ਏ ਕਲਾਸ ਅਫਸਰ (ਨਾਨ-ਟੀਚਿੰਗ) ਐਸੋਸੀਏਸ਼ਨ ਦੀ ਚੋਣ ਦਾ ਬਿਗਲ ਵੱਜਿਆ !    ਪੰਜਾਬ ਦੇ ਅਰਧ-ਸਰਕਾਰੀ ਅਦਾਰਿਆਂ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਧਰਨਾ !    ਹੜ੍ਹ ਕਾਰਨ ਕੁਤਬੇਵਾਲ ’ਚ ਕਿਤੇ ਖੁਸ਼ੀ, ਕਿਤੇ ਗ਼ਮ !    ਜਨਤਕ ਤੇ ਨਿੱਜੀ ਨਿਵੇਸ਼: ਕੌਮੀ ਸਿੱਖਿਆ ਨੀਤੀ ਦੀਆਂ ਉਲਝਣਾਂ !    ਪੇਪਰਾਂ ਦਾ ਪੁਨਰ ਮੁਲੰਕਣ ਤੇ ਅਧਿਆਪਕ !    ਬਰਸਾਤ ਦੇ ਮੌਸਮ ’ਚ ਸਾਵਧਾਨ! !    ਪਾਕਿ ਖ਼ਿਲਾਫ਼ ਭਾਰਤ ਦਾ ਡੇਵਿਸ ਕੱਪ ਮੁਕਾਬਲਾ ਨਵੰਬਰ ਤੱਕ ਮੁਲਤਵੀ !    ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ !    ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    

ਸਖ਼ਤ ਕਾਨੂੰਨਾਂ ਦੇ ਬਾਵਜੂਦ ਨਹੀਂ ਰੁਕ ਰਹੀ ਤੰਬਾਕੂ ਦੀ ਵਰਤੋਂ

Posted On May - 31 - 2019

ਅੱਜ ‘ਵਿਸ਼ਵ ਤੰਬਾਕੂ ਵਿਰੋਧੀ ਦਿਵਸ’ ਮੌਕੇ ਵਿਸ਼ੇਸ਼

ਕੁਲਦੀਪ ਚੰਦ ਨੰਗਲ

ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਮੁਗਲਕਾਲ ਦੇ ਸਮੇਂ 17ਵੀਂ ਸਦੀ ਵਿੱਚ ਪੱਛਮ ਤੋਂ ਆਏ ਤੰਬਾਕੂ ਨੇ ਭਾਰਤੀਆਂ ਨੂੰ ਅਜਿਹਾ ਜਕੜਿਆ ਕਿ ਅੱਜ ਦੇਸ਼ ਦੀ ਕਾਫੀ ਆਬਾਦੀ ਕਿਸੇ ਨਾਂ ਕਿਸੇ ਰੂਪ ਵਿੱਚ ਤੰਬਾਕੂ ਦਾ ਸੇਵਨ ਕਰਦੀ ਹੈ। ਤੰਬਾਕੂ ਵਿੱਚ ਲਗਭੱਗ 4000 ਹਜ਼ਾਰ ਤੋਂ ਵੱਧ ਜ਼ਹਿਰੀਲੇ ਤੱਤ ਹਨ ਜੋ ਕਿ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਸ ਵਿੱਚ ਨਿਕੋਟੀਨ (ਕੀੜਿਆਂ ਨੂੰ ਮਾਰਨ ਲਈ ਵਰਤਿਆਂ ਜਾਣ ਵਾਲਾ), ਅਮੋਨੀਆ (ਫਰਸ਼ ਸਾਫ ਕਰਨ ਲਈ ਵਰਤਿਆਂ ਜਾਣ ਵਾਲਾ), ਆਰਸੈਨਿਕ (ਸਫੈਦ ਕੀੜੀਆ ਦਾ ਜ਼ਹਿਰ), ਕਾਰਬਨ ਮੋਨੋਆਕਸਾਈਡ (ਕਾਰ ਦੇ ਧੂੰਏਂ ਵਿਚਲੀ ਭਿਆਨਕ ਗੈਸ), ਹਾਈਡਰੋਜਨ ਸਾਈਆਨਾਈਡ (ਗੈਸ ਚੈਂਬਰਾਂ ਵਿੱਚ ਵਰਤੀ ਜਾਣ ਵਾਲੀ ਜ਼ਹਿਰੀਲੀ ਗੈਸ), ਨੈਪਥਾਲੀਨ (ਫਿਨਾਈਲ ਦੀਆਂ ਗੋਲੀਆਂ ਇਸ ਤੋਂ ਬਣਾਈਆਂ ਜਾਂਦੀਆ ਹਨ), ਤਾਰ (ਸੜਕਾਂ ਉੱਪਰ ਵਰਤਿਆਂ ਜਾਣ ਵਾਲਾ ਲੇਸਲਾ ਪਦਾਰਥ), ਰੇਡੀਓਐਕਟਿਵ ਤੱਤ (ਪ੍ਰਮਾਣੂ ਹਥਿਆਰਾਂ ਵਿੱਚ ਵਰਤਿਆਂ ਜਾਣ ਵਾਲਾ) ਅਤੇ ਹੋਰ ਬਹੁਤ ਸਾਰੇ ਜ਼ਹਿਰੀਲੇ ਤੱਤ ਤੰਬਾਕੂ ਵਿੱਚ ਹੁੰਦੇ ਹਨ।
ਤੰਬਾਕੂ ਖੈਣੀ, ਜ਼ਰਦਾ, ਗੁਟਕਾ, ਪਾਨ ਮਸਾਲਾ, ਸਿਗਰਟ ਅਤੇ ਬੀੜੀ ਆਦਿ ਦੇ ਰੂਪ ਵਿੱਚ ਮਿਲਦਾ ਹੈ। ਸਿਗਰਟ ਜਾਂ ਬੀੜੀ ਪੀਣ ਵਾਲੇ ਲੋਕਾਂ ਵੱਲੋਂ ਛੱਡੇ ਗਏ ਧੂਏਂ ਦਾ ਅਸਰ ਜੋ ਕਿ ਸਿਗਰਟ ਜਾਂ ਬੀੜੀ ਨਹੀਂ ਪੀਂਦੇ ਉਨ੍ਹਾਂ ਦੀ ਸਿਹਤ ਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਵਿਚੋਂ ਬਹੁਤੀਆਂ ਦਾ ਕਾਰਨ ਤੰਬਾਕੂ ਹੀ ਹੈ। ਹਰ ਸਾਲ ਕਰੀਬ 3,00,000 ਲੋਕ ਤੰਬਾਕੂ ਕਾਰਨ ਇਹ ਅਲਾਮਤ ਸਹੇੜਦੇ ਹਨ ਜਦ ਕਿ ਛਾਤੀ ਦੇ ਕੈਂਸਰ ਦੇ ਕਰੀਬ 80,000 ਕੇਸ ਪ੍ਰਤੀ ਸਾਲ ਮਿਲ ਰਹੇ ਹਨ ਤੇ ਬੱਚੇਦਾਨੀ ਨਾਲ ਸਬੰਧਤ ਅਤੇ ਹੋਰ ਕਿਸਮਾਂ ਦੇ ਕੈਂਸਰ ਦੇ ਕਰੀਬ 1,00,000 ਕੇਸ ਸਾਲਾਨਾ ਹਨ। ਤੰਬਾਕੂ ਨਾਲ ਭਾਰਤ ਵਿੱਚ ਰੋਜ਼ਾਨਾ ਲੱਗਭੱਗ 3500 ਲੋਕਾਂ ਦੀ ਮੌਤ ਹੁੰਦੀ ਹੈ ਅਤੇ ਭਾਰਤ ਵਿੱਚ ਸਿਰ, ਗਲਾ ਅਤੇ ਫੇਫੜਿਆਂ ਦੇ ਸਭ ਤੋਂ ਵੱਧ ਕੈਂਸਰ ਕੇਸ ਹੁੰਦੇ ਹਨ। ਕੈਂਸਰ ਦੇ ਸਮੁੱਚੇ ਕੇਸਾਂ ਵਿੱਚੋਂ 40% ਤੰਬਾਕੂ ਕਾਰਨ ਹੁੰਦੇ ਹਨ। ਤੰਬਾਕੂ ਪੀਣ ਵਾਲੇ 50% ਤੋਂ ਵੱਧ ਨੌਜੁਆਨ ਤੰਬਾਕੂਜਨਕ ਬੀਮਾਰੀਆਂ ਕਾਰਨ ਮਰਦੇ ਹਨ। ਤੰਬਾਕੂ ਦੀ ਵਰਤੋਂ ਨਾ ਕਰਨ ਵਾਲੇ ਦੇ ਮੁਕਾਬਲੇ ਪੀਣ ਵਾਲੇ ਦੀ ਜ਼ਿੰਦਗੀ 22 ਤੋਂ 26 ਸਾਲ ਤੱਕ ਘਟ ਜਾਂਦੀ ਹੈ। ਤੰਬਾਕੂ ਦੀ ਵਰਤੋਂ ਮੂੰਹ, ਗਲਾ, ਫੇਫੜਿਆਂ, ਘੰਡੀ ਭੋਜਨ-ਨਲੀ, ਪਿਸ਼ਾਬ ਦਾ ਬਲੈਡਰ, ਗੁਰਦਾ, ਪਾਚਕ ਰਸ ਗਿਲਟੀ ਅਤੇ ਗਰਦਨ ਦੇ ਕੈਂਸਰ ਦਾ ਕਾਰਨ ਬਣਦੀ ਹੈ। ਤੰਬਾਕੂ ਕਾਰਨ ਸਾਹ ਨਲੀ ਦੀ ਸੋਜ਼ ਅਤੇ ਪੇਟ ਗੈਸ ਹੁੰਦੀ ਹੈ ਜਿਸ ਨਾਲ ਸਾਹ ਲੈਣ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਤੰਬਾਕੂ ਨਾਲ ਦਿਲ ਅਤੇ ਖੂਨ ਦੀਆਂ ਬੀਮਾਰੀਆਂ ਵਿੱਚ ਵਾਧਾ ਹੁੰਦਾ ਹੈ। ਤੰਬਾਕੂ ਕਾਰਨ ਹੋਣ ਵਾਲੀਆਂ ਜ਼ਿਆਦਾ ਮੌਤਾਂ ਦਿਲ ਦੇ ਦੌਰੇ ਨਾਲ ਹੁੰਦੀਆਂ ਹਨ। ਤੰਬਾਕੂ ਦਾ ਧੂੰਆਂ ਬੱਚਿਆਂ ਲਈ ਬਹੁਤ ਹਾਨੀਕਾਰਕ ਹੈ। ਇਸ ਨਾਲ ਨਮੋਨੀਆ ਅਤੇ ਸਾਹ ਦੀ ਨਲੀ ਦੀ ਸੋਜ਼, ਦਮਾ, ਫੇਫੜਿਆਂ ਦੇ ਵਿਕਾਸ ਵਿੱਚ ਕਮੀ, ਜਨਮ ਵੇਲੇ ਬੱਚਿਆਂ ਦੇ ਵਜ਼ਨ ਦੀ ਕਮੀ, ਅਚਾਨਕ ਮੌਤ ਅਤੇ ਕਈ ਹੋਰ ਪੇਚੀਦਗੀਆ ਪੈਦਾ ਹੋ ਸਕਦੀਆਂ ਹਨ। ਹਰੇਕ ਪੀਤੀ ਗਈ ਸਿਗਰਟ ਜ਼ਿੰਦਗੀ ਦੇ 4 ਮਿੰਟ ਘਟਾ ਦਿੰਦੀ ਹੈ। ਇਸ ਨਸ਼ੇ ਦੀ ਭਿਅੰਕਰਤਾ ਨੂੰ ਮੁੱਖ ਰੱਖਦਿਆਂ ਹੋਇਆ ਵਿਸ਼ਵ ਸਿਹਤ ਸੰਸਥਾ ਵੱਲੋਂ ਹਰ ਸਾਲ 31 ਮਈ ਨੂੰ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਮਾਰੂ ਪ੍ਰਭਾਵਾਂ ਨੂੰ ਵੇਖਦਿਆਂ ਹੀ ਸਰਕਾਰ ਨੇ 2003 ਵਿੱਚ ਤੰਬਾਕੂ ਕੰਟਰੋਲ ਐਕਟ ਲਾਗੂ ਕੀਤਾ ਹੈ ਜਿਸ ਅਨੁਸਾਰ ਤੰਬਾਕੂ ਅਤੇ ਤੰਬਾਕੂ ਉਤਪਾਦਾਂ ਦੇ ਵਿਉਪਾਰ, ਪ੍ਰਚਾਰ ਆਦਿ ਤੇ ਨਿਯੰਤਰਣ ਕੀਤਾ ਗਿਆ ਹੈ। ਇਸ ਐਕਟ ਅਨੁਸਾਰ ਕਿਸੇ ਵੀ ਤੰਬਾਕੂ ਉਤਪਾਦਨ ਦਾ ਪ੍ਰਚਾਰ ਨਹੀਂ ਕੀਤਾ ਜਾਵੇਗਾ। ਵਿਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦਨ ਨਹੀਂ ਵੇਚੇ ਜਾ ਸਕਦੇ ਹਨ। ਨਾਬਾਲਗ ਬੱਚਿਆਂ ਨੂੰ ਤੰਬਾਕੂ ਉਤਪਾਦਨ ਵੇਚਣਾ ਕਾਨੂੰਨਨ ਜੁਰਮ ਕਰਾਰ ਦਿਤਾ ਗਿਆ ਹੈ। ਤੰਬਾਕੂ ਉਤਪਾਦਾਂ ਸਬੰਧੀ ਸਖਤ ਨਿਯਮ ਬਣਾਏ ਗਏ ਹਨ। 2 ਅਕਤੂਬਰ 2008 ਤੋਂ ਜਨਤਕ ਸਥਾਨਾਂ ’ਤੇ ਸਿਗਰਟਨੋਸ਼ੀ ਤੇ ਮੁਕੰਮਲ ਪਬੰਦੀ ਲਗਾਈ ਗਈ ਹੈ ਅਤੇ ਅਜਿਹਾ ਕਰਨ ਵਾਲਿ਼ਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਤੰਬਾਕੂ ਦੀ ਵਰਤੋਂ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਰਾਸ਼ਟਰ ਪੱਧਰ ’ਤੇ ਤੰਬਾਕੂ ਕੰਟਰੋਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਪੰਜਾਬ ਵਿੱਚ ਸਰਕਾਰ ਵਲੋਂ ਰਾਜ ਪੱਧਰ ਅਤੇ ਜ਼ਿਲ੍ਹਾ ਪੱਧਰ ’ਤੇ ਤੰਬਾਕੂ ਕੰਟਰੋਲ ਸੈਲ ਤੇ ਇਕ ਇੱਕ ਕਮੇਟੀ ਬਣਾਈ ਗਈ ਹੈ। ਇਸ ਐਕਟ ਦੀ ਉਲੰਘਣਾ ਕਰਕੇ ਵਪਾਰ ਕਰਨ ਅਤੇ ਉਤਪਾਦਨ ਵੇਚਣ ਵਾਲੇ ਵਿਅਕਤੀ ਨੂੰ ਪਹਿਲੀ ਵਾਰ 2 ਸਾਲ ਤੱਕ ਦੀ ਸਜ਼ਾ ਅਤੇ 1000 ਰੁਪਏ ਜੁਰਮਾਨਾ ਹੋ ਸਕਦਾ ਹੈ ਅਤੇ ਦੁਬਾਰਾ ਪਕੜੇ ਜਾਣ ਤੇ 5 ਸਾਲ ਤੱਕ ਦੀ ਕੈਦ ਅਤੇ 5000 ਰੁਪਏ ਜੁਰਮਾਨਾ ਹੋ ਸਕਦਾ ਹੈ। ਇਸ ਕਾਨੂੰਨ ਅਨੁਸਾਰ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਨੂੰ 200 ਰੁਪਏ ਜੁਰਮਾਨਾ ਹੋ ਸਕਦਾ ਹੈ। ਇਸ ਐਕਟ ਅਨੁਸਾਰ ਪੰਜਾਬ ਸਰਕਾਰ ਨੇ 24 ਮਈ, 2010 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਅਨੁਸਾਰ ਇਸ ਐਕਟ ਅਧੀਨ ਲੱਗਭੱਗ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਕਾਰਵਾਈ ਕਰਨ ਦੇ ਅਧਿਕਾਰ ਦਿਤੇ ਹਨ। ਇਸ ਅਨੁਸਾਰ ਰਾਜ ਦੇ ਸਮੂਹ ਡਿਪਟੀ ਕਮਿਸਨਰਾਂ ਅਤੇ ਸਿਵਲ ਸਰਜਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਕਿਸੇ ਵਿਦਿਅਕ ਅਦਾਰੇ ਦੇ 100 ਗਜ਼ ਘੇਰੇ ਵਿੱਚ ਆਂਦੇ ਤੰਬਾਕੂ ਉਤਪਾਦਨ ਵੇਚਣ ਵਾਲ਼ੀਆਂ ਦੁਕਾਨਾ ਹਟਾ ਦਿੱਤੀਆਂ ਗਈਆਂ ਹਨ। ਸਮੂਹ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਹ ਤੰਬਾਕੂ ਉਤਪਾਦਾਂ ਦੀ ਵਿਕਰੀ ਸਬੰਧੀ ਮਨਾਹੀ ਬੋਰਡ ਲਗਾਉਣੇ ਯਕੀਨੀ ਬਣਾਉਣ। ਇਸ ਸਬੰਧੀ ਹੋਰ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਫੂਡ ਸੇਫਟੀ ਕਮਿਸ਼ਨਰ ਕਮ ਸਕੱਤਰ ਨੇ 5 ਸਤੰਬਰ, 2012 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਤੰਬਾਕੂ, ਪਾਨ ਮਸਾਲਾ ਅਤੇ ਨਿਕੋਟੀਨ ਯੁਕਤ ਪਦਾਰਥਾਂ ਦੇ ਉਤਪਾਦਨ, ਸਟੋਰ ਕਰਨ ਅਤੇ ਵਿਕਰੀ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ।
ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਆਬਾਦੀ 2.75 ਕਰੋੜ ਹੈ ਜਿਸ ਵਿੱਚੋਂ 12% ਆਬਾਦੀ ਭਾਵ ਲੱਗਭੱਗ 33 ਲੱਖ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ। ਪੰਜਾਬ ਨੂੰ ਤੰਬਾਕੂ ਮੁਕਤ ਰਾਜ ਬਣਾਉਣ ਦੀ ਮੁਹਿੰਮ ਅਧੀਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਨੂੰ 23 ਫਰਵਰੀ 2012 ਨੂੰ ਪੰਜਾਬ ਦਾ ਪਹਿਲਾਂ ਮਾਡਲ ਸਮੋਕ ਫਰੀ ਜ਼ਿਲ੍ਹਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਇਸ ਸਬੰਧੀ ਕਾਰਵਾਈ ਕਰਦਿਆਂ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਚਲਾਨ ਕੱਟੇ ਜਾ ਰਹੇ ਹਨ। ਪੰਜਾਬ ਵਿੱਚ ਐਂਟੀ ਤੰਬਾਕੂ ਟਾਸਕ ਫੋਰਸ ਬਣਾਈ ਗਈ ਹੈ ਜੋ ਕਿ ਸਰਵਜਨਕ ਸਥਾਨਾਂ ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟਦੀ ਹੈ। ਪੰਜਾਬ ਸਰਕਾਰ ਵਲੋਂ ਸੂਬੇ ਵਿੱਚ 729 ਪਿੰਡਾਂ ਨੂੰ ਤੰਬਾਕੂ ਮੁੱਕਤ ਘੋਸ਼ਿਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਇਸ ਸਬੰਧੀ ਕੀਤੇ ਗਏ ਕੰਮਾਂ ਕਾਰਨ ਹੀ ਵਿਸ਼ਵ ਸਿਹਤ ਸੰਗਠਨ ਵਲੋਂ 2015 ਵਿੱਚ ਵਿਸ਼ੇਸ ਤੋਰ ’ਤੇ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਦੀ ਕੁੱਲ ਆਬਾਦੀ ਵਿੱਚੋਂ 33 ਲੱਖ ਦੀ ਆਬਾਦੀ ਤੰਬਾਕੂ ਦਾ ਸੇਵਨ ਕਰਦੀ ਹੈ ਜਦਕਿ ਚਲਾਨ ਸਿਰਫ 158674 ਹੀ ਕੱਟੇ ਗਏ ਹਨ। ਇਸਤੋਂ ਪਤਾ ਲੱਗਦਾ ਹੈ ਕਿ ਚਲਾਨ ਕੱਟ ਕੇ ਸਿਰਫ ਖਾਨਾਪੂਰਤੀ ਹੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਤੰਬਾਕੂਨੋਸ਼ੀ ਤੇ ਪਾਬੰਦੀ ਸਬੰਧੀ ਉਦਾਸੀਨ ਰਵੱਈਆ ਅਪਣਾ ਰਹੀ ਹੈ। ਤੰਬਾਕੂ ਦੀ ਵਰਤੋਂ ਕਾਰਨ ਹੋ ਰਹੇ ਨੁਕਸਾਨਾਂ ਨੂੰ ਵੇਖਦੇ ਹੋਏ ਸਰਕਾਰ ਨੂੰ ਇਸਦੀ ਵਰਤੋਂ ਤੇ ਮੁਕੰਮਲ ਪਬੰਦੀ ਲਗਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ ਤੇ ਸਵੈ-ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਨਾਲ ਲੈ ਕੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ।

-ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ, ਤਹਿਸੀਲ ਨੰਗਲ, ਜ਼ਿਲ੍ਹਾ ਰੂਪਨਗਰ (ਪੰਜਾਬ)
ਸੰਪਰਕ: 94175-63054


Comments Off on ਸਖ਼ਤ ਕਾਨੂੰਨਾਂ ਦੇ ਬਾਵਜੂਦ ਨਹੀਂ ਰੁਕ ਰਹੀ ਤੰਬਾਕੂ ਦੀ ਵਰਤੋਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.