ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਮੇਰੀ ਪਛਾਣ ਆਈਲੈਟਸ ਬੈਂਡ 7 ਹੈ…

Posted On May - 10 - 2019

ਡਾ. ਹਰਸ਼ਿੰਦਰ ਕੌਰ, ਐੱਮਡੀ

“ਮੈਂ ਸਾਈਪਰਸ ਤੋਂ ਬੋਲ ਰਹੀ ਹਾਂ। ਡਾ. ਹਰਸ਼ਿੰਦਰ ਕੌਰ ਨਾਲ ਗੱਲ ਹੋ ਸਕਦੀ ਹੈ? ਬਹੁਤ ਜ਼ਰੂਰੀ ਗੱਲ ਹੈ।” ਫੋਨ ਉੱਤੇ ਦੂਜੇ ਪਾਸਿਓਂ ਕੋਈ ਲੜਕੀ ਬੋਲ ਰਹੀ ਸੀ। ਮੈਂ ਫ਼ੋਨ ਸੁਣਦਿਆਂ ਹੀ ਕਿਹਾ, “ਦਸੋ, ਕੀ ਗੱਲ ਹੈ?”
“ਤੁਸੀਂ ਉਹੀ ਹੋ ਜੋ ਪੰਜਾਬੀ ਟ੍ਰਿਬਿਊਨ ਵਿਚ ਪੰਜਾਬ ਦੀਆਂ ਦਰਦ ਕਹਾਣੀਆਂ ਲਿਖ ਰਹੇ ਹੋ।” ਉਸ ਪੁੱਛਿਆ।
“ਹਾਂ ਜੀ, ਮੈਂ ਹੀ ਲਿਖ ਰਹੀ ਹਾਂ।” ਮੈਂ ਜਵਾਬ ਦਿੱਤਾ।
“ਕੀ ਮੇਰੇ ਵਰਗੀਆਂ ਤੁਹਾਡੇ ਨਜ਼ਰੀਂ ਨਹੀਂ ਆਉਂਦੀਆਂ? ਸਾਡਾ ਦਰਦ ਕੌਣ ਸਮਝ ਸਕਦਾ ਹੈ? ਅਸੀਂ ਤਾਂ ਸਿਰਫ਼ ਲਾਂਘਾ ਹਾਂ। ਮਾਪਿਆਂ ਨੇ ਜੰਮਿਆ ਹੀ ਸਾਨੂੰ ਜ਼ਰੀਆ ਬਣਾਉਣ ਲਈ ਸੀ। ਇਸ ਲਾਂਘੇ ਉੱਤੋਂ ਕਿਸ ਕਿਸਮ ਦੇ ਲੋਕਾਂ ਨੇ ਲੰਘਣੈ, ਇਸ ਬਾਰੇ ਲਾਂਘਾ ਤਾਂ ਸ਼ਿਕਾਇਤ ਵੀ ਨਹੀਂ ਕਰ ਸਕਦਾ।” ਉਹ ਦਰਦ ਭਰੇ ਲਹਿਜ਼ੇ ਨਾਲ ਬੋਲੀ।
“ਤੁਸੀਂ ਕੌਣ ਹੋ? ਤੁਹਾਡਾ ਕੀ ਦਰਦ ਹੈ।” ਮੈਂ ਫਿਰ ਪੁੱਛਿਆ?
“ਮੇਰਾ ਨਾਂ ਨਾ ਪੁੱਛਿਓ। ਬਸ ਮੇਰੀ ਪਛਾਣ ਪੁੱਛੋ। ਮੇਰੀ ਪਛਾਣ ਆਈਲੈੱਟਸ ਬੈਂਡ 7 ਹੈ। ਮੇਰੇ ਵਰਗੀਆਂ ਦੇ ਬਾਹਰ ਜਾਣ ਦਾ ਖ਼ਰਚਾ ਅਨੇਕ ਮੁੰਡੇ ਵਾਲੇ ਚੁੱਕਣ ਨੂੰ ਤਿਆਰ ਹੁੰਦੇ ਹਨ। ਜਦੋਂ ਪੱਕੇ ਹੋ ਜਾਣ, ਫਿਰ ਸਾਡੀ ਕੀ ਲੋੜ? ਫਿਰ ਮਾਪਿਆਂ ਵੱਲੋਂ ਜ਼ਿੰਮੇਵਾਰੀ ਕਿ ਭਰਾ ਨੂੰ ਵੀ ਸੱਦੋ। ਬਸ ਇਹੋ ਜ਼ਿੰਦਗੀ ਐ।” ਉਹ ਬੋਲੀ। ਕੁੱਝ ਚਿਰ ਚੁੱਪ ਰਹਿਣ ਬਾਅਦ ਉਹ ਫਿਰ ਕਹਿਣ ਲੱਗੀ, “ਸੁਣ ਰਹੇ ਹੋ?”
ਮੈਂ ਕਿਹਾ, “ਹਾਂ ਸੁਣ ਰਹੀ ਹਾਂ।”
“ਮੇਰਾ ਪਾਸਪੋਰਟ ਮੇਰੇ ਕੋਲੋਂ ਖੋਹ ਲਿਆ ਗਿਐ। ਮੈਂ ਇਸ ਵੇਲੇ ਸਾਈਪਰਸ ਵਿਚ ਟੱਪਰੀਵਾਸ ਵਰਗੇ ਬੰਦਿਆਂ ਦੇ ਵਸ ਪੈ ਚੁੱਕੀ ਹਾਂ। ਇਹ ਇਕ ਥਾਂ ਟਿਕਦੇ ਨਹੀਂ। ਮੇਰੇ ਵਰਗੀਆਂ ਘੱਟੋ-ਘੱਟ 10-12 ਹੋਰ ਕੁੜੀਆਂ ਇਥੇ ਫਸੀਆਂ ਹੋਈਆਂ। ਕੋਈ ਸਾਡੀ ਸੁਣਵਾਈ ਨਹੀਂ। ਇਕ ਵੇਲੇ ਦੀ ਰੋਟੀ ਮਿਲਦੀ ਐ। ਬੰਧੂਆ ਮਜ਼ਦੂਰ ਬਣੇ ਪਏ ਆਂ। ਦਿਨੇ ਸਾਰਾ ਦਿਨ ਪਸ਼ੂਆਂ ਵਾਂਗ ਜੁਟੇ ਰਹੋ ਤੇ ਰਾਤ ਜਿਸਮ ਨੁਚਵਾਓ। ਬਸ ਇਹੀ ਜ਼ਿੰਦਗੀ ਐ। ਤੁਸੀਂ ਪਲੀਜ਼ ਮੇਰਾ ਜ਼ਿਕਰ ਜ਼ਰੂਰ ਕਰਿਓ। ਸ਼ਾਇਦ ਮੇਰੇ ਵਰਗੀ ਪੰਜਾਬ ਦੀ ਕੋਈ ਹੋਰ ਧੀ ਅਜਿਹੇ ਨਰਕ ਵਿਚ ਧੱਕੇ ਜਾਣ ਤੋਂ ਬਚ ਸਕੇ।”
“ਤੇਰਾ ਪਿੰਡ ਕਿਹੜੈ?” ਮੈਂ ਪੁੱਛਿਆ।
“ਦੋਆਬੇ ਵਿਚ।” ਉਸ ਜਵਾਬ ਦਿੱਤਾ।
“ਪੂਰਾ ਪਤਾ ਦੱਸ ਤਾਂ ਜੋ ਮੈਂ ਤੇਰੇ ਮਾਪਿਆਂ ਨੂੰ ਮਿਲ ਸਕਾਂ ਤੇ ਤੇਰੀ ਮਦਦ ਵੀ ਕਰ ਸਕੀਏ।” ਮੈਂ ਕਿਹਾ। ਉਸ ਦੀ ਆਵਾਜ਼ ਇਕਦਮ ਮੱਧਮ ਹੋ ਗਈ ਤੇ ਹੌਲੀ ਜਿਹੀ ਕਹਿਣ ਲੱਗੀ, “ਫਿਰ ਗੱਲ ਕਰਾਂਗੀ। ਕੋਈ ਆ ਗਿਆ ਲੱਗਦੈ। ਜੇ ਉਸ ਨੂੰ ਪਤਾ ਲੱਗ ਗਿਆ ਕਿ ਮੈਂ ਫ਼ੋਨ ਕੀਤੈ ਤਾਂ ਮੇਰੇ ਪਾਸੇ ਸੇਕ ਦਿੱਤੇ ਜਾਣਗੇ…।” ਤੇ ਫ਼ੋਨ ਕੱਟ ਦਿੱਤਾ ਗਿਆ।
ਮੈਂ ਉਸ ਦਿਨ ਤਾਂ ਵਾਪਸ ਫ਼ੋਨ ਨਹੀਂ ਕੀਤਾ। ਤਿੰਨ ਚਾਰ ਦਿਨ ਹੋਰ ਉਡੀਕ ਕੇ ਵਾਪਸ ਫ਼ੋਨ ਕੀਤਾ ਤਾਂ ਉਹ ਨੰਬਰ ਮਿਲਿਆ ਹੀ ਨਹੀਂ। ਸ਼ਾਇਦ ਕਿਸੇ ਕਾਰਡ ਤੋਂ ਕੀਤਾ ਗਿਆ ਸੀ। ਇਸੇ ਲਈ ‘ਇਹ ਨੰਬਰ ਮੌਜੂਦ ਨਹੀਂ ਹੈ’ ਦੀ ਟੇਪ ਹੀ ਸੁਣਨੀ ਪਈ।
ਮੈਨੂੰ ਬੇਚੈਨੀ ਹੋਈ ਕਿ ‘ਆਈਲੈਟਸ ਬੈਂਡ ਸੈਵਨ’ ਬਾਰੇ ਕੁੱਝ ਹੋਰ ਜਾਣਕਾਰੀ ਹਾਸਲ ਕਰਾਂ। ਕੁੱਝ ਅਖ਼ਬਾਰਾਂ ਫਰੋਲਣੀਆਂ ਸ਼ੁਰੂ ਕੀਤੀਆਂ ਤਾਂ ਰਿਸ਼ਤਿਆਂ ਦੀ ਲੋੜ ਕਾਲਮ ਵਿਚ ਕੁੱਝ ਰਿਸ਼ਤਿਆਂ ਦੀ ਮੰਗ ਵੱਲ ਧਿਆਨ ਗਿਆ। ਲਿਖਿਆ ਸੀ- ‘ਜੱਟ ਸਿੱਖ ਮੁੰਡਾ, ਉਮਰ 24 ਸਾਲ, 5 ਫੁੱਟ 10 ਇੰਚ ਲਈ ਆਈਲੈੱਟਸ ਬੈਂਡ 7 ਪਾਸ ਕੁੜੀ ਦੀ ਲੋੜ ਹੈ। ਜਾਤ-ਪਾਤ, ਅਮੀਰ-ਗਰੀਬ ਦਾ ਕੋਈ ਫਰਕ ਨਹੀਂ। ਅਸਲੀ ਜਾਂ ਨਕਲੀ ਵਿਆਹ ਵੀ ਚੱਲੇਗਾ। ਵਿਆਹ ਦਾ ਤੇ ਵਤਨੋਂ ਪਾਰ ਜਾਣ ਦਾ ਸਾਰਾ ਖ਼ਰਚਾ ਕੀਤਾ ਜਾਵੇਗਾ’।
ਇਕ ਹੋਰ ਅਜਿਹੀ ਮੰਗ ਛਪੀ ਸੀ: ‘ਕਲੀਨ ਸ਼ੇਵਨ ਸਿੱਖ, 5 ਫੁੱਟ 8 ਇੰਚ, ਬਾਰ੍ਹਵੀਂ ਪਾਸ ਮੁੰਡੇ ਲਈ ਨਰਸ ਜਾਂ ਆਈਲੈੱਟਸ ਬੈਂਡ 7 ਪਾਸ ਕੁੜੀ ਦੀ ਲੋੜ ਹੈ। ਕੈਨੇਡਾ ਜਾਣ ਦਾ ਸਾਰਾ ਖ਼ਰਚਾ ਚੁੱਕਿਆ ਜਾਵੇਗਾ। ਕੁੜੀ ਕਾਲੇ ਰੰਗ ਦੀ, ਗਿੱਠੀ, ਮੋਟੀ ਸਭ ਮਨਜ਼ੂਰ ਹੈ। ਨਕਲੀ ਵਿਆਹ ਵੀ ਮਨਜ਼ੂਰ ਹੈ। ਵੱਡੀ ਉਮਰ ਦੀ ਕੁੜੀ ਵੀ ਚੱਲੇਗੀ। ਕੁੜੀ ਦੀ ਕੈਨੇਡਾ ਦੀ ਪੜ੍ਹਾਈ ਦਾ ਖ਼ਰਚ ਵੀ ਚੁੱਕਿਆ ਜਾਵੇਗਾ’।
ਕੁੱਝ ਦਿਨ ਬਾਅਦ ਇਕ ਅੰਗਰੇਜ਼ੀ ਦੀ ਅਖ਼ਬਾਰ ਵਿਚ ਛਪੀ ਖ਼ਬਰ ਵੱਲ ਧਿਆਨ ਗਿਆ। ਖ਼ਬਰ ਸੀ: ਇਕ ਕੁੜੀ ਜੋ ਆਈਲੈੱਟਸ ਬੈਂਡ 6 ਪਾਸ ਕਰ ਚੁੱਕੀ ਸੀ, ਆਪਣੇ ਪਤੀ ਨੂੰ ਵੀਜ਼ਾ ਨਾ ਦਿਵਾ ਸਕੀ, ਇਸ ਲਈ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਰਹੀ ਤੇ ਹੁਣ ਵਿਮੈਨ ਸੈੱਲ ਤੇ ਵਿਮੈਨ ਕਮਿਸ਼ਨ ਵਿਚ ਉਸ ਨੇ ਇਸ ਦੀ ਲਿਖਤੀ ਸ਼ਿਕਾਇਤ ਦਿੱਤੀ ਹੈ।
ਅਜਿਹੀ ਹੀ ਇਕ ਹੋਰ ਖ਼ਬਰ ਸੁਰਖੀਆਂ ਵਿਚ ਪਿੱਛੇ ਜਿਹੇ ਰਹੀ ਹੈ ਜਿਸ ਦੀਆਂ ਵੀਡੀਓਜ਼ ਵੀ ਬਥੇਰੀਆਂ ਵਾਇਰਲ ਹੋਈਆਂ ਸਨ। ਇਕ ਮੁੰਡਾ ਜੋ ਆਈਲੈੱਟਸ 7 ਪਾਸ ਕੁੜੀ ਸਦਕਾ ਬਾਹਰ ਜਾਣ ਦਾ ਵੀਜ਼ਾ ਲੈ ਸਕਿਆ ਸੀ, ਆਪਣੀ ਭੈਣ ਨੂੰ ਕੈਨੇਡਾ ਮੰਗਵਾਉਣ ਲਈ ਇਸ ਹੱਦ ਤੱਕ ਡਿੱਗ ਗਿਆ ਕਿ ਆਪਣੀ ਹੀ ਵਹੁਟੀ ਦੇ ਪਿਓ ਨਾਲ ਆਪਣੀ ਸਕੀ ਭੈਣ ਦਾ ਵਿਆਹ ਕਰਵਾ ਦਿੱਤਾ।
ਪੰਜਾਬੀਆਂ ਦੇ ‘ਕਾਗਜ਼ੀ ਵਿਆਹ’ ਬਾਰੇ ਪਹਿਲੀ ਵਾਰ ਕੌਮਾਂਤਰੀ ਪੱਧਰ ਉੱਤੇ ਫੈਲੀ ਖ਼ਬਰ 17 ਅਗਸਤ 2009 ਵਿਚ ਛਪੀ ਸੀ ਤੇ ਆਸਟਰੇਲੀਆ ਦੀ ਅਮਾਂਡਾ ਹੌਜ ਨੇ ਇਸ ਅਸਲੀਅਤ ਤੋਂ ਪਰਦਾ ਚੁੱਕਿਆ ਸੀ। ਅਜਿਹੇ ਮਾਮਲੇ ਵਿਚ ਮੁੰਡੇ ਵਾਲਿਆਂ ਉੱਤੇ 6 ਲੱਖ ਤੋਂ 12 ਲੱਖ ਰੁਪਏ ਤੱਕ ਦਾ ਖ਼ਰਚਾ ਪੈ ਜਾਂਦਾ ਹੈ।
ਆਸਟਰੇਲੀਆ ਵਿਚ ਛਪੀ ਇਸ ਖ਼ਬਰ ਦੇ ਇਕ ਪੈਰੇ ਵਿਚ ਲਿਖਿਆ ਸੀ, “ਪੰਜਾਬੀ ਆਪਣੀ ਧੀ ਦਾ ਮਰਜ਼ੀ ਨਾਲ ਵਿਆਹ ਕਰਨ ਉੱਤੇ ਕਤਲ ਤੱਕ ਕਰ ਦਿੰਦੇ ਹਨ ਪਰ ਦੂਜੇ ਪਾਸੇ ਓਪਰੇ ਮੁਲਕ ਵਿਚ ਨਕਲੀ ਵਿਆਹ ਰਾਹੀਂ ਕਿਸੇ ਨਾਲ ਵੀ ਧੱਕਣ ਨੂੰ ਤਿਆਰ ਹੋ ਜਾਂਦੇ ਹਨ। ਅਜਿਹਾ ਸਿਰਫ਼ ਬਾਹਰਲੇ ਮੁਲਕ ਵਿਚ ਪਹੁੰਚਣ ਦਾ ਲਾਂਘਾ ਤਿਆਰ ਕਰਨ ਤਕ ਸੀਮਤ ਹੋ ਚੁੱਕਿਆ ਹੈ।”
ਡੈਕਨ ਹੈਰਾਲਡ ਵਰਗੀ ਚੋਟੀ ਦੀ ਅਖ਼ਬਾਰ ਵੀ ਇਸ ਬਾਰੇ ਲਿਖਦੀ ਹੈ: “75 ਫੀਸਦੀ ਪੇਂਡੂ ਟੱਬਰਾਂ ਦੇ ਬੱਚੇ ਕੈਨੇਡਾ ਜਾਂ ਆਸਟਰੇਲੀਆ ਜਾਣ ਦੀ ਕੋਸ਼ਿਸ਼ ਵਿਚ ਜੁਟੇ ਹਨ। ਇਨ੍ਹਾਂ ਵਿਚੋਂ ਜਿਹੜੇ ਮੁੰਡੇ ਆਪ ਆਈਲੈੱਟਸ ਪਾਸ ਨਹੀਂ ਕਰ ਸਕਦੇ, ਉਹ ਸਾਰੇ ਆਈਲੈੱਟਸ ਪਾਸ ਕੁੜੀਆਂ ਨੂੰ ਜ਼ਰੀਆ ਬਣਾ ਰਹੇ ਹਨ।” ਇਹ ਲਾਂਘਾ ਬਣਨ ਵਾਸਤੇ ਕੀ ਕੁੱਝ ਕੀਤਾ ਜਾਂਦਾ ਹੈ, ਰਤਾ ਅੱਗੇ ਪੜ੍ਹੋ: “ਫਤਿਹਗੜ੍ਹ ਸਾਹਿਬ ਦੀ 20 ਸਾਲ ਦੀ ਕੁੜੀ ਦਾ 53 ਸਾਲ ਦੇ ਛੁੱਟੜ ਜਰਮਨ ਨਾਲ ਸਿਰਫ਼ ਇਸ ਲਈ ਵਿਆਹ ਕੀਤਾ ਗਿਆ ਤਾਂ ਜੋ ਉਹ ਆਪਣੇ ਭਰਾ ਨੂੰ ਬਾਹਰ ਲਿਜਾ ਸਕੇ।”
… ਅੰਮ੍ਰਿਤਸਰ ਦੇ 30 ਸਾਲਾ ਨੌਜਵਾਨ ਨੇ ਇਟਲੀ ਦੀ 43 ਸਾਲਾ ਦੋ ਵਾਰ ਵਿਆਹੀ ਔਰਤ ਨਾਲ ਫੇਰੇ ਲਏ। ਇਕ ਹੋਰ 26 ਸਾਲਾ ਨੌਜਵਾਨ ਨੇ 41 ਸਾਲਾ ਫਿਲੀਪੀਨੋ ਜੋ ਤਿੰਨ ਬੱਚਿਆਂ ਦੀ ਮਾਂ ਸੀ ਨਾਲ ਵਿਆਹ ਕੀਤਾ।
… ਲੰਬੀ ਵਿਖੇ 30 ਸਾਲਾ ਬੰਦੇ ਨੇ 46 ਸਾਲਾ ਕਜ਼ਾਕਿਸਤਾਨੀ ਨਾਲ ਵਿਆਹ ਕਰ ਲਿਆ, ਮਲੋਟ ਦੀ 20 ਸਾਲ ਦੀ ਮੁਟਿਆਰ 45 ਸਾਲਾ ਆਸਟਰੇਲੀਅਨ ਨਾਲ ਵਿਆਹ ਦਿੱਤੀ ਗਈ, 28 ਸਾਲਾ ਮੁਕਤਸਰ ਦੇ ਬੰਦੇ ਨੇ 37 ਸਾਲਾ ਲੰਡਨ ਵਿਚ ਰਹਿੰਦੀ ਔਰਤ ਨਾਲ ਕਾਗਜ਼ੀ ਵਿਆਹ ਕੀਤਾ, ਤੇ ਅਜਿਹੀ ਲੰਬੀ ਨਾ ਮੁੱਕਣ ਵਾਲੀ ਲਿਸਟ ਹਾਲੇ ਬਾਕੀ ਹੈ।
ਇਹ ਰੁਝਾਨ ਕਿਸੇ ਵੀ ਤਰ੍ਹਾਂ ਰੁਕਦਾ ਨਹੀਂ ਲੱਗਦਾ ਪਰ ਇਸ ਵਿਚ ਪੀਸੀਆਂ ਜਾ ਰਹੀਆਂ ਆਈਲੈੱਟਸ 7 ਦੀ ਪਛਾਣ ਵਾਲੀਆਂ ਲਾਂਘਾ ਬਣੀਆਂ ਨੌਜਵਾਨ ਪੰਜਾਬਣਾਂ ਦੀਆਂ ਰੀਝਾਂ ਕਿਵੇਂ ਕੁਚਲੀਆਂ ਜਾ ਰਹੀਆਂ ਹਨ ਤੇ ਕਿਸ ਤਰ੍ਹਾਂ ਦਾ ਨਰਕ ਉਨ੍ਹਾਂ ਨੂੰ ਭੋਗਣਾ ਪੈ ਰਿਹਾ ਹੈ, ਉਸ ਬਾਰੇ ਕਿਸੇ ਨੂੰ ਚਿੰਤਾ ਹੈ?

ਸੰਪਰਕ: 0175-2216783


Comments Off on ਮੇਰੀ ਪਛਾਣ ਆਈਲੈਟਸ ਬੈਂਡ 7 ਹੈ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.