ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਮੁਸਲਿਮ ਹੋਣ ਦਾ ਝੋਰਾ… ਤੇ ਤਸੱਲੀ

Posted On May - 27 - 2019

ਰਖ਼ਸ਼ੰਦਾ ਜਲੀਲ (ਸੱਜੇ) ਦੀ ਪੁਸਤਕ

ਪੜ੍ਹਦਿਆਂ ਸੁਣਦਿਆਂ

ਸੁਰਿੰਦਰ ਸਿੰਘ ਤੇਜ

ਨੋਬੇਲ ਪੁਰਸਕਾਰ ਜੇਤੂ ਸਾਹਿਤਕਾਰ ਵੀ.ਐੱਸ. ਨਾਇਪਾਲ ਆਪਣੀ ਉਮਰ ਦੇ ਆਖਰੀ ਸਾਢੇ ਤਿੰਨ ਦਹਾਕਿਆਂ ਦੌਰਾਨ ਇਸ ਸੋਚ ’ਤੇ ਕਾਇਮ ਰਿਹਾ ਕਿ ਦੁਨੀਆਂ ਭਰ ਵਿਚ ਵਧ ਰਹੇ ਕੱਟੜਵਾਦ ਦੀ ਵਜ੍ਹਾ ਇਸਲਾਮ ਹੈ। ਨਾਇਪਾਲ ਅਨੁਸਾਰ ‘‘ਇਹ ਮਜ਼ਹਬ ਆਪਣੇ ਮੁਰੀਦਾਂ ਨੂੰ ਆਪੋ ਆਪਣੀ ਧਰਤੀ ਦੀ ਤਹਿਜ਼ੀਬ, ਰਸਮੋ ਰਿਵਾਜ, ਪਰੰਪਰਾਵਾਂ ਤੇ ਇਤਿਹਾਸ ਭੁਲਾ ਕੇ ਸਿਰਫ਼ ਅਰਬ ਜਗਤ (ਖ਼ਾਸ ਕਰਕੇ ਸਾਊਦੀ ਅਰਬ) ਨੂੰ ਆਪਣਾ ਵਤਨ ਤੇ ਆਪਣਾ ਅਸਲ ਘਰ ਮੰਨਣ, ਅਰਬੀ ਤਹਿਜ਼ੀਬ ਨੂੰ ਹੀ ਆਪਣੀ ਤਹਿਜ਼ੀਬ ਸਮਝਣ ਅਤੇ ਉੱਥੋਂ ਦੇ ਇਤਿਹਾਸ ਨੂੰ ਹੀ ਆਪਣੇ ਅਸਲ ਇਤਿਹਾਸ ਵਜੋਂ ਅਪਣਾਉਣ ਲਈ ਮਜਬੂਰ ਕਰਦਾ ਹੈ। ਇਸਲਾਮ ਵੱਲੋਂ ਅਜਿਹਾ ਕੀਤਾ ਜਾਣਾ ਮਜ਼ਹਬਾਂ ਤੇ ਸਭਿਆਤਾਵਾਂ ਦੇ ਟਕਰਾਅ ਦੀ ਵਜ੍ਹਾ ਬਣਦਾ ਆ ਰਿਹਾ ਹੈ।’’ ਇਰਾਨ ਤੋਂ ਲੈ ਕੇ ਇੰਡੋਨੇਸ਼ੀਆ ਤਕ ਪੈਂਦੇ ਇਸਲਾਮੀ ਮੁਲਕਾਂ ਦੀਆਂ ਯਾਤਰਾਵਾਂ ਨਾਲ ਜੁੜੇ ਤਜਰਬਿਆਂ ਤੇ ਚਰਚਾਵਾਂ ਉੱਤੇ ਆਧਾਰਿਤ ਦੋ ਕਿਤਾਬਾਂ ‘ਅਮੰਗ ਦਿ ਬਿਲੀਵਰਜ਼’ ਅਤੇ ‘ਬਿਯੌਂਡ ਬਿਲੀਫ’ ਰਾਹੀਂ ਨਾਇਪਾਲ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸਲਾਮ, ਮੁਕਾਮੀ ਤਹਿਜ਼ੀਬਾਂ, ਮੁਕਾਮੀ ਪਹਿਰਾਵਿਆਂ, ਮੁਕਾਮੀ ਖਾਣ-ਪਾਨ ਅਤੇ ਮੁਕਾਮੀ ਵਫ਼ਾਦਾਰੀਆਂ ਦਾ ਪਹਿਲਾਂ ਵੀ ਖ਼ਾਤਮਾ ਕਰਦਾ ਆਇਆ ਹੈ ਅਤੇ ਹੁਣ ਵੀ ਕਰ ਰਿਹਾ ਹੈ। ਇਹ ਸਭ ਕੁਝ ਕਰਨ ਲਈ ਹਰ ਪ੍ਰਕਾਰ ਦੇ ਸਭਿਅਕ ਜਾਂ ਗ਼ੈਰ-ਸਭਿਅਕ ਹਥਕੰਡੇ ਵਰਤੇ ਜਾ ਰਹੇ ਹਨ। ਇਨ੍ਹਾਂ ਦੇ ਵਿਰੋਧ ਨੂੰ ਹਿੰਸਕ ਢੰਗਾਂ ਨਾਲ ਦਬਾਇਆ ਜਾਂਦਾ ਰਿਹਾ ਹੈ। ਅਜਿਹੀ ਇਸਲਾਮਪ੍ਰਸਤੀ ਜਵਾਬੀ ਹਿੰਸਾ ਅਤੇ (ਇਸ ਮਜ਼ਹਬ ਪ੍ਰਤੀ) ਨਫ਼ਰਤ ਨੂੰ ਜਨਮ ਦਿੰਦੀ ਆਈ ਹੈ ਅਤੇ ਅਜੋਕੇ ਸਮੇਂ ਵਿਚ ਸਮੁੱਚੀ ਦੁਨੀਆਂ ’ਚ ਟਕਰਾਅ, ਜਬਰ ਤੇ ਇੰਤਹਾਪਸੰਦੀ ਦੀ ਜੜ੍ਹ ਬਣੀ ਹੋਈ ਹੈ।
ਨਾਇਪਾਲ ਤੇ ਉਸ ਵਰਗੇ ਹੋਰ ਵਿਚਾਰਵਾਨਾਂ ਦੇ ਵਿਚਾਰਾਂ ਤੇ ਦਲੀਲਾਂ ਦਾ ਮੁਸਲਿਮ ਤੇ ਗ਼ੈਰ-ਮੁਸਲਿਮ ਦਾਨਿਸ਼ਵਰਾਂ ਵੱਲੋਂ ਬਾਵਜ਼ਨ ਤੇ ਬਾਦਲੀਲ ਵਿਰੋਧ ਕੀਤਾ ਜਾਂਦਾ ਰਿਹਾ ਹੈ। ਅਜਿਹੇ ਦਾਨਿਸ਼ਵਰਾਂ ਦਾ ਮੁੱਖ ਤਰਕ ਇਹੋ ਰਿਹਾ ਹੈ ਕਿ ਇਸਲਾਮ ਕਿਸੇ ਵੀ ਤਰ੍ਹਾਂ ਟਕਰਾਅਵਾਦੀ ਧਰਮ ਨਹੀਂ। ਇਸ ਦਾ ਸਰੂਪ ਤੇ ਸੁਭਾਅ ਸਮਨਵੈਅਵਾਦੀ ਹੈ ਜੋ ਅਨੇਕਤਾ ’ਚ ਏਕਤਾ ਦੇ ਸਿਧਾਂਤ ਨੂੰ ਪੂਰੀ ਮਾਨਤਾ ਦਿੰਦਾ ਹੈ। ਇਸ ਦੇ ਇਸ ਖ਼ਾਸੇ ਵੱਲ ਤਵੱਜੋ ਦੇਣ ਦੀ ਥਾਂ ਇਸ ਦੇ ਵਿਗਾੜਾਂ ਨੂੰ ਵਿਧੀਵਤ ਢੰਗ ਨਾਲ ਲਗਾਤਾਰ ਉਛਾਲਿਆ ਜਾਂਦਾ ਆ ਰਿਹਾ ਹੈ। ਅਤੇ ਅਜਿਹੀ ਅਲਾਮਤ ਤੋਂ ਭਾਰਤ ਵੀ ਮੁਕਤ ਨਹੀਂ। ਰਖ਼ਸ਼ੰਦਾ ਜਲੀਲ ਦੀ ਕਿਤਾਬ ‘ਬੱਟ ਯੂ ਡੌਂਟ ਲੁੱਕ ਲਾਈਕ ਏ ਮੁਸਲਿਮ’ (ਹਾਰਪਰ ਕੌਲਿਨਜ਼; 599 ਰੁਪਏ) ਵੀ ਉਪਰੋਕਤ ਤਰਕ ਦੀ ਤਸਦੀਕ ਕਰਦੀ ਹੈ। ਇਹ ਭਾਰਤੀ ਮੁਸਲਿਮ ਭਾਈਚਾਰੇ ਦੀ ਮੌਜੂਦਾ ਵੇਦਨਾ ਤੇ ਵਿਅਥਾ ਨੂੰ ਭਾਰਤੀ ਬਹੁਲਵਾਦੀ ਤੇ ਬਹੁ-ਧਰਮੀ ਸਭਿਅਤਾ ਵਿਚ ਆਏ ਨਿਘਾਰਾਂ ਦੇ ਪ੍ਰਸੰਗ ਵਿਚ ਪੇਸ਼ ਕਰਦੀ ਹੈ। ਨਾਲ ਹੀ ਇਹ ਮੁਸਲਿਮ ਭਾਈਚਾਰੇ ਨੂੰ ਆਪਣੀ ਜਹਾਲਤ ਅਤੇ ਪਿਛਾਖੜੀ ਸੋਚ ਤਿਆਗਣ ਦੀ ਪ੍ਰੇਰਨਾ ਦਿੰਦੀ ਹੈ। ਰਖ਼ਸ਼ੰਦਾ ਜਲੀਲ ਦਾ ਮੱਤ ਹੈ ਕਿ ਭਾਰਤੀ ਵਸੋਂ ਦਾ 14.5 ਫ਼ੀਸਦ ਹਿੱਸਾ ਹੋਣ ਸਦਕਾ ਮੁਸਲਮਾਨ, ਰਾਸ਼ਟਰ-ਉਸਾਰੀ ਵਿਚ ਵੱਧ ਅਹਿਮ, ਵੱਧ ਨਿੱਗਰ ਯੋਗਦਾਨ ਪਾ ਸਕਦੇ ਹਨ। ਅਜਿਹਾ ਕਰਨ ਵਾਸਤੇ ਉਨ੍ਹਾਂ ਨੂੰ ਬੇਚਾਰਗੀ ਦਾ ਅਹਿਸਾਸ ਤਿਆਗਣਾ ਹੋਵੇਗਾ ਅਤੇ ਹੁਕਮਰਾਨਾਂ ਦੀਆਂ ਮਿਹਰਬਾਨੀਆਂ ਉੱਤੇ ਨਿਰਭਰ ਰਹਿਣ ਦੀ ਥਾਂ ਆਪਣੀ ਸਮਰੱਥਾ, ਆਪਣੀ ਕਾਬਲੀਅਤ ਉੱਤੇ ਟੇਕ ਰੱਖਣ ਦੀ ਕਲਾ ਸਿੱਖਣੀ ਪਵੇਗੀ। ਉਸ ਦਾ ਇਹ ਵੀ ਯਕੀਨ ਹੈ ਕਿ ਮਜ਼ਹਬੀ ਅਕੀਦਿਆਂ ਨੂੰ ਤਿਆਗੇ ਬਿਨਾਂ ਆਧੁਨਿਕਤਾ ਦਾ ਪੱਲਾ ਫੜਨਾ ਭਾਰਤ ਵਿਚ ਅਜੇ ਵੀ ਬਹੁਤ ਆਸਾਨ ਹੈ ਅਤੇ ਮੁਸਲਿਮ ਭਾਈਚਾਰੇ ਨੂੰ ਇਸ ਪੱਖੋਂ ਹੋਰ ਝਿਜਕ ਨਹੀਂ ਦਿਖਾਉਣੀ ਚਾਹੀਦੀ।
ਰਖ਼ਸ਼ੰਦਾ ਅਕਾਦਮੀਸ਼ਨ, ਲੇਖਕ ਤੇ ਅਦਬੀ ਇਤਿਹਾਸਕਾਰ ਹੈ। ਉੁਹ ਉਰਦੂ ਸ਼ਾਇਰੀ ਤੇ ਵਾਰਤਕ ਦੀ ਬਿਹਤਰੀਨ ਤਰਜਮਾਕਾਰ ਵੀ ਹੈ। ਵੀਹ ਤੋਂ ਵੱਧ ਕਿਤਾਬਾਂ ਲਿਖ ਚੁੱਕੀ ਹੈ। ਇਸ ਤੋਂ ਇਲਾਵਾ ਹਿੰਦੀ-ਉਰਦੂ ਅਦਬ ਤੇ ਤਹਿਜ਼ੀਬ ਦੀ ਮਕਬੂਲੀਅਤ ਲਈ ਸਰਗਰਮ ਸੰਸਥਾ ‘ਹਿੰਦੋਸਤਾਨੀ ਆਵਾਜ਼’ ਦੀ ਉਹ ਰੂੁਹੇ-ਰਵਾਂ ਵੀ ਹੈ। ਉਸ ਦੀ ਤਾਜ਼ਾਤਰੀਨ ਕਿਤਾਬ 40 ਨਿਬੰਧਾਂ ਉੱਤੇ ਆਧਾਰਿਤ ਹੈ। ਇਨ੍ਹਾਂ ਨੂੰ ਚਾਰ ਅਨੁਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲਾ ਅਨੁਭਾਗ ਸ਼ਨਾਖ਼ਤ ਤੇ ਵਜੂਦ ਦੀ ਸਿਆਸਤ ਨਾਲ ਸਬੰਧਤ ਹੈ। ਦੂਜਾ ਹਿੰਦੋਸਤਾਨੀ ਤਹਿਜ਼ੀਬ ਦੇ ਸਰੋਤ ਬਿਆਨ ਕਰਦਾ ਹੈ। ਤੀਜਾ ਮੁਸਲਿਮ ਅਦਬ ਤੇ ਅਦੀਬਾਂ ਦੀ ਭਾਰਤੀ ਸਭਿਅਤਾ ਨੂੰ ਦੇਣ ਬਾਰੇ ਹੈ। ਚੌਥਾ ਇਸਲਾਮ ਦੇ ਅੰਦਰ ਮੌਜੂਦ ਬਹੁਲਤਾਵਾਦੀ ਆਯਾਮਾਂ ਦੀਆਂ ਝਲਕਾਂ ਪੇਸ਼ ਕਰਦਾ ਹੈ।
ਰਖ਼ਸ਼ੰਦਾ ਮੁਸਲਿਮ ਭਾਈਚਾਰੇ ਦੀ ਹਸਤੀ ਨੂੰ ਖ਼ਾਸ ਕਿਸਮ ਦੇ ਲਿਬਾਸਾਂ ਤੇ ਖਾਣ-ਪਾਨ ਤਕ ਹੀ ਸੀਮਤ ਕਰਨ ਦੇ ਹੱਕ ਵਿਚ ਨਹੀਂ, ਪਰ ਉਹ ਇਨ੍ਹਾਂ ਪਛਾਣ-ਚਿੰਨ੍ਹਾਂ ਨੂੰ ਪੂਰੀ ਤਰ੍ਹਾਂ ਤਰਕ ਕੀਤੇ ਜਾਣ ਦੀ ਵੀ ਮੁੱਦਈ ਨਹੀਂ। ਉਹ ਸ਼ਨਾਖਤ ਤੇ ਸ਼ਾਨ ਦੇ ਸਮਤੋਲ ਦੀ ਪੈਰਵੀਕਾਰ ਹੈ। ਉਹ ਦੱਖਣੀ ਦਿੱਲੀ ਦੇ ਪੌਸ਼ ਇਲਾਕਿਆਂ ਵਿਚ ਵੀ ਮਕਾਨਾਂ-ਸਕੂਲਾਂ ਜਾਂ ਹੋਰ ਸਹੂਲਤਾਂ ਦੇ ਮਾਮਲੇ ਵਿਚ ਮੁਸਲਿਮ ਭਾਈਚਾਰੇ ਨਾਲ ਹੁੰਦੇ ਸਿੱਧੇ-ਅਸਿੱਧੇ ਵਿਤਕਰਿਆਂ ਖ਼ਿਲਾਫ਼ ਰੋਹ ਪ੍ਰਗਟ ਕਰਦੀ ਹੈ, ਪਰ ਨਾਲ ਹੀ ਆਪਣੇ ਭਾਈਚਾਰੇ ਨੂੰ ਵੀ ਹਾਸ਼ੀਏ ’ਤੇ ਜਾਣ ਵਾਲੀ ਬਿਰਤੀ ਤੋਂ ਬਾਹਰ ਆਉਣ ਲਈ ਹਲੂਣਦੀ ਹੈ। ਉਹ ਭਾਰਤੀ ਸਾਹਿਤ ਦੀ ਅਮੀਰੀ ਵਿਚ ਉਰਦੂ ਅਦਬ ਦੇ ਬਹੁਮੁੱਲੇ ਯੋਗਦਾਨ ਦਾ ਜ਼ਿਕਰ ਫਖ਼ਰ ਨਾਲ ਕਰਦੀ ਹੈ। ਨਾਲ ਹੀ ਉਰਦੂ ਅਦਬ ਦੇ ਸੁਲ੍ਹਾਕੁਲ ਕਿਰਦਾਰ ਦੇ ਨਜ਼ਾਰੇ ਵੀ ਪੇਸ਼ ਕਰਦੀ ਹੈ। ਉਰਦੂ ਰਾਮਾਇਣਾਂ ਬਾਰੇ ਉਸ ਦਾ ਨਿਬੰਧ ਕਮਾਲ ਦਾ ਹੈ। ਇਹੀ ਕਮਾਲ ‘ਚੁਪਕੇ ਚੁਪਕੇ ਰਾਤ ਦਿਨ ਆਂਸੂ ਬਹਾਨਾ ਯਾਦ ਹੈ’ ਲਿਖਣ ਵਾਲੇ ਸ਼ਾਇਰ ਹਸਰਤ ਮੋਹਾਨੀ ਦੇ ਕ੍ਰਿਸ਼ਨ-ਪ੍ਰੇਮ ਸਬੰਧੀ ਲੇਖ ਵਿਚੋਂ ਵੀ ਨਜ਼ਰ ਆਉਂਦਾ ਹੈ।
ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਦਿੱਕਤਾਂ ਤੇ ਵਿਤਕਰਿਆਂ ਅਤੇ ਇਸ ਨੂੰ ਹਾਸ਼ੀਏ ਵੱਲ ਧੱਕਣ ਦੇ ਨਿਰੰਤਰ ਯਤਨਾਂ ਦੇ ਖੁਲਾਸੇ ਪੇਸ਼ ਕਰਨ ਦੇ ਬਾਵਜੂਦ ਰਖ਼ਸ਼ੰਦਾ ਜਲੀਲ ਦੀ ਕਿਤਾਬ ਆਸ਼ਾਵਾਦ ਦਾ ਪੱਲਾ ਨਹੀਂ ਛੱਡਦੀ। ਇਹੋ ਤੱਤ ਇਸ ਕਿਤਾਬ ਨੂੰ ਰੂਹ-ਅਫ਼ਜ਼ਾਈ ਬਖ਼ਸ਼ਦਾ ਹੈ। ਉਰਦੂ ਦੇ ਭਵਿੱਖ ਬਾਰੇ ਉਸ ਦਾ ਇਕ ਖ਼ੂਬਸੂਰਤ ਫ਼ਿਕਰਾ ਇਸੇ ਸੋਚ ਦੀ ਤਰਜਮਾਨੀ ਕਰਦਾ ਹੈ: ‘‘ਦੁਸ਼ਵਾਰੀਆਂ ਦੇ ਬਾਵਜੂਦ ਉਰਦੂ ਨਾ ਸਿਰਫ਼ ਜ਼ਿੰਦਾ ਰਹੀ ਹੈ ਸਗੋਂ ਵਕਤ ਦੀ ਹਮਰਾਹ ਵੀ ਸਾਬਤ ਹੋਈ ਹੈ। ਇਸੇ ਲਈ ਇਹ ਅੱਜ ਵੀ ਹਿੰਦੋਸਤਾਨ ਦੇ ਜਿਸਮ ਤੇ ਰੂਹ ਦੀ ਜ਼ੁਬਾਨ ਹੈ।’’ ਕਿਤਾਬ ਸੱਚਮੁੱਚ ਪੜ੍ਹਨਯੋਗ ਹੈ।

* * *

ਅਰਤਿੰਦਰ ਸੰਧੂ ਪੰਜਾਬੀ ਸਾਹਿਤ ਦੀ ਲੰਮੇ ਸਮੇਂ ਤੋਂ ਸੇਵਾ ਕਰਦੀ ਆ ਰਹੀ ਹੈ- ਕਵਿਤਾਵਾਂ ਤੇ ਵਾਰਤਕ ਦੇ ਜ਼ਰੀਏ। ਉਹ ਪੰਜਾਬੀ ਦੀ ਅਜਿਹੀ ਨਾਮਵਰ ਸ਼ਾਇਰਾ ਹੈ ਜਿਸ ਦਾ ਨਾਮ ਹਿੰਦੀ ਸਾਹਿਤ ਜਗਤ ਵਿਚ ਵੀ ਪੂਰੇ ਅਦਬ-ਸਤਿਕਾਰ ਨਾਲ ਲਿਆ ਜਾਂਦਾ ਹੈ। ਇਕ ਦਰਜਨ ਦੇ ਕਰੀਬ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ ਅਰਤਿੰਦਰ ਦੇ। ਨਾਲ ਹੀ ਸਾਹਿਤਕ ਏਕਮ’ ਦੇ ਸੰਪਾਦਨ ਤੇ ਪ੍ਰਕਾਸ਼ਨ ਰਾਹੀਂ ਉਨ੍ਹਾਂ ਨੇ ਸਾਹਿਤ ਸੇਵਾ ਨੂੰ ਨਿਵੇਕਲਾ, ਇਕ ਵੱਖਰਾ ਆਯਾਮ ਪ੍ਰਦਾਨ ਕੀਤਾ ਹੈ।
‘ਖੰਭੜੀਆਂ’ (ਵਾਹਗਾ ਬੁੱਕਸ, ਅੰਮ੍ਰਿਤਸਰ; 120 ਰੁਪਏ) ਅਰਤਿੰਦਰ ਦੀ ਨਵੀਂ ਅਦਬੀ ਭੇਟ ਹੈ। ਇਸ ਵਿਚ ਤਿੰਨ ਦਰਜਨ ਦੇ ਕਰੀਬ ਹਿੰਦੀ ਕਵੀਆਂ ਦੀਆਂ ਕਵਿਤਾਵਾਂ ਦੇ ਅਨੁਵਾਦ ਸ਼ਾਮਲ ਹਨ। ਇਹ ਕਵਿਤਾਵਾਂ ‘ਸਾਹਿਤਕ ਏਕਮ’ ਵਿਚ ਵੱਖ ਵੱਖ ਸਮਿਆਂ ’ਤੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਨੂੰ ਹੁਣ ਸੰਗ੍ਰਹਿ ਦੇ ਰੂਪ ਵਿਚ ਪ੍ਰਕਾਸ਼ਿਤ ਕਰਨਾ ਸ਼ਲਾਘਾਯੋਗ ਉੱਦਮ ਹੈ। ਸ਼ਾਇਰਾਂ ਦੇ ਮੁਕਾਬਲੇ ਸ਼ਾਇਰਾਵਾਂ ਦੀਆਂ ਕਵਿਤਾਵਾਂ
ਦੀ ਗਿਣਤੀ ਘੱਟ ਹੈ, ਪਰ ਉਨ੍ਹਾਂ ਵਿਚੋਂ ਅੰਜਲੀ ਕੁਲਕਰਨੀ, ਸਵਿਤਾ ਸਿੰਘ, ਸੁਨੀਤਾ ਜੈਨ, ਸੁਸ਼ਮਾ ਸਿਨਹਾ ਤੇ ਆਰਤੀ ਤਿਵਾੜੀ ਦੀਆਂ ਰਚਨਾਵਾਂ ਮੈਨੂੰ ਪੁਰਸ਼ਾਂ ਦੀਆਂ ਰਚਨਾਵਾਂ ਦੀ ਬਨਿਸਬਤ ਵੱਧ ਸੰਵੇਦਨਸ਼ੀਲ, ਵੱਧ ਵਜ਼ਨਦਾਰ ਜਾਪੀਆਂ। ਅੰਜਲੀ ਕੁਲਕਰਨੀ ਦੀ ਨਜ਼ਮ ‘ਕਿੰਨਾ ਚੰਗਾ ਹੋਇਆ’ ਦਾ ਇਕ ਬੰਦ ਮਿਸਾਲ ਦੇ ਤੌਰ ’ਤੇ ਪਾਠਕਾਂ ਦੀ ਨਜ਼ਰ ਹੈ:
ਚੰਗਾ ਹੋਇਆ
ਆਵਾਜ਼ਾਂ ਦੇ ਮੇਲ ਨਾਲ
ਜਨਮ ਹੋਇਆ ਭਾਸ਼ਾ ਦਾ
ਤੇ ਸ਼ਬਦ ਹੋਏ ਤੈਨਾਤ
ਮਨੁੱਖ ਦੀ ਸੇਵਾ ਵਿਚ
ਨਹੀਂ ਤਾਂ ਸੱਚ ਨੂੰ
ਕਿਵੇਂ ਲੁਕਾ ਸਕਦੇ ਸਾਂ ਅਸੀਂ?

* * *

ਸਚਿਨ ਦੇਵ ਬਰਮਨ

ਕਾਸ਼ਵਾਣੀ ਦੇ ਚੰਡੀਗੜ੍ਹ ਐਫਐਮ ਤੋਂ ਸੰਗੀਤਕਾਰ ਜੈਦੇਵ ਦੇ ਗੀਤਾਂ ਦਾ ਪ੍ਰੋਗਰਾਮ ਹੋਇਆ। ਆਖ਼ਰੀ ਗੀਤ ‘ਕਾਲਾ ਪਾਨੀ’ (1958) ਦਾ ਸੀ: ‘ਹਮ ਬੇਖ਼ੁਦੀ ਮੇਂ ਤੁਮਕੋ ਪੁਕਾਰੇ ਚਲੇ ਗਏ…’। ਇਸ ਫਿਲਮ ਦਾ ਸੰਗੀਤ ਐੱਸ.ਡੀ. ਬਰਮਨ ਦਾ ਸੀ। ਇਸ ਦੇ ਬਾਵਜੂਦ ਗੀਤ ਜੈਦੇਵ ਦੇ ਖਾਤੇ ਵਿਚ ਕਿਉਂ? ਅਜਿਹੀ ਕੋਤਾਹੀ ਲਈ ਦੋਸ਼ੀ, ਦਰਅਸਲ, ਇੰਟਰਨੈੱਟ ਹੈ। ਇੰਟਰਨੈੱਟ ’ਤੇ ਮੌਜੂਦ ਕੁਝ ਬਲੌਗਾਂ ਵਿਚ ‘ਹਮ ਬੇਖ਼ੁਦੀ ਮੇਂ…’ ਗੀਤ ਜੈਦੇਵ ਦੇ ਖਾਤੇ ਵਿਚ ਪਿਆ ਮਿਲਦਾ ਹੈ। ਜੈਦੇਵ ਤਕਰੀਬਨ ਸੱਤ ਸਾਲ ਦਾਦਾ ਬਰਮਨ ਦਾ ਮੁੱਖ ਸਹਾਇਕ ਰਿਹਾ। ਇਹ ਸਹੀ ਹੈ ਕਿ ਮੁੱਖ ਸਹਾਇਕ, ਨਾਮਵਰ ਸੰਗੀਤਕਾਰਾਂ ਦੀ ਸੱਜੀ ਬਾਂਹ ਹੁੰਦੇ ਹਨ, ਪਰ ਉਪਰੋਕਤ ਗੀਤ ਦੀ ਧੁਨ ਬਣਾਉਣ ਵਿਚ ਜੈਦੇਵ ਦਾ ਕੋਈ ਯੋਗਦਾਨ ਨਹੀਂ ਸੀ। ਭਾਰਤੀ ਫਿਲਮ ਸੰਗੀਤ ਦੇ ਨਾਮ ਪ੍ਰਬੁੱਧ ਇਤਿਹਾਸਕਾਰ ਰਾਜੂ ਭਾਰਤਨ ਦੀ ਕਿਤਾਬ ‘ਏ ਜਰਨੀ ਡਾਊਨ ਮੈਲੋਡੀ ਲੇਨ’ ਦੇ ਪੰਨਾ 90 ’ਤੇ ਇਹ ਦਰਜ ਹੈ ਕਿ ਦਾਦਾ ਬਰਮਨ ਨੇ ਸਵੇਰ ਦੀ ਸੈਰ ਦੌਰਾਨ ਮੁੱਲਾਂ ਦੀ ਬਾਂਗ (ਆਜ਼ਾਨ) ਸੁਣ ਕੇ ਆਜ਼ਾਨ ਵਾਲੀ ਹੀ ਲੈਅ ਵਿਚ ‘ਹਮ ਬੇਖ਼ੁਦੀ…’ ਵਾਲੀ ਧੁਨ ਤਿਆਰ ਕੀਤੀ। ਧੁਨ ਤਿਆਰ ਕਰਨ ਮਗਰੋਂ ਗੀਤਕਾਰ ਮਜਰੂਹ ਸੁਲਤਾਨਪੁਰੀ ਨੂੰ ਤਲਬ ਕੀਤਾ ਗਿਆ। ਮਜਰੂਹ ਸਾਹਿਬ ਨੇ ਪੰਦਰਾਂ ਮਿੰਟਾਂ ਦੇ ਅੰਦਰ ਧੁਨ ਵਿਚ ਸ਼ਬਦ ਫਿੱਟ ਕਰ ਦਿੱਤੇ… ਅਤੇ ਇਸ ਤਰ੍ਹਾਂ ਇਕ ਯਾਦਗਾਰੀ, ਸਦਾਬਹਾਰ ਗੀਤ ਤਿਆਰ ਹੋ ਗਿਆ।


Comments Off on ਮੁਸਲਿਮ ਹੋਣ ਦਾ ਝੋਰਾ… ਤੇ ਤਸੱਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.