1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

ਮੋਦੀ ਨੇ ਰੇਲਗੇਟ ਮਾਮਲੇ ’ਤੇ ਬਾਂਸਲ ਨੂੰ ਘੇਰਿਆ

Posted On May - 15 - 2019

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਤਾ ਮਨਸਾ ਦੇਵੀ ਦੀ ਤਸਵੀਰ ਭੇਟ ਕਰਦੀ ਹੋਈ ਭਾਜਪਾ ਉਮੀਦਵਾਰ ਕਿਰਨ ਖੇਰ। -ਫੋਟੋ: ਰਵੀ ਕੁਮਾਰ

ਤਰਲੋਚਨ ਸਿੰਘ
ਚੰਡੀਗੜ੍ਹ, 14 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਸੈਕਟਰ-34 ਵਿਚ ਭਾਜਪਾ ਉਮੀਦਵਾਰ ਕਿਰਨ ਖੇਰ ਦੇ ਹੱਕ ਵਿਚ ਚੋਣ ਰੈਲੀ ਕੀਤੀ। ਇਸ ਮੌਕੇ ਸ੍ਰੀ ਮੋਦੀ ਨੇ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ’ਤੇ ਰੇਲ ਘੁਟਾਲੇ ਨੂੰ ਲੈ ਕੇ ਤਿੱਖੇ ਹਮਲੇ ਕੀਤੇ ਅਤੇ ਗੁੱਝੀ ਚੋਟ ਮਾਰੀ।
ਉਨ੍ਹਾਂ ਕਿਹਾ ਕਿ ਜਦੋਂ ਰੇਲ ਮੰਤਰੀ ਦਾ ਰਿਸ਼ਤੇਦਾਰ ਰਿਸ਼ਵਤ ਲੈਂਦਾ ਫੜ੍ਹਿਆ ਗਿਆ ਤਾਂ ਕਾਂਗਰਸ ਨੇ ਕਿਹਾ ਦਿੱਤਾ ਕਿ ‘ਹੁਆ ਤੋ ਹੁਆ।’ ਯਾਦ ਕਰਵਾਇਆ ਜਾਂਦਾ ਹੈ ਕਿ ਜਦੋਂ ਸਾਲ 2014 ਦੀਆਂ ਚੋਣਾਂ ਵਿਚ ਸ੍ਰੀ ਮੋਦੀ ਨੇ ਇਸੇ ਥਾਂ ’ਤੇ ਕਿਰਨ ਖੇਰ ਦੇ ਹੀ ਹੱਕ ਵਿਚ ਰੈਲੀ ਕੀਤੀ ਸੀ ਤਾਂ ਉਨ੍ਹਾਂ ਉਸ ਵੇਲੇ ਵੀ ਰੇਲ ਘੁਟਾਲੇ ਦੇ ਮਾਮਲੇ ਵਿਚ ਸ੍ਰੀ ਬਾਂਸਲ ਉਪਰ ਤਿੱਖੇ ਵਾਰ ਕੀਤੇ ਸਨ। ਸ੍ਰੀ ਮੋਦੀ ਨੇ ਯਾਦ ਕਰਵਾਇਆ ਕਿ ਉਨ੍ਹਾਂ ਨੇ ਹੀ ਚੰਡੀਗੜ੍ਹ ਨੂੰ ਕੈਰੋਸੀਨ-ਫਰੀ ਕਰ ਕੇ ਕਲੋਨੀਆਂ ਵਾਲਿਆਂ ਦੇ ਘਰਾਂ ਤਕ ਰਸੋਈ ਗੈਸ ਦੇ ਕੁਨੈਕਸ਼ਨ ਪਹੁੰਚਾਏ ਸਨ। ਇਸ ਕਾਰਨ ਇਥੇ ਕੈਰੋਸੀਨ ਦੀ ਕਾਲਾਬਜ਼ਾਰੀ ਕਰਨ ਵਾਲਿਆਂ ਦੇ ਧੰਦੇ ਬੰਦ ਹੋ ਗਏ ਸਨ।
ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਚੰਡੀਗੜ੍ਹ ਨਾਲ ਗੁੂੜਾ ਸਬੰਧ ਰਿਹਾ ਹੈ ਅਤੇ ਜਿਨਾਂ ਚੰਡੀਗੜ੍ਹ ਦੇ ਲੋਕ ਉਨ੍ਹਾਂ ਨੂੰ ਜਾਣਦੇ ਹਨ, ਉਨਾਂ ਕੋਈ ਹੋਰ ਨਹੀਂ ਜਾਣਦਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਮਤਦਾਨ ਦਾ ਰਿਕਾਰਡ ਕਾਇਮ ਕਰਨ ਦੀ ਅਪੀਲ ਕੀਤੀ ਤੇ ਰੈਲੀ ਵਿਚ ਮੌਜੂਦ ਸਾਰੇ ਲੋਕਾਂ ਨੂੰ ਮੋਬਾਈਲ ਫੋਨਾਂ ਦੀਆਂ ਫਲੈਸ਼ਾਂ ਜਗਵਾ ਕੇ ਭਰਵੇਂ ਮਤਦਾਨ ਲਈ ਹਾਮੀ ਵੀ ਭਰਵਾਈ। ਸ੍ਰੀ ਮੋਦੀ ਦੇ ਭਾਸ਼ਣ ਦੌਰਾਨ ਪੰਡਾਲ ਵਿਚ ਮੋਦੀ-ਮੋਦੀ ਦੇ ਨਾਅਰੇ ਲੱਗਦੇ ਰਹੇ। ਸ੍ਰੀ ਮੋਦੀ ਨੇ ਆਪਣੇ 40 ਮਿੰਟਾਂ ਦੇ ਭਾਸ਼ਣ ਦੌਰਾਨ ਪਾਰਟੀ ਉਮੀਦਵਾਰ ਕਿਰਨ ਖੇਰ ਦਾ ਇਕ ਵਾਰ ਵੀ ਨਾਮ ਨਹੀਂ ਲਿਆ। ਜਦੋਂ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਮਵੀਰ ਭੱਟੀ ਨੇ ਕਿਰਨ ਖੇਰ ਨੂੰ ਸਟੇਜ ’ਤੇ ਬੋਲਣ ਦਾ ਸੱਦਾ ਦਿੱਤਾ ਤਾਂ ਉਨ੍ਹਾਂ ਪਹਿਲਾਂ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਨੂੰ ਬੋਲਣ ਲਈ ਕਿਹਾ। ਇਸ ਕਾਰਨ ਕੁਝ ਸਮਾਂ ਸਟੇਜ ’ਤੇ ਭੰਬਲਭੂਸਾ ਬਣਿਆ ਰਿਹਾ। ਕਿਰਨ ਖੇਰ ਨੇ ਆਪਣੇ ਭਾਸ਼ਣ ਦੌਰਾਨ ਸ੍ਰੀ ਬਾਂਸਲ ਵਿਰੁੱਧ ਤਿੱਖੀ ਸੁਰ ਅਪਨਾਉਂਦਿਆਂ ਕਿਹਾ ਕਿ ਉਹ 15 ਸਾਲ ਕੁਝ ਨਹੀਂ ਕਰਵਾ ਸਕੇ ਅਤੇ ਉਲਟਾ ਉਨ੍ਹਾਂ ਨੇ ਮੁਲਾਜ਼ਮਾਂ ਲਈ ਹਾਊਸਿੰਗ ਸਕੀਮ ਅਤੇ ਫਰੀ ਹੋਲਡ ਸਕੀਮਾਂ ਬੰਦ ਕਰਵਾ ਦਿੱਤੀਆਂ ਸਨ, ਜੋ ਉਨ੍ਹਾਂ (ਖੇਰ) ਨੇ ਖ਼ੁਦ ਖੁੱਲ੍ਹਵਾਈਆਂ ਹਨ। ਕਿਰਨ ਖੇਰ ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਕਿ ਯੂਟੀ ਚੰਡੀਗੜ੍ਹ ਦੇ ਮੁਲਾਜ਼ਮਾਂ ਉਪਰੋਂ ਪੰਜਾਬ ਦਾ ਤਨਖਾਹ ਕਮਿਸ਼ਨ ਡੀ-ਲਿੰਕ ਕਰਵਾ ਕੇ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਵਾਏਗੀ। ਦਰਅਸਲ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਅਜੇ ਲਾਗੂ ਨਹੀਂ ਹੋਇਆ ਜਦਕਿ ਕੇਂਦਰ ਸਰਕਾਰ ਦਾ 7ਵਾਂ ਤਨਖਾਹ ਕਮਿਸ਼ਨ ਜਨਵਰੀ 2016 ਤੋਂ ਲਾਗੂ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਬਾਂਸਲ ਇਕ ਪ੍ਰਾਈਵੇਟ ਕੰਪਨੀ ਰਾਹੀਂ ਝੂਠੇ ਦੋਸ਼ ਲਾ ਰਹੇ ਹਨ ਕਿ ਉਹ (ਖੇਰ) 5 ਸਾਲ ਚੰਡੀਗੜ੍ਹ ਨਹੀਂ ਰਹੀ ਜਦਕਿ ਉਹ ਆਪਣਾ ਘਰ-ਬਾਰ ਛੱਡ ਕੇ ਸ਼ਹਿਰ ਦੀ ਸੇਵਾ ਕਰਦੀ ਰਹੀ ਹੈ।
ਇਸ ਮੌਕੇ ਆਨੰਦਪੁਰ ਸਾਹਿਬ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਭਾਸ਼ਣ ਦੇਣ ਤੋਂ ਬਾਅਦ ਸ੍ਰੀ ਮੋਦੀ ਨੂੰ ਸੁਣੇ ਬਿਨਾਂ ਹੀ ਚਲੇ ਗਏ। ਇਸ ਮੌਕੇ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਤੇ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟੇਰਲਾ ਨੇ ਵੀ ਸੰਬੋਧਨ ਕੀਤਾ। ਸਟੇਜ ਉਪਰ ਭਾਜਪਾ ਦੇ ਕੌਮੀ ਆਗੂ ਪ੍ਰਭਾਤ ਝਾਅ ਤੇ ਦਿਨੇਸ਼ ਕੁਮਾਰ, ਮੇਅਰ ਰਾਜੇਸ਼ ਕਾਲੀਆ, ਸਤਿੰਦਰ ਸਿੰਘ, ਚੰਦਰ ਸ਼ੇਖਰ, ਰਘਬੀਰ ਅਰੋੜਾ ਮੌਜੂਦ ਸਨ।

  • ਰੈਲੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਥੇ ਕਤਾਰ ਵਿਚ ਖੜ੍ਹੇ ਆਪਣੇ ਪੁਰਾਣੇ ਸਾਥੀ ਮਦਨ ਜੀ ਨੂੰ ਪਛਾਣਦਿਆਂ ਹੀ ਉਨ੍ਹਾਂ ਨਾਲ ਨਿੱਘੀ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਮਦਨ ਜੀ ਵੀ ਸ੍ਰੀ ਮੋਦੀ ਨੂੰ ਮਿਲ ਕੇ ਬਾਗੋਬਾਗ ਹੋ ਗਏ।
  • ਰੈਲੀ ਕਾਰਨ ਆਮ ਲੋਕਾਂ ਨੂੰ ਸੜਕੀ ਜਾਮਾਂ ਸਮੇਤ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੁਲੀਸ ਨੇ ਅੱਜ ਸਵੇਰੇ ਹੀ ਸੈਕਟਰ-43 ਅਤੇ 35 ਦੀਆਂ ਮੁੱਖ ਸੜਕ ਨਾਲ ਲੱਗਦੀਆਂ ਪਾਰਕਿੰਗਾਂ ਸੀਲ ਕਰ ਦਿੱਤੀਆਂ ਸਨ। ਦੁਕਾਨਦਾਰਾਂ ਨੂੰ ਆਪਣੀਆਂ ਗੱਡੀਆਂ ਦੂਰ ਖੜ੍ਹੀਆਂ ਕਰਨੀਆਂ ਪਈਆਂ ਤੇ ਗਾਹਕ ਵੀ ਨਾਮਾਤਰ ਹੀ ਆਏ। ਇਸ ਤੋਂ ਇਲਾਵਾ ਪੁਲੀਸ ਨੇ ਰੈਲੀ ਤੋਂ ਕਈ ਘੰਟੇ ਪਹਿਲਾਂ ਸੈਕਟਰ 35 ਤੇ 36 ਦੇ ਲਾਈਟ ਪੁਆਇੰਟਾਂ ’ਤੇ ਨਾਕੇ ਲਾ ਕੇ ਸੈਕਟਰ-34 ਤੇ 35 ਵੱਲ ਆਉਂਦਾ ਟਰੈਫਿਕ ਰੋਕ ਦਿੱਤਾ ਸੀ। ਇਸੇ ਦੌਰਾਨ ਸੈਕਟਰ 3 ਥਾਣੇ ਦੀ ਪੁਲੀਸ ਨੇ ਰੈਲੀ ਤੋਂ ਪਹਿਲਾਂ ਹੀ ਬਲਜੀਤ ਸਿੰਘ ਖਾਲਸਾ ਨੂੰ ਹਿਰਾਸਤ ਵਿਚ ਲੈ ਲਿਆ ਸੀ। ਉਸ ਨੇ ਧਮਕੀ ਦਿੱਤੀ ਸੀ ਕਿ ਉਹ ਕੁਝ ਮੁੱਦਿਆਂ ਬਾਰੇ ਸ੍ਰੀ ਮੋਦੀ ਨੂੰ ਮੈਮੋਰੰਡਮ ਦੇਣਗੇ।
  • ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਭਾਜਪਾ ਵੱਲੋਂ ਰੈਲੀ ਵਿਚ ਹਰਿਆਣਾ ਤੇ ਪੰਜਾਬ ਤੋਂ ਲੋਕ ਲਿਆਂਦੇ ਗਏ ਪਰ ਰੈਲੀ ਫਲਾਪ ਰਹੀ। ਉਨ੍ਹਾਂ ਕਿਹਾ ਕਿ ਰੈਲੀ ਤੋਂ ਸਾਫ ਹੋ ਗਿਆ ਹੈ ਕਿ ਚੰਡੀਗੜ੍ਹ ਵਾਸੀ ਕਿਰਨ ਖੇਰ ਨੂੰ ਹਰਾਉਣ ਕਰਨ ਦਾ ਫੈਸਲਾ ਕਰ ਚੁੱਕੇ ਹਨ।

ਯੂਥ ਕਾਂਗਰਸੀ ਵਰਕਰਾਂ ਨੇ ਰੈਲੀ ਦੇ ਬਾਹਰ ਪਕੌੜੇ ਵੇਚੇ

ਕਾਂਗਰਸੀ ਵਰਕਰ ਨੂੰ ਹਿਰਾਸਤ ਵਿਚ ਲਏ ਜਾਣ ਦਾ ਦ੍ਰਿਸ਼। -ਫੋਟੋ: ਪੰਜਾਬੀ ਟ੍ਰਿਬਿਊਨ

ਕਾਂਗਰਸ ਯੂਥ ਵਿੰਗ ਆਗੂ ਮੀਤ ਪ੍ਰਧਾਨ ਪ੍ਰੀਤੀ ਕੇਸਰੀ, ਸੰਜੀਵ ਬਿਰਲਾ ਤੇ ਪ੍ਰਦੀਪ ਕੁਮਾਰ ਦੀ ਅਗਵਾਈ ਹੇਠ ਕਾਂਗਰਸੀ ਵਰਕਰ ਰੈਲੀ ਦੇ ਨੇੜੇ ਪੁੱਜ ਗਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮੌਕੇ ਕਾਂਗਰਸੀਆਂ ਨੇ ਡਿਗਰੀਆਂ ਲੈਣ ਵੇਲੇ ਪਾਈਆਂ ਜਾਂਦੀਆਂ ਪੁਸ਼ਾਕਾਂ ਪਹਿਣੀਆਂ ਸਨ ਅਤੇ ਹੱਥਾਂ ਵਿਚ ਪਕੌੜਿਆਂ ਦੀਆਂ ਟਰੇਆਂ ਫੜ੍ਹੀਆਂ ਹੋਈਆਂ ਸਨ। ਇਨ੍ਹਾਂ ਨੂੰ ਦੇਖ ਕੇ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਥਾਣੇ ਲੈ ਗਏ। ਇਸ ਦੌਰਾਨ ਖੂਬ ਨਾਅਰੇਬਾਜ਼ੀ ਹੋਈ।


Comments Off on ਮੋਦੀ ਨੇ ਰੇਲਗੇਟ ਮਾਮਲੇ ’ਤੇ ਬਾਂਸਲ ਨੂੰ ਘੇਰਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.