ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਸਪਾਇਨਲ ਟੀਬੀ ਤਾਂ ਨਹੀਂ ਕਿਤੇ ?

Posted On May - 3 - 2019

ਡਾ. ਸੁਧੀਰ ਗੁਪਤਾ* / ਡਾ. ਰਿਪੁਦਮਨ ਸਿੰਘ**

ਜੀਵਨ ਹੈ ਤਾਂ ਦਰਦ ਵੀ ਹੈ, ਮੋਇਆਂ ਨੂੰ ਕੁਝ ਨਹੀਂ ਹੁੰਦਾ ਪਤਾ। ਇਉਂ ਦਰਦ ਦਾ ਅਹਿਸਾਸ ਸਿਰਫ ਜੀਵਤ ਜੀਵਾਂ ਨੂੰ ਹੀ ਹੁੰਦਾ ਹੈ। ਦਰਦਾਂ ਵਿਚੋਂ ਆਮ ਦਰਦ ਹੈ ਪਿੱਠ ਦਾ ਦਰਦ। ਇਹ ਦਰਦ ਨਾ ਬੈਠਣ ਦਿੰਦਾ ਹੈ ਤੇ ਨਾ ਹੀ ਪੈਣ, ਬਹੁਤ ਤੰਗ ਕਰਦਾ ਹੈ। ਬਸ ਪਿੱਠ ਦਰਦ ਨੂੰ ਆਮ ਦਰਦ ਮੰਨ ਕੇ ਨਜ਼ਰਅੰਦਾਜ਼ ਨਾ ਕਰੋ। ਇਸ ਨੂੰ ਮਾਮੂਲੀ ਸਮਝਣਾ ਜਾਂ ਫਿਰ ਦਰਦ ਰੋਕੂ ਦਵਾਈ (ਪੇਨ ਕਿਲਰ) ਖਾ ਕੇ ਟਾਲ ਦੇਣਾ ਗੰਭੀਰ ਰੋਗ ਦੇ ਸਕਦਾ ਹੈ।
ਹਾਲ ਦੇ ਸਮੇਂ ਦੌਰਾਨ ਅਜਿਹੇ ਕੇਸਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਜੋ ਪਿੱਠ ਦਰਦ ਨੂੰ ਮਾਮੂਲੀ ਮੰਨ ਕੇ ਅਣਡਿੱਠਾ ਕਰਦੇ ਰਹੇ। ਸਮੱਸਿਆ ਵਧਣ ਉੱਤੇ ਡਾਕਟਰ ਕੋਲ ਪੁੱਜੇ ਤਾਂ ਰੀੜ੍ਹ ਦੀ ਹੱਡੀ ਦੀ ਤਪਦਿਕ (ਸਪਾਇਨਲ ਟੀਬੀ) ਨਿਕਲ ਆਈ। ਇਹ ਧਾਰਨਾ ਸਹੀ ਨਹੀਂ ਕਿ ਤਪਦਿਕ (ਟੀਬੀ) ਗਰੀਬਾਂ ਵਿਚ ਹੀ ਹੁੰਦੀ ਹੈ ਸਗੋਂ ਇਹ ਕਿਸੇ ਨੂੰ ਵੀ ਅਤੇ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ। ਇਸ ਬਾਰੇ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।
ਦੋ ਤਿੰਨ ਹਫਤੇ ਤੱਕ ਪਿੱਠ ਵਿਚ ਦਰਦ ਰਹਿਣ ਤੋਂ ਬਾਅਦ ਵੀ ਆਰਾਮ ਨਾ ਮਿਲੇ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਅੰਕੜਿਆਂ ਮੁਤਾਬਕ, ਡਾਕਟਰ ਕੋਲ ਪੁੱਜਣ ਵਾਲੇ ਪਿੱਠ ਦਰਦ ਦੇ ਕੇਸਾਂ ਵਿਚੋਂ 10% ਮਰੀਜ਼ਾਂ ਵਿਚ ਰੀੜ੍ਹ ਦੀ ਹੱਡੀ ਦੀ ਟੀਬੀ ਦਾ ਪਤਾ ਲੱਗਦਾ ਹੈ। ਇਸ ਦਾ ਠੀਕ ਸਮੇਂ ‘ਤੇ ਇਲਾਜ ਨਾ ਕਰਵਾਉਣ ਵਾਲੇ ਲੋਕਾਂ ਵਿਚ ਸਥਾਈ ਰੂਪ ਤੋਂ ਅਪਾਹਿਜ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। ਇਸ ਦੀ ਸ਼ਨਾਖ਼ਤ ਵੀ ਜਲਦੀ ਨਹੀਂ ਹੁੰਦੀ।
ਸੰਸਾਰ ਸਿਹਤ ਸੰਸਥਾ (ਡਬਲਿਓਐੱਚਓ) ਦੀ ਰਿਪੋਰਟ ਅਨੁਸਾਰ, ਭਾਰਤ ਵਿਚ 20 ਲੱਖ ਤੋਂ ਜ਼ਿਆਦਾ ਟੀਬੀ ਦੇ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 20%, ਭਾਵ ਕਰੀਬ 4 ਲੱਖ ਲੋਕਾਂ ਨੂੰ ਸਪਾਇਨਲ ਟੀਬੀ ਜਾਂ ਰੀੜ੍ਹ ਦੀ ਹੱਡੀ ਵਿਚ ਟੀਬੀ ਦੀ ਸ਼ਿਕਾਇਤ ਮਿਲੀ। ਇਸ ਦੀ ਮੌਤ ਦਰ 7% ਹੈ। 2016 ਵਿਚ 76 ਹਜ਼ਾਰ ਬੱਚਿਆਂ ਨੂੰ ਸਪਾਇਨਲ ਟੀਬੀ ਨਿੱਕਲੀ ਸੀ ਜਿਸ ਵਿਚ 20 ਹਜ਼ਾਰ ਮਾਮਲੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਹਨ।
ਇਵੇਂ ਹੁੰਦੀ ਹੈ ਰੋਗ ਦੀ ਸ਼ੁਰੂਆਤ
ਰੀੜ੍ਹ ਦੀ ਹੱਡੀ ਵਿਚ ਹੋਣ ਵਾਲੀ ਟੀਬੀ ਇੰਟਰ-ਵਰਟਿਬਲ ਡਿਸਕ ਵਿਚ ਸ਼ੁਰੂ ਹੁੰਦੀ ਹੈ ਅਤੇ ਫਿਰ ਰੀੜ੍ਹ ਦੀ ਹੱਡੀ ਵਿਚ ਫੈਲਦੀ ਹੈ। ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਲਕਵਾ ਹੋਣ ਦੀ ਖ਼ਦਸ਼ਾ ਰਹਿੰਦਾ ਹੈ। ਇਹ ਨੌਜਵਾਨਾਂ ਵਿਚ ਜ਼ਿਆਦਾ ਹੁੰਦੀ ਹੈ। ਇਸ ਦੇ ਲੱਛਣ ਵੀ ਸਾਧਾਰਨ ਹਨ ਜਿਸ ਕਾਰਨ ਅਕਸਰ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਰੀੜ੍ਹ ਦੀ ਹੱਡੀ ਵਿਚ ਟੀਬੀ ਹੋਣ ਦੇ ਸ਼ੁਰੂਆਤੀ ਲੱਛਣ ਕਮਰ ਵਿਚ ਦਰਦ ਰਹਿਣਾ, ਬੁਖਾਰ, ਭਾਰ ਘੱਟ ਹੋਣਾ, ਕਮਜ਼ੋਰੀ ਜਾਂ ਫਿਰ ਉਲਟੀ ਆਉਣਾ ਹੈ। ਇਨ੍ਹਾਂ ਪਰੇਸ਼ਾਨੀਆਂ ਨੂੰ ਲੋਕ ਹੋਰ ਬਿਮਾਰੀਆਂ ਨਾਲ ਜੋੜ ਕੇ ਦੇਖਦੇ ਹਨ ਲੇਕਿਨ ਰੀੜ੍ਹ ਦੀ ਹੱਡੀ ਵਿਚ ਟੀਬੀ ਵਰਗੇ ਗੰਭੀਰ ਰੋਗ ਦਾ ਸ਼ੱਕ ਬਿਲਕੁੱਲ ਨਹੀਂ ਹੁੰਦਾ। ਪਿਛਲੇ ਕੁੱਝ ਸਾਲ ਵਿਚ ਕੁੱਝ ਅਜਿਹੇ ਮਾਮਲੇ ਸਾਹਮਣੇ ਆਏ ਜਿਸ ਵਿਚ ਗਰਭਾਵਸਥਾ ਦੌਰਾਨ ਔਰਤਾਂ ਵਿਚ ਸਪਾਇਨਲ ਟੀਬੀ ਦੇਖੀ ਗਈ।
ਮੁੱਖ ਲੱਛਣ
ਪਿੱਠ ਵਿਚ ਅਕੜਾਹਟ। ਰੀੜ੍ਹ ਦੀ ਹੱਡੀ ਵਿਚ ਬਰਦਾਸ਼ਤ ਤੋਂ ਬਾਹਰ ਦਰਦ। ਰੀੜ੍ਹ ਦੀ ਹੱਡੀ ਵਿਚ ਝੁਕਾਅ। ਪੈਰਾਂ ਤੇ ਹੱਥਾਂ ਵਿਚ ਹੱਦ ਤੋਂ ਜ਼ਿਆਦਾ ਕਮਜ਼ੋਰੀ ਤੇ ਸੁੰਨਾਪਨ। ਹੱਥਾਂ ਤੇ ਪੈਰਾਂ ਦੀਆਂ ਮਾਸਪੇਸ਼ੀਆਂ ਵਿਚ ਖਿਚਾਓ। ਪਿਸ਼ਾਬ ਕਰਨ ਵੇਲੇ ਪਰੇਸ਼ਾਨੀ। ਰੀੜ੍ਹ ਦੀ ਹੱਡੀ ਵਿਚ ਸੋਜ ਜਾਂ ਸਾਹ ਲੈਣ ਵਿਚ ਮੁਸ਼ਕਿਲ ਅਜਿਹੇ ਕੁਝ ਸੰਕੇਤ ਹਨ ਜਿਨ੍ਹਾਂ ਨੂੰ ਅੱਖੋਂ ਓਹਲੇ ਨਾ ਕਰੋ।
ਇਲਾਜ ਸੰਭਵ ਹੈ
ਇਸ ਰੋਗ ਦਾ ਪਤਾ ਲਗਾਉਣ ਲਈ ਸੀਬੀਸੀ ਬਲਡ ਕਾਉਂਟ, ਏਲੀਵੇਟੇਡ ਰਾਇਥਰੋਸਾਇਟ ਸੇਡਿਮੈਟੇਸ਼ਨ, ਟਿਊਬਕਰਿਉਲਿਨ ਸਕਿਨ ਟੈਸਟ ਦੇ ਜ਼ਰੀਏ ਟੀਬੀ ਦੀ ਲਾਗ ਦਾ ਪਤਾ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਰੀੜ੍ਹ ਦੀ ਹੱਡੀ ਦਾ ਪਹਿਲਾਂ ਐਮਆਰਆਈ, ਸੀਟੀ ਸਕੈਨ ਅਤੇ ਫਿਰ ਬੋਨ ਬਾਔਪਸੀ ਜਾਂਚ ਰਾਹੀਂ ਟੀਬੀ ਦੀ ਲਾਗ ਦਾ ਪਤਾ ਲਗਾਇਆ ਜਾਂਦਾ ਹੈ। ਜੇ ਸ਼ੁਰੂਆਤੀ ਦੌਰ ਵਿਚ ਹੀ ਰੋਗ ਦੀ ਪਛਾਣ ਕਰ ਲਈ ਜਾਵੇ ਤਾਂ ਦਵਾਈਆਂ ਨਾਲ ਇਲਾਜ ਸੰਭਵ ਹੈ। ਜੇ ਲਾਗ ਜ਼ਿਆਦਾ ਫੈਲਿਆ ਹੋਇਆ ਹੋਵੇ ਜਾਂ ਪੀਕ ਦੀ ਸਮੱਸਿਆ ਜ਼ਿਆਦਾ ਹੋਵੇ ਤਾਂ ਇਸ ਸੂਰਤ ਵਿਚ ਦਵਾਈਆਂ ਦੇ ਨਾਲ ਨਾਲ ਸਰਜਰੀ ਦੀ ਲੋੜ ਵੀ ਪੈ ਸਕਦੀ ਹੈ। ਕਈ ਵਾਰ ਟੀਬੀ ਕਾਰਨ ਰੀੜ੍ਹ ਦੀ ਹੱਡੀ ਨੂੰ ਜ਼ਿਆਦਾ ਨੁਕਸਾਨ ਪੁੱਜਣ ਲੱਗਦਾ ਹੈ। ਅਜਿਹੀ ਗੰਭੀਰ ਹਾਲਤ ਵਿਚ ਸਰਜਰੀ ਹੀ ਇਸ ਦਾ ਇਕਮਾਤਰ ਇਲਾਜ ਹੁੰਦਾ ਹੈ। ਅਪਰੇਸ਼ਨ ਤੋਂ ਬਾਅਦ ਬੰਦਾ ਹਰ ਰੂਪ ਤੋਂ ਤੰਦਰੁਸਤ ਹੋ ਜਾਂਦਾ ਹੈ ਲੇਕਿਨ ਮਗਰੋਂ ਵੀ ਉਸ ਨੂੰ ਨੇਮ ਨਾਲ ਮੁਆਇਨਾ ਕਰਵਾਉਣ ਅਤੇ ਖਾਣ-ਪੀਣ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ।
ਸਾਧਾਰਨ ਟੀਬੀ ਦਾ ਇਲਾਜ ਆਮ ਕਰਕੇ 6 ਮਹੀਨੇ ਵਿਚ ਹੋ ਜਾਂਦਾ ਹੈ ਲੇਕਿਨ ਸਪਾਨਇਲ ਟੀਬੀ ਦੂਰ ਹੋਣ ਵਿਚ 12 ਤੋਂ 18 ਮਹੀਨੇ ਦਾ ਵਕਤ ਲੱਗ ਸਕਦਾ ਹੈ। ਧਿਆਨ ਯੋਗ ਹੈ ਕਿ ਟੀਬੀ ਦੇ ਕੀਟਾਣੂ ਫੇਫੜੇ ਰਾਹੀਂ ਖੂਨ ਵਿਚ ਪੁੱਜਦੇ ਹਨ ਅਤੇ ਕਈ ਵਾਰ ਰੀੜ੍ਹ ਦੀ ਹੱਡੀ ਤੱਕ ਇਸ ਦਾ ਪਸਾਰ ਹੋ ਜਾਂਦਾ ਹੈ। ਜੋ ਲੋਕ ਠੀਕ ਸਮੇਂ ‘ਤੇ ਇਲਾਜ ਨਹੀਂ ਕਰਵਾਉਂਦੇ ਜਾਂ ਇਲਾਜ ਵਿਚ ਵਿਚਾਲੇ ਹੀ ਛੱਡ ਦਿੰਦੇ ਹਨ, ਉਨ੍ਹਾਂ ਦੀ ਰੀੜ੍ਹ ਦੀ ਹੱਡੀ ਗਲ ਜਾਂਦੀ ਹੈ ਜਿਸ ਦੇ ਨਾਲ ਸਥਾਈ ਅਪੰਗਤਾ ਆ ਜਾਂਦੀ ਹੈ। ਕਿਸੇ ਵੀ ਉਮਰ ਵਰਗ ਦੇ ਲੋਕ ਰੀੜ੍ਹ ਦੀ ਹੱਡੀ ਦੀ ਟੀਬੀ ਦਾ ਸ਼ਿਕਾਰ ਹੋ ਸਕਦੇ ਹਨ। ਟੀਬੀ ਬੈਕਟੀਰੀਆ ਸਰੀਰ ਦੇ ਦੂਜੇ ਹਿੱਸਿਆਂ, ਜਿਵੇਂ ਦਿਮਾਗ, ਢਿੱਡ ਅਤੇ ਹੋਰ ਹੱਡੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਜੇ ਦਰਦ ਦੇਰ ਤਕ ਰਹਿੰਦਾ ਹੈ ਤਾਂ ਘਰੇਲੂ ਟੋਟਕੇ ਛੱਡ ਕੇ ਮਾਹਿਰਾਂ ਦੀ ਛੱਤਰ ਛਾਇਆ ਹੇਠ ਜਾਓ। ਰੋਗ ਬਣਿਆ ਹੈ ਤਾਂ ਵਿਗਿਆਨ ਨੇ ਇਲਾਜ ਵੀ ਤਿਆਰ ਕੀਤਾ ਹੈ।

ਸੰਪਰਕ: *78886-63049 **98152-00134


Comments Off on ਸਪਾਇਨਲ ਟੀਬੀ ਤਾਂ ਨਹੀਂ ਕਿਤੇ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.