ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਅਜਮੇਰ ਔਲਖ ਦੇ ‘ਸੱਤ ਬੇਗ਼ਾਨੇ’

Posted On June - 29 - 2019

ਰਾਸ ਰੰਗ

ਡਾ. ਸਾਹਿਬ ਸਿੰਘ

15 ਜੂਨ ਦੀ ਸ਼ਾਮ ਮਾਨਸਾ ਦੇ ਖਾਲਸਾ ਸੈਕੰਡਰੀ ਸਕੂਲ ਦਾ ਬਾਹਰਲਾ ਵਿਹੜਾ ਕਲਾਕਾਰਾਂ, ਲੇਖਕਾਂ, ਕਿਰਤੀਆਂ, ਰੰਗਮੰਚ ਪ੍ਰੇਮੀਆਂ ਨਾਲ ਭਰਿਆ ਹੋਇਆ ਸੀ, ਆਪਣੇ ਮਹਿਬੂਬ ਨਾਟਕਕਾਰ ਪ੍ਰੋ. ਅਜਮੇਰ ਔਲਖ ਦੀ ਬਰਸੀ ਮਨਾਉਣ ਲਈ। ਇਸ ਮੌਕੇ ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ਖੇਡਿਆ ਗਿਆ ‘ਸੱਤ ਬਗ਼ਾਨੇ’। ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਮੈਂ ਔਲਖ ਸਾਹਿਬ ਬਾਰੇ ਆਪਣੀ ਤਕਰੀਰ ਕਰਨ ਲਈ ਮੰਚ ਵੱਲ ਵਧਿਆ ਤਾਂ ਬੱਦਲ ਗਰਜਣ ਲੱਗੇ, ਝੱਖੜ, ਹਨੇਰੀ ਗਤੀ ਫੜਨ ਲੱਗੀ ਤੇ ਟੈਂਟ ਕੰਬ ਉੱਠੇ, ਪਰ ਮਨਜੀਤ ਔਲਖ , ਸੁਪਨਦੀਪ, ਅਜਮੀਤ, ਮਨਜੀਤ ਚਾਹਲ, ਸੁਭਾਸ਼ ਬਿੱਟੂ, ਗੁਰਵਿੰਦਰ, ਕੁਲਦੀਪ ਸਿੰਘ ਦੀਪ, ਪ੍ਰੀਤਮ ਰੁਪਾਲ, ਹਰਦੀਪ ਸੰਧੂ ਤੇ ਸਾਰੀ ਯਾਦਗਾਰੀ ਕਮੇਟੀ ਦਾ ਜਜ਼ਬਾ ਇੰਨਾ ਪ੍ਰਬਲ ਸੀ ਕਿ ਨਾ ਪ੍ਰੋਗਰਾਮ ਰੁਕਿਆ, ਨਾ ਕੋਈ ਉੱਠਿਆ। ਔਲਖ ਪਿਆਰਿਆਂ ਦਾ ਸਿਰੜ ਦੇਖ ਕੇ ਹਨੇਰੀ ਵੀ ਵਿਰਾਮ ਦੀ ਸਥਿਤੀ ’ਚ ਆ ਗਈ। ਲੋਕਾਂ ਦੇ ਦਿਲਾਂ ’ਚ ਵਸੇ ਇਸ ਵੱਡੇ ਨਾਟਕਕਾਰ ਨੂੰ ਯਾਦ ਕਰਨ ਲਈ ਮਲਵਈ ਪੱਬਾਂ ਭਾਰ ਹੋਏ ਪਏ ਸਨ।
‘ਸੱਤ ਬਗ਼ਾਨੇ’ ਪੰਜਾਬੀ ਦੇ ਕੁਝ ਚੋਣਵੇਂ ਉੱਤਮ ਦਰਜੇ ਦੇ ਨਾਟਕਾਂ ’ਚੋਂ ਇਕ ਨਾਟਕ ਹੈ ਤੇ ਬਹੁਪਰਤੀ ਸੰਵਾਦ ਰਚਾਉਣ ਵਾਲਾ ਪੰਜਾਬੀਆਂ ਦਾ ਆਪਣਾ ਕਲਾਸਿਕ ਹੈ। ਨਾਟਕ ਦੀ ਉਪਰਲੀ ਪਰਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਦੇ ਕੁਝ ਅਸਲ ਪਾਤਰਾਂ ਦੀ ਅਸਲ ਕਹਾਣੀ ’ਤੇ ਆਧਾਰਿਤ ਹੈ ਜਿੱਥੇ ਥੁੜ੍ਹਾਂ ਮਾਰਿਆ ਬਚਨਾ ਪਿੰਡ ਦੀ ਝਿਓਰੀ ਜੈ ਕੁਰ ਨੂੰ ਆਪਣੇ ਘਰ ਵਸਾ ਲੈਂਦਾ ਹੈ, ਉਨ੍ਹਾਂ ਦੇ ਘਰ ਚਾਰ ਪੁੱਤਰ ਨਾਹਰੀ, ਧਰਮਾ, ਕਰਮਾ, ਧਿੰਦੀ ਪੈਦਾ ਹੁੰਦੇ ਹਨ, ਪਰ ਜਦੋਂ ਇਹ ਜੁਆਨ ਹੋ ਜਾਂਦੇ ਹਨ ਤਾਂ ਕਿਸੇ ਲਈ ਸਾਕ ਨਹੀਂ ਜੁੜਦਾ ਕਿਉਂਕਿ ਰਿਸ਼ਤਾ ਕਰਨ ਵਾਲਾ ਨਾਨਕਿਆਂ ਦਾ ਖਾਤਾ ‘ਖ਼ਰਾਬ’ ਹੋਣ ਕਰਕੇ ਮੁੱਕਰ ਜਾਂਦਾ ਹੈ ਤੇ ਅਖੀਰ ਘਰ ’ਚ ਇਕ ਨੂੰਹ ਲਿਆਉਣ ਦੇ ਸੁਪਨੇ ਨੂੰ ਅੰਜਾਮ ਦੇਣ ਲਈ ਕੀਤੇ ਸੰਘਰਸ਼ ਦਾ ਸਿੱਟਾ ਨਾਹਰੀ ਦੀ ਮੌਤ ਦੇ ਰੂਪ ’ਚ ਨਿਕਲਦਾ ਹੈ। ਘਰ ਔਰਤ ਤੋਂ ਸੱਖਣਾ ਭੂਤਾਂ ਦਾ ਵਾਸਾ ਨਜ਼ਰ ਆ ਰਿਹਾ ਹੈ ਤੇ ਨਾਟਕ ਦੇ ਅੰਤ ’ਤੇ ਬਾਕੀ ਬਚੇ ਤਿੰਨੇ ਭਰਾ ਇਕ ਦੂਜੇ ਦੇ ਗਲ਼ ਲੱਗ ਰੋ ਰਹੇ ਹਨ, ਪਰ ਇਹ ਪਰਤ ਸਿਰਫ਼ ਨਾਟਕ ਦਾ ਜਿਸਮ ਹੈ, ਰੂਹ ਕਿਤੇ ਹੋਰ ਪਈ ਹੈ। ਅਫ਼ਸੋਸ ਕਿ ਇਹ ਪੇਸ਼ਕਾਰੀ ਨਾਟਕ ਦੀ ਉਸ ਰੂਹ ਨੂੰ ਉਸ ਸ਼ਿੱਦਤ ਨਾਲ ਨਹੀਂ ਪਕੜ ਸਕੀ।

ਡਾ. ਸਾਹਿਬ ਸਿੰਘ

ਨਾਟਕ ਦੀ ਉੱਤਮਤਾਈ ਉੱਭਰ ਨਾ ਸਕੀ ਤੇ ਸਾਧਾਰਨ ਦਰਸ਼ਕ ਇਕ ਓਪਰਾ ਜਿਹਾ ਸਮਾਜਿਕ ਪ੍ਰਭਾਵ ਗ੍ਰਹਿਣ ਕਰਕੇ ਹੀ ਸੰਤੁਸ਼ਟ ਹੋ ਗਿਆ ਕਿ ਜਦੋਂ ਕੋਈ ਮਨੁੱਖ ਸਥਾਪਤ ਸਮਾਜੀ ਨੇਮਾਂ ਦੇ ਉਲਟ ਜਾ ਕੇ ‘ਬੱਜਰ ਗੁਨਾਹ’ ਕਰਦਾ ਹੈ ਤਾਂ ਇਸ ਦਾ ਨਤੀਜਾ ਉਸ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਭੁਗਤਣਾ ਪੈਂਦਾ ਹੈ, ਪਰ ਅੰਦਰਲੀਆਂ ਪਰਤਾਂ ਦੇ ਜਵਾਬ ਕਿਸਨੇ ਲੱਭਣੇ ਹਨ। ਬਚਨੇ ਦੀ ਕੰਬਦੀ ਆਰਥਿਕਤਾ ਕਿਸ ‘ਬੱਜਰ ਗੁਨਾਹ’ ਦੀ ਉਪਜ ਹੈ? ਰੱਜਵੀਂ ਰੋਟੀ ਤੋਂ ਲੈ ਕੇ ਬਾਕੀ ਸਾਰੀਆਂ ਜਿਸਮਾਨੀ ਤੇ ਜਜ਼ਬਾਤੀ ਖਾਹਿਸ਼ਾਂ ਦੀ ਅਪੂਰਤੀ ਦਾ ਦੋਸ਼ ਉਹ ਕਿਸ ਸਿਰ ਮੜ੍ਹੇ? ਬਗ਼ਾਵਤ ਹਮੇਸ਼ਾਂ ਤਲਵਾਰਾਂ ਚੁੱਕ ਕੇ ਨਹੀਂ ਜ਼ਾਹਿਰ ਕੀਤੀ ਜਾਂਦੀ, ਸਮਾਜਿਕ ਨੇਮਾਂ ਦੀਆਂ ਧੱਜੀਆਂ ਉਡਾ ਕੇ ਹਿੱਕ ਦੀ ਅੱਗ ਠੰਢੀ ਕਰਕੇ ਵੀ ਕੀਤੀ ਜਾਂਦੀ ਹੈ। ਝਿਓਰੀ ਨਾਲ ਇਸ਼ਕ ਹੀ ਕਿਉਂ, ਮੋਕਲੇ ਹੱਡਾਂ ਵਾਲਾ ਬਚਨਾ ਭਰ ਜੁਆਨੀ ਦੀ ਰੁੱਤੇ ਆਪ ਤੋਂ ਉਪਰਲੀ ਛੱਤ ’ਤੇ ਬੈਠਾ ਕੋਈ ਪੰਛੀ ਫੁੰਡ ਸਕਦਾ ਸੀ। ਬਚਨੇ ਦਾ ਇਸ਼ਕ ਸੱਚਾ ਹੈ। ਇਸੇ ਲਈ ਜੈ ਕੁਰ ਨੂੰ ਭਜਾ ਕੇ ਘਰੋਂ ਬਾਹਰ ਨਹੀਂ ਕੱਢਦਾ ਬਲਕਿ ਆਪਣੇ ਘਰ ਵਸਾਉਂਦਾ ਹੈ। ਲੋੜਾਂ ਦੇ ਭੰਨੇ ਦੋ ਜੀਅ ਸਾਂਝ ਦੀ ਭੱਠੀ ਤਪਾਉਂਦੇ ਹਨ। ਜੇ ਨਾਟਕ ਲੇਖਕ ਦੀ ਇਸ ਰਮਜ਼ ਨੂੰ ਨਿਰਦੇਸ਼ਕ ਪਕੜਦਾ ਤਾਂ ਪਾਤਰ ਵਧੇਰੇ ਸਹਿਜ ਹੋ ਕੇ ਆਪਣੇ ਦਰਦ ਬਿਆਨ ਕਰਦੇ। ਬਾਰੀਕਬੀਨੀ ਵਾਲਾ ਸਾਡਾ ਸਾਦਾ, ਪਰ ਪ੍ਰਪੱਕ ਨਾਟਕਕਾਰ ਇਸ ਨਾਟਕ ਵਿਚ ਤਿੰਨ ਔਰਤ ਕਿਰਦਾਰ ਸਿਰਜਦਾ ਹੈ। ਉਨ੍ਹਾਂ ਤਿੰਨਾਂ ਦਾ ਅੰਦਰ ਫਰੋਲ ਕੇ ਉਹ ਸਾਡੇ ਸਾਹਮਣੇ ਅਜਿਹੀਆਂ ਪਰਤਾਂ ਖੋਲ੍ਹਦਾ ਹੈ ਕਿ ਪ੍ਰਾਪਤ ਸਮਾਜਿਕ ਪ੍ਰਬੰਧ ਅਲਫ ਨੰਗਾ ਹੋ ਕੇ ਤੁਹਾਡੇ ਸਾਹਮਣੇ ਫੈਲ ਜਾਂਦਾ ਹੈ। ਔਰਤ ਦੀ ਹੋਣੀ ਕੀ ਹੈ, ਉਹ ਕਿਹੜੇ ਕਾਰਨ ਹਨ ਕਿ ਇਕ ਸਾਧਾਰਨ ਜੱਟ ਨਾਲ ਵਿਆਹੀ ਜੈ ਕੁਰ ਚਾਰ ਪੁੱਤਾਂ ਦੀ ਮਾਂ ਬਣਨ ਤੋਂ ਬਾਅਦ ਵੀ ਸਮਾਜ ਦੀਆਂ ਨਜ਼ਰਾਂ ਵਿਚ ਸਿਰਫ਼ ਭਾਂਡੇ ਮਾਂਜਣ ਵਾਲੀ ਝਿਓਰੀ ਹੈ ਤੇ ਭਿੱਟੀ ਹੋਈ ਜਾਤ ਹੈ। ਜੈ ਕੁਰ ਸਵਾਲ ਕਰਦੀ ਹੈ ਕਿ ਚਰ੍ਹੀਆਂ, ਬਾਜਰਿਆਂ ਅੰਦਰ ਜਦ ਭਿੱਟੀਆਂ ਜਾਤਾਂ ਨੂੰ ਮਧੋਲਿਆ ਜਾਂਦਾ ਹੈ, ਉਦੋਂ ਸਮਾਜਿਕ ਨੇਮ ਕਿਹੜੀ ਕਿੱਲੀ ’ਤੇ ਟੰਗ ਦਿੱਤੇ ਜਾਂਦੇ ਹਨ। ਜੈ ਕੁਰ ਦਾ ਦਰਦ ਇਸ
ਨਾਟਕ ਦੀ ਕੇਂਦਰੀ ਚੂਲ ਹੈ, ਉਸ ਦਾ ਦਰਦ ਚੀਕਾਂ ਮਾਰਨ, ਦਹਾੜਾਂ ਮਾਰਨ ਤੇ ਭੱਜਣ ਨਾਲ ਨਹੀਂ ਬਲਕਿ ਉਸ ਦੁੱਖ ਨੂੰ ਆਤਮਸਾਤ ਕਰਕੇ ਕਲਾਕਾਰ ਦੇ ਜੈ ਕੁਰ ਹੋ ਜਾਣ ਨਾਲ ਰੂਪਮਾਨ ਹੋਣਾ ਸੀ। ਮਿੰਦੋ ਦਾ ਪਾਤਰ ਸਿਰਜ ਕੇ ਔਲਖ ਲਤਾੜੀਆਂ, ਨਪੀੜੀਆਂ ਰੂਹਾਂ ਦੀ ਆਪਸੀ ਅਜਬ ਸਾਂਝ ਤੇ ਅੱਗ ਫੱਕਣ ਵਰਗੀ ਬਾਗੀ ਤਬੀਅਤ ਦਾ ਅਜਿਹਾ ਦ੍ਰਿਸ਼ ਸਿਰਜਦਾ ਹੈ ਕਿ ਸਮਾਜਿਕ ਬੰਧਨਾਂ ਦੇ ਬਖੀਏ ਉਧੇੜਨ ਦਾ ਜੀ ਕਰਦਾ ਹੈ। ਮਿੰਦੋ ਅਜਿਹੀ ਅਗੰਮੀ ਤਾਕਤ ਕਿੱਥੋਂ ਆਪਣੇ ਸੀਨੇ ਸਾਂਭੀ ਫਿਰਦੀ ਹੈ ਕਿ ਦੋ ਜੁਆਕਾਂ ਦੀ ਮਾਂ ਹੋਣ ਦੇ ਬਾਵਜੂਦ ਇਸ ਘਰ ਦੀ ਸੁੰਨ ਨੂੰ ਭਰਨ ਦਾ ਯਤਨ ਕਰਦੀ ਹੈ, ਨਾਹਰੀ ਦੀ ਮੌਤ ਤੋਂ ਬਾਅਦ ਉਸ ਦੀ ਮੜ੍ਹੀ ਬਣਾਉਣ ਤੇ ਹਰ ਸਾਲ ਦੀਵਾ ਬਾਲਣ ਦਾ ਅਹਿਦ ਕਰਦੀ ਹੈ। ਬਾਗੀਆਨਾ ਮੁਹੱਬਤ ਦੀ ਅਜਿਹੀ ਉੱਚੀ-ਸੁੱਚੀ ਪੇਸ਼ਕਾਰੀ ਕਰਕੇ ਨਾਟਕਕਾਰ ਪਰਤ ਦਰ ਪਰਤ ਸਾਡੇ ਸਾਹਮਣੇ ਥੁੜ੍ਹਾਂ ਮਾਰੇ ਸਮਾਜ ਦੀ ਅੰਦਰਲੀ ਤਸਵੀਰ ਲਿਆ ਧਰਦਾ ਹੈ। ਜਿੱਥੇ ਜਿੱਥੇ ਚੱਲਦੀ ਕਹਾਣੀ ਨੂੰ ਠਹਿਰਾਓ ਦੇ ਕੇ ਨਾਟਕਕਾਰ ਆਪਣੀ ਤਨਜ਼ ਰਾਹੀਂ ਉਹ ਗੱਲ ਕਹਿਣੀ ਚਾਹੁੰਦਾ ਹੈ ਜਿਸ ਲਈ ਉਸਨੇ ਨਾਟਕ ਲਿਖਿਆ ਹੈ, ਉੱਥੇ ਉੱਥੇ ਇਸ ਪੇਸ਼ਕਾਰੀ ਦੇ ਕਲਾਕਾਰ ਕਾਹਲੇ ਪੈ ਗਏ ਤੇ ਲੇਖਕ ਦੀ ਗੱਲ ਧੁੰਦਲੀ ਪੈ ਗਈ। ਕਿਸੇ ਵਿਸ਼ੇਸ਼ ਖਿੱਤੇ ਦੀ ਆਪਣੀ ਬੋਲੀ ’ਚ ਲਿਖੇ ਨਾਟਕ ਅੰਦਰ ਸ਼ਬਦ ਸਿਰਫ਼ ਵਾਕ ਜੋੜਨ ਲਈ ਨਹੀਂ ਹੁੰਦੇ, ਉਨ੍ਹਾਂ ਦਾ ਸਹੀ ਉਚਾਰਣ ਲੋੜੀਂਦੇ ਅਰਥ ਉਜਾਗਰ ਕਰ ਰਿਹਾ ਹੁੰਦਾ ਹੈ। ਧਿਆਨ ਦੇਣ ਦੀ ਲੋੜ ਹੈ। ਇਸ ਨਾਟਕ ਵਿਚ ਪੱਕੜ ਉਮਰੇ ਔਰਤ ਦੀ ਹੋਂਦ ਲਈ ਤਰਸਦੇ ਮਨੁੱਖਾਂ ਦੀ ਗਾਥਾ ਪੇਸ਼ ਹੈ। ਇਸ ਲਈ ਉਂਜ ਤਾਂ ਵੱਡੀ ਉਮਰ ਦੇ ਕਲਾਕਾਰ ਹੀ ਚਾਹੀਦੇ ਹਨ, ਪਰ ਰੰਗਮੰਚ ਦੀ ਮਜਬੂਰੀ ਸਮਝ ਵੀ ਲਈਏ ਤਾਂ ਨਿਰਦੇਸ਼ਕ ਨੂੰ ਨੌਜਵਾਨ ਕਲਾਕਾਰਾਂ ਦੀ ਰੂਪ ਸੱਜਾ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਉਂਜ ਸੂਬੇ ਦੀ ਰਾਜਧਾਨੀ ਚੰਡੀਗੜ੍ਹ ’ਚ ਰਹਿੰਦੇ ਕਲਾਕਾਰਾਂ ਵੱਲੋਂ ਮਲਵਈ ਨਾਟਕ ਖੇਡਣਾ ਹਿੰਮਤ ਵਾਲੀ ਗੱਲ ਹੈ, ਹੋਰ ਹਿੰਮਤ ਕਰੋ ਤਾਂ ਕਿ ਚੰਡੀਗੜ੍ਹ ਪੰਜਾਬੀਆਂ ਨੂੰ ਆਪਣਾ ਆਪਣਾ ਲੱਗੇ।

ਸੰਪਰਕ: 98880-11096


Comments Off on ਅਜਮੇਰ ਔਲਖ ਦੇ ‘ਸੱਤ ਬੇਗ਼ਾਨੇ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.