ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

2064 ਦਾ ਹਿੰਦੋਸਤਾਨ

Posted On May - 14 - 2019

ਬਰਜਾਖ਼ ਦੇਸ਼ ਦੇ ਗੁੜਗੁੜਾਬਾਦ ਜ਼ਿਲ੍ਹੇ ਵਿਚ ਰਹਿਣ ਵਾਲੇ ਪੱਤਰਕਾਰ ਨੇ ‘ਪੰਜਾਬੀ ਟ੍ਰਿਬਿਊਨ’ ਲਈ ਬਰਜਾਖ਼ੀ ਅੰਦਾਜ਼ ਵਿਚ ਖ਼ਾਸ ਰਾਜਸੀ ਵਿਅੰਗ ਲਿਖਿਆ ਹੈ।

ਐੱਸ. ਗੁੜਗੁੜਾਬਾਦੀ

ਇਹ ਸੰਨ 2064 ਹੈ। ਇਨ੍ਹਾਂ ਸਤਰਾਂ ਦਾ ਲੇਖਕ ਤੇ ਉਸ ਦਾ ਦੋਸਤ ਪੰਜਾਬੀ ਕਵੀ ਪ੍ਰਮਿੰਦਰਜੀਤ ਜੋ ਆਪਣੇ ਆਪ ਨੂੰ ਬਹੁਤ ਮਸ਼ਹੂਰ ਤੇ ਪ੍ਰਬੁੱਧ ਕਵੀ ਸਮਝਦਾ ਸੀ, ਬਰਜਾਖ਼ (ਸਵਰਗ ਤੇ ਨਰਕ ਵਿਚਲੀ ਥਾਂ) ਦੇ ਇਕ ਕੋਨੇ ਵਿਚ ਬੈਠੇ ਹੋਏ ਉਸ ਦੂਰਬੀਨ ਰਾਹੀਂ ਧਰਤੀ ਨੂੰ ਵੇਖ ਰਹੇ ਹਨ ਜਿਹੜੀ ਉਨ੍ਹਾਂ ਦਾ ਦੋਸਤ ਸਤਿਆਪਾਲ ਗੌਤਮ, ਜਿਹੜਾ ਜੇ.ਐੱਨ.ਯੂ. ਵਿਚ ਫਿਲਾਸਫੀ ਪੜ੍ਹਾਉਂਦਾ ਰਿਹਾ ਹੈ, ਸਵਰਗ ਵਿਚੋਂ ਲੁਕਾ ਕੇ ਲਿਆਇਆ ਹੈ। ਗੌਤਮ ਦੀ ਸਵਰਗ ਤੇ ਨਰਕ ਦੋਹਾਂ ਥਾਵਾਂ ’ਤੇ ਕਾਫ਼ੀ ਪੁੱਛਗਿੱਛ ਹੈ ਤੇ ਉਸ ਦਾ ਦੋਹਾਂ ਥਾਵਾਂ ’ਤੇ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਤਿੰਨਾਂ ਨੇ ਦੂਰਬੀਨ ਦੀ ਦਿਸ਼ਾ ਪੰਜਾਬ ਵੱਲ ਕੀਤੀ ਹੋਈ ਹੈ ਅਤੇ ਉਹ 2064 ਦੇ ਪੰਜਾਬ ਦਾ ਸ਼ਾਨਦਾਰ ਨਜ਼ਾਰਾ ਦੇਖ ਰਹੇ ਹਨ।
2064 ਵਿਚ ਪੰਜਾਬ ਸਵਰਗ ਦਾ ਹਿੱਸਾ ਲੱਗਦਾ ਹੈ। ਭਾਰਤ ਦੇ ਮਹਾਨ ਸਿਆਸਤਦਾਨ ਅਮਿਤ ਸ਼ਾਹ ਦੀ ਪੇਸ਼ੀਨਗੋਈ ਅਨੁਸਾਰ ਭਾਰਤੀ ਜਨਤਾ ਪਾਰਟੀ ਭਾਰਤ ’ਤੇ ਪੰਜਾਹ ਸਾਲ ਰਾਜ ਕਰ ਚੁੱਕੀ ਹੈ ਅਤੇ ਪੰਜਾਹ ਸਾਲ ਪੂਰੇ ਹੋਣ ’ਤੇ ਜਸ਼ਨ ਮਨਾਏ ਜਾ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਜੋ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਹਨ, ਭਾਰਤ ਦੀ ਮਹਾਨਤਾ ਅਤੇ ਪੁਰਾਤਨ ਗੌਰਵ ਬਾਰੇ ਭਾਸ਼ਨ ਦੇ ਰਹੇ ਹਨ। ਭਾਸ਼ਨ ਏਨਾ ਊਰਜਾਮਈ ਹੈ ਕਿ ਪ੍ਰਧਾਨ ਮੰਤਰੀ ਮਸਾਂ ਇਕ ਵਾਕ ਪੂਰਾ ਕਰਦੇ ਹਨ ਕਿ ਜਨਤਾ ਤਾੜੀਆਂ ਦੀ ਗੜਗੜਾਹਟ ਨਾਲ ਪੂਰੇ ਪੰਡਾਲ ਨੂੰ ਗੂੰਜਾ ਦਿੰਦੀ ਹੈ, ‘ਪ੍ਰਧਾਨ ਮੰਤਰੀ ਦੀ ਜੈ’ ਦੇ ਨਾਅਰੇ ਗੂੰਜਦੇ ਹਨ। ਸਤਿਆਪਾਲ ਗੌਤਮ ਦੱਸਦਾ ਹੈ ਕਿ ਇਨ੍ਹਾਂ ਨਾਅਰਿਆਂ ਦੀ ਗੂੰਜ ਚੌਹਾਂ ਕੂੰਟਾਂ ਵਿਚ ਗੂੰਜਦੀ ਹੋਈ ਸਵਰਗ ਤਕ ਸੁਣਾਈ ਦਿੰਦੀ ਹੈ।
ਫਿਰ ਇਹ ਤਿੰਨੋਂ ਦੂਰਬੀਨ ਨੂੰ ਪੰਜਾਬ ਦੇ ਇਕ ਖ਼ਾਸ ਕੇਂਦਰੀ ਸ਼ਹਿਰ ’ਤੇ ਫੋਕਸ ਕਰ ਦਿੰਦੇ ਹਨ। ਇਹ ਬੇਚੈਨ ਰਹਿਣ ਵਾਲਾ ਸ਼ਹਿਰ ਵੀ ਪੁਰਅਮਨ ਹੈ। ਹਿੰਦੂ-ਸਿੱਖ ਦੁਕਾਨਦਾਰ, ਵਪਾਰੀ, ਸਨਅਤਕਾਰ, ਮੰਡੀ ਵਿਚ ਸਬਜ਼ੀਆਂ ਵੇਚਣ ਵਾਲੇ, ਸਭ ਸੋਹਣੇ ਸੁਥਰੇ ਕੱਪੜੇ ਪਾਈ ਬੈਠੇ ਹਨ। ਬਹੁਤਿਆਂ ਦੇ ਕੱਪੜਿਆਂ ਦੇ ਰੰਗ ਭਗਵਾ, ਬਸੰਤੀ ਤੇ ਕੇਸਰੀ ਹਨ ਤੇ ਗੱਲਬਾਤ ਦੀ ਭਾਸ਼ਾ ਹਿੰਦੀ, ਸੰਸਕ੍ਰਿਤ ਤੇ ਅੰਗਰੇਜ਼ੀ। ਪ੍ਰਮਿੰਦਰਜੀਤ ਕਹਿੰਦਾ ਹੈ ‘‘ਪਈ, ਇਹ ਸ਼ਹਿਰ ਵਾਲੇ ਤਾਂ ਬੜੀ ਤਰੱਕੀ ਕਰ ਚੁੱਕੇ ਆ… ਸਾਡੇ ਵੇਲ਼ੇ ਤਾਂ ਇਨ੍ਹਾਂ ਨੂੰ ਚੱਜ ਨਾਲ ਪੰਜਾਬੀ ਵੀ ਨਹੀਂ ਸੀ ਬੋਲਣੀ ਆਉਂਦੀ। ਹੁਣ ਵੇਖੋ ਕਿਵੇਂ ਟਕਾ-ਟਕ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਬੋਲਦੇ ਆ!’’ ਸ਼ਹਿਰ ਦੇ ਕੇਂਦਰੀ ਸੱਭਿਆਚਾਰਕ ਥਾਂ ‘ਸੰਸਕ੍ਰਿਤੀ ਵਿਹਾਰ’ ਵਿਚ ਸਵਾਮੀ ਏਕਨਾਥ ਦਾ ਨਾਟਕ ਚੱਲ ਰਿਹਾ ਹੈ ਜਿਸ ਵਿਚ ਮਰਿਆਦਾ ਅਤੇ ਸੰਸਕ੍ਰਿਤੀ ਦੇ ਗੁਣ ਸਿਖਾਏ ਜਾ ਰਹੇ ਹਨ। ‘ਜੈ ਭਗਵਾਨ’ ‘ਜੈ ਭਗਵਾਨ’ ਕਰਦੇ ਦਰਸ਼ਕ ਨਿਹਾਲ ਹੁੰਦੇ ਜਾ ਰਹੇ ਹਨ।
ਪ੍ਰਮਿੰਦਰਜੀਤ ਕੁਝ ਔਖਾ ਜਿਹਾ ਹੈ, ਪੁੱਛਦਾ ਹੈ ‘‘ਯਾਰ ਇਸ ਭਵਨ ਵਿਚ ਤਾਂ ਮੇਰੇ ਰਸਾਲੇ ‘ਅੱਖਰ’ ਦਾ ਦਫ਼ਤਰ ਵੀ ਹੁੰਦਾ ਸੀ।’’ ਗੌਤਮ ਕਹਿੰਦਾ ਹੈ ‘‘ਚੱਜ ਨਾਲ ਵੇਖ… ਦਫ਼ਤਰ ਕਾਇਮ ਹੈ… ਉਹ ਵੇਖ… ‘ਅਕਸ਼ਰ ਆਸ਼ਰਮ’…ਤੇਰੀ ਤਸਵੀਰ ਵੀ ਲੱਗੀ ਹੋਈ ਹੈ…ਕੁਝ ਲੋਕ ‘ਜੈ ਪ੍ਰਮਿੰਦਰਜੀਤ’ ਦੇ ਭਜਨ ਦਾ ਗਾਇਨ ਕਰ ਰਹੇ ਹਨ। ਹੋਰ ਤੈਨੂੰ ਕੀ ਚਾਹੀਦੈ?’’ ਮੈਨੂੰ ਵੀ ਗੱਲ ਅਹੁਰਦੀ ਹੈ, ਮੈਂ ਕਹਿੰਦਾ ਭਾਅ ‘‘ਇਨ੍ਹਾਂ ਨੂੰ ਇਹ ਪਤਾ ਨਹੀਂ ਲੱਗਾ ਕਿ ਤੁਸੀਂ ਸਵਰਗ ’ਚ ਨਹੀਂ। ਜਿੱਦਣ ਪਤਾ ਲੱਗ ਗਿਆ, ਤੁਹਾਡੀ ਤਸਵੀਰ ਵੀ ਉਤਰ ਜਾਣੀ ਹੈ ਤੇ ਦਫ਼ਤਰ ਵੀ ਗਾਇਬ ਹੋ ਜਾਣਾ ਹੈ।’’ ਪ੍ਰਮਿੰਦਰਜੀਤ ਕਹਿੰਦਾ ਹੈ ‘‘ਕੋਈ ਨਹੀਂ, ਅਜੇ ਤਾਂ ਹੈ।’’ ਪਰ ਦਫ਼ਤਰ ਵਿਚ ਨਾ ਪ੍ਰਮਿੰਦਰਜੀਤ ਦੀ ਕੋਈ ਕਿਤਾਬ ਹੈ, ਨਾ ‘ਅੱਖਰ’ ਦਾ ਪੁਰਾਣਾ ਅੰਕ। ਸਿਰਫ਼ ਤਸਵੀਰ ਹੈ।
ਅਸੀਂ ਦੂਰਬੀਨ ਸ਼ਹਿਰ ਦੇ ਹੋਰ ਹਿੱਸਿਆਂ ਵੱਲ ਘੁੰਮਾਉਂਦੇ ਹਾਂ; ਪ੍ਰਮਿੰਦਰਜੀਤ ਪੁੱਛਦੈ ‘‘ਓਏ ਏਥੇ ਤਾਂ ਦੀਸ਼ੇ ਮੱਛੀ ਵਾਲੇ ਦੀ ਰੇਹੜੀ ਲੱਗੀ ਹੁੰਦੀ ਸੀ… ਉਹ ’ਤੇ ਦਿਸਦੀ ਨਹੀਂ…ਕੀ ਉਹਦੇ ਮੁੰਡੇ/ਪੋਤਰੇ ਇਹ ਕੰਮ ਛੱਡ ਕੇ ਕੋਈ ਹੋਰ ਕੰਮ ਕਰਨ ਲੱਗ ਪਏ ਹਨ?’’ ਮੈਂ ਉਹ ਨੂੰ ਦੱਸਦਾਂ ‘‘ਭਾਅ, ਦੇਸ਼ ਸਵਰਗ ਬਣ ਗਿਐ…ਹੁਣ ਤਾਂ ਕਿਸੇ ਸ਼ਹਿਰ, ਪਿੰਡ ਵਿਚ ਨਾ ਮੱਛੀ ਮਿਲਦੀ ਐ, ਨਾ ਮੀਟ, ਨਾ ਸ਼ਰਾਬ ਨਾ ਸਿਗਰਟ। ਦੇਸ਼ ਸਵਰਗ ਬਣ ਗਿਐ, ਪੰਜਾਬ ਸਵਰਗ ਬਣ ਗਿਐ… ਹੁਣ ਸਾਰੇ ਦੇਸ਼ ਵਿਚ ਨਾ ਕੋਈ ਸ਼ਰਾਬ ਪੀਂਦੈ, ਨਾ ਸਿਗਰਟ, ਨਾ ਸ਼ਰਾਬ… ਨਾ ਕੋਈ ਮੀਟ ਮੱਛੀ ਖਾਂਦੈ… ਹੁਣ ਉੱਥੇ ਸਮਝ ਲੈ ਸਤਯੁਗ ਵਾਪਸ ਆ ਗਿਐ।’’ ਪ੍ਰਮਿੰਦਰਜੀਤ ਕੁਝ ਹੈਰਾਨ-ਪ੍ਰੇਸ਼ਾਨ ਜਿਹਾ ਰਹਿ ਜਾਂਦਾ ਹੈ। ਉਹਨੂੰ ਗੱਲ ਸਮਝ ਨਹੀਂ ਆਉਂਦੀ ਕਿ ਹੋਇਆ ਕੀ।
ਅਸਲ ਵਿਚ ਪ੍ਰਮਿੰਦਰਜੀਤ 2015 ਵਿਚ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ। ਇਸ ਲਈ ਉਹ 2014 ਵਿਚ ਭਾਰਤ ਵਿਚ ਆਏ ਉਸ ਮਹਾਨ ਇਨਕਲਾਬ ਨੂੰ ਪੂਰੀ ਤਰ੍ਹਾਂ ਨਹੀਂ ਵੇਖ ਸਕਿਆ ਜਿਸ ਦੇ ਆਗੂ ਮਹਾਮਹਿਮ ਨਰਿੰਦਰ ਮੋਦੀ ਤੇ ਸ੍ਰੀ ਅਮਿਤ ਸ਼ਾਹ ਸਨ, ਜਿਨ੍ਹਾਂ ਨੇ ਪੁਰਾਣੇ ਰਵਾਇਤੀ ਕਾਂਗਰਸੀ ਰਾਜ ਦਾ ਖ਼ਾਤਮਾ ਕਰ ਕੇ ਦੇਸ਼ ਵਿਚ ਇਕ ਸੁਨਹਿਰੀ ਯੁੱਗ ਦਾ ਆਗਾਜ਼ ਕੀਤਾ। ਦੜ ਵੱਟ ਕੇ ਚੁੱਪ-ਚਾਪ ਰਹਿ ਕੇ ਕੰਮ ਕਰਨ ਵਾਲੇ ਮਨਮੋਹਨ ਸਿੰਘ ਦੀ ਪਾਰਟੀ ਨੂੰ ਕਰਾਰੀ ਹਾਰ ਮਿਲੀ ਤੇ ਭਾਰਤੀ ਜਨਤਾ ਪਾਰਟੀ ਦੀ ਕਿਆਦਤ ਨਹੀਂ, ਮੁਆਫ਼ ਕਰਨਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵਰਗੇ ਮਹਾਨ ਨੇਤਾਵਾਂ ਦੀ ਅਗਵਾਈ ਵਿਚ ਭਾਜਪਾ ਨੂੰ ਮਹਾਨ ਜਿੱਤ। ਜਿੱਤ ਏਨੀ ਵੱਡੀ ਕਿ ਲੋਕ ਅਸ਼ ਅਸ਼ ਕਰ ਉੱਠੇ। ਉਸ ਹਕੂਮਤ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ। ਦੇਸ਼ ’ਤੋਂ ਬਾਹਰ ਗਿਆ ਸਾਰਾ ਕਾਲਾ ਧਨ ਵਾਪਸ ਆ ਗਿਆ। ਹਰ ਆਦਮੀ ਦੇ ਬੈਂਕ ਅਕਾਊਂਟ ਵਿਚ 15-15 ਲੱਖ ਰੁਪਏ ਪਾ ਦਿੱਤੇ ਗਏ। ਨੋਟਬੰਦੀ ਕਰ ਕੇ ਬਾਕੀ ਦਾ ਕਾਲਾ ਧਨ ਵੀ ਬਾਹਰ ਕੱਢ ਲਿਆਂਦਾ। ਨੋਟਬੰਦੀ ਕਾਰਨ ਦੇਸ਼ ਵਿਚ ਵਧ ਰਹੇ ਅਤਿਵਾਦ/ਨਕਸਲਵਾਦ ਨੂੰ ਨਕੇਲ ਪੈ ਗਈ। ਆਪਣੇ ਆਪ ਨੂੰ ਅਗਾਂਹਵਧੂ ਅਖਵਾਉਂਦੇ, ਸ਼ਹਿਰਾਂ ਵਿਚ ਰਹਿੰਦੇ ਨਕਸਲਵਾਦੀਆਂ (ਅਰਬਨ ਨਕਸਲਵਾਦੀਆਂ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗਊ-ਮਾਸ ਖਾਣ ਵਾਲਿਆਂ ਤੇ ਹੋਰ ਪਾਪੀਆਂ ਨੂੰ ਲੋਕਾਂ ਨੇ ਸੜਕਾਂ ’ਤੇ ਹੀ ਸਿੱਧੇ ਕਰ ਦਿੱਤਾ। ਜੀਐੱਸਟੀ ਨੇ ਦੁਕਾਨਦਾਰ ਸਿੱਧੇ ਕਰ ’ਤੇ। ਦੇਸ਼ ਵਿਚ ਅਮਨ ਸ਼ਾਂਤੀ ਹੋ ਗਈ। ਸਾਰੇ ਮਲੇਛ ਚੁੱਪ ਕਰ ਗਏ। ਪਰ ਅਫ਼ਸੋਸ, ਇਹ ਸਾਰੇ ਮਹਾਨ ਕੰਮ ਹੋਣ ਤੋਂ ਪਹਿਲਾਂ ਪ੍ਰਮਿੰਦਰਜੀਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਤੇ ਸਤਿਆਪਾਲ ਗੌਤਮ ਵੀ ਉਸ ਦੀ ਘਾਟ ਮਹਿਸੂਸ ਕਰਦਾ ਹੋਇਆ ਥੋੜ੍ਹੀ ਦੇਰ ਬਾਅਦ ਉਹਨੂੰ ਜਾ ਮਿਲਿਆ ਤੇ ਉਹ ਦੋਵੇਂ ਇਸ ਮਹਾਨ ਘਟਨਾਕ੍ਰਮ ਨੂੰ ਦੇਖਣ ਤੋਂ ਮਹਿਰੂਮ ਰਹੇ।
ਪ੍ਰਮਿੰਦਰਜੀਤ ਤੇ ਸਤਿਆਪਾਲ ਗੌਤਮ ਨੇ ਬਰਜਾਖ਼ ’ਚੋਂ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਕਾਫ਼ੀ ਟੈਲੀਫੋਨ ਕੀਤੇ, ਚਿੱਠੀਆਂ ਵੀ ਪਾਈਆਂ ਕਿ ਉਹ ਜਲਦੀ ਤੋਂ ਜਲਦੀ ਬਰਜਾਖ਼ ਜਾਂ ਨਰਕ ਪਹੁੰਚੇ ਕਿਉਂਕਿ ਉਹਦੇ ਬਿਨਾਂ ਉਨ੍ਹਾਂ ਦਾ ਦਿਲ ਨਹੀਂ ਲੱਗਦਾ, ਪਰ ਇਨ੍ਹਾਂ ਸਤਰਾਂ ਦਾ ਲੇਖਕ ਕੁਝ ਢੀਠ ਮਿੱਟੀ ਦਾ ਬਣਿਆ ਸੀ। ਉਹ ਜਿੰਦਾ ਰਿਹਾ ਤੇ ਇਸ ਦੇਸ਼ ਵਿਚ ਹੋ ਰਹੀ ਮਹਾਨ ਤਰੱਕੀ ਨੂੰ ਵੇਖ ਕੇ ਗਦ ਗਦ ਹੁੰਦਾ ਰਿਹਾ। ਇਸ ਲਈ ਹੁਣ 2064 ਵਿਚ ਉਹ ਪ੍ਰਮਿੰਦਰਜੀਤ ਤੇ ਗੌਤਮ ਨੂੰ ਇਹ ਸਭ ਕੁਝ ਚੰਗੀ ਤਰ੍ਹਾਂ ਸਮਝਾ ਸਕਦਾ ਹੈ ਕਿ ਕਿਉਂ ਦੇਸ਼ ਦੇ ਕੋਨੇ ਕੋਨੇ ਵਿਚ ਭਾਰਤੀ ਜਨਤਾ ਪਾਰਟੀ ਦੇ ਮਹਾਨ ਨੇਤਾਵਾਂ ਦੇ ਬੁੱਤ ਲੱਗੇ ਹੋਏ ਹਨ। ਦੂਰਬੀਨ ਵਿਚ ਵੇਖਦਿਆਂ ਪ੍ਰਮਿੰਦਰਜੀਤ ਕਹਿੰਦਾ ‘‘ਓਏ, ਉਹ ਬੁੱਤ ਤਾਂ ਨੱਥੂ ਰਾਮ ਗੌਡਸੇ ਦਾ ਲੱਗਦੈ?’’ ਇਨ੍ਹਾਂ ਸਤਰਾਂ ਦਾ ਲੇਖਕ, ਜਿਸ ਨੇ 2014 ਤੋਂ ਬਾਅਦ ਦਾ ਸੁਨਹਿਰੀ ਯੁੱਗ ਵੇਖਿਆ ਹੋਇਐ, ਜਵਾਬ ਦਿੰਦਾ ‘‘ਭਾਅ, ਧਿਆਨ ਨਾਲ ਗੱਲ ਕਰ, ਗੌਡਸੇ ਜੀ ਬੋਲ, ਨਹੀਂ ਤਾਂ ਬਰਜਾਖ਼ ਵਿਚੋਂ ਕੱਢ ਕੇ ਨਰਕ ਵਿਚ ਸੁੱਟ ਦਿੱਤੇ ਜਾਵਾਂਗੇ… ਮਸੀਂ ਬੈਠੇ ਗੱਲਬਾਤ ਕਰ ਰਹੇ ਹਾਂ… ਉਸ ਤੋਂ ਵੀ ਜਾਵਾਂਗੇ.. ਓਥੇ ਤਾਂ ਕਿਸੇ ਨੇ ਗੱਲਬਾਤ ਵੀ ਨਹੀਂ ਕਰਨ ਦੇਣੀ।’’ ਆਪਣੇ ਆਪ ਨੂੰ ਠੀਕ ਰਾਹ ’ਤੇ ਲਿਆਉਣ ਲਈ ਪ੍ਰਮਿੰਦਰਜੀਤ ਨਾਅਰਾ ਮਾਰਦਾ ਹੈ ‘‘ਨੱਥੂ ਰਾਮ ਗੌਡਸੇ ਦੀ ਜੈ।’’ ਮੈਂ ਤੇ ਗੌਤਮ ਉੱਚੀ ਜਵਾਬ ਦਿੰਦੇ ਹਾਂ ‘‘ਜੈ’’।
ਇਕ ਹੋਰ ਥਾਂ ਬੜੀ ਖਿੱਚ ਪਾਉਣ ਵਾਲੀ ਹੈ ‘‘ਮਾਰਗ ਦਰਸ਼ਕ ਸਥਲ।’’ ਉਸ ਵਿਚ 2014 ਵਿਚ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਤੇ 2014 ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਦੇ ਕਰਨਧਾਰ ਬਣੇ ਅਮਿਤ ਸ਼ਾਹ ਦੇ ਮਹਾਂ-ਆਦਮ-ਕੱਦ ਬੁੱਤ ਲੱਗੇ ਹੋਏ ਹਨ ਜਿਨ੍ਹਾਂ ਦੀ ਉਚਾਈ ਦੁਨੀਆਂ ਵਿਚ ਲੱਗੇ ਕਿਸੇ ਵੀ ਬੁੱਤ ਤੋਂ ਜ਼ਿਆਦਾ ਹੈ। ਇਹ ਬੁੱਤ ’ਤੇ ਲੱਗੀਆਂ ਸਿਲ਼ਾਂ ਉੱਤੇ ਇਨ੍ਹਾਂ ਨੇਤਾਵਾਂ ਦੀ ਦੇਸ਼ ਨੂੰ ਮਹਾਨ ਦੇਣ ਬਾਰੇ ਜ਼ਿਕਰ ਕੀਤਾ ਗਿਆ ਹੈ। ਲਾਗੇ ਹੀ ਇਕ ਬੋਰਡ ’ਤੇ ਕਿਸਾਨਾਂ ਦੀ ਆਮਦਨ ਦਾ ਵੇਰਵਾ ਦਿੱਤਾ ਗਿਆ : ਜਿਸ ਕਿਸਾਨ ਦੀ ਆਮਦਨ 2014 ਵਿਚ ਇਕ ਲੱਖ ਸੀ, ਉਹ ਸੰਨ 2064 ਵਿਚ 65 ਲੱਖ ਹੋ ਗਈ ਹੈ। ਇਹ ਸਭ ਕੁਝ 2014 ਦੀ ਪ੍ਰਧਾਨ ਮੰਤਰੀ ਦੀ ਮਹਾਨ ਸਕੀਮ ਅਨੁਸਾਰ ਹੋਇਆ ਹੈ ਜਿਸ ਕਰਕੇ 2022 ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ ਸੀ ਤੇ ਬਾਅਦ ਵਿਚ ਇਸੇ ਅਨੁਪਾਤ ਵਿਚ ਵਧਦੀ ਰਹੀ। ਵੇਰਵੇ ਹੇਠ ਲਿਖੇ ਅਨੁਸਾਰ ਹਨ:
ਇਹ ਤਾਂ ਇਕ ਲੱਖ ਰੁਪਈਏ ਆਮਦਨ ਵਾਲੇ ਕਿਸਾਨ ਦੀ ਗੱਲ ਹੈ, ਜਿਸ ਕਿਸਾਨ ਦੀ 2014 ਵਿਚ ਆਮਦਨ 2 ਲੱਖ ਰੁਪਈਏ ਸੀ, ਉਨ੍ਹਾਂ ਦੀ 2064 ਵਿਚ 1 ਕਰੋੜ 30 ਲੱਖ ਰੁਪਈਏ ਦੀ ਆਮਦਨ ਹੋਣ ਲੱਗੀ ਤੇ ਜਿਸ ਦੀ 2014 ਵਿਚ ਤਿੰਨ ਲੱਖ ਸੀ, ਉਸ ਨੂੰ 2064 ਵਿਚ 1 ਕਰੋੜ 95 ਲੱਖ ਰੁਪਈਏ। ਮੈਂ ਆਪਣੇ ਸਾਥੀਆਂ ਨੂੰ ਦੱਸਦਾ ਕਿ ਭਾਰਤ ਦਾ ਕਿਸਾਨ ਜਿੰਨਾ ਖ਼ੁਸ਼ਹਾਲ ਤੇ ਖ਼ੁਸ਼ 2014 ਤੋਂ ਸ਼ੁਰੂ ਹੋਏ ਸੁਨਹਿਰੀ ਯੁੱਗ ਵਿਚ ਹੋਇਆ, ਉਸ ਤੋਂ ਪਹਿਲਾਂ ਕਦੇ ਵੀ ਨਹੀਂ ਸੀ। ਸਤਿਆਪਾਲ ਗੌਤਮ ਪੁੱਛਦਾ ‘‘ਸਤਯੁੱਗ ਵਿਚ ਵੀ ਨਹੀਂ?’’ ਮੈਂ ਜਵਾਬ ਲੱਭ ਰਿਹਾਂ ਤਾਂ ਵਿਚੋਂ ਪ੍ਰਮਿੰਦਰਜੀਤ ਬੋਲ ਉੱਠਦੈ ‘‘ਜੇ ਇਹ ਏਨੇ ਖ਼ੁਸ਼ਹਾਲ ਹਨ ਤਾਂ ਇਨ੍ਹਾਂ ਦੇ ਮੂੰਹ ਚੂਪ ਕੇ ਸੁੱਟੇ ਅੰਬਾਂ ਵਾਂਗ ਕਿਉਂ ਦਿਸਦੇ ਆ?’’ ਮੈਂ ਦੂਰਬੀਨ ਨੂੰ ਚੰਗੀ ਤਰ੍ਹਾਂ ਇਕ ਕਿਸਾਨ ਦੇ ਚਿਹਰੇ ’ਤੇ ਫੋਕਸ ਕਰ ਰਿਹਾਂ…ਹਾਂ ਫੋਕਸ ਕਰ ਰਿਹਾਂ…ਪਰ ਦੂਰਬੀਨ ਫੋਕਸ ਹੀ ਨਹੀਂ ਹੋ ਰਹੀ…। ਬਾਹਰ ਰੌਲਾ ਪੈ ਰਿਹਾ। ਪ੍ਰਮਿੰਦਰਜੀਤ ਕਹਿੰਦਾ ‘‘ਬਰਜਾਖ਼ ਦੀ ਪੁਲੀਸ ਆਈ ਲੱਗਦੀ ਐ। ਜਲਦੀ ਕਰ, ਦੂਰਬੀਨ ਕਿਤੇ ਲੁਕਾ ਦੇ। ਇਹ ਨਾ ਹੋਏ ਕਿ ਸਾਡੇ ਉੱਤੇ ਬਰਜਾਖ਼ੀ ਨਕਸਲਾਈਟ ਹੋਣ ਦਾ ਇਲਜ਼ਾਮ ਲੱਗ ਜੇ।’’


Comments Off on 2064 ਦਾ ਹਿੰਦੋਸਤਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.