ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਮਜ਼ਦੂਰ ਔਰਤਾਂ ਨੂੰ ਕਰਜ਼ੇ ’ਚ ਜਕੜ ਰਹੇ ਨੇ ਮਾਈਕ੍ਰੋੋ ਵਿੱਤੀ ਅਦਾਰੇ

Posted On May - 11 - 2019

ਲਛਮਣ ਸਿੰਘ ਸੇਵੇਵਾਲਾ

ਮਜ਼ਦੂਰ ਔਰਤਾਂ ਨੂੰ ਕਰਜ਼ੇ ’ਚ ਜਕੜ ਰਹੇ ਨੇ ਮਾਈਕ੍ਰੋੋ ਵਿੱਤੀ ਅਦਾਰੇ

ਸਾਡੇ ਦੇਸ਼ ਤੇ ਸੂਬੇ ਦੀ ਕਿਰਤੀ ਜਨਤਾ ਸੂਦਖੋਰੀ ਢੰਗ ਰਾਹੀਂ ਚਿਰਾਂ ਤੋਂ ਤਿੱਖੀ ਜਗੀਰੂ ਲੁੱਟ ਦਾ ਸ਼ਿਕਾਰ ਹੁੰਦੀ ਆ ਰਹੀ ਹੈ। ਸੰਸਾਰੀਕਰਨ ਦੇ ਨਾਂ ਥੱਲੇ ਲਾਗੂ ਹੋਏ ਨਵੀਆਂ ਆਰਥਿਕ ਨੀਤੀਆਂ ਦੇ ਹੱਲੇ ਨੇ ਇਸ ਲੁੱਟ ਨੂੰ ਤੇਜ਼ ਕਰਨ ‘ਚ ਰੋਲ ਨਿਭਾਇਆ ਹੈ। ਕਰਜ਼ੇ ਤੇ ਆਰਥਿਕ ਤੰਗੀਆਂ ਕਾਰਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੀ ਅਮੁੱਕ ਲੜੀ ਇਸੇ ਤਿੱਖੀ ਹੋਈ ਲੁੱਟ ਦਾ ਸਿਖਰਲਾ ਇਜ਼ਹਾਰ ਹੈ। ਪਰ ਪੇਂਡੂ ਤੇ ਖੇਤ ਮਜ਼ਦੂਰ ਔਰਤਾਂ ਇਸ ਤਿੱਖੀ ਸੂਦਖੋਰੀ ਲੁੱਟ ਦਾ ਸਭ ਤੋਂ ਵਧੇਰੇ ਸ਼ਿਕਾਰ ਹਨ। ਪਰ ਉਨ੍ਹਾਂ ਦੀ ਹੋ ਰਹੀ ਇਸ ਬੇਕਿਰਕ ਲੁੱਟ ਬਾਰੇ ਚਰਚਾ ਨਾਂਹ ਦੇ ਬਰਾਬਰ ਹੈ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕੁੱਝ ਸਮਾਂ ਪਹਿਲਾਂ ਖੇਤ ਮਜ਼ਦੂਰਾਂ ਦੇ ਕਰਜ਼ੇ ਸਬੰਧੀ ਕੀਤੇ ਸਰਵੇਖਣ ਦੌਰਾਨ ਪੇਂਡੂ ਤੇ ਖੇਤ ਮਜ਼ਦੂਰ ਔਰਤਾਂ ਨੂੰ ਨਵੇਂ ਢੰਗ ਰਾਹੀਂ ਸੂਦਖੋਰੀ ਲੁੱਟ ਦਾ ਸ਼ਿਕਾਰ ਬਣਾਉਣ ਦੇ ਹੈਰਾਨਕੁੰਨ ਤੇ ਨਿਵੇਕਲੇ ਤੱਥ ਸਾਹਮਣੇ ਆਏ ਹਨ। ਇਹ ਨਵਾਂ ਢੰਗ ਹੈ ਮਾਈਕ੍ਰੋਫਾਇਨਾਂਸ ਅਦਾਰਿਆਂ ਰਾਹੀਂ ਲੁੱਟ ਦਾ। ਛੇ ਜ਼ਿਲ੍ਹਿਆਂ ਦੇ 13 ਪਿੰਡਾਂ ‘ਚੋਂ 1618 ਮਜ਼ਦੂਰ ਪਰਿਵਾਰਾਂ ਦੇ ਕੀਤੇ ਇਸ ਸਰਵੇਖਣ ਦੌਰਾਨ ਇਹ ਤੱਥ ਉੱਭਰ ਕੇ ਸਾਹਮਣੇ ਆਏ ਹਨ ਕਿ ਇਨ੍ਹਾਂ ਮਜ਼ਦੂਰ ਪਰਿਵਾਰਾਂ ਸਿਰ ਚੜ੍ਹੇ ਕੁੱਲ 12 ਕਰੋੜ 47 ਲੱਖ 20 ਹਜ਼ਾਰ 979 ਰੁਪਏ ਦੇ ਕੁੱਲ ਕਰਜ਼ੇ ’ਚੋਂ 2 ਕਰੋੜ 88 ਲੱਖ 97 ਹਜ਼ਾਰ 35 ਰੁਪਏ ਦਾ ਕਰਜ਼ਾ ਇਨ੍ਹਾਂ ਮਾਈਕ੍ਰੋਫਾਇਨਾਂਸ ਕੰਪਨੀਆਂ ਦਾ ਹੈ। ਜੋ ਕੁੱਲ ਕਰਜ਼ੇ ਦਾ 23.16 ਫ਼ੀਸਦੀ ਬਣਦਾ ਹੈ। ਇਹ ਸਾਰਾ ਕਰਜ਼ਾ ਖੇਤ ਮਜ਼ਦੂਰ ਔਰਤਾਂ ਵੱਲੋਂ ਹੀ ਚੁੱਕਿਆ ਗਿਆ ਹੈ, ਕਿਉਂਕਿ ਇਹ ਕੰਪਨੀਆਂ ਮੁੱਖ ਤੌਰ ’ਤੇ ਔਰਤਾਂ ਨੂੰ ਹੀ ਗਰੁੱਪਾਂ ਰਾਹੀਂ ਕਰਜ਼ਾ ਮੁਹੱਈਆ ਕਰਾਉਂਦੀਆਂ ਹਨ। ਇਨ੍ਹਾਂ ਵੱਲੋਂ ਸਾਲ 2015 ਵਿਚ 3 ਲੱਖ ਪਰਿਵਾਰਾਂ ਨੂੰ ਕਰਜ਼ਾ ਦਿੱਤਾ ਸੀ ਅਤੇ ਸਾਲ 2016 ਵਿਚ ਇਨ੍ਹਾਂ ਦੇ ਕਰਜ਼ਦਾਰਾਂ ਦੀ ਗਿਣਤੀ 6 ਲੱਖ ਦੇ ਕਰੀਬ ਪਹੁੰਚ ਗਈ ਜਦੋਂਕਿ ਕਰਜ਼ਾ ਰਕਮ ਵਧ ਕੇ 1116 ਕਰੋੜ ਰੁਪਏ ਬਣ ਗਈ ਜੋ ਪਿਛਲੇ ਸਾਲ ਨਾਲੋਂ 137 ਫ਼ੀਸਦੀ ਦਾ ਵਾਧਾ ਸੀ।
ਛੋਟੇ ਉੱਦਮੀਆਂ ਨੂੰ ਉਤਸ਼ਾਹਿਤ ਕਰਨ, ਆਮਦਨ ਦੇ ਸਾਧਨ ਪੈਦਾ ਕਰਨ, ਬਿਨਾਂ ਜਾਮਨੀ ਘਰੇ ਬੈਠਿਆਂ ਨੂੰ ਕਰਜ਼ਾ ਦੇਣ ਅਤੇ ਸਵੈ-ਸਹਾਇਤਾ ਗਰੁੱਪਾਂ (ਸੈਲਫ-ਹੈਲਪ ਗਰੁੱਪਾਂ) ਨੂੰ ਚਲਾਉਣ ਵਰਗੇ ਲਭਾਉਣੇ ਲਕਬਾਂ ਹੇਠ ਕੰਮ ਰਹੇ ਇਹ ਮਾਈਕ੍ਰੋ ਵਿੱਤੀ (ਫਾਇਨਾਂਸ) ਅਦਾਰੇ ਪੇਂਡੂ ਤੇ ਖੇਤ ਮਜ਼ਦੂਰ ਔਰਤਾਂ ਨੂੰ ਕਰਜ਼ਾ ਦੇ ਰਹੇ ਇਹ ਮਾਈਕ੍ਰੋਫਾਇਨਾਂਸ ਅਦਾਰੇ 26 ਤੋਂ ਲੈ ਕੇ 60 ਫ਼ੀਸਦੀ ਵਿਆਜ ਦਰਾਂ ਵਸੂਲ ਰਹੇ ਹਨ ਜਦੋਂਕਿ ਇਹ ਬੈਂਕਾਂ ਤੋਂ ਸਸਤੇ ਕਰਜ਼ੇ ਹਾਸਲ ਕਰ ਰਹੇ ਹਨ। ਵਿਆਜ ਤੋਂ ਇਲਾਵਾ ਫਾਈਲ ਚਾਰਜ ਤੇ ਬੀਮੇ ਖ਼ਰਚੇ ਆਦਿ ਵੱਖਰੇ ਵਸੂਲੇ ਜਾ ਰਹੇ ਹਨ। ਸਿਤਮ ਜਰੀਫ਼ੀ ਤਾਂ ਇਹ ਹੈ ਕਿ ਮਜ਼ਦੂਰ ਔਰਤਾਂ ਨੂੰ ਕਰਜ਼ਾ ਦੇ ਰਹੀਆਂ ਇਹ ਮਾਈਕ੍ਰੋਫਾਇਨਾਂਸ ਕੰਪਨੀਆਂ 28 ਦਿਨਾਂ ਦਾ ਮਹੀਨਾ ਮੰਨ ਕੇ ਸਾਲ ਦੀਆਂ 13-13 ਕਿਸ਼ਤਾਂ ਵਸੂਲ ਕਰ ਰਹੀਆਂ ਹਨ। ਭਾਵ ਮਜ਼ਦੂਰ ਔਰਤਾਂ ਨੂੰ ਸਾਲ ਦੇ 12 ਮਹੀਨਿਆਂ ਦਾ ਨਹੀਂ 13 ਮਹੀਨਿਆਂ ਦਾ ਵਿਆਜ ਅਦਾ ਕਰਨਾ ਪੈਂਦਾ ਹੈ। ਕਰਜ਼ੇ ਦੀ ਕਿਸ਼ਤ ਭਰਨ ’ਚ ਘੰਟੇ-ਪੌਣੇ ਘੰਟੇ ਦੀ ਦੇਰੀ ਹੋਣ ’ਤੇ ਵੀ ਮਜ਼ਦੂਰ ਔਰਤਾਂ ਤੋਂ 100 ਰੁਪਏ ਤੱਕ ਦਾ ਜ਼ੁਰਮਾਨਾ ਵਸੂਲ ਲਿਆ ਜਾਂਦਾ ਹੈ। ਭਾਵੇਂ ਮਜ਼ਦੂਰ ਔਰਤਾਂ ਦੇ ਗਰੁੱਪ ਬਣਾ ਕੇ ਇਨ੍ਹਾਂ ਕੰਪਨੀਆਂ ਵੱਲੋਂ ਕਰਜ਼ਾ ਤਾਂ ਕੱਲੀ-ਕੱਲੀ ਔਰਤ ਨੂੰ ਵਿਅਕਤੀਗਤ ਤੌਰ ‘ਤੇ ਹੀ ਦਿੱਤਾ ਜਾਂਦਾ ਹੈ ਪਰ ਕਰਜ਼ ਵਾਪਸੀ ਦੀ ਜ਼ਿੰਮੇਵਾਰੀ ਗਰੁੱਪ ਦੇ ਉੱਪਰ ਸਮੂਹਿਕ ਤੌਰ ‘ਤੇ ਮੜ੍ਹੀ ਜਾਂਦੀ ਹੈ। ਸਿੱਟੇ ਵਜੋਂ ਕਰਜ਼ੇ ਦੀ ਕਿਸ਼ਤ ਮੋੜਨ ਤੋਂ ਆਹਰੀ ਮਜ਼ਦੂਰ ਔਰਤਾਂ ‘ਤੇ ਕਰਜ਼ ਵਾਪਸੀ ਲਈ ਦਬਾਅ ਕੰਪਨੀ ਦੀ ਥਾਂ ਗਰੁੱਪ ਦੀਆਂ ਬਾਕੀ ਔਰਤਾਂ ਦਾ ਬਣਦਾ ਹੈ ਅਤੇ ਪੀੜਤ ਔਰਤ ਦਾ ਘਰੇਲੂ ਸਾਮਾਨ ਜਿਵੇਂ ਗੈਸ ਸਿਲੰਡਰ ਜਾ ਟੀਵੀ ਚੁੱਕ ਲਿਆਉਣ ਦੇ ਵੀ ਅਨੇਕਾਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਕਰਜ਼ਾ ਉਗਰਾਹੀ ਲਈ ਇਨ੍ਹਾਂ ਕੰਪਨੀਆਂ ਨੂੰ ਕਿਸੇ ਥਾਣੇ, ਕਚਹਿਰੀ ਵੀ ਨਹੀਂ ਜਾਣਾ ਪੈਂਦਾ, ਸਗੋਂ ਮਜ਼ਦੂਰ ਔਰਤਾਂ ਦੀ ਗ਼ਰੀਬੀ ਤੇ ਲਚਾਰੀ ਹੀ ਉਨ੍ਹਾਂ ਦੇ ਕਰਜ਼ ਵਾਪਸੀ ਦੀ ਗਾਰੰਟੀ ਬਣ ਜਾਂਦੀ ਹੈ।
ਮਾਈਕ੍ਰੋਫਾਇਨਾਂਸ ਕੰਪਨੀਆਂ ਵੱਲੋਂ ਭਾਵੇਂ ਇਹ ਕਰਜ਼ੇ ਪੈਦਾਵਾਰ ਦੇ ਸਾਧਨ ਪੈਦਾ ਕਰਨ ਜਾਂ ਵਧਾਉਣ ਦੇ ਨਾਂਅ ਹੇਠ ਜਾਰੀ ਕੀਤੇ ਜਾਂਦੇ ਹਨ ਪਰ ਅਸਲ ਵਿਚ ਇਹ ਮਜ਼ਦੂਰ ਪਰਿਵਾਰਾਂ ਦੀਆਂ ਘਰੇਲੂ ਲੋੜਾਂ, ਮਰਨੇ, ਵਿਆਹ ਤੇ ਬਿਮਾਰੀ ਆਦਿ ‘ਤੇ ਹੀ ਲੱਗ ਜਾਂਦੇ ਹਨ। ਇਹ ਵੱਖਰੀ ਗੱਲ ਹੈ ਕਿ ਪੈਦਾਵਾਰ ਵਧਾਉਣ ਜਾਂ ਪੈਦਾਵਾਰ ਦੇ ਸਾਧਨ ਪੈਦਾ ਕਰਨ ਦੇ ਨਾਂ ਹੇਠ ਇਹ ਕੰਪਨੀਆਂ ਬੈਂਕਾਂ ਤੋਂ ਸਸਤੇ ਕਰਜ਼ੇ ਹਾਸਲ ਕਰਕੇ ਅਤੇ ਮਜ਼ਦੂਰ ਔਰਤਾਂ ਤੋਂ ਭਾਰੀ ਵਿਆਜ ਵਸੂਲ ਕੇ ਮੋਟੇ ਮੁਨਾਫ਼ੇ ਜ਼ਰੂਰ ਕਮਾ ਰਹੀਆਂ ਹਨ। 31 ਮਾਰਚ 2016 ਤੱਕ ਇਨ੍ਹਾਂ ਅਦਾਰਿਆਂ ਸਿਰ ਮੁਲਕ ਭਰ ‘ਚ ਬੈਂਕਾਂ ਦਾ 44,822 ਕਰੋੜ ਰੁਪਏ ਦਾ ਕਰਜ਼ਾ ਸੀ। ਇਸ ਦਾ ਵੱਡਾ ਹਿੱਸਾ ਸਰਕਾਰੀ ਖੇਤਰ ਦੀਆਂ ਬੈਂਕਾਂ ਦਾ ਸੀ, ਇਸ ਕਰਜ਼ੇ ਵਿਚੋਂ ਵੀ 97 ਫ਼ੀਸਦੀ ਹਿੱਸਾ ਉਨ੍ਹਾਂ ਅਦਾਰਿਆਂ ਨੇ ਲਿਆ ਹੋਇਆ ਸੀ, ਜਿਨ੍ਹਾਂ ਦਾ ਕਾਰੋਬਾਰ 500 ਕਰੋੜ ਰੁਪਏ ਸਾਲਾਨਾ ਤੋਂ ਵੀ ਵੱਧ ਦਾ ਸੀ।
ਕੁੱਲ ਮਿਲਾ ਕੇ ਸਾਧਨਹੀਣ ਜਨਤਾ ਨੂੰ ਵਿੱਤੀ ਸਾਧਨ ਮੁਹੱਈਆ ਕਰਾਉਣ ਦੇ ਨਾਂ ਹੇਠ ਖੇਡੀ ਜਾ ਰਹੀ ਇਹ ਖੇਡ ਦਲਾਲਾਂ ਨੂੰ ਗੱਫੇ ਲਵਾਉਣ ਦੀ ਸ਼ਾਜਿਸ਼ ਹੈ। ਅਸਲ ਵਿਚ ਭਾਰਤ ਅੰਦਰ ਇਹ ਅਦਾਰੇ ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਤਹਿਤ ਭਾਰਤੀ ਅਰਥਚਾਰੇ ਨੂੰ ਸਾਮਰਾਜੀ ਵਿੱਤੀ ਪੂੰਜੀ ਦੇ ਹਿੱਤਾਂ ਮੁਤਾਬਕ ਢਾਲਣ ਦੀਆਂ ਕੋਸ਼ਿਸ਼ਾਂ ਦਾ ਹੀ ਸਾਧਨ ਹਨ। ਸਾਮਰਾਜੀਏ ਅਤੇ ਭਾਰਤੀ ਹਾਕਮ ਇਸ ਲੋਟੂ ਨੀਤੀ ਨੂੰ ਸਹੂਲਤਾਂ ਤੋਂ ਵਾਂਝੇ ਲੋਕਾਂ ਤੱਕ ਵਿੱਤੀ ਸੇਵਾਵਾਂ ਪਹੁੰਚਾਉਣ ਦੀ ਨੀਤੀ ਕਹਿੰਦੇ ਹਨ। ਪੈਸੇ ਤੋਂ ਪੈਸਾ ਕਮਾਉਣ ਦੀ ਇਸ ਨੀਤੀ ਤਹਿਤ ਕੋਈ ਅਸਲ ਵਿਕਾਸ ਜਾਂ ਪੈਦਾਵਾਰ ਤਾਂ ਸੰਭਵ ਨਹੀਂ, ਸਗੋਂ ਹਕੀਕੀ ਪੈਦਾਵਾਰ ਵਿਚ ਲੱਗਣ ਵਾਲਾ ਪੈਸਾ ਵੀ ਨਵੇਂ ਤਰੀਕੇ ਰਾਹੀਂ ਸੂਦਖੋਰੀ ਧੰਦੇ ਦੇ ਇਸ ਅੰਨ੍ਹੇ ਖੂਹ ‘ਚ ਖਿੱਚਿਆ ਜਾ ਰਿਹਾ ਹੈ।
ਅਨੇਕਾਂ ਦੇਸ਼ਾਂ ਅੰਦਰ ਇਨ੍ਹਾਂ ਮਾਈਕ੍ਰੋਫਾਇਨਾਂਸ ਅਦਾਰਿਆਂ ਨੇ ਘਾਤਕ ਸਿੱਟੇ ਹਨ। ਬੰਗਲਾ ਦੇਸ਼ ਦੇ ਸਭ ਤੋਂ ਵੱਡੇ ਮਾਈਕ੍ਰੋਫਾਈਨਾਂਸ ਅਦਾਰੇ ਗ੍ਰਾਮੀਣ ਬੈਂਕ, ਜਿਸ ਦੇ ਬਾਨੀ ਮੁਹੰਮਦ ਯੂਨਸ ਨੂੰ ਮਾਈਕ੍ਰੋਫਾਇਨਾਂਸ ਸੇਵਾਵਾਂ ਸ਼ੁਰੂ ਕਰਨ ਬਦਲੇ 2006 ‘ਚ ਨੋਬਲ ਇਨਾਮ ਮਿਲਿਆ ਸੀ, ਸਿਰ ਕਰੋੜਾਂ ਰੁਪਏ ਦੀ ਧੋਖਾਧੜੀ ਅਤੇ ਗ਼ਰੀਬੀ ਘਟਾਉਣ ਦੇ ਨਾਂ ਹੇਠ ਗ਼ਰੀਬਾਂ ਦੀ ਰੱਤ ਨਿਚੋੜਨ ਦੇ ਦੋਸ਼ ਲੱਗੇ ਹਨ। ਭਾਰਤ ਅੰਦਰ ਵੀ ਐਸ.ਕੇ.ਐਸ. ਵਰਗੇ ਮਾਈਕ੍ਰੋਫਾਇਨਾਂਸ ਅਦਾਰੇ ਦਿਨਾਂ ‘ਚ ਹੀ ਫੈਲੇ ਤੇ ਪਸਰੇ ਹਨ। ਇਸ ਐਸ.ਕੇ.ਐਸ. ਅਦਾਰੇ ਦੀਆਂ ਆਪਣੀਆਂ ਰਿਪੋਰਟਾਂ ਮੁਤਾਬਕ ਹੀ ਇਸ ਨੇ ਸਾਲ 2015 ਵਿਚ 281 ਲੱਖ ਡਾਲਰ ਦਾ ਮੁਨਾਫ਼ਾ ਕਮਾਇਆ ਹੈ। ਇਸ ਕੰਪਨੀ ਸਣੇ ਹੋਰ ਮਾਈਕ੍ਰੋਫਾਇਨਾਂਸ ਕੰਪਨੀਆਂ ਦੇ ਵੱਲੋਂ ਕਮਾਏ ਜਾਂਦੇ ਮੁਨਾਫ਼ੇ ਮਜ਼ਦੂਰ ਔਰਤਾਂ ਤੇ ਹੋਰ ਕਮਜ਼ੋਰ ਵਰਗਾਂ ਤੋਂ ਵਸੂਲੇ ਜਾਂਦੇ ਭਾਰੀ ਵਿਆਜ ਤੋਂ ਇਲਾਵਾ ਫਾਈਲ ਖ਼ਰਚੇ ਤੇ ਬੀਮਾ ਖ਼ਰਚੇ ਆਦਿ ਦਾ ਹੀ ਜਮ੍ਹਾਂ ਜੋੜ ਹਨ। ਇਹ ਮਾਈਕ੍ਰੋਫਾਇਨਾਂਸ ਅਦਾਰੇ ਤਾਂ ਦਿਨੋ-ਦਿਨ ਪਸਰਦੇ ਜਾ ਰਹੇ ਹਨ ਅਤੇ ਪੇਂਡੂ ਤੇ ਖੇਤ ਮਜ਼ਦੂਰ ਔਰਤਾਂ ਇਨ੍ਹਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਦੇ ਚੱਕਰ ਵਿਚ ਪਿਸਦੀਆਂ ਜਾ ਰਹੀਆਂ ਹਨ। ਇਹ ਨਵਾਂ ਵਰਤਾਰਾ ਖੇਤ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਚੇਤਨ ਹਿੱਸਿਆਂ ਦੇ ਗਹੁ ਕਰਨ ਦੀ ਮੰਗ ਕਰਦਾ ਹੈ। ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਕਰਜ਼ਾ ਮੁਆਫ਼ੀ ਲਈ ਲੜੇ ਜਾ ਰਹੇ ਘੋਲਾਂ ਦੌਰਾਨ ਹੋਰਨਾਂ ਮੰਗਾਂ ਤੋਂ ਇਲਾਵਾ ਮਜ਼ਦੂਰ ਔਰਤਾਂ ਸਿਰ ਖੜ੍ਹੇ ਇਸ ਕਰਜ਼ੇ ਦੀ ਮੁਆਫ਼ੀ ਦਾ ਮੁੱਦਾ ਵਿਸ਼ੇਸ਼ ਤੌਰ ‘ਤੇ ਉਠਾਇਆ ਜਾਣਾ ਚਾਹੀਦਾ ਹੈ। ਬੈਂਕਾਂ ਵੱਲੋਂ ਅਜਿਹੀਆਂ ਮਾਈਕ੍ਰੋਫਾਇਨਾਂਸ ਕੰਪਨੀਆਂ ਨੂੰ ਸਸਤੇ ਕਰਜ਼ੇ ਦੇਣ ਦੀ ਥਾਂ ਮਜ਼ਦੂਰ ਔਰਤਾਂ ਸਣੇ ਹੋਰਨਾਂ ਕਮਜ਼ੋਰ ਵਰਗਾਂ ਨੂੰ ਬਿਨਾਂ ਵਿਆਜ ਜਾਂ ਮਾਮੂਲੀ ਵਿਆਜ ਦਰਾਂ ‘ਤੇ ਸਿੱਧਾ ਕਰਜ਼ਾ ਦੇਣ ਦੀ ਮੰਗ ਉਠਾਈ ਜਾਣੀ ਚਾਹੀਦੀ ਹੈ। ਮਾਈਕ੍ਰੋਫਾਇਨਾਂਸ ਕੰਪਨੀਆਂ ਦੀ ਇਸ ਅੰਨ੍ਹੀ ਲੁੱਟ ਨੂੰ ਨੱਥ ਪਾਉਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ।
ਸੰਪਰਕ: 94170-79170


Comments Off on ਮਜ਼ਦੂਰ ਔਰਤਾਂ ਨੂੰ ਕਰਜ਼ੇ ’ਚ ਜਕੜ ਰਹੇ ਨੇ ਮਾਈਕ੍ਰੋੋ ਵਿੱਤੀ ਅਦਾਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.