ਆਜ਼ਾਦੀ ਸੰਘਰਸ਼ ਵਿੱਚ ਗੁਰੂ ਹਰੀ ਸਿੰਘ ਦਾ ਯੋਗਦਾਨ !    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ !    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਤਾਬਦੀ ਵਰ੍ਹਾ !    ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ ਇਸਲਾਮਿਕ ਕਮਾਂਡਰ ਦੀ ਮੌਤ !    ਬੀਕਾਨੇਰ: ਹਾਦਸੇ ’ਚ 7 ਮੌਤਾਂ !    ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ !    ਉੱਤਰਾਖੰਡ ’ਚ ਭੁਚਾਲ ਦੇ ਝਟਕੇ !    ਵਿਆਹ ਕਰਾਉਣ ਤੋਂ ਨਾਂਹ ਕਰਨ ’ਤੇ ਤਾਇਕਵਾਂਡੋ ਖਿਡਾਰਨ ਨੂੰ ਗੋਲੀ ਮਾਰੀ !    ਮੁਕਾਬਲੇ ਵਿੱਚ ਦਹਿਸ਼ਤਗਰਦ ਹਲਾਕ !    ਲੋਕ ਜਨਸ਼ਕਤੀ ਪਾਰਟੀ ਝਾਰਖੰਡ ਵਿੱਚ 50 ਸੀਟਾਂ ’ਤੇ ਚੋਣ ਲੜੇਗੀ !    

ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ

Posted On June - 20 - 2019

ਨੌਜਵਾਨ ਕਲਮਾਂ

ਸੰਦੀਪ ਕੌਰ ਢੋਟ

ਪੰਜਾਬ ਗੁਰੂਆਂ ਪੀਰਾਂ, ਫਕੀਰਾਂ, ਸੂਰਬੀਰਾਂ, ਯੋਧਿਆਂ ਅਤੇ ਪੰਜ ਦਰਿਆਵਾਂ ਦੀ ਹੈ। ਇਥੇ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨਾਂ ਨੇ ਜਨਮ ਲਿਆ ਅਤੇ ਦੇਸ਼ ਲਈ ਆਪਣੀਆਂ ਜਾਨਾਂ ਵਾਰੀਆਂ, ਪਰ ਅਜੋਕੇ ਪੰਜਾਬ ਅਤੇ ਇਥੋਂ ਦੀ ਨੌਜਵਾਨ ਪੀੜ੍ਹੀ ਦੀ ਹਾਲਤ ਪਹਿਲਾਂ ਵਰਗੀ ਨਹੀਂ ਰਹੀ। ਪੰਜਾਬ ਵਿਚ ਦਿਨੋ-ਦਿਨ ਬੁਰਾਈਆਂ ਵਧ ਰਹੀਆਂ ਹਨ ਅਤੇ ਨੌਜਵਾਨੀ ਕੁਰਾਹੇ ਪਈ ਹੋਈ ਹੈ। ਇਹ ਬੁਰਾਈਆਂ ਪੰਜਾਬੀ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਹੀਆਂ ਹਨ। ਇਨ੍ਹਾਂ ’ਚੋਂ ਪਹਿਲੀ ਬੁਰਾਈ ਪੰਜਾਬ ਵਿੱਚ ਨਸ਼ੇ ਦਾ ਵਗਦਾ ਛੇਵਾਂ ਦਰਿਆ ਹੈ, ਜਿਸਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ। ਕਰੀਬ ਹਰ ਕੋਈ ਇਸ ਕੋਹੜ ਦਾ ਸ਼ਿਕਾਰ ਹੈ। ਪੰਜਾਬ ਵਿੱਚ ਮਾਵਾਂ ਪੁੱਤਾਂ ਨੂੰ ਤਰਸ ਰਹੀਆਂ ਹਨ, ਸੁਹਾਗਣਾਂ ਦੇ ਸੁਹਾਗ ਉੱਜੜ ਗਏ ਅਤੇ ਭੈਣਾਂ ਦੇ ਵੀਰ ਗੁਆਚ ਗਏ ਹਨ। ਸਰਕਾਰਾਂ ਵੋਟਾਂ ਤੋਂ ਪਹਿਲਾਂ ਜਨਤਾ ਨਾਲ ਨਸ਼ਾ ਜੜ੍ਹ ਤੋਂ ਖਤਮ ਕਰਨ ਦੇ ਵਾਅਦੇ ਕਰਦੀਆਂ ਹਨ, ਪਰ ਹਾਲਤ ਜਿਉਂ ਦੀ ਤਿਉਂ ਹੈ।
ਏਮਜ਼ ਦੀ ਫਰਵਰੀ 2019 ਦੀ ਰਿਪੋਰਟ ਅਨੁਸਾਰ ਪੂਰੇ ਦੇਸ਼ ਵਿੱਚ 72 ਲੱਖ ਲੋਕ ਨਸ਼ੇ ਦੇ ਆਦੀ ਹਨ ਅਤੇ 6 ਕਰੋੜ ਇੱਕਲੀ ਸ਼ਰਾਬ ਦੇ ਆਦੀ ਹਨ। ਸਾਡਾ ਪੰਜਾਬ ਨਸ਼ੇ ਅਤੇ ਸ਼ਰਾਬ ਦੋਵੇਂ ਅੰਕੜਿਆਂ ਵਿੱਚ ਸਾਰੇ ਦੇਸ਼ ਨਾਲੋਂ ਅੱਗੇ ਹੈ। ਪੰਜਾਬ ਦੇ 16-17 ਸਾਲ ਦੀ ਉਮਰ ਦੇ ਬੱਚੇ ਸਾਰੇ ਪ੍ਰਾਂਤਾਂ ਨਾਲੋਂ ਵੱਧ ਸ਼ਰਾਬ ਪੀਂਦੇ ਹਨ। ਇਸ ਸਮੇਂ ਪੰਜਾਬ ਵਿੱਚ ਲਗਭਗ ਸਵਾ ਲੱਖ ਨੌਜਵਾਨ ਸ਼ਰਾਬ ਪੀਂਦੇ ਹਨ, ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਬਦਤਰ ਹਾਲਤ ਦਾ ਸਬੂਤ ਹੈ। ਨਸ਼ੇ ਵਰਗੀ ਭੈੜੀ ਬਿਮਾਰੀ ਦਾ ਕਾਰਨ ਸਾਡੀ ਸਿੱਖਿਆ ਪ੍ਰਣਾਲੀ ਅਤੇ ਬੇਰੁਜ਼ਗਾਰੀ ਵੀ ਹੈ। ਵਰਤਮਾਨ ਸਮੇਂ ਪੰਜਾਬ ਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੁਝ ਰਹੀ ਹੈ। ਵੋਟਾਂ ਸਮੇਂ ਸਰਕਾਰਾਂ ਨੌਕਰੀ ਦੇਣ ਦੇ ਲੁਭਾਉਣੇ ਵਾਅਦੇ ਕਰਦੀਆਂ ਹਨ ਪਰ ਹਾਲਾਤ ਜਿਉਂ ਦੇ ਤਿਉਂ ਰਹਿੰਦੇ ਹਨ। ਬੇਰੁਜ਼ਗਾਰੀ ਕਾਰਨ ਨੌਜਵਾਨ ਰਸਤਾ ਭਟਕ ਚੁੱਕੇ ਹਨ। ਉਹ ਖੁਦਕੁਸ਼ੀਆਂ ਕਰਦੇ ਹਨ। ਉਹ ਗਲਤ ਤਰੀਕੇ ਅਪਣਾ ਕੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਨੌਜਵਾਨ ਪੀੜ੍ਹੀ ਵਿੱਚ ਨਿਰਾਸ਼ਾ ਵਧਦੀ ਜਾ ਰਹੀ ਹੈ।

ਸੰਦੀਪ ਕੌਰ ਢੋਟ

ਪੰਜਾਬ ਵਿੱਚ ਵਧ ਰਹੀ ਬੇਰੁਜ਼ਗਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੁਝ ਸਮਾਂ ਪਹਿਲਾਂ ਫਾਜ਼ਿਲਕਾ ਦੀ ਅਦਾਲਤ ਲਈ 33 ਦੇ ਲਗਭਗ ਚੌਥਾ ਦਰਜਾ ਮੁਲਾਜ਼ਮਾਂ ਦੀ ਭਰਤੀ ਲਈ ਇਸ਼ਤਿਹਾਰ ਦਿੱਤੇ ਗਏ ਹਨ। ਇਨ੍ਹਾਂ ਅਸਾਮੀਆਂ ਲਈ ਕਰੀਬ 10,609 ਅਰਜ਼ੀਆਂ ਆਈਆਂ, ਜਿਨ੍ਹਾਂ ਵਿੱਚੋਂ 9352 ਉਮੀਦਵਾਰ ਨੂੰ ਇੰਟਰਵਿਊ ਲਈ ਬੁਲਾਇਆ ਗਿਆ। ਉਮੀਦਵਾਰਾਂ ਲਈ ਘੱਟੋ-ਘੱਟ ਯੋਗਤਾ ਅੱਠਵੀਂ ਪਾਸ ਅਤੇ ਪੰਜਾਬੀ ਲਿਖਣ ਪੜ੍ਹਨ ਦੀ ਸਮਰੱਥਾ ਤੈਅ ਕੀਤੀ ਗਈ ਸੀ ਪਰ ਜਿਨ੍ਹਾਂ ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਸਨ, ਉਨ੍ਹਾਂ ਵਿੱਚ ਗਰੈਜੂਏਟ, ਪੋਸਟ ਗਰੈਜੂਏਟ ਅਤੇ ਆਈਟੀਆਈ ਪਾਸ ਤੱਕ ਸ਼ਾਮਿਲ ਸਨ। ਨੌਕਰੀ ਨਾ ਮਿਲਣ ਕਾਰਨ ਪੰਜਾਬੀ ਨੌਜਵਾਨ ਪੀੜ੍ਹੀ ਵਿੱਚ ਵਿਦੇਸ਼ ਭੱਜ ਰਹੀ ਹੈ। ਇਸ ਲਈ ਉਹ ਲੱਖਾਂ ਰੁਪਇਆ ਖਰਚ ਕਰਦੇ ਹਨ। ਜ਼ਮੀਨਾਂ ਵੇਚ ਕੇ ਵੀ ਪੰਜਾਬੀ ਵਿਦੇਸ਼ਾਂ ਵੱਲ ਜਾ ਰਹੇ ਹਨ। ਅੱਜ ਹਰੇਕ ਮੁੰਡਾ ਆਈਲੈਟਸ ਕੀਤੀ ਕੁੜੀ ਦੀ ਭਾਲ ਵਿੱਚ ਹੈ ਅਤੇ ਇਸ ਲਈ ਮੁੰਡੇ ਵਾਲੇ ਵਿਆਹ ਦਾ ਸਾਰਾ ਖਰਚ ਕਰਨ ਲਈ ਵੀ ਤਿਆਰ ਹੁੰਦੇ ਹਨ। ਅਜਿਹੇ ਨੌਜਵਾਨ ਮੁੰਡੇ ਵਿਦੇਸ਼ਾਂ ਵਿੱਚ ਜਾ ਕੇ ਹਰ ਤਰ੍ਹਾਂ ਦਾ ਨਿੱਕਾ-ਮੋਟਾ ਕੰਮ ਕਰਨ ਲਈ ਵੀ ਤਿਆਰ ਹੁੰਦੇ ਹਨ ਪਰ ਆਪਣੇ ਮੁਲਕ ਵਿੱਚ ਅਜਿਹੇ ਕੰਮ ਉਨ੍ਹਾਂ ਨੂੰ ਆਪਣੀ ਸ਼ਾਨ ਦੇ ਖਿਲਾਫ਼ ਲੱਗਦੇ ਹਨ। ਇਸਦਾ ਕਾਰਨ ਸਾਡੇ ਦੇਸ਼ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਵਿਚ ਦੀ ਸਰਕਾਰ ਦੀ ਅਸਮੱਰਥਾ ਹੈ। ਪੜ੍ਹਾਈ ਉੱਪਰ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਜਦ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਤਾਂ ਉਹ ਵਿਦੇਸ਼ਾਂ ਦਾ ਰੁਖ਼ ਕਰਨਾ ਹੀ ਬਿਹਤਰ ਸਮਝਦੇ ਹਨ।
ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਇੱਛਾ ਨੇ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਅੱਜ ਹਰ ਨੌਜਵਾਨ ਮੁੰਡਾ ਅਤੇ ਕੁੜੀ ਵਿਦੇਸ਼ੀ ਕੱਪੜੇ ਪਹਿਨਣ ਦਾ ਚਾਹਵਾਨ ਹੈ ਅਤੇ ਅਲੱਗ-ਅਲੱਗ ਮੁਲਕਾਂ ਦੀਆਂ ਭਾਸ਼ਾਵਾਂ ਸਿੱਖਦੇ ਹਨ। ਮਾਂ-ਬਾਪ ਵੀ ਆਪਣੇ ਬੱਚੇ ਦੇ ਬਿਹਤਰ ਭਵਿੱਖ ਲਈ ਸ਼ੁਰੂ ਤੋਂ ਹੀ ਉਸਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲਾ ਦਿਵਾਉਂਦੇ ਹਨ। ਇੱਥੇ ਬੱਚਿਆਂ ਨੂੰ ਸਿਰਫ ਅੰਗਰੇਜ਼ੀ ਹੀ ਸਿਖਾਈ ਜਾਂਦੀ ਹੈ। ਕਈ ਸਕੂਲਾਂ ਵਿੱਚ ਤਾਂ ਪੰਜਾਬੀ ਬੋਲਣ ’ਤੇ ਬੱਚੇ ਨੂੰ ਜੁਰਮਾਨਾ ਭਰਨਾ ਪੈਂਦਾ ਹੈ। ਅਜਿਹੀਆਂ ਸਥਿਤੀਆਂ ਸਾਡੀ ਪੰਜਾਬੀ ਮਾਂ ਬੋਲੀ ਲਈ ਬਹੁਤ ਘਾਤਕ ਹਨ। ਇਸ ਦੌੜ ਨੇ ਸਾਡੇ ਪੰਜਾਬ ਨੂੰ ਅੱਜ ਅਜਿਹੇ ਮੋੜ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਜਿਥੋਂ ਵਾਪਸ ਮੁੜਨਾ ਬਹੁਤ ਮੁਸ਼ਕਿਲ ਹੈ।
ਚਾਹੇ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ ਪਰ ਇਹ ਓਨੇ ਸਾਰਥਕ ਸਿੱਧ ਨਹੀਂ ਹੋਏ। ਇਨ੍ਹਾਂ ਉਪਰਾਲਿਆਂ ਵਿੱਚੋਂ ਇੱਕ ਭਾਸ਼ਾ ਵਿਭਾਗ ਪੰਜਾਬ ਹੈ, ਜਿਸ ਨੇ ਪੰਜਾਬੀ ਸਾਹਿਤ, ਸੱਭਿਆਚਾਰ ਤੇ ਖ਼ਾਸਕਰ ਪੰਜਾਬੀ ਭਾਸ਼ਾ ਦੀ ਸੇਵਾ ਲਈ ਸ਼ਾਨਦਾਰ ਇਤਿਹਾਸਕ ਕੰਮ ਕੀਤੇ। ਪਰ ਇਸ ਸਮੇਂ ਭਾਸ਼ਾ ਵਿਭਾਗ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੈ। ਇਹ ਸਰਕਾਰੀ ਫੰਡਾਂ ਵਿੱਚੋ ਫੁੱਟੀ ਕੌਡੀ ਤੱਕ ਲਈ ਤਰਸਦਾ ਹੋਇਆ ਅੱਜ ਆਪਣੇ ਆਖਰੀ ਸਾਹਾਂ ਤੱਕ ਪੁੱਜ ਚੁੱਕਾ ਹੈ।
ਬੇਰੁਜ਼ਗਾਰੀ, ਨਸ਼ੇ ਆਦਿ ਵਰਗੀਆਂ ਬਿਮਾਰੀਆਂ ਨੇ ਘਰਾਂ ਵਿੱਚ ਤਣਾਅ ਅਤੇ ਕਲੇਸ਼ ਪੈਦਾ ਕੀਤਾ ਹੈ। ਘਰਾਂ ਵਿੱਚ ਬੱਚਿਆਂ ’ਚ ਮਾਂ-ਬਾਪ ਦਾ ਸਤਿਕਾਰ ਘਟ ਗਿਆ ਹੈ। ਪੰਜਾਬ ਦੇ ਪਿੰਡਾਂ ਵਿੱਚ ਪਹਿਲਾਂ ਵਰਗਾ ਮੇਲ-ਜੋਲ ਨਹੀਂ ਰਿਹਾ। ਵਿਆਹ ਸ਼ਾਦੀਆਂ ਵਿੱਚ ਵੀ ਪਹਿਲਾਂ ਵਰਗੀ ਰੌਣਕ ਨਹੀਂ ਹੁੰਦੀ, ਸਗੋ ਵਿਆਹ ਹੁਣ ਦਿਨਾਂ ਤੋਂ ਘਟ ਕੇ ਕੁਝ ਕੁ ਘੰਟਿਆਂ ਦੇ ਹੀ ਰਹਿ ਗਏ ਹਨ। ਪੰਜਾਬੀ ਪੀੜ੍ਹੀ ਵਿਖਾਵੇ ਦੀ ਹੋੜ ਵਿੱਚ ਲੱਗੀ ਹੋਈ ਹੈ। ਵਿਆਹ ਸ਼ਾਦੀਆਂ ਸਮੇਂ ਲੱਖਾਂ ਰੁਪਏ ਖਰਚੇ ਜਾਂਦੇ ਹਨ। ਅੱਜ ਦੀ ਯੁਵਾ ਪੀੜੀ ਨੂੰ ਅਸਲੇ ਜਾਂ ਹਥਿਆਰਾਂ ਦਾ ਬਹੁਤ ਸ਼ੌਕ ਹੈ ਅਤੇ ਪੰਜਾਬੀ ਗੀਤਾਂ ਵਿੱਚ ਵੀ ਸੱਭਿਆਚਾਰਕ ਮਾਹੌਲ ਦੀ ਥਾਂ ਤੇ ਹਥਿਆਰਾਂ ਦਾ ਵਿਖਾਵਾ ਹੀ ਕੀਤਾ ਜਾਂਦਾ ਹੈ। ਇਹ ਸਭ ਹਾਲਾਤ ਨੌਜਵਾਨ ਵਰਗ ਨੂੰ ਗਲਤ ਦਿਸ਼ਾ ਵੱਲ ਲੈ ਜਾਂਦੇ ਹਨ। ਪੰਜਾਬੀ ਗੀਤ ਸੰਗੀਤ ਵਿੱਚ ਅਸ਼ਲੀਲਤਾ ਆਮ ਹੀ ਵੇਖਣ ਨੂੰ ਮਿਲਦੀ ਹੈ।
ਦਿਨੋ-ਦਿਨ ਵਧ ਰਹੀ ਬੇਰੁਜ਼ਗਾਰੀ, ਨਸ਼ੇ ਤੇ ਆਬਾਦੀ ਕਾਰਨ ਪੰਜਾਬ ਵਿੱਚ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਅਪਰਾਧ ਦੀ ਸਮੱਸਿਆ ਬਹੁਤ ਵਧੀ ਹੈ। ਕੌਮੀ ਅਪਰਾਧ ਦਰ ਵਿੱਚ ਪੰਜਾਬ 18ਵੇਂ ਸਥਾਨ ’ਤੇ ਹੈ। ਕਤਲਾਂ ਦੇ ਮਾਮਲੇ ਵਿੱਚ ਪੰਜਾਬ 16ਵੇਂ, ਜਬਰ ਜਨਾਹ ‘ਚ 17ਵੇਂ ਤੇ ਲੁੱਟਾਂ ਖੋਹਾਂ ’ਚੋਂ 18ਵੇਂ ਸਥਾਨ ’ਤੇ ਹੈ। ਹਿੰਸਕ ਘਟਨਾਵਾਂ ਵਿੱਚ ਪੰਜਾਬ ਦਾ ਸਥਾਨ 33ਵਾਂ ਹੈ। ਸੰਨ 2013 ‘ਚ ਪੰਜਾਬ ‘ਚ ਹਿੰਸਾ ਦੀਆਂ 3014 ਘਟਨਾਵਾਂ ਵਾਪਰੀਆਂ । ਪੰਜਾਬ ਅੰਦਰ ਪਿਛਲੇ ਸਾਲਾਂ ਦੀ ਤੁਲਨਾਂ ਵਿੱਚ ਅਪਰਾਧ ਦਰ ਕਾਫ਼ੀ ਵਧੀ ਹੈ। ਇਨ੍ਹਾਂ ਅਪਰਾਧਾਂ ਦੀ ਕੁੱਲ ਗਿਣਤੀ 36,667 ਹੈ। ਹਜ਼ਾਰਾਂ ਨੌਜਵਾਨ ਨਸ਼ੇ ਦੇ ਕਾਰੋਬਾਰ ਤੋਂ ਇਲਾਵਾ ਅਪਰਾਧ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ। ਨੌਜਵਾਨ ਬੱਚਿਆਂ ਦੀਆਂ ਮੌਤਾਂ ਕਾਰਨ ਸੂਬੇ ਦੇ ਲੱਖਾਂ ਪਰਿਵਾਰ ਬਰਬਾਦ ਹੋ ਰਹੇ ਹਨ।
ਪੰਜਾਬੀ ਨੌਜਵਾਨ ਪੀੜ੍ਹੀ ਦੀ ਅਜਿਹੀ ਸਥਿਤੀ ਪੰਜਾਬੀ ਸੂਬੇ ਲਈ ਗੰਭੀਰ ਚਿੰਤਾ ਦੀ ਸੂਚਕ ਹੈ। ਅੱਜ ਦੀ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ ’ਤੇ ਲਿਜਾਣਾ ਬਹੁਤ ਜ਼ਰੂਰੀ ਹੈ। ਜੇ ਇਹੋ ਹਾਲਾਤ ਬਣੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਇਕ ਮਨੁੱਖੀ ਦਲਦਲ ਬਣ ਜਾਵੇਗਾ। ਇਸ ਲਈ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਅਨੁਸਾਰ ਖੁਦ ਦਾ ਰੁਜਗਾਰ ਦੇਸ਼ ਵਿੱਚ ਹੀ ਰਹਿ ਕੇ ਸਥਾਪਤ ਕਰਨ ਲਈ ਮਿਹਨਤ ਕਰਨ ਦੀ ਲੋੜ ਹੈ। ਨੌਜਵਾਨ ਮੁੰਡੇ-ਕੁੜੀਆਂ ਨੂੰ ਚਾਹੀਦਾ ਹੈ ਕਿ ਰੁਜ਼ਗਾਰ ਲਈ ਦੇਸ਼ ਤੋਂ ਬਾਹਰ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਰਹਿ ਕੇ ਹੀ ਆਪਣੀ ਸੋਚ ਨੂੰ ਸਹੀ ਦਿਸ਼ਾ ਦੇ ਕੇ ਆਪਣੇ ਲਈ ਸਵੈ-ਰੋਜਗਾਰ ਪੈਦਾ ਕਰਨ ਤਾਂ ਕਿ ਉਹ ਸਮਾਜ ’ਤੇ ਬੋਝ ਨਾ ਬਣਨ ਸਗੋਂ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਆਰਥਿਕ ਸਹਾਇਤਾ ਕਰਨ ਤਾਂ ਕਿ ਨੌਜਵਾਨ ਪੀੜ੍ਹੀ ਕੁਰਾਹੇ ਨਾ ਪਵੇ। ਨਸ਼ਿਆਂ ਵਰਗਾ ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ।

-ਪੀਐੱਚਡੀ ਖੋਜਾਰਥੀ, ਰਾਜਨੀਤੀ ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 99145-25798


Comments Off on ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.