ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਮੋਦੀ ਦੀ ਦੂਸਰੀ ਪਾਰੀ

Posted On May - 20 - 2019

ਉੱਨੀ ਮਈ ਨੂੰ ਵੱਖ ਵੱਖ ਸਰਵੇਖਣ ਏਜੰਸੀਆਂ ਵੱਲੋਂ ਕੀਤੇ ਗਏ ਐਗਜ਼ਿਟ ਪੋਲਾਂ ਦੇ ਅੰਕੜੇ ਇਹ ਦੱਸਦੇ ਹਨ ਕਿ ਇਸ ਵਾਰ ਕੇਂਦਰ ਵਿਚ ਦੁਬਾਰਾ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਸਰਕਾਰ ਬਣੇਗੀ। ‘ਟਾਈਮਜ਼ ਨਾਉ-ਵੀਐੱਮਆਰ’, ‘ਰਿਪਬਲਿਕ ਟੀ.ਵੀ.’, ‘ਚਾਣਕਿਆ’, ‘ਰਿਪਬਲਿਕ-ਜਨ ਕੀ ਬਾਤ’ ਆਦਿ ਦੁਆਰਾ ਕੀਤੇ ਗਏ ਸਰਵੇਖਣਾਂ ਵਿਚ ਭਾਰਤੀ ਜਨਤਾ ਪਾਰਟੀ ਆਪਣੇ ਆਪ ਹੀ ਬਹੁਮਤ ਪ੍ਰਾਪਤ ਕਰ ਲਏਗੀ ਜਦਕਿ ਐੱਨਡੀਏ ਦੇ ਦੂਸਰੇ ਹਿੱਸੇਦਾਰਾਂ ਨਾਲ ਉਸ ਦੀ ਸੀਟਾਂ ਦੀ ਗਿਣਤੀ 300 ਤੋਂ ਜ਼ਿਆਦਾ ਹੋਵੇਗੀ। 2014 ਵਿਚ ਕਰਾਏ ਗਏ ਐਗਜ਼ਿਟ ਪੋਲਾਂ ਵਿਚ ਵੀ ਵੱਖ ਵੱਖ ਸਰਵੇਖਣ ਏਜੰਸੀਆਂ ਨੇ ਭਾਜਪਾ ਅਤੇ ਐੱਨਡੀਏ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ ਜੋ ਠੀਕ ਸਿੱਧ ਹੋਈ। ਐਗਜ਼ਿਟ ਪੋਲਾਂ ਦੁਆਰਾ ਕੀਤੀਆਂ ਜਾਂਦੀਆਂ ਭਵਿੱਖਬਾਣੀਆਂ ਆਮ ਤੌਰ ’ਤੇ ਸਹੀ ਪਾਈਆਂ ਜਾਂਦੀਆਂ ਭਾਵੇਂ ਕਈ ਵਾਰ ਨਤੀਜੇ ਇਨ੍ਹਾਂ ਦੇ ਉਲਟ ਵੀ ਗਏ ਹਨ। ਉਦਾਹਰਨ ਦੇ ਤੌਰ ’ਤੇ 2017 ਵਿਚ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਵੇਲ਼ੇ ‘ਸੀ-ਵੋਟਰ’ ਨਾਂ ਦੀ ਏਜੰਸੀ ਨੇ ਭਾਜਪਾ ਲਈ 111 ਸੀਟਾਂ ਅਤੇ ‘ਟੁਡੇ ਚਾਣਕਿਆ’ ਸਰਵੇਖਣ ਨੇ 135 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ ਜੋ ਗ਼ਲਤ ਸਿੱਧ ਹੋਈ। ਇਸੇ ਤਰ੍ਹਾਂ 2015 ਵਿਚ ਵੀ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਲਈ ‘ਚਾਣਕਿਆ’ ਅਤੇ ‘ਨੀਲਸਨਜ਼’ ਨਾਂ ਦੀਆਂ ਸਰਵੇਖਣ ਏਜੰਸੀਆਂ ਨੇ ਭਾਜਪਾ ਲਈ ਵੱਡੀ ਜਿੱਤ ਦਰਸਾਈ ਸੀ ਪਰ ਹੋਇਆ ਇਸ ਦੇ ਉਲਟ ਸੀ। ਸਭ ਤੋਂ ਜ਼ਿਆਦਾ ਗ਼ਲਤ ਅੰਦਾਜ਼ਾ ਸਰਵੇਖਣ ਏਜੰਸੀਆਂ ਦੁਆਰਾ 2004 ਵਿਚ ਲੋਕ ਸਭਾ ਚੋਣਾਂ ਦੌਰਾਨ ਲਗਾਇਆ ਗਿਆ ਸੀ ਜਦ ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਭਾਜਪਾ ਦੀ ਜਿੱਤ ਹੁੰਦੀ ਦੱਸੀ ਪਰ ਬਾਅਦ ਵਿਚ ਸਰਕਾਰ ਮਨਮੋਹਨ ਸਿੰਘ ਦੀ ਅਗਵਾਈ ਵਿਚ ਬਣੀ।
ਐਗਜ਼ਿਟ ਪੋਲ ਉਸ ਸਰਵੇਖਣ ’ਤੇ ਆਧਾਰਤ ਹੁੰਦੇ ਹਨ ਜਿਹੜਾ ਏਜੰਸੀਆਂ ਦੁਆਰਾ ਵੋਟਰਾਂ ਤੋਂ ਵੋਟ ਪਾਉਣ ਤੋਂ ਬਾਅਦ ਪੁੱਛੇ ਜਾਂਦੇ ਸਵਾਲਾਂ ’ਤੇ ਆਧਾਰਤ ਹੁੰਦਾ ਹੈ। ਇਸ ਵਿਧੀ ਦੀ ਸ਼ੁਰੂਆਤ ਅਮਰੀਕਾ ਦੀ ਸੀਬੀਐੱਸ ਨਿਊਜ਼ ਦੇ ਡਾਇਰੈਕਟਰ ਵਾਇਰਨ ਮਿਥੋਫਕਸੀ ਨੇ ਕੀਤੀ ਸੀ ਜਦ ਉਹਨੇ ਪਹਿਲੀ ਵਾਰ ਕੈਂਟੀਕੀ ਪ੍ਰਾਂਤ ਦੇ ਗਵਰਨਰ ਦੀਆਂ ਚੋਣਾਂ ਵਾਸਤੇ ਇਸ ਵਿਧੀ ਨੂੰ ਵਰਤਿਆ। ਕਈ ਸਫ਼ਲਤਾਵਾਂ ਦੇ ਬਾਅਦ 2004 ਵਿਚ ਉਸ ਦੀ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਪਾਰਟੀ ਦੇ ਜੌਹਨ ਕੈਰੀ ਦੇ ਜਿੱਤਣ ਤੇ ਜਾਰਜ ਬੁਸ਼ ਦੇ ਹਾਰਨ ਸਬੰਧੀ ਭਵਿੱਖਬਾਣੀ ਗ਼ਲਤ ਸਾਬਤ ਹੋਈ। ਇਸ ਗ਼ਲਤ ਅੰਦਾਜ਼ੇ ਦਾ ਵਿਸ਼ਲੇਸ਼ਣ ਕਰਦਿਆਂ ਮਿਥੋਫਕਸੀ ਨੇ ਕਿਹਾ ਕਿ ਜੌਹਨ ਕੈਰੀ ਨੂੰ ਵੋਟ ਪਾਉਣ ਵਾਲੇ ਸਰਵੇਖਣ ਕਰਨ ਵਾਲਿਆਂ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਨ ਦੇ ਜ਼ਿਆਦਾ ਚਾਹਵਾਨ ਸਨ ਜਦੋਂਕਿ ਉਹ ਲੋਕ, ਜਿਨ੍ਹਾਂ ਨੇ ਜਾਰਜ ਬੁਸ਼ ਨੂੰ ਵੋਟ ਪਾਈ, ਇਸ ਗੱਲ ਨੂੰ ਛੁਪਾ ਕੇ ਰੱਖਣਾ ਚਾਹੁੰਦੇ ਸਨ। ਇਸ ਲਈ ਭਾਵੇਂ ਪੂਰੇ ਯਕੀਨ ਨਾਲ ਕੋਈ ਵੀ ਭਵਿੱਖਬਾਣੀ ਕਰਨੀ ਗ਼ਲਤ ਹੁੰਦੀ ਹੈ ਪਰ ਉੱਨੀ ਮਈ ਦੇ ਸਰਵੇਖਣ ਸੰਕੇਤ ਦਿੰਦੇ ਹਨ ਕਿ ਅਗਲੀ ਸਰਕਾਰ ਭਾਜਪਾ ਦੀ ਅਗਵਾਈ ਵਿਚ ਬਣੇਗੀ।
ਭਾਜਪਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਵਿਚ ਭਾਵੇਂ 2014 ਵਾਲੀ ਮੋਦੀ ਲਹਿਰ ਦਿਖਾਈ ਨਹੀਂ ਸੀ ਦੇ ਰਹੀ ਪਰ ਮੋਦੀ ਅਤੇ ਭਾਜਪਾ ਦੇ ਹੱਕ ਵਿਚ ਖ਼ਾਸ ਤਰ੍ਹਾਂ ਦਾ ਝੁਕਾਓ (ਅੰਡਰ ਕਰੰਟ) ਦੇਖਣ ਨੂੰ ਮਿਲ ਰਿਹਾ ਸੀ। ਉਹ ਇਸ ਦੇ ਕਈ ਕਾਰਨ ਗਿਣਾਉਂਦੇ ਹਨ : ਮੋਦੀ ਦਾ ਸਖ਼ਤ ਫ਼ੈਸਲੇ ਲੈਣ ਵਾਲੇ ਨੇਤਾ ਦਾ ਅਕਸ ਅਤੇ ਵਿਰੋਧੀ ਪਾਰਟੀਆਂ ਵਿਚ ਉਸ ਜਿਹਾ ਲੋਕਾਂ ਦਾ ਵਿਸ਼ਵਾਸ ਜਿੱਤਣ ਵਾਲੇ ਨੇਤਾ ਦਾ ਨਾ ਹੋਣਾ; ਪੁਲਵਾਮਾ ਵਿਚ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ ਤੁਰੰਤ ਜਵਾਬੀ ਕਾਰਵਾਈ; ਦਿਹਾਤੀ ਇਲਾਕਿਆਂ ਵਿਚ ਘਰੇਲੂ ਗੈਸ ਪਹੁੰਚਾਉਣ ਕਾਰਨ ਔਰਤਾਂ ਦਾ ਖੁਸ਼ ਹੋਣਾ ਤੇ ਮੋਦੀ ਸਰਕਾਰ ਦੀਆਂ ਵੱਖ ਵੱਖ ਲੋਕ-ਭਲਾਈ ਸਕੀਮਾਂ ਦਾ ਲੋਕਾਂ ਤਕ ਸਿੱਧੇ ਤੌਰ ’ਤੇ ਪਹੁੰਚਣਾ। ਰਾਜਸੀ ਮਾਹਿਰਾਂ ਅਨੁਸਾਰ ਵਿਰੋਧੀ ਧਿਰਾਂ ਉਸ ਤਰ੍ਹਾਂ ਦਾ ਮਹਾਂ-ਗੱਠਬੰਧਨ ਨਹੀਂ ਬਣਾ ਸਕੀਆਂ ਜਿਸ ਤਰ੍ਹਾਂ ਦੀ ਚੋਣਾਂ ਤੋਂ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ। ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੇ ਆਪਸ ਵਿਚ ਸਮਝੌਤਾ ਕਰਕੇ ਕਾਂਗਰਸ ਨੂੰ ਅਲੱਗ-ਥਲੱਗ ਕਰ ਦਿੱਤਾ; ਦਿੱਲੀ ਤੇ ਹਰਿਆਣਾ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਕਿਸੇ ਸਮਝੌਤੇ ’ਤੇ ਨਾ ਪਹੁੰਚ ਸਕੀਆਂ; ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿਚ ਵਿਰੋਧੀ ਪਾਰਟੀਆਂ ਅਲੱਗ ਅਲੱਗ ਲੜੀਆਂ। ਸਿਰਫ਼ ‘ਨੇਤਾ ਨਿਊਜ਼-ਐਕਸ’ ਦੁਆਰਾ ਕਰਾਏ ਗਏ ਸਰਵੇਖਣ ਵਿਚ ਐੱਨਡੀਏ ਨੂੰ 242 (ਬਹੁਸੰਮਤੀ ਤੋਂ ਘੱਟ) ਅਤੇ ਯੂਪੀਏ ਨੂੰ 164 ਤੇ ਬਾਕੀਆਂ ਨੂੰ 136 ਸੀਟਾਂ ਦਿੱਤੀਆਂ ਜਾ ਰਹੀਆਂ ਹਨ। ਐਗਜ਼ਿਟ ਪੋਲਾਂ ਦੇ ਸਰਵੇਖਣਾਂ ਦੇ ਨਤੀਜੇ ਠੀਕ ਨਿਕਲਦੇ ਹਨ ਜਾਂ ਨਹੀਂ, ਇਸ ਵਾਸਤੇ ਸਾਨੂੰ 23 ਮਈ ਦੀ ਉਡੀਕ ਕਰਨੀ ਪਵੇਗੀ।


Comments Off on ਮੋਦੀ ਦੀ ਦੂਸਰੀ ਪਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.