ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਸਕੂਲ ਮੁਖੀਆਂ ਦੀ ਸਿੱਧੀ ਭਰਤੀ: ਕੁੱਝ ਨੁਕਤੇ

Posted On May - 3 - 2019

ਗੁਰਦੀਪ ਸਿੰਘ ਢੁੱਡੀ

2004 ਵਿਚ ਸਰਕਾਰ ਨੇ ਸਰਕਾਰੀ ਸਕੂਲਾਂ ਵਿਚ ਪ੍ਰਿੰਸੀਪਲ ਦੀ ਸਿੱਧੀ ਭਰਤੀ ਦੀ ਥਾਂ ਸੌ ਫੀਸਦੀ ਤਰੱਕੀ ਰਾਹੀਂ ਭਰਤੀ ਕਰਨ ਦੀ ਨਿਯਮਾਂ ਵਿਚ ਕੀਤੀ ਸੋਧ ਕੀਤੀ ਸੀ। ਹੁਣ 2019 ਵਿਚ ਮੁਖੀਆਂ (ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ, ਹਾਈ ਸਕੂਲਾਂ ਦੇ ਮੁੱਖ ਅਧਿਆਪਕ, ਪ੍ਰਾਇਮਰੀ ਸਕੂਲਾਂ ਦੇ ਬਲਾਕਾਂ ਦੇ ਸਿੱਖਿਆ ਅਧਿਕਾਰੀ) ਦੀ 50 ਫੀਸਦੀ ਸਿੱਧੀ ਭਰਤੀ ਕਰਨ ਬਾਰੇ ਸੋਧ ਕਰ ਦਿੱਤੀ ਹੈ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਭਰਤੀ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ।
ਪਹਿਲਾਂ ਸੌ ਫ਼ੀਸਦੀ ਤਰੱਕੀ ਰਾਹੀਂ ਇਹ ਅਸਾਮੀਆਂ ਪੁਰ ਕਰਨ ਦੀ ਪ੍ਰਕਿਰਿਆ ਵਿਚ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ, ਹਾਈ ਸਕੂਲਾਂ ਦੇ ਮੁੱਖ ਅਧਿਆਪਕ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਦੇ ਪਦ ਤੱਕ ਪਹੁੰਚਣ ਤੱਕ ਇਨ੍ਹਾਂ ਅਧਿਕਾਰੀਆਂ ਦੀ ਉਮਰ ਸੇਵਾ ਮੁਕਤੀ ਦੇ ਕਰੀਬ ਪਹੁੰਚ ਜਾਂਦੀ ਸੀ। ਬਹੁਤ ਘੱਟ ਸਿੱਖਿਆ ਅਧਿਕਾਰੀ ਹੋਣਗੇ ਜਿਹੜੇ ਦਸ ਸਾਲ ਜਾਂ ਫਿਰ ਇਸ ਤੋਂ ਵੱਧ ਦਾ ਸਮਾਂ ਇਨ੍ਹਾਂ ਪਦਾਂ ‘ਤੇ ਕੰਮ ਕਰਦੇ ਹੋਣਗੇ। ਇਸ ਕਰਕੇ ਇਹ ਸਿੱਖਿਆ ਅਧਿਕਾਰੀ ਆਪਣੀ ਸੇਵਾ ਮੁਕਤੀ ਤੱਕ ਵਿਤੀ ਅਤੇ ਪ੍ਰਬੰਧਕੀ ਮਾਮਲਿਆਂ ਦੇ ਕੰਮ ਸਿੱਖਣ ਵਿਚ ਹੀ ਉਲਝੇ ਰਹਿੰਦੇ ਸਨ ਅਤੇ ਆਪਣੇ ਬੁਨਿਆਦੀ ਕੰਮ, ਭਾਵ ਸਿੱਖਿਆ ਦੇ ਖੇਤਰ ਨਾਲ ਪ੍ਰਬੰਧਕੀ ਨਿਆਂ ਕਰ ਹੀ ਨਹੀਂ ਸਕਦੇ ਸਨ। ਇਸ ਕਰਕੇ ਸਿੱਖਿਆ ਦੇ ਸਕਾਰਾਤਮਕ ਕਾਰਜ ਅੱਧੇ-ਅਧੂਰੇ ਹੀ ਰਹਿ ਜਾਂਦੇ ਸਨ ਅਤੇ ਸਿੱਖਿਆ ਅਧਿਕਾਰੀ ਸੇਵਾ ਮੁਕਤ ਹੋ ਜਾਂਦੇ ਸਨ।
ਹੁਣ ਦੀ ਸੋਧ ਤੋਂ ਬਾਅਦ ਬਹੁਤ ਸਾਰੇ ਇਹ ਸਿੱਖਿਆ ਅਧਿਕਾਰੀ ਚਾਲ਼ੀ ਸਾਲ ਦੀ ਉਮਰ ਦੇ ਕਰੀਬ ਪਹੁੰਚਣ ਤੱਕ ਇਨ੍ਹਾਂ ਪਦਾਂ ‘ਤੇ ਨਿਯੁਕਤ ਹੋਣਗੇ ਅਤੇ ਉਨ੍ਹਾਂ ਨੂੰ ਲੰਮਾ ਸਮਾਂ ਇਨ੍ਹਾਂ ਪਦਾਂ ‘ਤੇ ਕੰਮ ਕਰਨ ਦਾ ਸਮਾਂ ਮਿਲੇਗਾ ਅਤੇ ਜੇ ਮਾਹੌਲ ਮਿਲੇ ਤਾਂ ਉਹ ਚੰਗੇ ਗੁਣਾਤਮਕ ਕਾਰਜ ਕਰ ਸਕਣਗੇ। ਚੰਗਾ ਹੋਵੇ, ਜੇ ਸਰਕਾਰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਨਿਯੁਕਤੀ ਲਈ ਵਰਤਮਾਨ ਨੀਤੀ ‘ਤੇ ਪਹਿਰਾ ਦੇਵੇ ਅਤੇ ਸੀਨੀਆਰਤਾ ਆਧਾਰਤ ਨਿਯੁਕਤੀਆਂ ਕੀਤੀਆਂ ਜਾਣ ਤਾਂ ਜੋ ਪਹਿਲਾਂ ਵਾਂਗ ਇਸ ਵਿਚ ਦੁਬਾਰਾ ਸਿਆਸੀ ਪਹੁੰਚ ਪ੍ਰਵੇਸ਼ ਨਾ ਕਰੇ ਤੇ ਪ੍ਰਿੰਸੀਪਲਾਂ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਲੱਗਣ ਦੀ ਸਿਆਸੀ ਦੌੜ ਇਨ੍ਹਾਂ ਪਦਾਂ ਨੂੰ ਮਖੌਲ ਦਾ ਅਖਾੜਾ ਨਾ ਬਣਨ ਦੇਵੇ।
ਇਸ ਨਵੀਂ ਸੋਧ ਵਿਚ ਪ੍ਰਿੰਸੀਪਲ, ਮੁੱਖ ਅਧਿਆਪਕ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਦੀ ਭਰਤੀ ਕਰਨ ਦੀ ਪ੍ਰਕਿਰਿਆ ਸਮੇਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਦਿੱਤੇ ਇਸ਼ਤਿਹਾਰ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਅਸਾਮੀਆਂ ਦੀ ਭਰਤੀ ਸਮੇਂ ਕੀਤੀ ਜਾਣ ਵਾਲੀ ਪ੍ਰਵੇਸ਼ ਪ੍ਰੀਖਿਆ ਵਿਚ ਪ੍ਰਸ਼ਨ ਪੱਤਰ ਕਰੀਬ ਕਰੀਬ ਸਿਵਲ ਸੇਵਾਵਾਂ ਪ੍ਰੀਖਿਆ ਵਰਗੇ ਹੀ ਹੋਣਗੇ। ਸਿਵਲ ਸੇਵਾਵਾਂ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਤੇ ਮੌਖਿਕ ਪ੍ਰੀਖਿਆ ਬੜੀ ਉੱਚ ਪੱਧਰ ਦੀ ਹੁੰਦੇ ਹਨ ਅਤੇ ਦਿਮਾਗੀ ਤੌਰ ‘ਤੇ ਆਲ੍ਹਾ ਨੌਜਵਾਨਾਂ ਦੀ ਭਰਤੀ ਕਰਨ ਵਿਚ ਸਫ਼ਲ ਹੁੰਦੀ ਹੈ ਪਰ ਇੱਥੇ ਸਕੂਲ ਮੁਖੀਆਂ ਦੀ ਭਰਤੀ ਹੋਣੀ ਹੈ। ਇਸ ਲਈ ਇਸ ਪ੍ਰੀਖਿਆ ਵਿਚ ਉਹੋ ਕੁੱਝ (ਸਿਵਲ ਸੇਵਾਵਾਂ ਪ੍ਰੀਖਿਆਵਾਂ ਵਾਲਾ) ਪਰਖਿਆ ਜਾਣਾ ਪੂਰੀ ਤਰ੍ਹਾਂ ਪ੍ਰਸੰਗਕ ਨਹੀਂ।
ਪਹਿਲੀ ਦਲੀਲ ਹੈ ਕਿ ਪ੍ਰੀਖਿਆ ਵਿਚ ਪ੍ਰਵੇਸ਼ ਕਰਨ ਵਾਲੇ ਪਹਿਲਾਂ ਹੀ ਸੇਵਾਕਾਲੀਨ ਅਧਿਆਪਕ ਹਨ ਅਤੇ ਤਕਰੀਬਨ ਸਾਰੇ ਹੀ ਵਿਆਹੇ ਹੋਏ ਤੇ ਕਬੀਲਦਾਰੀ ਦੀ ਉਮਰ ਵਿਚ ਹੁੰਦੇ ਹਨ। ਇਨ੍ਹਾਂ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਦਾ ਉਸ ਤਰ੍ਹਾਂ ਦਾ ਸਮਾਂ ਨਹੀਂ ਮਿਲੇਗਾ ਜਿਸ ਤਰ੍ਹਾਂ ਦਾ ਸਮਾਂ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਬੈਠਣ ਵਾਲਿਆਂ ਨੂੰ ਮਿਲਦਾ ਹੈ। ਜਿਸ ਸਮੇਂ ਲਿਖਤੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਜਾਣਾ ਹੈ, ਉਸ ਸਮੇਂ ਮੀਡੀਆ ਵਿਚ ਇਸ ਗੱਲ ਨੂੰ ਉਛਾਲਿਆ ਜਾਵੇਗਾ ਕਿ ਅਧਿਆਪਕਾਂ ਦਾ ਬੌਧਿਕ ਪੱਧਰ ਬਹੁਤ ਘੱਟ ਹੈ ਜਦੋਂਕਿ ਅਜਿਹਾ ਨਹੀਂ ਹੋਵੇਗਾ।
ਦੂਸਰਾ ਉਨ੍ਹਾਂ ਦੇ ਵਿਸ਼ੇਸ਼ ਖੇਤਰ (ਸਿੱਖਿਆ) ਦੇ ਗਿਆਨ ਦੀ ਪਰਖ ਕਰਨੀ ਬੇਹੱਦ ਜ਼ਰੂਰੀ ਹੈ। ਇਸ ਗੱਲ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਕਿ ਆਮ ਪ੍ਰਬੰਧ ਅਤੇ ਸਿੱਖਿਆ ਪ੍ਰਬੰਧ ਵਿਚ ਵੱਡਾ ਫ਼ਰਕ ਹੁੰਦਾ ਹੈ। ਸਕੂਲ ਦੇ ਪ੍ਰਿੰਸੀਪਲ ਤੇ ਮੁੱਖ ਅਧਿਆਪਕ ਨੇ ਸਕੂਲ ਪ੍ਰਬੰਧਕ ਹੋਣ ਸਮੇਂ ਆਪ ਵੀ ਅਧਿਆਪਨ ਕਾਰਜ ਕਰਨਾ ਹੁੰਦਾ ਹੈ ਅਤੇ ਦੂਸਰੇ ਅਧਿਆਪਕਾਂ ਦੇ ਅਧਿਆਪਨ ਸਮੇਂ ਵੀ ਉਨ੍ਹਾਂ ਦੀ ਅਗਵਾਈ ਕਰਨੀ ਹੁੰਦੀ ਹੈ। ਇਸ ਲਈ ਸਕੂਲ ਮੁਖੀ ਦਾ ਪ੍ਰਬੰਧਕ ਹੋਣ ਦੇ ਨਾਲ ਨਾਲ ਸਿੱਖਿਆ ਸ਼ਾਸਤਰੀ ਹੋਣਾ ਜ਼ਰੂਰੀ ਹੈ।
ਸੋ, ਜ਼ਰੂਰੀ ਹੈ ਕਿ ਸਕੂਲ ਮੁਖੀ ਦੀ ਚੋਣ ਸਮੇਂ ਕੀਤੀ ਜਾਣ ਵਾਲੀ ਪਰਖ ਵਿਚ ਉਸ ਦੀ ਵੱਡੀ ਪਰਖ ਅਧਿਆਪਕ ਦੀ ਹੋਣੀ ਚਾਹੀਦੀ ਹੈ; ਕਿਉਂਕਿ ਸਕੂਲ ਮੁਖੀ ਨੇ ਜਿੱਥੇ ਸਕੂਲ ਪ੍ਰਬੰਧ ਦੇਖਣਾ ਹੁੰਦਾ ਹੈ, ਉੱਥੇ ਸਕੂਲ ਵਿਚ ਗਾਈਡ ਵਜੋਂ ਵੀ ਵਿਚਰਨਾ ਹੁੰਦਾ ਹੈ। ਦੇਖਿਆ ਜਾਵੇ ਤਾਂ ਉਸ ਦਾ ਪਹਿਲਾ ਅਤੇ ਵੱਡਾ ਕਾਰਜ ਤਾਂ ਸਕੂਲ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਗਾਈਡ ਬਣਨਾ ਹੁੰਦਾ ਹੈ। ਕੇਵਲ ਡੰਡੇ ਵਾਲਾ ਪ੍ਰਬੰਧਕ ਵਧੀਆ ਸਕੂਲ ਪ੍ਰਬੰਧਕ ਨਹੀਂ ਹੋ ਸਕਦਾ।
ਆਪਣੇ ਈਟੀਟੀ/ਬੀਐੱਡ/ਐੱਮਐੱਡ ਕੋਰਸਾਂ ਵਿਚ ਉਸ ਨੇ ਸਿੱਖਿਆ ਦਾ ਇਤਿਹਾਸ, ਸਿੱਖਿਆ ਮਨੋਵਿਗਿਆਨ ਆਦਿ ਵਿਸ਼ਿਆਂ ਨੂੰ ਪੜ੍ਹਿਆ ਹੁੰਦਾ ਹੈ ਪਰ ਉਸ ਦੀ ਅਧਿਆਪਕ ਦੀ ਨਿਯੁਕਤੀ ਸਮੇਂ ਅਜਿਹੀ ਕੋਈ ਪਰਖ ਨਹੀਂ ਕੀਤੀ ਜਾਂਦੀ। ਹੁਣ ਜਦੋਂ ਉਸ ਨੇ ਸਕੂਲ ਮੁਖੀ/ਪ੍ਰਬੰਧਕ ਵਜੋਂ ਤਾਇਨਾਤ ਹੋਣਾ ਹੈ ਤਾਂ ਉਸ ਵਿਚ ਅਜਿਹੇ ਗੁਣ ਹੋਣੇ ਜ਼ਰੂਰੀ ਹਨ। ਹੁਣ ਨਿਯੁਕਤ ਹੋਣ ਜਾ ਰਹੇ ਅਧਿਆਪਕਾਂ ਵਿਚੋਂ ਬਹੁਗਿਣਤੀ ਅਧਿਆਪਕਾਂ ਦਾ ਅਧਿਆਪਨ ਤਜਰਬਾ ਨਿਯੁਕਤੀ ਦੀਆਂ ਸ਼ਰਤਾਂ ਦੀ ਪੂਰਤੀ ਕਰਨ ਜੋਗਾ ਹੀ ਹੋਣਾ ਹੈ, ਇਸ ਲਈ ਇੱਥੇ ਇਹ ਤਜਰਬਾ ਪੂਰਾ ਕੰਮ ਨਹੀਂ ਕਰੇਗਾ। ਇਸ ਲਈ ਸਕੂਲ ਪ੍ਰਬੰਧਕ ਵਜੋਂ ਚੋਣ ਕਰਦੇ ਸਮੇਂ ਉਸ ਦੀ ਸਕੂਲ ਮੁਖੀ ਸਮੇਂ ਗਾਈਡ ਦੀ ਯੋਗਤਾ ਦੀ ਪਰਖ ਕਰਨ ਦਾ ਪ੍ਰਬੰਧ ਵੀ ਕਰ ਲਿਆ ਜਾਣਾ ਚਾਹੀਦਾ ਹੈ।
ਹੁਣ ਸਮਾਜਕ ਹਾਲਾਤ ਵਿਚ ਵੱਡੀ ਤਬਦੀਲੀ ਆ ਚੁੱਕੀ ਹੈ। ਸਕੂਲ ਪ੍ਰਬੰਧਕ ਨੇ ਵਿਦਿਆਰਥੀਆਂ ਦੇ ਮਾਪਿਆਂ ਤੱਕ ਦੋਸਤਾਨਾ ਪਹੁੰਚ ਵੀ ਬਣਾਉਣੀ ਹੁੰਦੀ ਹੈ। ਸਮਾਜੀ ਰਿਸ਼ਤਿਆਂ ਦੀ ਹੋ ਚੁੱਕੀ ਟੁੱਟ-ਭੱਜ, ਵਿਸ਼ੇਸ਼ ਤੌਰ ‘ਤੇ ਅੱਜ ਦੀ ਸਥਾਪਤੀ ਵੱਲ ਵਧ ਰਹੀ ਇਕਹਿਰੀ ਪਰਿਵਾਰਕ ਪ੍ਰਣਾਲ਼ੀ ਵਿਚ ਸਕੂਲ ਮੁਖੀ ਵਿਦਿਆਰਥੀਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਦੇ ਫ਼ਰਜ਼ ਵੀ ਨਿਭਾਉਣੇ ਹੁੰਦੇ ਹਨ। ਇਹ ਡੂੰਘਾਈ ਵਿਚ ਜਾ ਕੇ ਸੋਚਣ ਦਾ ਸਮਾਂ ਹੈ ਕਿ ਸਕੂਲ ਪ੍ਰਬੰਧਕ ਨਿਯੁਕਤ ਕੀਤੇ ਜਾਣ ਵਾਲਿਆਂ ਵਿਚ ਅਜਿਹੇ ਗੁਣ ਹੋਣ। ਅੱਜਕੱਲ੍ਹ ਵਿਦਿਆਰਥੀਆਂ ਵਿਚ ਨਿਰਾਸ਼ਤਾ, ਵਿਸ਼ੇਸ਼ ਕਰਕੇ ਭਵਿੱਖ ਬਾਰੇ ਉਦਾਸੀਨਤਾ ਪੈਦਾ ਹੋ ਰਹੀ ਹੈ। ਸਕੂਲ ਮੁਖੀ ਵਿਦਿਆਰਥੀਆਂ ਦੀਆਂ ਹਰ ਤਰ੍ਹਾਂ ਦੀਆਂ ਗੁੰਝਲਾਂ ਦਾ ਹੱਲ ਕੱਢਣ ਵਾਸਤੇ ਬਹੁੜਨ ਵਾਲਾ ਹੋਣਾ ਚਾਹੀਦਾ ਹੈ।
ਨਵੇਂ ਨਿਯੁਕਤ ਹੋਣ ਵਾਲੇ ਸਕੂਲ ਪ੍ਰਬੰਧਕਾਂ ਨੂੰ ਇਕ ਹੋਰ ਬੜੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਣਾ ਹੈ। ਉਨ੍ਹਾਂ ਨੂੰ ਲੰਮੇ ਤਜਰਬੇ ਵਾਲੇ ਅਧਿਆਪਕਾਂ ਨਾਲ ਦੋ-ਚਾਰ ਹੋਣਾ ਪੈਣਾ ਹੈ। ਇਸ ਲਈ ਅਜਿਹੀ ਯੋਗਤਾ ਦੀ ਪਰਖ ਵੀ ਜ਼ਰੂਰੀ ਹੈ। ਸਕੂਲ ਪ੍ਰਬੰਧਕਾਂ ਨੇ ਕੇਵਲ ਦਫ਼ਤਰੀ ਕਮਰੇ ਵਿਚ ਬੈਠ ਕੇ ਸਕੂਲ ਪ੍ਰਬੰਧ ਨਹੀਂ ਚਲਾਉਣਾ ਸਗੋਂ ਇਨ੍ਹਾਂ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਵਡੇਰੇ ਹਿੱਤਾਂ ਵਾਲਾ ਵਿਦਿਅਕ ਮਾਹੌਲ ਸਿਰਜਣਾ ਹੈ। ਸਫ਼ਲ ਸਕੂਲ ਮੁਖੀ ਉਹੀ ਹੋ ਸਕਦਾ ਹੈ ਜਿਸ ਨੂੰ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਆਪਣੇ ਗਾਈਡ ਵਜੋਂ ਪ੍ਰਵਾਨ ਕਰ ਲੈਣ ਅਤੇ ਆਪਣੇ ਆਪ ਨੂੰ ਉਸ ਦੇ ਕਰੀਬ ਸਮਝਣ। ਵਿਦਿਆਰਥੀਆਂ ਦੇ ਮਾਪੇ ਸਕੂਲ ਮੁਖੀ ਨੂੰ ਉਨ੍ਹਾਂ ਦੇ ਬੱਚਿਆਂ ਦਾ ਹਰ ਤਰ੍ਹਾਂ ਦਾ ਰਖਵਾਲਾ ਸਮਝਣ।

ਸੰਪਰਕ: 95010-20731


Comments Off on ਸਕੂਲ ਮੁਖੀਆਂ ਦੀ ਸਿੱਧੀ ਭਰਤੀ: ਕੁੱਝ ਨੁਕਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.