1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

ਮੰਡ ਦੇ ਕਈ ਪਿੰਡਾਂ ’ਚ ਅੱਗ ਨੇ ਤਬਾਹੀ ਮਚਾਈ

Posted On May - 15 - 2019

ਮੰਡ ਖੇਤਰ ਵਿੱਚ ਲੱਗੀ ਅੱਗ ਕਾਰਨ ਸੜਿਆ ਗੁੱਜਰਾਂ ਦਾ ਡੇਰਾ।

ਪੱਤਰ ਪ੍ਰੇਰਕ
ਨਡਾਲਾ, 14 ਮਈ
ਦਰਿਆ ਬਿਆਸ ਦੇ ਨਾਲ ਲੱਗਦੇ ਮੰਡ ਖੇਤਰ ’ਚ ਲੱਗੀ ਭਿਆਨਕ ਅੱਗ ਨੇ ਭਾਰੀ ਤਬਾਹੀ ਮਚਾਈ ਜਿਸ ਕਾਰਨ ਮੰਡ ਕੁਲਾ, ਹਬੀਬਵਾਲ, ਰਾਏਪੁਰ ਅਰਾਈਆਂ ਮੰਡ ’ਚ ਗੁੱਜਰਾਂ ਦੇ 12 ਡੇਰੇ, ਤੂੜੀ, ਖਾਲੀ ਖੜ੍ਹੀਆਂ ਟਰਾਲੀਆਂ, ਰੀਪਰ, ਨਕਦੀ ਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਮੰਡ ਕੁਲਾ ਮੰਡ ’ਚ ਘਟਨਾ ਦੀ ਖ਼ਬਰ ਮਿਲਦਿਆਂ ਹੀ ਬੇਗੋਵਾਲ ਪੁਲੀਸ, ਸਰਪੰਚ ਬਲਕਾਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ, ਵੱਡੀ ਗਿਣਤੀ ਪਿੰਡ ਦੇ ਨੌਜਵਾਨ ਪੁੱਜੇ ਤੇ ਪੀੜਤ ਲੋਕਾਂ ਦੀ ਮਦਦ ਕੀਤੀ।
ਇਸ ਮੌਕੇ ਬਲਦੇਵ ਸਿੰਘ ਬਾਜਵਾ ਤੇ ਹੋਰ ਨੌਜਵਾਨਾਂ ਦੇ ਉਪਰਾਲੇ ਨਾਲ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ, ਡੇਰਾ ਕਾਰ ਸੇਵਾ ਨਡਾਲਾ, ਡੇਰਾ ਮਕਸੂਦਪੁਰ ਤੋਂ ਤਿਆਰ ਕਰ ਕੇ ਲਿਆਂਦਾ ਲੰਗਰ ਪੀੜਤ ਪਰਿਵਾਰਾਂ ਨੂੰ ਛਕਾਇਆ ਗਿਆ। ਅੱਗ ਦੇ ਤਾਂਡਵ ਨੇ ਉਥੇ 40 ਸਾਲ ਤੋਂ ਰਹਿ ਰਹੇ ਯੂਸਫ, ਉਸ ਦੇ 2 ਪੁੱਤਰਾਂ ਦੇ ਡੇਰਿਆਂ ਨੂੰ ਸੁਆਹ ਕਰ ਦਿੱਤਾ। ਸੌਣ, ਬੈਠਣ ਜਾਂ ਖਾਣ ਪੀਣ ਲਈ ਵੀ ਕੁਝ ਨਹੀਂ ਬਚਿਆ। ਇਸ ਤੋਂ ਇਲਾਵਾ 50 ਟਰਾਲੀਆਂ ਤੂੜੀ, 1 ਕੁੱਪ, ਇੱਕ ਮਕਾਨ, ਛੰਨਾ, ਸਕੂਟਰ, ਸਾਈਕਲ, 2 ਖੜ੍ਹੀਆਂ ਟਰਾਲੀਆਂ ਤੇ ਇੱਕ ਕੱਟਾ ਭਸਮ ਹੋ ਗਏ। ਇਸੇ ਤਰ੍ਹਾਂ, ਥੋੜ੍ਹੀ ਦੂਰੀ ’ਤੇ ਰਹਿੰਦੇ ਗੁੱਜਰ ਈਸਾ ਦੇ ਪੁੱਤਰਾਂ ਮੁਹੰਮਦ ਅਲੀ, ਬੀਤਾ, ਆਲਮ, ਸ਼ਾਮਾ, ਕਾਲੂ, ਤੇ ਸ਼ੇਰੂ ਦੀਆਂ 7 ਛੰਨਾ, 8 ਲੱਖ ਰੁਪਏ ਦੀ ਨਕਦੀ ਤੇ ਸਾਰਾ ਘਰੇਲੂ ਸਾਮਾਨ ਮੰਜੇ ਬਿਸਤਰੇ ਭਾਂਡੇ ਸੜ ਗਏ। ਇਹ ਨਕਦੀ ਠੇਕੇ ’ਤੇ ਲਈ ਜ਼ਮੀਨ ਦਾ ਠੇਕਾ ਦੇਣ ਤੇ ਪਿੰਡ ਕਮਾਲਪੁਰ ’ਚ ਇੱਕ ਮਕਾਨ ਦਾ ਸੌਦਾ ਕਰਨ ਲਈ ਲਿਆ ਕੇ ਰੱਖੀ ਹੋਈ ਸੀ। ਅੱਗ ਦੀ ਇਸ ਮਾਰੂ ਘਟਨਾ ਕਾਰਨ ਸਾਰੇ 10 ਪਰਿਵਾਰਾਂ ਦਾ ਕਰੀਬ 60 ਲੱਖ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਕਾਰਨ ਪਰਿਵਾਰਾਂ ਦੇ 40 ਮੈਂਬਰ ਵਾਲ ਵਾਲ ਬਚੇ। ਲੋਕਾਂ ਨੇ ਇਨ੍ਹਾਂ ਪਰਿਵਾਰਾਂ ਦੇ ਕਰੀਬ 100 ਪਸ਼ੂਆਂ ਨੂੰ ਅੱਗ ਦੇ ਬਲਦੇ ਭਾਂਬੜ ’ਚੋਂ ਬਾਹਰ ਕੱਢ ਕੇ ਸੁਰੱਖਿਅਤ ਬਚਾਇਆ।
ਮੰਡ ਹਬੀਬਵਾਲ ’ਚ ਗੁੱਜਰ ਮੌਜਦੀਨ ਤੇ ਸੈਫ਼ ਅਲੀ ਦੇ ਪਸ਼ੂਆਂ ਦੇ ਵਾੜੇ, ਪਰਾਲੀ ਦੇ ਢੇਰ, ਤੂੜੀ, 8 ਵਾਲਮੀਕ ਘਰਾਂ ਦੀ ਤੂੜੀ ਤੇ ਹੋਰ ਸਾਮਾਨ ਸੜ ਗਿਆ। ਮੰਡ ਰਾਏਪੁਰ ਅਰਾਈਆਂ ’ਚ ਕਿਸਾਨਾਂ ਦੇ 8 ਤੂੜੀ ਦੇ ਮੂਸਲ, ਰੂੜੀਆਂ ਤੇ ਹੋਰ ਭਾਰੀ ਨੁਕਸਾਨ ਹੋਇਆ ਹੈ। ਪੀੜਤਾਂ ਨੇ ਸਰਕਾਰ ਪਾਸੋਂ ਤੁਰੰਤ ਰਾਹਤ ਦੇਣ, ਆਰਜ਼ੀ ਘਰਾਂ ਲਈ ਤੰਬੂ ਤੇ ਆਰਥਿਕ ਮਦਦ ਦੀ ਮੰਗ ਕੀਤੀ ਹੈ। ਇਸ ਸਬੰਧੀ ਡੀਸੀ ਕਪੂਰਥਲਾ ਡੀਪੀਐਸ ਖਰਬੰਦਾ ਨੇ ਕਿਹਾ ਕਿ ਇਸ ਸਬੰਧੀ ਜਾਂਚ ਲਈ ਐਸਡੀਐਮ ਭੁਲੱਥ ਮੌਕੇ ’ਤੇ ਜਾਣਗੇ। ਜਿਥੇ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਉਸ ਦੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਹੈ। ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।


Comments Off on ਮੰਡ ਦੇ ਕਈ ਪਿੰਡਾਂ ’ਚ ਅੱਗ ਨੇ ਤਬਾਹੀ ਮਚਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.