ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਮੋਦੀ ਦਾ ਝੂਠ ਲੋਕਾਂ ਦੇ ਰਾਡਾਰ ’ਤੇ: ਪ੍ਰਿਯੰਕਾ

Posted On May - 15 - 2019

ਚਰਨਜੀਤ ਭੁੱਲਰ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਬਠਿੰਡਾ ਵਿੱਚ ਚੋਣ ਰੈਲੀ ਦੌਰਾਨ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਜ਼ਰ ਆ ਰਹੇ ਹਨ। -ਫੋਟੋ: ਪੀਟੀਆਈ

ਬਠਿੰਡਾ, 14 ਮਈ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਬਠਿੰਡਾ ’ਚ ਚੋਣ ਰੈਲੀ ਮੌਕੇ ਨੌਜਵਾਨਾਂ ਤੇ ਕਿਸਾਨਾਂ ਦੇ ਹਿੱਤਾਂ ਦੀ ਰਾਖ਼ੀ ਲਈ ਭਾਜਪਾ ਨੂੰ ਵਿਦਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦਾ ‘ਸੱਚ’ ਹੁਣ ਦੇਸ਼ ਦੇ ਲੋਕਾਂ ਦੇ ‘ਰਾਡਾਰ’ ਉੱਤੇ ਆ ਚੁੱਕਾ ਹੈ। ਪ੍ਰਿਯੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਮੇਸ਼ਾ ਝੂਠ ਦਾ ਹੀ ਆਸਰਾ ਲਿਆ ਹੈ। ਪੰਜਾਬ ’ਚ ਇਹ ਪ੍ਰਿਯੰਕਾ ਗਾਂਧੀ ਦੀ ਪਹਿਲੀ ਚੋਣ ਰੈਲੀ ਸੀ ਤੇ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਕਾਂਗਰਸ ਜਨਰਲ ਸਕੱਤਰ ਨੇ ਆਪਣਾ ਭਾਸ਼ਨ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਆਰੰਭਿਆ। ਉਨ੍ਹਾਂ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਵੀ ਛੋਹਿਆ। ਬਠਿੰਡਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੀ ਹਮਾਇਤ ’ਚ ਰੱਖੀ ਪ੍ਰਿਯੰਕਾ ਗਾਂਧੀ ਦੀ ਰੈਲੀ ਨੇ ਵੋਟ ਗਿਣਤੀ-ਮਿਣਤੀ ਫ਼ਸਵੀਂ ਬਣਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੋਮਵਾਰ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਇੱਥੇ ਥਰਮਲ ਸਟੇਡੀਅਮ ਵਿਚ ਚੋਣ ਰੈਲੀ ਕੀਤੀ ਸੀ। ਉਸੇ ਜਗ੍ਹਾ ਅੱਜ ਕਾਂਗਰਸ ਦੀ ਰੈਲੀ ਸੀ। ਪ੍ਰਿਯੰਕਾ ਨੇ ਆਪਣੇ ਕਰੀਬ 22 ਮਿੰਟ ਲੰਮੇ ਭਾਸ਼ਨ ਦੌਰਾਨ ਕਿਹਾ ਕਿ ਭਾਜਪਾ ਦੇ ਸਹਿਯੋਗੀਆਂ ਨੇ ਸਿਆਸੀ ਲਾਹੇ ਲਈ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕੀਤਾ। ਉਨ੍ਹਾਂ ਵਿਰੋਧੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗੁਰੂਆਂ ਦੀ ਧਰਤੀ ਤੋਂ ਬਾਬੇ ਨਾਨਕ ਨੇ ਤੇਰਾ ਤੇਰਾ ਤੋਲਿਆ, ਸਰਬੱਤ ਦਾ ਭਲਾ ਮੰਗਿਆ ਪਰ ਮੋਦੀ ਦੇ ਸਹਿਯੋਗੀ ਮੇਰਾ-ਮੇਰਾ ਬੋਲਦੇ ਰਹੇ। ਅਕਾਲੀ ਦਲ ਦਾ ਨਾਂ ਲਏ ਬਿਨਾਂ ਪ੍ਰਿਯੰਕਾ ਨੇ ਕਿਹਾ ਕਿ

ਪੰਜਾਬ ਵਿਚ ਮਾਫ਼ੀਆ ਰਾਜ ਰਿਹਾ। ਕਿਸਾਨੀ ਤੋਂ ਕਿਨਾਰਾ ਕਰ ਲਿਆ ਗਿਆ। ਨਸ਼ਿਆਂ ਨਾਲ ਪੰਜਾਬ ਬੇਹਾਲ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਸ਼ਿਆਂ ਦਾ ਮੁੱਦਾ ਉਠਾਇਆ ਸੀ। ਪ੍ਰਿਯੰਕਾ ਨੇ ਕਿਹਾ ਕਿ ਦੇਸ਼ ਭਰ ’ਚੋਂ ਕਿਸਾਨ ਪੈਦਲ ਚੱਲ ਕੇ ਦਿੱਲੀ ਪੁੱਜੇ ਪਰ ਮੋਦੀ ਨੇ ਪੰਜ ਮਿੰਟ ਦਾ ਸਮਾਂ ਨਾ ਕੱਢਿਆ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਅਨੇਕਾਂ ਦੇਸ਼ ਘੁੰਮੇ, ਪਾਕਿਸਤਾਨ ਵੀ ਗਏ, ਬਰਿਆਨੀ ਵੀ ਖਾਧੀ ਪਰ ਵਾਰਾਨਸੀ ਦੇ ਇਕ ਕਿਸਾਨ ਦੇ ਘਰ ਦਾ ਦੌਰਾ ਤੱਕ ਨਾ ਕਰ ਸਕੇ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਕਿਸਾਨਾਂ ਦੀ ਦੁੱਗਣੀ ਆਮਦਨ ਦਾ ਵਾਅਦਾ ਭਾਜਪਾ ਪੂਰਾ ਨਹੀਂ ਕਰ ਸਕੀ, ਨਾ ਹੀ ਕਿਸਾਨੀ ਨੂੰ ਉਪਜ ਦਾ ਪੂਰਾ ਮੁੱਲ ਮਿਲਿਆ, ਦੇਸ਼ ਭਰ ਵਿਚ 12 ਹਜ਼ਾਰ ਕਿਸਾਨਾਂ ਨੇ ਆਤਮ ਹੱਤਿਆ ਕਰ ਲਈ। ਨੋਟਬੰਦੀ ਨੇ ਪੰਜ ਕਰੋੜ ਨੌਕਰੀਆਂ ਖੋਹ ਲਈਆਂ ਤੇ 24 ਲੱਖ ਸਰਕਾਰੀ ਅਸਾਮੀਆਂ ਖਾਲੀ ਪਈਆਂ ਹਨ। ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਿੱਧਰ ਗਈ? ਉਨ੍ਹਾਂ ਕਿਹਾ ਕਿ ਝੂਠ ਦੀ ਸਿਆਸਤ ਜ਼ਿਆਦਾ ਨਹੀਂ ਚੱਲਦੀ। ਵੱਡੇ ਉਦਯੋਗਪਤੀਆਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਗਏ ਪਰ ਕਿਸਾਨਾਂ ਦੇ ਨਹੀਂ ਕੀਤੇ ਗਏ। ਪ੍ਰਿਯੰਕਾ ਨੇ ਕਾਂਗਰਸ ਦੇ ਏਜੰਡੇ ਦੀ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਖਾਲੀ ਅਸਾਮੀਆਂ ਭਰੇਗੀ, ਜੀਐੱਸਟੀ ਦੀ ਥਾਂ ਇੱਕ ਸਰਲ ਟੈਕਸ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਔਰਤਾਂ ਨੂੰ ਵਿਧਾਨਕ ਅਹੁਦਿਆਂ ’ਤੇ 33 ਫ਼ੀਸਦ ਰਾਖ਼ਵਾਂਕਰਨ, ਬੱਚਿਆਂ ਨੂੰ 12ਵੀਂ ਤੱਕ ਦੀ ਮੁਫ਼ਤ ਵਿੱਦਿਆ, ਮੁਫ਼ਤ ਇਲਾਜ ਅਤੇ ਕਿਸਾਨਾਂ ਦੀ ਭਲਾਈ ਲਈ ਅਲੱਗ ਖੇਤੀ ਬਜਟ, ਹਰ ਜ਼ਿਲ੍ਹੇ ਵਿਚ ਫੂਡ ਪਾਰਕ ਬਣਾਉਣ ਤੋਂ ਇਲਾਵਾ ‘ਨਿਆਏ’ ਸਕੀਮ ਤਹਿਤ ਗਰੀਬ ਲੋਕਾਂ ਨੂੰ ਸਾਲਾਨਾ 72 ਹਜ਼ਾਰ ਦੀ ਮਦਦ ਦੇਣ ਦੀ ਗੱਲ ਵੀ ਉਨ੍ਹਾਂ ਕੀਤੀ। ਪ੍ਰਿਯੰਕਾ ਨੇ ਰਾਜਾ ਵੜਿੰਗ ਦੀ ਹਮਾਇਤ ਵਿਚ ਬੋਲਦੇ ਹੋਏ ਆਖਿਆ ਕਿ ਅਗਲੀਆਂ ਪੀੜ੍ਹੀਆਂ ਦੇ ਹਿੱਤਾਂ ਦੀ ਰਾਖੀ ਲਈ ਤੇ ਮਜ਼ਬੂਤ ਭਵਿੱਖ ਲਈ ਦੇਸ਼ ਵਿਚ ਕਾਂਗਰਸ ਨੂੰ ਬਹੁਮਤ ਦਿੱਤਾ ਜਾਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਬਹੁਤ ਸੰਖੇਪ ਭਾਸ਼ਨ ਦਿੱਤਾ ਤੇ ਐਨਾ ਹੀ ਕਿਹਾ ਕਿ ਹੰਕਾਰੀ ਲੋਕਾਂ ਨੂੰ ਹਰਾਉਣ ਲਈ ਰਾਜਾ ਵੜਿੰਗ ਨੂੰ ਵੋਟ ਪਾਈ ਜਾਵੇ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੋਦੀ ਹਿੰਦੁਸਤਾਨ ਦਾ ਨਹੀਂ, ਸਰਕਸ ਦਾ ਸ਼ੇਰ ਹੈ। ਜਦ ਨਵਜੋਤ ਸਿੱਧੂ ਬੋਲੇ ਤਾਂ ਪੰਡਾਲ ਨੇ ਜੈਕਾਰੇ ਛੱਡ ਦਿੱਤੇ। ਉਮੀਦਵਾਰ ਰਾਜਾ ਵੜਿੰਗ ਨੇ ਬੇਅਦਬੀ ਦੇ ਮੁੱਦੇ ’ਤੇ ਗੱਲ ਕੀਤੀ ਅਤੇ ‘ਮਸੰਦਾਂ’ ਤੋਂ ਬਚਣ ਲਈ ਕਿਹਾ। ਰੈਲੀ ਨੂੰ ਕੈਬਨਿਟ ਮੰਤਰੀ ਰਾਣਾ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਹਲਕਾ ਇੰਚਾਰਜ ਖੁਸ਼ਬਾਜ਼ ਜਟਾਣਾ, ਮਾਨਸਾ ਦੀ ਜ਼ਿਲ੍ਹਾ ਪ੍ਰਧਾਨ ਮੰਜੂ ਬਾਂਸਲ, ਮੁਕਤਸਰ ਦੇ ਜ਼ਿਲ੍ਹਾ ਪ੍ਰਧਾਨ ਹਰਚਰਨ ਸੋਥਾ ਨੇ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਮੰਤਰੀ ਵਿਜੇਇੰਦਰ ਸਿੰਗਲਾ, ਚੋਣ ਕਮੇਟੀ ਦੇ ਚੇਅਰਮੈਨ ਲਾਲ ਸਿੰਘ, ਰਣਇੰਦਰ ਸਿੰਘ, ਵਿਧਾਇਕ ਪ੍ਰੀਤਮ ਕੋਟਭਾਈ, ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਆਦਿ ਹਾਜ਼ਰ ਸਨ।
ਪਠਾਨਕੋਟ (ਐਨ.ਪੀ. ਧਵਨ): ਪਠਾਨਕੋਟ ਵਿਚ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਅੱਜਕੱਲ੍ਹ ਫ਼ੌਜ, ਰਾਸ਼ਟਰਵਾਦ ਤੇ ਹੋਰ ਵਿਚਾਰਧਾਰਾਵਾਂ ਨੂੰ ਜੋੜ ਕੇ ਜਿਸ ਤਰ੍ਹਾਂ ਦੀ ਮਾਨਸਿਕਤਾ ਕਾਇਮ ਕੀਤੀ ਜਾ ਰਹੀ ਹੈ, ਉਹ ਜਾਇਜ਼ ਨਹੀਂ। ਸ਼ਹਾਦਤਾਂ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਅੱਜ ਇੱਥੇ ਰੋਡ ਸ਼ੋਅ ਕਰਨ ਤੋਂ ਪਹਿਲਾਂ ‘ਖੁਸ਼ਹਾਲੀ ਦੇ ਰਾਖਿਆਂ’ (ਸਾਬਕਾ ਸੈਨਿਕਾਂ) ਨੂੰ ਸੰਬੋਧਨ ਕੀਤਾ। ਪ੍ਰਿਯੰਕਾ ਨੇ ਕਿਹਾ ਕਿ ‘ਇਕ ਰੈਂਕ ਇਕ ਪੈਨਸ਼ਨ’ ਫ਼ੌਜੀਆਂ ਦਾ ਹੱਕ ਹੈ ਕੋਈ ‘ਤੋਹਫ਼ਾ’ ਨਹੀਂ ਹੈ। ਮੁਲਕ ਦੀ ਸੇਵਾ ਕਰਨ ਵਾਲਿਆਂ ਦਾ ਦੇਸ਼ ਅਹਿਸਾਨਮੰਦ ਹੈ। ਇਸ ਮੌਕੇ ਆਗੂਆਂ ਨੇ ‘ਖੁਸ਼ਹਾਲੀ ਦੇ ਰਾਖਿਆਂ’ ਵੱਲੋਂ ਪੰਜਾਬ ਵਿਚ ਨਿਭਾਈ ਭੂਮਿਕਾ ਦੀ ਸ਼ਲਾਘਾ ਵੀ ਕੀਤੀ। ਕਾਂਗਰਸੀ ਆਗੂਆਂ ਨੇ ਇਸ ਮੌਕੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਵੋਟਾਂ ਮੰਗੀਆਂ।
ਪ੍ਰਿਯੰਕਾ ਗਾਂਧੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਸੁੰਦਰਨਗਰ ਵਿਚ ਵੀ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਖ਼ਰਾਬ ਮੌਸਮ ਕਾਰਨ ਉਹ ਉੱਥੇ ਨਹੀਂ ਜਾ ਸਕੀ।

‘ਠੋਕੋ ਤਾਲੀ ਮੈਡਮ ਲਈ’
ਪਠਾਨਕੋਟ ਵਿਚ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਭਾਸ਼ਨ ਦਿੱਤਾ ਤੇ ਬਾਅਦ ਵਿਚ ਪ੍ਰਿਯੰਕਾ ਨੇ ਜਦਕਿ ਨਾਲ ਖੜ੍ਹੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਭਾਸ਼ਨ ਦੀ ਫ਼ਰਮਾਇਸ਼ ਸਾਬਕਾ ਫ਼ੌਜੀਆਂ ਨੇ ਕਰ ਦਿੱਤੀ। ਸਿੱਧੂ ਨੇ ਇਸ ਮੌਕੇ ਕਿਹਾ ਕਿ ਮੈਡਮ ਪ੍ਰਿਯੰਕਾ ਦੇ ਬੋਲਣ ਤੋਂ ਬਾਅਦ ਉਨ੍ਹਾਂ ਦਾ ਬੋਲਣਾ ਬਣਦਾ ਨਹੀਂ ਪਰ ਫਿਰ ਵੀ ਉਹ ਕੁਝ ਸ਼ੇਅਰੋ-ਸ਼ਾਇਰੀ ਕਰਨਗੇ। ਉਨ੍ਹਾਂ ਕਿਹਾ ‘ਇਸ਼ਕ ਜਿਨਕੋ ਹੈ ਅਪਨੇ ਵਤਨ ਸੇ, ਖ਼ੁਦ ਹੀ ਕੋ ਮਿਟਾਤੇ ਰਹੇਂਗੇ, ਸ਼ਮ੍ਹਾ ਮਹਿਫ਼ਿਲ ਮੇਂ ਜਲਤੀ ਰਹੇਗੀ, ਪਰਵਾਨੇ ਔਰ ਭੀ ਆਤੇ ਰਹੇਂਗੇ।’ ਇਸ ਤੋਂ ਬਾਅਦ ਉਨ੍ਹਾਂ ਕਿਹਾ ‘ਠੋਕੋ ਤਾਲੀ ਮੈਡਮ ਲਈ।’ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ‘ਜਿੱਧਰ ਫ਼ੌਜੀ ਖੜ੍ਹਾ ਹੋ ਗਿਆ, ਜਿੱਤ ਪੱਕੀ ਹੈ।’

ਪ੍ਰਿਯੰਕਾ ਨੇ ਚੱਲਦੀ ਗੱਡੀ ’ਚੋਂ ਲੋਕਾਂ ਦਾ ਸਵਾਗਤ ਕਬੂਲਿਆ
ਬਠਿੰਡਾ: ਪ੍ਰਿਯੰਕਾ ਗਾਂਧੀ ਨੇ ਰੈਲੀ ਮਗਰੋਂ ਕਾਫ਼ਲੇ ਵਿਚ ਚੱਲਦੀ ਗੱਡੀ ’ਚੋਂ ਬਾਹਰ ਨਿਕਲ ਕੇ ਲੋਕਾਂ ਵੱਲ ਹੱਥ ਹਿਲਾਇਆ। ਪੰਜਾਬੀ ਸੂਟ ਪਾ ਕੇ ਆਈ ਪ੍ਰਿਯੰਕਾ ਨੇ ਪੰਜਾਬੀ ’ਚ ਕਿਹਾ ਕਿ ਉਹ ਅੱਜ ਇੱਥੇ ਆ ਕੇ ਬਹੁਤ ਖੁਸ਼ ਹੈ ਤੇ ਉਸ ਦਾ ਘਰਵਾਲਾ ਵੀ ਪੰਜਾਬੀ ਹੈ। ਉਸ ਨੇ ਕਿਹਾ ਕਿ ਪੰਜਾਬ ਦੇ ਲੋਕ ਮੁਸੀਬਤਾਂ ਦਾ ਸਾਹਮਣਾ ਡਟ ਕੇ ਕਰਦੇ ਹਨ।

ਸਿੱਧੂ ਨੇ ਧੂੰਆਂਧਾਰ ਭਾਸ਼ਨ ਦੇ ਕੇ ਮੇਲਾ ਲੁੱਟਿਆ
ਬਠਿੰਡਾ: ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਬਾਦਲਾਂ ਦੇ ਗੜ੍ਹ ’ਚ ਅੱਜ ਬਾਦਲਾਂ ਖ਼ਿਲਾਫ਼ ਹੀ ਖੂੰਡਾ ਚੁੱਕਦਿਆਂ ਧੂੰਆਂਧਾਰ ਭਾਸ਼ਨ ਦੇ ਕੇ ਮੇਲਾ ਲੁੱਟ ਲਿਆ। ਉਨ੍ਹਾਂ ਦੇ ਭਾਸ਼ਨ ਦਾ ਨੌਜਵਾਨਾਂ ਨੇ ਜੈਕਾਰਿਆਂ ਨਾਲਾ ਹੁੰਗਾਰਾ ਭਰਿਆ। ਮੰਚ ’ਤੇ ਨਵਜੋਤ ਜਿੱਥੇ ਪੂਰੇ ਤਾਅ ਵਿਚ ਦਿਖੇ ਉੱਥੇ ਕੈਪਟਨ ਅਮਰਿੰਦਰ ਸਿੰਘ ‘ਰੁੱਸੇ’ ਜਿਹੇ ਲੱਗੇ। ਕੈਪਟਨ ਨੇ ਸੰਖੇਪ ਭਾਸ਼ਨ ’ਚ ਬਾਦਲਾਂ ਦਾ ਨਾਂ ਤੱਕ ਨਹੀਂ ਲਿਆ। ਕੋਈ ਸਮਾਂ ਸੀ ਜਦ ਕੈਪਟਨ ਦੇ ਮੰਚ ’ਤੇ ਆਉਂਦਿਆਂ ਹੀ ਪੰਡਾਲ ’ਚ ਜੈਕਾਰੇ ਗੂੰਜਦੇ ਸਨ ਪਰ ਅੱਜ ਮਾਹੌਲ ਠੰਢਾ ਨਜ਼ਰ ਆਇਆ। ਨੀਲੇ ਪਠਾਣੀ ਸੂਟ ਵਿਚ ਆਏ ਸਿੱਧੂ ਲਈ ਪ੍ਰਿਯੰਕਾ ਨੇ ਪੰਜਾਬ ’ਚ ਚੋਣ ਪ੍ਰਚਾਰ ਦਾ ਇਕ ਤਰ੍ਹਾਂ ਨਾਲ ਰਾਹ ਖੋਲ੍ਹ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਉਹ ਪ੍ਰਿਯੰਕਾ ਦੇ ਹੁਕਮਾਂ ’ਤੇ 17 ਮਈ ਨੂੰ ਬਠਿੰਡਾ ਹਲਕੇ ਵਿਚ ਚੋਣ ਪ੍ਰਚਾਰ ਕਰਨਗੇ। ਸਟੇਜ ’ਤੇ ਵੀ ਅੱਜ ਪ੍ਰਿਯੰਕਾ ਨੇ ਵਾਰ ਵਾਰ ਨਵਜੋਤ ਸਿੱਧੂ ਨਾਲ ਗੁਫ਼ਤਗੂ ਕੀਤੀ। ਪਟਿਆਲਾ ’ਚ ਕਾਂਗਰਸ ਦਾ ਡਾ. ਧਰਮਵੀਰ ਗਾਂਧੀ ਨਾਲ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਬਣਨ ਨਾਲ ਕੈਪਟਨ ਵੀ ਜ਼ਿਆਦਾ ਸਮਾਂ ਪਟਿਆਲਾ ਹਲਕੇ ਨੂੰ ਦੇਣ ਲੱਗੇ ਹਨ।

ਪ੍ਰਿਯੰਕਾ ਨੇ ਨਵਜੋਤ ਸਿੱਧੂ ਨੂੰ ਪੰਜਾਬ ’ਚ ਚੋਣ ਪ੍ਰਚਾਰ ਲਈ ਮਨਾਇਆ
ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਤੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਅੱਜ ਬਠਿੰਡਾ ’ਚ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚੋਣ ਜਲਸੇ ਵਿੱਚ ਸ਼ਮੂਲੀਅਤ ਕਰਵਾਉਣ ਲਈ ਪ੍ਰਿਯੰਕਾ ਗਾਂਧੀ ਨੇ ਅਹਿਮ ਭੂਮਿਕਾ ਨਿਭਾਈ। ਸੂਤਰਾਂ ਦਾ ਦੱਸਣਾ ਹੈ ਕਿ ਪ੍ਰਿਯੰਕਾ ਗਾਂਧੀ ਨੇ ਅੱਜ ਸਵੇਰੇ ਨਵਜੋਤ ਸਿੱਧੂ ਨਾਲ ਨਵੀਂ ਦਿੱਲੀ ’ਚ ਮੀਟਿੰਗ ਕੀਤੀ ਅਤੇ ਉਥੋਂ ਪੰਜਾਬ ’ਚ ਪ੍ਰਚਾਰ ਕਰਨ ਲਈ ਆਪਣੇ ਨਾਲ ਲਿਆਂਦਾ। ਸ੍ਰੀ ਸਿੱਧੂ ਨੇ ਆਪਣੇ ਤੈਅਸ਼ੁਦਾ ਪ੍ਰੋਗਰਾਮ ਤਹਿਤ ਅੱਜ ਪਟਨਾ ਸਾਹਿਬ ਸੰਸਦੀ ਹਲਕੇ ਵਿੱਚ ਅਦਾਕਾਰ ਸ਼ਤਰੂਘਨ ਸਿਨਹਾ ਦੇ ਪੱਖ ’ਚ ਰੈਲੀਆਂ ਕਰਨੀਆਂ ਸਨ ਜੋ ਅਚਨਚੇਤ ਰੱਦ ਕਰ ਦਿੱਤੀਆਂ ਗਈਆਂ। –


Comments Off on ਮੋਦੀ ਦਾ ਝੂਠ ਲੋਕਾਂ ਦੇ ਰਾਡਾਰ ’ਤੇ: ਪ੍ਰਿਯੰਕਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.