ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

1857 ਦਾ ਗ਼ਦਰ: ਪੰਜਾਬੀ ਨਾਇਕ ਅਹਿਮਦ ਖ਼ਾਂ ਖਰਲ

Posted On May - 10 - 2019

ਸਾਲ 1857 ਦਾ ਗ਼ਦਰ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਖ਼ਿਲਾਫ਼ ਪਹਿਲੀ ਵੱਡੀ ਬਗ਼ਾਵਤ ਸੀ। ਇਹ ਬਗ਼ਾਵਤ 10 ਮਈ 1857 ਨੂੰ ਮੇਰਠ ਦੀ ਫ਼ੌਜੀ ਕੰਪਨੀ ਦੇ ਸਿਪਾਹੀਆਂ ਵੱਲੋਂ ਫ਼ੌਜ ਦੇ ਹੁਕਮ ਮੰਨਣ ਤੋਂ ਨਾਂਹ ਕਰਨ ਨਾਲ ਸ਼ੁਰੂ ਹੋਈ। ਇਸ ਬਗ਼ਾਵਤ ਦੌਰਾਨ 29 ਵਰ੍ਹਿਆਂ ਦੇ ਨੌਜਵਾਨ ਮੰਗਲ ਪਾਂਡੇ ਦਾ ਨਾਂ ਉੱਭਰ ਕੇ ਸਾਹਮਣੇ ਆਇਆ। ਇਸ ਤੋਂ ਪਹਿਲਾਂ ਵੀ ਭਾਵੇਂ ਕੁਝ ਥਾਈਂ ਅੰਗਰੇਜ਼ਾਂ ਨਾਲ ਦਸਤਪੰਜੇ ਦੀਆਂ ਵਿਕੋਲਿਤਰੀਆਂ ਖ਼ਬਰਾਂ ਆਈਆਂ ਪਰ ਇਸ ਬਗ਼ਾਵਤ ਨੇ ਹਿੰਦੋਸਤਾਨੀ ਅਵਾਮ ਉਤੇ ਵੱਡੇ ਪੱਧਰ ‘ਤੇ ਅਸਰ ਪਾਇਆ ਅਤੇ ਇਹ ਗੱਲ ਲੋਕ ਮਨਾਂ ਅੰਦਰ ਡੂੰਘੀ ਉੱਤਰ ਗਈ ਕਿ ਬਹੁਤ ਸ਼ਕਤੀਸ਼ਾਲੀ ਅੰਗਰੇਜ਼ ਹਾਕਮਾਂ ਨੂੰ ਵੰਗਾਰਿਆ ਜਾ ਸਕਦਾ ਹੈ। ਇਸ ਗ਼ਦਰ ਦੀ ਗੂੰਜ ਪੰਜਾਬ ਵਿਚ ਵੀ ਸੁਣਾਈ ਦਿੱਤੀ। ਰੋਪੜ ਵਿਚ ਮਿਹਰ ਸਿੰਘ ਦੀ ਅਗਵਾਈ ਵਿਚ ਹੋਈ ਬਗ਼ਾਵਤ ਵਿਚ ਮੁਗ਼ਲ-ਖ਼ਾਲਸਾ ਸਰਕਾਰ ਦੀ ਸਥਾਪਨਾ ਕੀਤੀ ਗਈ। ਜੈਤੋ ਵਿਚ ਸ਼ਾਮ ਦਾਸ ਦੀ ਅਗਵਾਈ ਵਿਚ ਬਗ਼ਾਵਤ ਹੋਈ ਪਰ ਸਭ ਤੋਂ ਵੱਡੀ ਬਗ਼ਾਵਤ ਅਹਿਮਦ ਖ਼ਾਂ ਖਰਲ ਦੀ ਅਗਵਾਈ ਵਿਚ ਸਾਂਦਲ ਬਾਰ ਵਿਚ ਹੋਈ।

ਅਹਿਮਦ ਖ਼ਾਂ ਖਰਲ

ਨੂਰ ਮੁਹੰਮਦ ‘ਨੂਰ’

ਬਾਰਾਂ ਅਣਵੰਡੇ ਪੰਜਾਬ ਦੇ ਉਹ ਪੱਛਮੀ ਇਲਾਕੇ ਸਨ ਜਿੱਥੇ ਪਿਛਲੀਆਂ ਸਦੀਆਂ ਵਿਚ ਵਾਹੀ-ਬੀਜੀ ਨਹੀਂ ਹੁੰਦੀ ਸੀ। ਇੱਥੋਂ ਦੇ ਵਾਸੀ ਦੁੱਧ ਦੇਣ ਵਾਲੇ ਪਸ਼ੂ ਮੱਝਾਂ, ਗਊਆਂ ਤੇ ਭੇਡਾਂ ਬੱਕਰੀਆਂ ਪਾਲਦੇ ਸਨ। ਦੁੱਧ ਅਤੇ ਘੀ ਆਮ ਹੋਣ ਕਰਕੇ ਗੱਭਰੂ ਸਜੀਲੇ ਅਤੇ ਅਣਖੀਲੇ ਹੁੰਦੇ ਸਨ। ‘ਲੋਕ ਤਵਾਰੀਖ਼’ ਦਾ ਲੇਖਕ ਸਫ਼ਾ 177 ‘ਤੇ ਜਿਹੜੀਆਂ ਬਾਰਾਂ ਦਾ ਜ਼ਿਕਰ ਕਰਦਾ ਹੈ, ਉਨ੍ਹਾਂ ਵਿਚ ਸਾਂਦਲ ਦੀ ਬਾਰ, ਕੇਰਾਨਾ ਦੀ ਬਾਰ, ਗੰਜੀ ਬਾਰ, ਨੀਲੀ ਬਾਰ, ਬਿਆਸ ਬਾਰ, ਰਾਵੀ ਬਾਰ, ਜੰਗਲ ਬਾਰ, ਖ਼ਜ਼ਾਨਾ ਬਾਰ, ਦੁੱਲੇ ਦੀ ਬਾਰ ਅਤੇ ਮਾਨਾਂ ਦੀ ਬਾਰ ਸ਼ਾਮਲ ਹਨ। ਇਨ੍ਹਾਂ ਬਾਰਾਂ ਵਿਚ ਹੀ ਸਾਂਦਲ ਦੀ ਬਾਰ ਆਉਂਦੀ ਹੈ ਜਿੱਥੋਂ ਦੇ ਖ਼ਰਲਾਂ, ਗੋਗੇਰਿਆਂ ਅਤੇ ਸਿਆਲਾਂ ਨੇ ਰਲ ਕੇ 1857 ਦੀ ਆਜ਼ਾਦੀ ਦੀ ਲੜਾਈ ਵਿਚ ਰਾਏ ਅਹਿਮਦ ਖ਼ਾਂ ਖਰਲ ਦੀ ਕਮਾਨ ਹੇਠ ਅੰਗਰੇਜ਼ ਫ਼ੌਜਾਂ ਨਾਲ ਟੱਕਰ ਲਈ।
ਕਈ ਵਿਦਵਾਨ ਉਸ ਇਲਾਕੇ ਜਿਸ ਵਿਚ ਰਾਏ ਅਹਿਮਦ ਖ਼ਾਂ ਖ਼ਰਲ ਨੇ ਆਜ਼ਾਦੀ ਦੀ ਲੜਾਈ ਲੜੀ, ਨੂੰ ਨੀਲੀ ਬਾਰ ਦਾ ਇਲਾਕਾ ਆਖਦੇ ਹਨ ਪਰ ਅਜੋਕੀਆਂ ਖੋਜਾਂ ਅਨੁਸਾਰ ਵਿਦਵਾਨ ਇਹ ਸਿੱਧ ਕਰਨ ਵਿਚ ਕਾਮਯਾਬ ਹੋ ਗਏ ਹਨ ਕਿ ਇਹ ਲੜਾਈ ਨੀਲੀ ਬਾਰ ਨਹੀਂ ਸਗੋਂ ਸਾਂਦਲ ਬਾਰ ਵਿਚ ਲੜੀ ਗਈ ਸੀ। ਸਾਂਦਲ ਬਾਰ ਦੀ ਜੂਹ ਦਾ ਜ਼ਿਕਰ ਕਰਦਿਆਂ ‘ਪੰਜਾਬੀ ਲੋਕ ਧਾਰਾ’ ਦਾ ਲੇਖਕ ਵਣਜਾਰਾ ਬੇਦੀ ਲਿਖਦਾ ਹੈ ਕਿ ਸਾਂਦਲ ਬਾਰ ਦੀ ਜੂਹ ਵਿਚ ਰਾਵੀ ਤੇ ਝਨਾਂ ਦਾ ਉਹ ਵਿਚਕਾਰਲਾ ਇਲਾਕਾ ਆਉਂਦਾ ਹੈ ਜਿਸ ਵਿਚ ਸ਼ੇਖ਼ੂਪੁਰਾ, ਮਿੰਟਗੁਮਰੀ, ਝੰਗ ਅਤੇ ਲਾਇਲਪੁਰ ਦੇ ਜ਼ਿਲ੍ਹੇ ਸ਼ਾਮਲ ਹਨ।
ਹਿੰਦੁਸਤਾਨ ਵਿਚ ਆਜ਼ਾਦੀ ਦੀ ਲੜਾਈ ਦਾ ਮੁੱਢ ਭਾਵੇਂ ਮੇਰਠ ਤੋਂ ਬੱਝਿਆ ਪਰ ਅਜੋਕੇ ਪੱਛਮੀ ਪੰਜਾਬ ਵਿਚ ਇਸ ਦਾ ਮੁੱਢ ਉਦੋਂ ਬੱਝਿਆ ਜਦੋਂ 6 ਜੁਲਾਈ 1857 ਨੂੰ ਸਾਂਦਲ ਦੀ ਬਾਰ ਦਾ ਜੋਇਆ ਕਬੀਲਾ ਅੰਗਰੇਜ਼ਾਂ ਨੂੰ ਮਾਮਲਾ ਦੇਣ ਤੋਂ ਇਨਕਾਰੀ ਹੋ ਗਿਆ ਅਤੇ ਛੋਟੇ ਮੋਟੇ ਹਥਿਆਰਾਂ ਨਾਲ ਅੰਗਰੇਜ਼ੀ ਫ਼ੌਜ ਦੇ ਸਾਹਮਣੇ ਡਟ ਗਿਆ। ਅੰਗਰੇਜ਼ ਸਰਕਾਰ ਨੇ ਸਖ਼ਤੀ ਦਾ ਪ੍ਰਗਟਾਵਾ ਕਰਦਿਆਂ ਜੋਇਆ ਕਬੀਲੇ ਦੇ ਬਹੁਤ ਸਾਰੇ ਆਦਮੀਆਂ ਨੂੰ ਕਤਲ ਕਰ ਦਿੱਤਾ ਅਤੇ ਬਾਕੀਆਂ ਨੂੰ ਔਰਤਾਂ ਤੇ ਬੱਚਿਆਂ ਸਮੇਤ ਜੇਲ੍ਹ ਵਿਚ ਬੰਦ ਕਰ ਦਿੱਤਾ। ਉਨ੍ਹਾਂ ਦੇ ਘਰਾਂ ਨੂੰ ਤਬਾਹ ਕਰ ਦਿੱਤਾ ਅਤੇ ਫ਼ਸਲਾਂ ਉਜਾੜ ਦਿੱਤੀਆਂ।

ਗੋਗੇਰਾ ਕਬਰਿਸਤਾਨ ਵਿਚ ਅਹਿਮਦ ਖ਼ਾਂ ਖਰਲ ਦਾ ਮਕਬਰਾ।

ਤਸਵੀਰ: ਅਮਰਜੀਤ ਚੰਦਨ

ਜਦੋਂ ਇਸ ਕਬੀਲੇ ਦੇ ਅਣਖੀਲੇ ਜੋਧਿਆਂ ਨੇ ਪੰਜਾਬ ਦੇ ਰਾਠਾਂ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਦਾ ਤੌਕ ਗਲੋਂ ਲਾਹ ਕੇ ਆਜ਼ਾਦੀ ਦੀ ਪ੍ਰਾਪਤੀ ਲਈ ਵੰਗਾਰਿਆ ਤਾਂ ਅੱਸੀ ਸਾਲ ਦੀ ਉਮਰ ਦੇ ਰਾਏ ਅਹਿਮਦ ਖ਼ਾਂ ਖਰਲ ਗੋਗੀਰਾ ਨੇ ਉਨ੍ਹਾਂ ਦੀ ਵੰਗਾਰ ਉੱਤੇ ਫੁੱਲ ਝੜ੍ਹਾਉਂਦਿਆਂ ਆਸ-ਪਾਸ ਦੇ ਕਬੀਲਿਆਂ ਨੂੰ ਇਕੱਠਾ ਕਰਕੇ ਗੋਗੀਰਾ ਜੇਲ੍ਹ ਉੱਤੇ ਧਾਵਾ ਬੋਲ ਦਿੱਤਾ।
‘ਜੰਗੇ ਆਜ਼ਾਦੀ ਕੇ ਮੁਸਲਿਮ ਮਸ਼ਾਹੀਰ’ ਦਾ ਲੇਖਕ ਸਫ਼ਾ 156 ਉੱਤੇ ਲਿਖਦਾ ਹੈ, “ਅਹਿਮਦ ਖ਼ਾਂ ਖਰਲ ਉਪੇਰਾ ਕਬੀਲੇ ਦਾ ਸਰਦਾਰ ਸੀ। ਉਸ ਨੇ ਰਾਵੀ ਤੋਂ ਸਤਲੁਜ ਤੱਕ ਦੇ ਸਾਰੇ ਵੱਡੇ ਵੱਡੇ ਕਬੀਲੇ ਅੰਗਰੇਜ਼ਾਂ ਵਿਰੁੱਧ ਆਪਣੇ ਨਾਲ ਰਲਾ ਲਏ ਜਿਨ੍ਹਾਂ ਵਿਚ ਫ਼ਤਿਆਣਾ ਅਤੇ ਕਾਠੀਆ ਕਬੀਲੇ ਮੁੱਖ ਸਨ। 26 ਜੁਲਾਈ 1857 ਨੂੰ ਅਹਿਮਦ ਖ਼ਾਂ ਖਰਲ ਨੇ ਗੋਗੀਰਾ ਜੇਲ੍ਹ ਵਿਚ ਹੰਗਾਮਾ ਕਰਵਾ ਦਿੱਤਾ। ਕੈਦੀ ਅਜੇ ਜੇਲ੍ਹ ਤੋੜ ਕੇ ਬਾਹਰ ਨਿਕਲ ਹੀ ਰਹੇ ਸਨ ਕਿ ਅੰਗਰੇਜ਼ ਫ਼ੌਜ ਨੇ ਉੱਥੇ ਪਹੁੰਚ ਕੇ ਨਿਹੱਥੇ ਕੈਦੀਆਂ ਉੱਤੇ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਵਿਚ ਚਾਲੀ ਦੇ ਕਰੀਬ ਕੈਦੀ ਮਾਰੇ ਗਏ, ਕੁਝ ਜ਼ਖ਼ਮੀ ਹੋ ਕੇ ਫੜੇ ਗਏ ਅਤੇ ਬਾਕੀ ਭੱਜ ਕੇ ਜੰਗਲ ਵਿਚ ਜਾ ਛੁਪੇ।”
ਅਹਿਮਦ ਖ਼ਾਂ ਖਰਲ ਦਾ ਜਨਮ 1776 ਵਿਚ ਪਿੰਡ ਚਾਮਰਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਰਾਏ ਨੱਥੂ ਖ਼ਾਂ ਖਰਲ ਸੀ ਜਿਹੜੇ ਖਰਲ ਕਬੀਲੇ ਦੇ ਸਰਦਾਰ ਸਨ। ਪਿਤਾ ਦੀ ਮੌਤ ਤੋਂ ਬਾਅਦ ਉਹ ਖਰਲ ਕਬੀਲੇ ਦੇ ਸਰਦਾਰ ਬਣੇ। ਜਦੋਂ ਉਨ੍ਹਾਂ ਨੇ ਜੋਇਆ ਕਬੀਲੇ ਦੇ ਜੁਝਾਰੂਆਂ ਦੀ ਹਮਾਇਤ ਵਿਚ ਜੇਲ੍ਹ ਦੀਆਂ ਕੰਧਾਂ ਢਾਹ ਕੇ ਕੈਦੀਆਂ ਨੂੰ ਆਜ਼ਾਦ ਕਰਵਾ ਲਿਆ ਤਾਂ ਅੰਗਰੇਜ਼ ਸਰਕਾਰ ਚਿੜ ਗਈ ਅਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਪਰ ਉਸ ਦੇ ਜੋਟੀਦਾਰ ਮੁਰਾਦ ਫ਼ਤਿਆਨਾ ਨੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਇਕੱਠਾ ਕਰਕੇ ਲੜਾਈ ਦਾ ਬਿਗਲ ਵਜਾ ਦਿੱਤਾ। ਲੋਕਾਂ ਦੇ ਰੋਹ ਨੂੰ ਦੇਖਦਿਆਂ ਅੰਗਰੇਜ਼ਾਂ ਨੇ ਅਹਿਮਦ ਖ਼ਾਂ ਖਰਲ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ।
1857 ਦੀ ਆਜ਼ਾਦੀ ਦੀ ਲੜਾਈ ਸਮੇਂ ਇਸ ਇਲਾਕੇ ਦਾ ਅਸਿਸਟੈਂਟ ਕਮਿਸ਼ਨਰ ਮਿਸਟਰ ਬਰਕਲੇ ਸੀ। ਉਸ ਨੇ ਅਹਿਮਦ ਖ਼ਾਂ ਖਰਲ ਨੂੰ ਅੰਗਰੇਜ਼ ਪੱਖੀ ਬਣਾਉਣ ਲਈ ਉਸ ਨਾਲ ਦੋਸਤੀ ਗੰਢਣ ਦੀਆਂ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਸਾਂਦਲ ਬਾਰ ਦੇ ਸਾਰੇ ਕਬੀਲਿਆਂ ਦਾ ਇਕੱਠ ਕੀਤਾ ਜਿਸ ਵਿਚ ਖਰਲ ਵੀ ਸ਼ਾਮਲ ਸੀ। ਲੇਖਕ ਅਤੇ ਖੋਜਕਾਰ ਸ਼ਾਰਿਬ ਅਨਸਾਰੀ ਆਪਣੀ ਰਚਨਾ ‘ਕੰਨੀ ਬੂੰਦੇ’ ਵਿਚ ਸਫ਼ਾ 213 ਉੱਤੇ ਲਿਖਦੇ ਹਨ, ਕਿਹਾ ਜਾਂਦਾ ਹੈ ਕਿ ਜਦੋਂ ਕਮਿਸ਼ਨਰ ਬਰਕਲੇ ਨੇ ਰਾਏ ਅਹਿਮਦ ਖ਼ਾਂ ਖਰਲ ਨਾਲ ਦੋਸਤੀ ਗੰਢਣ ਦੇ ਬਹਾਨੇ ਉਸ ਤੋਂ ਉਸ ਦੀ ਘੋੜੀ ਮੰਗੀ ਤਾਂ ਅੱਗਿਓਂ ਜਵਾਬ ਮਿਲਿਆ:
“ਭੋਇੰ, ਰੰਨਾਂ, ਘੋੜੀਆਂ ਕਿਸੇ ਲਿਖ ਨਾ ਦਿੱਤੀਆਂ।”

ਸੁਲੇਖ: ਜਤਿੰਦਰ ਸਿੰਘ

ਉਪਰੋਕਤ ਪੰਕਤੀ ਦੀ ਵਿਆਖਿਆ ਕਰਦਿਆਂ ਖ਼ੋਜਕਾਰ ਮੁਹੰਮਦ ਆਸਿਫ਼ ਲਿਖਦੇ ਹਨ ਕਿ ਇਹ ਸਤਰ ਅਹਿਮਦ ਖ਼ਾਂ ਖਰਲ ਦੀ ਤਾਰੀਫ਼ ਵਿਚ ਲਿਖੇ ਢੋਲੇ ਦੀ ਪੰਕਤੀ ਹੈ ਜਿਸ ਦਾ ਸ਼ਾਇਰ ਮੀਰਦਾਦ ਮਰੂਆਨਾ ਹੈ ਜਿਹੜਾ ਹੜੱਪਾ ਦੇ ਨੇੜੇ ਰਹਿੰਦਾ ਸੀ ਅਤੇ ਅਹਿਮਦ ਖ਼ਾਂ ਖਰਲ ਦਾ ਸਮਕਾਲੀ ਸੀ। ਸ਼ਾਰਿਬ ਅਨਸਾਰੀ ‘ਕੰਨੀ ਬੂੰਦੇ’ ਵਿਚ ਸਫ਼ਾ 213 ਉੱਤੇ ਲਿਖਦੇ ਹਨ: “ਸਾਂਦਲ ਬਾਰ ਦੇ ਲੋਕ ਅੰਗਰੇਜ਼ ਅਸਿਸਟੈਂਟ ਕਮਿਸ਼ਨਰ ਬਰਕਲੇ ਨੂੰ ਨਫ਼ਰਤ ਵਜੋਂ ਬਰਕਲੀ ਆਖਦੇ ਹਨ।” ਉਪਰੋਕਤ ਲਿਖਤਾਂ ਤੋਂ ਸਾਫ਼ ਜ਼ਾਹਰ ਹੈ ਕਿ ਲੋਕ ਅਹਿਮਦ ਖ਼ਾਂ ਖਰਲ ਨੂੰ ਕਿੰਨਾ ਚਾਹੁੰਦੇ ਸਨ।
ਸਾਂਦਲ ਦੀ ਬਾਰ ਦੇ ਕਬੀਲਿਆਂ ਜਿਨ੍ਹਾਂ ਵਿਚ ਕਾਠੀਏ, ਵੱਟੂ, ਬਘੇਲੇ, ਫ਼ਤਿਆਣੇ, ਅਤੇ ਖਰਲ ਸ਼ਾਮਲ ਸਨ, ਨੇ ਭਰਵਾਂ ਇਕੱਠ ਕਰਕੇ ਅੰਗਰੇਜ਼ਾਂ ਨਾਲ ਸਿੱਝਣ ਲਈ ਅਹਿਮਦ ਖ਼ਾਂ ਖਰਲ ਨੂੰ ਆਪਣਾ ਸਰਦਾਰ ਚੁਣ ਲਿਆ ਅਤੇ ਮਾਲੀਆ ਇਕੱਠਾ ਕਰਨ ਆਏ ਅੰਗਰੇਜ਼ ਅਫਸਰਾਂ ਨੂੰ ਸਾਫ਼ ਆਖ ਦਿੱਤਾ ਕਿ ਭੋਇੰ ਸਾਡੀ ਏ ਅਤੇ ਅਸੀਂ ਅੰਗਰੇਜ਼ਾਂ ਤੋਂ ਨਹੀਂ ਲਈ। ਮਾਲੀਆ ਤਾਂ ਅਸੀਂ ਉਦੋਂ ਨਹੀਂ ਦਿੱਤਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਕਬੀਲਿਆਂ ਦੇ ਏਕੇ ਦੀ ਖ਼ਬਰ ਗੱਦਾਰਾਂ ਤੱਕ ਵੀ ਅੱਪੜ ਗਈ ਅਤੇ ਸਰਫ਼ਰਾਜ਼ ਅਹਿਮਦ ਨਾਂ ਦਾ ਗ਼ੱਦਾਰ ਰਾਤ ਦੇ ਗਿਆਰਾਂ ਵਜੇ ਕਮਿਸ਼ਨਰ ਬਰਕਲੇ ਦੀ ਕੋਠੀ ਪਹੁੰਚ ਗਿਆ। ਸਵੇਰ ਹੁੰਦਿਆਂ ਹੀ ਅੰਗਰੇਜ਼ ਪੁਲੀਸ ਨੇ ਕਸ਼ੋਕਰੀ ‘ਤੇ ਛਾਪਾ ਮਾਰਿਆ ਗਿਆ ਪਰ ਅਹਿਮਦ ਖ਼ਾਂ ਖ਼ਰਲ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਿਆ।
ਕਬੀਲਿਆਂ ਨੂੰ ਲਾਮਬੰਦ ਕਰਨ ਤੋਂ ਬਾਅਦ ਅਹਿਮਦ ਖ਼ਾਂ ਖਰਲ ਨੇ ਗੋਗੀਰਾ ਜ਼ਿਲ੍ਹਾ ਸਾਹੀਵਾਲ ਤੋਂ ਅੰਗਰੇਜ਼ਾਂ ਖ਼ਿਲਾਫ਼ ਆਜ਼ਾਦੀ ਦੀ ਲੜਾਈ ਸ਼ੁਰੂ ਕਰ ਦਿੱਤੀ ਅਤੇ ਮੁਲਤਾਨ ਤੋਂ ਲਾਹੌਰ ਜਾਣ ਵਾਲੀ ਸਰਕਾਰੀ ਡਾਕ ਰੋਕ ਲਈ। ਉਸ ਨੇ ਆਪਣੀ ਇਸ ਛੋਟੀ ਜਿੰਨੀ ਫ਼ੌਜ ਨਾਲ ਗੋਗੀਰਾ ਤੋਂ ਝੁਮਰੇ ਵੱਲ ਚਾਲੇ ਪਾ ਦਿੱਤੇ। ਰਾਵੀ ਦੇ ਨੇੜੇ ਅਹਿਮਦ ਖ਼ਾਂ ਖਰਲ ਦੇ ਸਿਪਾਹੀਆਂ ਦੀ ਅੰਗਰੇਜ਼ੀ ਫ਼ੌਜ ਨਾਲ ਪਹਿਲੀ ਟੱਕਰ ਹੋਈ। ਅੰਗਰੇਜ਼ ਕਮਾਂਡਰ ਬਰਕਲੇ ਚਾਹੁੰਦਾ ਸੀ ਕਿ ਰਾਵੀ ਪਾਰ ਕਰਨ ਤੋਂ ਪਹਿਲਾਂ ਹੀ ਅਹਿਮਦ ਖ਼ਾਂ ਖਰਲ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ ਪਰ ਉਹ ਅਜਿਹਾ ਨਾ ਕਰ ਸਕਿਆ। ਦਰਿਆ ਪਾਰ ਕਰਨ ਤੋਂ ਬਾਅਦ ਆਪਣੇ ਇਲਾਕੇ ਵਿਚ ਪਹੁੰਚਦਿਆਂ ਹੀ ਅਹਿਮਦ ਖ਼ਾਂ ਖਰਲ ਨੇ ਐਲਾਨ ਕਰ ਦਿੱਤਾ ਕਿ ਉਹ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਦਾ ਵਫ਼ਾਦਾਰ ਸਿਪਾਹੀ ਹੈ ਅਤੇ ਅੰਗਰੇਜ਼ਾਂ ਨੂੰ ਮੁਲਕ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਹੈ। ਉਸ ਦੇ ਐਲਾਨ ਕਰਦਿਆਂ ਹੀ ਸਾਰਾ ਇਲਾਕਾ ਉਸ ਦੇ ਨਾਲ ਉੱਠ ਖਲੋਇਆ। ‘ਜੰਗੇ ਆਜ਼ਾਦੀ ਕੇ ਮੁਸਲਿਮ ਮਸ਼ਾਹੀਰ’ ਦਾ ਲੇਖਕ ਲਿਖਦਾ ਹੈ:

ਤਸਵੀਰ: ਅਮਰਜੀਤ ਚੰਦਨ

“ਅੰਗਰੇਜ਼ ਸਰਕਾਰ ਨੇ ਬਰਕਲੇ ਦੀ ਸਹਾਇਤਾ ਲਈ ਕਪਤਾਨ ਅਲਫ਼ੈਂਟਸ ਨੂੰ ਹੋਰ ਫ਼ੌਜ ਦੇ ਕੇ ਭੇਜਿਆ ਜਿਸ ਦੇ ਸਿਪਾਹੀਆਂ ਵਿਚ ਬਹੁਤੀ ਗਿਣਤੀ ਪੰਜਾਬੀ ਫ਼ੌਜੀਆਂ ਦੀ ਸੀ। ਨਵਾਬ ਸਾਦਿਕ ਅਲੀ ਖ਼ਾਂ ਨੇ ਵੀ ਆਪਣੀ ਦਸ ਹਜ਼ਾਰ ਫ਼ੌਜ ਨਾਲ ਅੰਗਰੇਜ਼ਾਂ ਦੀ ਸਹਾਇਤਾ ਕੀਤੀ। ਜਦੋਂ ਅਹਿਮਦ ਖ਼ਾਂ ਖਰਲ ਅਤੇ ਉਸ ਦੇ ਸਾਥੀਆਂ ਨੇ ਹੌਸਲਾ ਨਾ ਛੱਡਿਆ ਤਾਂ ਅੰਗਰੇਜ਼ਾਂ ਨੇ ਝੁਮਰਾ ਨਾਂ ਦੇ ਕਸਬੇ ਨੂੰ ਅੱਗ ਲਾ ਦਿੱਤੀ ਅਤੇ ਆਪਣੇ ਮੁਖ਼ਬਰਾਂ ਰਾਹੀ ਅਫ਼ਵਾਹ ਫੈਲਾ ਦਿੱਤੀ ਕਿ ਇਹ ਅੱਗ ਅਹਿਮਦ ਖ਼ਾਂ ਖਰਲ ਨੇ ਲਗਵਾਈ ਹੈ। ਅੱਗ ਤੋਂ ਭੜਕੇ ਝੁਮਰਾ ਦੇ ਖਰਲਾਂ ਨੇ ਅੰਗਰੇਜ਼ਾਂ ਦੇ ਹਿੰਦੁਸਤਾਨੀ ਪਿੱਠੂਆਂ ਦੀਆਂ ਗੱਲਾਂ ਵਿਚ ਆ ਕੇ ਅਹਿਮਦ ਖ਼ਾਂ ਖਰਲ ਦਾ ਸਾਥ ਛੱਡ ਦਿੱਤਾ। ਹੁਣ ਅਹਿਮਦ ਖ਼ਾਂ ਨੇ ਵੱਟੂ ਅਤੇ ਸਾਰੰਗ ਕਬੀਲਿਆਂ ਦੇ ਲੋਕਾਂ ਨੂੰ ਨਾਲ ਲੈ ਕੇ ਕਸ਼ਕੋਰੀ ਦੇ ਜੰਗਲ ਵਿਚ ਡੇਰੇ ਲਾ ਲਏ ਅਤੇ ਛਾਪਾਮਾਰ ਲੜਾਈ ਸ਼ੁਰੂ ਕਰ ਦਿੱਤੀ।”
ਅਹਿਮਦ ਖ਼ਾਂ ਖਰਲ ਦੀਆਂ ਛਾਪਾਮਾਰ ਲੜਾਈਆਂ ਤੋਂ ਤੰਗ ਆਏ ਅੰਗਰੇਜ਼ਾਂ ਨੇ ਹਿੰਦੁਸਤਾਨ ਦੇ ਹੋਰ ਇਲਾਕਿਆਂ ਤੋਂ ਫ਼ੌਜ ਇਕੱਠੀ ਕਰਕੇ 21 ਜਨਵਰੀ 1858 ਨੂੰ ਜੰਗਲ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ। ਜੰਗਲ ਵਿਚ ਜਿਹੜੀਆਂ ਝੜਪਾਂ ਹੋਈਆਂ, ਉਸ ਵਿਚ ਅਹਿਮਦ ਖ਼ਾਂ ਦੇ ਸਿਪਾਹੀਆਂ ਨੇ ਅੰਗਰੇਜ਼ ਫ਼ੌਜ ਦੇ ਕਈ ਅਫ਼ਸਰਾਂ ਨੂੰ ਮਾਰ ਮੁਕਾਇਆ। ਸ਼ਾਮ ਦੇ ਸਮੇਂ ਅੰਗਰੇਜ਼ੀ ਫ਼ੌਜ ਜੰਗਲ ਵਿਚੋਂ ਬਾਹਰ ਨਿਕਲ ਕੇ ਇਕ ਨਾਲੇ ਉੱਤੇ ਇਕੱਠੀ ਹੋ ਗਈ। ਅਗਲੀ ਸਵੇਰ ਅੰਗਰੇਜ਼ੀ ਫ਼ੌਜ ਨੇ ਪੂਰੇ ਜ਼ੋਰ ਨਾਲ ਚਾਰੇ ਪਾਸਿਉਂ ਜੰਗਲ ਉੱਤੇ ਹਮਲਾ ਕਰ ਦਿੱਤਾ। ਘਮਸਾਨ ਦੀ ਲੜਾਈ ਵਿਚ ਅਹਿਮਦ ਖ਼ਾਂ ਖਰਲ, ਉਸ ਦਾ ਭਤੀਜਾ ਮੁਰਾਦ ਅਤੇ ਸਾਰੰਗ ਸ਼ਹੀਦ ਹੋ ਗਏ। ਅੱਖੀਂ ਦੇਖਣ ਵਾਲਿਆਂ ਨਾਲ ਗੱਲ ਕਰਨ ਤੋਂ ਬਾਅਦ ਸ਼ਾਰਿਬ ਅਨਸਾਰੀ ਲਿਖਦਾ ਹੈ ਕਿ ਜਦੋਂ ਜ਼ਖ਼ਮੀ ਅਹਿਮਦ ਖ਼ਾਂ ਦਾ ਸਿਰ ਕੱਟਣ ਲਈ ਇਕ ਅੰਗਰੇਜ਼ ਅਫ਼ਸਰ ਅੱਗੇ ਵਧਿਆ ਤਾਂ ਉਸ ਨੇ ਤਲਵਾਰ ਦੇ ਇਕੋ ਵਾਰ ਨਾਲ ਅੰਗਰੇਜ਼ ਅਫ਼ਸਰ ਨੂੰ ਮਾਰ ਮੁਕਾਇਆ।
ਸੰਦਲ ਦੀ ਬਾਰ ਦਾ ਇਕ ਹੋਰ ਲੇਖਕ ਅਹਿਮਦ ਖ਼ਾਂ ਖਰਲ ਦੀ ਮੌਤ ਬਾਰੇ ਲਿਖਦਾ ਹੈ ਕਿ ਅਸਰ ਦੀ ਨਮਾਜ਼ ਦੇ ਸਮੇਂ ਜਦੋਂ ਅਹਿਮਦ ਖ਼ਾਂ ਖਰਲ, ਉਸ ਦਾ ਭਤੀਜਾ ਮੁਰਾਦ ਅਤੇ ਹੋਰ ਸਾਥੀ ਜੰਗਲ ਵਿਚ ਨਮਾਜ਼ ਪੜ੍ਹ ਰਹੇ ਸਨ ਤਾਂ ਅੰਗਰੇਜ਼ ਫ਼ੌਜ ਦੀ ਟੁਕੜੀ ਉੱਧਰ ਆ ਪਹੁੰਚੀ ਅਤੇ ਨਮਾਜ਼ ਪੜ੍ਹ ਰਹੇ ਅਹਿਮਦ ਖ਼ਾਂ ਖਰਲ ਉੱਤੇ ਅੰਗਰੇਜ਼ ਸਿਪਾਹੀ ਗੁਲਾਬ ਰਾਏ ਬੇਦੀ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਉਹ ਮੌਕੇ ‘ਤੇ ਹੀ ਸ਼ਹੀਦ ਹੋ ਗਿਆ ਅਤੇ ਇਕ ਅੰਗਰੇਜ਼ ਅਫ਼ਸਰ ਨੇ ਅੱਗੇ ਵਧ ਕੇ ਉਸ ਦਾ ਸਿਰ ਕੱਟ ਲਿਆ। ਕਿਹਾ ਜਾਂਦਾ ਹੈ ਕਿ ਇਸ ਸਿਰ ਨੂੰ ਰਾਤ ਦੇ ਸਮੇਂ ਘੜੇ ਵਿਚ ਬੰਦ ਕਰਕੇ ਕੋਤਵਾਲੀ ਦੇ ਅੰਦਰ ਰੱਖ ਦਿੱਤਾ ਜਾਂਦਾ ਅਤੇ ਦਿਨ ਵੇਲੇ ਘੜੇ ਚੋਂ ਬਾਹਰ ਕੱਢ ਕੇ ਕੋਤਵਾਲੀ ਦੇ ਦਰਵਾਜ਼ੇ ਉੱਤੇ ਟੰਗ ਦਿੱਤਾ ਜਾਂਦਾ। ਰਾਤ ਦੇ ਹਨੇਰੇ ਵਿਚ ਜਦੋਂ ਝਾਵਰ ਦੇ ਇਕ ਸਿਪਾਹੀ ਦੀ ਡਿਊਟੀ ਆਈ ਤਾਂ ਉਹ ਸਿਰ ਲੈ ਕੇ ਭੱਜ ਗਿਆ ਅਤੇ ਅਹਿਮਦ ਖ਼ਾਂ ਖਰਲ ਦੀ ਕਬਰ ਲੱਭ ਕੇ ਉਸ ਵਿਚ ਦਫ਼ਨਾਉਣ ਤੋਂ ਬਾਅਦ ਡਿਉਟੀ ‘ਤੇ ਆ ਹਾਜ਼ਰ ਹੋਇਆ।
ਅਹਿਮਦ ਖ਼ਾਂ ਦੀ ਸ਼ਹੀਦੀ ਤੋਂ ਬਾਅਦ ਉਸ ਦੇ ਸਾਥੀ ਅੰਗਰੇਜ਼ ਫ਼ੌਜ ਉੱਤੇ ਛਾਪਾਮਾਰ ਹਮਲੇ ਕਰਦੇ ਰਹੇ। ਉਹ ਜੰਗਲ ਵਿੱਚੋਂ ਬਾਹਰ ਨਿਕਲਦੇ ਅਤੇ ਅੰਗਰੇਜ਼ ਫ਼ੌਜ ‘ਤੇ ਹਮਲਾ ਕਰਕੇ ਅੰਦਰ ਛੁਪ ਜਾਂਦੇ। ਅਜਿਹੇ ਹੀ ਇਕ ਹਮਲੇ ਵਿਚ ਕਮਿਸ਼ਨਰ ਬਰਕਲੇ ਵੀ ਮਾਰਿਆ ਗਿਆ ਅਤੇ ਉਸ ਦੀ ਥਾਂ ਕਰਨਲ ਪੀਟਰ ਨੇ ਲੈ ਲਈ। ਮੁਜਾਹਿਦਾਂ ਨੇ ਜੰਗਲ ਵਿਚੋਂ ਬਾਹਰ ਨਿਕਲ ਕੇ ਹੜੱਪਾ ਅਤੇ ਚੀਚਾ ਵਤਨੀ ਉੱਤੇ ਵੀ ਕੁਝ ਦਿਨ ਕਬਜ਼ਾ ਕਰੀਂ ਰੱਖਿਆ। ਅੰਗਰੇਜ਼ਾਂ ਨੇ ਲਾਹੌਰ, ਮੁਲਤਾਨ ਅਤੇ ਗੁਰਦਾਸਪੁਰ ਤੋਂ ਹੋਰ ਫ਼ੌਜ ਮੰਗਵਾ ਲਈ। ਕਿਲ੍ਹਾ ਝੱਲੀ ਦੇ ਸਥਾਨ ‘ਤੇ ਦੋਵਾਂ ਫ਼ੌਜਾਂ ਵਿਚਕਾਰ ਲੜਾਈ ਹੋਈ ਜਿਸ ਵਿਚ ਅੰਗਰੇਜ਼ਾਂ ਦਾ ਪਾਸਾ ਭਾਰੀ ਰਿਹਾ ਅਤੇ ਉਨ੍ਹਾਂ ਨੇ ਇਕ ਇਕ ਕਰਕੇ ਆਜ਼ਾਦੀ ਘੁਲਾਟੀਆਂ ਦੇ ਅਧੀਨ ਹੋਏ ਸਥਾਨਾਂ ਉੱਤੇ ਕਬਜ਼ਾ ਕਰ ਲਿਆ। ਬਹੁਤ ਸਾਰੇ ਆਜ਼ਾਦੀ ਘੁਲਾਟੀਏ ਮਾਰੇ ਗਏ ਅਤੇ ਕੁਝ ਜੰਗਲਾਂ ਵਿਚ ਲੁਕ ਗਏ।
ਜਿੱਤ ਦੀ ਖ਼ੁਸ਼ੀ ਵਿਚ ਹੰਕਾਰੀ ਅੰਗਰੇਜ਼ ਅਫ਼ਸਰ, ਕਰਨਲ ਪੀਟਨ ਪਿੰਡ ਪਿੰਡ ਜਾ ਕੇ ਕਚਹਿਰੀਆਂ ਲਾ ਕੇ ਆਜ਼ਾਦੀ ਘੁਲਾਟੀਆਂ ਨੂੰ ਫ਼ਾਂਸੀ ਉੱਤੇ ਟੰਗਦਾ ਰਿਹਾ ਅਤੇ ਗ਼ੱਦਾਰਾਂ ਵਿਚ ਇਨਾਮ ਅਤੇ ਮੁਰੱਬੇ ਵੰਡਦਾ ਰਿਹਾ।
ਸੰਪਰਕ: 98555-51359

1913 ਵਿਚ ਸ਼ੁਰੂ ਹੋਈ ਗ਼ਦਰ ਲਹਿਰ ਦੇ ਕਵੀਆਂ ਨੇ 1857 ਦੇ ਗ਼ਦਰ ਨੂੰ ਬੜੀ ਮਾਰਮਿਕਤਾ ਨਾਲ ਯਾਦ ਕੀਤਾ। 1857 ਦੀ ਬਗ਼ਾਵਤ ਦੀ ਯਾਦ ਵਿਚ ਹੀ ਉਨ੍ਹਾਂ ਪਾਰਟੀ ਦਾ ਨਾਂ ‘ਗ਼ਦਰ ਪਾਰਟੀ’ ਰੱਖਿਆ ਤੇ ਆਪਣੇ ਅਖ਼ਬਾਰ ਦਾ ਨਾਂ ‘ਗ਼ਦਰ’ ਰੱਖਿਆ। ਗ਼ਦਰੀ ਕਵੀ ਦੁਖੀਆ ਸਿੰਘ ਨੇ ਆਪਣੀ ਕਵਿਤਾ ‘ਗ਼ਦਰ ਦੇ ਬੈਂਤ’ ਵਿਚ ਝਾਂਸੀ ਦੀ ਰਾਣੀ ਨੂੰ ਇੰਝ ਯਾਦ ਕੀਤਾ ਹੈ:
ਜੇਹਨਾਂ ਵਿਚ ਸਤਵੰਜਾ ਦੇ ਗ਼ਦਰ ਕੀਤਾ, ਪੁਤਰ ਹਿੰਦ ਦੇ ਓਹ ਅਣਖ ਦਾਰ ਭੀ ਸੀ।
ਰਲਕੇ ਨਾਲ ਟਰੇਟਰਾਂ ਬੇਈਮਾਨਾਂ, ਲਈ ਘੇਰ ਝਾਂਸੀ ਵਿਚਕਾਰ ਭੀ ਸੀ।
‘ਝਾਂਸੀ ਛੱਡ’ ਲਿਖਿਆ ਲਫ਼ਜ਼ ਦੇਖਿਆ ਜਾਂ, ਲੱਗੀ ਸਾਂਗ ਸੀਨੇ ਵਿਚਕਾਰ ਭੀ ਸੀ।
ਦੇਖਣ ਸਾਰ ਹੀ ਅੱਖੀਆਂ ਲਾਲ ਹੋਈਆਂ, ਚੇਹਰਾ ਭਖੇ ਜਿਉਂ ਭਖੇ ਅੰਗਿਆਰ ਭੀ ਸੀ।
ਝਾਂਸੀ ਛੱਡਸਾਂ ਨਾ ਜਿਚਰ ਜਾਨ ਮੇਰੀ, ਲਿਖੇ ਲਖਸ਼ਮੀ ਬਾਈ ਲਲਕਾਰ ਭੀ ਸੀ।
ਜਦੋਂ ਬਦਲਦੀ ਭੇਸ ਬਹਾਦਰਾਂ ਦਾ, ਸੋਹਣੇ ਸੱਜਦੇ ਬਦਨ ਹਥਿਯਾਰ ਭੀ ਸੀ।
ਦੇਵਾਂ ਜਾਣ ਝਾਂਸੀ! ਮੇਰੀ ਜਾਨ ਝਾਂਸੀ, ਲਿਯਾ ਜਾਣ ਝਾਂਸੀ ਗਲ ਦਾ ਹਾਰ ਭੀ ਸੀ।
ਮੇਰੀ ਜਾਨ ਝਾਂਸੀ ਮੇਰਾ ਮਾਣ ਝਾਂਸੀ, ਮੇਰਾ ਨਾਲ ਝਾਂਸੀ ਡਾਹਡਾ ਪਿਯਾਰ ਭੀ ਸੀ।
ਮੈਥੋਂ ਜੀਉਂਦੀ ਕਰੇ ਅਲਗ ਝਾਂਸੀ, ਕੇਹਦਾ ਕਦਰ ਦੁਨੀਯਾਂ ਵਿਚਕਾਰ ਭੀ ਸੀ।
ਕੇਹੜਾ ਜੰਮਿਆਂ ਏ ਝਾਂਸੀ ਲੈਣ ਵਾਲਾ, ਜਿਸਨੂੰ ਹੌਂਸਲਾ ਲਵੇ ਨਤਾਰ ਭੀ ਸੀ।
ਸਿਰਫ ਧਮਕੀਆਂ ਨਾਲ ਨਾ ਮਿਲੂ ਝਾਂਸੀ, ਸ਼ਾਇਦ ਮਿਲੂਗੀ ਨਾਲ ਤਲਵਾਰ ਭੀ ਸੀ।
ਆਓ ਵਿਚ ਮੈਦਾਨ ਦੇ ਹੱਥ ਦੇਖੋ, ਨਾਲੇ ਕਰੋ ਰੋਕੋ ਮੇਰਾ ਵਾਰ ਭੀ ਸੀ।
ਜੀਉਂਦੀ ਜਾਨ ਨਾ ਪਿਛਾਂ ਨੂੰ ਮੂੰਹ ਕੀਤਾ, ਓਹ ਸਪੁੱਤਰੀ ਹਿੰਦ ਦੁਲਾਰ ਭੀ ਸੀ।
ਹਾਰ ਥੱਕ ਕੇ ਅੰਤ ਸ਼ਹੀਦ ਹੋਈ, ਪਿਯਾਰੀ ਗਈ ਸੁਵਰਗ ਸਧਾਰ ਭੀ ਸੀ।
ਰਾਣੀ ਲਖਛਮੀ ਲੱਛਮੀ ਰੂਪ ਧਰ ਕੇ, ਹਿੰਦੋਸਤਾਨ ਨੂੰ ਲਿਯਾ ਉਭਾਰ ਭੀ ਸੀ।

ਗ਼ਦਰ ਦੀਆਂ ਯਾਦਾਂ

ਦਿਲਾ ਦਰਦੀਆ ਦਰਦ ਹਜ਼ਾਰ ਭਾਵੇਂ, ਦਸ ਮਈ ਦਾ ਦਿਨ ਭੁਲਾਵਨਾ ਕੀ।
ਏਸੇ ਰੋਜ਼ ਆਜ਼ਾਦੀ ਦਾ ਜੰਗ ਛਿੜਿਆ, ਵਕਤ ਖੁਛੀ ਦਾ ਗਮੀ ਲਿਆਵਣਾ ਕੀ।
ਏਸੇ ਰੋਜ਼ ਪਲਾਸੀ ਦੀ ਜੰਗ ਹੋਈ, ਐਸਾ ਖੁਛੀ ਦਾ ਰੋਜ਼ ਭੁਲਾਵਨਾ ਕੀ।
ਆਪਸ ਵਿਚ ਭਾਵੇਂ ਲੜ ਕੇ ਹਾਰ ਆਈ, ਸਿੱਖੋ ਸਬਕ ਹੁਣ ਮਨੋ ਭੁਲਾਵਨਾ ਕੀ।
-ਪੰਜਾਬ ਦੀ ਗ਼ਦਰ ਲਹਿਰ ਦਾ ਕਵੀ


Comments Off on 1857 ਦਾ ਗ਼ਦਰ: ਪੰਜਾਬੀ ਨਾਇਕ ਅਹਿਮਦ ਖ਼ਾਂ ਖਰਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.