ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਸ਼ਬਦ ਦੀ ਮਹਿਮਾ

Posted On May - 19 - 2019

ਡਾ. ਨਰੇਸ਼

ਡਾ. ਨਰੇਸ਼

ਕਿਸੇ ਵੀ ਭਾਸ਼ਾ ਦਾ ਆਧਾਰ ਉਸ ਦੇ ਸ਼ਬਦ ਹੁੰਦੇ ਹਨ। ਭਾਸ਼ਾ ਦੋ ਇਨਸਾਨਾਂ ਵਿਚਕਾਰ ਸੰਵਾਦ ਦਾ ਮਾਧਿਅਮ ਹੁੰਦੀ ਹੈ। ਇਹੋ ਇਕ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਭਾਵਾਂ ਦਾ ਪ੍ਰਗਟਾਅ ਕਰ ਸਕਦਾ ਹੈ। ਸ਼ਬਦਾਂ ਦੀ ਅਣਹੋਂਦ ਵਿਚ ਵੀ ਸੰਵਾਦ ਸੰਭਵ ਹੈ, ਪਰ ਚੁੱਪ ਦੀ ਭਾਸ਼ਾ ਰਾਹੀਂ ਆਪਣੀ ਗੱਲ ਦਾ ਮੁਕੰਮਲ ਇਜ਼ਹਾਰ ਸੰਭਵ ਨਹੀਂ। ਇਹ ਵੀ ਜ਼ਰੂਰੀ ਨਹੀਂ ਕਿ ਸੰਕੇਤਾਂ ਰਾਹੀਂ ਕੀਤਾ ਗਿਆ ਇਜ਼ਹਾਰ ਇੱਛਤ ਮੰਜ਼ਿਲ ਤਕ ਜਾ ਪੁੱਜੇ। ਇਸ ਲਈ ਸ਼ਬਦਾਂ ਦੀ ਲੋੜ ਹੁੰਦੀ ਹੈ।
ਕੁਦਰਤ ਨੇ ਇਨਸਾਨ ਨੂੰ ਭਾਸ਼ਾ ਨਹੀਂ, ਆਵਾਜ਼ ਬਖ਼ਸ਼ੀ ਹੈ। ਜਿਸ ਵਿਅਕਤੀ ਨੂੰ ਕੁਦਰਤ ਨੇ ਆਵਾਜ਼ ਤੋਂ ਵਾਂਝਿਆਂ ਰੱਖਿਆ ਹੈ, ਉਸ ਨੂੰ ਅਸੀਂ ਬੋਲਣਾ ਨਹੀਂ ਸਿਖਾ ਸਕਦੇ ਪਰ ਜਿਸ ਦੇ ਕੋਲ ਆਵਾਜ਼ ਹੈ, ਉਸ ਨੂੰ ਕੀ ਤੇ ਕਿਵੇਂ ਬੋਲਣਾ ਹੈ, ਸਿਖਾ ਸਕਦੇ ਹਾਂ। ਸ਼ਬਦ ਇਨਸਾਨ ਦੇ ਬਣਾਏ ਹੋਏ ਹਨ। ਇਸ ਲਈ ਇਨ੍ਹਾਂ ਦੀ ਵਰਤੋਂ ਦਾ ਢੰਗ ਇਨਸਾਨ ਪਾਸੋਂ ਹੀ ਸਿੱਖਿਆ ਜਾ ਸਕਦਾ ਹੈ। ਕਿਸੇ ਵੀ ਭਾਸ਼ਾ ਦਾ ਪ੍ਰਚਾਰ ਤੇ ਪਾਸਾਰ ਇਨਸਾਨਾਂ ਦੇ ਹੱਥ ਹੈ।
ਸਾਡੇ ਦੇਸ਼ ਵਿਚ 180 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ 90 ਭਾਸ਼ਾਵਾਂ ਅਜਿਹੀਆਂ ਹਨ ਜਿਨ੍ਹਾਂ ’ਚੋਂ ਹਰ ਭਾਸ਼ਾ ਦੇ ਬੋਲਣ ਵਾਲਿਆਂ ਦੀ ਗਿਣਤੀ ਦਸ ਹਜ਼ਾਰ ਵੀ ਨਹੀਂ। ਦੇਸ਼ ਦੀ 70 ਫ਼ੀਸਦੀ ਆਬਾਦੀ ਮਹਿਜ਼ 20 ਭਾਸ਼ਾਵਾਂ ਬੋਲਦੀ ਹੈ। ਦੇਸ਼ ਦੀਆਂ ਲਗਪਗ 12 ਭਾਸ਼ਾਵਾਂ ਦੇ ਆਪਣੇ ਭੂਗੋਲਿਕ ਖੇਤਰ ਹਨ। ਇਹ ਹਨ: ਕਸ਼ਮੀਰੀ, ਪੰਜਾਬੀ, ਹਿੰਦੀ, ਬੰਗਲਾ, ਅਸਮੀ, ਉੜੀਆ, ਗੁਜਰਾਤੀ, ਮਰਾਠੀ, ਕੰਨੜ, ਤੇਲਗੂ, ਤਾਮਿਲ ਅਤੇ ਮਲਿਆਲਮ। ਭਾਰਤ ਦੇ ਆਪਣੇ ਚਾਰ ਭਾਸ਼ਾਈ ਪਰਿਵਾਰ ਹਨ। ਪਹਿਲਾ ਹੈ ਨਿਸ਼ਾਦ ਜਿਸ ਦੀਆਂ ਭਾਸ਼ਾਵਾਂ ਸਾਡੀ 1.38 ਫ਼ੀਸਦੀ ਆਬਾਦੀ ਬੋਲਦੀ ਹੈ। ਦੂਜਾ ਹੈ ਕਿਰਾਤ ਜਿਸ ਵਿਚ ਤਿੱਬਤੀ, ਬਾਲਤੀ, ਲੱਦਾਖੀ, ਲਾਹੌਲੀ, ਸ਼ੇਰਪਾ, ਮਸ਼ਮੀ ਆਦਿ ਭਾਸ਼ਾਵਾਂ ਸ਼ਾਮਲ ਹਨ। ਇਹ ਭਾਸ਼ਾਵਾਂ 5.85 ਫ਼ੀਸਦੀ ਲੋਕ ਬੋਲਦੇ ਹਨ। ਤੀਸਰਾ ਦ੍ਰਾਵਿੜ ਹੈ ਜਿਸ ਵਿਚ ਤੇਲਗੂ, ਤਮਿਲ, ਕੰਨੜ ਜਿਹੀਆਂ ਭਾਸ਼ਾਵਾਂ ਸ਼ਾਮਲ ਹਨ। ਇਹ ਭਾਸ਼ਾਵਾਂ ਬੋਲਣ ਵਾਲੇ ਸਾਡੀ ਆਬਾਦੀ ਦਾ 20 ਫ਼ੀਸਦੀ ਹਿੱਸਾ ਹਨ। ਚੌਥਾ ਹੈ ਆਰੀਆ ਪਰਿਵਾਰ ਜਿਸ ਤਹਿਤ ਹਿੰਦੀ, ਉਰਦੂ, ਸਿੰਧੀ, ਕੱਛੀ, ਮਰਾਠੀ ਆਦਿ ਭਾਸ਼ਾਵਾਂ ਆਉਂਦੀਆਂ ਹਨ। ਸਾਡੀ 73 ਫ਼ੀਸਦੀ ਆਬਾਦੀ ਇਸ ਪਰਿਵਾਰ ਦੀਆਂ ਭਾਸ਼ਾਵਾਂ ਬੋਲਦੀ ਹੈ। ਕਈ ਭਾਸ਼ਾਵਾਂ ਵਿਚ ਅਨੇਕਾਂ ਸ਼ਬਦ ਇਕੋ ਜਿਹੇ ਹਨ ਅਤੇ ਕਈਆਂ ਵਿਚ ਰਲਦੇ-ਮਿਲਦੇ ਸ਼ਬਦ ਹਨ।
ਕਈ ਵਾਰੀ ਸੋਚਦਾ ਹਾਂ ਕਿ ਤੁਰਕੀ ਅਤੇ ਫ਼ਾਰਸੀ ਬੋਲਦੇ ਮੁਸਲਮਾਨਾਂ ਦੇ ਭਾਰਤ ਵਿਚ ਆ ਵਸਣ ਤੋਂ ਪਹਿਲਾਂ ਸਾਡੇ ਦੇਸ਼ ਵਿਚ ਤਰਬੂਜ਼, ਦਾਲਾਨ, ਗੁਲਦਸਤਾ, ਦਾਇਰਾ, ਦਾਰੋਗਾ, ਚੋਬਦਾਰ, ਫ਼ੌਜਦਾਰ ਜਿਹੇ ਬੇਸ਼ੁਮਾਰ ਸ਼ਬਦਾਂ ਦੀ ਥਾਂ ’ਤੇ ਕੀ ਬੋਲਿਆ ਜਾਂਦਾ ਹੋਵੇਗਾ। ਰੋਜ਼ਾਨਾ ਜੀਵਨ ਵਿਚ ਵਰਤੀਆਂ ਜਾਂਦੀਆਂ ਅਨੇਕਾਂ ਵਸਤਾਂ ਦੇ ਅਸਲੀ ਨਾਂ ਗੁੰਮ ਹੋ ਗਏ ਹਨ ਅਤੇ ਉਨ੍ਹਾਂ ਦੇ ਤੁਰਕੀ, ਅਰਬੀ, ਫ਼ਾਰਸੀ ਬਦਲ ਪ੍ਰਚਲਿਤ ਹੋ ਗਏ ਹਨ ਜਿਵੇਂ ਮੁੱਢ ਤੋਂ ਹੀ ਇਹੋ ਨਾਂ ਰਹੇ ਹੋਣ। ਇਸੇ ਨੂੰ ਸ਼ਬਦਾਂ ਦੀ ਯਾਤਰਾ ਆਖਿਆ ਜਾਂਦਾ ਹੈ। ਇਸ ਯਾਤਰਾ ਦਾ ਅਧਿਐਨ ਬੜਾ ਦਿਲਚਸਪ ਹੈ। ਪਤਾ ਹੀ ਨਹੀਂ ਲੱਗਦਾ ਕਿ ਕਿਸ ਭਾਸ਼ਾ ਦਾ ਕਿਹੜਾ ਸ਼ਬਦ ਕਦੋਂ ਅਤੇ ਕਿਵੇਂ ਜਾ ਕੇ ਕਿਸੇ ਦੂਸਰੀ ਭਾਸ਼ਾ ਦੇ ਸ਼ਬਦ ਭੰਡਾਰ ਵਿਚ ਸ਼ਾਮਲ ਹੋ ਗਿਆ ਹੈ।
ਕਾਗਜ਼ ਦੀ ਕਾਢ ਤੋਂ ਪਹਿਲਾਂ ਭਾਰਤ ਵਿਚ ਕਿਤਾਬਾਂ ਭੋਜ ਪੱਤਰ ’ਤੇ ਲਿਖੀਆਂ ਜਾਂਦੀਆਂ ਸਨ। ਭੋਜ ਬਿਰਛ ਦੀ ਛਾਲ ਨੂੰ ਵਿਸ਼ੇਸ਼ ਮਾਪ ਨਾਲ ਕੱਟ ਕੇ ਪੱਟੀਆਂ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ਪੱਟੀਆਂ ਨੂੰ ਧੁੱਪੇ ਸੁਕਾ ਕੇ ਇਨ੍ਹਾਂ ਉਪਰ ਤੇਲ ਮਲ ਦਿੱਤਾ ਜਾਂਦਾ ਸੀ। ਜਦੋਂ ਇਹ ਚਿਕਣੀਆਂ ਹੋ ਜਾਂਦੀਆਂ ਸਨ ਤਾਂ ਇਨ੍ਹਾਂ ਉਪਰੇ ਸ਼ਬਦ ਉਕੇਰੇ ਜਾਂਦੇ ਸਨ ਜਿਨ੍ਹਾਂ ਉਪਰ ਸਿਆਹੀ ਮਲ ਦਿੱਤੀ ਜਾਂਦੀ ਸੀ। ਹੁਣ ਇਹ ਸੌਖ ਨਾਲ ਪੜ੍ਹੇ ਜਾ ਸਕਦੇ ਹਨ। ਜਦੋਂ ਪੁਸਤਕ ਦਾ ਇਕ ਅਧਿਆਇ ਮੁਕੰਮਲ ਹੋ ਜਾਂਦਾ ਸੀ ਤਾਂ ਸੂਤਰ ਨਾਲ ਪੱਟੀਆਂ ਨੂੰ ਬੰਨ੍ਹ ਦਿੱਤਾ ਜਾਂਦਾ ਸੀ। ਇਸੇ ਲਈ ਸੰਸਕ੍ਰਿਤ ਵਿਚ ਅਧਿਆਇ ਨੂੰ ‘ਸੂਤਰ’ ਆਖਿਆ ਗਿਆ। ਵਿਭਿੰਨ ਅਧਿਆਵਾਂ ਨੂੰ ਡੋਰੀ ਨਾਲ ਬੰਨ੍ਹ ਕੇ ਗੰਢ ਮਾਰ ਦਿੱਤੀ ਜਾਂਦੀ ਸੀ। ਇਸੇ ਗੰਢ ਕਾਰਨ ਪੁਸਤਕ ਨੂੰ ‘ਗ੍ਰੰਥ’ ਆਖਿਆ ਗਿਆ।
ਸ਼ਬਦਾਂ ਦੀ ਕਹਾਣੀ ਵੀ ਬੜੀ ਵਚਿੱਤਰ ਹੁੰਦੀ ਹੈ। ਸ਼ਬਦ ਪੰਛੀਆਂ ਵਾਂਗ ਉਡਾਰੀਆਂ ਲਾਉਂਦੇ ਹਨ। ਪਤਾ ਨਹੀਂ ਕਿੱਥੋਂ ਕਿੱਥੋਂ ਦੀ ਯਾਤਰਾ ਇਨ੍ਹਾਂ ਦਾ ਨਸੀਬ ਹੁੰਦੀ ਹੈ। ਸ਼ਬਦ-ਪੰਛੀ ਜਦੋਂ ਆਪਣੇ ਖੰਭ ਮੋਕਲੇ ਕਰਦੇ ਹਨ ਤਾਂ ਅਰਥ-ਵਿਸਥਾਰ ਹੁੰਦਾ ਹੈ ਅਤੇ ਜਦੋਂ ਖੰਭ ਸਮੇਟਦੇ ਹਨ ਤਾਂ ਅਰਥ-ਸੰਕੋਚ ਕਾਰਨ ਅਰਥ ਇਕ ਨੁਕਤੇ ’ਤੇ ਆ ਖਲੋਂਦਾ ਹੈ। ਅਰਥ-ਵਿਸਥਾਰ ਕਾਰਨ ‘ਰਾਜਾ’ ਦਾ ਅਰਥ ‘ਨਾਈ’ ਅਤੇ ‘ਮਹਾਰਾਜ’ ਦਾ ਅਰਥ ‘ਰਸੋਈਆ’ ਹੋ ਜਾਂਦਾ ਹੈ। ਅਰਥ-ਸੰਕੋਚ ਵਾਪਰਦਾ ਹੈ ਤਾਂ ‘ਮੁਰਗ’ (ਪੰਛੀ) ‘ਮੁਰਗਾ’ ਬਣ ਜਾਂਦਾ ਹੈ। ਫ਼ਾਰਸੀ ਵਿਚ ਮੁਰਗ ਦਾ ਅਰਥ ਪਰਿੰਦਾ ਹੈ। ‘ਮੁਰਗ ਮੁਸੱਲਮ’ ਦਾ ਅਰਥ ਹੈ ਭੁੰਨਿਆ ਹੋਇਆ ਕੋਈ ਵੀ ਸਾਲਮ ਪਾਰਿੰਦਾ, ਪਰ ਪੰਜਾਬੀ ਵਿਚ ਇਹ ‘ਫੁੱਲ ਚਿਕਨ’ (ਪੂਰਾ ਮੁਰਗਾ) ਬਣ ਗਿਆ। ਇਸੇ ਤਰ੍ਹਾਂ ਪੰਜਾਬੀ ਦਾ ਇਕ ਮੁਹਾਵਰਾ ‘ਅੱਖਾਂ ਹਨ ਕਿ ਕੌਲ ਡੋਡੇ’ ਆਪਣੀ ਸੁੰਦਰਤਾ ਦੇ ਬਾਵਜੂਦ ਨਾਕਾਰਾਤਮਕ ਬਣ ਗਿਆ। ਵੇਖਿਆ ਜਾਵੇ ਤਾਂ ‘ਕੌਲ ਡੌਡੇ’ ਜਿਹੀ ਅੱਖ ਬਦਸੂਰਤ ਨਹੀਂ, ਖ਼ੂਬਸੂਰਤ ਹੁੰਦੀ ਹੈ। ‘ਕੌਲ’ ਦਾ ਅਰਥ ਹੈ ‘ਕੰਵਲ’ ਅਤੇ ‘ਡੋਡਾ’ ਆਖਦੇ ਹਨ ਅਣਖਿੜੇ ਫੁੱਲ ਨੂੰ। ਅਣਖਿੜਿਆ ਕੰਵਲ ਅੱਖ ਲਈ ਬਿਹਤਰੀਨ ਉਪਮਾ ਹੈ ਜਦੋਂਕਿ ‘ਅੱਖਾਂ ਹਨ ਕਿ ਕੌਲ ਡੋਡੇ’ ਦਾ ਅਰਥ ਹੈ ਤੈਨੂੰ ਦਿਸਦਾ ਨਹੀਂ? ਭਾਰਤ ਵਿਚ ‘ਕੰਵਲ ਨੈਣ’ ਨੂੰ ਸੁੰਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਰ ਮੁਹਾਵਰੇ ਨੇ ਅਰਥ ਬਦਲ ਲਿਆ ਅਤੇ ਨਾਕਾਰਾਤਮਕ ਬਣ ਗਿਆ।
ਦੂਜੇ ਪਾਸੇ ‘ਨਰਗਿਸੀ ਅੱਖ’ ਪੰਜਾਬੀ/ਉਰਦੂ ਸਾਹਿਤ ਵਿਚ ਸੁੰਦਰਤਾ ਦਾ ਪ੍ਰਤੀਕ ਬਣ ਗਈ। ਅੱਖ ਲਈ ਅਸੀਂ ਇਹ ਉਪਮਾ ਫ਼ਾਰਸੀ ਤੋਂ ਲਈ ਹੈ। ਸੁੰਦਰ ਅੱਖ ਲਈ ਸਾਡਾ ਆਦਰਸ਼ ‘ਮ੍ਰਿਗਨੈਣ’, ‘ਕੰਵਲ ਨੈਣ’ ਅਰਥਾਤ ਸੁਤਵੀਂ ਅੱਖ ਸੀ। ਨਰਗਿਸ ਦਾ ਫੁੱਲ ਕਟੋਰੀ ਜਿਹਾ ਗੋਲ ਹੁੰਦਾ ਹੈ। ਤਿੱਬਤੀ, ਚੀਨੀ ਜਾਂ ਜਾਪਾਨੀ ਅੱਖ ਨੂੰ ਨਰਗਿਸੀ ਅੱਖ ਆਖ ਸਕਦੇ ਹਾਂ, ਭਾਰਤੀ ਅੱਖ ਨੂੰ ਨਹੀਂ, ਪਰ ਕਵਿਤਾ ਵਿਚ ਅਸੀਂ ਜ਼ਹਿਨੀ ਤੌਰ ’ਤੇ ਨਰਗਿਸੀ ਅੱਖ ਤੋਂ ਮ੍ਰਿਗਨੈਣੀ ਅਰਥ ਲੈ ਕੇ ਖ਼ੁਸ਼ ਹੋ ਜਾਂਦੇ ਹਾਂ।
ਰਿਸ਼ੀਆਂ ਨੇ ਸ਼ਬਦ ਨੂੰ ਬ੍ਰਹਮ ਆਖਿਆ ਹੈ। ਸ਼ਬਦ ਦੀਆਂ ਪਰਤਾਂ ਖੁੱਲ੍ਹਦੀਆਂ ਹਨ ਤਾਂ ਅਰਥ ਦੇ ਵਿਭਿੰਨ ਪਹਿਲੂ ਰੌਸ਼ਨ ਹੋ ਜਾਂਦੇ ਹਨ। ਇਹ ਭਾਰਤ ਦਾ ਦੁਰਭਾਗ ਹੈ ਕਿ ਭਾਸ਼ਾਵਾਂ ਨੂੰ ਧਰਮਾਂ ਨਾਲ ਜੋੜ ਕੇ ਵੋਟਾਂ ਦੀ ਰਾਜਨੀਤੀ ਕੀਤੀ ਜਾਂਦੀ ਹੈ। ਪਰ ਸ਼ਬਦ ਰਾਜਨੀਤੀ ਦੀ ਅਧੀਨਤਾ ਨਹੀਂ ਸਵੀਕਾਰਦੇ। ਇਕ ਉਦਾਹਰਣ ਦੇ ਕੇ ਗੱਲ ਸਪਸ਼ਟ ਕਰਦਾ ਹਾਂ। ਅਰਦਾਸ ਕਰਦਿਆਂ ਹਰ ਸਿੱਖ ਹਿੰਦੀ ਬੋਲਦਾ ਹੈ ਅਤੇ ਦੇਵੀ ਦੀ ਪੂਜਾ ਕਰਦਿਆਂ ਹਰ ਹਿੰਦੂ ਪੰਜਾਬੀ ਬੋਲਦਾ ਹੈ। ਅਰਦਾਸ ਕਰਦਿਆਂ ਸਿੱਖ ਆਖਦਾ ਹੈ ‘ਵਾਹਿਗੁਰੂ ਜੀ ਕਾ ਖਾਲਸਾ, ਵਹਿਗੁਰੂ ਜੀ ਕੀ ਫਤਿਹ’। ਉਹ ‘ਵਾਹਿਗੁਰੂੂ ਜੀ ਦਾ ਖਾਲਸਾ’ ਜਾਂ ‘ਵਾਹਿਗੁਰੂ ਜੀ ਦੀ ਫਤਿਹ’ ਨਹੀਂ ਆਖਦਾ। ਓਧਰ ਹਿੰਦੂ ਪੂਜਾ ਕਰਦਿਆਂ ਆਖਦਾ ਹੈ ‘ਜੈ ਮਾਤਾ ਦੀ’; ਉਹ ‘ਜੈ ਮਾਤਾ ਕੀ’ ਨਹੀਂ ਆਖਦਾ।


Comments Off on ਸ਼ਬਦ ਦੀ ਮਹਿਮਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.