ਸਮਾਜਿਕ ਆਰਥਿਕ ਰੂਪ ਵਿਚ ਵੀ ਹਰ ਵਿਦਿਆਰਥੀ ਦੇ ਹਾਲਾਤ ਵੱਖਰੇ ਹੁੰਦੇ ਹਨ। ਪਰਿਵਾਰ ਦੀ ਮਾੜੀ ਆਰਥਿਕਤਾ ਕਾਰਨ ਕੁਝ ਬੱਚਿਆਂ ਨੂੰ ਘਰ ਦੇ ਕੰਮਾ ਵਿਚ ਵੀ ਹੱਥ ਵਟਾਉਣਾ ਪੈਂਦਾ ਹੈ। ਸਿੱਟੇ ਵਜੋਂ ਪੜ੍ਹਾਈ ਨਾਲ ਉਨ੍ਹਾਂ ਦਾ ਨਾਤਾ ਲਗਾਤਾਰ ਨਹੀਂ ਜੁੜਦਾ।
ਇਹ ਕਿਹੋ ਜਿਹੀ ਸਿਖਿਆ ਹੈ ਜਿਹੜੀ ਨੌਜਵਾਨ ਦੇ ਮਨ ਵਿਚ ਘੱਟ ਨੰਬਰ ਆਉਣ ਜਾਂ ਅਸਫਲ ਹੋਣ ਦੀ ਸੂਰਤ ਵਿਚ ਅਜਿਹੀ ਗਹਿਰੀ ਮਾਨਸਿਕ ਪ੍ਰੇਸ਼ਾਨੀ ਪੈਦਾ ਕਰ ਦਿੰਦੀ ਹੈ ਕਿ ਉਹ ਇਸ ਨਿਗੂਣੀ ਜਿਹੀ ਗੱਲ ਬਦਲੇ ਹੀ ਜ਼ਿੰਦਗੀ ਤੋਂ ਉਕਤਾ ਜਾਂਦਾ ਹੈ ਤੇ ਖੁਦਕੁਸ਼ੀ ਦੇ ਰਾਹ ਤੁਰ ਪੈਂਦਾ ਹੈ। ਅਸਲ ਵਿਚ ਬੱਚੇ ਦੀ ਸੂਝ-ਬੁਝ ਤੇ ਲਿਆਕਤ ਦਾ ਮਿਆਰ ਕੇਵਲ ਤੇ ਕੇਵਲ ਨੰਬਰਾਂ ਦੀ ਖੇਡ ਨਾਲ ਹੀ ਜੋੜ ਦਿੱਤਾ ਗਿਆ ਹੈ। ਘੱਟ ਨੰਬਰਾਂ ਵਾਲਾ ਵਿਦਿਆਰਥੀ, ਮਾਪਿਆਂ, ਅਧਿਆਪਕਾਂ ਤੇ ਸਮਾਜ ਦੇ ਵਤੀਰੇ ਵਿਚੋਂ ਆਪਣੇ ਨਾਲਾਇਕ ਹੋਣ ਦੇ ਤਾਅਨੇ ਸੁਣ ਕੇ ਘਟੀਆਪਨ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਜ਼ਰੂਰੀ ਨਹੀਂ ਕਿ ਘੱਟ ਨੰਬਰ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਨਾਲਾਇਕ ਹੀ ਹੋਵੇ।
ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਹੁਣ ਵਿਦਿਆਰਥੀ ਸੌ ਸੌ, ਨੜਿੰਨਵੇਂ ਨੜਿੰਨਵੇਂ ਫ਼ੀਸਦੀ ਨੰਬਰ ਲੈ ਰਹੇ ਹਨ। ਕਈ ਵਾਰ ਤਾਂ ਨੱਬੇ, ਪਚੰਨਵੇਂ ਫ਼ੀਸਦੀ ਨੰਬਰ ਪ੍ਰਾਪਤ ਕਰਨ ਵਾਲਾ ਵੀ ‘ਘੱਟ’ ਨੰਬਰ ਆਉਣ ਕਾਰਨ ਨਿਰਾਸ਼ਾ ਪ੍ਰਗਟ ਕਰਦਾ ਹੈ। ਕੀ ਕੋਈ ਵਿਦਿਆਰਥੀ ਇੰਨਾ ਸੰਪੂਰਨ (perfect) ਹੋ ਸਕਦਾ ਹੈ ਕਿ ਸਾਰੇ ਵਿਸ਼ਿਆਂ ਵਿਚੋਂ ਪੂਰੇ ਦੇ ਪੂਰੇ ਨੰਬਰ ਪ੍ਰਾਪਤ ਕਰ ਲਵੇ? ਇਹ ਤਾਂ ਪ੍ਰਸ਼ਨ-ਪੱਤਰ ਤਿਆਰ ਕਰਨ ਵਾਲਿਆਂ ਲਈ ਵੀ ‘ਵੰਗਾਰ’ ਹੈ। ਛੱਤੀਸਗੜ੍ਹ ਵਿਚ ਤਾਇਨਾਤ ਆਈਏਐੱਸ ਅਫਸਰ ਅਵਿਨਾਸ਼ ਸ਼ਰਨ ਨੇ ਘੱਟ ਨੰਬਰ ਲੈਣ ਵਾਲਿਆਂ ਨੂੰ ਹੌਸਲਾ ਦਿੱਤਾ ਕਿ ਉਸ ਨੇ ਦਸਵੀਂ ਵਿਚੋਂ 44.5%, ਬਾਰਵੀਂ ਵਿਚੋਂ 65% ਅਤੇ ਬੀਏ ਵਿਚੋਂ ਕੇਵਲ 60.7% ਨੰਬਰ ਪ੍ਰਾਪਤ ਕੀਤੇ ਸਨ, ਇਸ ਦੇ ਬਾਵਜੂਦ ਉਹ ਆਈਏਐੱਸ ਅਫਸਰ ਬਣ ਗਿਆ।
ਬਹੁਤਾ ਜ਼ੋਰ ਨਿਸਚਤ ਪਾਠਕ੍ਰਮ ਨੂੰ ਪੜ੍ਹਾਉਣ ਉੱਤੇ ਹੀ ਲਾਇਆ ਜਾ ਰਿਹਾ ਹੈ। ਜੇ ਕਿਸੇ ਦੇ ਮਨ ਵਿਚ ਆਲੇ-ਦੁਆਲੇ ਵਿਚ ਵਾਪਰ ਰਹੀਆਂ ਗੱਲਾਂ ਬਾਰੇ ਕੋਈ ਚੇਤਨਾ ਹੀ ਪੈਦਾ ਨਹੀਂ ਹੁੰਦੀ ਤਾਂ ਪੜ੍ਹਾਈ ਜਾ ਰਹੀ ਸਿਖਿਆ ਕਿਹੜੇ ਅਰਥ ਹੈ? ਸਚਾਈ, ਇਮਾਨਦਾਰੀ, ਸਹਿਣਸ਼ੀਲਤਾ, ਦਇਆ, ਜ਼ਿੰਮੇਵਾਰੀ ਦੀ ਭਾਵਨਾ, ਵਾਤਾਵਰਨ ਦੀ ਸੰਭਾਲ, ਕਿਤੇ ਵੀ ਕੁਝ ਗਲਤ ਹੋ ਰਹੇ ਬਾਰੇ ਸਵਾਲ ਕਰਨਾ, ਭਰੂਣ-ਹੱਤਿਆ ਤੇ ਨਸ਼ਿਆਂ ਦੇ ਕੋਹੜ ਬਾਰੇ ਚੇਤਨਾ, ਔਰਤਾਂ ਨੂੰ ਸਤਿਕਾਰ ਦੇਣਾ ਤੇ ਅਨੇਕਾਂ ਹੋਰ ਅਜਿਹੇ ਮਸਲੇ ਹਨ ਜਿਨ੍ਹਾਂ ਨੇ ਪੂਰੇ ਸਮਾਜ ਨੂੰ ਜਕੜਿਆ ਹੋਇਆ ਹੈ। ਜੇ ਪੜ੍ਹੇ-ਲਿਖੇ ਕਹੇ ਜਾਂਦੇ ਕਿਸੇ ਸ਼ਖ਼ਸ ਵਿਚ ਪੜ੍ਹਾਈ ਅਜਿਹੀ ਸਮਝ ਪੈਦਾ ਨਹੀਂ ਕਰ ਸਕੀ ਤਾਂ ਫਿਰ ਦੋਸ਼ੀ ਤਾਂ ਸਿਖਿਆ ਪ੍ਰਣਾਲੀ ਹੀ ਹੈ। ਜਿਹੜੀ ਸਿਖਿਆ ਪ੍ਰਣਾਲੀ ਕਿਸੇ ਨੌਜਵਾਨ ਨੂੰ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਜੂਝਣ ਦੀ ਸਿਖਿਆ ਨਹੀਂ ਦਿੰਦੀ, ਉਸ ਦੇ ਵਿਹਾਰ ਵਿਚ ਕੋਈ ਸਾਰਥਿਕ ਤਬਦੀਲੀ ਨਹੀਂ ਲਿਆਉਂਦੀ, ਉਸ ਨੂੰ ਬਦਲਣਾ ਸਮੇਂ ਦੀ ਲੋੜ ਹੈ। ਸਿਖਿਆ ਜੀਵਨ ਦੇ ਹਰ ਕਾਰਜ ਦੀ ਬੁਨਿਆਦ ਹੈ, ਇਸ ਬਾਰੇ ਗੰਭੀਰ ਹੋਣਾ ਬੇਹੱਦ ਜ਼ਰੂਰੀ ਹੈ।

ਸੰਪਰਕ: 98153-56086


Comments Off on ਅਜੋਕੀ ਸਿੱਖਿਆ ਸਰੋਕਾਰਾਂ ਤੋਂ ਸੱਖਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.