ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਅਰਥਚਾਰੇ ’ਚ ਮੌਕਿਆਂ ਨੂੰ ਦੇਖੋ, ਨਿਰਾਸ਼ਾ ਦਾ ਆਲਮ ਛੱਡੋ: ਸ਼ਕਤੀਕਾਂਤ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    

ਲੋਪ ਹੋਏ ਲੋਕ ਮੁੱਦੇ

Posted On May - 17 - 2019

ਜੀਵਨਪ੍ਰੀਤ ਕੌਰ

ਲੋਕਤੰਤਰ ਦੇ ਮਹਾਂ-ਤਿਉਹਾਰ ਆਮ ਸੰਸਦੀ ਚੋਣਾਂ ਦੇ ਮੱਦੇਨਜ਼ਰ ਖਿਆਲ ਆਉਣਾ ਸੁਭਾਵਿਕ ਸੀ ਕਿ ਹੁਣ ਲੋਕ ਮੁੱਦਿਆਂ ਨੂੰ ਗੰਭੀਰਤਾ ਅਤੇ ਸੰਵੇਦਨਾ ਨਾਲ ਵਿਚਾਰਿਆ ਜਾਵੇਗਾ, ਪਾਰਟੀਆਂ ਦੇ ਨੀਤੀਘਾੜੇ ਸਮੱਸਿਆਵਾਂ ‘ਤੇ ਬਹਿਸਾਂ ਕਰਦੇ ਹੋਏ ਇਨ੍ਹਾਂ ਦੇ ਹੱਲ ਦੱਸਦੀਆਂ ਨੀਤੀਆਂ ਘੜ ਕੇ ਮੈਨੀਫੈਸਟੋ ਦਾ ਸ਼ਿੰਗਾਰ ਬਣਾਉਣਗੇ ਪਰ ਅਫਸੋਸ ਕਿ ਦੁਨੀਆ ਦੇ ਸਭ ਤੋਂ ਵੱਡੇ ਸੰਵਿਧਾਨ ਵਾਲੇ ਮੁਲਕ ਵਿਚ ਲੋਕਤੰਤਰ ਦੀ ਇਹ ਮਸ਼ਕ ਕੇਵਲ ਸਿਆਸੀ ਆਗੂਆਂ ਦੀ ਨੀਵੇਂ ਦਰਜੇ ਦੀ ਬਿਆਨਬਾਜ਼ੀ ਅਤੇ ਆਪਸੀ ਕਿੜਾਂ ਕੱਢਦੀ ਨਿੱਜੀ ਦੂਸ਼ਨਬਾਜ਼ੀ ਤੱਕ ਸੀਮਿਤ ਰਹਿ ਜਾਂਦੀ ਹੈ। ਸਿਆਸੀ ਆਗੂਆਂ ਦੇ ਭਾਸ਼ਨ, ਬਿਆਨ, ਟਵੀਟ ਆਦਿ ਪੜ੍ਹਦਿਆਂ ਸੁਣਦਿਆਂ ਇਨ੍ਹਾਂ ਵਿਚੋਂ ਸਮਾਜ ਦੇ ਭਖਦੇ ਮਸਲੇ, ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ- ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਅਮਨ-ਕਾਨੂੰਨ ਦੀ ਵਿਵਸਥਾ, ਕਰਜ਼ਿਆਂ ਦੇ ਬੋਝ ਥੱਲੇ ਖੁਦਕੁਸ਼ੀਆਂ ਨਾਲ ਸਹਿਕਦੀ ਮਰ ਰਹੀ ਕਿਸਾਨੀ, ਨਸ਼ਿਆਂ ਦੀ ਗ੍ਰਿਫਤ ਵਿਚ ਆਈ ਨੌਜਵਾਨੀ ਅਤੇ ਉਨ੍ਹਾਂ ਦੇ ਮਨਾਂ ਵਿਚ ਪਨਪ ਰਹੀ ਬੇਚੈਨੀ ਆਦਿ ਪ੍ਰਤੀ ਸੰਜੀਦਗੀ ਜਾਂ ਸੰਵੇਦਨਾ, ਸਭ ਗੈਰ-ਹਾਜ਼ਰ ਹੈ।
ਜਦੋਂ ਦੇਸ਼ ਦੇ ਰਾਜੇ ਤੋਂ ਜਨਤਾ ਦਾ ਵਿਸ਼ਵਾਸ ਉੱਠਦਾ ਹੈ ਤਾਂ ਲੋਕਤੰਤਰ ਨੂੰ ਖੇਰੂੰ ਖੇਰੂੰ ਕਰ ਦਿੰਦਾ ਹੈ। ਅੱਜ ਜਦੋਂ ਦੇਸ਼ ਦਾ ਭਵਿੱਖ ਡਾਵਾਂਡੋਲ ਹੈ ਤਾਂ ਦੇਸ਼ ਦੇ ਨੇਤਾ ਕਹਿੰਦੇ ਕਿ ਸਾਡੇ ਨਾਲ ਗੈਰ-ਸਿਆਸੀ ਗੱਲਾਂ ਕਰੋ। ਨੇਤਾ ਕਹਿੰਦੇ, ਅਸੀਂ ਥੱਕ ਗਏ ਹਾਂ, ਤੁਹਾਨੂੰ ਮੋਹਰੇ ਬਣਾ ਕੇ ਮੇਰੇ ਪਿਆਦਿਓ! ਹੁਣ ਤੁਸੀਂ ਵੀ ਅਰਾਮ ਕਰੋ, ਮੈਥੋਂ ਕੋਈ ਸਵਾਲ ਨਾ ਕਰੋ ਕਿ ਖਾਤੇ ‘ਚ 15 ਲੱਖ ਆਇਆ ਸੀ ਜਾਂ ਉਹ ਵੀ ਭੁੱਲ ਕੇ ਨੀਰਵ ਮੋਦੀ ਦੇ ਖਾਤੇ ਵਿਚ ਪਾ ਦਿੱਤੇ? ਸਾਡਾ ਰੋਜ਼ਗਾਰ ਕਿਥੇ ਹੈ? ਬੇਟੀ ਬਚਾਉ ਆਖਿਆ ਸੀ, ਤੁਸੀਂ ਹੁਣ ਸਾਧਵੀ ਪ੍ਰੱਗਿਆ ਠਾਕੁਰ ਜੀ ਨੂੰ ਹੀ ਬਚਾਈ ਜਾ ਰਹੇ ਹੋ? ਤੁਸੀਂ ਵੀ ਸਾਧਵੀ ਜੀ ਦੇ ਸਰਾਪ ਤੋਂ ਡਰਨ ਲੱਗ ਪਏ ਹੋ? ਵੀਹ ਹਜ਼ਾਰ ਜੈੱਟ ਏਅਰਵੇਜ਼ ਮੁਲਾਜ਼ਾਮਾਂ ਦੇ ਭਵਿੱਖ ਦੀ ਫਿਕਰ ਕੋਈ ਨਹੀਂ, ਕਿਉਕਿ ਨੇਤਾ ਜੀ ਹੁਣ ਚੁਟਕਲੇ ਸੁਣਾ ਕੇ ਇਨ੍ਹਾਂ ਚਿਹਰਿਆਂ ਦੀ ਮੁਸਕਾਨ ਵਾਪਸ ਲਿਆਉਣ ਦਾ ਯਤਨ ਕਰ ਰਹੇ ਹਨ ਜੋ ਮੁਸਕਾਨ ਕਿੰਨੇ ਹੀ ਚਿਹਰਿਆਂ ਤੋਂ ਮੋਦੀ ਜੀ ਨੇ 8 ਨਵੰਬਰ 2016 ਨੂੰ ਖੋਹ ਲਈ ਸੀ।
ਲੋਕ ਕਹਿ ਰਹੇ ਹਨ ਕਿ ਸਾਡੇ ਪਿੰਡਾਂ ਦਾ ਵਿਕਾਸ ਨਹੀਂ ਹੋਇਆ। ਕਿਸੇ ਸਮੇਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਵਾਲੇ ਹੁਣ ਕਹਿੰਦੇ ਹਨ ਕਿ ਹੁਣ ਫਿਕਰ ਨਾ ਕਰੋ, ਤੁਹਾਨੂੰ ਪਿੰਡ ਛੱਡ ਚੰਡੀਗੜ੍ਹ ਦਾਖਲਾ ਲੈਣ ਦੀ ਜ਼ਰੂਰਤ ਹੀ ਨਹੀਂ ਰਹਿਣੀ, ਕਿਉਂਕਿ ਪੰਜਾਬ ਦੇ ਪਿੰਡ ਮਿੰਨੀ ਚੰਡੀਗੜ੍ਹ ਬਣ ਰਹੇ ਹਨ! ਹੁਣ ਗਰੀਬਾਂ ਨੂੰ ਮੀਂਹ ਵਿਚ ਚੋਂਦੀਆਂ ਛੱਤਾਂ ਦਾ ਫਿਕਰ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਬਹੁਤ ਜਲਦ ਤੁਹਾਡੇ ਘਰ ਵੀ ਮਿੰਨੀ ਸੁਖਵਿਲਾਸ ਬਣ ਰਹੇ ਹਨ!
ਨਿੱਤ ਦਿਨ ਹੋ ਰਹੇ ਰੋਡ-ਸ਼ੋਅ, ਘਰ ਘਰ ਜਾ ਰਹੇ ਲੀਡਰਾਂ ਨੂੰ ਸ਼ਾਇਦ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਰੋਜ਼ਾਨਾ ਜਹਾਜ਼ ਭਰ ਭਰ ਕੇ ਵਿਦੇਸ਼ਾਂ ਨੂੰ ਜਾ ਰਹੀ ਨੌਜਵਾਨ ਪੀੜ੍ਹੀ ਘਰਾਂ ਦੇ ਨਾਲ ਨਾਲ ਮਾਪਿਆਂ ਦੀ ਜ਼ਿੰਦਗੀ ਨੂੰ ਵੀ ਸੱਖਣਾ ਕਰ ਰਹੀ ਹੈ। ਇਹ ਪਰਵਾਸ ਸਾਨੂੰ ਪਰਿਵਾਰਕ ਪੱਖੋਂ ਹੀ ਨਹੀਂ ਸਗੋਂ ਆਰਥਿਕ, ਸਮਾਜਿਕ ਤੇ ਸਭਿਆਚਰਿਕ ਪੱਖੋਂ ਵੀ ਕਮਜ਼ੋਰ ਕਰ ਰਿਹਾ ਹੈ। ਕੋਈ ਸਮਾਂ ਸੀ ਜਦੋਂ ਧੀਆਂ ਨੂੰ ਬਿਗਾਨਾ ਧਨ ਸਮਝਿਆ ਜਾਂਦਾ ਸੀ ਪਰ ਅੱਜ ਰੋਜ਼ੀ-ਰੋਟੀ ਨੇ ਪੁੱਤਰ ਵੀ ਬਿਗਾਨੇ ਮੁਲਕਾਂ ਨੂੰ ਤੋਰ ਦਿੱਤੇ ਹਨ। ਘਰ ਘਰ ਰੁਜ਼ਗਾਰ ਤਾਂ ਦੂਰ ਦੀ ਗੱਲ, ਜਿਨ੍ਹਾਂ ਨੂੰ ਰੁਜ਼ਗਾਰ ਮਿਲ ਵੀ ਰਿਹਾ ਹੈ, ਉਨ੍ਹਾਂ ਨੂੰ ਵੀ ਘਰ ਵਿਚ, ਭਾਵ ਆਪਣੇ ਸ਼ਹਿਰ ਜਾਂ ਆਪਣੇ ਸੂਬੇ ਵਿਚ ਨਹੀਂ ਮਿਲ ਰਿਹਾ।
ਸਾਰੀਆਂ ਪਾਰਟੀਆਂ ਆਪੋ-ਆਪਣੇ ਮੈਨੀਫੈਸਟੋ ਵਿਚ ਵਿਕਾਸ ਕਰ ਗਈਆਂ ਹਨ। ਕਿਸੇ ਪਾਰਟੀ ਨੂੰ ਇਸ ਗੱਲ ਦਾ ਧਿਆਨ ਹੀ ਨਹੀਂ ਕਿ ਕਿਸਾਨ ਜਿਸ ਰੁੱਖ ਦੀ ਛਾਂ ਵਿਚ ਅਰਾਮ ਕਰਦਾ ਹੈ, ਉਸੇ ਰੁੱਖ ‘ਤੇ ਕਿਉਂ ਖੁਦਕੁਸ਼ੀ ਕਰਦਾ ਹੈ? ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆ ਦੇ ਸਰਵੇਖਣ ਅਨੁਸਾਰ, 2000 ਤੋਂ 2015-16 ਤੱਕ 16606 ਕਿਸਾਨ ਤੇ ਮਜ਼ਦੂਰ ਨੇ ਮਜਬੂਰੀ ‘ਚ ਸੰਸਾਰ ਤਿਆਗ ਦਿੱਤਾ ਹੈ। ਇਸ ਮੁਤਾਬਕ ਰੋਜ਼ਾਨਾ 3 ਖ਼ੁਦਕੁਸ਼ੀਆਂ ਬਣਦੀਆਂ ਹਨ ਅਤੇ ਹੁਣ 2019 ਚੱਲ ਰਿਹਾ ਹੈ ਅਤੇ ਤਿੰਨ ਹਜ਼ਾਰ ਤੋਂ ਜ਼ਿਆਦਾ ਖ਼ੁਦਕੁਸ਼ੀਆਂ ਹੋਰ ਜੁੜ ਚੁੱਕੀਆਂ ਹਨ। ਸਵਾਲ ਹੈ: ਕਦੋਂ ਤੱਕ ਅੰਕੜਿਆਂ ਦੇ ਹਵਾਲੇ ਦਿੰਦੇ ਰਹਾਂਗੇ? ਹਰ ਸਾਲ ਹਜ਼ਾਰਾਂ ਏਕੜ ਪੱਕੀ ਫਸਲ ਨੂੰ ਅੱਗ ਲੱਗ ਜਾਂਦੀ ਹੈ ਪਰ ਅਜੇ ਤੱਕ ਕਿਸੇ ਰਾਜਸੀ ਨੇਤਾ ਨੇ ਇਸ ਨੂੰ ਹੱਲ ਕਰਨ ਦਾ ਨਾ ਤਾਂ ਕੋਈ ਰਾਹ ਲੱਭਿਆ ਹੈ ਅਤੇ ਨਾ ਹੀ ਕਾਰਨ ਲੱਭ ਕੇ ਜ਼ਿੰਮੇਵਾਰ ਮਹਿਕਮੇ ‘ਤੇ ਕੋਈ ਕਾਰਵਾਈ ਕੀਤੀ ਹੈ। ਕਿਸਾਨਾਂ ਦੀ ਆਮਦਨ ਵਧਾਉਣ ਵੱਲ ਕਿਸੇ ਦਾ ਧਿਆਨ ਨਹੀਂ ਹੈ, ਬੱਸ ਕਰਜ਼ਾ ਮੁਆਫੀ ਦਾ ਲਾਰਾ ਲਾ ਕੇ ਵੋਟ ਬੈਂਕ ਵਟੋਰਨਾ ਹੀ ਇਨ੍ਹਾਂ ਦਾ ਚੋਣ ਮਨੋਰਥ ਹੈ।
ਇਨ੍ਹਾਂ ਦੇ ਚੋਣ ਮਨੋਰਥ ਪੱਤਰ ਦਾਅਵਾ ਕਰਦੇ ਹਨ ਕਿ ਸਿਹਤ ਸੇਵਾਵਾਂ ਮੁਫਤ, ਦਵਾਈਆਂ ਮੁਫ਼ਤ ਪਰ ਇਨ੍ਹਾਂ ਨੂੰ ਪੁੱਛੋ ਕਿ ਸਾਨੂੰ ਇਹ ਬਿਮਾਰੀਆਂ ਮੁਫ਼ਤ ਕਿਉਂ ਮਿਲ ਰਹੀਆਂ ਹਨ? ਕਿਉਂ ਬੀਕਾਨੇਰ ਨੂੰ ਮੁਫ਼ਤ ਕੈਂਸਰ ਟ੍ਰੇਨ ਜਾਣ ਲੱਗ ਪਈ? ਤਨਖਾਹਾਂ, ਪੈਨਸ਼ਨਾਂ ਤਾਂ ਸਮੇਂ ਸਿਰ ਮਿਲ ਨਹੀਂ ਰਹੀਆਂ, ਮੁਫ਼ਤ ਦਵਾਈਆਂ ਲਈ ਪੈਸਾ ਆਵੇਗਾ ਕਿਥੋਂ? ਇਹ ਬੋਝ ਅਸਲ ਵਿਚ ਸਾਡੀਆ ਹੀ ਜੇਬਾਂ ‘ਤੇ ਟੈਕਸ ਦੇ ਰੂਪ ਵਿਚ ਪਵੇਗਾ।
ਸਿੱਖਿਆ ਸੁਧਾਰਾਂ ਦੇ ਨਾਂ ‘ਤੇ ਸਿਰਫ ਸਕੂਲਾਂ, ਕਾਲਜਾਂ, ਯੂਨੀਵਰਸਿਟੀ ਦੀਆਂ ਬਿਲਡਿੰਗਾਂ ਹੀ ਉਸਰ ਰਹੀਆਂ ਹਨ। ਅਧਿਆਪਕਾਂ ਤੋਂ ਸੱਖਣੇ ਸਕੂਲਾਂ ਵਿਚ ਵਿਦਿਅਰਥੀਆਂ ਦਾ ਭਵਿੱਖ ਰੋਲਣ ਦੀਆਂ ਤਿਆਰੀਆਂ ਹਨ, ਕਿਉਂਕਿ ਜਦੋਂ ਸਰਕਾਰਾਂ ਤੋਂ ਰੁਜ਼ਗਾਰ ਦੀ ਮੰਗ ਕੀਤੀ ਜਾਵੇਗੀ ਤਾਂ ਜਵਾਬ ਇਹ ਹੋਵੇਗਾ ਕਿ ਨੌਜਵਾਨ ਯੋਗਤਾ ਪੂਰੀ ਹੀ ਨਹੀਂ ਕਰਦੇ, ਰੁਜ਼ਗਰ ਕਿਵੇਂ ਦਈਏ? ਨੌਜਵਾਨ ਘੋਰ ਨਿਰਾਸ਼ਾ ਵਿਚੋਂ ਗੁਜ਼ਰਦੇ ਹੋਏ ਜਾਂ ਤਾਂ ਅਪਰਾਧਿਕ ਗਤੀਵਿਧੀਆਂ ਕਰਨਗੇ ਜਾਂ ਨਸ਼ਿਆਂ ਦਾ ਸਾਥ ਲੈਣਗੇ। ਫਿਰ ਇਨ੍ਹਾਂ ਸਰਕਾਰਾਂ ਨੂੰ ਸਵਾਲ ਕਰਨ ਵਾਲਾ ਕੋਈ ਨਹੀਂ ਰਹੇਗਾ। ਹਰ ਦਿਨ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਇਸੇ ਗੱਲ ਦੀ ਗਵਾਹੀ ਹਨ।
ਦੇਸ਼ ਨੂੰ ਆਜ਼ਾਦ ਹੋਇਆਂ 72 ਸਾਲ ਹੋ ਗਏ ਪਰ ਸਾਡੀਆਂ ਜ਼ਰੂਰੀ ਲੋੜਾਂ- ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਤੇ ਸਾਫ਼ ਵਾਤਾਵਾਰਨ ਅੱਜ ਵੀ ਉਵੇਂ ਹੀ ਹਨ। ਸਰਕਾਰਾਂ ਬਦਲਦੀਆਂ ਹਨ, ਸਾਡੀਆਂ ਲੋੜਾਂ ਅੱਜ ਵੀ ਉੱਥੇ ਹੀ ਹਨ। ਸਾਨੂੰ ਸਮਾਰਟਫੋਨ ਨਹੀਂ ਚਾਹੀਦੇ, 15 ਲੱਖ ਵੀ ਨਹੀਂ ਚਾਹੀਦੇ, ਸਾਨੂੰ ਤੁਹਾਡੇ ਦਿਖਾਏ ਅੱਛੇ ਦਿਨ ਵੀ ਨਹੀਂ ਚਾਹੀਦੇ ਜੀ! ਮੁਫ਼ਤ ਕੁਝ ਨਹੀਂ ਚਾਹੀਦਾ, ਸਾਨੂੰ ਤਾਂ ਸਾਡੇ ਬਣਦੇ ਹੱਕ, ਸਾਡੀ ਮਿਹਨਤ ਦਾ ਵਾਜਿਬ ਮੁੱਲ, ਉੱਨਤ ਕਿਸਾਨੀ, ਨਸ਼ਾ ਮੁਕਤ ਜਵਾਨੀ, ਸਿੱਖਿਆ ਤੇ ਸਿਹਤ ਸਹੂਲਤਾਂ ਅਤੇ ਅਮਨ-ਅਮਾਨ ਚਾਹੀਦਾ ਹੈ।

ਸੰਪਰਕ: jeevanpreet90@gmail.com


Comments Off on ਲੋਪ ਹੋਏ ਲੋਕ ਮੁੱਦੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.