ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਨੂੰ ਯਾਦ ਕਰਦਿਆਂ

Posted On May - 22 - 2019

ਅੱਜ ਬਰਸੀ ’ਤੇ ਵਿਸ਼ੇਸ਼

ਹਰਦੀਪ ਸਿੰਘ ਝੱਜ
ਬਾਬਾ ਭਗਤ ਸਿੰਘ ਬਿਲਗਾ ਨੂੰ ਅੱਜ ਗੁਜ਼ਰਿਆਂ 10 ਵਰ੍ਹੇ ਹੋ ਗਏ ਹਨ, ਉਨ੍ਹਾਂ ਦੀ ਜੀਵਨ-ਕਹਾਣੀ ਪੰਜਾਬ ਦੇ ਆਜ਼ਾਦੀ ਘੁਲਾਟੀਏ ਯੋਧਿਆਂ ਦੇ ਸੰਘਰਸ਼ਸ਼ੀਲ ਸੁਭਾਅ ਦਾ ਅਕਸ ਪੇਸ਼ ਕਰਦੀ ਹੈ। ਉਨ੍ਹਾਂ ਦਾ ਜਨਮ ਦੋਆਬੇ ਦੇ ਮੰਜਕੀ ਖੇਤਰ ਦੇ ਇਤਿਹਾਸਕ ਪਿੰਡ ਬਿਲਗਾ, ਜ਼ਿਲ੍ਹਾ ਜਲੰਧਰ ਵਿਚ 2 ਅਪਰੈਲ, 1907 ਨੂੰ ਮਾਈ ਮਾਲਣ ਅਤੇ ਚੌਧਰੀ ਹੀਰਾ ਸਿੰਘ ਦੇ ਘਰ ਹੋਇਆ। ਬਿਲਗਾ ਜੀ ਅਜੇ ਡੇਢ ਕੁ ਵਰ੍ਹੇ ਦੇ ਸਨ ਕਿ ਬਦਕਿਸਮਤੀ ਨਾਲ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਅਜੀਤਵਾਲ ਵਿਚ ਪ੍ਰਾਇਮਰੀ ਸਕੂਲ ਤੋਂ ਚਾਰ ਜਮਾਤਾਂ ਪਾਸ ਕਰਕੇ ਚੂਹੜ ਚੱਕ ਪਿੰਡ ਦੇ ਸਕੂਲ ਤੋਂ ਅੱਠਵੀਂ ਅਤੇ ਲੁਧਿਆਣੇ ਦੇ ਮਾਲਵਾ ਖ਼ਾਲਸਾ ਹਾਈ ਸਕੂਲ ਤੋਂ ਪਹਿਲੇ ਦਰਜੇ ਵਿਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ।
ਭਗਤ ਸਿੰਘ ਬਿਲਗਾ ਨੇ ਆਪਣੀ ਪੜ੍ਹਾਈ ਕਾਰਨ ਪਰਿਵਾਰ ’ਤੇ ਚੜ੍ਹੇ ਕਰਜ਼ੇ ਨੂੰ ਉਤਾਰਨ ਅਤੇ ਆਰਥਿਕ ਹਾਲਤ ਸੁਧਾਰਨ ਦੇ ਵਿਚਾਰ ਨਾਲ ਵਿਦੇਸ਼ ਜਾਣ ਦਾ ਫੈਸਲਾ ਲਿਆ। ਸੰਨ 1927 ਨੂੰ ਪੂਰਬ ਵਿਚ ਜਾਪਾਨ ਹੁੰਦੇ ਹੋਏ ਉਹ ਅਰਜਨਟੀਨਾ ਪਹੁੰਚੇ। ਇੱਥੇ ਰੁਜ਼ਗਾਰ ਮਿਲ ਸਕਦਾ ਸੀ ਪਰ ਰੁਜ਼ਗਾਰ ਕਮਾਉਣ ਦੀ ਥਾਂ ਗ਼ਦਰ ਪਾਰਟੀ ਨਾਲ ਜੁੜ ਗਏ ਤੇ 1932 ਤੋਂ 1934 ਤੱਕ ਅਰਜਨਟੀਨਾ ਵਿਚ ਮਾਰਕਸਵਾਦ ਅਤੇ ਫ਼ੌਜੀ ਸਿਖਲਾਈ ਹਾਸਲ ਕੀਤੀ। ਉਥੋਂ ਆਜ਼ਾਦੀ ਦੀ ਲੜਾਈ ਵਿਚ ਸ਼ਾਮਲ ਹੋਣ ਲਈ ਬਿਲਗਾ ਜੀ ਔਕੜਾਂ ਦਾ ਸਾਹਮਣਾ ਕਰਦੇ ਹੋਏ ਪੰਜਾਬ ਪਹੁੰਚੇ ਤੇ ਬਾਬਾ ਕਰਮ ਸਿੰਘ ਚੀਮਾ ਤੇ ਬਾਬਾ ਭਾਗ ਸਿੰਘ ਕੈਨੇਡੀਅਨ ਨੂੰ ਮਿਲੇ ਅਤੇ 2 ਸਾਲ ਰੂਪੋਸ਼ ਹੋ ਕੇ ਕੰਮ ਕਰਦੇ ਰਹੇ। ਕਾਨ੍ਹਪੁਰ ਵਿਚ ਉਹ ਕਾਮਰੇਡ ਅਜੈ ਕੁਮਾਰ ਘੋਸ਼ ਕੋਲ ਰਹੇ ਅਤੇ ਕਮਲਾਪਤੀ ਕਾਟਨ ਮਿੱਲ ਵਿਚ ਕੰਮ ਕਰਦੇ ਰਹੇ। ਬਾਅਦ ਵਿਚ ਬਿਲਗਾ ਜੀ ਭਾਈ ਸੰਤੋਖ ਸਿੰਘ ਦੁਆਰਾ ਸਥਾਪਤ ਕੀਤੀ ‘ਕਿਰਤੀ ਕਿਸਾਨ ਪਾਰਟੀ’ ਵਿਚ ਸ਼ਾਮਲ ਹੋ ਗਏ। ਭਗਤ ਸਿੰਘ ਬਿਲਗਾ ਆਪਣੀ ਪੁਸਤਕ ‘ਮੇਰਾ ਵਤਨ’ ਦੇ ਸਫ਼ਾ 152 ’ਤੇ ਦੱਸਦੇ ਹਨ ‘ਗ਼ਦਰ ਪਾਰਟੀ, ਜਿਹੜੀ ਪਹਿਲਾਂ ਇਨਕਲਾਬੀ ਪਾਰਟੀ ਵਜੋਂ ਵਜੂਦ ਵਿਚ ਆਈ ਸੀ, ਨੇ ਜੰਗ ਦੌਰਾਨ ਹਥਿਆਰਬੰਦ ਘੋਲ ਨਾਲ ਅਜ਼ਾਦੀ ਪ੍ਰਾਪਤ ਕਰਨ ਦਾ ਨਿਸ਼ਾਨਾ ਅਪਣਾਇਆ ਸੀ, ਹੁਣ 1920 ਤੋਂ ਬਾਅਦ ਇੱਕ ਕਮਿਊਨਿਸਟ ਅਗਵਾਈ ਹੇਠ ਚੱਲਣ ਵਾਲੀ ਲਹਿਰ ਬਣ ਗਈ ਸੀ।’ ਅੰਗਰੇਜ਼ ਸਰਕਾਰ ਇਹ ਸੋਚੀ ਬੈਠੀ ਸੀ ਕਿ ਉਨ੍ਹਾਂ ਗ਼ਦਰ ਲਹਿਰ ਨੂੰ ਕੁਚਲ ਕੇ ਸ਼ਾਇਦ ਗ਼ਦਰ ਪਾਰਟੀ ਦਾ ਦਰਵਾਜਾ ਬੰਦ ਕਰ ਦਿੱਤਾ ਹੈ ਪਰ ਭਾਈ ਸੰਤੋਖ ਸਿੰਘ ਦੀ ਅਗਵਾਈ ਹੇਠ ਨਵੇਂ ਰਾਹਾਂ ਦੀ ਭਾਲ ਹੋਣ ਲੱਗੀ ਅਤੇ ਆਪਣੀਆਂ ਅਸਫ਼ਲਤਾਵਾਂ ਦੇ ਕਾਰਨਾਂ ’ਤੇ ਵਿਚਾਰ ਹੋਣ ਲੱਗੀ। ਆਖ਼ਰ ਫ਼ੈਸਲਾ ਹੋਇਆ ਕਿ ਵਿਦੇਸ਼ਾਂ ਵਿਚ ਭਾਰਤੀ ਮਜ਼ਦੂਰਾਂ, ਕਿਸਾਨਾਂ, ਦੇਸ਼ ਭਗਤਾਂ ਤੇ ਨੌਜਵਾਨ ਇਨਕਲਾਬੀਆਂ ਨੂੰ ਜਥੇਬੰਦ ਕੀਤਾ ਜਾਵੇ।
ਭਗਤ ਸਿੰਘ ਬਿਲਗਾ ਜਦੋਂ ‘ਕਿਰਤੀ ਕਿਸਾਨ ਪਾਰਟੀ’ ਦੇ ਜਨਰਲ ਸਕੱਤਰ ਸਨ ਤਾਂ ਉਨ੍ਹਾਂ ਨੂੰ ਬਾਬਾ ਇੰਦਰ ਸਿੰਘ ਬੇਰਕਾ ਨੇ ਪਨਾਹ ਦਿੱਤੀ ਸੀ। ਉਨ੍ਹਾਂ ਗੁਪਤ ਅਖ਼ਬਾਰ ‘ਲਾਲ ਢੰਡੋਰਾ’ ਵੀ ਪ੍ਰਕਾਸ਼ਿਤ ਕੀਤਾ। 1930 ਵਿਚ ਜਦੋਂ ਭਾਈ ਰਤਨ ਸਿੰਘ ਵੱਲੋਂ ਰੋਸਾਰਿਓ ਵਿਚ ਗ਼ਦਰ ਪਾਰਟੀ ਦੀ ਨਵੀਂ ਸ਼ਾਖਾ ਸਥਾਪਿਤ ਕੀਤੀ ਗਈ ਤਾਂ ਬਿਲਗਾ ਜੀ ਉਸ ਦੇ ਪਹਿਲੇ ਸੈਕਟਰੀ ਚੁਣੇ ਗਏ।
ਸੰਨ 1934 ਤੋਂ 1936 ਤੱਕ ਉਨ੍ਹਾਂ ਨੇ ਕਲਕੱਤੇ, ਕਾਨਪੁਰ ਅਤੇ ਪੰਜਾਬ ਦੀਆਂ ਕ੍ਰਾਂਤੀਕਾਰੀ ਸੰਸਥਾਵਾਂ ਵਿੱਚ ਕੰਮ ਕੀਤਾ। ਬਾਬਾ ਜੀ ਨੂੰ ਮਗਰੋਂ ਲਾਹੌਰ ਦੇ ਸ਼ਾਹੀ ਕਿਲ੍ਹੇ ਵਿਚ 2 ਮਹੀਨੇ ਪੁਲੀਸ ਦੇ ਅਣਮਨੁੱਖੀ ਤਸੀਹੇ ਵੀ ਝੱਲਣੇ ਪਏ। ਬਾਅਦ ਵਿਚ ਉਨ੍ਹਾਂ ਨੂੰ ਵਰ੍ਹੇ ਲਈ ਬਿਲਗਾ ਵਿਚ ਨਜ਼ਰਬੰਦ ਕਰ ਦਿੱਤਾ ਗਿਆ। 1938 ਵਿਚ ਉਨ੍ਹਾਂ ਨੂੰ ਸੂਬਾ ਕਾਂਗਰਸ ਕਮੇਟੀ ਦੇ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲਾਹੌਰ ਦੇ ਮੈਂਬਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਚੁਣਿਆ ਗਿਆ। ਮਗਰੋਂ ਉਨ੍ਹਾਂ ਕਾਂਗਰਸ ਦੇ ਗੁਜਰਾਤ ਸੈਸ਼ਨ ਵਿਚ ਸ਼ਮੂਲੀਅਤ ਕੀਤੀ।
ਸੰਨ 1939 ਵੱਚ ‘ਕਿਰਤੀ ਸੂਬਾ ਕਮੇਟੀ’ ਨੇ ਬਿਲਗੇ ਵਿਚ ਆਪਣੀ ਖੁਫ਼ੀਆ ਬੈਠਕ ਕਰਕੇ ‘ਲਾਲ ਝੰਡਾ’ ਗੁਪਤ ਅਖ਼ਬਾਰ ਜਾਰੀ ਕਰਨ ਦਾ ਫ਼ੈਸਲਾ ਕੀਤਾ। ਜਿਸ ਦੇ ਪਹਿਲੇ ਅੰਕ ਵਿਚ ‘ਕਿਰਤੀ ਸੂਬਾ ਕਮੇਟੀ’ ਦੀ ਜੰਗ ਬਾਰੇ ਐਲਾਨ ਦਰਜ ਸੀ। ‘ਲਾਲ ਝੰਡਾ’ ਪਰਚਾ ਨਿਕਲਦੇ ਸਾਰ ਹੀ ਦਸੰਬਰ 1939 ਵਿਚ ਬਿਲਗਾ ਜੀ ਨੂੰ ਇਕਬਾਲ ਸਿੰਘ ਹੁੰਦਲ ਸਮੇਤ ਗ੍ਰਿਫ਼ਤਾਰ ਕਰ ਕੇ 3 ਵਰ੍ਹੇ ਬਤੌਰ ਜੰਗੀ ਕੈਦੀ ਦੇ ਰੂਪ ਵਿਚ ਪਹਿਲਾਂ ਤਿੰਨ ਹਫ਼ਤੇ ਲਈ ਜਲੰਧਰ ਜੇਲ੍ਹ ਵਿਚ ਰੱਖ ਕੇ ਲਾਹੌਰ ਕਿਲ੍ਹੇ ਅਤੇ ਮਗਰੋਂ ਕੈਂਬਲਪੁਰ ਜੇਲ੍ਹ (ਜ਼ਿਲ੍ਹਾ ਅਟਕ, ਹੁਣ ਪਾਕਿਸਤਾਨ ’ਚ) ਵਿਚ ਭੇਜ ਦਿੱਤਾ ਗਿਆ, ਜਿੱਥੇ ਕਾਮਰੇਡ ਤੇਜਾ ਸਿੰਘ ਸੁਤੰਤਰ ਪਹਿਲਾਂ ਹੀ ਨਜ਼ਰਬੰਦ ਸਨ। ਪਿਊਪਲ ਵਾਰ ਦੇ ਸਮੇਂ ਦੌਰਾਨ 1942 ਵਿੱਚ ਕਮਿਊਨਿਸਟਾਂ ਵੱਲੋਂ ਜੰਗ ਦਾ ਖਾਸਾ ਸਾਮਰਾਜੀ ਜੰਗ ਦੀ ਥਾਂ ਜਨਤਾ ਦੀ ਜੰਗ ਦਾ ਐਲਾਨ ਕੀਤਾ ਗਿਆ ਤਾਂ ਕਮਿਊਨਿਸਟਾਂ ਦੀਆਂ ਰਿਹਾਈਆਂ ਸ਼ੁਰੂ ਹੋ ਜਾਣ ਦੇ ਨਾਲ ਭਗਤ ਸਿੰਘ ਬਿਲਗਾ ਨੂੰ 3 ਉੱਚ-ਕੋਟੀ ਦੇ ਕਮਿਊਨਿਸਟਾਂ ਤੇਜਾ ਸਿੰਘ ਸੁਤੰਤਰ, ਇਕਬਾਲ ਸਿੰਘ ਹੁੰਦਲ ਤੇ ਅੱਛਰ ਸਿੰਘ ਛੀਨਾ ਸਮੇਤ ਰਿਹਾਅ ਕਰ ਦਿੱਤਾ ਗਿਆ। 1 ਮਈ, 1942 ਨੂੰ ਰਿਹਾਅ ਹੋਣ ਮਗਰੋਂ ਲੁਧਿਆਣੇ ਵਿਚ ਅੰਗਰੇਜ਼ ਹਕੂਮਤ ਵਿਰੁੱਧ ਭੜਕਾਊ ਭਾਸ਼ਣ ਦੇਣ ਦੇ ਜ਼ੁਲਮ ਵਿਚ ਇੱਕ ਸਾਲ ਲਈ ਮੁੜ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ।
1947-48 ਵਿਚ ਦੇਸ਼ ਦੀ ਫ਼ਿਰਕੂ ਦਾ ਵਿਰੋਧ ਕਰਨ ’ਤੇ ਉਨ੍ਹਾਂ ਨੂੰ ਆਜ਼ਾਦ ਭਾਰਤ ਦੀ ਕਾਂਗਰਸ ਸਰਕਾਰ ਨੇ ਧਰਮਸ਼ਾਲਾ ਦੀ ਯੋਲ ਕੈਂਪ ਜੇਲ੍ਹ ਵਿਚ ਭੇਜ ਦਿੱਤਾ। ਭਗਤ ਸਿੰਘ ਬਿਲਗਾ ਦੇ ਆਖ਼ਰੀ ਵਾਰੰਟ ਐਮਰਜੈਂਸੀ ਦਾ ਵਿਰੋਧ ਕਰਨ ’ਤੇ ਨਿਕਲੇ ਅਤੇ 6 ਅਕਤੂਬਰ 2008 ਨੂੰ ਜੱਲ੍ਹਿਆਂਵਾਲੇ ਬਾਗ਼ ਦੇ ਅਸਲੀ ਸਰੂਪ ਨੂੰ ਬਚਾਉਣ, ਕਾਮਾਗਾਟਾਮਾਰੂ ਦੇ ਮੁਸਾਫ਼ਰਾਂ ਤੇ ਨਾਮਧਾਰੀ ਦੇਸ਼ ਭਗਤਾਂ ਨੂੰ ਮਾਨਤਾ ਦਿਵਾਉਣ ਸਬੰਧੀ ਕੀਤੇ ਰੋਸ ਮਾਰਚ ਨੂੰ ਉਨ੍ਹਾਂ ਦੇ ਵਿਦਰੋਹੀ ਜੀਵਨ ਦਾ ਆਖ਼ਰੀ ਅੰਦੋਲਨ ਮੰਨਿਆ ਜਾ ਸਕਦਾ ਹੈ, ਜਿਸ ਦੀ ਅਗਵਾਈ ਉਨ੍ਹਾਂ 101 ਵਰ੍ਹੇ ਦੀ ਉਮਰ ਵਿੱਚ ਵੀਲ੍ਹ ਕੁਰਸੀ ’ਤੇ ਬੈਠ ਕੇ ਕੀਤੀ ਸੀ। 22 ਮਈ 2009 ਨੂੰ ਸਵੇਰੇ 10 ਵਜੇ ਹਾਰਟਲੈਂਡ ਹਸਪਤਾਲ, ਬਰਮਿੰਘਮ (ਇੰਗਲੈਂਡ) ਵਿਚ ਉਹ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਸੰਪਰਕ: 94633-64992


Comments Off on ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਨੂੰ ਯਾਦ ਕਰਦਿਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.