ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਸੰਘਰਸ਼ ਦੀ ਦਾਸਤਾਨ

Posted On May - 30 - 2019

ਜਵਾਨੀ ਵੇਲੇ

ਸਰਬਜੀਤ ਸਿੰਘ ਹੇਰਾਂ

ਨੌਕਰੀ ਪ੍ਰਾਪਤ ਕਰਨੀ ਕਿਸੇ ਵੇਲੇ ਵੀ ਤੇ ਕਿਸੇ ਲਈ ਵੀ ਖਾਲਾ ਜੀ ਦਾ ਵਾੜਾ ਨਹੀਂ ਰਿਹਾ। ਹੁਣ ਤਾਂ ਰੁਜ਼ਗਾਰ ਦਫਤਰਾਂ ਰਾਹੀਂ ਭਰਤੀ ਨਾ ਹੋਣ ਕਰਕੇ ਕੋਈ ਇਥੇ ਨਾਮ ਦਰਜ ਕਰਵਾਉਣਾ ਜ਼ਰੂਰੀ ਨਹੀਂ ਸਮਝਦਾ। ਸਾਲ 1980 ਦੇ ਨੇੜ ਤੇੜ ਦੇ ਸਮੇਂ ਆਪਣੇ ਨੇੜਲੇ ਰੁਜ਼ਗਾਰ ਦਫਤਰ ’ਚ ਨਾਮ ਦਰਜ ਕਰਵਾਉਣ ਦੇ ਨਾਲ ਨਾਲ ਹੋਰ ਦੋ ਜ਼ਿਲ੍ਹਿਆਂ ਵਿੱਚ ਵੀ ਨਾਮ ਭੇਜਿਆ ਜਾ ਸਕਦਾ ਸੀ। ਮੈਂ ਭਾਵੇਂ ਲੁਧਿਆਣੇ ਜ਼ਿਲ੍ਹੇ ਨਾਲ ਸਬੰਧਿਤ ਸੀ ਪਰ ਮੇਰਾ ਨਾਮ ਫਿਰੋਜ਼ਪੁਰ ਦਰਜ ਹੋਣ ਕਰਕੇ ਮੈਨੂੰ ਸਰਵਿਸ ਇਸ ਜ਼ਿਲ੍ਹੇ ’ਚ ਮਿਲੀ, ਜੋ ਪੂਰੀ ਤਰ੍ਹਾਂ ਕੱਚੀ ਸੀ, ਕਿਉਂਕਿ ਮੇਰੇ ਆਰਡਰਾਂ ’ਚ ਲਿਖਿਆ ਸੀ ਕਿ ਕਰਮਚਾਰੀ ਨੂੰ ਬਿਨਾਂ ਕਾਰਨ ਦੱਸੇ ਕਿਸੇ ਵੀ ਸਮੇਂ ਫਾਰਗ ਕੀਤਾ ਜਾ ਸਕਦਾ ਸੀ।
ਸਮਾਂ ਉਹ ਸੀ ਜਦੋਂ ਪੰਜਾਬ ਉਪਰ ਖਾੜਕੂਵਾਦ ਦੇ ਬੱਦਲ ਛਾਏ ਸਨ। ਕਿਸੇ ਨਾਲ ਕੀ ਹੋਣਾ, ਸਿਰਫ ਪ੍ਰਮਾਤਮਾ ਨੂੰ ਪਤਾ ਹੁੰਦਾ ਸੀ। ਸੰਨ ਚੁਰਾਸੀ-ਪਚਾਸੀ ਦੀ ਗੱਲ ਹੈ ਜਦੋਂ ਅਪਰੇਸ਼ਨ ਬਲਿਊ ਸਟਾਰ ਅਜੇ ਹੋ ਕੇ ਹਟਿਆ ਸੀ। ਪੰਜਾਬ ’ਚ ਕਰਫਿਊ ਕਈ ਵਾਰ ਦਿਨੇ ਹਟਾ ਦਿੱਤਾ ਜਾਂਦਾ ਅਤੇ ਸ਼ਾਮ ਛੇ ਵਜੇ ਤੋਂ ਸਵੇਰ ਦੇ ਛੇ ਵਜੇ ਤੱਕ ਲਗਾ ਦਿੱਤਾ ਜਾਂਦਾ। ਮੈਨੂੰ ਨੌਕਰੀ ਕੱਚੀ ਹੋਣ ਕਰ ਕੇ ਆਰਡਰ ਰੀਨੀਊ ਕਰਵਾਉਣ ਲਈ ਉਨਾਨਵੇਂ ਦਿਨਾਂ ਬਾਅਦ ਫਿਰੋਜ਼ਪੁਰ ਜਾਣਾ ਪੈਂਦਾ। ਦਿਨ ਵੇਲੇ ਬੱਸਾਂ ਸਕਿਉਰਟੀ ਨਾਲ ਚੱਲਦੀਆਂ, ਕਈ ਵਾਰ ਨਹੀਂ ਵੀ ਚੱਲਦੀਆਂ ਸਨ। ਇਨ੍ਹੀ ਦਿਨੀਂ ਮੈਂ ਭੰਗਾਲ ਸਕੂਲ ’ਚ ਜੁਆਇਨ ਕਰਕੇ ਮੁੜਿਆ ਹੀ ਸਾਂ ਕਿ ਤਿੰਨ ਕੁ ਦਿਨ ਬਾਅਦ ਮੇਰੀ ਰਿਲੀਵਿੰਗ ਰਿਪੋਰਟ ਡਾਕ ’ਚ ਘਰ ਆ ਗਈ, ਕਿਉਂਕਿ ਕੋਈ ਪਰਮਾਨੈਂਟ ਮੇਰੀ ਥਾਂ ਜੁਆਇਨ ਕਰ ਗਿਆ ਸੀ। ਜੂਨ ਦੀ ਤਪਦੀ ਦੁਪਹਿਰ ਮੈਂ ਫਿਰੋਜ਼ਪੁਰ ਵਾਲੀ ਬੱਸ ਫੜੀ ਤਾਂ ਕਿ ਨਵੇਂ ਸਟੇਸ਼ਨ ਦੇ ਹੁਕਮ ਪ੍ਰਾਪਤ ਕਰ ਸਕਾਂ। ਆਰਡਰ ਤਾਂ ਮਿਲ ਗਏ ਪਰ ਜਾਣ ਦਾ ਸਮਾਂ ਨਹੀਂ ਸੀ ਕਿਉਂਕਿ ਨਵਾਂ ਸਟੇਸ਼ਨ ਅਬੋਹਰ ਤੋਂ ਅੱਗੇ ਤੀਹ ਕਿਲੋਮੀਟਰ ਸੀ ਜਿੱਥੇ ਕੋਈ ਸਿੱਧੀ ਬੱਸ ਨਹੀਂ ਜਾਂਦੀ ਸੀ।
ਫਿਰੋਜ਼ਪੁਰ ਦੀ ਇੱਕ ਧਰਮਸ਼ਾਲਾ ਵਿੱਚ ਰੈਣ ਬਸੇਰਾ ਕੀਤਾ ਜਿੱਥੋਂ ਪਤਾ ਲੱਗਿਆ ਕਿ ਅਬੋਹਰ ਲਈ ਬੱਸ ਸਵੇਰੇ ਸਾਢੇ ਛੇ ਵਜੇ ਸਕਿਉਰਿਟੀ ਨਾਲ ਚੱਲਣੀ ਹੈ। ਮੈਂ ਸਮੇਂ ਸਿਰ ਤਿਆਰ ਹੋ ਕਿ ਬੱਸ ਸਟੈਂਡ ਪਹੁੰਚਿਆ ਤੇ ਦੇਖਿਆ ਕਿ ਰੋਡਵੇਜ਼ ਦੀ ਬੱਸ ਪਹਿਲਾਂ ਹੀ ਤੂੜੀ ਵਾਂਗ ਤੁੰਨੀ ਪਈ ਸੀ। ਕਈ ਲੋਕ ਪਿਛਲੀਆਂ ਪਉੜੀਆਂ ’ਤੇ ਵੀ ਲਮਕ ਰਹੇ ਸਨ। ਮੈਂ ਚੜ੍ਹ ਨਾ ਸਕਿਆ ਤੇ ਬੱਸ ਚਲੀ ਗਈ। ਮੇਰੇ ਨਾਲ ਇੱਕ ਹੋਰ ਮੁਲਾਜ਼ਮ ਵੀ ਨਾ ਚੜ੍ਹ ਸਕਿਆ, ਜੋ ਸ਼ਾਇਦ ਨਹਿਰੀ ਮਹਿਕਮੇ ਦਾ ਸੀ। ਬੱਸ ਜਾਣ ’ਤੇ ਉਹ ਮੇਰੇ ਵੱਲ ਤੇ ਮੈਂ ਉਹ ਦੇ ਵੱਲ ਦੇਖਣ ਲੱਗੇ ਕਿ ਕੀ ਕੀਤਾ ਜਾਵੇ। ਜਾਣਾ ਵੀ ਜ਼ਰੂਰੀ ਸੀ, ਮੇਰੀ ਤਾਂ ਦਿਹਾੜੀ ਵੀ ਤਾਂ ਹੀ ਪੈਣੀ ਸੀ ਜੇ ਕਿਤੇ ਜਾ ਕੇ ਜੁਆਇਨ ਕਰਾਂ ਕਿਉਂਕਿ ਮੈਂ ਤਾਂ ਅਜੇ ਹਵਾ ਵਿੱਚ ਹੀ ਸਾਂ। ਉਸ ਦਾ ਵੀ ਪਹੁੰਚਣਾ ਜ਼ਰੂਰੀ ਜਾਪ ਰਿਹਾ ਸੀ। ਉਸ ਨੇ ਸਲਾਹ ਦਿੱਤੀ ਕਿ ਆਪਾਂ ਤੁਰ ਕੇ ਫਿਰਜ਼ੋਪੁਰ ਛਾਉਣੀ ਤੱਕ ਚੱਲੀਏ ਉਥੋਂ ਸ਼ਾਇਦ ਕੁਝ ਮਿਲ ਜਾਵੇ। ਅਸੀਂ ਸ਼ਹਿਰ ਵਿੱਚੋਂ ਹੁੰਦੇ ਛਾਉਣੀ ਪਹੁੰਚ ਗਏ ਜਿੱਥੇ ਪੁਲੀਸ ਅਤੇ ਫੌਜ ਦਾ ਸਾਂਝਾ ਨਾਕਾ ਲੱਗਿਆ ਸੀ। ਉਨ੍ਹਾਂ ਦੇ ਪੁੱਛਣ ’ਤੇ ਮੇਰੇ ਸਾਥੀ ਨੇ ਦੱਸਿਆ ਕਿ ਅਸੀਂ ਜਲਾਲਾਬਾਦ ਜਾਣਾ ਹੈ। ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਕਿਸੇ ਵਹੀਕਲ ’ਤੇ ਚੜ੍ਹਾਉਣ ਵਿੱਚ ਮਦਦ ਕਰਨ।

ਸਰਬਜੀਤ ਸਿੰਘ ਹੇਰਾਂ

ਇੱਕ ਟਰੈਕਟਰ-ਟਰਾਲੀ ਆਉਂਦੀ ਵੇਖ ਫੌਜੀ ਜਵਾਨ ਨੇ ਹੱਥ ਦੇ ਕੇ ਰੋਕ ਕੇ ਪੁੱਛਿਆ ਕਿ ਕਿੱਥੇ ਜਾਣਾ ਹੈ। ਉਸ ਦੱਸਿਆ ਕਿ ਉਹ ਖੇਤ ਤੂੜੀ ਲੈਣ ਚੱਲਿਆ ਹੈ। ਜਵਾਨ ਨੇ ਕਿਹਾ ਇਨ੍ਹਾਂ ਨੂੰ ਵੀ ਲੈ ਜਾ। ਦੋ ਕੁ ਕਿਲੋਮੀਟਰ ਜਾ ਕੇ ਉਹ ਖੇਤ ਵੱਲ ਨੂੰ ਮੁੜਨ ਲੱਗਾ ਤਾਂ ਅਸੀਂ ਉਥੇ ਹੀ ਉਤਰ ਗਏ। ਅੱਗੇ ਪੈਦਲ ਚੱਲਣ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ। ਅਸੀਂ ਫਿਰੋਜ਼ਪੁਰ ਤੋਂ ਲੈ ਕੇ ਅਬੋਹਰ ਨੂੰ ਜਾਂਦੀ ਸੜਕ ਉਪਰ ਪੈਦਲ ਮਾਰਚ ਸ਼ੁਰੂ ਕਰ ਦਿੱਤਾ। ਜਿਵੇਂ ਜਿਵੇਂ ਦਿਨ ਚੜ੍ਹਦਾ ਜਾਵੇ, ਜੂਨ ਦੀ ਧੁੱਪ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਬੱਸ ਕੋਈ ਆਉਣੀ ਨਹੀਂ ਸੀ, ਇਸ ਲਈ ਪਿੱਛੇ ਮੁੜ ਕੇ ਦੇਖਣ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ। ਇੱਕ ਦੋ ਥਾਈਂ ਫੌਜ ਦੀਆਂ ਗੱਡੀਆਂ ਨੇ ਸਾਡੀ ਮਾੜੀ ਮੋਟੀ ਮਦਦ ਕੀਤੀ ਜਿਸ ਨਾਲ ਸਾਨੂੰ ਕੁੱਝ ਅਰਾਮ ਮਿਲਦਾ, ਉਤਰ ਕਿ ਅਸੀਂ ਫਿਰ ਆਪਣੀ ਪੈਦਲ ਯਾਤਰਾ ਸ਼ੁਰੂ ਕਰ ਦਿੰਦੇ। ਪਾਣੀ ਦੀ ਕਮੀ ਸੜਕ ਦੇ ਨਾਲ ਨਾਲ ਜਾਂਦੀ ਸੂਏ ਨੁਮਾ ਨਹਿਰ ਪੂਰਾ ਕਰ ਰਹੀ ਸੀ। ਜਿੱਥੇ ਕਿਤੇ ਲੋੜ ਪੈਂਦੀ ਅਸੀਂ ਮੂੰਹ ਗਿੱਲਾ ਕਰ ਲੈਂਦੇ। ਵਾਹਿਗੁਰੂ ਨੇ ਤਾਕਤ ਬਖਸ਼ੀ, ਅਸੀਂ ਪੰਜਾਹ ਕਿਲੋਮੀਟਰ ਤੋਂ ਜ਼ਿਆਦਾ ਸਫਰ ਤੈਅ ਕਰ ਗਏ। ਸ਼ਾਮ ਸੱਤ ਵੱਜ ਚੁੱਕੇ ਸਨ। ਜਲਾਲਾਬਾਦ ਵਿੱਚ ਰਾਤ ਦਾ ਕਰਫਿਊ ਲੱਗ ਚੁੱਕਾ ਸੀ। ਮੇਰੇ ਨਾਲ ਦੇ ਸਾਥੀ ਦਾ ਦਫਤਰ ਸ਼ਹਿਰ ਤੋਂ ਬਾਹਰ ਸੀ, ਉਹ ਨਾਕੇ ਤੋਂ ਪਹਿਲਾਂ ਹੀ ਮੈਨੂੰ ਅਲਵਿਦਾ ਕਹਿ ਗਿਆ। ਫੌਜ ਆਪਣੀ ਡਿਊਟੀ ਕਰ ਰਹੀ ਸੀ। ਨਾਕੇ ’ਤੇ ਜਵਾਨਾਂ ਨੇ ਪੁੱਛਿਆ ਕਿੱਥੇ ਜਾਣਾ ਹੈ। ਮੈਂ ਕਿਹਾ ਥਾਣੇ ਜਾਣਾ। ਉਹ ਹੱਸ ਪਏ। ਮੈਂ ਕਿਹਾ ਕਿ ਮੇਰਾ ਰਿਸ਼ਤੇਦਾਰ ਥਾਣੇਦਾਰ ਹੈ, ਉਸ ਕੋਲ ਜਾਣਾ ਹੈ। ਉਸ ਨੂੰ ਲੱਗਾ ਕਿ ਜਿਹੜਾ ਬੰਦਾ ਪਹਿਲਾਂ ਹੀ ਥਾਣੇ ਜਾਣ ਨੂੰ ਕਹਿੰਦਾ, ਉਸ ਨੂੰ ਫੜ ਕੇ ਭੇਜਣਾ ਵੀ ਕਿੱਥੇ ਹੈ। ਇੱਕ ਭੁੱਲੇ ਭਟਕੇ ਰਾਹੀ ਦੀ ਇੱਕ ਕਾਰ ਆਉਂਦੀ ਦੇਖ ਕੇ ਉਹ ਚੌਕਸ ਹੋ ਗਏ। ਉਨ੍ਹਾਂ ਰੋਕ ਕੇ ਕਿਹਾ ਕੇ ਉਹ ਸ਼ਹਿਰ ’ਚ ਦਾਖਲ ਨਹੀਂ ਹੋ ਸਕਦਾ, ਤਾਂ ਮੈਂ ਕਿਹਾ ਸਰ ਮੈਨੂੰ ਇਸ ਗੱਡੀ ’ਚ ਬੈਠਾ ਦਿਉ ਇਹ ਮੈਨੂੰ ਥਾਣੇ ਅੱਗੇ ਲਾਹ ਦੇਵੇਗਾ, ਅਗਰ ਕੋਈ ਰਸਤੇ ’ਚ ਮਿਲੇਗਾ ਤਾਂ ਮੈਂ ਜੁਆਬ ਦੇ ਦੇਵਾਂਗਾ। ਉਹ ਮੰਨ ਗਏ ਤੇ ਸਾਨੂੰ ਜਾਣ ਦਿੱਤਾ। ਮੇਰੀ ਰਿਸ਼ਤੇਦਾਰੀ ’ਚੋਂ ਚਚੇਰਾ ਭਰਾ ਉਥੇ ਥਾਣੇਦਾਰ ਸੀ, ਮੈਨੂੰ ਦੇਖ ਕਿ ਹੈਰਾਨ ਰਹਿ ਗਿਆ। ਮਿੱਟੀ ਘੱਟੇ ਨਾਲ ਮੇਰਾ ਮੂੰਹ ਸਿਰ ਇੱਕ ਹੋਇਆ ਅਤੇ ਥਕੇਵੇਂ ਨਾਲ ਚੂਰ ਦੇਖ ਕੇ ਕਹਿਣ ਲੱਗਾ, ਮਾਸਟਰ ਤੂੰ ਕਿੱਧਰ ਰੁਲਿਆ ਫਿਰਦਾਂ। ਮੈਂ ਉਸ ਨੂੰ ਸਾਰੀ ਵਾਰਤਾ ਸੁਣਾਈ। ਉਸ ਨੇ ਆਪਣੇ ਗਾਰਡ ਨੂੰ ਕਿਹਾ ਕਿ ਉਹ ਨਹਾਉਣ ਅਤੇ ਖਾਣੇ ਦਾ ਪ੍ਰਬੰਧ ਕਰੇ। ਦਿਨ ਚੜ੍ਹੇ ਜਿੱਥੇ ਜੁਆਇਨ ਕਰਨਾ ਸੀ, ਉਹ ਸਫਰ ਪੁਲੀਸ ਵਾਲਿਆਂ ਕਰਵਾਇਆ। ਇਨ੍ਹਾਂ ਹਾਲਾਤ ਵਿੱਚੋਂ ਗੁਜ਼ਰਦਿਆਂ ਮੈਂ ਆਪਣੀ ਸਰਵਿਸ ਬਰਕਰਾਰ ਰੱਖੀ। ਸੇਵਾ ਦੌਰਾਨ ਅਨੇਕਾਂ ਕੌੜੇ-ਮਿੱਠੇ ਤਜਰਬਿਆਂ ਦਾ ਸਾਹਮਣਾ ਕਰਦਿਆਂ ਹੁਣ ਸੇਵਾ ਮੁਕਤੀ ਦੀ ਜ਼ਿੰਦਗੀ ਸ਼ੁਰੂ ਕੀਤੀ ਹੈ।

-ਗਰੀਨ ਸਿਟੀ, ਜਗਰਾਉਂ।
ਸੰਪਰਕ: 98763-27047


Comments Off on ਸੰਘਰਸ਼ ਦੀ ਦਾਸਤਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.